ਦੇਵੇਂਦਰ ਫਡਣਵੀਸ ਹੋਣਗੇ ਮਹਾਰਾਸ਼ਟਰ ਦੇ ਅਗਲੇ ਸੀਐੱਮ, ਛੋਟੀ ਉਮਰੇ ਸਿਆਸਤ ’ਚ ਕਦਮ ਰੱਖਣ ਵਾਲੇ ਆਗੂ ਬਾਰੇ ਜਾਣੋ

ਤਸਵੀਰ ਸਰੋਤ, Getty Images
- ਲੇਖਕ, ਮਯੂਰੇਸ਼ ਕੋਨੂਰ ਅਤੇ ਦੀਪਾਲੀ ਜਗਤਾਪ
- ਰੋਲ, ਬੀਬੀਸੀ ਪੱਤਰਕਾਰ
ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਹਾਗੱਠਜੋੜ ਦੀ ਇਤਿਹਾਸਿਕ ਜਿੱਤ ਅਤੇ ਦਸ ਦਿਨਾਂ ਦੀ ਬਹਿਸ ਤੋਂ ਬਾਅਦ ਭਾਜਪਾ ਨੇ ਐਲਾਨ ਕਰ ਦਿੱਤਾ ਹੈ ਕਿ ਫਡਣਵੀਸ ਭਾਜਪਾ ਵਿਧਾਇਕ ਦਲ ਦੇ ਨੇਤਾ ਅਤੇ ਸੂਬੇ ਦੇ ਅਗਲੇ ਮੁੱਖ ਮੰਤਰੀ ਹੋਣਗੇ।
ਮੁੱਖ ਮੰਤਰੀ ਅਹੁਦੇ ਦੀ ਚੋਣ ਲਈ ਦਿੱਲੀ ਤੋਂ ਆਈ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਉਨ੍ਹਾਂ ਦੇ ਨਾਮ ’ਤੇ ਮੋਹਰ ਲਗਾ ਦਿੱਤੀ ਹੈ। ਭਾਜਪਾ ਨੇਤਾ ਚੰਦਰਕਾਂਤ ਪਾਟਿਲ ਨੇ ਫਡਣਵੀਸ ਦੇ ਨਾਮ ਦਾ ਮਤਾ ਰੱਖਿਆ ਅਤੇ ਪੰਕਜਾ ਮੁੰਡੇ ਨੇ ਮਤੇ ਦਾ ਸਮਰਥਨ ਕੀਤਾ।
ਠੀਕ ਚਾਰ ਮਹੀਨੇ ਪਹਿਲਾਂ ਜਦੋਂ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਤਾਂ ਭਾਜਪਾ ਮਹਾਰਾਸ਼ਟਰ ਵਿੱਚ ਦਹਾਈ ਦੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੀ ਸੀ।

ਅਜਿਹਾ ਵਿੱਚ ਇਸ ਚੋਣ ਨਤੀਜਿਆਂ ਦੇ ਨਾਲ ਦੇਵੇਂਦਰ ਫਡਣਵੀਸ ਦੇ ਭਵਿੱਖ ਬਾਰੇ ਕਿਆਸ ਲਗਾਏ ਜਾਣ ਲੱਗੇ ਸੀ।
ਦੇਵੇਂਦਰ ਫਡਣਵੀਸ ਦਾ 2019 ਦਾ ਉਹ ਬਿਆਨ ਅਕਸਰ ਸੋਸ਼ਲ ਮੀਡੀਆ ਤੇ ਛਾਇਆ ਰਹਿੰਦਾ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ, “ਮੈਂ ਸਮੁੰਦਰ ਹਾਂ ਵਾਪਸ ਜ਼ਰੂਰ ਆਵਾਂਗਾ।”
