ਅਫ਼ਗਾਨਿਸਤਾਨ 'ਚ ਭੁੱਖਮਰੀ: 'ਕੀ ਤੁਸੀਂ ਕਲਪਨਾ ਵੀ ਕਰ ਸਕਦੇ ਹੋ ਕਿ ਆਪਣੇ ਬੱਚਿਆਂ ਨੂੰ ਮਰਦੇ ਵੇਖ ਮੇਰੇ 'ਤੇ ਕੀ ਬੀਤੀ ਹੋਵੇਗੀ'

- ਲੇਖਕ, ਯੋਗਿਤਾ ਲਿਮਏ
- ਰੋਲ, ਬੀਬੀਸੀ ਨਿਊਜ਼, ਜਲਾਲਾਬਾਦ
ਚਿਤਾਵਨੀ: ਇਸ ਕਹਾਣੀ ਵਿੱਚ ਸ਼ੁਰੂ ਤੋਂ ਹੀ ਦਿੱਤੇ ਕੁਝ ਵੇਰਵੇ ਪਰੇਸ਼ਾਨ ਕਰਨ ਵਾਲੇ ਹਨ।
"ਇਹ ਮੇਰੇ ਲਈ ਇੱਕ ਬਿਪਤਾ ਭਰਿਆ ਦਿਨ ਸੀ। ਮੈਂ ਬਹੁਤ ਦੁੱਖ ਮਹਿਸੂਸ ਕਰਦੀ ਹਾਂ। ਕੀ ਤੁਸੀਂ ਕਲਪਨਾ ਵੀ ਕਰ ਸਕਦੇ ਹੋ ਕਿ ਆਪਣੇ ਬੱਚਿਆਂ ਨੂੰ ਮਰਦੇ ਵੇਖ ਮੇਰੇ 'ਤੇ ਕੀ ਬੀਤੀ ਹੋਵੇਗੀ?" ਅਮੀਨਾ ਕਹਿੰਦੀ ਹੈ।
ਅਮੀਨਾ ਆਪਣੇ 6 ਬੱਚੇ ਗੁਆ ਚੁਕੀ ਹੈ। ਉਨ੍ਹਾਂ ਵਿੱਚੋਂ ਕੋਈ ਵੀ 3 ਸਾਲ ਦੀ ਉਮਰ ਤੋਂ ਵੱਧ ਨਹੀਂ ਜੀਅ ਸਕਿਆ ਅਤੇ ਇੱਕ ਬੱਚਾ ਹੁਣ ਜ਼ਿੰਦਗੀ ਲਈ ਜੂਝ ਰਿਹਾ ਹੈ।
7 ਮਹੀਨੇ ਦੀ ਬੀਬੀ ਹਜੀਰਾ ਇੱਕ ਨਵਜੰਮੇ ਬੱਚੇ ਦੇ ਆਕਾਰ ਦੀ ਹੈ। ਗੰਭੀਰ ਕੁਪੋਸ਼ਣ ਤੋਂ ਪੀੜਤ ਇਹ ਬੱਚੀ ਅਫ਼ਗਾਨਿਸਤਾਨ ਦੇ ਪੂਰਬੀ ਨੰਗਰਹਾਰ ਸੂਬੇ ਦੇ ਜਲਾਲਾਬਾਦ ਦੇ ਇੱਕ ਹਸਪਤਾਲ 'ਚ ਜ਼ਿੰਦਗੀ ਲਈ ਜੂਝ ਰਹੀ ਹੈ।
ਅਮੀਨਾ ਦੁੱਖ ਭਰੀ ਆਵਾਜ਼ ਵਿੱਚ ਕਹਿੰਦੀ ਹੈ, "ਮੇਰੇ ਬੱਚੇ ਗ਼ਰੀਬੀ ਦੇ ਕਾਰਨ ਮਾਰ ਰਹੇ ਹਨ। ਮੈਂ ਸਿਰਫ਼ ਉਨ੍ਹਾਂ ਨੂੰ ਸੁੱਕੀ ਰੋਟੀ ਅਤੇ ਪਾਣੀ ਪਿਆ ਸਕਦੀ ਹਾਂ, ਉਹ ਵੀ ਮੈਂ ਬਾਹਰ ਧੁੱਪ ਵਿੱਚ ਰੱਖ ਕੇ ਗਰਮ ਕਰਦੀ ਹਾਂ।"

ਪਰ ਇਸ ਤੋਂ ਵੀ ਦੁਖਦਾਈ ਗੱਲ ਇਹ ਹੈ ਕਿ ਅਮੀਨਾ ਦੀ ਕਹਾਣੀ ਕੋਈ ਵਿਲੱਖਣ ਨਹੀਂ ਹੈ ਅਤੇ ਜੇਕਰ ਸਮੇਂ ਸਿਰ ਇਲਾਜ ਹੁੰਦਾ ਤਾਂ ਹੋਰ ਬਹੁਤੀਆਂ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ।
ਬੀਬੀ ਹਜੀਰਾ ਉਨ੍ਹਾਂ 3.2 ਮਿਲੀਅਨ ਬੱਚਿਆਂ ਵਿੱਚੋਂ ਇੱਕ ਹੈ ਜੋ ਗੰਭੀਰ ਕੁਪੋਸ਼ਣ ਤੋਂ ਪੀੜਤ ਹਨ। ਇਹ ਇੱਕ ਅਜਿਹੀ ਸਥਿਤੀ ਹੈ, ਜਿਸ ਤੋਂ ਅਫ਼ਗਾਨਿਸਤਾਨ ਦਹਾਕਿਆਂ ਤੋਂ ਜੂਝ ਰਿਹਾ ਹੈ, 40 ਸਾਲਾਂ ਦੀ ਜੰਗ ਤੋਂ ਸ਼ੁਰੂ ਹੋ ਕੇ, ਅੰਤਾਂ ਦੀ ਗਰੀਬੀ ਅਤੇ ਇਨ੍ਹਾਂ ਤਿੰਨ ਸਾਲਾਂ ਦੇ ਬਹੁਤ ਸਾਰੇ ਕਾਰਕਾਂ ਤੱਕ ਜਦੋਂ ਤੋਂ ਤਾਲਿਬਾਨ ਨੇ ਸੱਤਾ ਸੰਭਾਲੀ ਹੈ।
