ਚਾਰਲਸ ਸ਼ੋਭਰਾਜ: ਕਿਸੇ ਸੀਰੀਅਲ ਕਿਲਰ ਨੂੰ ਛੱਡਣਾ ਸੁਰੱਖਿਅਤ ਹੈ ਜਾਂ ਨਹੀਂ, ਇਸ ਦਾ ਫੈਸਲਾ ਕਿਵੇਂ ਹੋਵੇ

ਤਸਵੀਰ ਸਰੋਤ, Getty Images
- ਲੇਖਕ, ਸਵਾਮੀਨਾਥਨ ਨਟਰਾਜਨ
- ਰੋਲ, ਬੀਬੀਸੀ ਨਿਊਜ਼
''ਇੱਕ ਸੀਰੀਅਲ ਕਿਲਰ ਨੂੰ ਕਦੇ ਵੀ ਜੇਲ੍ਹ 'ਚੋਂ ਰਿਹਾਅ ਨਹੀਂ ਹੋਣਾ ਚਾਹੀਦਾ ਸੀ।''
ਇਹ ਕਹਿਣਾ ਹੈ 85 ਸਾਲਾ ਸੇਵਾਮੁਕਤ ਪੁਲਿਸ ਅਧਿਕਾਰੀ ਮਧੂਕਰ ਜ਼ੇਂਡੇ ਦਾ, ਜਿਨ੍ਹਾਂ ਨੇ ਸਾਲ 1986 'ਚ ਗੋਆ ਵਿੱਚ ਫਰਾਂਸੀਸੀ ਸੀਰੀਅਲ ਕਿਲਰ ਚਾਰਲਸ ਸ਼ੋਭਰਾਜ ਨੂੰ ਗ੍ਰਿਫਤਾਰ ਕਰਨ ਵਾਲੀ ਟੀਮ ਦੀ ਅਗਵਾਈ ਕੀਤੀ ਸੀ।
1975 ਵਿੱਚ ਕਾਠਮਾਂਡੂ ਵਿੱਚ ਦੋ ਸੈਲਾਨੀਆਂ ਦੇ ਕਤਲ ਦੇ ਦੋਸ਼ ਵਿੱਚ ਚਾਰਲਸ ਸ਼ੋਭਰਾਜ ਨੇ ਨੇਪਾਲ ਵਿੱਚ 19 ਸਾਲ ਜੇਲ੍ਹ ਵਿੱਚ ਬਿਤਾਏ ਹਨ।
ਇਸ ਤੋਂ ਇਲਾਵਾ ਉਸ ਨੇ ਫਰਾਂਸੀਸੀ ਸੈਲਾਨੀਆਂ ਨਾਲ ਭਰੀ ਇੱਕ ਬੱਸ ਨੂੰ ਜ਼ਹਿਰ ਦੇਣ ਦੇ ਮਾਮਲੇ 'ਚ ਭਾਰਤ ਵਿੱਚ ਵੀ 20 ਸਾਲ ਜੇਲ੍ਹ ਵਿੱਚ ਵੀ ਬਿਤਾਏ ਸਨ।
ਸ਼ੋਭਰਾਜ ਦਾ ਨਾਮ 1972 ਅਤੇ 1982 ਦੇ ਵਿਚਕਾਰ 20 ਤੋਂ ਵੱਧ ਕਤਲਾਂ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਪੀੜਤਾਂ ਵਿੱਚ ਜ਼ਿਆਦਾਤਰ ਨੌਜਵਾਨ ਔਰਤਾਂ ਸਨ ਜੋ ਭਾਰਤ ਅਤੇ ਥਾਈਲੈਂਡ ਵਿੱਚ ਹਿੱਪੀ ਟ੍ਰੇਲ (ਇੱਕ ਪ੍ਰਕਾਰ ਦੀ ਯਾਤਰਾ) 'ਤੇ ਸਨ।
ਇਨ੍ਹਾਂ ਸਾਰੇ ਮਾਮਲਿਆਂ ਵਿੱਚ ਪੀੜਤਾਂ ਨੂੰ ਨਸ਼ੀਲੇ ਪਦਾਰਥਾਂ ਪਿਲਾ ਕੇ ਦਮ ਘੋਟਿਆ ਗਿਆ ਸੀ, ਕੁੱਟਿਆ ਗਿਆ ਸੀ ਜਾਂ ਸਾੜ ਦਿੱਤਾ ਗਿਆ ਸੀ।

ਤਸਵੀਰ ਸਰੋਤ, Getty Images
