33 ਸਾਲਾ ਇਸ ਬੰਦੇ ਉੱਤੇ ਆਪਣੀ ਪਤਨੀ ਸਣੇ 42 ਔਰਤਾਂ ਦੇ ਕਤਲ ਦਾ ਇਲ਼ਜ਼ਾਮ, ਮੁਲਜ਼ਮ ਤੱਕ ਕਿਵੇਂ ਪੁੱਜੀ ਪੁਲਿਸ

ਕੋਲਿਨ ਜੁਮਾਇਸੀ ਖਾਲੁਸ਼ਾ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, 33 ਸਾਲ ਦੇ ਕੋਲਿਨ ਜੁਮਾਇਸੀ ਖਾਲੁਸ਼ਾ 'ਤੇ 42 ਮਹਿਲਾਵਾਂ ਦੇ ਕਤਲ ਦਾ ਇਲਜ਼ਾਮ ਹੈ
    • ਲੇਖਕ, ਈਅਨ ਵਾਫੁਲਾ
    • ਰੋਲ, ਬੀਬੀਸੀ ਪੱਤਰਕਾਰ

ਕੀਨੀਆ ਵਿੱਚ ਸੀਰੀਅਲ ਕਿਲਿੰਗ ਦੇ ਕਥਿਤ ਇਲਜ਼ਾਮਾਂ ਤਹਿਤ ਇੱਕ ਸ਼ਖ਼ਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੇਸ ਹੈਰਾਨ ਹੈ, ਪਰ ਕਈਆਂ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਗੰਭੀਰ ਸਵਾਲ ਚੁੱਕੇ ਹਨ ।

ਪੁਲਿਸ ਮੁਤਾਬਕ 33 ਸਾਲ ਦੇ ਕੌਲਿਨ ਜੁਮਾਇਸੀ ਖਾਲੁਸ਼ਾ ਨੇ 42 ਮਹਿਲਾਵਾਂ ਦੇ ਕਤਲ ਕੀਤੇ ਹਨ।

ਭਾਵੇਂਕਿ ਮੁਲਜ਼ਮ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਪੁਲਿਸ ਨੇ ਮਲਜ਼ਮ ਤੋਂ ਤਸ਼ਦੱਦ ਕਰਵਾ ਕੇ ਇਲਜ਼ਾਮ ਕਬੂਲ ਕਰਵਾਏ ਗਏ ਹਨ ।

ਇਹ ਪ੍ਰੇਸ਼ਾਨ ਕਰਨ ਵਾਲੀ ਕਹਾਣੀ ਵਿੱਚ ਤਾਜ਼ਾ ਮੋੜ, ਇੱਕ ਖੱਡ ਵਿੱਚੋਂ ਪਲਾਸਟਿਕ ਵਿੱਚ ਲਪੇਟੀਆਂ ਨੌਂ ਲਾਸ਼ਾਂ ਦੇ ਟੋਟੇ ਅਤੇ ਮਨੁੱਖੀ ਅੰਗ ਮਿਲਣ ਤੋਂ ਬਾਅਦ ਆਇਆ ਹੈ।

ਇਸ ਸੁੱਕੀ ਖੱਡ ਨੂੰ ਕੂੜਾ ਸੁੱਟਣ ਲਈ ਵਰਤਿਆ ਜਾਂਦਾ ਹੈ ਅਤੇ ਰਾਜਧਾਨੀ ਨੈਰੋਬੀ ਵਿੱਚ ਇੱਕ ਪੁਲਿਸ ਚੌਕੀ ਦੇ ਨੇੜੇ ਹੈ।

ਲਾਸ਼ਾਂ ਪੁਲਿਸ ਚੌਕੀ ਨੇੜੇ ਕਿਵੇਂ ਅਤੇ ਕਿੱਥੋਂ ਆਈਆਂ

ਕੀਨੀਆ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਕੂੜੇ ਦੇ ਢੇਰ ਵਿੱਚੋਂ ਲਾਸ਼ਾਂ ਲੱਭਣ ਵੇਲੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ

ਬਹੁਤ ਸਾਰੇ ਲੋਕਾਂ ਲਈ ਇਹ ਸਮਝਣਾ ਮੁਸ਼ਕਲ ਹੋ ਰਿਹਾ ਹੈ ਕਿ ਪੁਲਿਸ ਲਾਸ਼ਾਂ ਬਾਰੇ ਪਤਾ ਲਗਾਉਣ ਵਿੱਚ ਕਿਵੇਂ ਅਸਮਰੱਥ ਸੀ ਜਦਕਿ ਇਹ ਮੁਕੁਰੂ ਕਵਾ ਨਜੇਂਗਾ ਵਿੱਚ ਪੁਲਿਸ ਦੇ ਇੱਕ ਗੈਰ ਰਸਮੀ ਬੰਦੋਬਸਤ ਵਾਲੇ ਦਫ਼ਤਰ ਤੋਂ 100 ਮੀਟਰ (109 ਗਜ਼) ਦੂਰ ਸੀ।

ਸਥਾਨਕ ਲੋਕਾਂ ਨੇ ਜੁਰਮ ਨਾਲ ਨਜਿੱਠਣ ਵਿੱਚ ਅਫਸਰਾਂ ਦੀ "ਢਿੱਲ ਅਤੇ ਗੈਰ-ਪੇਸ਼ੇਵਰ ਰਵੱਈਏ" ਦੀ ਨਿਖੇਧੀ ਕੀਤੀ ਹੈ।

ਇਸ ਦੇ ਜਵਾਬ ਵਿੱਚ, ਕਾਰਜਕਾਰੀ ਪੁਲਿਸ ਮੁਖੀ ਡਗਲਸ ਕਾਂਜਾ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਘਟਨਾ ਵਾਲੀ ਥਾਂ ਦੇ ਨੇੜੇ ਕਵਾਰ ਪੁਲਿਸ ਚੌਕੀ ਦੇ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

ਇਹ ਸਪੱਸ਼ਟ ਨਹੀਂ ਹੈ ਕਿ ਕੀ ਉਨ੍ਹਾਂ ਤੋਂ ਇਸ ਬਾਰੇ ਸਵਾਲ ਹੋਇਆ ਕਿ ਆਖ਼ਿਰ ਇਨ੍ਹਾਂ ਮੌਤਾਂ 'ਤੇ ਧਿਆਨ ਕਿਉਂ ਨਹੀਂ ਦਿੱਤਾ ਗਿਆ ।

ਪਰ ਸੁਰੱਖਿਆ ਬਲਾਂ ਦੇ ਮਾੜੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਨੂੰ ਦੇਖਦੇ ਹੋਏ, ਪੁਲਿਸ 'ਤੇ ਨਿਗਰਾਨੀ ਰੱਖਣ ਵਾਲਿਆਂ ਨੇ ਕਿਹਾ ਕਿ ਉਹ ਇਹ ਸਥਾਪਿਤ ਕਰਨ ਲਈ ਮੁੱਢਲੀ ਜਾਂਚ ਕਰ ਰਹੇ ਹਨ ਕਿ ਕੀ ਕੋਈ ਪੁਲਿਸ ਕੁਨੈਕਸ਼ਨ ਸੀ।

ਬੀਬੀਸੀ ਪੰਜਾਬੀ ਦਾ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਹੋਰ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇੱਕ ਸ਼ਖ਼ਸ ਉਨ੍ਹਾਂ ਨੂੰ ਖੋਜਣ ਲਈ ਕਿਵੇਂ ਆਇਆ।

ਲਾਪਤਾ ਹੋਈ ਜੋਸੇਫੀਨ ਓਵਿਨੋ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ "ਸੁਪਨੇ ਵਿੱਚ" ਉਨ੍ਹਾਂ ਵਿੱਚੋਂ ਇੱਕ ਕੋਲ ਆਈ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਵੱਲ ਇਸ਼ਾਰਾ ਕਰਨ ਵਿੱਚ ਮਦਦ ਕੀਤੀ।

ਜੋਸੇਫੀਨ ਓਵਿਨੋ ਦੀ ਚਚੇਰੀ ਭੈਣ ਡਾਇਨਾ ਕੀਆ ਨੇ ਸਿਟੀਜ਼ਨ ਟੀਵੀ ਨੂੰ ਦੱਸਿਆ ਕਿ ਪਰਿਵਾਰ ਨੇ ਕੂੜੇ ਦੇ ਢੇਰ ਨੂੰ ਫਰੋਲਣ ਲਈ ਇੱਕ ਨੌਜਵਾਨ ਨੂੰ ਭੁਗਤਾਨ ਕੀਤਾ ।