ਪਰ ਸਥਿਤੀ ਹੁਣ ਇੱਕ ਵਿਨਾਸ਼ਕਾਰੀ ਰੂਪ ਧਾਰਨ ਕਰ ਰਹੀ ਹੈ।
ਅਫ਼ਗਾਨਿਸਤਾਨ 'ਚ ਵੱਡੇ ਸੰਕਟ ਦੀ ਚਿਤਾਵਨੀ

ਤਸਵੀਰ ਸਰੋਤ, BBC/Imogen Anderson
3.2 ਮਿਲੀਅਨ ਦਾ ਅੰਕੜਾ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ, ਇਹ ਕਲਪਨਾ ਕਰਨਾ ਕਿਸੇ ਲਈ ਵੀ ਔਖਾ ਹੋਵੇਗਾ ਅਤੇ ਇਸ ਹਸਪਤਾਲ ਦੇ ਇੱਕ ਛੋਟੇ ਜਿਹੇ ਕਮਰੇ ਦੀਆਂ ਇਹ ਕਹਾਣੀਆਂ ਦਾ ਸਾਹਮਣੇ ਆਉਣਾ, ਸਾਨੂੰ ਆਉਣ ਵਾਲੇ ਸੰਕਟ ਬਾਰੇ ਚਿਤਾਵਨੀ ਦੇ ਰਿਹਾ ਹੈ।
ਸੱਤ ਬੈੱਡਾਂ 'ਤੇ 18 ਬੱਚੇ ਹਨ। ਇਹ ਕੋਈ ਮੌਸਮੀ ਵਾਧਾ ਨਹੀਂ ਹੈ, ਹਰ ਦਿਨ ਅਜਿਹਾ ਹੋ ਰਿਹਾ ਹੈ। ਕੋਈ ਵੀ ਰੋਣ ਦੀ ਜਾਂ ਹੋਰ ਆਵਾਜ਼ ਨਹੀਂ ਆਉਂਦੀ, ਪਲਸ ਰੇਟ ਮਾਨੀਟਰ ਦੀਆਂ ਉੱਚੀਆਂ-ਉੱਚੀਆਂ ਬੀਪਾਂ ਕਮਰੇ ਵਿਚਲੀ ਇਸ ਬੇਚੈਨੀ ਭਰੀ ਚੁੱਪੀ ਨੂੰ ਤੋੜ ਰਹੀਆਂ ਹਨ।
ਜ਼ਿਆਦਾਤਰ ਬੱਚਿਆਂ ਨੇ ਆਕਸੀਜਨ ਮਾਸਕ ਨਹੀਂ ਪਹਿਨੇ। ਉਹ ਜਾਗ ਤਾਂ ਰਹੇ ਹਨ ਪਰ ਇੰਨੇ ਕਮਜ਼ੋਰ ਹਨ ਕਿ ਉਹ ਹਿਲ ਵੀ ਨਹੀਂ ਸਕਦੇ ਅਤੇ ਨਾਂ ਹੀ ਆਵਾਜ਼ ਕਰਨ ਯੋਗ ਹਨ।
ਬੀਬੀ ਹਜੀਰਾ ਨਾਲ ਤਿੰਨ ਸਾਲ ਦੀ ਸਨਾ ਹਸਪਤਾਲ ਦਾ ਬੈੱਡ ਸਾਂਝਾ ਕਰ ਰਹੀ ਹੈ, ਜਿਸ ਨੇ ਬੈਂਗਣੀ ਰੰਗ ਦਾ ਟਿਊਨਿਕ ਪਹਿਨਿਆ ਹੈ ਅਤੇ ਆਪਣੀ ਨਿੱਕੀ ਜਿਹੀ ਬਾਂਹ ਨਾਲ ਚਿਹਰਾ ਢੱਕਿਆ ਹੋਇਆ ਹੈ। ਕੁਝ ਮਹੀਨੇ ਪਹਿਲਾਂ ਹੀ ਸਨਾ ਦੀ ਭੈਣ ਨੂੰ ਜਨਮ ਦਿੰਦੇ ਸਮੇਂ ਉਸ ਦੀ ਮਾਂ ਦੀ ਮੌਤ ਹੋ ਗਈ ਸੀ, ਇਸ ਲਈ ਹੁਣ ਉਸ ਦੇ ਪਰਿਵਾਰ 'ਚੋਂ ਲੈਲਾ ਉਸਦੀ ਦੇਖਭਾਲ ਕਰ ਰਹੀ ਹੈ।