ਹਾਲ ਹੀ ਵਿੱਚ ਬੀਬੀਸੀ/ਨੈੱਟਫਲਿਕਸ ਸਹਿ-ਨਿਰਮਿਤ ਇੱਕ ਕ੍ਰਾਈਮ ਸੀਰੀਜ਼ ਨਾਲ ਚਾਰਲਸ ਸ਼ੋਭਰਾਜ ਕਾਫ਼ੀ ਚਰਚਾ ਵਿੱਚ ਆਇਆ ਹੈ।
ਸ਼ੋਭਰਾਜ ਹੁਣ 78 ਸਾਲ ਦਾ ਹੋ ਚੁੱਕਿਆ ਹੈ ਤੇ ਲੰਘੀ 21 ਦਸੰਬਰ ਨੂੰ, ਨੇਪਾਲ ਦੀ ਸੁਪਰੀਮ ਕੋਰਟ ਨੇ ਉਸ ਦੀ ਉਮਰ ਅਤੇ ਚੰਗੇ ਵਿਵਹਾਰ ਦੇ ਮੱਦੇਨਜ਼ਰ ਉਸ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ।
ਸ਼ੋਭਰਾਜ ਨੇ ਆਪਣੇ ਜੀਵਨ ਦੇ ਪਿਛਲੇ ਚਾਲੀ ਸਾਲਾਂ ਦਾ ਜ਼ਿਆਦਾਤਰ ਸਮਾਂ ਜੇਲ੍ਹ ਵਿੱਚ ਬਿਤਾਇਆ ਹੈ ਤੇ ਹੁਣ ਉਹ ਰਿਹਾਅ ਹੋ ਰਿਹਾ ਹੈ।
ਇਸ ਮਾਮਲੇ 'ਚ ਸਾਬਕਾ ਪੁਲਿਸ ਅਧਿਕਾਰੀ ਜ਼ੇਂਡੇ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਉਸ ਵਰਗੇ ਸੀਰੀਅਲ ਕਿਲਰਜ਼ ਦੀ ਰਿਹਾਈ ਨੂੰ ਰੋਕਣ ਲਈ ਹੋਰ ਕਦਮ ਚੁੱਕਣ ਦੀ ਲੋੜ ਹੈ।
ਪਰ ਸੀਰੀਅਲ ਕਿਲਰ ਨੂੰ ਰਿਹਾਅ ਕਰਨ ਜਾਂ ਨਾ ਕਰਨ ਦਾ ਫੈਸਲਾ ਕਿਵੇਂ ਕੀਤਾ ਜਾਂਦਾ ਹੈ?

ਚਾਰਲਸ ਸ਼ੋਭਰਾਜ ਕੇਸ 'ਤੇ ਇੱਕ ਨਜ਼ਰ
- ਚਾਰਸਲ ਸ਼ੋਭਰਾਜ ‘ਬਿਕਨੀ ਕਿਲਰ’ ਵੱਜੋਂ ਮਸ਼ਹੂਰ ਹੈ ਅਤੇ ਉਸ ਉਪਰ 20 ਤੋਂ ਵੱਧ ਕਤਲਾਂ ਦੇ ਇਲਜ਼ਾਮ ਲੱਗੇ
- ਸ਼ੋਭਰਾਜ ‘ਤੇ ਭਾਰਤ, ਥਾਈਲੈਂਡ, ਨੇਪਾਲ, ਤੁਰਕੀ ਅਤੇ ਈਰਾਨ ਵਿੱਚ ਹੱਤਿਆਵਾਂ ਦੇ ਦੋਸ਼ ਸਨ
- ਸ਼ੋਭਰਾਜ ਦਿੱਲੀ ਦੀ ਤਿਹਾੜ ਜੇਲ੍ਹ ਵਿੱਚੋਂ ਭੱਜ ਨਿਕਲਿਆ ਸੀ ਅਤੇ ਗੇਟ 'ਤੇ ਫੋਟੋ ਵੀ ਕਰਵਾਈ ਸੀ
- ਉਹ ਭਾਰਤ ਤੋਂ ਇਲਾਵਾ ਅਫ਼ਗਾਨਿਸਤਾਨ, ਗ੍ਰੀਸ ਤੇ ਈਰਾਨ ਦੀਆਂ ਜੇਲ੍ਹਾਂ ‘ਚੋਂ ਵੀ ਚਕਮਾ ਦੇ ਕੇ ਬਾਹਰ ਆ ਚੁੱਕਿਆ ਹੈ
- ਨੇਪਾਲ ਵਿੱਚ 2004 ‘ਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ

ਕਿਹੜੇ ‘ਘਿਨਾਉਣੇ ਅਪਰਾਧ’ ਕੀਤੇ
ਲੰਮੀ ਸਜ਼ਾ ਕੱਟ ਰਹੇ ਲੋਕਾਂ ਦੇ ਵਕੀਲ ਆਮ ਤੌਰ 'ਤੇ ਕੈਦੀ ਦੀ ਉਮਰ, ਜੇਲ੍ਹ ਵਿੱਚ ਬਿਤਾਇਆ ਲੰਮਾ ਸਮਾਂ ਅਤੇ ਮਾੜੀ ਸਿਹਤ ਦਾ ਹਵਾਲਾ ਦਿੰਦੇ ਹੋਏ ਆਪਣੇ ਮੁਵੱਕਲਾਂ ਦੀ ਰਿਹਾਈ ਲਈ ਦਬਾਅ ਪਾਉਂਦੇ ਹਨ।
ਹਾਲਾਂਕਿ, ਅਕਸਰ ਹੀ ਦੂਜੇ ਪੱਖ ਦੇ ਵਕੀਲ ਅਤੇ ਪੀੜਤ ਪਰਿਵਾਰ ਅਜਿਹੀ ਰਿਹਾਈ ਦਾ ਵਿਰੋਧ ਕਰਦੇ ਹਨ।
ਅਜਿਹੇ ਮੁੱਦੇ ਕਾਫ਼ੀ ਜਜ਼ਬਾਤੀ ਹੁੰਦੇ ਹਨ ਤੇ ਇਸ ਗੱਲ 'ਤੇ ਘੱਟ ਹੀ ਸਹਿਮਤੀ ਹੋ ਪਾਉਂਦੀ ਹੈ ਕਿ ਘਿਨਾਉਣੇ ਅਪਰਾਧਾਂ ਦੇ ਦੋਸ਼ੀ ਕੈਦੀ ਨੂੰ ਕਦੋਂ ਅਤੇ ਕਿਸ ਆਧਾਰ 'ਤੇ ਰਿਹਾਅ ਕੀਤਾ ਜਾ ਸਕਦਾ ਹੈ, ਇੱਥੋਂ ਤੱਕ ਕਿ ਕਾਨੂੰਨੀ ਮਾਹਿਰ ਵੀ ਇਸ ਗੱਲ 'ਤੇ ਸਹਿਮਤ ਨਹੀਂ ਪਾਉਂਦੇ।
ਖ਼ਬਰ ਏਜੰਸੀ ਏਐੱਫਪੀ ਮੁਤਾਬਕ, ਸ਼ੋਭਰਾਜ ਦੇ ਮਾਮਲੇ ਵਿੱਚ ਨੇਪਾਲ ਦੀ ਸੁਪਰੀਮ ਕੋਰਟ ਨੇ ਪਾਇਆ ਕਿ ਉਸ ਨੂੰ "ਲਗਾਤਾਰ ਜੇਲ੍ਹ ਵਿੱਚ ਰੱਖਣਾ, ਕੈਦੀ ਦੇ ਮਨੁੱਖੀ ਅਧਿਕਾਰਾਂ ਦੇ ਅਨੁਸਾਰ ਨਹੀਂ ਹੈ।"
ਉਸ ਦੀ ਰਿਹਾਈ ਵਿੱਚ ਦਿਲ ਦੀ ਬਿਮਾਰੀ ਦੇ ਨਿਯਮਿਤ ਇਲਾਜ ਦਾ ਵੀ ਹਵਾਲਾ ਦਿੱਤਾ ਗਿਆ ਸੀ।
ਪਰ ਜ਼ੇਂਡੇ ਅਦਾਲਤ ਦੇ ਇਸ ਫੈਸਲੇ ਤੋਂ ਨਾਖੁਸ਼ ਹਨ।
ਉਨ੍ਹਾਂ ਕਿਹਾ, "ਮੈਂ ਉਸ ਵਰਗਾ ਅਪਰਾਧੀ ਕਦੇ ਨਹੀਂ ਦੇਖਿਆ। ਉਸ ਨੇ ਕਈ ਦੇਸ਼ਾਂ ਵਿੱਚ 40 ਤੋਂ ਵੱਧ ਔਰਤਾਂ ਦੇ ਕਤਲ ਕਰਨ ਦੀ ਗੱਲ ਕਬੂਲੀ ਹੈ।''
"ਉਸ ਦਾ ਪਿਛਲਾ ਰਿਕਾਰਡ ਇੱਕ ਪੈਟਰਨ ਦਰਸਾਉਂਦਾ ਹੈ। ਉਸ ਨੇ ਕੁੜੀਆਂ ਨਾਲ ਦੋਸਤੀ ਕੀਤੀ, ਉਨ੍ਹਾਂ ਨੂੰ ਲੁਭਾਇਆ, ਉਨ੍ਹਾਂ ਨੂੰ ਨਸ਼ਾ ਦਿੱਤਾ ਅਤੇ ਮਾਰ ਦਿੱਤਾ। ਉਹ ਸਮਾਜ ਲਈ ਖ਼ਤਰਾ ਹੈ।"

