ਗਲੋਬਲ ਆਈਟੀ ਖ਼ਰਾਬੀ ਨੇ ਤਕਨੀਕ 'ਤੇ ਨਿਰਭਰ ਦੁਨੀਆਂ ਨੂੰ ਕਿਵੇਂ ਹਿਲਾ ਕੇ ਰੱਖ ਦਿੱਤਾ, ਇਹ ਘਟਨਾ ਕਿਸ ਖ਼ਤਰੇ ਬਾਰੇ ਦੱਸਦੀ ਹੈ

ਮਾਈਕ੍ਰੋਸਾਫਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਈਕ੍ਰੋਸਾਫਟ ਅਪਰੇਟਿੰਗ ਸਿਸਟਮ ਨਾਲ ਚੱਲਣ ਵਾਲੇ ਕੰਪਿਊਟਰ ਸਾਡੇ ਤਕਨੀਕੀ ਬੁਨਿਆਦੀ ਢਾਂਚੇ ਦੀ ਬੁਨਿਆਦ ਹਨ।

ਜ਼ੋਏ ਕਲੀਨਮੈਨ, ਤਕਨੀਕੀ ਸੰਪਾਦਕ ਦੀ ਕਲਮ ਤੋਂ-

ਸ਼ੁੱਕਰਵਾਰ ਦੀ ਗਲੋਬਲ ਆਈਟੀ ਖ਼ਰਾਬੀ ਵਿੱਚੋਂ ਦੁਨੀਆਂ ਉੱਭਰ ਰਹੀ ਹੈ ਅਤੇ ਆਮ ਵਾਂਗ ਹੋ ਰਹੀ ਹੈ ਪਰ ਇਸ ਘਟਨਾ ਨੇ ਦਿਖਾ ਦਿੱਤਾ ਹੈ ਕਿ ਸਾਡੀ ਡਿਜੀਟਲ ਦੁਨੀਆਂ ਅਤੇ ਜ਼ਿੰਦਗੀ ਦੀਆਂ ਬੁਨਿਆਦਾਂ ਕਿੰਨੀਆਂ ਕਮਜ਼ੋਰ ਹਨ।

ਇਸ ਖ਼ਰਾਬੀ ਨੇ ਦਿਖਾਇਆ ਕਿ ਕਿਵੇਂ ਮਾਈਕ੍ਰੋਸਾਫਟ ਵਰਗੀਆਂ ਵੱਡੀਆਂ ਕੰਪਨੀਆਂ ਜੋ ਤਕਨੀਕੀ ਵਿਕਾਸ ਅਤੇ ਸੁਰੱਖਿਆ ਉੱਪਰ ਬੇਤਹਾਸ਼ਾ ਨਿਵੇਸ਼ ਕਰਦੀਆਂ ਹਨ, ਸਾਈਬਰ ਸੁਰੱਖਿਆ ਵਿੱਚ ਲੱਗੀ ਕਿਸੇ ਤੀਜੀ ਸੁਤੰਤਰ ਕੰਪਨੀ ਵੱਲੋਂ ਜਾਰੀ ਸਾਫਟਵੇਅਰ ਅਪਡੇਟ ਵਿੱਚ ਇੱਕ ਦੁਰਘਟਨਾ ਵੱਸ ਰਹਿ ਗਈ ਤਕਨੀਕੀ ਖਰਾਬੀ ਦੇ ਕਾਰਨ, ਇੱਕ ਪਲ ਵਿੱਚ ਬੇਬੱਸ ਹੋ ਸਕਦੀਆਂ ਹਨ।

ਇੰਨਾ ਨੁਕਸਾਨ ਇਸ ਲਈ ਹੋਇਆ ਕਿਉਂਕਿ ਮਾਈਕ੍ਰੋਸਾਫਟ ਅਪਰੇਟਿੰਗ ਸਿਸਟਮ ਨਾਲ ਚੱਲਣ ਵਾਲੇ ਕੰਪਿਊਟਰ ਸਾਡੇ ਤਕਨੀਕੀ ਬੁਨਿਆਦੀ ਢਾਂਚੇ ਦੀ ਬੁਨਿਆਦ ਹਨ।

ਇਹ ਘਟਨਾ ਦਰਸਾਉਂਦੀ ਹੈ ਕਿ ਅਸੀਂ ਤਕਨੀਕੀ ਬੁਨਿਆਦੀ ਢਾਂਚੇ ਉੱਤੇ ਕਿੰਨੇ ਨਿਰਭਰ ਹੋ ਗਏ ਹਾਂ। ਇਹ ਵੀ ਕਿ ਜਦੋਂ ਕੁਝ ਵੀ ਜੋ ਸਾਡੇ ਵੱਸ ਵਿੱਚ ਨਹੀਂ ਹੈ, ਉਹ ਵਾਪਰਦਾ ਹੈ ਤਾਂ ਅਸੀਂ ਕਿੰਨੇ ਬੇਬੱਸ ਹੋ ਜਾਂਦੇ ਹਾਂ।

