ਫ਼ਰੀਦਕੋਟ: ਕਥਿਤ ਤੌਰ 'ਤੇ ਅਣਖ ਦੀ ਖਾਤਰ ਕਤਲ, ਕੁੜੀ ਦੇ ਪਰਿਵਾਰ ’ਤੇੇ ਜਵਾਈ ਨੂੰ ਕੁੱਟ-ਕੁੱਟ ਕੇ ਮਾਰਨ ਦੇ ਇਲਜ਼ਾਮ

ਤਸਵੀਰ ਸਰੋਤ, bharat bhushan azad/bbc
- ਲੇਖਕ, ਭਾਰਤ ਭੂਸ਼ਣ ਆਜ਼ਾਦ
- ਰੋਲ, ਬੀਬੀਸੀ ਸਹਿਯੋਗੀ
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਔਲਖ ਵਿੱਚ ਇੱਕ ਸੁਹਰੇ ਪਰਿਵਾਰ ਵੱਲੋਂ ਕਥਿਤ ਤੌਰ ਉੱਤੇ ਆਪਣੇ ਜਵਾਈ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਿਸ ਵੱਲੋਂ ਮ੍ਰਿਤਕ ਦੇ ਸੁਹਰੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀ ਪਰਿਵਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪਿੰਡ ਔਲਖ ਦੇ ਇੱਕ ਪਰਿਵਾਰ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਦੀ ਧੀ ਨੇ ਪਰਿਵਾਰ ਦੇ ਸਹਿਮਤੀ ਤੋਂ ਬਗ਼ੈਰ ਵਿਆਹ ਕਰਵਾਇਆ, ਜਿਸ ਮਗਰੋਂ ਪਰਿਵਾਰ ਨੇ ਕਥਿਤ ਤੌਰ ਉੱਤੇ ਅਣਖ ਦੀ ਖਾਤਰ ਆਪਣੇ ਜਵਾਈ ਦਾ ਕਤਲ ਕਰ ਦਿੱਤਾ।
ਪੁਲਿਸ ਮੁਤਾਬਕ ਮੰਗਲਵਾਰ ਰਾਤ ਪਿੰਡ ਔਲਖ ਦੀ ਰਹਿਣ ਵਾਲੀ ਅਰਸ਼ਦੀਪ ਦੇ ਮਾਤਾ-ਪਿਤਾ, ਭਰਾ, ਚਾਚੇ ਅਤੇ ਚਾਚੀ ਨੇ ਪਹਿਲਾਂ ਆਪਣੇ ਹੀ ਜਵਾਈ ਗੁਰਇਕਬਾਲ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਮਗਰੋਂ ਉਸਦੇ ਹੱਥ-ਪੈਰ ਬੰਨ੍ਹ ਕੇ ਕਤਲ ਕਰ ਦਿੱਤਾ।

ਤਸਵੀਰ ਸਰੋਤ, Bharat Bhushan Azad/BBC
ਇਸ ਸਬੰਧੀ ਕੋਟਕਪੂਰਾ ਸਦਰ ਪੁਲਿਸ ਨੇ ਅਰਸ਼ਦੀਪ ਦੇ ਪਿਤਾ ਗੁਰਜੀਤ ਸਿੰਘ, ਮਾਤਾ ਕੁਲਵੰਤ ਕੌਰ, ਭਰਾ ਦਿਲਪ੍ਰੀਤ ਸਿੰਘ ਅਤੇ ਚਾਚਾ ਕੁਲਦੀਪ ਸਿੰਘ ਨਿਹੰਗਾ ਖ਼ਿਲਾਫ਼ ਸਾਜ਼ਿਸ਼ ਤਹਿਤ ਕਤਲ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੇ ਇਸ ਮਾਮਲੇ ’ਚ ਕੁੜੀ ਦੇ ਪਿਤਾ ਗੁਰਜੀਤ ਸਿੰਘ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਜਦਕਿ ਬਾਕੀ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ।
ਗੁਰਇਕਬਾਲ ਆਰਥਿਕ ਪੱਖੋਂ ਇੱਕ ਗ਼ਰੀਬ ਪਰਿਵਾਰ ਨਾਲ ਸਬੰਧਤ ਸਨ।
28 ਸਾਲਾ ਗੁਰਇਕਬਾਲ ਦੇ ਪੰਜਗਰਾਈਂ-ਔਲਖ ਰੋਡ 'ਤੇ ਬਣੇ ਕੱਚੇ ਘਰ ਵਿੱਚ ਚੁੱਪ ਪਸਰੀ ਹੋਈ ਹੈ।
ਮ੍ਰਿਤਕ ਦੇ ਪਰਿਵਾਰ ਵਿੱਚ ਉਸਦੇ ਪਿਤਾ ਹਰਬੰਸ ਸਿੰਘ, ਮਾਂ ਗੁਰਦੀਪ ਕੌਰ ਅਤੇ ਭੈਣ ਸੀਮਾ ਹਨ।
ਗੁਰਇਕਬਾਲ ਦਾ ਕਤਲ?