ਪੀਐੱਮ ਮੋਦੀ ਤੇ ਆਰਐੱਸਐੱਸ ਨਾਲ ਕਰੀਬੀ ਸਬੰਧ

ਤਸਵੀਰ ਸਰੋਤ, Getty Images
ਫਡਣਵੀਸ ਦਾ ਰਿਸ਼ਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਤਾਂ ਚੰਗਾ ਰਿਹਾ ਹੀ ਹੈ, ਨਾਲ ਹੀ ਉਹ ਆਰਐੱਸਐੱਸ ਦੇ ਚਹੇਤੇ ਵੀ ਰਹੇ ਹਨ। ਉਨ੍ਹਾਂ ਦੀ ਗਿਣਤੀ ਭਾਜਪਾ ਵਿੱਚ ਕੌਮੀ ਪੱਧਰ ਦੇ ਵੱਡੇ ਆਗੂਆਂ ਵਿੱਚ ਵੀ ਹੁੰਦੀ ਹੈ।
ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਮਰਾਠਾ ਅੰਦੋਲਨ ਦਾ ਚਿਹਰਾ ਮਨੋਜ ਜਰਾਂਗੇ ਦੀ ਨਾਰਾਜ਼ਗੀ ਦਾ ਨੁਕਸਾਨ ਚੁੱਕਣਾ ਪਿਆ ਸੀ।
‘ਮਰਾਠਾਵਾੜਾ’ ਸਣੇ ਭਾਜਪਾ ਸੂਬੇ ਵਿੱਚ ਜ਼ਿਆਦਾਤਰ ਆਪਣੀਆਂ ਸੀਟਾਂ ਗੁਆ ਬੈਠੀ ਅਤੇ ਜਿੱਤ ਦਾ ਅੰਕੜਾ ਦਹਾਈ ਤੱਕ ਵੀ ਨਹੀਂ ਪਹੁੰਚ ਸਕਿਆ।
ਲੋਕ ਸਭਾ ਚੋਣਾਂ ਵਿੱਚ ਮਹਾਰਾਸ਼ਟਰ ’ਚ ਭਾਜਪਾ ਦੀ ਇਹ ਹਾਰ ਕਈ ਮਾਇਨਿਆਂ ਵਿੱਚ ਫਡਣਵੀਸ ਲਈ ਵੱਡੀ ਸਿਆਸੀ ਹਾਰ ਸੀ। ਇਸ ਚੋਣ ਦੌਰਾਨ ਭਾਵੇਂ ਏਕਨਾਥ ਸ਼ਿੰਦੇ ਮੁੱਖ ਮੰਤਰੀ ਸਨ, ਫਿਰ ਵੀ ਫਡਨਵੀਸ ਨੂੰ ਮਹਾਯੁਤੀ ਦੇ ਆਗੂ ਵਜੋਂ ਦੇਖਿਆ ਜਾ ਰਿਹਾ ਸੀ।
ਇਸ ਹਾਰ ਦੀ ਜ਼ਿੰਮੇਵਾਰੀ ਦੇਵੇਂਦਰ ਫਡਣਵੀਸ ਨੇ ਲਈ ਵੀ। ਉਨ੍ਹਾਂ ਨੇ ਡਿਪਟੀ ਸੀਐੱਮ ਅਹੁਦਾ ਛੱਡ ਕੇ ਪਾਰਟੀ ਦੇ ਲਈ ਕੰਮ ਕਰਨ ਦੀ ਪੇਸ਼ਕਸ਼ ਕੀਤੀ ਸੀ।
ਹਾਲਾਂਕਿ ਉਸ ਦੌਰਾਨ ਇਹ ਗੱਲਾਂ ਵੀ ਕਹੀਆਂ ਜਾ ਰਹੀਆਂ ਸਨ ਕਿ ਉਹ ਇਸ ਗੱਲ ’ਤੇ ਨਾਰਾਜ਼ ਸੀ ਕਿ ਡਿਪਟੀ ਸੀਐੱਮ ਹੋਣ ਦੇ ਬਾਵਜੂਦ ਹਾਰ ਦਾ ਠੀਕਰਾ ਉਨ੍ਹਾਂ ਦੇ ਸਿਰ ਭੰਨਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਉਨ੍ਹਾਂ ਦੇ ਮਨ ਵਿੱਚ ਨਾਰਾਜ਼ਗੀ ਸੀ।

ਤਸਵੀਰ ਸਰੋਤ, ANI
