ਉੱਤਰਕਾਸ਼ੀ 'ਚ ਬੱਦਲ ਫਟਣ ਕਾਰਨ ਤਬਾਹੀ, 'ਵੱਡੇ-ਵੱਡੇ ਹੋਟਲਾਂ ਦੀ ਛੱਤ ਤੱਕ ਨਜ਼ਰ ਨਹੀਂ ਆ ਰਹੀ, ਸਭ ਕੁਝ ਤਬਾਹ ਹੋ ਗਿਆ'

ਬੱਟਲ ਫਟਣ ਕਾਰਨ ਤਬਾਹੀ

ਤਸਵੀਰ ਸਰੋਤ, ANI

    • ਲੇਖਕ, ਆਸਿਫ ਅਲੀ
    • ਰੋਲ, ਬੀਬੀਸੀ ਸਹਿਯੋਗੀ

ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ। ਹਰਸ਼ੀਲ ਖੇਤਰ ਵਿੱਚ ਖੀਰ ਗੰਗਾ ਗਦੇਰੇ (ਡੂੰਘੀ ਖਾਈ ਜਾਂ ਨਾਲਾ) ਦੇ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ, ਜਿਸ ਕਾਰਨ ਧਰਾਲੀ ਪਿੰਡ ਵਿੱਚ ਭਾਰੀ ਨੁਕਸਾਨ ਹੋਇਆ।

ਉੱਤਰਕਾਸ਼ੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਪ੍ਰਸ਼ਾਂਤ ਆਰੀਆ ਨੇ ਮੀਡੀਆ ਨੂੰ ਦੱਸਿਆ ਕਿ ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕੁਝ ਜਾਇਦਾਦਾਂ ਨੂੰ ਨੁਕਸਾਨ ਹੋਣ ਦੀ ਵੀ ਖ਼ਬਰ ਹੈ।

ਇਸ ਦੇ ਨਾਲ ਹੀ ਡੀਆਈਜੀ ਐੱਨਡੀਆਰਐੱਫ ਮੋਹਸੇਨ ਸ਼ਾਹੇਦੀ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ ਹੈ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ 40 ਤੋਂ 50 ਘਰ ਵਹਿ ਗਏ ਹਨ ਅਤੇ 50 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ।

ਇਸ ਦੌਰਾਨ ਧਰਾਲੀ ਦੇ ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਤਬਾਹੀ ਦਾ ਪੱਧਰ ਬਹੁਤ ਵੱਡਾ ਹੈ ਅਤੇ ਇਸ ਨਾਲ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ।

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਐਕਸ 'ਤੇ ਪੋਸਟ ਕਰ ਕੇ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸੀਨੀਅਰ ਅਧਿਕਾਰੀਆਂ ਨੇ ਲਗਾਤਾਰ ਸੰਪਰਕ ਵਿੱਚ ਹਨ ਅਤੇ ਸਥਿਤੀ ਨੂੰ ਨੇੜਿਓਂ ਦੇਖ ਰਹੇ ਹਨ।

ਚਸ਼ਮਦੀਦਾਂ ਨੇ ਕੀ ਦੱਸਿਆ?

ਧਰਾਲੀ ਪਿੰਡ ਦੀ ਰਹਿਣ ਵਾਲੀ ਆਸਥਾ ਪਵਾਰ ਨੇ ਬੀਬੀਸੀ ਪੱਤਰਕਾਰ ਵਿਕਾਸ ਤ੍ਰਿਵੇਦੀ ਨਾਲ ਗੱਲਬਾਤ ਦੌਰਾਨ ਇਸ ਭਿਆਨਕ ਘਟਨਾ ਨੂੰ ਬਿਆਨ ਕੀਤਾ।

ਆਸਥਾ ਦੱਸਦੇ ਹਨ, "ਹਾਲੇ ਮੈਂ ਧਰਾਲੀ ਵਿੱਚ ਹੀ ਹਾਂ। ਮੇਰਾ ਘਰ ਸੜਕ ਤੋਂ ਥੋੜ੍ਹਾ ਦੂਰ ਹੈ, ਇਸ ਲਈ ਇੱਥੋਂ ਸਭ ਦਿੱਖ ਰਿਹਾ ਹੈ ਕਿ ਹੇਠਾਂ ਕਿੰਨਾ ਨੁਕਸਾਨ ਹੋਇਆ ਹੈ।"

