ਧਨੌਲਾ: ਲੱਕੜ ਦੇ ਟਰੱਕ, ਕਾਰਾਂ ਤੇ ਬੱਸਾਂ ਬਣਾਉਣ ਵਾਲੇ ਪਿੰਡ ਦਾ ਰੋਜ਼ਗਾਰ 'ਤਰੱਕੀ' ਨੇ ਕਿਵੇਂ ਖੋਹਿਆ

ਤਸਵੀਰ ਸਰੋਤ, Navkiran Singh/BBC
- ਲੇਖਕ, ਨਵਕਿਰਨ ਸਿੰਘ
- ਰੋਲ, ਬੀਬੀਸੀ ਸਹਿਯੋਗੀ
ਪੰਜਾਬ ਦਾ ਕਸਬਾ ਧਨੌਲਾ ਕਦੇ ਲੱਕੜ ਦੇ ਖਿਡੌਣਿਆਂ ਦਾ ਗੜ੍ਹ ਮੰਨਿਆ ਜਾਂਦਾ ਸੀ। ਬਰਨਾਲਾ-ਸੰਗਰੂਰ ਦੇ ਵਿਚਕਾਰ ਪੈਂਦੇ ਕਸਬੇ ਧਨੌਲਾ ਦੀ ਸੜਕ ’ਤੇ ਦੋਵੇਂ ਪਾਸੇ ਖਿਡੌਣਿਆਂ ਦੀਆਂ ਦੁਕਾਨਾਂ ਆਉਣ-ਜਾਣ ਵਾਲਿਆਂ ਲਈ ਖਿੱਚ ਦਾਂ ਕੇਂਦਰ ਬਣਦੀਆਂ ਸਨ।
ਕਾਰਾਂ, ਟਰੈਕਟਰ, ਬੱਸਾਂ, ਕੰਬਾਈਨਾਂ ਜਾਂ ਟਰਾਲੀਆਂ ਹਰ ਤਰ੍ਹਾਂ ਦੇ ਵਾਹਨ ਬੱਚਿਆਂ ਲਈ ਇੱਥੇ ਖਿਡੌਣਿਆਂ ਦੇ ਰੂਪ ਵਿੱਚ ਮੌਜੂਦ ਹਨ।
ਪਿੰਡ ਵਿੱਚ ਕਈਆਂ ਨੂੰ ਰੋਜ਼ਗਾਰ ਦੇਣ ਵਾਲਾ ਇਹ ਖਿਡੋਣਿਆਂ ਦਾ ਕਾਰੋਬਾਰ ਹੁਣ ਮੰਦੀ ਨਾਲ ਜੂਝ ਰਿਹਾ ਹੈ।
ਖਿਡੌਣਿਆਂ ਦਾ ਕੰਮ ਕਰਨ ਵਾਲੇ ਧਨੌਲਾ ਦੇ ਕਈ ਮਿਸਤਰੀ ਇਹ ਕੰਮ ਛੱਡ ਚੁੱਕੇ ਹਨ ਤੇ ਕਈ ਮਿਸਤਰੀ ਘਾਟਾ ਪੈਣ ਕਾਰਨ ਨਿਰਾਸ਼ ਹਨ।
ਲੱਕੜ ਦੇ ਖਿਡੋਣਿਆਂ ਦੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਬੱਚਿਆਂ ਦਾ ਰੁਝਾਨ ਆਧੁਨਿਕ ਚੀਜ਼ਾਂ ਵੱਲ ਵਧੇਰੇ ਹੋ ਗਿਆ ਹੈ ਤੇ ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ।

ਕਿਉਂ ਘਟਿਆ ਕਾਰੋਬਾਰ
