ਮਹਾਰਾਸ਼ਟਰ ਚੋਣ ਨਤੀਜੇ : ਭਾਜਪਾ ਦੀ ਉਹ ਰਣਨੀਤੀ ਜਿਸ ਨੇ 5 ਮਹੀਨੇ 'ਚ ਪਲਟ ਦਿੱਤਾ ਪਾਸਾ

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ 149 ਸੀਟਾਂ 'ਤੇ ਚੋਣ ਲੜੀ ਸੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ 149 ਸੀਟਾਂ 'ਤੇ ਚੋਣ ਲੜੀ ਸੀ
    • ਲੇਖਕ, ਸੁਸ਼ੀਲਾ ਸਿੰਘ ਤੇ ਮੁਹੰਮਦ ਸ਼ਾਹਿਦ
    • ਰੋਲ, ਬੀਬੀਸੀ ਪੱਤਰਕਾਰ

ਇਸ ਸਾਲ ਲੋਕ ਸਭਾ ਚੋਣਾਂ ਵਿੱਚ ਮਹਾਰਾਸ਼ਟਰ ’ਚ ਮਹਾਵਿਕਾਸ ਅਘਾੜੀ ਨੂੰ ਲੀਡ ਮਿਲੀ ਸੀ, ਇਸ ਨਾਲ ਲੱਗ ਰਿਹਾ ਸੀ ਕਿ ਵਿਧਾਨ ਸਭਾ ਚੋਣਾਂ ਵਿੱਚ ਵੀ ਉਸ ਨੂੰ ਜਿੱਤ ਮਿਲ ਸਕਦੀ ਹੈ।

ਪਰ ਹਰਿਆਣਾ ਨੇ ਇਸ ਰੁਝਾਨ ਨੂੰ ਪਹਿਲਾਂ ਹੀ ਗਲਤ ਸਾਬਿਤ ਕਰ ਦਿੱਤਾ ਸੀ ਅਤੇ ਮਹਾਰਾਸ਼ਟਰ ਵਿੱਚ ਵੀ ਅਜਿਹਾ ਹੀ ਹੋਇਆ।

ਭਾਜਪਾ ਦੀ ਅਗਵਾਈ ਵਾਲਾ ਮਹਾਯੁਤੀ ਗਠਜੋੜ ਸੂਬੇ ਦੀ ਸੱਤਾ ਵਿੱਚ ਵਾਪਸੀ ਕਰ ਰਿਹਾ ਹੈ।

ਇਸ ’ਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਭਾਜਪਾ ਨੇ 149 ਸੀਟਾਂ ’ਤੇ ਚੋਣ ਲੜੀ ਸੀ, ਜਿਨ੍ਹਾਂ 'ਚੋਂ ਉਹ 125 ਤੋਂ ਵੱਧ ਸੀਟਾਂ ’ਤੇ ਜਿੱਤ ਗਈ ਹੈ।

ਭਾਜਪਾ ਨੇ ਇਹ ਉਦੋਂ ਕਰ ਕੇ ਦਿਖਾਇਆ ਹੈ, ਜਦੋਂ ਪੰਜ ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਸੂਬੇ ਵਿੱਚ ਵੱਡਾ ਝਟਕਾ ਲੱਗਾ ਸੀ।

ਮਹਾਰਾਸ਼ਟਰ ਵਿੱਚ ਲੋਕ ਸਭਾ ਦੀਆਂ 48 ਸੀਟਾਂ ਹਨ, ਜਿਨ੍ਹਾਂ ਵਿੱਚ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਮਹਾਵਿਕਾਸ ਅਘਾੜੀ ਨੇ 30 ਸੀਟਾਂ ਜਿੱਤੀਆਂ ਸਨ। ਜਦਕਿ ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗਠਜੋੜ ਨੂੰ 18 ਸੀਟਾਂ ਮਿਲੀਆਂ ਸਨ।

ਭਾਜਪਾ ਨੇ ਮਹਾਰਾਸ਼ਟਰ ਦੀਆਂ ਕੁੱਲ 23 ਲੋਕ ਸਭਾ ਸੀਟਾਂ ਉਪਰ ਚੋਣ ਲੜੀ ਸੀ, ਜਿਸ ਵਿੱਚ ਉਸ ਨੂੰ ਨੌ ਸੀਟਾਂ ਜਿੱਤ ਹਾਸਲ ਹੋਈ ਸੀ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਲੋਕ ਸਭਾ ਦੇ ਮੁਕਾਬਲੇ ਭਾਜਪਾ ਕਿਵੇਂ ਪਲਟਿਆ ਪਾਸਾ

ਲੋਕ ਸਭਾ ਚੋਣ ਨਤੀਜਿਆਂ ਨੂੰ ਦੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਭਾਜਪਾ ਅਤੇ ਉਸ ਦੀ ਅਗਵਾਈ ਵਾਲੇ ਮਹਾਯੁਤੀ ਗਠਜੋੜ ਨੂੰ ਵਿਧਾਨ ਸਭਾ ਚੋਣਾਂ 'ਚ ਭਾਰੀ ਨੁਕਸਾਨ ਸਹਿਣਾ ਪਵੇਗਾ।

ਪਰ ਸਾਰਾ ਕੁਝ ਇਸ ਦੇ ਉਲਟ ਹੋਇਆ ਅਤੇ ਭਾਜਪਾ ਸੂਬੇ ਵਿੱਚ ਸਭ ਤੋਂ ਵੱਡਾ ਦਲ ਬਣ ਕੇ ਉਭਰੀ ਹੈ ਅਤੇ ਹੁਣ ਇਸ ਗੱਲ ਦੀ ਚਰਚਾ ਵੀ ਸ਼ੁਰੂ ਹੋ ਗਈ ਹੈ ਕਿ ਮੁੱਖ ਮੰਤਰੀ ਵੀ ਉਸ ਦਾ ਹੀ ਹੋ ਸਕਦਾ ਹੈ।