ਤਸਵੀਰ ਸਰੋਤ, Bharat Bhushan Azad/BBC
ਹਰਬੰਸ ਸਿੰਘ ਦੱਸਦੇ ਹਨ ਕਿ ਅਰਸ਼ਦੀਪ ਕੌਰ ਅਤੇ ਗੁਰਇਕਬਾਲ ਸਿੰਘ ਦੀ ਆਪਸੀ ਸਾਂਝ ਕਰੀਬ ਢਾਈ ਸਾਲ ਪਹਿਲਾਂ ਸ਼ੁਰੂ ਹੋਈ ਸੀ।
ਉਹ ਦਾਅਵਾ ਕਰਦੇ ਹਨ ਕਿ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਸਨ ਤੇ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਕੁੜੀ ਦਾ ਪਰਿਵਾਰ ਇਸ ਵਿਆਹ ਲਈ ਰਜ਼ਾਮੰਦ ਨਹੀਂ ਸੀ।
ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਲੰਘੀ 1 ਜਨਵਰੀ 2023 ਨੂੰ ਅਰਸ਼ਦੀਪ ਕੌਰ ਸਵੇਰੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਈ ਸੀ ਅਤੇ ਉਥੋਂ ਹੀ ਉਹ ਗੁਰਇਕਬਾਲ ਸਿੰਘ ਨਾਲ ਰਵਾਨਾ ਹੋ ਗਈ ਸੀ।
ਇਸ ਤੋਂ ਬਾਅਦ ਪਰਿਵਾਰ ਨੇ ਕਈ ਮਹੀਨਿਆਂ ਤੱਕ ਅਰਸ਼ਦੀਪ ਦੀ ਭਾਲ ਕੀਤੀ ਪਰ ਉਸ ਦਾ ਪਤਾ ਲਗਾਉਣ ਵਿੱਚ ਨਾਕਾਮਯਾਬ ਰਿਹਾ।
ਕਰੀਬ ਪੰਜ ਮਹੀਨਿਆਂ ਬਾਅਦ ਅਰਸ਼ਦੀਪ ਕੌਰ ਆਪਣੇ ਪਿੰਡ ਪਰਿਵਾਰ ਕੋਲ ਪਰਤ ਆਈ।
ਹਰਬੰਸ ਸਿੰਘ ਮੁਤਾਬਕ ਉਹ ਆਪਣੇ ਕੁਝ ਦਸਤਾਵੇਜ਼ ਲੈਣ ਲਈ ਘਰ ਗਈ ਸੀ।
ਉਸ ਤੋਂ ਪਹਿਲਾਂ ਉਹ ਆਪਣੇ ਸਹੁਰੇ ਪਰਿਵਾਰ ਨੂੰ ਮਿਲ਼ਣ ਆਈ ਸੀ ਪਰ ਗੁਰਇਕਬਾਲ ਦੇ ਮਾਤਾ ਨੇ ਉਸਨੂੰ ਸਮਝਾ-ਬੁਝਾ ਕੇ ਕੋਟਕਪੂਰਾ ਭੇਜ ਦਿੱਤਾ। ਜਿੱਥੇ ਗੁਰਇਕਬਾਲ ਦੀ ਭੈਣ ਸੀਮਾ ਦਾ ਘਰ ਸੀ।
ਇਸ ਦੌਰਾਨ ਅਰਸ਼ਦੀਪ ਦੇ ਪਰਿਵਾਰਕ ਮੈਂਬਰ ਵੀ ਕੋਟਕਪੂਰਾ ਆਏ ਤੇ ਅਰਸ਼ਦੀਪ ਨੂੰ ਆਪਣੇ ਨਾਲ ਲੈ ਗਏ।
ਹਰਬੰਸ ਸਿੰਘ ਦਾ ਦਾਅਵਾ ਹੈ ਕਿ ਗੁਰਇਕਬਾਲ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਵੀ ਅਰਸ਼ਦੀਪ ਦੇ ਘਰ ਚਲਾ ਗਿਆ।
ਇਸ ਦੌਰਾਨ ਅਰਸ਼ਦੀਪ ਦੇ ਪਰਿਵਾਰ ਨੇ ਕਥਿਤ ਤੌਰ ’ਤੇ ਗੁਰਇਕਬਾਲ ਦੀ ਕੁੱਟ-ਮਾਰ ਕੀਤੀ ਜਿਸ ਦੀ ਤਾਅਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ।