ਧਨੌਲਾ ਦੇ ਮਿਸਤਰੀ ਜਗਸੀਰ ਸਿੰਘ ਪਿਛਲੇ 15 ਸਾਲਾ ਤੋਂ ਲੱਕੜ ਦੇ ਖਿਡੌਣੇ ਬਣਾ ਕੇ ਵੇਚ ਰਹੇ ਹਨ ਪਰ ਹੁਣ ਉਹ ਵੀ ਕਾਫ਼ੀ ਨਿਰਾਸ਼ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਲੋਕਾਂ ਨੂੰ ਸੜਕ ਤੋਂ ਸਿੱਧੇ ਖਿਡੌਣੇ ਪਏ ਨਜ਼ਰ ਨਹੀਂ ਆਉਂਦੇ ਇਸ ਲਈ ਉਹ ਖ਼ਰੀਦਦੇ ਨਹੀਂ।
ਇਸ ਦਾ ਇੱਕ ਹੋਰ ਕਾਰਨ ਉਹ ਧਨੌਲਾ ਤੋਂ ਬਾਹਰ-ਬਾਹਰ ਲੰਘਦੇ ਬਾਈਪਾਸ ਨੂੰ ਵੀ ਦੱਸਦੇ ਹਨ। ਧਨੌਲਾ ਕੌਮੀ ਮਾਰਗ 7 ਉੱਤੇ ਸਥਿਤ ਹੈ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਇੱਥੋਂ ਲੰਘਣ ਵਾਲੇ ਸਾਰੇ ਵਾਹਨ ਸ਼ਹਿਰ ਦੇ ਅੰਦਰੋਂ ਲੰਘਦੇ ਸਨ ਪਰ ਹੁਣ ਬਾਈਪਾਸ ਰਾਹੀਂ ਲੰਘਣ ਕਾਰਨ ਗਾਹਕਾਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ।
ਜ਼ਿਕਰਯੋਗ ਹੈ ਕਿ ਇਹ ਹਾਈਵੇਅ ਅਬੋਹਰ, ਮਲੋਟ, ਬਠਿੰਡਾ, ਬਰਨਾਲਾ, ਸੰਗਰੂਰ, ਪਟਿਆਲਾ ਨੂੰ ਜ਼ੀਰਕਪੁਰ ਰਾਹੀਂ ਚੰਡੀਗੜ੍ਹ ਨੂੰ ਜੋੜਦਾ ਹੈ। ਇਸ ਹਾਈਵੇਅ ਰਾਹੀਂ ਸਿਰਫ਼ ਪੰਜਾਬ ਹੀ ਨਹੀਂ ਬਲਕਿ ਰਾਜਸਥਾਨ ਤੇ ਹਰਿਆਣਾ ਦੇ ਰਾਹਗੀਰ ਵੀ ਲੰਘਦੇ ਹਨ।

ਤਸਵੀਰ ਸਰੋਤ, Navkiran Singh/BBC
ਕਈ ਕਾਰੀਗਰ ਹੁਣ ਬਣਾਉਂਦੇ ਹਨ ਆਲ੍ਹਣੇ
ਸਮਾਜ ਸੇਵੀ ਸੰਦੀਪ ਸਿੰਘ ਧੌਲਾ ਅਤੇ ਉਨ੍ਹਾਂ ਦੇ ਸਾਥੀ ਪੰਛੀਆਂ ਦੀਆਂ ਅਲੋਪ ਹੋ ਰਹੀਆਂ ਪ੍ਰਜਾਤੀਆਂ ਉੱਪਰ ਕੰਮ ਕਰ ਰਹੇ ਹਨ।
ਉਨ੍ਹਾਂ ਨੇ ਧਨੌਲਾ ਦੇ ਖਿਡੌਣੇ ਬਨਾਉਣ ਵਾਲੇ ਮਿਸਤਰੀਆਂ ਦੇ ਘਾਟੇ ਵਿੱਚ ਜਾ ਰਹੇ ਕੰਮ ਨੂੰ ਹੁਲਾਰਾ ਦੇਣ ਲਈ ਉਨ੍ਹਾਂ ਨੂੰ ਪੰਛੀਆਂ ਲਈ ਲੱਕੜ ਦੇ ਆਲ੍ਹਣੇ ਬਣਾਉਣ ਵੱਲ ਪ੍ਰੇਰਿਤ ਕੀਤਾ।