ਜਦੋਂ ਇਹ ਸਿਸਟਮ ਕੰਬਦੇ ਹਨ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ।

ਰੱਦ ਉਡਾਣਾਂ ਤੋਂ ਬਾਅਦ ਉਡੀਕ ਕਰਦਾ ਕੈਬਿਨ ਕਰਿਊ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਇਹ ਘਟਨਾ ਇਹ ਵੀ ਦਰਸਾਉਂਦੀ ਹੈ ਕਿ ਅਸੀਂ ਇਸ ਤਕਨੀਕੀ ਬੁਨਿਆਦੀ ਢਾਂਚੇ ਉੱਤੇ ਕਿੰਨੇ ਨਿਰਭਰ ਹੋ ਗਏ ਹਾਂ।

ਮੈਂ ਕੱਲ੍ਹ ਟੀਵੀ ਉਤੇ ਇੱਕ ਆਈਟੀ ਮਾਹਰ ਨੂੰ ਦੇਖਿਆ, ਉਹ ਮੁਸ਼ਕਲ ਵਿੱਚ ਫਸੇ ਲੋਕਾਂ ਨੂੰ ਧੀਰਜ ਰੱਖਣ ਦੀ ਸਲਾਹ ਦੇ ਰਹੇ ਸਨ। ਲੇਕਿਨ ਮੈਨੂੰ ਯਕੀਨ ਹੈ ਕਿ ਧੀਰਜ ਸਭ ਤੋਂ ਆਖਰੀ ਭਾਵ ਹੋਵੇਗਾ ਜੋ ਬਹੁਤਿਆਂ ਨੇ ਮਹਿਸੂਸ ਕੀਤਾ ਹੋਵੇਗਾ ਪਰ ਈਮਾਨਦਾਰੀ ਨਾਲ ਕਹੀਏ ਤਾਂ ਇਹੀ ਇੱਕ ਵਿਕਲਪ ਸੀ।

ਇਸ ਤੋਂ ਇਲਾਵਾ, ਓਵੇਨ ਸੇਅਰਸ ਨੇ ਕੰਪਿਊਟਰ ਵੀਕਲੀ ਵਿੱਚ ਲਿਖਿਆ, “ਇਹ ਉਹ ਖ਼ਤਰਾ ਹੈ ਜਦੋਂ ਅਸੀਂ ਆਪਣੇ ਸਾਰੇ ਆਂਡੇ ਇੱਕੋ ਵਿਸ਼ਵ-ਵਿਆਪੀ ਟੋਕਰੀ ਵਿੱਚ ਰੱਖ ਦਿੰਦੇ ਹਾਂ।”

ਉਹ ਸੰਕੇਤ ਕਰ ਰਹੇ ਸਨ ਕਿ ਕਿਵੇਂ ਬਹੁਤ ਵੱਡੀ ਸੰਖਿਆ ਵਿੱਚ ਕਾਰੋਬਾਰ, ਸੇਵਾਵਾਂ ਅਤੇ ਲੋਕ ਇੱਕੋ ਆਈਟੀ ਕੰਪਨੀ ਦੀ ਵਰਤੋਂ ਕਰਦੇ ਹਨ। ਇਹ ਸੌਖਾ ਹੈ ਪਰ ਇਸਦਾ ਮਤਲਬ ਇਹ ਵੀ ਹੈ ਕਿ ਜੇ ਉਸ ਪਰੋਵਾਈਡਰ ਨੂੰ ਕੋਈ ਸਮੱਸਿਆ ਆ ਜਾਵੇ ਤਾਂ ਸਾਡੇ ਕੋਲ ਕੋਈ ਬਦਲਵੀਂ ਯੋਜਨਾ ਨਹੀਂ ਹੈ।

ਇੱਕ ਪੁਰਾਣੀ ਕਹਾਵਤ ਹੈ ਕਿ ਸੌਖ ਸੁਰੱਖਿਆ ਦੀ ਦੁਸ਼ਮਣ ਹੈ, ਅਤੇ ਕੱਲ੍ਹ ਮੈਂ ਇਸਦੀ ਸਭ ਤੋਂ ਵੱਡੀ ਮਿਸਾਲ ਦੇਖੀ।

ਸਾਈਬਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੁੱਕਰਵਾਰ ਨੂੰ ਜੋ ਹੋਇਆ ਉਹ ਕੋਈ ਸਾਈਬਰ ਹਮਲਾ ਨਹੀਂ ਸੀ।

ਇੱਕ ਗਾਹਕ ਵਜੋਂ ਇਸ ਦਬਦਬੇ ਨੂੰ ਰੋਕਣਾ ਮੁਸ਼ਕਿਲ ਹੈ। ਜੇ ਤੁਸੀਂ ਕਿਸੇ ਦੁਕਾਨ ਉੱਤੇ ਜਾਂਦੇ ਹੋ ਅਤੇ ਆਪਣੇ ਕਾਰਡ ਜਾਂ ਫੋਨ ਰਾਹੀਂ ਭੁਗਤਾਨ ਕਰਦੇ ਹੋ ਤਾਂ ਤੁਸੀਂ ਆਪਣੇ ਸੌਦੇ ਨੂੰ ਨੇਪਰੇ ਚਾੜ੍ਹਨ ਲਈ ਕਿਸੇ ਹੋਰ ਦੀ ਤਕਨੀਕ ਉੱਤੇ ਨਿਰਭਰ ਕਰਦੇ ਹੋ।