ਤਸਵੀਰ ਸਰੋਤ, Bharat Bhushan Azad/BBC
ਪਿੰਡ ਵਾਸੀਆਂ ਨੇ ਕੀ ਕਿਹਾ
ਔਲਖ ਪਿੰਡ ਦੇ ਰਹਿਣ ਵਾਲੇ ਇਸ ਘਟਨਾ ਤੋਂ ਬਾਅਦ ਸਦਮੇ ਵਿੱਚ ਹੋਣ ਦੇ ਨਾਲ ਨਾਲ ਸਹਿਮੇ ਵੀ ਹੋਏ ਹਨ।
ਪਿੰਡ ਦੇ ਇੱਕ ਸ਼ਖ਼ਸ ਨੇ ਗੁਰਇਕਬਾਲ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਇਸ ਕਤਲ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
“ਜੇ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਕਿਸੇ ਗੱਲ ਦਾ ਗੁੱਸਾ ਸੀ ਤਾਂ ਗੱਲਬਾਤ ਜ਼ਰੀਏ ਕੋਈ ਹੋਰ ਹੱਲ ਕੱਢਿਆ ਜਾ ਸਕਦਾ ਸੀ।”
ਬਹੁਤੇ ਪਿੰਡ ਵਾਸੀ ਇਸ ਮਾਮਲੇ ’ਤੇ ਗੱਲ ਕਰਨ ਤੋਂ ਗ਼ੁਰੇਜ਼ ਕਰਦੇ ਹਨ।

ਕਥਿਤ ਅਣਖ ਦੇ ਨਾਂ ’ਤੇ ਕਤਲ
- ਫ਼ਰੀਦਕੋਟ ਦੇ ਪਿੰਡ ਔਲਖ ਦੀ ਰਹਿਣ ਵਾਲੀ ਅਰਸ਼ਦੀਪ ਕੌਰ ਨੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਗੁਰਇਕਬਾਲ ਸਿੰਘ ਨਾਲ ਵਿਆਹ ਕਰਵਾਇਆ
- ਅਰਸ਼ਦੀਪ ਦੇ ਘਰ ਵਿੱਚ 28 ਸਾਲਾ ਗੁਰਇਕਬਾਲ ਦਾ ਕਥਿਤ ਤੌਰ ’ਤੇ ਕਤਲ ਹੋਇਆ
- ਕਤਲ ਦੇ ਇਲਜ਼ਾਮਾਂ ਹੇਠ ਕੁੜੀ ਦੇ ਮਾਤਾ-ਪਿਤਾ, ਭਰਾ ਅਤੇ ਚਾਚੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ
- ਅਰਸ਼ਦੀਪ ਦੇ ਪਿਤਾ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ
- ਇਨਸਾਫ਼ ਦੀ ਮੰਗ ਕਰਦੇ ਮ੍ਰਿਤਕ ਦੇ ਮਾਪਿਆਂ ਨੇ ਹਾਲੇ ਤੱਕ ਗੁਰਇਕਬਾਲ ਦਾ ਸਸਕਾਰ ਨਹੀਂ ਕੀਤਾ ਹੈ


ਤਸਵੀਰ ਸਰੋਤ, bharat bhushan azad/bbc
ਕਤਲ ਮਗਰੋਂ ਪੰਚ ਦੇ ਘਰ ਪਹੁੰਚੇ ਮੁਲਜ਼ਮ
ਪਿੰਡ ਦੀ ਗ੍ਰਾਮ ਪੰਚਾਇਤ ਦੇ ਸਾਬਕਾ ਮੈਂਬਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਵਾਰਦਾਤ ਦੇ ਅਗਲੇ ਦਿਨ ਸਵੇਰੇ ਗੁਰਜੀਤ ਸਿੰਘ, ਉਨ੍ਹਾਂ ਦੀ ਪਤਨੀ ਅਤੇ ਬੇਟਾ ਖ਼ੁਦ ਕੁਲਵਿੰਦਰ ਦੇ ਘਰ ਆਏ ਸਨ।
ਜਿੱਥੇ ਉਨ੍ਹਾਂ ਨੇ ਗੁਰਇਕਬਾਲ ਦੇ ਕਤਲ ਦੀ ਵਾਰਦਾਤ ਨੂੰ ਕਬੂਲਿਆ ਸੀ। ਸਾਬਕਾ ਪੰਚ ਵੱਲੋਂ ਇਸ ਸਬੰਧੀ ਥਾਣਾ ਪੰਜਗਰਾਈ ਕਲਾਂ ਦੀ ਪੁਲਿਸ ਨੂੰ ਸੂਚਨਾ ਦਿੱਤੀ।
ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਬਾਕੀਆਂ ਨੂੰ ਕਾਬੂ ਨਾ ਕੀਤਾ ਜਾ ਸਕਿਆ।