ਸ਼ੋਭਰਾਜ ਨੇ ਦੋ ਮਾਮਲਿਆਂ ਵਿੱਚ 20-20 ਸਾਲ ਦੀ ਸਜ਼ਾ ਕੱਟੀ ਹੈ। ਇੱਕ ਮਾਮਲਾ ਇੱਕ ਅਮਰੀਕੀ ਔਰਤ ਕੋਨੀ ਜੋ ਬ੍ਰੌਂਜਿਚ ਦੇ ਕਤਲ ਦਾ ਅਤੇ ਦੂਜਾ ਮਾਮਲਾ ਉਸ ਦੀ ਕੈਨੇਡੀਅਨ ਬੈਕਪੈਕਰ ਦੋਸਤ, ਲੌਰੇਂਟ ਕੈਰੀਏਰ ਦੇ ਕਤਲ ਦਾ ਹੈ।
ਜੇਂਡੇ ਦਾ ਮੰਨਣਾ ਹੈ ਕਿ ਸ਼ੋਭਰਾਜ ਨੇ ਜੋ ਜੁਰਮ ਕੀਤੇ ਹਨ, ਉਨ੍ਹਾਂ ਲਈ ਉਸ ਨੂੰ ਉਚਿਤ ਸਜ਼ਾ ਨਹੀਂ ਮਿਲੀ ਹੈ।
ਉਹ ਕਹਿਦੇ ਹਨ, "ਵਾਈਨ, ਦੌਲਤ ਅਤੇ ਔਰਤਾਂ, ਇਹ ਉਹ ਆਮ ਕਾਰਨ ਹਨ ਜੋ ਇੱਕ ਆਦਮੀ ਨੂੰ ਕਾਤਲ ਬਣਾਉਂਦੇ ਹਨ। ਜੇਕਰ ਕਿਸੇ ਵਿਅਕਤੀ ਨੇ ਇੱਕ ਜਾਂ ਦੋ ਕਤਲ ਕੀਤੇ ਹਨ, ਤਾਂ ਹੋ ਸਕਦਾ ਹੈ ਕਿ ਲੰਬੀ ਕੈਦ ਉਸ ਨੂੰ ਬਦਲ ਦੇਵੇ।''
'ਬਦਲਾ ਲੈਣਾ ਹੀ ਨਿਆਂ ਨਹੀਂ'

ਤਸਵੀਰ ਸਰੋਤ, Anoop Surendranath
ਮਨੁੱਖੀ ਅਧਿਕਾਰਾਂ ਦੀ ਰੱਖਿਆ ਸਬੰਧੀ ਕੰਮ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਅਪਰਾਧਿਕ ਨਿਆਂ ਪ੍ਰਣਾਲੀ ਬਹੁਤ ਸਮਾਂ ਬਣਾਈ ਗਈ ਹੈ, ਜਦੋਂ ਅੱਖ ਦੇ ਬਦਲੇ ਅੱਖ ਭਾਵ ਬਦਲੇ ਦੀ ਭਾਵਨਾ ਵਾਲੀ ਚੀਜ਼ ਨਹੀਂ ਸੀ।
ਡਾਕਟਰ ਅਨੂਪ ਸੁਰੇਂਦਰਨਾਥ ਨੈਸ਼ਨਲ ਲਾਅ ਯੂਨੀਵਰਸਿਟੀ, ਦਿੱਲੀ ਵਿਖੇ ਕਾਨੂੰਨ ਦੇ ਪ੍ਰੋਫੈਸਰ ਅਤੇ ਇੱਕ ਕ੍ਰਿਮੀਨਲ ਜਸਟਿਸ ਪ੍ਰੋਗਰਾਮ - ਪ੍ਰੋਜੈਕਟ 39 ਦੇ ਐਗਜ਼ੀਕੇਟਿਵ ਡਾਇਰੈਕਟਰ ਹਨ।
ਉਹ ਕਹਿੰਦੇ ਹਨ, "ਅਸੀਂ ਇਸ ਸਥਿਤੀ ਲਈ ਬਹਿਸ ਨਹੀਂ ਕਰ ਸਕਦੇ ਕਿ ਕੁਝ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਸਾਰੇ ਵਿਅਕਤੀਆਂ ਨੂੰ ਕਿਸੇ ਵੀ ਸਥਿਤੀ ਵਿੱਚ ਜੇਲ੍ਹ ਤੋਂ ਰਿਹਾਅ ਨਹੀਂ ਕੀਤਾ ਜਾਣਾ ਚਾਹੀਦਾ ਹੈ। ਸੁਧਾਰ ਅਤੇ ਮੁੜ ਵਸੇਬੇ ਲਈ ਵਚਨਬੱਧਤਾ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।''