ਬੀਤੇ ਪੰਜ ਮਹੀਨਿਆਂ ਵਿੱਚ ਅਜਿਹਾ ਕੀ ਹੋਇਆ ਜੋ ਭਾਜਪਾ ਨੇ ਆਪਣੇ ਪ੍ਰਦਰਸ਼ਨ ਨੂੰ ਇਕਦਮ ਪਲਟ ਦਿੱਤਾ। ਇਹ ਸਵਾਲ ਜ਼ਹਿਨ ਵਿੱਚ ਵਾਰ-ਵਾਰ ਆ ਰਿਹਾ ਹੈ।

ਇਸ ਸਵਾਲ ਦੇ ਜਵਾਬ ਵਿੱਚ ਮੁੰਬਈ ਦੇ ਸੀਨੀਅਰ ਪੱਤਰਕਾਰ ਸਮਰ ਖਡਸ ਕਹਿੰਦੇ ਹਨ ਕਿ ਇਸ ਦੀ ਵਜ੍ਹਾ ਮਹਾਯੁਤੀ ਸਰਕਾਰ ਦੀ ਰਣਨੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਲਾਡਲੀ ਬਹਿਨ ਯੋਜਨਾ, ਹਿੰਦੂਆਂ ਦੇ ਨਾਲ-ਨਾਲ ਹਰ ਭਾਈਚਾਰੇ ਨੂੰ ਇਕਜੁੱਟ ਕਰਨ ਦੀ ਰਣਨੀਤੀ ਨੇ ਭਾਜਪਾ ਨੂੰ ਇਹ ਕਾਮਯਾਬੀ ਦਿਵਾਈ ਹੈ।

ਉਨ੍ਹਾਂ ਕਿਹਾ, “ਪੰਜ ਮਹੀਨਿਆਂ ਵਿੱਚ ਬਹੁਤ ਕੁਝ ਹੋਇਆ। ਸਭ ਤੋਂ ਪਹਿਲਾ ਲਾਡਲੀ ਬਹਿਨ ਯੋਜਨਾ ਲਿਆਂਦੀ ਗਈ, ਜਿਸ ਵਿੱਚ ਢਾਈ ਕਰੋੜ ਮਹਿਲਾਵਾਂ ਦੇ ਖਾਤਿਆਂ ਵਿੱਚ ਚਾਰ ਮਹੀਨਿਆਂ ਦਾ ਪੈਸਾ ਆ ਗਿਆ ਹੈ। ਇਸ ਦੇ ਨਾਲ ਹੀ ‘ਬਟੇਂਗੇ ਤੋਂ ਕਟੇਂਗੇ’ ਦਾ ਨਾਅਰਾ ਚਲਾਇਆ ਗਿਆ, ਜਿਸ ਦੀ ਵਜ੍ਹਾ ਨਾਲ ਕੁਝ ਹੱਦ ਤੱਕ ਹਿੰਦੂ ਵੋਟ ਇਕਜੁੱਟ ਹੋਏ।

“ਲੋਕ ਸਭਾ ਵਿੱਚ ਉਸ ਸਮੇਂ ਜਦੋਂ ਕਾਂਗਰਸ ਜਿੱਤੀ ਸੀ, ਉਦੋਂ ਮਰਾਠਾ ਰਾਖਵਾਂਕਰਨ ਦਾ ਮੁੱਦਾ ਚੱਲ ਰਿਹਾ ਸੀ ਤੇ ਉਸ ਸਮੇਂ ਮਰਾਠਾ ਭਾਈਚਾਰਾ ਇਕਜੁੱਟ ਹੋਇਆ ਸੀ। ਨਾਲ ਹੀ ਚੋਣਾਂ ਦੌਰਾਨ ਭਾਜਪਾ ਦੇ ਕੁਝ ਨੇਤਾਵਾਂ ਨੇ ਸੰਵਿਧਾਨ ਬਦਲਣ ਦੀ ਗੱਲ ਕਹੀ ਸੀ। ਇਸ ਦਾ ਅਸਰ ਇੱਥੋਂ ਦੀਆਂ ਬੋਧੀ ਅਤੇ ਦਲਿਤ ਵੋਟਾਂ ’ਤੇ ਪਿਆ। 9-10 ਫੀਸਦੀ ਬੋਧੀ ਵੋਟ ਹੈ, ਜੋ ਮਹਾਵਿਕਾਸ ਅਘਾੜੀ ਦੇ ਨਾਲ ਗਈ। ਮਰਾਠਾ-ਦਲਿਤ ਵੋਟਾਂ ਦੇ ਮਜ਼ਬੂਤ ਹੋਣ ਦੇ ਨਾਲ-ਨਾਲ ਮੁਸਲਮਾਨਾਂ ਦੀ ਵੋਟਿੰਗ ਵੀ ਵਧੀ ਸੀ।”

ਲੋਕ ਸਭਾ ਚੋਣਾਂ ਦੇ ਉਲਟ ਵਿਧਾਨ ਸਭਾ ਚੋਣਾਂ 'ਚ ਭਾਜਪਾ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਲੋਕ ਸਭਾ ਚੋਣਾਂ ਦੇ ਉਲਟ ਵਿਧਾਨ ਸਭਾ ਚੋਣਾਂ 'ਚ ਭਾਜਪਾ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ

ਉਹ ਦੱਸਦੇ ਹਨ, “70-80 ਫ਼ੀਸਦੀ ਮੁਸਲਮਾਨਾਂ ਨੇ ਲੋਕ ਸਭਾ ਵਿੱਚ ਵੋਟ ਪਾਈ ਸੀ। ਇਸ ਵਾਰ ਮੁਸਲਮਾਨਾਂ ਦੀ ਵੋਟਿੰਗ ਫ਼ੀਸਦ ਵਾਪਸ 35-40 ਫ਼ੀਸਦ ਹੋ ਗਈ। ਸੰਵਿਧਾਨ ਦਾ ਮਾਮਲਾ ਭਾਜਪਾ ਨੇ ਚੰਗੇ ਤਰਕੇ ਨਾਲ ਠੰਢਾ ਕਰ ਦਿੱਤਾ, ਜਿਸ ਤੋਂ ਬਾਅਦ ਦਲਿਤ ਵੋਟ ਵਾਪਸ ਉਸ ਦੇ ਨਾਲ ਜੁੜ ਗਿਆ। ਇਸ ਦੇ ਨਾਲ ਹੀ ਰਾਖਵੇਂਕਰਨ ਲਈ ਸਬ-ਕੈਟੇਗਰੀ ਬਣਾਈ ਗਈ, ਜਿਸ ਤੋਂ ਬਾਅਦ ਬੋਧੀ ਵੋਟਰ ਭਾਜਪਾ ਦੇ ਨਾਲ ਆਏ।”

ਸਮਰ ਖਡਸ ਮੁਤਾਬਕ, “'ਭਾਜਪਾ ਨੇ ਕਈ ਤਜਰਬੇ ਕੀਤੇ। ਇਸ ਤੋਂ ਇਲਾਵਾ ਛੇ ਵੱਖ-ਵੱਖ ਪਾਰਟੀਆਂ ਸਨ, ਜਿਸ ਨੂੰ ਲੈ ਕੇ ਭੰਬਲਭੂਸਾ ਸੀ। ਭਾਜਪਾ ਦਾ ਵੋਟ ਸ਼ੇਅਰ ਬਹੁਤ ਵੱਡਾ ਨਹੀਂ ਹੋਵੇਗਾ ਪਰ ਮਹਾਵਿਕਾਸ ਅਘਾੜੀ ਦਾ ਵੋਟ ਸ਼ੇਅਰ ਘੱਟ ਹੋਇਆ ਹੋਵੇਗਾ।”

ਬੀਬੀਸੀ ਮਰਾਠੀ ਦੇ ਸੰਪਾਦਕ ਅਭਿਜੀਤ ਕਾਂਬਲੇ ਦਾ ਕਹਿਣਾ ਹੈ ਕਿ ਇਸ ਵਾਰ ਭਾਜਪਾ ਅਗਵਾਈ ਵਾਲੇ ਮਹਾਯੁਤੀ ਗੱਠਜੋੜ ਨੇ ਲੋਕ ਸਭਾ ਚੋਣਾਂ ਵਿੱਚ ਹੋਈਆਂ ਗਲਤੀਆਂ ਤੋਂ ਸਬਕ ਲਿਆ ਹੈ।

ਉਹ ਕਹਿੰਦੇ ਹਨ, “ਸੂਬੇ ਵਿੱਚ ਮਹਾਯੁਤੀ ਗੱਠਜੋੜ ਨੇ ਓਬੀਸੀ ਵੋਟਰਾਂ ਨੂੰ ਆਪਣੇ ਪੱਖ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਉਥੇ ਪਿਆਜ਼ ਬੈਲਟ ਮੰਨੇ ਜਾਂਦੇ ਉਤਰੀ ਮਹਾਰਾਸ਼ਟਰ ਵਿੱਚ ਕਿਸਾਨ ਪਿਆਜ਼ ਨਿਰਯਾਤ ਉਪਰ ਲੱਗੀ ਪਾਬੰਦੀ ਨੂੰ ਲੈ ਕੇ ਨਾਰਾਜ਼ ਸਨ, ਜਿਸ ਨੂੰ ਲੈ ਕੇ ਉਹ ਨੀਤੀਆਂ ਲੈ ਕੇ ਆਏ। ਉਥੇ ਹੀ ਜੋ ਵੋਟ ਟਰਾਂਸਫਰ ਨਹੀਂ ਹੋਏ ਸਨ ਉਸ ਨੂੰ ਲੈ ਕੇ ਵੀ ਭਾਜਪਾ ਨੇ ਕੰਮ ਕੀਤਾ।”

ਉਹ ਅੱਗੇ ਕਹਿੰਦੇ ਹਨ ਕਿ ਪਿਛਲੀ ਵਾਰ ਭਾਜਪਾ ਆਪਣੇ ਵੋਟਰਾਂ ਅਤੇ ਪਾਰਟੀ ਵਰਕਰਾਂ ਨੂੰ ਇਹ ਸਮਝਾਉਣ ਵਿੱਚ ਅਸਫਲ ਰਹੀ ਸੀ ਕਿ ਉਹ ਉਨ੍ਹਾਂ ਦੇ ਗਠਜੋੜ ਦੇ ਸਹਿਯੋਗੀ ਅਜੀਤ ਪਵਾਰ ਦੀ ਪਾਰਟੀ ਨੂੰ ਵੋਟ ਦੇਣ ਅਤੇ ਸਮਰਥਨ ਕਰਨ ਪਰ ਹਾਰ ਤੋਂ ਬਾਅਦ ਭਾਜਪਾ ਨੇ ਆਪਣੀ ਪੂਰੀ ਤਾਕਤ ਨਾਲ ਇਸ ਮੁੱਦੇ 'ਤੇ ਧਿਆਨ ਕੇਂਦਰਿਤ ਕੀਤਾ, ਜਦਕਿ ਸਥਾਨਕ ਮੁੱਦਿਆਂ 'ਤੇ ਵੀ ਕੰਮ ਕੀਤਾ।