ਬਚਾਅ ਕਾਰਜ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਉੱਤਰਾਕਾਸ਼ੀ ਇਲਾਕੇ ਵਿੱਚ ਰਾਹਤ ਤੇ ਬਚਾਅ ਕਾਰਜ ਜਾਰੀ ਹਨ

"ਇੱਥੋਂ ਮੈਂ ਆਪਣੀਆਂ ਅੱਖਾਂ ਸਾਹਮਣੇ ਕਈ ਹੋਟਲ ਵਹਿੰਦੇ ਦੇਖੇ। ਅਜਿਹਾ ਨਹੀਂ ਹੈ ਕਿ ਸਾਰਾ ਕੁਝ ਇੱਕ ਵਾਰ 'ਚ ਵਹਿ ਗਿਆ। ਜੋ ਪਹਿਲੀ ਲਹਿਰ ਆਈ ਸੀ, ਉਹ ਬਹੁਤ ਜ਼ੋਰਦਾਰ ਅਤੇ ਭਿਆਨਕ ਸੀ। ਉਹ ਵੀਡੀਓ ਸ਼ਾਇਦ ਤੁਸੀਂ ਦੇਖੇ ਹੋਣਗੇ। ਉਸ ਤੋਂ ਬਾਅਦ ਵੀ ਹਰ 10-15 ਜਾਂ 20 ਮਿੰਟ ਵਿੱਚ ਮਲਬੇ ਵੱਲ ਲਹਿਰਾਂ ਆਉਂਦੀਆਂ ਰਹੀਆਂ। ਛੋਟੀਆਂ ਲਹਿਰਾਂ ਆ ਰਹੀਆਂ ਹਨ ਪਰ ਉਹ ਵੀ ਆਪਣੇ ਨਾਲ ਹੋਟਲਾਂ ਨੂੰ ਲੈ ਜਾ ਰਹੀਆਂ ਹਨ। ਇੱਕ-ਇੱਕ, ਦੋ-ਦੋ ਹੋਟਲ ਵਹਿ ਰਹੇ ਹਨ।"

ਕੀ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਪਹਿਲਾਂ ਕੋਈ ਜਾਣਕਾਰੀ ਦਿੱਤੀ ਗਈ ਸੀ? ਇਸ ਬਾਰੇ ਆਸਥਾ ਜਾਣਕਾਰੀ ਨਾ ਹੋਣ ਦੀ ਗੱਲ ਕਹਿੰਦੇ ਹਨ।

ਆਸਥਾ ਕਹਿੰਦੇ ਹਨ, "ਸਾਨੂੰ ਕੋਈ ਵਾਰਨਿੰਗ ਵੀ ਨਹੀਂ ਦਿੱਤੀ ਗਈ ਸੀ। ਛੁੱਟੀਆਂ ਵੀ ਨਹੀਂ ਸੀ। ਅੱਜ ਬੱਚਿਆਂ ਨੂੰ ਛੁੱਟੀ ਵੀ ਨਹੀਂ ਸੀ। ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਇੰਨਾ ਵੱਡਾ ਹਾਦਸਾ ਹੋਣ ਵਾਲਾ ਹੈ। ਇਹ ਘਟਨਾ ਦੁਪਹਿਰ ਨੂੰ ਵਾਪਰੀ। ਅਸੀਂ ਛੱਤ 'ਤੇ ਗਏ ਸੀ, ਉਥੋਂ ਸਾਰਾ ਕੁਝ ਸਾਫ਼ ਦਿਖਾਈ ਦੇ ਰਿਹਾ ਸੀ। ਜਿਵੇਂ ਕੁਝ ਬਚਿਆ ਹੀ ਨਾ ਹੋਵੇ।"

ਉਹ ਦੱਸਦੇ ਹਨ ਕਿ ਪਿੰਡ ਦੇ ਜ਼ਿਆਦਾਤਰ ਲੋਕ ਇੱਕ ਸਥਾਨਕ ਪੂਜਾ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਸੀ।

ਆਸਥਾ ਨੇ ਦੱਸਿਆ, "ਚਾਰ ਅਗਸਤ ਦੀ ਰਾਤ ਵੀ ਅਤੇ ਪੰਜ ਅਗਸਤ ਦੀ ਸਵੇਰ ਵੀ ਪੂਜਾ ਸੀ। ਸ਼ੁਕਰ ਹੈ ਕਿ ਇਹ ਹਾਦਸਾ ਚਾਰ ਅਗਸਤ ਦੀ ਰਾਤ ਨਹੀਂ ਹੋਇਆ, ਜਦੋਂ ਪੂਰਾ ਪਿੰਡ ਪੂਜਾ ਵਿੱਚ ਸ਼ਾਮਲ ਹੋ ਰਿਹਾ ਸੀ।"