ਅਜਿਹੇ ਕਾਰੋਬਾਰਾਂ ਦੀ ਸੰਖਿਆ ਵਧਦੀ ਜਾ ਰਹੀ ਹੈ ਜੋ ਨਗਦੀ ਸਵੀਕਾਰ ਨਹੀਂ ਕਰਦੇ।

ਛੋਟੇ ਕਾਰੋਬਾਰਾਂ ਲਈ ਬਜਟ ਕਸਵੇਂ ਹਨ।

ਤਕਨੀਕੀ ਸੰਸਥਾਨ ਬੀਐੱਸਸੀ ਦੇ ਐਲੀਨਾ ਟਿਮੋਫੀਵਾ ਕਹਿੰਦੇ ਹਨ, “ਕੁਝ ਮਾਮਲਿਆਂ ਵਿੱਚ ਲਾਗਤ ਕਾਰਨ ਇੱਕੋ ਵਿਕਰੇਤਾ ਦੀ ਚੋਣ ਰਹਿ ਜਾਂਦੀ ਹੈ।”

“ਤਰਕ ਇਹ ਹੈ ਕਿ ਵਿਕਰੇਤਾ ਇੰਨਾ ਵੱਡਾ ਅਤੇ ਸ਼ਕਤੀਸ਼ਾਲੀ ਹੈ ਕਿ ਕੰਪਨੀਆਂ ਸੋਚਦੀਆਂ ਹੀ ਨਹੀਂ ਕਿ ਇਹ ਵੀ ਨਾਕਾਮ ਹੋ ਸਕਦਾ ਹੈ।”

ਇਸਦੀ ਕੁਝ ਤੁਕ ਤਾਂ ਬਣਦੀ ਹੈ ਪਰ ਕੀ ਵੱਡੀ ਸੰਖਿਆ ਵਿੱਚ ਛੋਟੇ ਆਈਟੀ ਪਰੋਵਾਈਡਰ ਇਸਦਾ ਕੋਈ ਹੱਲ ਹੋ ਸਕਦੇ ਹਨ।

ਜੇ ਥੋੜ੍ਹੇ ਲੋਕ ਇਨ੍ਹਾਂ ਉੱਤੇ ਨਿਰਭਰ ਹੋਣਗੇ ਤਾਂ ਤੁਹਾਨੂੰ ਇੰਨੇ ਵੱਡੇ ਪੱਧਰ ਦੀਆਂ ਖ਼ਰਾਬੀਆਂ ਦੇਖਣ ਨੂੰ ਨਹੀਂ ਮਿਲਣਗੀਆਂ। ਲੇਕਿਨ ਤੁਸੀਂ ਕਈ ਸਿਸਟਮ ਕਈ ਸਾਰੀਆਂ ਕਮਜ਼ੋਰੀਆਂ ਦੇ ਨਾਲ ਵਰਤ ਰਹੇ ਹੋ। ਇਸ ਨਾਲ ਹੈਕਿੰਗ ਕਰਨੀ ਸੌਖੀ ਹੋ ਸਕਦੀ ਹੈ।

ਵਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸ਼ੁੱਕਰਵਾਰ ਨੂੰ ਜੋ ਹੋਇਆ ਉਹ ਕੋਈ ਸਾਈਬਰ ਹਮਲਾ ਨਹੀਂ ਸੀ। ਮਾਈਕ੍ਰੋਸਾਫਟ ਨੇ ਤੁਰੰਤ ਹੀ ਕਹਿ ਦਿੱਤਾ ਇਸ ਲਈ ਉਹ ਕਸੂਰਵਾਰ ਨਹੀਂ ਹੈ। ਲੇਕਿਨ ਸਵਾਲ ਇਹ ਹੈ ਕਿ ਸਾਈਬਰ ਸੁਰੱਖਿਆ ਫਰਮ ਕਰਾਊਡਸਟ੍ਰਾਈਕ ਦੀ ਫੈਲਕਨ ਅਪਡੇਟ ਨੈਟ ਵਿੱਚੋਂ ਫੈਲ ਕਿਵੇਂ ਗਈ।

ਲੰਡਨ ਦੇ ਗਰੇਸ਼ਮ ਕਾਲਜ ਤੋਂ ਪ੍ਰੋਫੈਸਰ ਵਿਕਟੋਰੀਆ ਬਾਇਨਸ ਕਹਿੰਦੇ ਹਨ, “ਕਰਾਊਡਸਟ੍ਰਾਈਕ ਵਿੱਚ ਕੋਈ ਤਾਂ ਹੋਵੇਗਾ ਜੋ ਇਸ ਨੂੰ ਠੀਕ ਨਾ ਕਰ ਸਕਣ ਲਈ ਬਹੁਤ ਜ਼ਿਆਦਾ ਮੁਸ਼ਕਿਲ ਵਿੱਚ ਹੋਵੇਗਾ।“