ਮਹਾਯੁਤੀ ਸਰਕਾਰ ਦੀ 'ਲਾਡਕੀ ਬਹਿਨ ਯੋਜਨਾ' ਨੂੰ ਗੇਮ ਚੇਂਜਰ ਕਿਹਾ ਜਾ ਰਿਹਾ ਹੈ।

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਮਹਾਯੁਤੀ ਸਰਕਾਰ ਦੀ 'ਲਾਡਕੀ ਬਹਿਨ ਯੋਜਨਾ' ਨੂੰ ਗੇਮ ਚੇਂਜਰ ਕਿਹਾ ਜਾ ਰਿਹਾ ਹੈ।

“ਲਾਡਲੀ ਬਹਿਨ ਯੋਜਨਾ” ਨੂੰ ਦੱਸਿਆ ਜਾ ਰਿਹਾ ਗੇਮਚੇਂਜਰ

ਮਹਾਰਾਸ਼ਟਰ ਵਿਧਾਨ ਸਭਾ ਚੋਣ ਵਿੱਚ ਜਿਸ ਯੋਜਨਾ ਨੂੰ ਗੇਮਚੇਂਜਰ ਦੱਸਿਆ ਜਾ ਰਿਹਾ ਹੈ, ਉਹ ਹੈ “ਲਾਡਲੀ ਬਹਿਨ ਯੋਜਨਾ।”

ਅਭਿਜੀਤ ਕਾਂਬਲੇ ਕਹਿੰਦੇ ਹਨ ਕਿ ਜੇ ਰੁਝਾਨਾਂ ਨੂੰ ਦੇਖਿਆ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਹੈ “ਲਾਡਲੀ ਬਹਿਨ ਯੋਜਨਾ” ਇੱਕ ਤਰ੍ਹਾਂ ਨਾਲ ਗੇਮਚੇਂਜਰ ਸਾਬਤ ਹੋਈ।

ਇਸ ਤਹਿਤ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਦੇਣ ਦੀ ਵਿਵਸਥਾ ਕੀਤੀ ਗਈ ਸੀ। ਇਸ ਯੋਜਨਾ ਦਾ ਫਾਇਦਾ 21 ਤੋਂ 60 ਸਾਲ ਦੀ ਉਮਰ ਦੀਆਂ ਔਰਤਾਂ ਲੈ ਸਕਦੀਆਂ ਹਨ, ਜਿਨ੍ਹਾਂ ਦੀ ਪਰਿਵਾਰਕ ਸਾਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ। ਇਸ ਦਾ ਲਾਭ ਲੈਣ ਵਾਲੀਆਂ ਔਰਤਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ।

ਉਥੇ ਹੀ ਸੀਨੀਅਰ ਪੱਤਰਕਾਰ ਜੀਤੇਂਦਰ ਦੀਕਸ਼ਤ ਬੀਬੀਸੀ ਪੱਤਰਕਾਰ ਸੁਮੇਧਾ ਪਾਲ ਨੂੰ ਦੱਸਦੇ ਹਨ,“ਢਾਈ ਮਹੀਨੇ ਪਹਿਲਾਂ ਮੈਂ ਕਹਿ ਸਕਦਾ ਸੀ ਕਿ ਮਹਾਵਿਕਾਸ ਅਘਾੜੀ ਦੀ ਸਰਕਾਰ ਬਣ ਰਹੀ ਹੈ ਪਰ ਇਸ ਦੌਰਾਨ ਮਹਾਰਾਸ਼ਟਰ ਦੀ ਸਿਆਸਤ ਵਿੱਚ ਬਹੁਤ ਕੁਝ ਬਦਲਿਆ। ਲਾਡਲੀ ਬਹਿਨ ਯੋਜਨਾ ਅਤੇ ਦੂਜੀ ਸਰਕਾਰੀ ਯੋਜਨਾਵਾਂ ਨੇ ਗੇਮਚੇਂਜਰ ਦਾ ਕੰਮ ਕੀਤਾ। ਇਸ ਦਾ ਅਸਰ ਪੇਂਡੂ ਇਲਾਕਿਆਂ ਅਤੇ ਸ਼ਹਿਰੀ ਇਲਾਕਿਆਂ ਦੀਆਂ ਝੁੱਗੀ ਬਸਤੀਆਂ ਵਿੱਚ ਦਿਖਾਈ ਦਿੱਤਾ।”

ਮਹਾਰਾਸ਼ਟਰ ਵਿਧਾਨ ਸਭਾ ਚੋਣ ਵਿੱਚ “ਲਾਡਲੀ ਬਹਿਨ ਯੋਜਨਾ” ਨੂੰ ਦੱਸਿਆ ਜਾ ਰਿਹਾ ਗੇਮਚੇਂਜਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਾਰਾਸ਼ਟਰ ਵਿਧਾਨ ਸਭਾ ਚੋਣ ਵਿੱਚ “ਲਾਡਲੀ ਬਹਿਨ ਯੋਜਨਾ” ਨੂੰ ਦੱਸਿਆ ਜਾ ਰਿਹਾ ਗੇਮਚੇਂਜਰ