ਉਹ ਵਾਰਨਿੰਗ ਵਾਲੀ ਗੱਲ 'ਤੇ ਜ਼ੋਰ ਦੇ ਕੇ ਕਹਿੰਦੇ ਹਨ, "ਜੇ ਕੋਈ ਚਿਤਾਵਨੀ ਹੁੰਦੀ ਤਾਂ ਅਸੀਂ ਪੂਜਾ ਵਿੱਚ ਜਾਂਦੇ ਹੀ ਨਹੀਂ। ਜੇ ਕਿਤੇ ਹੋਰ ਅਲਰਟ ਜਾਰੀ ਹੋਇਆ ਹੋਵੇ ਤਾਂ ਇੱਥੇ ਤੱਕ ਨਹੀਂ ਪਹੁੰਚਿਆ। ਇੱਥੇ ਸਾਰਾ ਕੁਝ ਆਮ ਦੀ ਤਰ੍ਹਾਂ ਸੀ। ਸਕੂਲ ਖੁੱਲ੍ਹੇ ਸੀ, ਛੁੱਟੀ ਨਹੀਂ ਸੀ। ਕੋਈ ਨਹੀਂ ਜਾਣਦਾ ਸੀ ਇੰਨੀ ਵੱਡੀ ਤਰਾਸਦੀ ਵਾਪਰਨ ਵਾਲੀ ਹੈ।"

ਧਰਾਲੀ ਪਿੰਡ ਦੇ ਨੇੜੇ ਕੀ-ਕੀ ਸੀ?

ਪਾਣੀ ਨਾਲ ਤਬਾਹੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਸੀ

ਜਿੱਥੇ ਇਹ ਘਟਨਾ ਵਾਪਰੀ ਹੈ, ਆਸਥਾ ਉੱਥੋਂ ਦੀ ਰਹਿਣ ਵਾਲੀ ਹੈ।

ਉਹ ਕਹਿੰਦੇ ਹਨ, "ਉੱਥੇ ਬਹੁਤ ਵੱਡੇ-ਵੱਡੇ ਹੋਟਲ ਸੀ, ਤਿੰਨ-ਚਾਰ ਮੰਜ਼ਿਲਾ ਹੋਟਲ। ਹੁਣ ਉਨ੍ਹਾਂ ਦੀ ਛੱਤ ਤੱਕ ਨਹੀਂ ਦਿਖ ਰਹੀ। ਇੰਨਾ ਭਿਆਨਕ ਨੁਕਸਾਨ ਹੋਇਆ ਹੈ ਕਿ ਪੂਰੀ ਮਾਰਕਿਟ ਖਤਮ ਹੋ ਗਈ ਹੈ। ਧਰਾਲੀ ਦਾ ਬਹੁਤ ਵੱਡਾ ਬਾਜ਼ਾਰ ਸੀ। ਇੱਕ ਬਹੁਤ ਵੱਡਾ ਮੰਦਿਰ ਸੀ। ਹੁਣ ਉੱਥੇ ਕੁਝ ਵੀ ਨਹੀਂ ਦਿਖ ਰਿਹਾ। ਸਾਰਾ ਕੁਝ ਤਬਾਹ ਹੋ ਗਿਆ। ਕਲਪ ਕੇਦਾਰ ਮੰਦਿਰ ਵੀ ਨਹੀਂ ਦਿਖ ਰਿਹਾ ਹੈ।"

ਧਰਾਲੀ ਗੰਗੋਤਰੀ ਦੇ ਰਾਹ ਵਿੱਚ ਪੈਂਦਾ ਹੈ ਅਤੇ ਇਹ ਥਾਂ ਹਰਸ਼ਿਲ ਵੈਲੀ ਦੇ ਨੇੜੇ ਹੈ। ਕਲਪ ਕੇਦਾਰ ਇੱਥੋਂ ਦਾ ਸਥਾਨਕ ਮੰਦਿਰ ਹੈ, ਜਿੱਥੇ ਸ਼ਰਧਾਲੂ ਦਰਸ਼ਨ ਕਰਨ ਲਈ ਆਉਂਦੇ ਹਨ।