ਇਸ ਤਰ੍ਹਾਂ ਸ਼ੁੱਕਰਵਾਰ ਨੂੰ ਨੌਂ ਬੁਰੀ ਤਰ੍ਹਾਂ ਨਾਲ ਕੱਟੀਆਂ ਹੋਈਆਂ ਲਾਸ਼ਾਂ ਮਿਲੀਆਂ। ਇਹ ਨਾਈਲੋਨ ਦੀਆਂ ਬੋਰੀਆਂ ਵਿੱਚ ਲਪੇਟੀਆਂ ਹੋਈਆਂ ਸਨ, ਜਿਸ ਨੂੰ ਰੱਸੀ ਨਾਲ ਬੰਨ੍ਹਿਆ ਹੋਇਆ ਸੀ।

ਪੁਲਿਸ ਦੇ ਪਹਿਲੇ ਬਿਆਨ ਵਿੱਚ ਕਿਹਾ ਕਿ ਜਨਤਾ ਵੱਲੋਂ "ਜਾਣਕਾਰੀ ਦਿੱਤੀ ਗਈ ਸੀ"।

ਅਪਰਾਧਿਤ ਜਾਂਚ ਡਾਇਰੈਕਟੋਰੇਟ ਦੇ ਮੁਖੀ ਮੁਹੰਮਦ ਅਮੀਨ ਨੇ ਕਿਹਾ, “ਅਸੀਂ ਸੁਪਨੇ ਵੇਖਣ ਵਾਲੇ ਨਹੀਂ ਹਾਂ ਅਤੇ ਅਸੀਂ ਸੁਪਨਿਆਂ ਵਿੱਚ ਵਿਸ਼ਵਾਸ ਨਹੀਂ ਕਰਦੇ ਹਾਂ।”

ਕਦੋਂ ਤੋਂ ਲਾਸ਼ਾਂ ਉੱਥੇ ਸੁੱਟੀਆਂ ਜਾ ਰਹੀਆਂ ਸਨ

ਪੁਲਿਸ ਨੇ ਕਿਹਾ ਕਿ ਬਰਾਮਦ ਕੀਤੀਆਂ ਲਾਸ਼ਾਂ ਸੜਨ ਦੇ ਵੱਖ-ਵੱਖ ਪੜਾਵਾਂ ਵਿੱਚ ਸਨ,ਜਿਸ ਤੋਂ ਪਤਾ ਲੱਗਦਾ ਹੈ ਕਿ ਪੀੜਤਾਂ ਨੂੰ ਵੱਖ-ਵੱਖ ਸਮੇਂ 'ਤੇ ਮਾਰਿਆ ਗਿਆ ਸੀ।

ਹੁਣ ਵਿਵਾਦਿਤ ਕਬੂਲਨਾਮੇ ਵਿੱਚ, ਪੁਲਿਸ ਦਾ ਕਹਿਣਾ ਹੈ ਕਿ ਕੌਲਿਨ ਜੁਮਾਇਸੀ ਖਾਲੁਸ਼ਾ ਨੇ ਕਥਿਤ ਤੌਰ 'ਤੇ ਦੋ ਸਾਲਾਂ ਦੇ ਅੰਦਰ ਔਰਤਾਂ ਦੇ ਕਤਲ ਕਰਨ ਦਾ ਇਲਜ਼ਾਮ ਕਬੂਲ ਕੀਤਾ ਹੈ।

ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਕੀ ਅਵਸ਼ੇਸ਼ਾਂ ਨੂੰ ਉਸ ਸਮੇਂ ਹੀ ਜਾਂ ਹਾਲ ਹੀ ਵਿੱਚ ਸੁੱਟਿਆ ਗਿਆ ਸੀ।

ਮਨੁੱਖੀ ਅਧਿਕਾਰ ਸਮੂਹ ਹਾਕੀ, ਅਫਰੀਕਾ ਦੇ ਕਾਰਜਕਾਰੀ ਨਿਰਦੇਸ਼ਕ ਹੁਸੈਨ ਖਾਲਿਦ ਨੇ ਬੀਬੀਸੀ ਨੂੰ ਦੱਸਿਆ ਕਿ ਪੁਲਿਸ ਵੱਲੋਂ ਘਟਨਾਵਾਂ ਬਾਬਤ ਪੇਸ਼ ਕੀਤੇ ਪੱਖ ਵਿੱਚ "ਬਹੁਤ ਸਾਰੀਆਂ ਖ਼ਾਮੀਆਂ" ਸਨ।