“ਮਰਾਠਾ ਅੰਦੋਲਨ, ਕਿਸਾਨਾਂ ਨੂੰ ਰਾਹਤ ਦੇਣਾ,... ਸਰਕਾਰ ਨੇ ਇਨ੍ਹਾਂ ਮੁੱਦਿਆਂ ਉਪਰ ਕੰਮ ਕੀਤਾ। ਇਸ ਦੇ ਇਲਾਵਾ ਧਰੁਵੀਕਰਨ ਦੀ ਰਾਜਨੀਤੀ ਨੇ ਵੀ ਭਾਜਪਾ ਦੇ ਪੱਖ ਵਿੱਚ ਕੰਮ ਕੀਤਾ, ਜਿਵੇਂ ‘ਬੰਟੇਂਗੇ ਤੋ ਕਟੇਂਗੇ’ ਅਤੇ ‘ਇੱਕ ਹੈਂ ਤੋ ਸੇਫ ਹੈਂ’ ਦਾ ਨਾਅਰਾ। ਆਰਐੱਸਐੱਸ ਨੇ ਕਾਫੀ ਮਿਹਨਤ ਕੀਤੀ ਹੈ। ਖਾਸ ਤੌਰ ’ਤੇ ਵਿਦਰਭ ਦੇ ਇਲਾਕੇ ਵਿੱਚ ਮਹਾਯੁਤੀ ਦੇ ਲਈ ਪ੍ਰਚਾਰ ਕੀਤਾ। ਵੋਟਿੰਗ ਵਾਲੇ ਦਿਨ ਵੀ ਵੋਟਰਾਂ ਨੂੰ ਪੋਲਿੰਗ ਬੂਥ ਤੱਕ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ।”

ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਘੱਟ ਰੈਲੀਆਂ ਕੀਤੀਆਂ ਹਨ। ਲੋਕ ਸਭਾ ਚੋਣਾਂ ਵਿੱਚ ਜਿੱਥੇ-ਜਿੱਥੇ ਪੀਐੱਮ ਨੇ ਰੈਲੀਆਂ ਕੀਤੀਆਂ ਸੀ, ਉਥੇ-ਉਥੇ ਭਾਜਪਾ ਦੀ ਹਾਰ ਹੋਈ। ਇਸੇ ਕਾਰਨ ਇਸ ਵਾਰ ਰਣਨੀਤੀ ਵਿੱਚ ਬਦਲਾਅ ਕਰ ਕੇ ਰੈਲੀਆਂ ਘੱਟ ਕੀਤੀਆਂ ਗਈਆਂ।

ਜੀਤੇਂਦਰ ਦੀਕਸ਼ਤ ਨੇ ਕਿਹਾ ਕਿ ਇਸ ਵਾਰ ਚੋਣਾਂ ਸਥਾਨਕ ਮੁੱਦਿਆਂ ਉਪਰ ਲੜੀਆਂ ਗਈਆਂ ਅਤੇ ਸਥਾਨਕ ਆਗੂਆਂ ਨੇ ਹੀ ਜ਼ਿਆਦਾਤਰ ਰੈਲੀਆਂ ਨੂੰ ਸੰਬੋਧਨ ਕੀਤਾ।

ਮਹਾਵਿਕਾਸ ਅਘਾੜੀ ਦੀ ਰਣਨੀਤੀ ਕਿਥੇ ਗਲਤ ਸਾਬਤ ਹੋਈ?

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਾਵਿਕਾਸ ਅਘਾੜੀ ਦੀ ਰਣਨੀਤੀ ਕਿਥੇ ਗਲਤ ਸਾਬਤ ਹੋਈ?

ਰਾਹੁਲ ਗਾਂਧੀ ਅਤੇ ਮਹਾਵਿਕਾਸ ਅਘਾੜੀ ਦੀ ਰਣਨੀਤੀ ਕੀ ਪੁੱਠੀ ਪੈ ਗਈ?

ਮਹਾਰਾਸ਼ਟਰ ਚੋਣਾਂ 'ਚ ਕਾਂਗਰਸ ਨੇ ਮਹਾਵਿਕਾਸ ਅਘਾੜੀ ਗਠਜੋੜ 'ਚ 101 ਸੀਟਾਂ 'ਤੇ ਚੋਣ ਲੜੀ ਸੀ। ਅਜਿਹੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਇਹ ਲੋਕ ਸਭਾ ਚੋਣਾਂ ਵਿੱਚ ਵੀ ਆਪਣਾ ਪ੍ਰਦਰਸ਼ਨ ਬਰਕਰਾਰ ਰੱਖੇਗੀ ਅਤੇ ਵਿਧਾਨ ਸਭਾ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ।

ਮਹਾਵਿਕਾਸ ਅਘਾੜੀ ਦੀ ਰਣਨੀਤੀ ਕਿਥੇ ਗਲਤ ਸਾਬਤ ਹੋਈ?