ਚਾਰਧਾਮ ਯਾਤਰਾ ਦਾ ਰਾਹ ਧਰਾਲੀ ਤੋਂ ਹੋ ਕੇ ਹੀ ਲੰਘਦਾ ਹੈ। ਅਜਿਹੇ ਵਿੱਚ ਸ਼ਰਧਾਲੂ ਕਈ ਵਾਰ ਧਰਾਲੀ ਦੇ ਹੋਟਲਾਂ ਵਿੱਚ ਵੀ ਰੁਕਦੇ ਹਨ।

ਹਰਸ਼ਿਲ ਵੈਲੀ ਦੇ ਬਗੋਰੀ ਪਿੰਡ ਦੇ ਰਹਿਣ ਵਾਲੇ ਕਰਨ ਨੇ ਬੀਬੀਸੀ ਨੂੰ ਦੱਸਿਆ ਕਿ ਵੈਲੀ ਦੇ ਆਸਪਾਸ ਦੇ ਇਲਾਕੇ ਨੂੰ ਖਾਲੀ ਕਰਵਾਇਆ ਗਿਆ ਹੈ। ਲੋਕਾਂ ਨੂੰ ਨੇੜੇ ਦੇ ਉੱਚੇ ਖੇਤਰਾਂ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਕਿ ਜੇ ਰਾਤ ਵਿੱਚ ਮੀਂਹ ਪਏ ਤਾਂ ਜਾਨ-ਮਾਲ ਦੀ ਸੁਰੱਖਿਆ ਨਿਸ਼ਚਿਤ ਕੀਤੀ ਜਾ ਸਕੇ।

'ਆਰਮੀ ਕੈਂਪ ਅਤੇ ਸੈਨਾ ਦੇ ਬਚਾਅ ਦਲ ਦਾ ਇੱਕ ਹਿੱਸਾ ਵੀ ਪ੍ਰਭਾਵਿਤ'

ਆਪਦਾ ਪ੍ਰਭਾਵਿਤ ਧਰਾਲੀ ਪਿੰਡ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਤੱਕ ਆਰਮੀ ਕੈਂਪ ਵੀ ਸਥਿਤ ਹੈ। ਇਸੇ ਨੂੰ ਦੇਖਦੇ ਹੋਏ ਸੈਨਾ ਦੇ ਐਡੀਸ਼ਨਲ ਡਾਇਰੈਕਟੋਰੇਟ ਜਨਰਲ ਆਫ ਪਬਲਿਕ ਇਨਫਾਰਮੇਸ਼ਨ (ਏਡੀਜੀ ਪੀਆਈ) ਨੇ ਐਕਸ 'ਤੇ ਇੱਕ ਪੋਸਟ ਦੇ ਜ਼ਰੀਏ ਹਾਦਸੇ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਬ੍ਰਿਗੇਡ ਕਮਾਂਡਰ ਬ੍ਰਿਗੇਡੀਅਰ ਮਨਦੀਪ ਢਿੱਲੋਂ ਨੇ ਦੱਸਿਆ ਕਿ ਹਰਸ਼ਿਲ ਪੋਸਟ 'ਤੇ ਤਾਇਨਾਤ ਭਾਰਤੀ ਸੈਨਾ ਦੀ ਟੁੱਕੜੀ ਨੇ ਸਭ ਤੋਂ ਪਹਿਲਾਂ ਮੌਕੇ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਮਹਿਜ਼ 10 ਮਿੰਟਾਂ ਵਿੱਚ ਧਰਾਲੀ ਪਿੰਡ ਪਹੁੰਚ ਗਈ।

ਉਨ੍ਹਾਂ ਨੇ ਦੱਸਿਆ ਕਿ ਬਚਾਅ ਕਾਰਜ ਹਾਲੇ ਜਾਰੀ ਹਨ ਅਤੇ ਹੁਣ ਤੱਕ ਕਰੀਬ 20 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਿਆ ਹੈ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।

ਬ੍ਰਿਗੇਡੀਅਰ ਢਿੱਲੋਂ ਮੁਤਾਬਕ ਜ਼ਮੀਨ ਖਿਸਕਣ ਅਤੇ ਬੱਦਲ ਫਟਣ ਦੀ ਇਸ ਘਟਨਾ ਵਿੱਚ ਆਰਮੀ ਕੈਂਪ ਅਤੇ ਬਚਾਅ ਦਲ ਦਾ ਇੱਕ ਹਿੱਸਾ ਵੀ ਪ੍ਰਭਾਵਿਤ ਹੋਇਆ ਹੈ।

