ਕੈਂਸਰ ਕਾਰਨ ਮਰਨ ਵਾਲੇ ਪਤੀ ਦੀ ਚਿਤਾ ਵਿੱਚ ਪਤਨੀ ਦੇ ਕਥਿਤ ਤੌਰ ਉੱਤੇ ਜਾਨ ਦੇਣ ਦਾ ਪੂਰਾ ਮਾਮਲਾ ਕੀ ਹੈ

ਤਸਵੀਰ ਸਰੋਤ, ALOK PUTUL
- ਲੇਖਕ, ਆਲੋਕ ਪ੍ਰਕਾਸ਼ ਪੁਤੁਲ
- ਰੋਲ, ਰਾਇਗੜ੍ਹ ਤੋਂ ਵਾਪਸ ਆ ਕੇ
ਛਤੀਸਗੜ੍ਹ ਦੇ ਰਾਏਗੜ੍ਹ ਸ਼ਹਿਰ ਦੇ ਨਾਲ ਲਗਦੇ ਚਿਟਕਾਕਾਨੀ ਪਿੰਡ ਦੇ ਸੁਸ਼ੀਲ ਗੁਪਤਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਪਿਤਾ ਦੇ ਨਾਲ-ਨਾਲ ਮਾਂ ਦੀ ਮੌਤ ਦੀਆਂ ਰਸਮਾਂ ਦੀ ਆਗਿਆ ਦਿੱਤੀ ਜਾਵੇ।
ਹਾਲਾਂਕਿ ਰਾਏਗੜ੍ਹ ਜ਼ਿਲ੍ਹੇ ਦੀ ਸੁਸ਼ੀਲ ਗੁਪਤਾ ਦੀ ਮਾਂ ਗੁਲਾਪੀ ਗੁਪਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ਼ ਕਰਵਾ ਰੱਖੀ ਹੈ, ਜਿਸ ਵਿੱਚ ਲਿਖਿਆ ਹੈ ਕਿ ਉਹ ਐਤਵਾਰ ਦੀ ਰਾਤ ਤੋਂ ਲਾਪਤਾ ਹਨ।
ਲੇਕਿਨ ਪਿੰਡ ਦੇ ਲੋਕਾਂ ਦਾ ਦਾਅਵਾ ਹੈ ਕਿ ਗੁਲਾਪੀ ਗੁਪਤਾ, 65 ਸਾਲ ਦੇ ਆਪਣੇ ਪਤੀ ਜਯਦੇਵ ਗੁਪਤਾ ਦੀ ਬਲਦੀ ਚਿਤਾ ਵਿੱਚ, ਐਤਵਾਰ ਦੀ ਰਾਤ ਸਤੀ ਹੋ ਗਏ ਹਨ। ਕੁਝ ਲੋਕ ਇਸ ਨੂੰ ਆਤਮਦਾਹ ਦੱਸ ਰਹੇ ਹਨ।
ਜਿਸ ਸ਼ਮਸ਼ਾਨ ਘਾਟ ਵਿੱਚ ਗੁਪਾਲੀ ਗੁਪਤਾ ਨੇ ਕਥਿਤ ਆਤਮਦਾਹ ਕੀਤਾ, ਉੱਥੇ ਹੁਣ ਪੁਲਿਸ ਦਾ ਪਹਿਰਾ ਹੈ। ਮੁੱਖ ਸੜਕ ਉੱਤੇ ਸਾਦੀ ਵਰਦੀ ਵਿੱਚ ਪੁਲਿਸ ਦੇ ਜਵਾਨ ਤੈਨਾਤ ਹਨ ਅਤੇ ਹਰ ਆਉਣ-ਜਾਣ ਵਾਲਿਆਂ ਉੱਤੇ ਨਜ਼ਰ ਰੱਖ ਰਹੇ ਹਨ।
