ਅਨਵੀ ਕਾਮਦਾਰ: ਸੈਲਫ਼ੀ ਲੈਣ ਦੀ ਕੋਸ਼ਿਸ਼ ਵਿੱਚ ਡਿੱਗ ਕੇ ਹੋਈ ਮੌਤ, ਸੈਰ-ਸਪਾਟੇ ਦੌਰਾਨ ਹਾਦਸਿਆਂ ਤੋਂ ਕਿਵੇਂ ਬਚੀਏ?

ਤਸਵੀਰ ਸਰੋਤ, Social Media
ਪਿਛਲੇ ਦਿਨੀਂ ਸੋਸ਼ਲ ਮੀਡੀਆ ਇਨਫਲੂਐਂਸਰ ਅਨਵੀ ਕਾਮਦਾਰ ਦੀ ਮਹਾਰਾਸ਼ਟਰ ਦੇ ਰਾਇਗੜ੍ਹ ਜ਼ਿਲ੍ਹੇ ਵਿੱਚ ਕੁੰਭੇ ਝਰਨੇ ਦੇ ਕੋਲ ਖੱਡ ਵਿੱਚ ਡਿੱਗ ਕੇ ਮੌਤ ਹੋ ਗਈ।
ਮੁੰਬਈ ਦੀ ਰਹਿਣ ਵਾਸੀ ਅਨਵੀ ਕਾਮਦਾਰ ਮਹਾਰਾਸ਼ਟਰ ਦੇ ਰਾਏਗੜ੍ਹ ਦੇ ਕੁੰਭੇ ਝਰਨ ਦੋ ਕੋਲ ਘੁੰਮਣ ਗਏ ਸਨ। ਅਨਵੀ ਇੰਸਟਾਗ੍ਰਾਮ ਰੀਲ ਬਣਾਉਣ ਲਈ ਝਰਨੇ ਕੋਲ ਗਏ ਸਨ।
ਇਸ ਦੌਰਾਨ ਪੈਰ ਧਿਲਕਣ ਕਾਰਨ ਉਹ 300 ਫੁੱਟ ਡੂੰਘੀ ਖੱਡ ਵਿੱਚ ਡਿੱਗੇ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਅਨਵੀ ਕਾਮਦਾਰ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਸੀ, ਉਨ੍ਹਾਂ ਦੇ ਦੋ ਲੱਖ ਤੋਂ ਜ਼ਿਆਦਾ ਫਾਲੋਵਰ ਹਨ।
ਸੋਸ਼ਲ ਮੀਡੀਆ ਉੱਤੇ ਕੁੰਭੇ ਦਾ ਝਰਨਾ ਵਾਇਰਲ ਹੋਣ ਤੋਂ ਬਾਅਦ ਉਹ 16 ਜੁਲਾਈ ਨੂੰ ਉੱਥੇ ਘੁੰਮਣ ਗਏ ਸਨ।
ਮਨਗਾਂਵ ਦੇ ਸੀਨੀਅਰ ਪੁਲਿਸ ਸੁਪਰੀਟੈਂਡੇਟ ਨਿਵਰਿਤ ਬੋਰਾਡੇ ਦੇ ਮੁਤਾਬਕ, 16 ਜੁਲਾਈ ਨੂੰ ਸਵੇਰੇ 9 ਵਜੇ ਦੇ ਆਸ-ਪਾਸ ਰਸਤੇ ਉੱਤੇ ਧਿਲਕਣ ਹੋਣ ਕਾਰਨ ਅਨਵੀ ਦਾ ਪੈਰ ਧਿਲਕ ਗਿਆ ਅਤੇ ਉਹ ਡਿੱਗ ਗਏ।
ਕੁਝ ਦਿਨ ਪਹਿਲਾਂ ਲੋਨਾਵਲਾ ਦੇ ਭੂੰਸੀ ਬੰਨ੍ਹ ਕੋਲ ਵੀ ਇੱਕ ਹਾਦਸਾ ਹੋਇਆ ਸੀ, ਜਿਸ ਵਿੱਚ ਇੱਕੋ ਪਰਿਵਾਰ ਦੇ ਕਈ ਮੈਂਬਰ ਰੁੜ ਗਏ ਸਨ।