ਉਹ ਚਾਹੁੰਦੇ ਹਨ ਕਿ ਸਰਕਾਰ ਖਿਡੌਣੇ ਬਣਾਉਣ ਵਾਲੇ ਮਿਸਤਰੀਆਂ ਲਈ ਕੋਈ ਵਸੀਲਾ ਬਣਾਵੇ।
ਮਿਸਤਰੀ ਗੋਪਾਲ ਸਿੰਘ ਧਨੌਲਾ ਕਾਫ਼ੀ ਨਿਰਾਸ਼ ਨਜ਼ਰ ਆਏ। ਉਨ੍ਹਾਂ ਦਾ ਨਜ਼ਰੀਆ ਕੁਝ ਹੋਰ ਹੈ।
ਉਹ ਕਹਿੰਦੇ ਖਿਡੌਣਿਆਂ ਦੀਆਂ ਜੋ ਕੀਮਤਾਂ 17-18 ਸਾਲ ਪਹਿਲਾਂ ਸਨ, ਉਹੀ ਕੀਮਤਾਂ ਹੁਣ ਹਨ ਜਦਕਿ ਇਨ੍ਹਾਂ ਸਾਲਾਂ ਦੌਰਾਨ ਮਹਿੰਗਾਈ ਵਿੱਚ ਬਹੁਤ ਵਾਧਾ ਹੋਇਆ ਹੈ।
ਉਹ ਖਿਡੌਣੇ ਬਨਾਉਣ ਦਾ ਕੰਮ ਛੱਡਣ ਬਾਰੇ ਵਿਚਾਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਪੰਜਾਬ ਤੋਂ ਨੌਜਵਾਨਾਂ ਦਾ ਪੱਛਮੀ ਮੁਲਕਾਂ ਵੱਲ ਹੋ ਰਿਹਾ ਪਰਵਾਸ ਵੀ ਖਿਡੌਣਿਆਂ ਦੀ ਖਰੀਦ ਵਿੱਚ ਕਮੀ ਦਾ ਇੱਕ ਕਾਰਨ ਬਣਿਆ ਹੈ।

ਤਸਵੀਰ ਸਰੋਤ, Navkiran Singh/BBC
ਧਨੌਲਾ ਦੇ ਖਿਡੋਣੇ ਬਨਾਉਣ ਵਾਲੇ ਮਿਸਤਰੀ ਕੀ ਕਾਰਨ ਦੱਸਦੇ ਹਨ
ਧਨੌਲਾ ਦੇ ਮਿਸਤਰੀ ਬੇਅੰਤ ਸਿੰਘ ਮੁਤਾਬਕ ਬਰਨਾਲਾ ਤੋਂ ਸੰਗਰੂਰ ਨੂੰ ਜਾਂਦਾ ਹਾਈਵੇਅ ਬਾਹਰ-ਬਾਹਰ ਦੀ ਲੰਘਣ ਨੇ ਖਿਡੌਣਿਆਂ ਦੇ ਕਾਰੋਬਾਰ ਨੂੰ ਵੱਡੀ ਸੱਟ ਮਾਰੀ ਹੈ।
ਪਰ ਉਹ ਇਸਨੂੰ ਇਕੋ-ਇਕ ਕਾਰਨ ਨਹੀਂ ਮੰਨਦੇ ਹਨ ਬਲਕਿ ਉਨ੍ਹਾਂ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਮਾਪੇ ਬੱਚਿਆਂ ਨੂੰ ਲੱਕੜ ਦੇ ਖਿਡੌਣਿਆਂ ਦੀ ਬਜਾਇ ਇਲੈਕਟ੍ਰਾਨਿਕ ਖਿਡੌਣੇ, ਫੈਂਸੀ ਖਿਡੌਣੇ ਅਤੇ ਮੋਬਾਈਲ ਦੇਣ ਨੂੰ ਤਰੀਜ਼ਹ ਦਿੰਦੇ ਹਨ।