ਪੁਲਿਸ ਨੂੰ ਸ਼ੱਕ ਹੈ ਕਿ ਸ਼ਮਸ਼ਾਨ ਵਿੱਚ ਕਿਤੇ ਕੋਈ ਧਾਰਮਿਕ ਸਮਾਗਮ ਨਾ ਸ਼ੁਰੂ ਕਰ ਦਿੱਤਾ ਜਾਵੇ।
ਸੁਸ਼ੀਲ ਦੇ ਘਰ ਤੋਂ ਸ਼ਮਸ਼ਾਨ ਦੀ ਥਾਂ ਕਰੀਬ 500 ਮੀਟਰ ਦੂਰ ਹੈ।
ਸੁਸ਼ੀਲ ਗੁਪਤਾ ਕਹਿੰਦੇ ਹਨ, “ਅੱਧੀ ਰਾਤ ਤੋਂ ਬਾਅਦ ਜਦੋਂ ਪਿੰਡ ਵਾਲਿਆਂ ਨਾਲ ਮੈਂ ਸ਼ਮਸ਼ਾਨ ਘਾਟ ਪਹੁੰਚਿਆਂ ਤਾਂ ਉੱਥੇ ਪਿਤਾ ਦੀ ਚਿਤਾ ਤੋਂ ਕੁਝ ਦੂਰ ਮੇਰੀ ਮਾਂ ਦੀ ਸਾੜ੍ਹੀ, ਚੱਪਲਾਂ ਅਤੇ ਐਨਕਾਂ ਪਈਆਂ ਸਨ। ਪਿਤਾ ਦੀ ਚਿਤਾ ਵਿੱਚ ਹੀ ਮੇਰੀ ਮਾਂ ਦਾ ਸਰੀਰ ਲਗਭਗ ਸੜ ਚੁੱਕਿਆ ਸੀ। ਫਿਰ ਅਸੀਂ ਪੁਲਿਸ ਨੂੰ ਸੂਚਨਾ ਦਿੱਤੀ।”
ਰਾਏਗੜ੍ਹ ਸ਼ਹਿਰ ਤੋਂ ਲਗਭਗ 20 ਕਿੱਲੋਮੀਟਰ ਦੂਰ ਕੋਤਰਲਿਆ ਪੰਚਾਇਤ ਦਾ ਚਿਟਕਾਕਨੀ ਪਿੰਡ, ਓਡੀਸ਼ਾ ਦੀ ਸਰਹੱਦ ਤੋਂ ਬਰਾਬਰ ਦੀ ਦੂਰੀ ਉੱਤੇ ਹੈ।
ਇਸ ਪਿੰਡ ਵਿੱਚ ਕਈ ਪਰਿਵਾਰ ਓਡੀਸ਼ਾ ਦੇ ਹੀਰਾਕੁੰਡ ਬੰਨ੍ਹ ਦੇ ਡੁੱਬ ਚੁੱਕੇ ਖੇਤਰ ਪਰਸਦਾ ਜੁਗਨੀ ਤੋਂ ਉੱਜੜ ਕੇ ਇੱਥੇ ਵਸੇ ਹੋਏ ਹਨ।
ਇਨ੍ਹਾਂ ਵਿੱਚੋਂ ਇੱਕ, ਕੋਲਤਾ ਸਮਾਜ ਦੇ ਜਯਦੇਵ ਗੁਪਤਾ ਅਤੇ ਉਨ੍ਹਾਂ ਦੀ ਪਤਨੀ, ਘਰ ਤੋਂ ਕੁਝ ਦੂਰੀ ਉੱਤੇ ਹੀ ਦਰਜ਼ੀ ਦੀ ਦੁਕਾਨ ਚਲਾਉਂਦੇ ਸਨ।
ਕੀ ਕਹਿੰਦੇ ਹਨ ਪਿੰਡ ਦੇ ਲੋਕ?