“ਅਤੇ ਬਹੁਤ ਸਾਰੇ ਲੋਕ ਇਸ ਹਫ਼ਤੇ ਦੇ ਅੰਤ ਵਿੱਚ ਕੰਮ ਕਰ ਰਹੇ ਹੋਣਗੇ।”

ਚੀਜ਼ਾਂ ਆਮ ਵਰਗੀਆਂ ਹੋਣ ਨੂੰ ਕੁਝ ਦਿਨ ਲੱਗਣਗੇ

ਜੋਅ ਟਿਡੀ , ਸਾਈਬਰ ਪੱਤਰਕਾਰ ਦੀ ਕਲਮ ਤੋਂ-

ਦੁਨੀਆਂ ਭਰ ਵਿੱਚ ਆਈਟੀ ਸੇਵਾਵਾਂ ਵਿੱਚ ਖਲਲ ਪੈਣ ਦੇ ਲਈ ਜ਼ਿੰਮੇਵਾਰ ਦੱਸੀ ਜਾ ਰਹੀ ਸਾਈਬਰ ਸੁਰੱਖਿਆ ਕੰਪਨੀ ਕਰਾਊਡਸਟ੍ਰਾਈਕ ਦੇ ਸੀਈਓ ਨੇ ਇਹ ਗੱਲ ਮੰਨੀ ਹੈ ਕਿ ਸਾਰੇ ਕੰਪਿਊਟਰ ਸਿਸਟਮ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਕੁਝ ਸਮਾਂ ਲੱਗੇਗਾ।

ਮਾਹਰਾਂ ਦਾ ਕਹਿਣਾ ਹੈ ਕਿ ਵੱਡੇ ਅਦਾਰਿਆਂ ਨੂੰ ਕੰਮਕਾਜ ਦੀ ਸਧਾਰਣ ਸਥਿਤੀ ਵਿੱਚ ਆਉਣ ਨੂੰ ਕੁਝ ਦਿਨ ਲੱਗ ਸਕਦੇ ਹਨ।

ਹਾਲਾਂਕਿ ਇਸ ਖਰਾਬੀ ਦਾ ਹੱਲ ਤਲਾਸ਼ ਲਿਆ ਗਿਆ ਹੈ ਲੇਕਿਨ ਮਾਹਿਰਾਂ ਦੀ ਰਾਇ ਵਿੱਚ ਇਸ ਵਿੱਚ ਕਾਫ਼ੀ ਕੰਮ ਹੱਥੀਂ ਕੀਤਾ ਜਾਣਾ ਹੈ।

ਇਸ ਖਰਾਬੀ ਕਾਰਨ ਹਜ਼ਾਰਾਂ ਉਡਾਣਾਂ ਰੱਦ ਕਰਨੀਆਂ ਪਈਆਂ, ਇਸ ਤੋਂ ਬੈਂਕਿੰਗ, ਹੈਲਥ ਕੇਅਰ ਅਤੇ ਦੁਕਾਨਾਂ ਤੱਕ ਪ੍ਰਭਾਵਿਤ ਹੋਈਆਂ।

ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਕਰਾਊਡਸਟ੍ਰਾਈਕ ਦੀ ਇੱਕ ਅਪਡੇਟ ਕਾਰਨ ਮਾਇਕਰੋਸਾਫਟ ਦੇ ਕੰਪਿਊਟਰਾਂ ਉੱਤੇ ਨੀਲੀ ਸਕਰੀਨ ਆ ਗਈ ਅਤੇ ਇਹ ਕੰਮ ਛੱਡ ਗਏ।

ਸਾਫਟਵੇਅਰ ਦਾ ਸਮੱਸਿਆ ਵਾਲਾ ਟੁਕੜਾ ਕੰਪਨੀ ਦੇ ਗਾਹਕਾਂ ਨੂੰ ਸਵੈਚਾਲਿਤ ਰੂਪ ਵਿੱਚ ਭੇਜਿਆ ਗਿਆ ਸੀ। ਇਸੇ ਕਾਰਨ ਸ਼ੁੱਕਰਵਾਰ ਨੂੰ ਜਦੋਂ ਇਹ ਅਪਡੇਟ ਹੋਇਆ ਤਾਂ ਇੰਨੀ ਵੱਡੀ ਸਮੱਸਿਆ ਖੜ੍ਹੀ ਹੋ ਗਈ।