ਤੇਜ਼ੀ ਨਾਲ ਗ੍ਰਿਫ਼ਤਾਰੀ ਕਿਵੇਂ ਕੀਤੀ ਗਈ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਦੋ ਸਾਲਾਂ ਵਿੱਚ ਕਿਸੇ ਤਰ੍ਹਾਂ ਦੀ ਭਿਣਕ ਨਾ ਲੱਗਣ ਦੇ ਬਾਵਜੂਦ ਪੁਲਿਸ ਨੇ ਲਾਸ਼ਾਂ ਮਿਲਣ ਦੇ ਤਿੰਨ ਦਿਨ ਬਾਅਦ ਗ੍ਰਿਫ਼ਤਾਰੀ ਕਰ ਲਈ ।

ਸੋਮਵਾਰ ਨੂੰ ਪੁਲਿਸ ਨੇ ਦੱਸਿਆ ਕਿ ਖਾਲੁਸ਼ਾ ਨੂੰ ਯੂਰੋ ਫੁੱਟਬਾਲ ਦਾ ਆਖਰੀ ਮੈਚ ਦੇਖਦੇ ਹੋਏ ਸਵੇਰ ਵੇਲੇ ਇੱਕ ਬਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ ।

ਉਨ੍ਹਾਂ ਨੇ ਮੀਡੀਆ ਸਾਹਮਣੇ ਸ਼ੱਕੀ ਦੇ ਘਰ ਤੋਂ ਅਤੇ ਲਾਸ਼ਾਂ ਦੇ ਨੇੜਿਓਂ ਬਰਾਮਦ ਕੀਤੀਆਂ ਚੀਜ਼ਾਂ ਪੇਸ਼ ਕੀਤੀਆਂ, ਇਸ ਵਿੱਚ 10 ਫੋਨ, ਇੱਕ ਲੈਪਟਾਪ, ਪਛਾਣ ਪੱਤਰ ਅਤੇ ਔਰਤਾਂ ਦੇ ਕੱਪੜੇ ਸ਼ਾਮਲ ਹਨ।

ਪੁਲਿਸ ਨੇ ਕਿਹਾ ਕਿ ਇੱਕ ਕਥਿਤ ਪੀੜਤ ਦੇ ਮੋਬਾਈਲ ਫੋਨ ਦੀ ਜੀਓ-ਲੋਕੇਟਿੰਗ ਕਰਨ ਬਾਅਦ ਖਾਲੁਸ਼ਾ ਦੇ ਟਿਕਾਣੇ ਦਾ ਪਤਾ ਲਾਇਆ ਗਿਆ,ਖਾਲੂਸ਼ਾ ਦੇ ਵਕੀਲ ਨੇ ਸਬੂਤਾਂ ਦੀ ਯੋਗਤਾ 'ਤੇ ਸਵਾਲ ਚੁੱਕੇ ਹਨ।

ਪੀੜਤ ਕੌਣ ਸਨ

ਰੋਸੇਲਾਈਨ ਔਨਗੋਗੋ

ਤਸਵੀਰ ਸਰੋਤ, Ongogo Family

ਤਸਵੀਰ ਕੈਪਸ਼ਨ, ਰੋਸੇਲਾਈਨ ਔਨਗੋਗੋ ਦਾ ਪਰਿਵਾਰ ਹਫਤਿਆਂ ਤੋਂ ਉਨ੍ਹਾਂ ਦੀ ਤਲਾਸ਼ ਕਰ ਰਿਹਾ ਸੀ

ਹੁਣ ਤੱਕ ਜਿਸ ਲਾਸ਼ ਦੀ ਪਛਾਣ ਹੋ ਸਕੀ ਹੈ, ਉਹ 24 ਸਾਲ ਦੀ ਰੋਸੇਲਾਈਨ ਔਨਗੋਗੋ ਹਨ ।

ਉਨ੍ਹਾਂ ਦੇ ਭਰਾ ਇਮੈਨੁਅਲ ਔਨੋਗੋਗੋ ਨੇ ਬੀਬੀਸੀ ਨੂੰ ਦੱਸਿਆ ਕਿ 28 ਜੂਨ ਨੂੰ ਉਹ ਘਰ ਤੋਂ ਕਿਸੇ ਕੰਮ ਲਈ ਨਿਕਲੇ ਸਨ ਅਤੇ ਲਾਪਤਾ ਹੋ ਗਏ ।