ਜਯਦੇਵ ਗੁਪਤਾ ਦੇ ਗੁਆਂਢੀ ਬਜ਼ੁਰਗ ਮੰਗਲ ਖਮਾਰੀ ਦੱਸਦੇ ਹਨ, “ਪਤੀ-ਪਤਨੀ ਵਿੱਚ ਬਹੁਤ ਪ੍ਰੇਮ ਸੀ। ਦੋਵੇਂ ਬਹੁਤ ਹੀ ਸੱਭਿਅਕ ਅਤੇ ਸ਼ਾਲੀਨ ਸਨ। ਪਿਛਲੇ ਡੇਢ ਸਾਲ ਤੋਂ ਜਯਦੇਵ ਨੂੰ ਕੈਂਸਰ ਹੋਇਆ ਅਤੇ ਪੂਰਾ ਪਰਿਵਾਰ ਉਨ੍ਹਾਂ ਦੇ ਇਲਾਜ ਵਿੱਚ ਉਲਝਾ ਰਿਹਾ। ਐਤਵਾਰ ਨੂੰ ਜਯਦੇਵ ਦੀ ਰਾਏਗੜ੍ਹ ਹਸਪਤਾਲ ਵਿੱਚ ਮੌਤ ਹੋ ਗਈ। ਸ਼ਾਮ ਨੂੰ ਪੰਜ ਵਜੇ ਦੇ ਆਸ ਪਾਸ ਸ਼ਮਸ਼ਾਨ ਘਾਟ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।”
ਸੁਸ਼ੀਲ ਦੱਸਦੇ ਹਨ ਕਿ ਰਾਤ ਦਸ ਵਜੇ ਦੇ ਆਸ ਪਾਸ ਲੋਕ ਵਾਪਸ ਆ ਗਏ। 11 ਵਜੇ ਦੇ ਕਰੀਬ ਜਦੋਂ ਸੁਸ਼ੀਲ ਦੀ ਨੀਂਦ ਖੁੱਲ੍ਹੀ ਤਾਂ ਉਨ੍ਹਾਂ ਦੀ 57 ਸਾਲਾ ਮਾਂ ਗੁਲਾਪੀ ਗੁਪਤਾ ਘਰ ਵਿੱਚ ਨਹੀਂ ਮਿਲੀ। ਘਰ ਦਾ ਮੇਨ ਗੇਟ ਵੀ ਖੁੱਲ੍ਹਾ ਪਿਆ ਸੀ।

ਕਾਫ਼ੀ ਤਲਾਸ਼ ਤੋਂ ਬਾਅਦ ਪਿੰਡ ਦੇ ਲੋਕ ਸ਼ਮਸ਼ਾਨ ਪਹੁੰਚੇ, ਜਿੱਥੇ ਉਨ੍ਹਾਂ ਨੂੰ ਅਧਸੜੀ ਲਾਸ਼ ਮਿਲੀ।
ਪਿੰਡ ਦੀ ਸਰਪੰਚ ਹਰਿਮਤ ਰਾਠੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰ ਪਤਾ ਲੱਗਿਆ ਕਿ ਗੁਪਾਲੀ ਗੁਪਤਾ ਨੇ ਆਪਣੇ ਪਤੀ ਦੀ ‘ਚਿਤਾ ਵਿੱਚ ਸੜ ਕੇ ਜਾਨ ਦੇ ਦਿੱਤੀ’।
ਸਰਪੰਚ ਰਾਠਿਆ ਦੇ ਭਤੀਜੇ ਹੇਮੰਤ ਕੁਮਾਰ ਨੇ ਦੱਸਿਆ, “ਮੈਂ ਰਾਤ ਢਾਈ ਵਜੇ ਸ਼ਮਸ਼ਾਨ ਘਾਟ ਪਹੁੰਚਿਆ ਤਾਂ ਉੱਥੇ ਚਿਤਾ ਦੀ ਲਾਟ ਉੱਠ ਰਹੀ ਸੀ।”
ਆਮ ਤੌਰ ਉੱਥੇ ਤਿੰਨ-ਚਾਰ ਘੰਟਿਆਂ ਵਿੱਚ ਲੱਕੜਾਂ ਸੜ ਜਾਂਦੀਆਂ ਹਨ। ਅਜਿਹੇ ਵਿੱਚ ਚਿਤਾ ਦੀ ਅੱਗ ਅੱਠ-ਨੌਂ ਘੰਟਿਆਂ ਬਾਅਦ ਵੀ ਕਿਵੇਂ ਚਲਦੀ ਰਹੀ?
ਇਸ ਬਾਰੇ ਹੇਮੰਤ ਕਹਿੰਦੇ ਹਨ, “ਪਿੰਡ ਦੇ ਇੱਕ-ਇੱਕ ਘਰ ਤੋਂ ਲੱਕੜ ਇਕੱਠੀ ਕੀਤੀ ਜਾਂਦੀ ਹੈ। ਟਰੈਕਟਰ ਭਰ ਕੇ ਲੱਕੜ ਹੁੰਦੀ ਹੈ ਅਤੇ ਸਾਰੀਆਂ ਲੱਕੜਾਂ ਚਿਤਾ ਵਿੱਚ ਪਾ ਦਿੱਤੀਆਂ ਜਾਂਦੀਆਂ ਹਨ। ਇੰਨੀ ਲੱਕੜ ਨਾਲ ਤਿੰਨ-ਚਾਰ ਜਣਿਆਂ ਦਾ ਦਾਹ ਸੰਸਕਾਰ ਕੀਤਾ ਜਾ ਸਕਦਾ ਹੈ।”

ਤਸਵੀਰ ਸਰੋਤ, ALOK PUTUL
ਚਕੱਰਧਰ ਨਗਰ ਥਾਣੇ ਦੇ ਇੱਕ ਪੁਲਿਸ ਮੁਲਾਜ਼ਮ ਨੇ ਨਾਮ ਨਾ ਉਜਾਗਰ ਕਰਨ ਦੀ ਸ਼ਰਤ ਉੱਤੇ ਕਿਹਾ ਕਿ ਲੋਕ ਦੱਸਦੇ ਹਨ ਕਿ ਪਤੀ-ਪਤਨੀ ਦਾ ਬਹੁਤ ਪਿਆਰ ਸੀ।
ਜਯਦੇਵ ਗੁਪਤਾ ਨੂੰ ਬਚਪਨ ਤੋਂ ਜਾਨਣ ਵਾਲੇ ਵਾਸੂਦੇਵ ਪ੍ਰਧਾਨ ਕਹਿੰਦੇ ਹਨ, “ਜਯਦੇਵ ਬਚਪਨ ਵਿੱਚ ਮੈਥੋਂ ਇੱਕ ਕਲਾਸ ਅੱਗੇ ਪੜ੍ਹਦੇ ਸਨ। ਉਹ ਇਸ ਇਲਾਕੇ ਦੇ ਮਸ਼ਹੂਰ ਟੇਲਰ ਸਨ। ਪਤੀ-ਪਤਨੀ ਵਿੱਚ ਬਹੁਤ ਪਿਆਰ ਸੀ ਅਤੇ ਬਜ਼ਾਰ ਹੋਵੇ ਜਾਂ ਖੇਤ ਉਹ ਦੋਵੇਂ ਪਤੀ-ਪਤਨੀ ਇਕੱਠੇ ਜਾਂਦੇ ਸਨ ਅਤੇ ਕੰਮ ਕਰਦੇ ਸਨ।”

ਤਸਵੀਰ ਸਰੋਤ, ALOK PUTUL
ਸਟੈਂਪ ਵੈਂਡਰ ਦਾ ਕੰਮ ਕਰਨ ਵਾਲੇ 54 ਸਾਲਾ ਰਾਕੇਸ਼ ਕਸ਼ਿਅਪ ਕਹਿੰਦੇ ਹਨ, “ਮੈਂ ਤਾਂ ਹੁਣ ਤੱਕ ਛੱਤੀਸਗੜ੍ਹ ਜਾਂ ਮੱਧ ਪ੍ਰਦੇਸ਼ ਵਿੱਚ ਇਸ ਤਰ੍ਹਾਂ ਦੀ ਘਟਨਾ ਕਦੇ ਸੁਣੀ ਨਹੀਂ ਸੀ। ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਜਾਣਕਾਰੀ ਵਿੱਚ ਆਇਆ ਹੈ।”
ਪਿੰਡ ਵਾਸੀ ਇਸ ਘਟਨਾ ਤੋਂ ਹੈਰਾਨ ਹਨ।
ਪ੍ਰਸ਼ਾਸਨ ਦਾ ਕੀ ਕਹਿਣਾ ਹੈ?