ਸਾਲ 2023 ਵਿੱਚ ਲੋਨਾਵਾਲਾ ਦੇ ਕੋਲ ਸਥਿਤ ਲੋਹਾਗੜ੍ਹ ਕਿਲੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਸੀ। ਕਿਲ੍ਹੇ ਉੱਤੇ ਭਾਰੀ ਭੀੜ ਹੋਣ ਕਾਰਨ ਸੈਲਾਨੀ ਕਰੀਬ ਚਾਰ ਘੰਟੇ ਤੱਕ ਮੁੱਖ ਗੇਟ ਉੱਤੇ ਫਸੇ ਰਹੇ ਸਨ।
ਹਿੱਲਣ ਦੀ ਵੀ ਥਾਂ ਨਾ ਹੋਣ ਕਾਰਨ ਉਹ ਚਾਰ ਘੰਟੇ ਤੱਕ ਇੱਕ ਹੀ ਥਾਂ ਉੱਤੇ ਖੜ੍ਹੇ ਰਹੇ। ਸ਼ੁਕਰ ਹੈ ਕਿ ਤੇਜ਼ ਮੀਂਹ ਵਿੱਚ ਵੀ ਭਗਦੜ ਨਹੀਂ ਮੱਚੀ।
ਮੀਂਹ ਦੇ ਮੌਸਮ ਵਿੱਚ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ।
ਸਾਵਧਾਨੀ ਵਰਤਣ ਦੀ ਸਲਾਹ
ਘੁੰਮਣ-ਫਿਰਨ ਦੇ ਦੌਰਾਨ ਅਨੰਦ ਲੈਣ ਦੇ ਨਾਲ-ਨਾਲ ਕੁਝ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਹਨ।
ਇਸ ਬਾਰੇ ਬੀਬੀਸੀ ਮਰਾਠੀ ਨੇ ਬਚਾਅ ਕਾਰਜ ਦੇ ਮਾਹਰਾਂ, ਸੈਰ-ਸਪਾਟੇ ਦੀਆਂ ਥਾਵਾਂ ਦੇ ਕੋਲ ਰਹਿਣ ਵਾਲੇ ਲੋਕਾਂ ਅਤੇ ਸੈਲਾਨੀਆਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਦਾ ਕਹਿਣਾ ਹੈ ਕਿ ਸੁਰੱਖਿਆ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ, ਇਸ ਬਾਰੇ ਪੁੱਛਿਆ। ਯਾਤਰਾ ਦੀ ਯੋਜਨਾ ਬਣਾਉਂਦੇ ਸਮੇਂ ਅਤੇ ਟੂਰਿਸਟ ਪਲੇਸ ਦੀ ਚੋਣ ਕਰਗੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਮਾਹਰਾਂ ਨੇ ਦੱਸਿਆ ਕਿ ਯਾਤਰਾ ਉੱਤੇ ਨਿਕਲਣ ਤੋਂ ਪਹਿਲਾਂ ਜ਼ਰੂਰ ਦੇਖੋ ਕਿ ਕਿੱਥੇ ਘੁੰਮਣ ਜਾ ਰਹੇ ਹੋ। ਜਿਨ੍ਹਾਂ ਥਾਵਾਂ ਉੱਤੇ ਪਹੁੰਚਣਾ ਸੌਖਾ ਹੁੰਦਾ ਹੈ ਉਨ੍ਹਾਂ ਥਾਵਾਂ ਉੱਤੇ ਭੀੜ ਇਕੱਠੀ ਹੋ ਜਾਂਦੀ ਹੈ।