ਉਨ੍ਹਾਂ ਨੂੰ ਲੱਗਦਾ ਹੈ ਕਿ ਲੋਕਾਂ ਨੇ ਲੱਕੜ ਦੇ ਰਵਾਇਤੀ ਖਿਡੌਣਿਆਂ ਨੂੰ ਛੱਡਿਆ, ਇਸੇ ਲਈ ਉਨ੍ਹਾਂ ਦਾ ਕਾਰੋਬਾਰ ਘਾਟੇ ਵਿੱਚ ਗਿਆ।
ਬੇਅੰਤ ਸਿੰਘ ਨੇ ਹੁਣ ਖਿਡੌਣੇ ਬਨਾਉਣ ਦੇ ਨਾਲ-ਨਾਲ ਪੰਛੀਆਂ ਲਈ ਲੱਕੜ ਦੇ ਆਲ੍ਹਣੇ ਬਨਾਉਣੇ ਸ਼ੁਰੂ ਕੀਤੇ ਹਨ ਜਿਸ ਕਾਰਨ ਉਨ੍ਹਾਂ ਦਾ ਕਾਰੋਬਾਰ ਥੋੜ੍ਹਾ ਪੈਰਾਂ ਸਿਰ ਹੋਇਆ ਹੈ।
ਬੇਅੰਤ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਤੋਂ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੇ 5911 ਖਿਡੌਣਾ ਟਰੈਕਟਰ ਦੀ ਵਿਕਰੀ ਵਿੱਚ ਜ਼ਰੂਰ ਵਾਧਾ ਹੋਇਆ ਹੈ।

ਤਸਵੀਰ ਸਰੋਤ, Navkiran Singh/BBC
‘ਲਾਗਤ ਵੀ ਪੂਰੀ ਨਹੀਂ ਹੁੰਦੀ’
ਧਨੌਲਾ ਦੇ ਮਿਸਤਰੀ ਕਮਲਦੀਪ ਸਿੰਘ ਬਿੱਟੂ ਨੇ ਕਿਹਾ ਕਿ ਉਹ ਲੱਕੜ ਖਰੀਦ ਕੇ ਸਾਰੇ ਤਰ੍ਹਾਂ ਦੇ ਖਿਡੌਣੇ ਖ਼ੁਦ ਬਣਾਉਂਦੇ ਹਨ ਪਰ ਖਿਡੌਣੇ ਬਨਾਉਣ ਉੱਪਰ ਜਿੰਨੀ ਲਾਗਤ ਅਤੇ ਮਿਹਨਤ ਲੱਗਦੀ ਹੈ ਉਸ ਦਾ ਸਹੀ ਮੁੱਲ ਨਹੀਂ ਪੈਂਦਾ ਹੈ।
ਉਹ ਕਹਿੰਦੇ ਕਿ ਚੀਨ ਦੇ ਖਿਡੌਣੇ ਸਸਤੇ ਹੋਣ ਕਾਰਨ ਲੋਕ ਉਹ ਖਿਡੌਣੇ ਲੈਣ ਨੂੰ ਤਰਜੀਹ ਦਿੰਦੇ ਹਨ।
ਉਨ੍ਹਾਂ ਦੇ ਖਿਡੌਣੇ ਮੁੱਖ ਰੂਪ ਵਿੱਚ ਪੰਜਾਬ ਦੇ ਜਰਗ, ਜੰਮੂ ਕਸ਼ਮੀਰ,ਰਾਜਸਥਾਨ ਆਦਿ ਥਾਵਾਂ ਉੱਪਰ ਜਾਂਦੇ ਹਨ।
ਪੰਜਾਬ ਪੁਲਿਸ ਨੇ ਸੜਕ ਸੁਰੱਖਿਆ ਫੋਰਸ ਲਈ ਵਰਤੀ ਜਾਂਦੀ ਸਕਾਰਪਿਓ ਗੱਡੀ ਦੇ ਖਿਡੌਣਾ ਮਾਡਲ ਹਾਲ ਹੀ ਵਿੱਚ ਇਸੇ ਮਿਸਤਰੀ ਤੋਂ ਬਣਵਾਏ ਹਨ।