ਤਸਵੀਰ ਸਰੋਤ, ALOK PUTUL
ਰਾਏਗੜ੍ਹ ਦੇ ਐੱਸਪੀ ਦਿਵਿਆਂਗ ਪਟੇਲ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਸਾਰੇ ਪਹਿਲੂਆਂ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਰਾਤ 11 ਵਜੇ ਗੁਲਾਪੀ ਗੁਪਤਾ ਨਾਲ ਕੀ ਹੋਇਆ ਇਸਦਾ ਕੋਈ ਵੀ ਚਸ਼ਮਦੀਦ ਗਵਾਹ ਨਹੀਂ ਹੈ।
ਦਿਵਿਆਂਗ ਪਟੇਲ ਨੇ ਮੀਡੀਆ ਨੂੰ ਕਿਹਾ, “ਇਸ ਸੰਬੰਧ ਵਿੱਚ ਲਾਪਤਾ ਦਾ ਮਾਮਲਾ ਬਣਾਇਆ ਗਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮ, ਮੈਡੀਕਲ ਟੀਮ ਦੀ ਵੀ ਮਦਦ ਲਈ ਜਾ ਰਹੀ ਹੈ ਅਤੇ ਜੋ ਵੀ ਮਾਮਲਾ ਸਾਹਮਣੇ ਆ ਰਿਹਾ ਹੈ, ਹਰ ਪਹਿਲੂ ਤੋਂ ਉਸਦੀ ਜਾਂਚ ਕੀਤੀ ਜਾ ਰਹੀ ਹੈ।”
ਫੋਰੈਂਸਿਕ ਟੀਮ ਬਚੀਆਂ ਹੋਈਆਂ ਹੱਡੀਆਂ ਦਾ ਨਾਲ ਬਿਲਾਸਪੁਰ ਵਾਪਸ ਆ ਚੁੱਕੀ ਹੈ। ਜਦੋਂ ਰਿਪੋਰਟ ਆਵੇਗੀ, ਉਸ ਤੋਂ ਬਾਅਦ ਡੀਐੱਨਏ ਜਾਂਚ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।
ਲੇਕਿਨ ਉਦੋਂ ਤੱਕ ਗੁਲਾਪੀ ਗੁਪਤਾ, ਸਰਕਾਰੀ ਫਾਈਲਾਂ ਵਿੱਚ ਲਾਪਤਾ ਇਨਸਾਨ ਵਜੋਂ ਦਰਜ ਰਹਿਣਗੇ।
ਘਰ ਵਾਲਿਆਂ ਦੀ ਇੱਛਾ ਹੈ ਕਿ ਜੈਯਦੇਵ ਗੁਪਤਾ ਅਤੇ ਗੁਲਾਪੀ ਗੁਪਤਾ ਦੇ ਦਸਵੀਂ ਅਤੇ ਭੋਜ ਸਮੇਤ ਹੋਰ ਸ਼ੋਕ ਇਕੱਠੇ ਹੋਣ ਅਤੇ ਪੁਲਿਸ ਪ੍ਰਸ਼ਾਸਨ ਇਨ੍ਹਾਂ ਵਿੱਚ ਕੋਈ ਰੁਕਵਟ ਨਾ ਪਾਵੇ।
ਅਜ਼ਾਦੀ ਤੋਂ ਪਹਿਲਾਂ ਬਣਿਆ ਕਨੂੰਨ

ਤਸਵੀਰ ਸਰੋਤ, Getty Images
ਬ੍ਰਿਟਿਸ਼ ਰਾਜ ਕਾਲ ਵਿੱਚ 1829 ਵਿੱਚ ਸਤੀ ਪ੍ਰਥਾ ਉੱਤੇ ਰੋਕ ਦਾ ਕਨੂੰਨ ਲਾਗੂ ਕੀਤਾ ਗਿਆ ਸੀ। ਇਸ ਕਨੂੰਨ ਨੂੰ ਬਣਵਾਉਣ ਵਿੱਚ ਰਾਜਾ ਰਾਮ ਮੋਹਨ ਰਾਏ ਦੀ ਮੁਹਿੰਮ ਦਾ ਵੱਡਾ ਯੋਗਦਾਨ ਸੀ।