ਲੋਕ ਸਭਾ ਚੋਣਾਂ ਤੋਂ ਬਾਅਦ ਵੀ ਭਾਜਪਾ ਨੇ ਫਡਣਵੀਸ ਨੂੰ ਸਰਕਾਰ ਤੋਂ ਬਾਹਰ ਨਹੀਂ ਜਾਣ ਦਿੱਤਾ ਅਤੇ ਫਡਣਵੀਸ ਸਰਕਾਰ ਵਿੱਚ ਬਣੇ ਰਹੇ। ਪਰ ਉਸ ਤੋਂ ਬਾਅਦ ਦੇਵੇਂਦਰ ਫਡਣਨੀਸ ਨੇ ਆਪਣਾ ‘ਗਿਅਰ ਸ਼ਿਫਟ’ ਕਰ ਲਿਆ।
ਲੋਕ ਸਭਾ ਚੋਣਾਂ ਦੀ ਹਾਰ ਨੂੰ ਪਿੱਛੇ ਛੱਡਣ ਲਈ ਫਡਣਨੀਸ ਹਰ ਦਾਅ ਖੇਡਣਾ ਚਾਹੁੰਦੇ ਸਨ।
ਪਿਛਲੇ ਕੁਝ ਮਹੀਨਿਆਂ ਵਿੱਚ ਮਹਾਰਾਸ਼ਟਰ ਦੀ ਰਾਜਨੀਤੀ ਨੇ ਕਈ ਵੱਡੇ ਬਦਲਾਅ ਦੇਖੇ ਹਨ, ਖਾਸ ਤੌਰ ’ਤੇ ਭਾਜਪਾ ਦੀ ਰਾਜਨੀਤੀ ਵਿੱਚ ਵੀ।
ਇਸ ਵਿਚਾਲੇ ਲੋਕ ਸਭਾ ਵਿੱਚ ਹਾਰ ਤੋਂ ਬਾਅਦ ਵੀ ਦੇਵੇਂਦਰ ਫਡਣਵੀਸ ਦੀ ਆਲੋਚਨਾ ਹੁੰਦੀ ਰਹੀ। ਇਹ ਵੀ ਚਰਚਾ ਸ਼ੁਰੂ ਹੋ ਗਈ ਸੀ ਕਿ ਫਡਣਵੀਸ ਨੂੰ ਦਿੱਲੀ ਭੇਜਿਆ ਜਾਵੇਗਾ, ਉਨ੍ਹਾਂ ਨੂੰ ਕੌਮੀ ਪ੍ਰਧਾਨ ਬਣਾਇਆ ਜਾਵੇਗਾ ਜਾਂ ਫਿਰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਵੇਗਾ। ਪਰ ਇਸ ਸਭ ਵਿਚਾਲੇ ਦੇਵੇਂਦਰ ਫਡਣਵੀਸ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਅਧਿਕਾਰੀਆਂ ਨਾਲ ਬੈਠਕ ਕਰਦੇ ਹਨ।
ਅਜਿਹਾ ਕਿਹਾ ਜਾ ਰਿਹਾ ਸੀ ਕਿ ਲੋਕ ਸਭਾ ਚੋਣਾਂ ਦੌਰਾਨ ਸੰਘ ਸਰਗਰਮ ਨਹੀਂ ਸੀ। ਫਡਣਵੀਸ ਦੀਆਂ ਬੈਠਕਾਂ ਤੋਂ ਬਾਅਦ ਸੰਘ ਦੀ ਟੀਮ ਸਰਗਰਮ ਹੋਈ।
ਇਹ ਵੀ ਚਰਚਾ ਸ਼ੁਰੂ ਹੋਈ ਕਿ ਸੂਬੇ ਵਿੱਚ ਲੀਡਰਸ਼ਿਪ ਦੀ ਜ਼ਿੰਮੇਵਾਰੀ ਸਮੂਹਿਕ ਪੱਧਰ ’ਤੇ ਹੋਵੇਗੀ। ਪਰ ਆਖਰਕਾਰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅਤੇ ਸੰਘ ਦੀ ਦਖਲਅੰਦਾਜ਼ੀ ਕਾਰਨ ਭਾਜਪਾ ਦੀ ਵਾਗਡੋਰ ਦੇਵੇਂਦਰ ਫੜਨਵੀਸ ਦੇ ਹੱਥਾਂ ਵਿੱਚ ਹੀ ਰਹੀ।