ਨੇੜਲੇ ਬੈੱਡ 'ਤੇ ਤਿੰਨ ਸਾਲ ਦਾ ਇਲਹਾਮ ਹੈ, ਜੋ ਆਪਣੀ ਉਮਰ ਦੇ ਹਿਸਾਬ ਨਾਲ ਬਹੁਤ ਛੋਟਾ ਹੈ। ਉਸ ਦੀਆਂ ਬਾਹਾਂ, ਲੱਤਾਂ ਅਤੇ ਚਿਹਰੇ ਤੋਂ ਚਮੜੀ ਉਤਰ ਰਹੀ ਹੈ। ਤਿੰਨ ਸਾਲ ਪਹਿਲਾਂ ਉਸ ਦੀ ਦੋ ਸਾਲਾ ਭੈਣ ਦੀ ਮੌਤ ਹੋ ਗਈ ਸੀ।
ਇੱਕ ਸਾਲ ਦੀ ਅਸਮਾ ਨੂੰ ਦੇਖਣਾ ਵੀ ਬਹੁਤ ਦਰਦ ਭਰਿਆ ਹੈ। ਉਸ ਦੀਆਂ ਖੂਬਸੂਰਤ ਅੱਖਾਂ ਅਤੇ ਲੰਬੀਆਂ ਪਲਕਾਂ ਹਨ, ਪਰ ਉਹ ਮੁਸ਼ਕਿਲ ਨਾਲ ਹੀ ਉਨ੍ਹਾਂ ਨੂੰ ਝਪਕ ਪਾਉਂਦੀ ਹੈ ਕਿਉਂਕਿ ਉਸ ਨੇ ਇੱਕ ਆਕਸੀਜਨ ਮਾਸਕ ਲਾਇਆ ਹੈ ਜਿਸ ਰਾਹੀਂ ਉਹ ਲੰਬੇ-ਲੰਬੇ ਸਾਹ ਲੈ ਰਹੀ ਹੈ ਅਤੇ ਜੋ ਉਸਦੇ ਛੋਟੇ ਜਿਹੇ ਚਿਹਰੇ ਨੂੰ ਢੱਕ ਰਿਹਾ ਹੈ।

ਤਸਵੀਰ ਸਰੋਤ, BBC/Imogen Anderson
ਉਸ ਦੇ ਕੋਲ ਖੜ੍ਹੇ ਡਾਕਟਰ ਸਿਕੰਦਰ ਗਨੀ ਆਪਣਾ ਸਿਰ ਹਿਲਾਉਂਦੇ ਹੋਏ ਕਹਿੰਦੇ ਹਨ, “ਮੈਨੂੰ ਨਹੀਂ ਲੱਗਦਾ ਕਿ ਉਹ ਬੱਚ ਸਕੇਗੀ।" ਅਸਮਾ ਦਾ ਨਿੱਕਾ ਜਿਹਾ ਸਰੀਰ ਸੈਪਟਿਕ ਸਦਮੇ ਵਿੱਚ ਚਲਾ ਗਿਆ ਹੈ। ਇਹ ਇੱਕ ਜਾਨਲੇਵਾ ਸਥਿਤੀ ਹੈ ਜਦੋਂ ਕਿਸੇ ਲਾਗ ਮਗਰੋਂ ਸਰੀਰ 'ਚ ਬੱਲਡ ਪ੍ਰੈਸ਼ਰ ਦਾ ਪੱਧਰ ਬਿਲਕੁਲ ਹੇਠਾਂ ਆ ਜਾਂਦਾ ਹੈ।
ਇਨ੍ਹਾਂ ਹਾਲਾਤਾਂ ਦੇ ਬਾਵਜੂਦ, ਉਸ ਸਮੇਂ ਤੱਕ ਕਮਰੇ ਵਿੱਚ ਰੌਲਾ-ਰੱਪਾ ਸੁਣ ਰਿਹਾ ਸੀ, ਨਰਸਾਂ ਅਤੇ ਮਾਵਾਂ ਬੱਚਿਆਂ ਨੂੰ ਭੋਜਨ ਦੇ ਰਹੀਆਂ ਸਨ, ਉਨ੍ਹਾਂ ਨੂੰ ਸ਼ਾਂਤ ਕਰ ਰਹੀਆਂ ਸਨ। ਪਰ ਇਹ ਸੁਣ ਕੇ ਇੱਕ ਦਮ ਸਭ ਰੁਕ ਗਿਆ ਅਤੇ ਬਹੁਤੇ ਚਿਹਰਿਆਂ 'ਤੇ ਬੇਵੱਸੀ ਛਾ ਗਈ।
ਅਸਮਾ ਦੀ ਮਾਂ ਨਸੀਬਾ ਰੋਣ ਲੱਗ ਜਾਂਦੀ ਹੈ। ਉਹ ਆਪਣਾ ਘੁੰਡ ਚੁੱਕ ਕੇ ਆਪਣੀ ਧੀ ਨੂੰ ਚੁੰਮਦੀ ਹੈ।
ਉਹ ਰੋਂਦੇ ਹੋਏ ਕਹਿੰਦੀ ਹੈ, “ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਮੇਰੇ ਸਰੀਰ ਦਾ ਮਾਸ ਪਿਘਲ ਰਿਹਾ ਹੈ। ਉਸ ਨੂੰ ਇੰਨੀ ਪੀੜ ਵਿੱਚ ਮੈਂ ਨਹੀਂ ਦੇਖ ਸਕਦੀ।" ਨਸੀਬਾ ਪਹਿਲਾਂ ਹੀ ਆਪਣੇ ਤਿੰਨ ਬੱਚੇ ਗੁਆ ਚੁੱਕੀ ਹੈ, “ਮੇਰਾ ਪਤੀ ਮਜ਼ਦੂਰ ਹੈ, ਉਸਨੂੰ ਜਦੋਂ ਕੰਮ ਮਿਲਦਾ ਹੈ ਅਸੀਂ ਉਦੋਂ ਹੀ ਕੁਝ ਖਾਂਦੇ ਹਾਂ।”