ਇਸ ਦਾ ਮਤਲਬ ਸੀ ਕਿ ਕੰਪਿਊਟਰ ਮੁੜ ਸ਼ੁਰੂ ਨਹੀਂ ਕੀਤੇ ਜਾ ਸਕੇ।

ਐਕਸ ਉੱਤੇ ਲਿਖਦਿਆਂ ਕਰਾਊਡਸਟ੍ਰਾਈਕ ਦੇ ਮੁਖੀ ਜੌਰਜ ਕੁਰਟਜ਼ ਨੇ ਕਿਹਾ, “ਮਸਲੇ ਦੀ ਪਛਾਣ ਕਰ ਲਈ ਗਈ ਹੈ ਅਤੇ ਹੱਲ ਤੈਨਾਤ ਕਰ ਦਿੱਤਾ ਗਿਆ ਹੈ।”

ਕਰਾਊਡਸਟ੍ਰਾਈਕ ਲੋਗੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਇਸਦੇ 24,000 ਗਾਹਕ ਹਨ ਅਤੇ ਸੈਂਕੜੇ-ਹਜ਼ਾਰ ਕੰਪਿਊਟਰਾਂ ਦੀ ਸੁਰੱਖਿਆ ਕਰਦੀ ਹੈ।

ਅਮਰੀਕਾ ਵਿੱਚ ਐੱਨਬੀਸੀ ਦੇ ਟੂਡੇ ਸ਼ੋਅ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ, “ਸਾਡੇ ਕਾਰਨ ਗਾਹਕਾਂ ਉੱਤੇ ਪੈਣ ਵਾਲੇ ਅਸਰ ਲਈ ਅਸੀਂ ਮਾਫੀ ਚਾਹੁੰਦੇ ਹਾਂ।”

ਹਾਲਾਂਕਿ ਇਹ ਹੱਲ ਸਵੈਚਾਲਿਤ ਨਹੀਂ ਹੋਵੇਗਾ ਅਤੇ ਕੀ-ਬੋਰਡ ਰਾਹੀਂ ਹੱਥੀਂ ਕਰਨਾ ਪਵੇਗਾ।

ਖੋਜਕਾਰ ਕੈਵਿਨ ਬਿਊਮਾਊਂਟ ਨੇ ਕਿਹਾ, “ਕਿਉਂਕਿ ਕੰਪਿਊਟਰ ਸ਼ੁਰੂ ਨਹੀਂ ਹੋ ਰਹੇ, ਇਸ ਲਈ ਖਰਾਬ ਅਪਡੇਟ ਹਟਾਉਣ ਲਈ ਪ੍ਰਭਾਵਿਤ ਕੰਪਿਊਟਰ ਸੁਰੱਖਿਅਤ ਮੋਡ ਵਿੱਚ ਸ਼ੁਰੂ ਕਰਨੇ ਪੈਣਗੇ।”

“ਇਹ ਬਹੁਤ ਜ਼ਿਆਦਾ ਸਮਾਂ ਖਾਊ ਹੈ ਅਤੇ ਸੰਗਠਨਾਂ ਨੂੰ ਇਸ ਵਿੱਚ ਕੁਝ ਦਿਨ ਲੱਗ ਜਾਣਗੇ।”

ਟੈਕਨੀਕਲ ਸਟਾਫ਼ ਨੂੰ ਖ਼ੁਦ ਹਰ ਕੰਪਿਊਟਰ ਨੂੰ ਰੀਬੂਟ ਕਰਨਾ ਪਵੇਗਾ, ਜੋ ਕਿ ਬਹੁਤ ਜ਼ਿਆਦਾ ਕੰਮ ਹੋ ਸਕਦਾ ਹੈ।

ਕਰਾਊਡਸਟ੍ਰਾਈਕ ਸਾਈਬਰ ਸੁਰੱਖਿਆ ਵਿੱਚ ਲੱਗੀ ਸਭ ਤੋਂ ਵੱਡੀ ਅਤੇ ਭਰੋਸੇਮੰਦ ਫਰਮ ਹੈ।

ਦੁਨੀਆਂ ਭਰ ਵਿੱਚ ਇਸਦੇ 24,000 ਗਾਹਕ ਹਨ ਅਤੇ ਸੈਂਕੜੇ-ਹਜ਼ਾਰ ਕੰਪਿਊਟਰਾਂ ਦੀ ਸੁਰੱਖਿਆ ਕਰਦੀ ਹੈ।

ਤਕਨੀਕੀ ਖਰਾਬੀ ਤੋਂ ਬਾਅਦ ਹੰਗਰੀਅਨ ਗਰੈਂਡ ਪਰਿਕਸ ਵਿੱਚ ਨਿਰਾਸ਼ ਖੜ੍ਹੀ ਮਰਸਡੀਜ਼ ਬੈਂਜ਼ ਕੰਪਨੀ ਦੀ ਫਾਲਮੂਲਾ ਵਨ ਕਾਰਾਂ ਦੀ ਸੰਭਾਲ ਵਾਲੀ ਟੀਮ ਦੇ ਮੈਂਬਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਕਨੀਕੀ ਖਰਾਬੀ ਤੋਂ ਬਾਅਦ ਹੰਗਰੀਅਨ ਗਰੈਂਡ ਪਰਿਕਸ ਵਿੱਚ ਨਿਰਾਸ਼ ਖੜ੍ਹੀ ਮਰਸਡੀਜ਼ ਬੈਂਜ਼ ਕੰਪਨੀ ਦੀ ਫਾਲਮੂਲਾ ਵਨ ਕਾਰਾਂ ਦੀ ਸੰਭਾਲ ਵਾਲੀ ਟੀਮ ਦੇ ਮੈਂਬਰ