ਚੋਣ ਪ੍ਰਚਾਰ ਦੌਰਾਨ ਅਮਿਤ ਸ਼ਾਹ ਦੇ ਦੌਰੇ, ਮੁੱਖ ਮੰਤਰੀ ਏਕਨਾਥ ਸ਼ਿੰਦੇ ਦਾ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨਾਲ ਮੇਲ-ਮਿਲਾਪ, ਅਜੀਤ ਪਵਾਰ ਦੀ ਕਦੇ-ਕਦੇ ਨਾਰਾਜ਼ਗੀ ਅਤੇ ਭਾਜਪਾ ਦੇ ਅੰਦਰ ਹੀ ਫਡਣਵੀਸ ਦੇ ਖ਼ਿਲਾਫ਼ ਇੱਕ ਗੁੱਟ ਦੀ ਵਧਦੀ ਸਰਗਰਮੀ, ਇਨ੍ਹਾਂ ਸਭ ਦਾ ਸਾਹਮਣਾ ਕਰਦੇ ਹੋਏ, ਦੇਵੇਂਦਰ ਫਡਣਵੀਸ ਖੁਦ ਨੂੰ ਵਿਧਾਨ ਸਭਾ ਚੋਣ ਦੇ ਕੇਂਦਰ ਵਿੱਚ ਰੱਖਣ ’ਚ ਸਫ਼ਲ ਹੋਏ।
ਦੇਵੇਂਦਰ ਫਡਣਵੀਸ ਦਾ ਪ੍ਰਭਾਵ ਖਾਸ ਤੌਰ ’ਤੇ ਉਮੀਦਵਾਰਾਂ ਦੀ ਚੋਣ ਵਿੱਚ ਦੇਖਿਆ ਜਾ ਸਕਦਾ ਹੈ। ਉਥੇ ਹੀ ਭਾਜਪਾ ਮਹਾਯੁਤੀ ਵਿਚਾਲੇ ਗੱਲਬਾਤ ਕਰ ਕੇ ਸਭ ਤੋਂ ਵੱਧ ਸੀਟਾਂ ਉਪਰ ਵੀ ਚੋਣ ਲੜਨ ਵਿੱਚ ਸਫਲ ਰਹੀ।
ਛੋਟੀ ਉਮਰੇ ਸਿਆਸਤ ਵਿੱਚ ਰੱਖਿਆ ਕਦਮ
ਦੱਸ ਦੇਈਏ ਕਿ ਦੇਵੇਂਦਰ ਫਡਣਵੀਸ 30 ਸਾਲ ਤੋਂ ਵੱਧ ਸਮੇਂ ਤੋਂ ਸਿਆਸਤ ਵਿੱਚ ਐਕਟਿਵ ਹਨ। ਉਨ੍ਹਾਂ ਨੇ ਆਪਣੇ ਸਮਕਾਲੀ ਆਗੂਆਂ ਦੇ ਮੁਕਾਬਲੇ ਛੋਟੀ ਉਮਰੇ ਸਿਆਸਤ ਵਿੱਚ ਕਦਮ ਰੱਖਿਆ ਸੀ।
ਉਨ੍ਹਾਂ ਦੇ ਪਿਤਾ ਗੰਗਾਧਰ ਫਡਣਵੀਸ ਭਾਜਪਾ ਦੇ ਮੁੱਖ ਨੇਤਾ ਸਨ ਤੇ ਉਹ ਕਈ ਸਾਲ ਤੱਕ ਵਿਧਾਨ ਪਰਿਸ਼ਦ ਦੇ ਮੈਂਬਰ ਵੀ ਰਹੇ।
ਪਹਿਲੀ ਗੱਠਜੋੜ ਦੀ ਸਰਕਾਰ ਵਿੱਚ ਖੁਰਾਕ ਮੰਤਰੀ ਰਹੀ ਸ਼ੋਭਾਤਾਈ ਫਡਣਵੀਸ ਦੇਵੇਂਦਰ ਫਡਣਵੀਸ ਦੀ ਚਾਚੀ ਸਨ।
ਦੇਵੇਂਦਰ ਆਪਣੇ ਵਿਦਿਆਰਥੀ ਜੀਵਨ ਦੌਰਾਨ ਏਬੀਵੀਪੀ ਨਾਲ ਜੁੜੇ ਸੀ ਪੜ ਛੇਤੀ ਹੀ ਉਹ ਗਡਕਰੀ ਦੀ ਅਗਵਾਈ ਵਿੱਚ ਸਿਆਸਤ ਵਿੱਚ ਐਕਟਿਵ ਹੋਏ ਗਏ ਸੀ।
1992 ਵਿੱਚ ਪਹਿਲੀ ਵਾਰ 22 ਸਾਲ ਦੀ ਉਮਰ ਵਿੱਚ ਨਾਗਪੁਰ ਨਿਗਮ ਵਿੱਚ ਕੌਂਸਲਰ ਬਣੇ।