ਡਾਕਟਰ ਗਨੀ ਨੇ ਸਾਨੂੰ ਦੱਸਿਆ ਕਿ ਅਸਮਾ ਨੂੰ ਕਿਸੇ ਵੀ ਸਮੇਂ ਦਿਲ ਦਾ ਦੌਰਾ ਪੈ ਸਕਦਾ ਹੈ। ਅਸੀਂ ਕਮਰੇ 'ਚੋਂ ਬਾਹਰ ਚਲੇ ਜਾਂਦੇ ਹਾਂ ਅਤੇ ਉਸ ਦੇ ਇੱਕ ਘੰਟੇ ਤੋਂ ਵੀ ਘੱਟ ਸਮੇਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ।
ਪਿਛਲੇ ਛੇ ਮਹੀਨਿਆਂ 'ਚ 700 ਬੱਚਿਆਂ ਦੀ ਮੌਤ
ਨੰਗਰਹਾਰ ਵਿੱਚ ਤਾਲਿਬਾਨ ਦੇ ਜਨਤਕ ਸਿਹਤ ਵਿਭਾਗ ਨੇ ਸਾਨੂੰ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਵਿੱਚ ਹਸਪਤਾਲ ਵਿੱਚ 700 ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਇੱਕ ਦਿਨ ਵਿੱਚ ਤਿੰਨ ਤੋਂ ਵੱਧ ਮੌਤਾਂ ਹੁੰਦੀਆਂ ਹਨ। ਇਹ ਅੰਕੜਾ ਹੈਰਾਨ ਕਰਨ ਵਾਲਾ ਹੈ, ਪਰ ਜੇ ਵਿਸ਼ਵ ਬੈਂਕ ਅਤੇ ਯੂਨੀਸੇਫ ਫੰਡਿੰਗ ਦੁਆਰਾ ਇਹ ਸਹੂਲਤ ਜਾਰੀ ਨਾ ਰੱਖੀ ਜਾਂਦੀ ਤਾਂ ਬਹੁਤ ਇਸ ਤੋਂ ਵੀ ਵੱਧ ਮੌਤਾਂ ਹੋ ਸਕਦੀਆਂ ਸਨ।
ਅਗਸਤ 2021 ਤੱਕ, ਪਿਛਲੀ ਸਰਕਾਰ ਨੂੰ ਮਿਲੇ ਅੰਤਰਰਾਸ਼ਟਰੀ ਫੰਡਾਂ ਰਾਹੀਂ ਅਫਗਾਨਿਸਤਾਨ ਵਿੱਚ ਲਗਭਗ ਸਾਰੀਆਂ ਜਨਤਕ ਸਿਹਤ ਸੰਭਾਲ ਸਹੂਲਤਾਂ ਨੂੰ ਫੰਡ ਦਿੱਤੇ ਗਏ।
ਤਾਲਿਬਾਨ ਨੇ ਸੱਤਾ ਸੰਭਾਲਣ ਮਗਰੋਂ ਉਨ੍ਹਾਂ ਵਿਰੁੱਧ ਅੰਤਰਰਾਸ਼ਟਰੀ ਪਾਬੰਦੀਆਂ ਕਾਰਨ ਪੈਸਾ ਰੋਕ ਦਿੱਤਾ ਗਿਆ। ਇਸ ਨਾਲ ਸਿਹਤ ਸੰਭਾਲ ਸਹੂਲਤਾਂ ਨੁਕਸਾਨੀਆਂ ਗਈਆਂ।
ਇਸ ਦੇ ਨਾਲ ਹੀ ਤਾਲਿਬਾਨ ਸਰਕਾਰ ਦੀਆਂ ਨੀਤੀਆਂ ਖਾਸ ਤੌਰ 'ਤੇ ਔਰਤਾਂ 'ਤੇ ਲਗਾਈਆਂ ਪਾਬੰਦੀਆਂ ਕਰਕੇ ਵੀ ਫੰਡਿੰਗ ਨਾ ਹੋਣ ਦਾ ਨੁਕਸਾਨ ਝੱਲਣਾ ਪਾ ਰਿਹਾ ਹੈ।

ਤਸਵੀਰ ਸਰੋਤ, BBC/Imogen Anderson
ਤਾਲਿਬਾਨ ਸਰਕਾਰ ਦੇ ਉਪ ਬੁਲਾਰੇ ਹਮਦੁੱਲਾ ਫਿਤਰਤ ਨੇ ਦੱਸਿਆ, “ਸਾਨੂੰ ਗਰੀਬੀ ਅਤੇ ਕੁਪੋਸ਼ਣ ਦੀ ਸਮੱਸਿਆ ਵਿਰਾਸਤ ਵਿੱਚ ਹੀ ਮਿਲੀ ਹੈ, ਜੋ ਕਿ ਹੜ੍ਹਾਂ ਅਤੇ ਵਾਤਾਵਰਨ ਤਬਦੀਲੀਆਂ ਵਰਗੀਆਂ ਕੁਦਰਤੀ ਆਫ਼ਤਾਂ ਕਾਰਨ ਹੋਰ ਬਦਤਰ ਹੋ ਗਈ ਹੈ। ਅੰਤਰਰਾਸ਼ਟਰੀ ਭਾਈਚਾਰੇ ਨੂੰ ਮਨੁੱਖੀ ਸਹਾਇਤਾ ਦੇਣੀ ਚਾਹੀਦੀ ਹੈ, ਉਨ੍ਹਾਂ ਨੂੰ ਇਸ ਨੂੰ ਰਾਜਨੀਤਿਕ ਅਤੇ ਅੰਦਰੂਨੀ ਮੁੱਦਿਆਂ ਨਾਲ ਨਹੀਂ ਜੋੜਨਾ ਚਾਹੀਦਾ।"