ਸ਼ੁੱਕਰਵਾਰ ਨੂੰ ਗਾਹਕਾਂ ਨੂੰ ਭੇਜੇ ਇੱਕ ਸੁਨੇਹੇ ਵਿੱਚ ਕੁਰਟਜ਼ ਨੇ ਕਿਹਾ, ਕਿ ਇਹ ਕੋਈ ਸਾਈਬਰ ਹਮਲਾ ਨਹੀਂ ਸੀ ਸਗੋਂ “ਸਮੱਗਰੀ ਅਪਡੇਟ” ਵਿੱਚ ਕੋਈ ਨੁਕਸ ਸੀ।

ਜਿਵੇਂ ਅਸੀਂ ਇਸ ਨਾਲ ਨਿੱਜਠ ਰਹੇ ਹਾਂ, “ਮੇਰਾ ਤੁਹਾਨੂੰ ਵਾਅਦਾ ਹੈ ਕਿ ਇਹ ਕਿਵੇਂ ਹੋਇਆ ਭਵਿੱਖ ਵਿੱਚ ਅਜਿਹਾ ਨਾ ਹੋਵੇ, ਉਸ ਨੂੰ ਰੋਕਣ ਲਈ ਅਸੀਂ ਕੀ ਕਦਮ ਚੁੱਕ ਰਹੇ ਹਾਂ ਇਸ ਬਾਰੇ ਪੂਰੀ ਪਾਰਦਰਸ਼ਿਤਾ ਵਰਤੀ ਜਾਵੇਗੀ।”

ਸਮੱਸਿਆ ਨੂੰ “ਸਮੱਗਰੀ ਅਪਡੇਟ” ਕਹਿਣਾ ਦਰਸਾਉਂਦਾ ਹੈ ਕਿ ਇਹ ਕੋਈ ਵੱਡੀ ਅਪਡੇਟ ਨਹੀਂ ਸੀ ਸਗੋਂ ਛੋਟੀ ਜਿਹੀ ਸੋਧ ਸੀ।

ਇਹ ਸਾਫਟਵੇਅਰ ਵਿੱਚ ਅੱਖਰ ਬਦਲਣ ਤੋਂ ਲੈਕੇ ਲੋਗੋ ਬਦਲਣ ਵਰਗਾ ਕੁਝ ਵੀ ਛੋਟਾ ਜਿਹਾ ਅਪਡੇਟ ਹੋ ਸਕਦਾ ਹੈ।

ਸ਼ਾਇਦ ਇਸੇ ਕਾਰਨ ਇਸਦੀ ਇੰਨੀ ਡੁਘਾਈ ਨਾਲ ਜਾਂਚ ਨਹੀਂ ਕੀਤੀ ਗਈ ਹੋਵੇਗੀ ਜਿੰਨੀ ਕਿ ਕਿਸੇ ਵੱਡੀ ਅਪਡੇਟ ਦੀ ਕੀਤੀ ਜਾਂਦੀ ਹੈ। ਲੇਕਿਨ ਸਵਾਲ ਇਹ ਵੀ ਹੈ ਕਿ ਕੋਈ ਥੋਟੀ ਜਿਹੀ ਗੜਬੜੀ ਇੰਨਾ ਵੱਡਾ ਨੁਕਸਾਨ ਕਿਵੇਂ ਕਰ ਸਕਦੀ ਹੈ?

ਇਸ ਸਮੱਸਿਆ ਨਾਲ ਜੂਝ ਰਹੇ ਇੱਕ ਆਈਟੀ ਮੈਨੇਜਰ ਨੇ ਕਿਹਾ ਕਿ ਕੰਪਿਊਟਰਾਂ ਨੂੰ ਠੀਕ ਕਰਨਾ ਤਾਂ ਜਲਦੀ ਹੋ ਜਾਣ ਵਾਲਾ ਕੰਮ ਹੈ, ਬਾਸ਼ਰਤੇ ਕਿ ਕੋਈ ਆਈਟੀ ਇੰਜੀਨੀਅਰ ਇਸ ਉੱਤੇ ਲੱਗ ਜਾਵੇ, ਚੁਣੌਤੀ ਉਨ੍ਹਾਂ ਨੂੰ ਲਾਉਣਾ ਹੀ ਹੈ।

ਮੈਨੇਰਜਰ ਜੋ ਕਿ ਇੱਕ ਵਿਦਿਅਕ ਕੰਪਨੀ ਵਿੱਚ 4000 ਕੰਪਿਊਟਰਾਂ ਦੀ ਸਾਂਭ-ਸੰਭਾਲ ਲਈ ਜ਼ਿੰਮੇਵਾਰ ਹਨ। ਉਨ੍ਹਾਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਕਿਹਾ ਕਿ ਉਨ੍ਹਾਂ ਦੀ ਟੀਮ ਨਿੱਠ ਕੇ ਲੱਗੀ ਹੋਈ ਹੈ।