ਇਸ 'ਤੇ ਸਮਰ ਖਡਸ ਕਹਿੰਦੇ ਹਨ, “ਜਦੋਂ ਮਹਾਯੁਤੀ ਸਰਕਾਰ ਨੇ 1500 ਰੁਪਏ ਦੀ ਲਾਡਲੀ ਬਹਿਨ ਯੋਜਨਾ ਲਿਆਂਦੀ ਤਾਂ ਮਹਾਵਿਕਾਸ ਅਘਾੜੀ ਨੇ ਇਸ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਯੋਜਨਾ ਕੰਮ ਨਹੀਂ ਕਰੇਗੀ। ਫਿਰ ਮਹਾਵਿਕਾਸ ਅਘਾੜੀ ਨੇ ਖੁਦ 3000 ਰੁਪਏ ਦੀ ਯੋਜਨਾ ਦਾ ਐਲਾਨ ਕੀਤਾ।”

ਉਹ ਕਹਿੰਦੇ ਹਨ, “ਮਹਾਵਿਕਾਸ ਅਘਾੜੀ ਦੇ ਦਲ ਇਕੱਠੇ ਕੰਮ ਕਰਦੇ ਨਜ਼ਰ ਨਹੀਂ ਆਏ। ਕਾਂਗਰਸ ਨੂੰ ਇਹ ਗਲਤਫਹਿਮੀ ਹੋਈ ਕਿ ਉਨ੍ਹਾਂ ਦਾ ਆਧਾਰ ਵੱਡਾ ਹੈ ਤਾਂ ਸਾਨੂੰ ਹੀ ਵੱਧ ਸੀਟਾਂ ਮਿਲਣੀਆਂ ਚਾਹੀਦੀਆਂ ਹਨ। ਇਸ ਨਾਲ ਕਾਂਗਰਸ-ਸ਼ਿਵ ਸੈਨਾ ਵਿਚਾਲੇ ਤਣਾਅ ਵਧਿਆ। ਉਧਰ ਰਾਹੁਲ ਗਾਂਧੀ ਅਡਾਨੀ, ਧਾਰਾਵੀ ਅਤੇ ਮਹਿੰਗਾਈ ਵਰਗੇ ਗੈਰ ਮੁੱਦਿਆਂ ਉਪਰ ਕੇਂਦਰਿਤ ਰਹੇ। ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ਉਪਰ ਚੋਣਾਂ ਜਿੱਤਦੇ ਤਾਂ ਦੇਸ਼ ਵਿੱਚ ਖੱਬੇ ਪੱਖੀਆਂ ਦੀ ਸਰਕਾਰ ਹੁੰਦੀ ਕਿਉਂਕਿ ਉਨ੍ਹਾਂ ਨੇ ਹੀ ਸਭ ਤੋਂ ਜ਼ਿਆਦਾ ਇਨ੍ਹਾਂ ਮੁੱਦਿਆਂ ’ਤੇ ਕੰਮ ਕੀਤਾ।”

ਉਥੇ ਸੀਨੀਅਰ ਪੱਤਰਕਾਰ ਜਤਿੰਦਰ ਦੀਕਸ਼ਤ ਦਾ ਕਹਿਣਾ ਹੈ ਕਿ ਮਹਾਵਿਕਾਸ ਅਘਾੜੀ ਨੂੰ ਬਾਗੀਆਂ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਵੱਡਾ ਕਾਰਨ ਇਹ ਹੈ ਕਿ ਜੋ ਲੋਕ ਸਭਾ ਵਿਚ ਸ਼ਰਦ ਪਵਾਰ ਪ੍ਰਤੀ ਹਮਦਰਦੀ ਸੀ, ਉਹ ਘਟੀ ਹੈ।

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ‘ਬੰਟੇਂਗੇ ਤੋਂ ਕਟੇਂਗੇ’ ਦਾ ਨਾਅਰਾ ਬਹੁਤ ਵਰਤਿਆ ਗਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ‘ਬੰਟੇਂਗੇ ਤੋਂ ਕਟੇਂਗੇ’ ਦਾ ਨਾਅਰਾ ਬਹੁਤ ਵਰਤਿਆ ਗਿਆ

ਹਿੰਦੂਤਵ ਦਾ ਕਾਰਡ ਕਿਵੇਂ ਚੱਲਿਆ?

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ‘ਬੰਟੇਂਗੇ ਤੋਂ ਕਟੇਂਗੇ’ ਦਾ ਨਾਅਰਾ ਬਹੁਤ ਵਰਤਿਆ ਗਿਆ। ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਏਕ ਹੈਂ ਤੋਂ ਸੇਫ ਹੈਂ’ ਦਾ ਨਾਅਰਾ ਦਿੱਤਾ ਹੈ। ਇਨ੍ਹਾਂ ਨਾਅਰਿਆਂ ਨੂੰ ਹਿੰਦੂਤਵ ਅਤੇ ਹਿੰਦੂ ਭਾਈਚਾਰੇ ਦੀਆਂ ਵੱਖ-ਵੱਖ ਜਾਤਾਂ ਦੇ ਏਕੀਕਰਨ ਨਾਲ ਜੋੜ ਕੇ ਦੇਖਿਆ ਗਿਆ।

ਕੀ ਇਨ੍ਹਾਂ ਨਾਅਰਿਆਂ ਨੇ ਮਹਾਰਾਸ਼ਟਰ ਵਿੱਚ ਭਾਜਪਾ ਦੇ ਹਿੰਦੂਤਵ ਏਜੰਡੇ ਨੂੰ ਜ਼ੋਰਦਾਰ ਢੰਗ ਨਾਲ ਅੱਗੇ ਵਧਾਇਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਵਿੱਚ ਵੱਡੀ ਭੂਮਿਕਾ ਹੈ? ਸਮਰ ਖੜਾਸ ਦਾ ਕਹਿਣਾ ਹੈ ਕਿ ਇਹ ਹਿੰਦੂਤਵ ਜਾਂ ਪੀਐਮ ਮੋਦੀ ਦੀ ਜਿੱਤ ਨਹੀਂ ਬਲਕਿ ਰਣਨੀਤੀ ਦੀ ਜਿੱਤ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਏਕ ਹੈਂ ਤੋਂ ਸੇਫ ਹੈਂ’ ਦਾ ਨਾਅਰਾ ਦਿੱਤਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਏਕ ਹੈਂ ਤੋਂ ਸੇਫ ਹੈਂ’ ਦਾ ਨਾਅਰਾ ਦਿੱਤਾ