ਉਨ੍ਹਾਂ ਕਿਹਾ ਕਿ ਹੁਣ ਬੱਚੇ ਲੱਕੜ ਦੇ ਖਿਡੌਣੇ ਬਹੁਤੇ ਪਸੰਦ ਨਹੀਂ ਕਰਦੇ।
ਉਹ ਕਹਿੰਦੇ ਕਿ ਚੀਨ ਦੇ ਖਿਡੌਣੇ ਸਸਤੇ ਮਿਲ ਜਾਂਦੇ ਹਨ।
ਬਿੱਟੂ ਮੰਨਦੇ ਹਨ ਕਿ ਜੇਕਰ ਸਰਕਾਰ ਸਾਥ ਦੇਵੇ ਤਾਂ ਲੱਕੜ ਦੇ ਖਿਡੌਣੇ ਬਨਾਉਣ ਦਾ ਕੰਮ ਵੱਧ ਸਕਦਾ ਹੈ।
ਧਨੌਲਾ ਦਾ ਮਿਸਤਰੀ ਜਗਸੀਰ ਸਿੰਘ ਪਿਛਲੇ 15 ਸਾਲ ਤੋਂ ਲੱਕੜ ਦੇ ਖਿਡੌਣੇ ਬਨਾਉਣ ਤੇ ਵੇਚਣ ਦਾ ਕੰਮ ਕਰ ਰਹੇ ਹਨ।
ਉਹ ਕਹਿੰਦੇ ਹਨ ਕਿ ਪਹਿਲਾਂ ਦਿੱਲੀ, ਹਰਿਆਣਾ, ਪੰਜਾਬ ਦੇ ਧਨੌਲਾ ਵਿੱਚੋਂ ਲੰਘਣ ਵਾਲੇ ਲੋਕ ਖਿਡੌਣੇ ਖਰੀਦਦੇ ਸਨ ਪਰ ਹੁਣ ਟਰੈਫਿਕ ਬਾਈਪਾਸ ਰਾਹੀਂ ਲੰਘਣ ਕਾਰਨ ਖਿਡੌਣਿਆਂ ਦੇ ਖਰੀਦਦਾਰਾਂ ਵਿੱਚ ਕਮੀ ਆਈ ਹੈ।
ਮਿਸਤਰੀ ਜਗਸੀਰ ਸਿੰਘ ਖਿਡੌਣੇ ਬਨਾਉਣ ਤੇ ਵੇਚਣ ਦਾ ਕੰਮ ਛੱਡ ਕੇ ਹੋਰ ਕੰਮ ਸ਼ੁਰੂ ਕਰਨ ਬਾਰੇ ਸੋਚ ਰਹੇ ਹਨ।
ਉਨ੍ਹਾਂ ਦੱਸਿਆ ਕਿ ਕਈ ਮਿਸਤਰੀ ਖਿਡੌਣੇ ਬਨਾਉਣ ਦਾ ਕੰਮ ਛੱਡ ਕੇ ਮਜ਼ਦੂਰੀ ਕਰਨ ਲੱਗ ਗਏ ਹਨ।

ਤਸਵੀਰ ਸਰੋਤ, Navkiran Singh/BBC
ਖਿਡੌਣਿਆਂ ਦੀ ਬੱਚਿਆਂ ਦੇ ਵਿਕਾਸ ਵਿੱਚ ਅਹਿਮੀਅਤ
ਇੱਕ ਬੱਚੇ ਦੇ ਸਰਬਪੱਖੀ ਵਿਕਾਸ ਲਈ ਖਿਡੌਣਿਆਂ ਦੀ ਬਹੁਤ ਜ਼ਿਆਦਾ ਅਹਿਮੀਅਤ ਮੰਨੀ ਜਾਂਦੀ ਹੈ।
ਮਾਹਰਾਂ ਮੁਤਾਬਕ, ਛੋਟੇ ਆਕਾਰ ਦੇ ਖਿਡੌਣੇ ਛੋਟੇ ਬੱਚਿਆਂ ਦੀ ਸੋਚਣ ਦੀ ਪ੍ਰਕਿਰਿਆ ਅਤੇ ਫ਼ੈਸਲੇ ਲੈਣ ਦੀ ਯੋਗਤਾ ਨੂੰ ਆਕਾਰ ਦੇਣ ਵਿੱਚ ਮਦਦ ਕਰਦੇ ਹਨ।