“ਕਮਾਂਡ ਪਰੋਂਪਟ ਰਾਹੀਂ ਅਸੀਂ ਆਪਣੇ ਸਰਵਰ ਤਾਂ ਠੀਕ ਕਰ ਲਏ ਹਨ ਪਰ ਇਸ ਨੂੰ ਹੱਥੀਂ ਕਰਨਾ ਸੌਖਾ ਨਹੀਂ ਹੈ ਕਿਉਂਕਿ ਅਸ਼ੀਂ ਪੰਜ ਥਾਵਾਂ ਵਿੱਚ ਫੈਲੇ ਹੋਏ ਹਾਂ। ਕੋਈ ਵੀ ਕੰਪਿਊਟਰ ਜੋ ਰਾਤ ਨੂੰ ਚਲਦਾ ਰਹਿ ਗਿਆ, ਉਹ ਪ੍ਰਭਾਵਿਤ ਹੈ ਅਤੇ ਅਸੀਂ ਉਨ੍ਹਾਂ ਨੂੰ ਰੀਬਿਲਡ ਕਰ ਰਹੇ ਹਾਂ।”

ਉਡਾਣ ਰੱਦ ਹੋਣ ਤੋਂ ਬਾਅਦ ਭਾਰਤੀ ਹਵਾਈ ਅੱਡੇ ਉਤੇ ਉਡੀਕ ਕਰਦੇ ਯਾਤਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਛੋਟੀਆਂ ਅਤੇ ਦਰਮਿਆਨੀਆਂ ਕੰਪਨੀਆਂ ਜਿਨ੍ਹਾਂ ਦੇ ਆਪਣੇ ਆਈਟੀ ਦਲ ਨਹੀਂ ਹਨ ਉਨ੍ਹਾਂ ਨੂੰ ਜ਼ਿਆਦਾ ਦਿੱਕਤ ਆ ਸਕਦੀ ਹੈ।

ਆਈਟੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਹੱਥੀਂ ਕਰਨ ਵਾਲਾ ਕੰਮ ਉਨ੍ਹਾਂ ਵੱਡੀਆਂ ਕੰਪਨੀਆਂ ਵਿੱਚ ਮੁਸ਼ਕਿਲ ਹੋਵੇਗਾ ਜਿਨ੍ਹਾਂ ਕੋਲ ਹਜ਼ਾਰਾਂ ਕੰਪਿਊਟਰ ਹਨ ਪਰ ਆਈਟੀ ਵਾਲੇ ਬੰਦੇ ਘਟ ਹਨ।

ਛੋਟੀਆਂ ਅਤੇ ਦਰਮਿਆਨੀਆਂ ਕੰਪਨੀਆਂ ਜਿਨ੍ਹਾਂ ਦੇ ਆਪਣੇ ਆਈਟੀ ਦਲ ਨਹੀਂ ਹਨ ਉਨ੍ਹਾਂ ਨੂੰ ਇਸ ਵਿੱਚ ਜ਼ਿਆਦਾ ਦਿੱਕਤ ਆ ਸਕਦੀ ਹੈ।

ਜਦਕਿ ਵੱਡੀਆਂ ਕੰਪਨੀਆ ਜਿਨ੍ਹਾਂ ਕੋਲ ਢੁਕਵਾਂ ਆਈਟੀ ਸਟਾਫ਼ ਹੈ, ਜਿਵੇਂ ਅਮੈਰਿਕਨ ਏਅਰਲਾਈਨਜ਼, ਉਹ ਜਲਦੀ ਪਾਰ ਪਾ ਜਾਣਗੇ।

ਦਿਲਚਸਪ ਗੱਲ ਹੈ ਕਿ ਜੋ ਕੰਪਿਊਟਰ ਅਜੇ ਚਾਲੂ ਨਹੀਂ ਕੀਤੇ ਗਏ ਹਨ, ਉਨ੍ਹਾਂ ਵਿੱਚ ਹੋ ਸਕਦਾ ਹੈ ਸਹੀ ਕੀਤਾ ਅਪਡੇਟ ਆਪਣੇ ਆਪ ਡਾਊਨਲੋਡ ਹੋ ਜਾਵੇ। ਲੇਕਿਨ ਉਸ ਵਿੱਚ ਵੀ ਬਹੁਤ ਸਾਰਾ ਕੰਮ ਹੱਥੀਂ ਕਰਨਾ ਪੈ ਸਕਦਾ ਹੈ।

ਬਿਊਮਾਊਂਟ ਕਹਿੰਦੇ ਹਨ ਕਿ ਦੁਨੀਆਂ ਦੀ ਸਭ ਤੋਂ ਵੱਡੀ ਤਕਨੀਕੀ ਗੜਬੜੀ ਕਿਸੇ ਸਾਈਬਰ ਹਮਲੇ ਕਾਰਨ ਨਹੀਂ ਸਗੋਂ ਸਾਈਬਰ ਸੁਰੱਖਿਆ ਕੰਪਨੀ ਕਾਰਨ ਪੈਦਾ ਹੋਈ ਹੈ।