ਤਸਵੀਰ ਸਰੋਤ, Bharat Bhushan Azad/BBC
ਪੁਲਿਸ ਨੇ ਕੀ ਕਿਹਾ
ਕੋਟਕਪੂਰਾ ਦੇ ਡਿਪਟੀ ਕਮਿਸ਼ਨਰ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਪੁਲਿਸ ਥਾਣਾ ਸਦਰ ਕੋਟਕਪੂਰਾ ਨੇ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਪਿਤਾ ਗੁਰਜੀਤ ਸਿੰਘ, ਮਾਤਾ ਕੁਲਵੰਤ ਕੌਰ, ਭਰਾ ਦਿਲਪ੍ਰੀਤ ਸਿੰਘ ਅਤੇ ਚਾਚਾ ਕੁਲਦੀਪ ਸਿੰਘ ਨਿਹੰਗਾ ਖ਼ਿਲਾਫ਼ ਸਾਜ਼ਿਸ਼ ਤਹਿਤ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
“ਇੱਕ ਮੁਲਜ਼ਮ ਗੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦਕਿ ਬਾਕੀ ਫਰਾਰ ਹਨ।”
ਇਨਸਾਫ਼ ਦੀ ਮੰਗ ਤੇ ਅੰਤਿਮ ਸਸਕਾਰ ’ਚ ਦੇਰੀ
ਗੁਰਇਕਬਾਲ ਦਾ ਪਰਿਵਾਰ ਪੁਲਿਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ।
ਪਿਤਾ ਹਰਬੰਸ ਸਿੰਘ ਦਾ ਕਹਿਣਾ ਹੈ ਕਿ, “ਜਦੋਂ ਤੱਕ ਪੁਲਿਸ ਸਹੀ ਢੰਗ ਨਾਲ ਐੱਫ਼ਆਈਆਰ ਨਹੀਂ ਦਰਜ ਕਰਦੀ ਤੇ ਅਰਸ਼ਦੀਪ ਤੋਂ ਪੁੱਛਗਿੱਛ ਨਹੀਂ ਕੀਤੀ ਜਾਂਦੀ ਉਦੋਂ ਤੱਕ ਅਸੀਂ ਆਪਣੇ ਪੁੱਤ ਦੀ ਲਾਸ਼ ਦਾ ਅੰਤਿਮ ਸਸਕਾਰ ਨਹੀਂ ਕਰਾਂਗੇ।”
ਐੱਫ਼ਾਆਈਆਰ ਮੁਤਾਬਕ ਗੁਰਇਕਬਾਲ ਖ਼ੁਦ ਅਰਸ਼ਦੀਪ ਦੇ ਘਰ ਆਇਆ ਸੀ।
ਉੱਥੇ ਹੀ ਪਰਿਵਾਰ ਦਾ ਦਾਅਵਾ ਹੈ ਕਿ ਉਸ ਨੂੰ ਜ਼ਬਰੀ ਉੱਥੇ ਲੈ ਜਾਇਆ ਗਿਆ ਤੇ ਬੰਧਕ ਬਣਾਕੇ ਰੱਖਿਆ ਗਿਆ ਸੀ।

ਤਸਵੀਰ ਸਰੋਤ, Bharat Bhushan Azad/BBC
ਗੁਰਇਕਬਾਲ ਦੇ ਪਰਿਵਾਰ ਦੇ ਹਾਲਾਤ
ਗੁਰਇਕਬਾਲ ਦੇ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ।
ਪਿਤਾ ਹਰਬੰਸ ਸਿੰਘ ਹੋਮ ਗਾਰਡ ਵਜੋਂ ਰਿਟਾਇਰ ਹੋਏ ਹਨ ਤੇ ਹੁਣ ਮਜ਼ਦੂਰੀ ਕਰਕੇ ਗ਼ੁਜ਼ਾਰਾ ਚਲਾਉਂਦੇ ਹਨ।
ਗੁਰਇਕਬਾਲ ਦੇ ਮਾਤਾ ਤੇ ਭੈਣ ਲੋਕਾਂ ਦੇ ਘਰਾਂ ਵਿੱਚ ਸਾਫ਼-ਸਫ਼ਾਈ ਦਾ ਕੰਮ ਕਰਦੇ ਹਨ।
ਗੁਰਇਕਬਾਲ ਖ਼ੁਦ ਵੀ ਕਿਸੇ ਦੀ ਕੰਬਾਈਨ ’ਤੇ ਹੈਲਪਰ ਦਾ ਕੰਮ ਕਰਦੇ ਸਨ।