ਲੱਕੜ,ਮਿੱਟੀ, ਪਲਾਸਟਿਕ ਸਮੇਤ ਕਈ ਤਰ੍ਹਾਂ ਦੀਆਂ ਸਮੱਗਰੀਆਂ ਤੋਂ ਬਣੇ ਖਿਡੌਣੇ ਬੱਚਿਆਂ ਦੇ ਮਾਨਸਿਕ ਵਿਕਾਸ, ਇਕਾਗਰਤਾ ਅਤੇ ਰਚਨਾਤਮਕਤਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ।
ਖਿਡੌਣੇ ਬੱਚਿਆਂ ਨੂੰ ਤਰਕ ਦੇ ਅਧਾਰ ’ਤੇ ਸੋਚਣ ਵੱਲ ਪ੍ਰੇਰਿਤ ਕਰਦੇ ਹਨ। ਲੱਕੜ ਦੇ ਬਣੇ ਕਈ ਖਿਡੌਣੇ ਬੱਚਿਆਂ ਦੀਆਂ ਹੱਡੀਆਂ ਮਜ਼ਬੂਤ ਕਰਨ ਦਾ ਜ਼ਰੀਆ ਸਾਬਤ ਹੁੰਦੇ ਹਨ।
ਪੀਐੱਮ ਮੋਦੀ ਦੀ ਖਿਡੌਣਾ ਕਾਰੋਬਾਰ ਵਿੱਚ ਦਿਲਚਸਪੀ
ਅਗਸਤ 2020 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਕਿਹਾ ਸੀ ਕਿ, “ਖਿਡੌਣੇ ਨਾ ਸਿਰਫ਼ ਬੱਚਿਆਂ ਦੀਆਂ ਗਤੀਵਿਧੀਆਂ ਵਧਾਉਂਦੇ ਹਨ ਬਲਕਿ ਇੱਛਾਵਾਂ ਨੂੰ ਵੀ ਖੰਭ ਦਿੰਦੇ ਹਨ।”
“ਖਿਡੌਣੇ ਬੱਚਿਆਂ ਦੇ ਦਿਮਾਗ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਹਨ ਅਤੇ ਮਨੋਵਿਗਿਆਨਕ ਗਤੀਵਿਧੀ ਅਤੇ ਗਿਆਨ ਦੀ ਕੁਸ਼ਲਤਾ ਨੂੰ ਵਧਾਉਣ ਵਿੱਚ ਬੱਚਿਆਂ ਦੀ ਸਹਾਇਤਾ ਕਰਦੇ ਹਨ”।
ਇਸ ਪ੍ਰੋਗਰਾਮ ਵਿੱਚ ਉਨ੍ਹਾਂ ਭਾਰਤ ਵਿਚ ਖਿਡੌਣਿਆਂ ਦੇ ਉਤਪਾਦਨ ਨੂੰ ਵਧਾਉਣ ’ਤੇ ਜ਼ੋਰ ਦਿੱਤਾ ਸੀ।

‘ਟੌਇਕੈਥੋਨ-2021’
ਦੇਸ਼ ਵਿੱਚ ਖਿਡੌਣਿਆਂ ਦੇ ਕਾਰੋਬਾਰ ਨੂੰ ਹੁਲਾਰਾ ਦੇਣ ਲਈ ਭਾਰਤ ਸਰਕਾਰ ਵੱਲੋਂ 2021 ਵਿੱਚ 4 ਦਿਨਾਂ ਵਰਚੁਅਲ ਮੇਲੇ ਦਾ ਆਯੋਜਨ ਕੀਤਾ ਗਿਆ ਸੀ।
ਇਸ ਮੇਲੇ ਦੇ ਆਯੋਜਨ ਪਿੱਛੇ ਸਰਕਾਰ ਦਾ ਉਦੇਸ਼ ਖਿਡੌਣਿਆਂ ਦੇ ਖਰੀਦਦਾਰਾਂ, ਵਿਕਰੇਤਾਵਾਂ, ਵਿਦਿਆਰਥੀਆਂ, ਅਧਿਆਪਕਾਂ, ਡਿਜ਼ਾਈਨਰਾਂ ਆਦਿ ਨੂੰ ਇੱਕ ਪਲੇਟਫਾਰਮ ’ਤੇ ਲਿਆਉਣਾ।