ਪਿਛਲੇ ਤਿੰਨ ਸਾਲਾਂ ਵਿੱਚ ਅਸੀਂ ਦੇਸ਼ ਦੇ ਇੱਕ ਦਰਜਨ ਤੋਂ ਵੱਧ ਸਿਹਤ ਸਹੂਲਤਾਂ ਦਾ ਦੌਰਾ ਕੀਤਾ ਅਤੇ ਸਥਿਤੀ ਤੇਜ਼ੀ ਨਾਲ ਵਿਗੜਦੀ ਦੇਖੀ ਹੈ। ਹਸਪਤਾਲਾਂ ਦੇ ਪਿਛਲੇ ਕੁਝ ਦੌਰਿਆਂ ਦੌਰਾਨ ਅਸੀਂ ਬੱਚਿਆਂ ਨੂੰ ਮਰਦੇ ਵੀ ਦੇਖਿਆ ਹੈ।
ਪਰ ਅਸੀਂ ਇਹ ਵੀ ਦੇਖਿਆ ਹੈ ਕਿ ਸਹੀ ਇਲਾਜ ਬੱਚਿਆਂ ਨੂੰ ਬਚਾ ਸਕਦਾ ਹੈ। ਡਾਕਟਰ ਗਨੀ ਨੇ ਸਾਨੂੰ ਫ਼ੋਨ 'ਤੇ ਦੱਸਿਆ ਕਿ ਜਦੋਂ ਅਸੀਂ ਹਸਪਤਾਲ ਦਾ ਦੌਰਾ ਕੀਤਾ ਸੀ ਤਾਂ ਉਸ ਸਮੇਂ ਬੀਬੀ ਹਜੀਰਾ ਦੀ ਹਾਲਤ ਬਹੁਤ ਨਾਜ਼ੁਕ ਸੀ ਪਰ ਹੁਣ ਉਹ ਠੀਕ ਹੈ ਅਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ, “ਜੇ ਸਾਡੇ ਕੋਲ ਹੋਰ ਦਵਾਈਆਂ, ਸਹੂਲਤਾਂ ਅਤੇ ਸਟਾਫ ਹੁੰਦਾ ਤਾਂ ਅਸੀਂ ਹੋਰ ਬੱਚਿਆਂ ਨੂੰ ਬਚਾ ਸਕਦੇ ਸੀ। ਸਾਡੇ ਸਟਾਫ ਬਹੁਤ ਮਜ਼ਬੂਤ ਹੈ। ਅਸੀਂ ਅਣਥੱਕ ਕੰਮ ਕਰ ਰਹੇ ਹਾਂ ਅਤੇ ਹੋਰ ਯੋਗਦਾਨ ਦੇਣ ਲਈ ਤਿਆਰ ਹਾਂ।"
ਉਨ੍ਹਾਂ ਕਿਹਾ, “ਮੇਰੇ ਵੀ ਬੱਚੇ ਹਨ। ਜਦੋਂ ਕੋਈ ਬੱਚਾ ਮਰਦਾ ਹੈ ਤਾਂ ਸਾਨੂੰ ਵੀ ਦੁੱਖ ਹੁੰਦਾ ਹੈ। ਮੈਂ ਜਾਣਦਾ ਹਾਂ ਕਿ ਮਾਪਿਆਂ ਦੇ ਦਿਲਾਂ 'ਤੇ ਕੀ ਬੀਤਦੀ ਹੈ।”
ਮੌਤ ਦਰ ਦੇ ਵਾਧੇ ਦਾ ਇੱਕੋ-ਇੱਕ ਕਾਰਨ ਕੁਪੋਸ਼ਣ ਨਹੀਂ ਹੈ। ਹੋਰ ਰੋਕਣ ਯੋਗ ਅਤੇ ਇਲਾਜਯੋਗ ਬਿਮਾਰੀਆਂ ਵੀ ਬੱਚਿਆਂ ਨੂੰ ਮਾਰ ਰਹੀਆਂ ਹਨ।
ਅਣਗਿਣਤ ਬੱਚੇ ਇਲਾਜ ਤੋਂ ਵਾਂਝੇ

ਤਸਵੀਰ ਸਰੋਤ, BBC/Imogen Anderson
ਕੁਪੋਸ਼ਣ ਵਾਰਡ ਦੇ ਅਗਲੇ ਇੰਟੈਂਸਿਵ ਕੇਅਰ ਯੂਨਿਟ ਵਿੱਚ ਛੇ ਮਹੀਨਿਆਂ ਦੀ ਉਮਰਾ ਗੰਭੀਰ ਨਿਮੋਨੀਆ ਨਾਲ ਜੂਝ ਰਹੀ ਹੈ। ਜਦੋਂ ਇੱਕ ਨਰਸ ਉਸ ਦੇ ਸਰੀਰ 'ਤੇ ਡ੍ਰਿੱਪ ਲਗਾਉਂਦੀ ਹੈ ਤਾਂ ਉਹ ਉੱਚੀ-ਉੱਚੀ ਰੋਂਦੀ ਹੈ। ਉਮਰਾਹ ਦੀ ਮਾਂ ਨਸਰੀਨ ਉਸਦੇ ਕੋਲ ਬੈਠੀ ਹੈ, ਜਿਸ ਦੇ ਹੰਝੂ ਵਹਿ ਰਹੇ ਹਨ।