ਫਡਣਵੀਸ ਛੇਤੀ ਹੀ ਨਾਗਪੁਰ ਦੇ ਮੇਅਰ ਬਣ ਗਏ ਪਰ ਉਨ੍ਹਾਂ ਦਾ ਟੀਚਾ ਇਸ ਤੋਂ ਵੀ ਵੱਡਾ ਸੀ। ਜਦੋਂ 1999 ਵਿੱਚ ਸ਼ਿਵਸੇਨਾ-ਭਾਜਪਾ ਦੇ ਗੱਠਜੋੜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਫਡਣਵੀਸ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ।
ਫਡਣਵੀਸ ਨੇ ਗਡਕਰੀ ਦੀ ਅਗਵਾਈ ਵਿੱਚ ਸਿਆਸਤ ਸ਼ੁਰੂ ਕੀਤੀ ਪਰ ਫਿਰ ਉਹ ਗੋਪੀਨਾਥ ਮੁੰਡੇ ਦੇ ਨਾਲ ਹੋ ਗਏ। ਉਨ੍ਹਾਂ ਦੇ ਗਰੁੱਪ ਨਾਲ ਰਹਿੰਦੇ ਹੋਏ ਉਹ 2013 ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਬਣੇ।
ਨਾਗਪੁਰ ਦੇ ਰਹਿਣ ਵਾਲੇ ਦੇਵੇਂਦਰ ਫਡਣਵੀਸ ਨੂੰ ਆਰਐੱਸਐੱਸ ਦਾ ਵਫ਼ਾਦਾਰ ਮੰਨਿਆ ਜਾਂਦਾ ਹੈ। ਇਹ ਉਨ੍ਹਾਂ ਦੇ ਲਈ ਚੰਗਾ ਸਾਬਿਤ ਹੋਇਆ। ਦੂਜੇ ਗੱਲ ਇਹ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਭਾਜਪਾ ਦੀ ਅਗਵਾਈ ਮੋਦੀ-ਸ਼ਾਹ ਦੇ ਹੱਥ ਵਿੱਚ ਸੀ ਨਾ ਕਿ ਨਿਤਿਨ ਗਡਕਰੀ ਕੋਲ।
ਨਾਲ ਹੀ ਉਨ੍ਹਾਂ ਸੂਬਿਆਂ ਵਿੱਚ ਜਿੱਥੇ ਭਾਜਪਾ ਚੋਣ ਰਹੀ ਸੀ, ਉੱਥੇ ਭਾਜਪਾ ਵੱਖ ਤਰੀਕੇ ਨਾਲ ਚਿਹਰਾ ਚੁਣ ਰਹੀ ਸੀ।
ਹਰਿਆਣਾ ਵਿੱਚ ਮਨੋਹਰ ਲਾਲ ਖੱਟਰ ਜੋ ਗੈਰ-ਜਾਟ ਹਨ, ਝਾਰਖੰਡ ਵਿੱਚ ਰਘੁਬਰ ਦਾਸ ਜੋ ਗੈਰ-ਆਦੀਵਾਸੀ ਹਨ, ਉਨ੍ਹਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਮਿਲਿਆ ਅਤੇ ਦੇਵੇਂਦਰ ਫਡਣਵੀਸ ਜੋ ਗੈਰ ਮਰਾਠਾ ਹਨ, ਉਨ੍ਹਾਂ ਨੂੰ ਮਹਾਰਾਸ਼ਟਰ ਵਿੱਚ ਮੁੱਖ ਮੰਤਰੀ ਦਾ ਅਹੁਦਾ ਮਿਲਿਆ।
ਮਰਾਠਾ ਰਾਖਵਾਂਕਰਨ ਅਤੇ ਓਬੀਸੀ ਦਾ ਮੁੱਦਾ ਕਿਵੇਂ ਸੰਭਾਲਿਆ?