ਇਸ ਟੌਇਕੈਥੋਨ-2021 ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ “ਇਹ ਪਹਿਲਾ ਖਿਡੌਣਾ ਮੇਲਾ ਸਿਰਫ ਕਾਰੋਬਾਰ ਜਾਂ ਆਰਥਿਕ ਪ੍ਰੋਗਰਾਮ ਨਹੀਂ ਹੈ।ਇਹ ਪ੍ਰੋਗਰਾਮ ਦੇਸ਼ ਦੇ ਖੇਡਾਂ ਅਤੇ ਦਿਮਾਗ ਦੇ ਸਭ ਤੋਂ ਪੁਰਾਣੇ ਸਭਿਆਚਾਰ ਨੂੰ ਮਜ਼ਬੂਤ ਕਰਨ ਲਈ ਇੱਕ ਕੜੀ ਹੈ”।
ਖਿਡੌਣਿਆਂ ਦੇ ਕਾਰੋਬਾਰ ਵਿੱਚ ਭਾਰਤ ਨੇ ਚੀਨ ਨੂੰ ਟੱਕਰ ਦਿੱਤੀ
ਅੰਕੜੇ ਦੱਸਦੇ ਹਨ ਕਿ ਭਾਰਤ ਤੋਂ ਖਿਡੌਣਿਆਂ ਦੀ ਦਰਾਮਦ ਵਿੱਚ ਕਮੀ ਆਈ ਹੈ ਤੇ ਬਰਾਮਦ ਵਿੱਚ ਵੱਡਾ ਵਾਧਾ ਹੋਇਆ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਦੁਨੀਆਂ ਭਰ ਵਿੱਚ ਭਾਰਤੀ ਖਿਡੌਣਿਆਂ ਦਾ ਬੋਲਬਾਲਾ ਲਗਾਤਾਰ ਵਧ ਰਿਹਾ ਹੈ। ਪਰ ਧਨੌਲੇ ਵਰਗੇ ਕਸਬਿਆਂ ਦੇ ਮਿਸਤਰੀ ਇਸ ਕਰਕੇ ਘਾਟੇ ਵਿੱਚ ਜਾ ਰਹੇ ਹਨ ਕਿਉਂਕਿ ‘ਮੇਡ ਇਨ ਇੰਡੀਆ’ ਅਤੇ ‘ਹੈਂਡਮੇਡ ਇਨ ਇੰਡੀਆ’ ਵਿੱਚ ਵੱਡਾ ਫ਼ਰਕ ਨਜ਼ਰ ਆ ਰਿਹਾ ਹੈ।
ਫੈਕਟਰੀ ਅੰਦਰ ਤਿਆਰ ਹੁੰਦੇ ਖਿਡੌਣਿਆਂ ਦੇ ਮੁਕਾਬਲੇ ਹੱਥੀਂ ਬਣੇ ਖਿਡੌਣਿਆਂ ਦੀ ਕਦਰ ਘੱਟ ਰਹੀ ਹੈ।
ਲੱਕੜ ਦੇ ਖਿਡੌਣੇ ਹੱਥੀਂ ਤਿਆਰ ਹੁੰਦੇ ਹਨ ਜਿਸ ਕਾਰਨ ਇਨ੍ਹਾਂ ਨੂੰ ਤਿਆਰ ਕਰਨ ਵਿੱਚ ਜ਼ਿਆਦਾ ਮਿਹਨਤ ਹੁੰਦੀ ਹੈ ਜਦਕਿ ਪਲਾਸਟਿਕ ਦੇ ਖਿਡੌਣੇ ਫ਼ੈਕਟਰੀਆਂ, ਸਸਤੇ ਭਾਅ ਤਿਆਰ ਕਰ ਦਿੰਦੀਆਂ ਹਨ।