ਉਹ ਕਹਿੰਦੀ ਹੈ “ਕਾਸ਼ ਮੈਂ ਉਸਦੀ ਜਗ੍ਹਾ ਮਰ ਸਕਦੀ। ਮੈਂ ਬਹੁਤ ਡਰੀ ਹੋਈ ਹਾਂ।" ਹਸਪਤਾਲ ਦਾ ਦੌਰਾ ਕਰਨ ਦੇ ਦੋ ਦਿਨ ਬਾਅਦ ਹੀ ਉਮਰਾਹ ਦੀ ਮੌਤ ਹੋ ਗਈ।
ਇਹ ਉਨ੍ਹਾਂ ਬੱਚਿਆਂ ਦੀਆਂ ਕਹਾਣੀਆਂ ਹਨ ਜਿਹੜੇ ਹਸਪਤਾਲ ਤੱਕ ਪਹੁੰਚੇ। ਜਦ ਹੋਰ ਕਈ ਅਣਗਿਣਤ ਇਸ ਤੋਂ ਵਾਂਝੇ ਹਨ। ਉਨ੍ਹਾਂ ਪੰਜ ਬੱਚਿਆਂ, ਜਿਨ੍ਹਾਂ ਨੂੰ ਹਸਪਤਾਲ 'ਚ ਇਲਾਜ ਦੀ ਲੋੜ ਹੈ, ਉਨ੍ਹਾਂ ਵਿੱਚੋਂ ਸਿਰਫ਼ ਇੱਕ ਹੀ ਜਲਾਲਾਬਾਦ ਦੇ ਹਸਪਤਾਲ ਵਿੱਚ ਇਲਾਜ ਕਰਵਾ ਪਾਉਂਦਾ ਹੈ।
ਆਸਮਾ ਦੀ ਮੌਤ ਤੋਂ ਤੁਰੰਤ ਬਾਅਦ ਤਿੰਨ ਮਹੀਨਿਆਂ ਦੀ ਬੱਚੀ ਆਲੀਆ ਨੂੰ ਉਸ ਬੈੱਡ 'ਤੇ ਲਿਜਾਇਆ ਗਿਆ, ਜਿੱਥੇ ਪਹਿਲਾਂ ਅਸਮਾ ਸੀ।
ਕਮਰੇ ਵਿੱਚ ਕਿਸੇ ਕੋਲ ਇੰਨਾ ਵੀ ਸੋਚਣ ਦਾ ਸਮਾਂ ਨਹੀਂ ਸੀ ਕਿ ਕੀ ਵਾਪਰ ਰਿਹਾ ਹੈ।
ਜਲਾਲਾਬਾਦ ਹਸਪਤਾਲ ਪੰਜ ਸੂਬਿਆਂ ਦੀ ਆਬਾਦੀ ਨੂੰ ਸਹੂਲਤ ਦਿੰਦਾ ਹੈ, ਤਾਲਿਬਾਨ ਸਰਕਾਰ ਮੁਤਾਬਕ ਅੰਦਾਜ਼ਨ 50 ਲੱਖ ਲੋਕਾਂ ਨੂੰ। ਪਰ ਹੁਣ ਇਸ 'ਤੇ ਦਬਾਅ ਹੋਰ ਵੱਧ ਗਿਆ ਹੈ। ਪਿਛਲੇ ਸਾਲ ਪਾਕਿਸਤਾਨ ਵੱਲੋਂ ਡਿਪੋਰਟ ਕੀਤੇ ਗਏ 700,000 ਤੋਂ ਵੱਧ ਅਫਗਾਨ ਸ਼ਰਨਾਰਥੀਆਂ ਵਿੱਚੋਂ ਜ਼ਿਆਦਾਤਰ ਨੰਗਰਹਾਰ ਵਿੱਚ ਹੀ ਰਹਿੰਦੇ ਹਨ।
ਹਸਪਤਾਲ ਦੇ ਆਲੇ ਦੁਆਲੇ ਦੇ ਭਾਈਚਾਰਿਆਂ ਬਾਰੇ ਸਾਨੂੰ ਸੰਯੁਕਤ ਰਾਸ਼ਟਰ ਵੱਲੋਂ ਇਸ ਸਾਲ ਜਾਰੀ ਕੀਤੇ ਗਏ ਚਿੰਤਾਜਨਕ ਅੰਕੜੇ ਦੇ ਸਬੂਤ ਮਿਲੇ ਹਨ: ਅਫਗਾਨਿਸਤਾਨ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ 45% ਬੱਚਿਆਂ ਦਾ ਵਿਕਾਸ ਨਹੀਂ ਹੋ ਰਿਹਾ ਹੈ।
'ਇਲਾਜ ਨਾ ਹੋਇਆ ਤਾਂ ਅਪਾਹਜ ਹੋਣ ਦਾ ਡਰ'

ਤਸਵੀਰ ਸਰੋਤ, BBC/Imogen Anderson