ਡਾਕਟਰ ਅਨੂਪ ਕਹਿੰਦੇ ਹਨ ਕਿ ਭਾਰਤ ਵਿੱਚ ਅਕਸਰ ਸਖ਼ਤ ਅਤੇ ਲੰਬੀਆਂ ਸਜ਼ਾਵਾਂ ਲਈ ਦਬਾਅ ਪਾਇਆ ਜਾਂਦਾ ਹੈ।
"ਭਾਰਤੀ ਜੇਲ੍ਹਾਂ ਵਿੱਚ ਪੈਰੋਲ, ਫਰਲੋ ਅਤੇ ਮੁਆਫ਼ੀ ਲਈ ਦੀਆਂ ਪ੍ਰਕਿਰਿਆਵਾਂ ਵਿੱਚ ਬਹੁਤ ਘੱਟ ਪਾਰਦਰਸ਼ਤਾ ਹੈ।"


"ਇਹ ਇੱਕ ਦੁਖਦਾਈ ਸਮੱਸਿਆ ਹੈ - ਅਸੀਂ ਜਾਣਦੇ ਹਾਂ ਕਿ ਸਾਡੀਆਂ ਜੇਲ੍ਹਾਂ ਕਿਸੇ ਵੀ ਢੰਗ ਨਾਲ ਸੁਧਾਰ ਅਤੇ ਮੁੜ ਵਸੇਬੇ ਦੀ ਅਰਥਪੂਰਨ ਸਹੂਲਤ ਨਹੀਂ ਦਿੰਦੀਆਂ, ਅਤੇ ਫਿਰ ਅਸੀਂ ਦੇਖਦੇ ਹਾਂ ਕਿ ਰਾਜ ਦੀ ਅਸਫਲਤਾ ਦੀ ਦਲੀਲ ਇਸ ਲਈ ਵਰਤੀ ਜਾ ਰਹੀ ਹੈ ਕਿ ਕੁਝ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਲੋਕਾਂ ਨੂੰ ਰਿਹਾਅ ਨਹੀਂ ਕੀਤਾ ਜਾਣਾ ਚਾਹੀਦਾ।"
ਡਾਕਟਰ ਅਨੂਪ ਮੁਤਾਬਕ, ਸਜ਼ਾ ਹੀ ਨਿਆਂ ਦੇਣ ਦਾ ਇੱਕੋ ਇੱਕ ਰਸਤਾ ਨਹੀਂ ਹੈ।
ਉਹ ਕਹਿੰਦੇ ਹਨ, "ਇਹ ਗਲਤ ਸਮੀਕਰਨ ਹਨ। ਅਸੀਂ ਅਪਰਾਧੀਆਂ ਦੀ ਸਥਾਈ ਕੈਦ ਨੂੰ ਪੀੜਤਾਂ ਲਈ ਨਿਆਂ ਵਜੋਂ ਨਹੀਂ ਦੇਖ ਸਕਦੇ। ਜਦੋਂ ਕੋਈ ਜੁਰਮ ਵਾਪਰਦਾ ਹੈ, ਤਾਂ ਰਾਜ ਅਤੇ ਸਮਾਜ ਪੀੜਤ ਅਤੇ ਅਪਰਾਧੀ ਦੋਵਾਂ ਦੇ ਮਾਮਲੇ ਵਿੱਚ ਫੇਲ੍ਹ ਹੁੰਦੇ ਹਨ।''
"ਰਾਜ ਦੀ ਪੀੜਤਾਂ ਅਤੇ ਅਪਰਾਧੀਆਂ ਦੋਵਾਂ ਪ੍ਰਤੀ ਜ਼ਿੰਮੇਵਾਰੀ ਹੈ ਅਤੇ ਰਾਜ ਪੀੜਤਾਂ ਦੇ ਦੁੱਖ ਨੂੰ ਜਾਇਜ਼ ਨਹੀਂ ਠਹਿਰਾ ਸਕਦਾ ਹੈ ਤਾਂ ਜੋ ਸਿਰਫ਼ ਬਦਲਾ ਲੈਣ ਵਾਲੀ ਅਪਰਾਧਿਕ ਨਿਆਂ ਪ੍ਰਣਾਲੀ ਦੀ ਸਥਾਪਨਾ ਕੀਤੀ ਜਾ ਸਕੇ।''
'ਅਸੀਂ ਪਰਿਵਾਰਾਂ ਦੇ ਕਰਜ਼ਦਾਰ ਹਾਂ'