ਉਸ ਨੇ ਕਿਹਾ ਕਿ ਜਦੋਂ ਪਤਾ ਲੱਗਿਆ ਕਿ ਮੁਕੁਰੂ ਵਿੱਚੋਂ ਲਾਸ਼ਾਂ ਮਿਲੀਆਂ ਹਨ ਤਾਂ ਪਰਿਵਾਰ ਮੁਰਦਾਘਰ ਪਹੁੰਚਿਆ ।

ਪਰਿਵਾਰ ਨੇ ਉਨ੍ਹਾਂ ਨੂੰ ਕੱਪੜਿਆਂ ਅਤੇ ਵਾਲਾਂ ਦੇ ਅੰਦਾਜ਼ ਤੋਂ ਪਛਾਣਿਆ ।

ਪੁਲਿਸ ਨੇ ਇਹ ਵੀ ਇਲਜ਼ਾਮ ਲਾਇਆ ਕਿ ਖਾਲੁਸ਼ਾ ਦੀ ਪਤਨੀ ਹੀ ਉਨ੍ਹਾਂ ਦੀ ਪਹਿਲੀ ਸ਼ਿਕਾਰ ਸੀ ਅਤੇ ਇਹ ਵੀ ਕਿਹਾ ਗਿਆ ਕਿ ਹੋਰ ਪੀੜਤਾਂ ਦੇ ਸਮਾਨ ਵਿੱਚੋਂ ਉਸ ਦਾ ਸ਼ਨਾਖ਼ਤੀ ਪੱਤਰ ਵੀ ਬਰਾਮਦ ਹੋਇਆ ।

ਓਵਿਨੋ ਦਾ ਪਰਿਵਾਰ, ਜਿਸ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਦੇ ਟਿਕਾਣੇ ਬਾਰੇ ਸੁਪਨਾ ਆਇਆ ਸੀ, ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਅਜੇ ਵੀ ਸ਼ਨਾਖ਼ਤ ਕਰਨ ਦਾ ਇੰਤਜ਼ਾਰ ਕਰ ਰਹੇ ਹਨ ।

ਪੁਲਿਸ ਨੇ ਔਰਤਾਂ ਦੀ ਸੁਰੱਖਿਆ ਬਾਰੇ ਕੀ ਕਿਹਾ

ਕੀਨੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਨਵਰੀ ਵਿੱਚ 20 ਸਾਲ ਦੀ ਰੀਟਾ ਵੇਨੀ ਦਾ ਨਿਰਦਈ ਤਰੀਕੇ ਨਾਲ ਕਤਲ ਹੋਇਆ ਸੀ ।

ਇਸ ਤਾਜ਼ਾ ਮਾਮਲੇ ਨੇ ਜਨਵਰੀ ਦੀ ਉਸ ਘਟਨਾ ਦਾ ਚੇਤਾ ਕਰਵਾ ਦਿੱਤਾ ਹੈ, ਜਦੋਂ 20 ਸਾਲ ਦੀ ਰੀਟਾ ਵੇਨੀ ਦਾ ਨਿਰਦੈਰਤਾ ਨਾਲ ਕਤਲ ਹੋਇਆ ਸੀ ।

ਉਸ ਦੀ ਗਲੀ-ਸੜੀ ਲਾਸ਼ ਨੈਰੋਬੀ ਦੇ ਇੱਕ ਕਿਰਾਏ ਦੇ ਮਕਾਨ ਵਿੱਚੋਂ ਮਿਲੀ ਸੀ ਅਤੇ ਇਹ ਮਾਮਲਾ ਅਜੇ ਤੱਕ ਸੁਲਝਿਆ ਨਹੀਂ ਹੈ ।