ਉਹ ਕਹਿੰਦੇ ਹਨ, “ਚੋਣਾਂ ਰਣਨੀਤੀ ਦੇ ਤਹਿਤ ਲੜੀਆਂ ਜਾਂਦੀਆਂ ਹਨ, ਹੁਣ ਜੋ ਮਰਜ਼ੀ ਕਿਹਾ ਜਾਵੇ। ਜਿਥੋਂ ਤੱਕ ਹਿੰਦੂਤਵ ਦੀ ਰਾਜਨੀਤੀ ਦਾ ਸਵਾਲ ਹੈ, ਪੂਰੇ ਭਾਰਤ ਵਿੱਚ ਭਾਜਪਾ ਹੀ ਹਿੰਦੂਤਵ ਦੀ ਰਾਜਨੀਤੀ ਕਰ ਰਹੀ ਹੈ। ਆਰਐੱਸਐੱਸ ਅਤੇ ਭਾਜਪਾ ਕੋਲ ਉਸ ਦੇ ਹੀ ਅਧਿਕਾਰ ਹਨ। ਪਰ ਇਸ ਦਾ ਕਾਊਂਟਰ ਨੈਰੇਟਿਵ ਕਾਂਗਰਸ ਨੇ ਕਦੇ ਨਹੀਂ ਦਿੱਤਾ।”

“ਇਸ ਰਣਨੀਤੀ ਦੀ ਕਾਟ ਮਹਾਵਿਕਾਸ ਅਘਾੜੀ ਦੇ ਕੋਲ ਨਹੀਂ ਸੀ। ਰਾਹੁਲ ਗਾਂਧੀ ਜੇਐੱਨਯੂ ਦੇ ਪ੍ਰੋਫੈਸਰ ਦੇ ਰੂਪ ਵਿੱਚ ਚੰਗੇ ਲੱਗਦੇ ਹਨ ਪਰ ਉਨ੍ਹਾਂ ਦੇ ਕੋਲ ਰਣਨੀਤੀ ਨਹੀਂ ਹੈ। ਉਹ ਓਬੀਸੀ ਜਨਗਣਨਾ ਦੀ ਗੱਲ ਕਰਦੇ ਹਨ, ਜਦਕਿ ਦੇਸ਼ ਦੇ ਪ੍ਰਧਾਨ ਮੰਤਰੀ ਸਣੇ ਕਈ ਮੁੱਖ ਅਹੁਦਿਆਂ ਉਪਰ ਓਬੀਸੀ ਹਨ।”

ਸਮਰ ਖਡਸ ਕਹਿੰਦੇ ਹਨ, “ਮਹਾਵਿਕਾਸ ਅਘਾੜੀ ਨੂੰ ਫਿਰਕਾਪ੍ਰਸਤੀ ਦੇ ਮੁੱਦੇ ’ਤੇ ਖੁੱਲ੍ਹ ਕੇ ਬੋਲਣਾ ਚਾਹੀਦਾ ਸੀ। ਉਹ ਹਮੇਸ਼ਾ ਡਰ ਕੇ ਰਹਿੰਦੇ ਹਨ ਕਿ ਹਿੰਦੂ ਵੋਟ ਟੁੱਟ ਜਾਵੇਗੀ। ਹਿੰਦੂ ਵੋਟ ਤਾਂ ਅੱਜ ਤੱਕ ਨਹੀਂ ਟੁੱਟਿਆ ਹੈ। ਅਡਾਨੀ ਦਾ ਮੁੱਦਾ ਦੇਸ਼ ਵਿੱਚ ਕਿਉਂ ਚੱਲੇਗਾ। ਟਾਟਾ ਅਤੇ ਅੰਬਾਨੀ ਵਰਗੇ ਕਈ ਕਾਰੋਬਾਰੀ ਕਾਂਗਰਸ ਦੇ ਰਾਜ ਦੌਰਾਨ ਪੈਦਾ ਹੋਏ ਸਨ। ਹੁਣ ਪੀਐਮ ਮੋਦੀ ਦੇ ਸਮੇਂ ਵਿੱਚ ਅਡਾਨੀ ਤਿਆਰ ਹੋਏ। ਇਹ ਕਿਹੜਾ ਤਰਕ ਹੈ? ਸਮਾਜਿਕ ਸਿਧਾਂਤ ਵਿਅਕਤੀਗਤ ਨਹੀਂ ਹੋਣਾ ਚਾਹੀਦਾ।”

ਠਾਕਰੇ ਪਰਿਵਾਰ ਦਾ ਭਵਿੱਖ ਕੀ ਹੈ?