ਤਸਵੀਰ ਸਰੋਤ, Serena Simmons
ਬ੍ਰਿਟੇਨ ਦੀ ਨੌਟਿੰਘਮ ਟ੍ਰੇਂਟ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੀ ਸੀਨੀਅਰ ਲੈਕਚਰਾਰ ਸੇਰੇਨਾ ਸਿਮੰਸ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਸ਼ੋਭਰਾਜ ਦੇ ਮਾਮਲੇ ਵਿੱਚ ਉਸ ਨੂੰ ਰਿਹਾਅ ਨਹੀਂ ਕੀਤਾ ਜਾਣਾ ਚਾਹੀਦਾ ਸੀ।
ਉਨ੍ਹਾਂ ਕਿਹਾ, "ਇਹ ਉਸ ਦੇ ਪੀੜਤਾਂ ਦੇ ਪਰਿਵਾਰਾਂ ਦਾ ਪੂਰੀ ਤਰ੍ਹਾਂ ਨਿਰਾਦਰ ਹੈ। ਉਹ ਸਪਸ਼ਟ ਤੌਰ 'ਤੇ ਇੱਕ ਖ਼ਤਰਨਾਕ ਵਿਅਕਤੀ ਹੈ ਜਿਸ ਨੇ ਕਤਲ ਕਰਨ ਨੂੰ ਆਪਣਾ ਕਰੀਅਰ ਬਣਾਇਆ ਅਤੇ ਅਜਿਹਾ ਕਰਨ ਵਿੱਚ ਖੁਸ਼ੀ ਪ੍ਰਾਪਤ ਕੀਤੀ।''
ਸਿਮੰਸ ਨੇ ਯੂਕੇ ਵਿੱਚ ਬਹੁਤ ਸਾਰੇ ਸੀਰੀਅਲ ਕਿਲਰਜ਼ ਦੇ ਮਾਨਸਿਕ ਮੇਕ-ਅੱਪ ਦਾ ਅਧਿਐਨ ਕੀਤਾ ਹੈ (ਉਹ ਕਾਤਲ ਜਿਨ੍ਹਾਂ ਨੇ ਇੱਕ ਵਿਸ਼ੇਸ਼ ਸਮੇਂ ਦਾ ਫਰਕ ਰੱਖਦੇ ਹੋਏ ਤਿੰਨ ਜਾਂ ਵੱਧ ਲੋਕਾਂ ਨੂੰ ਮਾਰਿਆ ਸੀ)।
ਸਿਮੰਸ ਨੇ ਕਿਹਾ, "ਇੱਕ ਸੀਰੀਅਲ ਕਿਲਰ ਦੀ ਖਾਸ ਪ੍ਰੋਫਾਈਲ (ਨਮੂਨੇ ਦੇ ਤੌਰ 'ਤੇ) 23 ਤੋਂ 35 ਸਾਲ ਦੀ ਉਮਰ ਦੇ ਵਿਚਕਾਰ, ਮਰਦ ਅਤੇ ਬੁੱਧੀਮਾਨ ਜਾਂ 'ਸਟ੍ਰੀਟ ਸਮਾਰਟ' ਹੁੰਦੀ ਹੈ।''
''ਪੀੜਤਾਂ ਨੂੰ ਲੁਭਾਉਣ ਲਈ ਇਹ ਇੱਕ ਖਾਸ ਪੱਧਰ ਦੀ ਸੂਝ ਦੀ ਲੋੜ ਹੁੰਦੀ ਹੈ। ਅਜਿਹਾ ਕਰਨ ਲਈ, ਸੀਰੀਅਲ ਕਿਲਰ ਆਪਣੀ ਤੌਰ-ਤਰੀਕਿਆਂ 'ਤੇ ਪੂਰਾ ਧਿਆਨ ਦਿੰਦੇ ਹਨ ਅਤੇ ਇਸ ਤਰ੍ਹਾਂ ਆਪਣੇ ਪੀੜਤਾਂ ਨੂੰ ਆਪਣੇ ਵੱਲ ਖਿੱਚਣ ਅਤੇ ਆਕਰਸ਼ਿਤ ਕਰਨ ਲਈ 'ਬਿਹਤਰ' ਬਣ ਜਾਂਦੇ ਹਨ।"

ਤਾਂ ਕੀ ਸੀਰੀਅਲ ਕਿਲਰਜ਼ ਨੂੰ ਕਦੇ ਰਿਹਾਅ ਕਰਨਾ ਚਾਹੀਦਾ ਹੈ?