ਤਸਵੀਰ ਸਰੋਤ, ANI/SCREEN GRAB
ਲੋਕ ਸਭਾ ਚੋਣਾਂ ਵਿੱਚ ਮਰਾਠਾ ਰਾਖਵਾਂਕਰਨ ਦੇ ਮੁੱਦੇ ’ਤੇ ਭਾਜਪਾ ਨੂੰ ਨੁਕਸਾਨ ਚੁੱਕਣਾ ਪਿਆ ਸੀ। ਭਾਜਪਾ ਦੇ ਸਾਹਮਣੇ ਵਿਧਾਨ ਸਭਾ ਵਿੱਚ ਰਾਖਵਾਂਕਰਨ ਦੇ ਮੁੱਦੇ ਨੂੰ ਲੈ ਕੇ ਜਦੋਂ ਵੀ ਕੋਈ ਗੱਲ ਚੱਲੀ ਤੋਂ ਉਹ ਮਨੋਜ ਜਰਾਂਗੇ ’ਤੇ ਜਵਾਬ ਦੇਣ ਤੋਂ ਬਚਦੀ ਨਜ਼ਰ ਆਈ।
ਪਰ ਫਡਣਵੀਸ ਦੇ ਕਰੀਬੀ ਆਗੂ ਪ੍ਰਸਾਦ ਲਾਡ ਅਤੇ ਪ੍ਰਵੀਨ ਦਾਰੇਕਰ ਨੇ ਇਹ ਸਵਾਲ ਉਠਾਏ ਕਿ ਜਰਾਂਗੇ ਸਿਰਫ ਫਡਣਵੀਸ ਨੂੰ ਨਿਸ਼ਾਨਾ ਬਣਾ ਰਹੇ ਹਨ।
ਇਸ ਦੌਰਾਨ ਲਕਸ਼ਮਣ ਹਾਕੇ ਦਾ ਅੰਦੋਲਨ ਸ਼ੁਰੂ ਹੋ ਗਿਆ। ਇੱਕ ਪਾਸੇ ਜਿਥੇ ਮਰਾਠਾ ਰਾਖਵਾਂਕਰਨ ਦੇ ਲਈ ਜਰਾਂਗੇ ਅੰਦੋਲਨ ਕਰ ਰਹੇ ਸਨ, ਉਥੇ ਹੀ ਦੂਜੇ ਪਾਸੇ ਹਾਕੇ ਇਸ ਦੇ ਵਿਰੋਧ ਵਿੱਚ ‘ਓਬੀਸੀ ਹੱਕ’ ਦੇ ਲਈ ਅੰਦੋਲਨ ’ਤੇ ਬੈਠੇ ਸਨ।
ਫਡਣਵੀਸ ਨੇ ਮਨੋਜ ਜਰਾਂਗੇ ਦੇ ਖ਼ਿਲਾਫ਼ ਕੋਈ ਬਿਆਨ ਨਹੀਂ ਦਿੱਤਾ ਪਰ ਲਕਸ਼ਮਣ ਹਾਕੇ ਨੇ ਰਾਖਵਾਂਕਰਨ ਦਾ ਮੁੱਦਾ ਚੁੱਕਿਆ ਅਤੇ ਸਖ਼ਤ ਸ਼ਬਦਾਂ ਵਿੱਚ ਮਨੋਜ ਜਰਾਂਗੇ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤਰ੍ਹਾਂ ਨਾਲ ਇਹ ਸਵਾਲ ਪੁੱਛਿਆ ਜਾ ਰਿਹਾ ਸੀ ਕਿ ਮਨੋਜ ਜਰਾਂਗੇ ਦੇ ਪਿੱਛੇ ਕਿਸ ਦਾ ਹੱਥ ਹੈ, ਹੁਣ ਇਹ ਸਵਾਲ ਉਸੇ ਤਰ੍ਹਾਂ ਪੁੱਛਿਆ ਜਾਣ ਲੱਗਿਆ ਕਿ ਲਕਸ਼ਮਣ ਹਾਕੇ ਦੇ ਪਿੱਛੇ ਕਿਸ ਦਾ ਹੱਥ ਹੈ।