ਭਾਵੇਂ ਹੀ ਔਰਤ ਨੇ ਆਪਣੀ ਇੱਛਾ ਨਾਲ ਆਤਮਦਾਹ ਕੀਤਾ ਹੋਵੇ, ਇਸ ਕਨੂੰਨ ਦੇ ਤਹਿਤ, ਪਤੀ ਦੀ ਮੌਤ ਤੋਂ ਬਾਅਦ ਔਰਤ ਨੂੰ ਸਾੜਨ, ਮਦਦ ਕਰਨ ਜਾਂ ਉਕਸਾਉਣ ਵਾਲੇ ਨੂੰ ਗੈਰ-ਇਰਾਦਤਨ ਕਤਲ ਦਾ ਮੁਲਜ਼ਮ ਮੰਨਿਆ ਜਾਂਦਾ ਹੈ।
ਅਜ਼ਾਦੀ ਤੋਂ ਬਾਅਦ ਸਤੀ ਪ੍ਰਥਾ ਦਾ ਸਭ ਤੋਂ ਚਰਚਿਤ ਮਾਮਲਾ 1987 ਵਿੱਚ ਆਇਆ ਸੀ, ਜਦੋਂ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਦਿਵਰਾਲਾ ਪਿੰਡ ਵਿੱਚ 18 ਸਾਲ ਦੀ ਰੂਪ ਕੰਵਰ ਨੂੰ ਪਤੀ ਦੀ ਚਿਤਾ ਦੇ ਨਾਲ ਦਾਹ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਸੀ।
ਚਾਰ ਸਤੰਬਰ 1987 ਨੂੰ ਹੋਈ ਇਸ ਘਟਨਾ ਵਿੱਚ 32 ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਹਾਲਾਂਕਿ ਅਕਤੂਬਰ 1966 ਵਿੱਚ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ।
ਦੁਨੀਆਂ ਭਰ ਵਿੱਚ ਜਿਸ ਤਰ੍ਹਾਂ ਸਰਕਾਰ ਦੀ ਆਲੋਚਨਾ ਹੋਈ, ਉਸਤੋਂ ਬਾਅਦ ਤਤਕਾਲੀ ਮੁੱਖ ਮੰਤਰੀ ਹਿਰਦੇਵ ਜੋਸ਼ੀ ਨੂੰ ਅਸਤੀਫ਼ਾ ਦੇਣਾ ਪਿਆ ਸੀ।
ਇਸ ਦੌਰਾਨ ਰਾਜਸਥਾਨ ਸਰਕਾਰ ਨੇ ਰਾਜਸਥਾਨ ਸਤੀ ਰੋਕੂ ਕਨੂੰਨ 1987 ਪੇਸ਼ ਕਰ ਦਿੱਤਾ। ਜਿਸ ਨੂੰ 1988 ਵਿੱਚ ਕੇਂਦਰ ਸਰਕਾਰ ਨੇ ਵੀ ਸੰਘੀ ਕਨੂੰਨ ਵਿੱਚ ਸ਼ਾਮਲ ਕਰ ਲਿਆ।
ਤਤਕਾਲੀ ਰਾਜੀਵ ਗਾਂਧੀ ਸਰਕਾਰ ਦੇ ਸਮੇਂ ਬਣੇ ਇਸ ਕਨੂੰਨ ਵਿੱਚ ‘ਸਤੀ ਪ੍ਰਥਾ ਦੇ ਗੁਣਗਾਣ’ ਨੂੰ ਅਪਰਾਧ ਬਣਾਇਆ ਗਿਆ।
ਇਸ ਕਨੂੰਨ ਨੂੰ ਕਤਲ ਨਾਲ ਜੋੜ ਦਿੱਤਾ ਗਿਆ ਅਤੇ ਜੋ ਇਸ ਨੂੰ ਉਤਸ਼ਾਹਿਤ ਕਰਦਾ ਹੈ ਉਸ ਨੂੰ ਮੌਤ ਦੀ ਸਜ਼ਾ ਦੇਣ ਦਾ ਪ੍ਰਬੰਧ ਹੈ।
ਅਹਿਮ ਜਾਣਕਾਰੀ-
ਜੇ ਤੁਹਾਨੂੰ ਜਾਂ ਤੁਹਾਡੀ ਜਾਣਕਾਰੀ ਵਿੱਚ ਕਿਸੇ ਨੂੰ ਖ਼ੁਦਕੁਸ਼ੀ ਦੇ ਵਿਚਾਰ ਆ ਰਹੇ ਹਨ ਤਾਂ ਤੁਸੀਂ ਭਾਰਤ ਵਿੱਚ ਆਸਰਾ ਫਾਊਂਡੇਸਨ ਜਾਂ ਵਿਸ਼ਵੀ ਪੱਧਰ ਉੱਤੇ ਬੀਫਰੈਂਡਸ ਵਰਲਡਵਾਈਡ ਜ਼ਰੀਏ ਮਦਦ ਹਾਸਲ ਕਰ ਸਕਦੇ ਹੋ।