ਰੋਬੀਨਾ ਦਾ ਦੋ ਸਾਲ ਦਾ ਪੁੱਤ ਮੁਹੰਮਦ ਅਜੇ ਤੱਕ ਖੜ੍ਹਾ ਨਹੀਂ ਹੋ ਸਕਦਾ ਅਤੇ ਉਮਰ ਦੇ ਹਿਸਾਬ ਨਾਲ ਉਸ ਦਾ ਕੱਦ ਬਹੁਤ ਛੋਟਾ ਹੈ।
ਰੋਬੀਨਾ ਪੁੱਛਦੀ ਹੈ ਕਿ, “ਡਾਕਟਰ ਨੇ ਮੈਨੂੰ ਦੱਸਿਆ ਹੈ ਕਿ ਜੇ ਅਗਲੇ ਤਿੰਨ ਤੋਂ ਛੇ ਮਹੀਨਿਆਂ ਤੱਕ ਉਸ ਦਾ ਇਲਾਜ ਹੋ ਜਾਂਦਾ ਹੈ ਤਾਂ ਉਹ ਠੀਕ ਹੋ ਜਾਵੇਗਾ। ਪਰ ਸਾਨੂੰ ਖਾਣਾ ਹੀ ਬਹੁਤ ਔਖਾ ਨਸੀਬ ਹੋ ਰਿਹਾ। ਅਸੀਂ ਇਲਾਜ ਲਈ ਕਿੱਥੋਂ ਪੈਸੇ ਲਿਆਵਾਂਗੇ ?"
ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਪਿਛਲੇ ਸਾਲ ਪਾਕਿਸਤਾਨ ਛੱਡਣਾ ਪਿਆ ਸੀ ਅਤੇ ਹੁਣ ਉਹ ਜਲਾਲਾਬਾਦ ਤੋਂ ਕੁਝ ਦੂਰੀ 'ਤੇ ਸ਼ੇਖ ਮਿਸਰੀ ਖੇਤਰ ਵਿੱਚ ਇੱਕ ਧੂੜ ਭਰੀ, ਸੁੱਕੀ ਬਸਤੀ ਵਿੱਚ ਰਹਿੰਦੀ ਹੈ।
ਰੋਬੀਨਾ ਕਹਿੰਦੀ ਹੈ, “ਮੈਨੂੰ ਡਰ ਹੈ ਕਿ ਉਹ ਅਪਾਹਜ ਹੋ ਜਾਵੇਗਾ ਅਤੇ ਉਹ ਕਦੇ ਵੀ ਤੁਰ ਨਹੀਂ ਸਕੇਗਾ।"
“ਪਾਕਿਸਤਾਨ ਵਿੱਚ ਵੀ ਸਾਡੀ ਜ਼ਿੰਦਗੀ ਔਖੀ ਸੀ। ਪਰ ਉੱਥੇ ਸਾਡੇ ਕੋਲ ਕੰਮ ਸੀ। ਇੱਥੇ ਮੇਰੇ ਪਤੀ, ਇੱਕ ਮਜ਼ਦੂਰ ਹਨ ਅਤੇ ਉਨ੍ਹਾਂ ਨੂੰ ਘੱਟ ਹੀ ਕੰਮ ਮਿਲਦਾ ਹੈ। ਜੇ ਅਸੀਂ ਅਜੇ ਵੀ ਪਾਕਿਸਤਾਨ ਵਿਚ ਹੁੰਦੇ ਤਾਂ ਉਸ ਦਾ ਇਲਾਜ ਕਰਵਾ ਸਕਦੇ ਸੀ।

ਤਸਵੀਰ ਸਰੋਤ, BBC/Imogen Anderson
ਯੂਨੀਸੈਫ਼ ਦਾ ਕਹਿਣਾ ਹੈ ਕਿ ਸਟੰਟਿੰਗ ਯਾਨੀ ਸਰੀਰ ਦਾ ਵਿਕਾਸ ਨਾ ਹੋਣਾ ਗੰਭੀਰ ਸਰੀਰਕ ਅਤੇ ਬੋਧਾਤਮਕ ਨੁਕਸਾਨ ਦਾ ਕਾਰਨ ਬਣ ਸਕਦਾ ਹੈ, ਜਿਸ ਦੇ ਪ੍ਰਭਾਵ ਜੀਵਨ ਭਰ ਰਹਿ ਸਕਦੇ ਹਨ ਅਤੇ ਅਗਲੀ ਪੀੜ੍ਹੀ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ।
ਡਾ. ਗਨੀ ਸਵਾਲ ਕਰਦੇ ਹਨ ਕਿ, "ਅਫਗਾਨਿਸਤਾਨ ਪਹਿਲਾਂ ਹੀ ਆਰਥਿਕ ਤੌਰ 'ਤੇ ਸੰਘਰਸ਼ ਕਰ ਰਿਹਾ ਹੈ। ਜੇਕਰ ਸਾਡੀ ਆਉਣ ਵਾਲੀ ਪੀੜ੍ਹੀ ਦਾ ਵੱਡਾ ਹਿੱਸਾ ਸਰੀਰਕ ਜਾਂ ਮਾਨਸਿਕ ਤੌਰ 'ਤੇ ਅਪਾਹਜ ਹੋਵੇਗਾ ਤਾਂ ਸਾਡਾ ਸਮਾਜ ਉਨ੍ਹਾਂ ਦੀ ਮਦਦ ਕਿਵੇਂ ਕਰੇਗਾ?"