ਹਾਲਾਂਕਿ ਹੁਣ ਵੀ ਇਨ੍ਹਾਂ ਦੋਵੇਂ ਸਵਾਲਾਂ ਦੇ ਜਵਾਬ ਕਿਸੇ ਨੇ ਨਹੀਂ ਦਿੱਤੇ ਹਨ।
ਲਕਸ਼ਮਣ ਹਾਕੇ ਅੰਦੋਲਨ ਦਾ ਅਸਰ ਵਿਧਾਨ ਸਭਾ ਚੋਣਾਂ 'ਚ ਦੇਖਣ ਨੂੰ ਮਿਲਿਆ ਅਤੇ ਹੁਣ ਕਿਹਾ ਜਾ ਰਿਹਾ ਹੈ ਕਿ ਮਹਾਰਾਸ਼ਟਰ 'ਚ ਕੁਝ ਹੱਦ ਤੱਕ ਓ.ਬੀ.ਸੀ. ਵੋਟਾਂ ਦਾ ਏਕੀਕਰਨ ਹੋਇਆ ਹੈ।
ਇਸ ਸਾਰੇ ਘਟਨਾਕ੍ਰਮ ਦਾ ਨਤੀਜਾ ਇਹ ਨਿਕਲਿਆ ਕਿ ਦੇਵੇਂਦਰ ਫਡਣਵੀਸ ਦੀ ਸਖ਼ਤ ਆਲੋਚਨਾ ਕਾਰਨ ਭਾਜਪਾ ਅਤੇ ਫਡਣਵੀਸ ਸਮਰਥਕਾਂ ਵਿਚਾਲੇ ਉਨ੍ਹਾਂ ਦੇ ਲਈ ਕੁਝ ਹਮਦਰਦੀ ਪੈਦਾ ਹੋਈ।
ਨਾਲ ਹੀ ਵੋਟਰਾਂ ਦੇ ਮਨ ਵਿੱਚ ਵੀ ਮਨੋਜ ਜਰਾਂਗੇ ਦੀ ਭੂਮਿਕਾ ਨੂੰ ਲੈ ਕੇ ਸ਼ੱਕ ਪੈਦਾ ਹੋਣ ਲੱਗਾ।
ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਦੇਵੇਂਦਰ ਫਡਣਵੀਸ ਦੇ ਪ੍ਰਚਾਰ ਲਈ ਕੁਝ ਮੁਹਿੰਮਾਂ ਚਲਾਈਆਂ ਗਈਆਂ ਸਨ। ਉਨ੍ਹਾਂ ਦੀ ਪ੍ਰਚਾਰ ਮੁਹਿੰਮ ਦੌਰਾਨ ਇਹ ਨਾਅਰੇ ਵੀ ਲਗਾਏ ਗਏ ਕਿ ਉਹ ‘ਬਹੁਜਨ ਹਿੱਤ ਲਈ ਅੱਗੇ ਆਏ, ਇਸ ਲਈ ਨਿਸ਼ਾਨਾ ਬਣਾਇਆ ਗਿਆ।’
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