ਮਹਾਰਾਸ਼ਟਰ ਦੇ ਮਾਊਂਟੇਨੀਅਰ ਰੈਸਕਿਊ ਕੋਆਰਡੀਨੇਸ਼ਨ ਸੈਂਟਰ ਨਾਲ ਜੁੜੇ ਹੋਏ ਓਂਕਾਰ ਓਕ ਕਹਿੰਦੇ ਹਨ ਕਿ ਮੁਸ਼ਕਿਲ ਥਾਵਾਂ ਉੱਤੇ ਜਾਣ ਤੋਂ ਪਹਿਲਾਂ ਇਬ ਵੀ ਸੋਚ, ਕੀ ਉੱਥੇ ਪਹੁੰਚਣਾ ਸੌਖਾ ਹੈ ਅਤੇ ਉੱਥੇ ਸੁਰੱਖਿਆ ਦਾ ਕੋਈ ਬੰਦੋਬਸਤ ਹੈ, ਜਾਂ ਨਹੀਂ।
ਓਂਕਾਰ ਓਕ ਨੇ ਦੱਸਿਆ, “ਲੋਹਾਗੜ੍ਹ ਵਿੱਚ ਜੋ ਹੋਇਆ ਉਹ ਇਕੱਲੀ ਘਟਨਾ ਨਹੀਂ ਹੈ। ਛੁੱਟੀਆਂ ਦੇ ਦਿਨਾਂ ਵਿੱਚ ਜਿਨ੍ਹਾਂ ਥਾਵਾਂ ਉੱਤੇ ਪਹੁੰਚਣਾ ਸੌਖਾ ਹੁੰਦਾ ਹੈ, ਉੱਥੇ ਭੀੜ ਇਕੱਠੀ ਹੋ ਜਾਂਦੀ ਹੈ। ਕੁਝ ਥਾਵਾਂ ਉੱਤੇ ਤਾਂ ਭਾਰੀ ਜਾਮ ਵੀ ਲੱਗ ਜਾਂਦਾ ਹੈ।”
ਉਨ੍ਹਾਂ ਦੇ ਮੁਤਾਬਕ, ਮਾਨਸੂਨ ਦੇ ਦੌਰਾਨ ਭਾੜਭਾੜ ਵਾਲੀਆਂ ਥਾਵਾਂ ਉੱਤੇ ਜਾਣ ਤੋਂ ਬਚਣਾ ਬਿਹਤਰ ਹੁੰਦਾ ਹੈ। ਬਿਨ੍ਹਾਂ ਤਜ਼ਰਬੇ ਤੋਂ ਮੁਸ਼ਕਿਲ ਥਾਵਾਂ ਉੱਤੇ ਜਾਣਾ ਵੀ ਖ਼ਤਰਨਾਕ ਹੋ ਸਕਦਾ ਹੈ।
ਓਂਕਾਰ ਓਕ ਨੇ ਕਿਹਾ ਕਿ ਜਿਸ ਥਾਂ ਉੱਤੇ ਤੁਸੀਂ ਜਾਣ ਦੀ ਯੋਜਨਾ ਬਣਾ ਰਹੇ ਹੋ। ਉਸਦੇ ਬਾਰੇ ਵਿੱਚ ਤੁਹਾਨੂੰ ਪੂਰੀ ਖੋਜ ਕਰਨੀ ਚਾਹੀਦੀ ਹੈ ਤਾਂ ਕਿ ਜ਼ਰੂਰੀ ਤਿਆਰੀ ਕੀਤੀ ਜਾ ਸਕੇ।
ਉਨ੍ਹਾਂ ਦਾ ਕਹਿਣਾ ਹੈ ਕਿ ਘੁੰਮਣ ਜਾਣ ਦੀ ਯੋਜਨਾ ਬਣਾਉਂਦੇ ਸਮੇਂ ਆਪਣੇ ਕਿਸੇ ਦੋਸਤ ਜਾਂ ਕਰੀਬੀ ਨਾਲ ਗੱਲ ਜ਼ਰੂਰ ਕਰੋ, ਬਿਨਾਂ ਦੱਸੇ ਘੁੰਮਣ ਨਾ ਜਾਓ।