ਇਸ ਮੌਤ ਤੋਂ ਬਾਅਦ ਔਰਤਾਂ ਦੇ ਖ਼ਿਲਾਫ ਹੋਣ ਵਾਲੇ ਅਪਰਾਧਾਂ ਦੇ ਵਿਰੋਧ ਵਿੱਚ ਰੋਸ ਮੁਜ਼ਾਹਰੇ ਹੋਏ ਸਨ ।

ਐਮਨੈਸਟੀ ਇੰਟਰਨੈਸ਼ਨ ਨੇ ਕਿਹਾ ਕਿ 2016 ਤੋਂ 2023 ਦਰਮਿਆਨ ਕੀਨੀਆ ਵਿੱਚ 500 ਤੋਂ ਵੱਧ ਔਰਤਾਂ ਦੇ ਕਤਲਾਂ ਦੇ ਮਾਮਲੇ ਦਰਜ ਕੀਤੇ ਗਏ ।

ਕੂੜੇ ਵਿੱਚੋਂ ਮਿਲੀਆਂ ਸਾਰੀਆਂ ਲਾਸ਼ਾਂ ਔਰਤਾਂ ਦੀਆਂ ਹੀ ਹਨ ।

ਕੁਝ ਔਰਤ ਆਗੂ ਮੁਰਦਾਘਰ ਪਹੁੰਚੀਆਂ ਅਤੇ ਸਰਕਾਰ ਨੂੰ ਜਾਂਚ ਵਿੱਚ ਤੇਜ਼ੀ ਲਿਆਉਣ ਅਤੇ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਕਿਹਾ ।

ਪੁਲਿਸ ਤੋਂ ਪੁੱਛਿਆ ਗਿਆ ਕਿ ਔਰਤਾਂ ਦੇ ਕਤਲ ਅਤੇ ਔਰਤਾਂ ਖ਼ਿਲਾਫ ਹੋਣ ਵਾਲੇ ਅਪਰਾਧਾਂ ਬਾਰੇ ਉਹ ਕੀ ਕਰ ਰਹੇ ਹਨ।

ਪੁਲਿਸ ਦੇ ਬੁਲਾਰੇ ਰੀਸੀਲਾ ਔਨਯਾਨਗੋ ਨੇ ਕਿਹਾ, “ਉਹ ਇਸ ਮੁੱਦੇ ਨੂੰ ਖਾਸ ਤੌਰ 'ਤੇ ਕੁਝ ਨਹੀਂ ਕਹਿ ਸਕਦੇ, ਪਰ ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਪੁਲਿਸ ਦਾ ਕੰਮ "ਹਰ ਕਿਸੇ ਦੀ ਜਾਨ ਅਤੇ ਮਾਲ ਦੀ ਰੱਖਿਆ ਕਰਨਾ ਸੀ।''

ਪੁਲਿਸ 'ਤੇ ਨਿਗਰਾਨੀ ਉਦੋਂ ਹੁੰਦੀ ਹੈ ਜਦੋਂ ਕੀਨੀਆ ਦੇ ਅਫਸਰ ਹੈਤੀ ਪਹੁੰਚਦੇ ਹਨ, ਜਿੱਥੇ ਉਹ ਦੇਸ਼ ਦੇ ਤਾਕਤਵਰ ਗੈਂਗਜ਼ ਨਾਲ ਨਜਿੱਠਣ ਲਈ ਇੱਕ ਕੌਮਾਂਤਰੀ ਮਿਸ਼ਨ ਦੀ ਅਗਵਾਈ ਕਰ ਰਹੇ ਹਨ।

ਪੋਰਟ-ਓ-ਪ੍ਰਿੰਸ ਵਿੱਚ ਲਾਬੀ ਸਮੂਹਾਂ ਨੇ ਪਹਿਲਾਂ ਬੇਰਹਿਮੀ ਅਤੇ ਗੈਰ-ਨਿਆਇਕ ਕਤਲਾਂ ਦੇ ਦਾਅਵਿਆਂ ਨੂੰ ਲੈ ਕੇ ਅਫਸਰਾਂ ਦੀ ਭਰੋਸੇਯੋਗਤਾ 'ਤੇ ਸਵਾਲ ਚੁੱਕੇ ਹਨ, ਜਿਸ ਨੂੰ ਕੀਨੀਆ ਦੀ ਸਰਕਾਰ ਨੇ ਹਮੇਸ਼ਾ ਦਰਕਿਨਾਰ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)