ਇਸ ਬਾਰੇ ਸਿਮੰਸ ਚਾਰ ਕਾਰਕਾਂ 'ਤੇ ਵਿਚਾਰ ਕਰਨ ਦਾ ਸੁਝਾਅ ਦਿੰਦੇ ਹਨ:
- ਪੀੜਤਾਂ ਦੀ ਗਿਣਤੀ ਕਿੰਨੀ ਸੀ?
- ਕੀ ਜਿਨਸੀ ਹਮਲੇ ਦਾ ਕੋਈ ਸਬੂਤ ਸੀ?
- ਅਪਰਾਧਾਂ ਵਿੱਚ ਕਿੰਨੀ ਯੋਜਨਾਬੰਦੀ ਅਤੇ ਪ੍ਰਬੰਧ ਕੀਤਾ ਗਿਆ? ਕੀ ਉਨ੍ਹਾਂ ਨੇ ਆਪਣੇ ਕਦਮਾਂ ਨੂੰ ਲੁਕਾਉਣ/ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ?
- ਕੀ ਮਾਨਸਿਕ ਸਿਹਤ ਸਮੱਸਿਆਵਾਂ ਦਾ ਕੋਈ ਸਬੂਤ ਹੈ?

ਸਿਮੰਸ ਦਾ ਮੰਨਣਾ ਹੈ ਕਿ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਕੋਈ ਵੀ ਨਰਮੀ ਦਿਖਾਉਣ ਤੋਂ ਪਹਿਲਾਂ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ।
ਉਨ੍ਹਾਂ ਮੁਤਾਬਕ, "ਸੀਰੀਅਲ ਕਿਲਰ ਗੁੰਝਲਦਾਰ ਵਿਅਕਤੀ ਹੁੰਦੇ ਹਨ ਅਤੇ ਇਸਲਈ ਖ਼ਤਰਨਾਕ ਵੀ ਹੁੰਦੇ ਹਨ। ਬਹੁਤ ਸਾਰੇ ਕਾਤਲ ਇੱਕ ਤੀਬਰ ਡਰਾਈਵ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਕਤਲ ਕਰਨਾ ਚਾਹੁੰਦੇ ਹਨ।''
''ਜਿਹੜੇ ਬਹੁਤ ਹੀ ਦਿਮਾਗੀ ਤੌਰ 'ਤੇ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੇ ਹਨ, ਆਪਣੇ ਰਿਕਾਰਡ ਨੂੰ ਲੁਕਾਉਂਦੇ ਹਨ ਅਤੇ ਆਪਣੇ ਅਪਰਾਧਾਂ ਦੀ ਯੋਜਨਾ ਬਣਾਉਣ ਅਤੇ ਉਨ੍ਹਾਂ ਨੂੰ ਅੰਜਾਮ ਦੇਣ ਵਿੱਚ ਸਮਾਂ ਬਿਤਾਉਂਦੇ ਹਨ, ਮੇਰੀ ਰਾਏ ਵਿੱਚ ਉਹ ਸਮਰੱਥ ਹੋਣ ਦੇ ਬਹੁਤ ਘੱਟ ਸਬੂਤ ਦਿਖਾਉਂਦੇ ਹਨ ਤਾਂ ਜੋ ਉਸ ਤਰ੍ਹਾਂ ਦਾ ਸੁਧਾਰ ਨਜ਼ਰ ਆਵੇ ਕਿ ਉਹ ਸਮਾਜ ਵਿੱਚ ਵਾਪਸ ਛੱਡੇ ਜਾਣ ਲਈ 'ਸੁਰੱਖਿਅਤ' ਸਨ।"