ਵਿਧਾਨ ਸਭਾ ਚੋਣ ਨਤੀਜੇ ਊਧਵ ਠਾਕਰੇ ਦੀ ਸ਼ਿਵ ਸੈਨਾ ਲਈ ਵੱਡਾ ਝਟਕਾ ਹਨ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਵਿਧਾਨ ਸਭਾ ਚੋਣ ਨਤੀਜੇ ਊਧਵ ਠਾਕਰੇ ਦੀ ਸ਼ਿਵ ਸੈਨਾ ਲਈ ਵੱਡਾ ਝਟਕਾ ਹਨ

ਢਾਈ ਸਾਲ ਪਹਿਲਾਂ ਸ਼ਿਵ ਸੈਨਾ ਨੂੰ ਤੋੜ ਕੇ ਏਕਨਾਥ ਸ਼ਿੰਦੇ ਨੇ ਭਾਜਪਾ ਦੇ ਨਾਲ ਮਿਲ ਕੇ ਸਰਕਾਰ ਬਣਾਈ। ਉਥੇ ਹੀ ਉਧਵ ਠਾਕਰੇ ਨੇ ਆਪਣੀ ਨਵੀਂ ਪਾਰਟੀ ਦਾ ਗਠਨ ਕੀਤਾ। ਵਿਧਾਨ ਸਭਾ ਚੋਣਾਂ ਤੋਂ ਉਮੀਦ ਸੀ ਕਿ ਉਧਵ ਠਾਕਰੇ ਦੀ ਸ਼ਿਵ ਸੈਨਾ ਸੂਬੇ ਵਿੱਚ ਵਾਪਸੀ ਕਰੇਗੀ ਪਰ ਅਜਿਹਾ ਨਹੀਂ ਹੋ ਪਾਇਆ।

ਹੁਣ ਉਧਵ ਠਾਕਰੇ ਦੇ ਭਵਿੱਖ ਨੂੰ ਲੈ ਕੇ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

ਇਸ ’ਤੇ ਸਮਰ ਖਡਸ ਕਹਿੰਦੇ ਹਨ, “ਤੁਸੀਂ ਕਿਵੇਂ ਲੜਦੇ ਹੋ ਰਾਜਨੀਤੀ ਵਿੱਚ ਭਵਿੱਖ ਉਸ ’ਤੇ ਨਿਰਭਰ ਕਰਦਾ ਹੈ। ਜਗਨਮੋਹਨ ਰੈੱਡੀ ਦਾ ਕੀ ਭਵਿੱਖ ਸੀ? ਆਂਧਰਾ ਪ੍ਰਦੇਸ਼ ਵਿੱਚ ਪੈਦਲ ਯਾਤਰਾ ਕਰ ਕੇ ਉਨ੍ਹਾਂ ਨੇ ਵਾਪਸੀ ਕੀਤੀ ਅਤੇ 5 ਸਾਲ ਰਾਜ ਕੀਤਾ। ਫਿਰ ਚੰਦਰਬਾਬੂ ਨਾਇਡੂ ਨੇ ਸਾਰਾ ਕੁਝ ਤਹਿਸ-ਨਹਿਸ ਕਰ ਦਿੱਤਾ। ਇਸ ਲਈ ਭਵਿੱਖ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।”

ਉਥੇ ਹੀ ਬੀਤੇ ਕੁਝ ਸਮੇਂ ਵਿੱਚ ਸੂਬੇ ਵਿੱਚ ਮਨੋਜ ਜਰਾਂਗੇ ਪਾਟਿਲ ਦਾ ਨਾਮ ਚਰਚਾ ਵਿੱਚ ਰਿਹਾ ਹੈ, ਜੋ ਮਰਾਠਾ ਰਾਖਵਾਂਕਰਨ ਦੀ ਮੰਗ ਕਰ ਰਹੇ ਹਨ।

ਉਨ੍ਹਾਂ ਦਾ ਇਨ੍ਹਾਂ ਚੋਣਾਂ ਵਿੱਚ ਯੋਗਦਾਨ ਬਾਰੇ ਸਮਰ ਖਡਸ ਕਹਿੰਦੇ ਹਨ, “ਇਹ ਇੱਕ ਸੀਮਤ ਅੰਦੋਲਨ ਸੀ ਅਤੇ ਉਨ੍ਹਾਂ ਨੇ ਮਰਾਠਾ ਭਾਈਚਾਰੇ ਨੂੰ ਇਕਜੁੱਟ ਕੀਤਾ ਪਰ ਮਰਾਠਾ ਪੂਰੇ ਸੂਬੇ ਵਿੱਚ 35 ਫ਼ੀਸਦ ਹੈ। ਜਦੋਂ ਪਿੰਡ ਵਿੱਚ ਮਰਾਠਾ ਇਕਜੁੱਟ ਹੁੰਦਾ ਹੈ ਤਾਂ ਛੋਟੀਆਂ-ਛੋਟੀਆਂ ਜਾਤਾਂ ਵੀ ਇਕਜੁੱਟ ਹੁੰਦੀਆਂ ਹਨ। ਇਸ ਵਿੱਚ ਦਲਿਤ ਤੇ ਮੁਸਲਮਾਨ ਵੀ ਹੁੰਦੇ ਹਨ ਅਤੇ ਉਹ ਇਨ੍ਹਾਂ ਜਾਤੀਆਂ ਦੇ ਨਾਲ ਜਿਸ ਦੇ ਪੱਖ ਵਿੱਚ ਵੀ ਜਾਣਗੇ ਉਨ੍ਹਾਂ ਨੂੰ ਸੀਟਾਂ ਮਿਲਣਗੀਆਂ।”

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਵਿੱਚ ਮਹਾਯੁਤੀ ਗੱਠਜੋੜ ਬਹੁਮਤ ਦੇ ਅੰਕੜੇ ਨੂੰ ਪਾਰ ਕਰ ਚੁੱਕਿਆ ਹੈ। ਹੁਣ ਸਾਰੀ ਰੱਸਾਕਸ਼ੀ ਇਸ ’ਤੇ ਹੋਵੇਗੀ ਕਿ ਮੁੱਖ ਮੰਤਰੀ ਕੌਣ ਬਣੇਗਾ?

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)