ਅਸਲ ਵਿੱਚ ਤੁਹਾਨੂੰ ਪਰਿਵਾਰ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਤੁਸੀਂ ਘੁੰਮਣ ਜਾ ਰਹੇ ਹੋ। ਜੇ ਅਜਿਹਾ ਸੰਭਵ ਨਹੀਂ ਹੈ ਤਾਂ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿੱਥੇ ਜਾ ਰਹੇ ਹੋ ਅਤੇ ਕਿਸਦੇ ਨਾਲ ਜਾ ਰਹੇ ਹੋ। ਚਾਹੇ ਦੋਸਤ ਹੋਣ ਜਾਂ ਰਿਸ਼ਤੇਦਾਰ ਹੋਣ ਜਾਂ ਗੁਆਂਢੀ।
ਓਂਕਾਰ ਓਕ ਨੇ ਕਿਹਾ, “ਤੁਹਾਨੂੰ ਆਪਣੇ ਘਰ ਜਾਂ ਦੋਸਤਾਂ ਨੂੰ ਵੀ ਇਹ ਦੱਸਣਾ ਚਾਹੀਦਾ ਹੈ ਕਿ ਜੇ ਤੁਸੀਂ 24-48 ਘੰਟਿਆਂ ਦੇ ਅੰਦਰ ਸੰਪਰਕ ਨਹੀਂ ਕਰਦੇ ਤਾਂ ਸਥਾਨਕ ਬਚਾਅ ਟੀਮ ਜਾਂ ਪੁਲਿਸ ਨਾਲ ਸੰਪਰਕ ਕਰਨ। ਇਹ ਸੁਰੱਖਿਆ ਲਈ ਬਹੁਤ ਅਹਿਮ ਹੈ।”

ਤਸਵੀਰ ਸਰੋਤ, Getty Images
ਜਾਣਕਾਰ ਕੀ ਕਹਿੰਦੇ ਹਨ
ਜਾਣਕਾਰਾਂ ਦੀ ਇੱਕ ਅਹਿਮ ਸਲਾਹ ਇਹ ਵੀ ਹੈ ਕਿ ਸੈਲਫ਼ੀ, ਰੀਲ, ਫੋਟੋ ਲੈਣ ਦੇ ਚੱਕਰ ਵਿੱਚ ਸੁਰੱਖਿਆ ਦੀ ਅਣਦੇਖੀ ਨਾ ਕਰੋ।
ਮਹਾਰਾਸ਼ਟਰ ਦੇ ਰਾਏਨਗਰ ਦਾ ਦੇਵਕੁੰਡ ਝਰਨਾ ਇੱਕ ਬਹੁਤ ਸੋਹਣੀ ਥਾਂ ਹੈ। ਹਾਦਸਿਆਂ ਤੋਂ ਬਾਅਦ ਇੱਥੇ ਸੈਲਾਨੀਆਂ ਦਾ ਆਉਣਾ ਠੱਪ ਹੋ ਗਿਆ ਸੀ।
ਸਥਾਨਕ ਲੋਕਾਂ ਨੇ ਸੈਲਾਨੀਆਂ ਦੀ ਸੁਰੱਖਿਆ ਅਤੇ ਕੁਦਰਤੀ ਸੁਹੱਪਣ ਨੂੰ ਬਚਾਈ ਰੱਖਣ ਲਈ ਪਿਛਲੇ ਸਾਲਾਂ ਦੌਰਾਨ ਕਈ ਯਤਨ ਕੀਤੇ ਹਨ। ਉੱਥੇ ਹੀ ਪੇਂਡੂ ਲੋਕ ਪਿਛਲੇ ਸੱਤ ਸਾਲਾਂ ਤੋਂ ਲੋਕਾਂ ਲਈ ਗਾਈਡ ਅਤੇ ਗਾਰਡ ਦੇ ਰੂਪ ਵਿੱਚ ਕੰਮ ਕਰ ਰਹੇ ਹਨ।
ਸਥਾਨਕ ਨਿਵਾਸੀ ਅਰਜੁਨ ਮਹਾਮੁਨਕਰ ਨੇ ਵੀ ਕਿਹਾ ਕਿ ਝਰਨੇ ਅਤੇ ਘਾਟੀਆਂ ਵਰਗੀਆਂ ਥਾਵਾਂ ਉੱਤੇ ਸੈਸਫ਼ੀ ਜਾਂ ਰੀਲ ਬਣਾਉਣ ਤੋਂ ਬਚਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ,“ਸਾਨੂੰ ਸੈਲਾਨੀਆਂ ਦੇ ਲਈ ਗਾਈਡ ਦੀ ਸਹੂਲਤ ਸ਼ੁਰੂ ਕੀਤਿਆਂ ਸੱਤ ਸਾਲ ਹੋ ਗਏ ਹਨ। ਅਸੀਂ ਰਾਹ ਦੱਸਣ ਤੋਂ ਲੈ ਕੇ ਹਰ ਚੀਜ਼ ਦੀ ਦੇਖਭਾਲ ਕਰਦੇ ਹਾਂ। ਸ਼ਾਮ ਹੋਣ ਤੋਂ ਬਾਅਦ ਕਿਸੇ ਨੂੰ ਵੀ ਖੱਡ ਦੇ ਕੋਲ ਜਾਣ ਦੀ ਆਗਿਆ ਨਹੀਂ ਹੈ ਝਰਨੇ ਦੇ ਕੋਲ ਰੱਸੀਆਂ ਲਾਈਆਂ ਹੋਈਆਂ ਹਨ।”
“ਲੋਕ ਇਸਦਾ ਅਨੰਦ ਸੁਰੱਖਿਅਤ ਰਹਿਕੇ ਵਿੱਚ ਚੁੱਕ ਸਕਦੇ ਹਨ। ਇਸ ਤੋਂ ਇਲਾਵਾ ਅਸੀਂ ਕਿਸੇ ਨੂੰ ਸ਼ਰਾਬ ਪੀਣ ਦੀ ਆਗਿਆ ਨਹੀਂ ਦਿੰਦੇ।”
ਅਰਜੁਨ ਮਾਹਮੁਨਕਰ ਨੇ ਦੱਸਿਆ ਕਿ ਜੇ ਭਾਰੀ ਮੀਂਹ ਪੈ ਰਿਹਾ ਹੋਵੇ ਤਾਂ ਦੇਵਕੁੰਡ ਸੈਲਾਨੀਆਂ ਲਈ ਬੰਦ ਕਰ ਦਿੱਤਾ ਜਾਂਦਾ ਹੈ।
ਮਹਾਰਾਸ਼ਟਰ ਸੈਰ-ਸਪਾਟਾ ਵਿਕਾਸ ਨਿਗਮ ਨੇ ਵੀ ਸੈਲਾਨੀਆਂ ਦੀ ਸੁਰੱਖਿਆ ਲਈ ਅਪੀਲ ਕੀਤੀ ਹੈ।
ਵਿਕਾਸ ਨਿਗਮ ਨੇ ਕਿਹਾ, “ਮੀਂਹ ਪੈਣ ਦੇ ਦੌਰਾਨ ਘੁੰਮਦੇ-ਫਿਰਦੇ ਅਚਾਨਕ ਖ਼ਤਰਨਾਕ ਥਾਵਾਂ ਤੋਂ ਬਚਣ ਲਈ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਜ਼ਰੂਰੀ ਹੈ।”
ਮਹਾਰਾਸ਼ਟਰ ਵਿਕਾਸ ਨਿਗਮ ਦੇ ਖੇਤਰੀ ਪ੍ਰਬੰਧਕ ਦੀਪਕ ਹਰਨੇ ਨੇ ਕਿਹਾ, “ਨਿਗਮ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਜਾਨ ਖ਼ਤਰੇ ਵਿੱਚ ਪਾ ਕੇ ਸੈਲਫ਼ੀ ਲੈਣ, ਧਿਲਕਣ ਵਾਲੇ ਧਰਨਿਆਂ ਉੱਤੇ ਜਾਣ, ਅਗਿਆਤ ਜੰਗਲਾਂ ਵਿੱਚ ਘੁੰਮਣ ਤੋਂ ਹਰ ਕੀਮਤ ਉੱਤੇ ਬਚਣਾ ਚਾਹੀਦਾ ਹੈ ਅਤੇ ਨਿਗਮ ਵੱਲੋਂ ਸੈਲਾਨੀਆਂ ਲਈ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ।”

ਤਸਵੀਰ ਸਰੋਤ, Getty Images
