ਨੇਪਾਲ ਹਵਾਈ ਹਾਦਸਾ: ਪਤੀ ਦੀ ਮੌਤ ਤੋਂ ਬਾਅਦ ਬਣੀ ਸੀ ਪਾਇਲਟ, ਉਸੇ ਵਾਂਗ ਗੁਆਈ ਜਾਨ

ਤਸਵੀਰ ਸਰੋਤ, TWITTER
ਅੰਜੂ ਖਾਤੀਵਾੜਾ ਨੇਪਾਲ ਦੇ ਪੋਖਰਾ ਵਿੱਚ ਐਤਵਾਰ ਨੂੰ ਹਾਦਸਾਗ੍ਰਸਤ ਹੋਏ ਯੇਤੀ ਏਅਰਲਾਈਨਜ਼ ਦੀ ਸਹਿ-ਪਾਇਲਟ ਸੀ।
ਇਸ ਜਹਾਜ਼ ਵਿੱਚ ਕਰੂ ਮੈਂਬਰਾਂ ਸਣੇ ਕੁੱਲ 72 ਲੋਕ ਸਵਾਰ ਸਨ। ਨੇਪਾਲ ਦੇ ਅਧਿਕਾਰੀ ਮੰਨ ਰਹੇ ਹਨ ਕਿ ਇਨ੍ਹਾਂ ਵਿੱਚ ਕੋਈ ਵੀ ਜਿਉਂਦਾ ਨਹੀਂ ਬਚਿਆ। ਹੁਣ ਤੱਕ 69 ਲੋਕਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ।
ਹਾਦਸੇ ਵਿੱਚ ਮਰਨ ਵਾਲਿਆਂ ਵਿੱਚ 5 ਭਾਰਤੀ ਵੀ ਹਨ।
ਅੰਜੂ ਦੀ ਕਹਾਣੀ ਜਹਾਜ਼ ਵਿੱਚ ਮੌਜੂਦ ਹੋਰਨਾਂ ਲੋਕਾਂ ਤੋਂ ਵੱਖ ਹੈ। ਉਨ੍ਹਾਂ ਦੇ ਪਰਿਵਾਰ ਲਈ ਇਹ ਅਜਿਹੀ ਦੂਜੀ ‘ਤਰਾਸਦੀ’ ਹੈ।
ਕਰੀਬ 16 ਸਾਲ ਪਹਿਲਾਂ ਅੰਜੂ ਦੇ ਪਤੀ ਦੀਪਕ ਪੋਖਰੇਲ ਦੀ ਮੌਤ ਵੀ ਜਹਾਜ਼ ਹਾਦਸੇ ਵਿੱਚ ਹੋਈ ਸੀ। ਉਹ ਵੀ ਯੇਤੀ ਏਅਰਲਾਈਨਜ਼ ਦਾ ਜਹਾਜ਼ ਹੀ ਸੀ।
ਉਹ ਜਹਾਜ਼ ਵੀ ਲੈਂਡਿੰਗ ਦੇ ਕੁਝ ਮਿੰਟ ਪਹਿਲਾਂ ਹੀ ਹਾਦਸੇ ਦਾ ਸ਼ਿਕਾਰ ਹੋਇਆ ਸੀ। ਉਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਕੋਈ ਸ਼ਖ਼ਸ ਜਿਉਂਦਾ ਨਹੀਂ ਬਚਿਆ ਸੀ।
ਐਤਵਾਰ ਨੂੰ ਵੀ ਜੋ ਹਾਦਸਾ ਹੋਇਆ, ਉਸ ਵਿੱਚ ਵੀ ਜਹਾਜ਼ ਲੈਂਡਿੰਗ ਤੋਂ ਠੀਕ ਪਹਿਲਾਂ ਕਰੈਸ਼ ਹੋ ਗਿਆ ਸੀ।

'ਦੀਪਕ ਦੀ ਯਾਦ ਵਿੱਚ ਬਣੀ ਪਾਇਲਟ'
ਦੀਪਕ ਦੀ ਮੌਤ ਦੇ ਵੇਲੇ ਅੰਜੂ ਦੀ ਉਮਰ 28 ਸਾਲ ਸੀ। ਉਸ ਸਮੇਂ ਜਿੰਦਗੀ ਵਿੱਚ ਅੱਗੇ ਵਧਣ ਨੂੰ ਲੈ ਕੇ ਉਨ੍ਹਾਂ ਕੋਲ ਕਈ ਬਦਲ ਸਨ।