ਮੁਹੰਮਦ ਨੂੰ ਹੋਣ ਵਾਲੇ ਸਥਾਈ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ ਜੇਕਰ ਦੇਰ ਹੋਣ ਤੋਂ ਪਹਿਲਾਂ ਉਸਦਾ ਇਲਾਜ ਕੀਤਾ ਜਾਵੇ।
ਪਰ ਅਫਗਾਨਿਸਤਾਨ ਵਿੱਚ ਸਹਾਇਤਾ ਏਜੰਸੀਆਂ ਦੁਆਰਾ ਚਲਾਏ ਜਾਂਦੇ ਕਮਿਊਨਿਟੀ ਪੋਸ਼ਣ ਪ੍ਰੋਗਰਾਮਾਂ ਵਿੱਚ ਹੋਈ ਕਟੌਤੀ ਕਰਕੇ ਉਹਨਾਂ ਵਿੱਚੋਂ ਬਹੁਤਿਆਂ ਨੂੰ ਲੋੜੀਂਦੇ ਫੰਡਾਂ ਦਾ ਸਿਰਫ਼ ਇੱਕ ਚੌਥਾਈ ਹਿੱਸਾ ਮਿਲਿਆ ਹੈ।
ਸਮੇਂ ਸਿਰ ਇਲਾਜ ਬੇਹੱਦ ਜ਼ਰੂਰੀ

ਤਸਵੀਰ ਸਰੋਤ, BBC/Imogen Anderson
ਸ਼ੇਖ ਮਿਸਰੀ ਤੋਂ ਅਗਲੀ ਗਲੀ 'ਚ ਅਸੀਂ ਕੁਪੋਸ਼ਿਤ ਜਾਂ ਸਟੰਟਡ ਬੱਚਿਆਂ ਵਾਲੇ ਪਰਿਵਾਰਾਂ ਨੂੰ ਮਿਲਦੇ ਹਾਂ।
ਸਰਦਾਰ ਗੁਲ ਦੇ ਦੋ ਕੁਪੋਸ਼ਿਤ ਬੱਚੇ ਹਨ, ਤਿੰਨ ਸਾਲ ਦਾ ਉਮਰ ਅਤੇ ਅੱਠ ਮਹੀਨਿਆਂ ਦਾ ਮੁਜੀਬ, ਜਿਸ ਨੂੰ ਉਨ੍ਹਾਂ ਨੇ ਆਪਣੀ ਗੋਦ ਵਿੱਚ ਲਿਆ ਹੋਇਆ ਹੈ।
ਸਰਦਾਰ ਗੁਲ ਕਹਿੰਦੇ ਹਨ, “ਇੱਕ ਮਹੀਨੇ ਪਹਿਲਾਂ ਮੁਜੀਬ ਦਾ ਭਾਰ ਤਿੰਨ ਕਿੱਲੋ ਤੋਂ ਵੀ ਘੱਟ ਗਿਆ ਸੀ। ਇੱਕ ਵਾਰ ਜਦੋਂ ਅਸੀਂ ਉਸ ਨੂੰ ਇੱਕ ਸਹਾਇਤਾ ਏਜੰਸੀ ਨਾਲ ਰਜਿਸਟਰ ਕਰਾਉਣ ਦੇ ਯੋਗ ਹੋਏ ਤਾਂ ਸਾਨੂੰ ਭੋਜਨ ਦੇ ਥੈਲੇ ਮਿਲਣੇ ਸ਼ੁਰੂ ਹੋ ਗਏ। ਉਨ੍ਹਾਂ ਨੇ ਸੱਚਮੁੱਚ ਹੀ ਉਸ ਦੀ ਮਦਦ ਕੀਤੀ ਹੈ।”
ਮੁਜੀਬ ਦਾ ਭਾਰ ਹੁਣ ਛੇ ਕਿੱਲੋ ਹੈ, ਅਜੇ ਵੀ ਦੋ ਕਿੱਲੋ ਘੱਟ ਹੈ, ਪਰ ਕਾਫ਼ੀ ਸੁਧਾਰ ਹੋਇਆ ਹੈ।
ਇਹ ਸਬੂਤ ਹੈ ਕਿ ਸਮੇਂ ਸਿਰ ਇਲਾਜ ਬੱਚਿਆਂ ਨੂੰ ਮੌਤ ਅਤੇ ਅਪਾਹਜ ਹੋਣ ਤੋਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ।
ਵਧੀਕ ਰਿਪੋਰਟਿੰਗ: ਇਮੋਜੇਨ ਐਂਡਰਸਨ ਅਤੇ ਸੰਜੇ ਗਾਂਗੁਲੀ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