ਸਿਖਲਾਈ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼
ਜੋ ਲੋਕ ਮੀਂਹ ਦੇ ਮੌਸਮ ਵਿੱਚ ਟਰੈਕਿੰਗ ਦਾ ਅਨੰਦ ਲੈਣਾ ਚਾਹੁੰਦੇ ਹਨ, ਉਨ੍ਹਾਂ ਲਈ ਆਲ ਮਹਾਰਾਸ਼ਟਰ ਕਲਾਈਂਬਿੰਗ ਫੈਡਰੇਸ਼ਨ ਨੇ ਕੁਝ ਅਹਿਮ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਇਨ੍ਹਾਂ ਹਦਾਇਤਾਂ ਦੇ ਮੁਤਾਬਕ, “ਹਾਲ ਵੀ ਵਿੱਚ ਹਰ ਸਾਲ ਮਾਨਸੂਨ ਦੇ ਦੌਰਾਨ ਸਹਾਦਰੀ ਪਰਬਤ ਮਾਲਾ ਤੋਂ ਲੈ ਕੇ ਗਡਕੋਟ ਕਿਲਿਆਂ ਤੱਕ ਟਰੇਨਿੰਗ ਦੇ ਲਈ ਜਾਣ ਵਾਲੇ ਲੋਕਾਂ ਦੀ ਗਿਣਤੀ ਕਾਫ਼ੀ ਵਧ ਗਈ ਹੈ। ਕੁਝ ਥਾਵਾਂ ਉੱਤੇ ਕਈ ਵਾਰ ਹਾਦਸੇ ਵੀ ਦੇਖਣ ਨੂੰ ਮਿਲੇ ਹਨ। ਇਨ੍ਹਾਂ ਵਿੱਚੋਂ ਕਈ ਘਟਨਾਵਾਂ ਮਨੁੱਖੀ ਭੁੱਲ ਕਾਰਨ ਹੋਈਆਂ ਹਨ।”
ਫੈਡਰੇਸ਼ਨ ਦੇ ਮੁਖੀ, ਉਮੇਸ਼ ਜ਼ਿਰਪੇ ਨੇ ਕਿਹਾ, “ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਕੁਝ ਗੱਲਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।”
ਪਹਾੜ ਚੜ੍ਹਨ ਵਾਲਿਆਂ ਲਈ ਫੈਡਰੇਸ਼ਨ ਨੇ ਕੁਝ ਸੁਝਾਅ ਦਿੱਤੇ ਹਨ—
- ਕਿਸੇ ਜਾਣ-ਪਛਾਣ ਦੇ ਜਾਂ ਤਜ਼ਰਬੇਕਾਰ ਸਮੂਹ ਦੇ ਨਾਲ ਪਹਾੜਾਂ ਵਿੱਚ ਜਾਓ।
- ਟਰੈਕ ਵਿੱਚ ਲੋਕਾਂ ਦੀ ਸੰਖਿਆ ਸੀਮਤ ਰੱਖੋ, ਟਰੈਕਿੰਗ ਗਰੁੱਪ ਕੋਲ ਮੁੱਢਲੀ ਸਹਾਇਤਾ ਹੋਣੀ ਚਾਹੀਦੀ ਹੈ।
- ਟਰੈਕਿੰਗ ਦੀ ਥਾਂ ਅਤੇ ਟਰੈਕਿੰਗ ਉੱਤੇ ਜਾਣ ਵਾਲੇ ਹੋਰ ਲੋਕਾਂ ਦੀ ਜਾਣਕਾਰੀ ਪਰਿਵਾਰ ਅਤੇ ਦੋਸਤਾਂ ਨਾਲ ਸਾਂਝੀ ਕਰੋ।