ਪੁੱਠੀ ਗੱਲ ਇਹ ਵੀ ਹੈ ਕਿ ਜਿਹੜੇ ਗਾਹਕ ਪ੍ਰਭਾਵਿਤ ਹੋਏ ਹਨ, ਉਨ੍ਹਾਂ ਨੇ ਆਈਟੀ ਮਾਹਰਾਂ ਦੀ ਇੱਕ ਸਲਾਹ ਦੀ ਪੂਰਨ ਪਾਲਣਾ ਕੀਤੀ ਹੈ ਕਿ ਸਾਰੇ ਸੁਰੱਖਿਆ ਅਪਡੇਟ ਮਿਲਦੇ ਸਾਰ ਹੀ ਚਲਾਏ ਜਾਣ।

ਹਾਲਾਂਕਿ ਪਹਿਲਾਂ ਵੀ ਸੁਰੱਖਿਆ ਕੰਪਨੀਆਂ ਨੇ ਸ਼ੱਕੀ ਅਪਡੇਟ ਆਪਣੇ ਗਾਹਕਾਂ ਨੂੰ ਭੇਜੇ ਹਨ ਪਰ ਇੰਨਾ ਵੱਡਾ ਅਸਰ ਕਦੇ ਵੀ ਨਹੀਂ ਦੇਖਿਆ ਗਿਆ।

ਭਾਵੇਂ ਇਸ ਖਰਾਬੀ ਕਾਰਨ ਬਹੁਤ ਜ਼ਿਆਦਾ ਖਲਲ ਪਿਆ ਹੈ ਪਰ ਫਿਰ ਵੀ 2017 ਦੇ ਮਈ ਮਹੀਨੇ ਦਾ ਵਾਨਾ-ਕਰਾਈ ਸਾਈਬਰ ਹਮਲਾ ਇਸ ਤੋਂ ਭਿਆਨਕ ਸੀ।

ਇਹ ਇੱਕ ਬਦਨੀਤੀ ਨਾਲ ਕੀਤਾ ਗਿਆ ਸਾਈਬਰ ਹਮਲਾ ਸੀ। ਇਹ ਮਾਈਕ੍ਰੋਸਾਫ਼ਟ ਦੇ ਵਿੰਡੋਜ਼ ਦਾ ਪੁਰਾਣਾ ਵਰਸ਼ਨ ਚਲਾ ਰਹੇ ਕੰਪਿਊਟਰਾਂ ਵਿੱਚ ਆਪਣੇ-ਆਪ ਫੈਲ ਗਿਆ ਸੀ।

ਇਸ ਹਮਲੇ ਨਾਲ 150 ਦੇਸਾਂ ਵਿੱਚ 3,00,000 ਕੰਪਿਊਟਰ ਪ੍ਰਭਾਵਿਤ ਹੋਏ ਸਨ।

ਬ੍ਰਿਟੇਨ ਦੀ ਕੌਮੀ ਸਿਹਤ ਸੇਵਾ ਵੀ ਕਈ ਦਿਨਾਂ ਤੱਕ ਇਸ ਤੋਂ ਪ੍ਰਭਾਵਿਤ ਰਹੀ ਸੀ। ਪੁਰੇ ਦੇਸ ਵਿੱਚ ਡਾਕਟਰਾਂ ਦੇ ਅਪਰੇਸ਼ਨਾਂ ਉੱਤੇ ਅਸਰ ਪਿਆ ਸੀ।

ਉਸ ਸਮੇਂ ਮੰਨਿਆ ਜਾ ਰਿਹਾ ਸੀ ਕਿ ਇਹ ਉੱਤਰੀ ਕੋਰੀਆ ਵੱਲੋਂ ਕੀਤਾ ਗਿਆ ਹਮਲਾ ਸੀ ਜੋ ਕਾਬੂ ਤੋਂ ਬਾਹਰ ਹੋ ਗਿਆ ਸੀ।

ਉਸ ਤੋਂ ਕੁਝ ਮਹੀਨੇ ਬਾਅਦ ਹੋਇਆ ਨੋਟ-ਪੇਟਿਆ ਹਮਲਾ ਵੀ ਢੰਗ ਅਤੇ ਨੁਕਸਾਨ ਵਿੱਚ ਉਸ ਨਾਲ ਮਿਲਦਾ-ਜੁਲਦਾ ਸੀ।

ਇਸਦੀ ਤੁਲਨਾ ਵਿੱਚ ਜੋ ਸ਼ੁੱਕਰਵਾਰ ਨੂੰ ਹੋਇਆ ਉਹ ਹਮਲਾ ਨਹੀਂ ਸਗੋਂ ਇੱਕ ਇਨਸਾਨੀ ਭੁੱਲ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)