ਯੇਤੀ ਏਅਰਲਾਈਨਜ਼ ਦੇ ਅਧਿਕਾਰੀ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ, "ਅੰਜੂ ਦੇ ਪਿਤਾ ਚਾਹੁੰਦੇ ਸਨ ਕਿ ਉਹ ਭਾਰਤ ਜਾਵੇ, ਪੜ੍ਹਾਈ ਕਰੇ ਅਤੇ ਆਪਣਾ ਕਰੀਅਰ ਬਣਾਵੇ ਪਰ ਅੰਜੂ ਨੇ ਇਨਕਾਰ ਕਰ ਦਿੱਤਾ।‘’
ਪਤੀ ਦੀਪਕ ਦੀ ਯਾਦ ਵਿੱਚ ਅੰਜੂ ਏਵੀਏਸ਼ਨ ਇੰਡੀਸਟਰੀ ਨਾਲ ਜੁੜਨਾ ਚਾਹੁੰਦੀ ਸੀ।
ਅਧਿਕਾਰੀ ਨੇ ਦੱਸਿਆ, "ਉਹ ਪਾਇਲਟ ਬਣਨਾ ਚਾਹੁੰਦੀ ਸੀ, ਉਨ੍ਹਾਂ ਨੇ ਇਹ ਸੁਪਨਾ ਪੂਰਾ ਵੀ ਕੀਤਾ।‘’
ਯੇਤੀ ਏਅਰਲਾਈਨਜ਼ ਦੇ ਬੁਲਾਰੇ ਸੁਦਰਸ਼ਨ ਬਾਰਤੌਲਾ ਦੱਸਦੇ ਹਨ, "ਅੰਜੂ ਨੂੰ ਆਪਣੇ ਪਤੀ ਦੀ ਮੌਤ ਤੋਂ ਬਾਅਦ ਬੀਮੇ ਦੀ ਜੋ ਰਕਮ ਮਿਲੀ, ਉਸ ਨਾਲ ਉਨ੍ਹਾਂ ਨੇ ਏਵੀਏਸ਼ਨ ਕੋਰਸ (ਜਹਾਜ਼ ਉਡਾਉਣ ਦੀ ਟ੍ਰੇਨਿੰਗ) ਕੀਤੀ।‘’
ਉਹ ਸਾਲ 2010 ਵਿੱਚ ਯੇਤੀ ਏਅਰਲਾਈਨਜ਼ ਨਾਲ ਜੁੜੀ। ਇਹ ਉਹੀ ਏਅਰਲਾਈਨਜ਼ ਕੰਪਨੀ ਸੀ, ਜਿੱਥੇ ਅੰਜੂ ਦੇ ਪਤੀ ਦੀਪਕ ਵੀ ਕੰਮ ਕਰਦੇ ਸਨ।

ਕਾਬਿਲ ਪਾਇਲਟ ਸੀ ਅੰਜੂ
ਯੇਤੀ ਏਅਰਲਾਈਨਜ਼ ਦੇ ਅਧਿਕਾਰੀ ਅਤੇ ਕਰਮਚਾਰੀ ਅੰਜੂ ਨੂੰ ਇੱਕ ਕਾਬਿਲ ਪਾਇਲਟ ਵਜੋਂ ਯਾਦ ਕਰਦੇ ਹਨ।
ਯੇਤੀ ਏਅਰਲਾਈਨਜ਼ ਦੇ ਇੱਕ ਅਧਿਕਾਰੀ ਨੇ ਰਾਇਟਰਜ਼ ਨਿਊਜ਼ ਏਜੰਸੀ ਨੂੰ ਦੱਸਿਆ, "ਉਹ ਕੋਈ ਵੀ ਜ਼ਿੰਮੇਵਾਰੀ ਲੈਣ ਲਈ ਤਿਆਰ ਸੀ। ਉਹ ਇਸ ਤੋਂ ਪਹਿਲਾਂ ਪੋਖ਼ਰਾ ਗਈ ਸੀ।"
ਅੰਜੂ ਨੂੰ ਉਡਾਨ ਭਰਨ ਦਾ ਲੰਬਾ ਤਜਰਬਾ ਸੀ।
ਯੇਤੀ ਏਅਰਲਾਈਨਜ਼ ਨਾਲ ਜੁੜੇ ਸੂਤਰਾਂ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ, "ਅੰਜੂ ਨੇ ਛੇ ਹਜ਼ਾਰ ਤਿੰਨ ਸੌ ਘੰਟੇ ਤੋਂ ਵੱਧ ਸਮੇਂ ਤੱਕ ਜਹਾਜ਼ ਨੂੰ ਉਡਾਇਆ ਸੀ।"