- ਟਰੈਕਿੰਗ ਕਰਦੇ ਸਮੇਂ ਕਤਾਰ ਵਿੱਚ ਪਹਿਲੇ ਆਦਮੀ ਅਤੇ ਆਖਰੀ ਆਦਮੀ ਦੇ ਵਿਚਕਾਰ ਚੱਲੋ।
- ਆਪਣੇ ਨਾਲ ਇੱਕ ਵਧੀਆ ਟਾਰਚ ਜ਼ਰੂਰ ਰੱਖੋ, ਸੰਭਵ ਹੋਵੇ ਤਾਂ ਸਥਾਨਕ ਗਾਈਡ ਨੂੰ ਨਾਲ ਲੈ ਕੇ ਜਾਓ।
- ਟਰੈਕ ਉੱਤੇ ਜਾਣ ਤੋਂ ਪਹਿਲਾਂ ਮੌਸਮ ਦੀ ਪੇਸ਼ੀਨਗੋਈ ਜ਼ਰੂਰ ਦੇਖ ਲਓ।
- ਮਾਨਸੂਨ ਦੇ ਮੌਸਮ ਵਿੱਚ ਕੋਹਰੇ ਕਾਰਨ ਗੁਆਚ ਜਾਣ ਦੀ ਸੰਭਾਵਨਾ ਰਹਿੰਦੀ ਹੈ। ਕੋਹਰੇ ਵਿੱਚ ਗੱਡੀ ਚਲਾਉਂਦੇ ਸਮੇਂ ਸਾਵਧਾਨ ਰਹੋ।
- ਕਿਲ੍ਹੇ ਦੇ ਪੁਰਾਣੇ ਦਰਵਾਜ਼ਿਆਂ ਅਤੇ ਹੋਰ ਖੰਡਰਾਂ ਉੱਤੇ ਨਾ ਚੜ੍ਹੋ, ਢਿੱਲੇ ਪੱਥਰ ਦੁਰਘਟਨਾ ਦਾ ਕਾਰਨ ਬਣ ਸਕਦੇ ਹਨ।
- ਆਪਣੇ ਨਾਲ ਇੱਕ ਸੋਟੀ ਰੱਖੋ ਤਾਂ ਕਿ ਚੜ੍ਹਨਾ, ਉੱਤਰਨਾ ਅਤੇ ਤੁਰਨਾ ਸੌਖਾ ਹੋ ਜਾਵੇ।
- ਕਾਈ ਵਾਲੀਆਂ ਥਾਵਾਂ ਅਤੇ ਪੌੜੀਆਂ ਉੱਤੇ ਸਾਵਧਾਨੀ ਨਾਲ ਤੁਰੋ।
- ਮੋਬਾਈਲ ਦੀ ਵਰਤੋਂ ਸਾਵਧਾਨੀ ਨਾਲ ਕਰੋ ਕਿਉਂਕਿ ਐਮਰਜੈਂਸੀ ਦੀ ਸੂਰਤ ਵਿੱਚ ਇਸ ਦੀ ਵਰਤੋਂ ਕੀਤੀ ਜਾ ਸਕੇ।
ਇਸ ਤੋਂ ਇਲਾਵਾ ਬਰਸਾਤੀ ਨਦੀ ਜਾਂ ਨਾਲਿਆਂ ਵਿੱਚ ਪਾਣੀ ਦਾ ਵਹਾਅ ਅਚਾਨਕ ਵਧਣ ਦਾ ਡਰ ਰਹਿੰਦਾ ਹੈ ਇਸ ਲਈ ਧਾਰਾਵਾਂ, ਨਾਲਿਆਂ ਅਤੇ ਨਦੀ ਵਿੱਚ ਜਾਣ ਤੋਂ ਬਚੋ।
ਝਰਨਿਆਂ ਦੇ ਥੱਲੇ ਵੀ ਖੜ੍ਹੇ ਨਹੀਂ ਹੋਣਾ ਚਾਹੀਦਾ ਕਿਉਂਕਿ ਉੱਪਰੋਂ ਪੱਥਰ ਡਿੱਗਣ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ। ਪਾਣੀ ਦੀ ਡੁੰਘਾਈ ਦਾ ਅੰਦਾਜ਼ਾ ਨਾ ਹੋਣ ਦੀ ਸੂਰਤ ਵਿੱਚ ਨਹਿਰ ਅਤੇ ਬੰਨ੍ਹ ਵਿੱਚ ਉੱਤਰਨ ਤੋਂ ਬਚਣਾ ਚਾਹੀਦਾ ਹੈ।