ਉਹ ਮੰਨਦੇ ਹਨ ਕਿ ਇਸ ਕੇਸ ਵਿੱਚ, ਮਾਰਨ ਦੀ ਇੱਛਾ ਇੰਮਪਲਸਿਵ (ਰੁਕ-ਰੁਕ ਕੇ ਆਉਣ ਵਾਲੀ ਇੱਕ ਲਹਿਰ ਵਾਂਗ) ਹੈ ਅਤੇ ਇਸ ਨੂੰ ਚਾਲੂ ਜਾਂ ਬੰਦ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਅਨੁਸਾਰ, "ਬਹੁਤ ਸਾਰੇ (ਦੋਸ਼ੀ) ਪਛਤਾਵੇ ਦੇ ਕੋਈ ਸੰਕੇਤ ਨਹੀਂ ਦਿਖਾਉਂਦੇ - ਉਹ ਸਿਰਫ ਇਸ ਗੱਲ ਲਈ ਪਛਤਾਵਾ ਕਰਦੇ ਹਨ ਕਿ ਉਹ ਫੜ੍ਹੇ ਗਏ ਹਨ।"

ਤਸਵੀਰ ਸਰੋਤ, Getty Images
ਯੂਕੇ ਵਿੱਚ ਸੀਰੀਅਲ ਕਿਲਰਜ਼ ਨੂੰ ਪੂਰੀ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਜਿਸ ਦਾ ਮਤਲਬ ਹੈ ਕਿ ਉਹ ਕਦੇ ਵੀ ਰਿਹਾਅ ਨਹੀਂ ਹੋ ਸਕਦੇ।
ਪਰ ਸਿਮੰਸ ਦੱਸਦੇ ਹਨ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਅਜਿਹੇ ਦੋਸ਼ੀ ਬਾਹਰ ਨਿਕਲਦੇ ਹਨ ਕਿਉਂਕਿ ਸ਼ੋਭਰਾਜ ਵਾਂਗ ਉਨ੍ਹਾਂ ਨੂੰ ਹਰ ਉਸ ਅਪਰਾਧ ਲਈ ਸਜ਼ਾ ਨਹੀਂ ਮਿਲਦੀ ਜੋ ਉਨ੍ਹਾਂ ਨੇ ਕੀਤਾ ਹੈ।
ਉਨ੍ਹਾਂ ਦੇ ਕੁਝ ਹੀ ਜੁਰਮ ਮੁਕੱਦਮੇ ਦੇ ਕਿਸੇ ਪੜਾਅ 'ਤੇ ਪਹੁੰਚ ਪਾਉਂਦੇ ਹਨ ਅਤੇ ਕਈਆਂ ਨੂੰ ਤਾਂ ਸਬੂਤਾਂ ਦੀ ਘਾਟ ਜਾਂ ਮਜ਼ਬੂਤ ਕਾਨੂੰਨੀ ਬਚਾਅ ਦੇ ਕਾਰਨ ਦੋਸ਼ੀ ਹੀ ਨਹੀਂ ਠਹਿਰਾਇਆ ਜਾਂਦਾ ਹੈ।
ਜ਼ੇਂਡੇ ਭਾਰਤ ਅਤੇ ਹੋਰ ਥਾਵਾਂ 'ਤੇ ਵੀ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਬਦਲਾਅ ਦੇਖਣਾ ਚਾਹੁੰਦੇ ਹਨ ਜੋ ਅਜਿਹੇ ਅਪਰਾਧੀਆਂ ਨੂੰ ਬੁਢਾਪੇ ਜਾਂ ਸਿਹਤ ਸਮੱਸਿਆਵਾਂ ਕਾਰਨ ਜੇਲ੍ਹ ਤੋਂ ਬਾਹਰ ਜਾਣ ਤੋਂ ਰੋਕੇ।
ਉਹ ਕਹਿੰਦੇ ਹਨ, "ਮੈਂ ਯਕੀਨੀ ਤੌਰ 'ਤੇ ਉਨ੍ਹਾਂ ਪਰਿਵਾਰਾਂ ਲਈ ਮਹਿਸੂਸ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਸ਼ੋਭਰਾਜ ਵਰਗੇ ਸੀਰੀਅਲ ਕਿਲਰ ਕਦੇ ਵੀ ਜੇਲ੍ਹ ਤੋਂ ਬਾਹਰ ਨਾ ਆਉਣ।''
"ਜੇਲ ਦੀ ਸਜ਼ਾ ਦੀ ਕੋਈ ਸੀਮਾ ਨਹੀਂ ਹੋਣੀ ਚਾਹੀਦੀ, ਮੌਤ ਰੁੱਕ ਉਮਰ ਕੈਦ ਦੀ ਸਜ਼ਾ ਸਹੀ ਹੈ।"