ਇਕ ਅਧਿਕਾਰੀ ਨੇ ਕਿਹਾ, "ਉਹ ਕਾਠਮੰਡੂ, ਭਦਰਪੁਰ, ਬਿਰਾਟਨਗਰ ਅਤੇ ਧਨਗੜੀ ਤੋਂ ਇਲਾਵਾ ਕਈ ਹੋਰ ਹਵਾਈ ਅੱਡਿਆਂ ਲਈ ਉਡਾਣ ਭਰ ਚੁੱਕੀ ਸੀ।"
ਐਤਵਾਰ ਨੂੰ ਹਾਦਸੇ ਦਾ ਸ਼ਿਕਾਰੀ ਹੋਣ ਵਾਲੇ ਯੇਤੀ ਏਅਰਲਾਈਨਜ਼ ਦੇ ਜਹਾਜ਼ ਦਾ ਪਾਇਲਟ ਕਮਲ ਕੇਸੀ ਸੀ।
ਏਅਰਲਾਈਨਜ਼ ਮੁਤਾਬਕ, "ਉਹਨਾਂ ਨੂੰ 21,000 ਘੰਟਿਆਂ ਤੋਂ ਵੱਧ ਜਹਾਜ਼ ਉਡਾਣ ਦਾ ਤਜਰਬਾ ਸੀ। ਉਹਨਾਂ ਦੀ ਲਾਸ਼ ਮਿਲ ਗਈ ਹੈ ਅਤੇ ਪਛਾਣ ਕਰ ਲਈ ਗਈ ਹੈ।"

ਤਸਵੀਰ ਸਰੋਤ, Getty Images
ਦੀਪਕ ਦੀ ਮੌਤ ਕਿਵੇਂ ਹੋਈ?
ਦੀਪਕ ਇੱਕ ਤਜ਼ਰਬੇਕਾਰ ਪਾਇਲਟ ਸੀ।
ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਉਹ ਨੇਪਾਲ ਆਰਮੀ ਦੇ ਹੈਲੀਕਾਪਟਰ ਉਡਾਉਂਦੇ ਸਨ।
ਅੰਜੂ ਨਾਲ ਵਿਆਹ ਦੇ ਕੁਝ ਸਾਲ ਬਾਅਦ, ਉਹ ਯੇਤੀ ਏਅਰਲਾਈਨਜ਼ ਨਾਲ ਜੁੜ ਗਿਆ।
ਯੇਤੀ ਏਅਰਲਾਈਨਜ਼ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਜਹਾਜ਼ ਹਾਦਸੇ ਵਿਚ ਦੀਪਕ ਦੀ ਮੌਤ ਹੋਈ ਸੀ, ਉਹ ਸਾਲ 2006 ਵਿਚ ਹੋਇਆ ਸੀ।
ਉਹ ਦੱਸਦਾ ਹੈ, "ਜਿਸ ਜਹਾਜ਼ ਹਾਦਸਾ ਵਿੱਚ ਅੰਜੂ ਦੇ ਪਤੀ ਦੀ ਮੌਤ ਹੋ ਗਈ ਸੀ, ਉਹ ਨੇਪਾਲ ਦੇ ਜੁਮਲਾ ਜ਼ਿਲ੍ਹੇ ਵਿੱਚ ਵਾਪਰਿਆ ਸੀ।"
“ਯਤੀ ਏਅਰਲਾਈਨਜ਼ ਦੇ ਉਸ ਛੋਟੇ ਜਹਾਜ਼ ਵਿੱਚ ਦੋ ਪਾਇਲਟਾਂ ਸਮੇਤ ਨੌਂ ਲੋਕ ਸਵਾਰ ਸਨ ਅਤੇ ਸਾਰੇ ਮਾਰੇ ਗਏ ਸਨ। ਇਹ ਹਾਦਸਾ ਜਹਾਜ਼ ਦੇ ਲੈਂਡਿੰਗ ਤੋਂ ਠੀਕ ਪਹਿਲਾਂ ਵਾਪਰਿਆ ਸੀ।

ਤਸਵੀਰ ਸਰੋਤ, Getty Images
ਨੇਪਾਲ ’ਚ ਹੁੰਦੇ ਹਵਾਈ ਹਾਦਸਿਆਂ ਬਾਰੇ ਮਾਹਿਰਾਂ ਦਾ ਕੀ ਕਹਿਣਾ ਹੈ?
ਨੇਪਾਲ ਵਿੱਚ ਲਗਾਤਾਰ ਹੋ ਰਹੇ ਹਵਾਈ ਹਾਦਸਿਆਂ ਉਪਰ ਦੇਸ ਅਤੇ ਵਿਦੇਸ਼ ਵਿੱਚ ਸਵਾਲ ਉੱਠ ਰਹੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਇਹਨਾਂ ਹਾਦਸਿਆਂ ਦੇ ਕਈ ਕਾਰਨ ਹੋ ਸਕਦੇ ਹਨ।
ਪਿਛਲੇ ਸਾਲ ਬੀਬੀਸੀ ਨਾਲ ਗੱਲ ਕਰਦਿਆਂ ਇਸ ਖੇਤਰ ਦਾ ਮਾਹਿਰ ਕੁਮਾਰ ਚਾਲੀਸੇ ਨੇ ਕਿਹਾ ਸੀ, “ਕਰੀਬ 90 ਫ਼ੀਸਦੀ ਹਵਾਈ ਹਾਦਸਿਆਂ ਵਿੱਚ ਲਾਪ੍ਰਵਾਹੀ ਹੀ ਮੁੱਖ ਕਾਰਨ ਹੁੰਦੀ ਹੈ।”
ਉਨ੍ਹਾਂ ਕਿਹਾ, “ਉਡਾਨ ਲਈ ਕਿੱਤੇ ਦੀ ਗੰਭੀਰਤਾਂ ਨੂੰ ਲੈ ਕੇ ਅਸੀਂ ਸੱਚੀਂ ਜਿੰਮੇਵਾਰੀ ਨੂੰ ਸੰਭਾਲ ਨਹੀਂ ਪਾ ਰਹੇ।”
“ਸਾਡੇ ਇਲਾਕੇ ਵਿੱਚ ਕਈ ਵਿਦੇਸ਼ੀ ਪਾਇਲਟ ਜਹਾਜ਼ ਚਲਾਉਂਦੇ ਹਨ। ਸਵਾਲ ਹੈ ਕਿ ਸਾਡੇ ਜਹਾਜ਼ਾਂ ਦੇ ਜਿਆਦਾ ਹਾਦਸੇ ਕਿਉਂ ਹੁੰਦੇ ਹਨ?”
ਸਾਬਕਾ ਪਾਇਲਟ ਪਰਚੰਡਾ ਜੰਗ ਸ਼ਾਹ ਇਹਨਾਂ ਹਾਦਸਿਆਂ ਲਈ ਪਾਇਲਟਾਂ ਉਪਰ ਦਬਾਅ ਨੂੰ ਵੀ ਇੱਕ ਕਾਰਨ ਮੰਨਦੇ ਹਨ।
ਉਨ੍ਹਾਂ ਕਿਹਾ, “ਸਾਡੇ ਦਬਾਅ ਵਾਲਾ ਸੱਭਿਆਚਾਰ ਹੈ। ਇਸ ਕਾਰਨ ਸਾਨੂੰ ਹਾਦਸੇ ਦੇਖਣ ਨੂੰ ਮਿਲਦੇ ਹਨ।”
“ਨੇਪਾਲ ਵਰਗੇ ਦੇਸ ਦੀ ਭਗੋਲਿਕ ਸਥਿਤੀ ਨੂੰ ਦੇਖਦੇ ਹੋਏ ਹੋਰ ਵੀ ਸਾਵਧਾਨੀਆਂ ਵਰਤਣ ਦੀ ਲੋੜ ਹੈ। ਅਜਿਹੇ ਵਿੱਚ ਹੋਰ ਵੀ ਨਿਯਮਾਂ ਦੀ ਪਾਲਣਾ ਹੋਣੀ ਚਾਹੀਦੀ ਹੈ।”