ਫੌਜ

ਤਸਵੀਰ ਸਰੋਤ, Pro Defence lieutenant colonel Manish Srivastava

ਤਸਵੀਰ ਕੈਪਸ਼ਨ, ਬੱਦਲ ਫਟਣ ਦੀ ਘਟਨਾ ਵਿੱਚ ਆਰਮੀ ਕੈਂਪ ਅਤੇ ਬਚਾਅ ਦਲ ਦਾ ਇੱਕ ਹਿੱਸਾ ਵੀ ਪ੍ਰਭਾਵਿਤ ਹੋਇਆ ਹੈ।

ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਰਾਹੁਲ ਗਾਂਧੀ ਨੇ ਦੁੱਖ ਪ੍ਰਗਟਾਇਆ

ਉੱਤਰਾਖੰਡ ਵਿੱਚ ਆਈ ਇਸ ਵੱਡੀ ਕੁਦਰਤੀ ਆਪਦਾ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਐਕਸ 'ਤੇ ਲਿਖਿਆ, "ਉੱਤਰਕਾਸ਼ੀ ਦੇ ਧਰਾਲੀ ਵਿੱਚ ਹੋਈ ਇਸ ਤਰਾਸਦੀ ਤੋਂ ਪ੍ਰਭਾਵਿਤ ਲੋਕਾਂ ਦੇ ਪ੍ਰਤੀ ਮੈਂ ਆਪਣਾ ਦੁੱਖ ਪ੍ਰਗਟ ਕਰਦਾ ਹਾਂ। ਨਾਲ ਹੀ ਸਾਰੇ ਪੀੜਤਾਂ ਦੀ ਤੰਦਰੁਸਤੀ ਦੀ ਕਾਮਨਾ ਕਰਦਾ ਹਾਂ। ਮੁੱਖ ਮੰਤਰੀ ਪੁਸ਼ਕਰ ਧਾਮੀ ਜੀ ਨਾਲ ਗੱਲ ਕਰਕੇ ਮੈਂ ਹਾਲਾਤ ਦੀ ਜਾਣਕਾਰੀ ਲਈ ਹੈ। ਸੂਬਾ ਸਰਕਾਰ ਦੀ ਨਿਗਰਾਨੀ ਵਿੱਚ ਰਾਹਤ ਤੇ ਬਚਾਅ ਦੀਆਂ ਟੀਮਾਂ ਹਰ ਸੰਭਵ ਕੋਸ਼ਿਸਾਂ ਵਿੱਚ ਲੱਗੀਆਂ ਹੋਈਆਂ ਹਨ। ਲੋਕਾਂ ਤੱਕ ਮਦਦ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ।"

ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਾ ਕਿ ਆਈਟੀਬੀਪੀ ਦੀਆਂ ਤਿੰਨ ਟੀਮਾਂ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਐੱਨਡੀਆਰਐੱਫ ਦੀਆਂ ਚਾਰ ਟੀਮਾਂ ਵੀ ਘਟਨਾ ਸਥਾਨ ਦੇ ਲਈ ਰਵਾਨਾ ਕੀਤੀਆਂ ਗਈਆਂ ਹਨ।

ਉੱਥੇ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਾਂਗਰਸ ਆਗੂਆਂ ਅਤੇ ਵਰਕਰਾਂ ਤੋਂ ਜ਼ਰੂਰਤਮੰਦਾਂ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ ਹੈ।

ਰਾਹੁਲ ਗਾਂਧੀ ਨੇ ਐਕਸ 'ਤੇ ਲਿਖਿਆ, "ਉੱਤਰਾਖੰਡ ਦੇ ਧਰਾਲੀ ਵਿੱਚ ਬੱਦਲ ਫਟਣ ਦੇ ਕਾਰਨ ਆਈ ਤਬਾਹੀ ਕਾਰਨ ਕਈ ਲੋਕਾਂ ਦੀ ਮੌਤ ਅਤੇ ਕਈ ਹੋਰ ਲਾਪਤਾ ਹੋਣ ਦੀ ਖਬਰ ਬੇਹੱਦ ਦੁਖਦਾਈ ਅਤੇ ਚਿੰਤਾਜਨਕ ਹੈ।"

"ਮੈਂ ਪ੍ਰਭਾਵਿਤ ਪਰਿਵਾਰਾਂ ਦੇ ਪ੍ਰਤੀ ਡੂੰਘਾ ਦੁੱਖ ਪ੍ਰਗਟ ਕਰਦਾ ਹਾਂ ਅਤੇ ਲਾਪਤਾ ਲੋਕਾਂ ਦੇ ਜਲਦ ਤੋਂ ਜਲਦ ਮਿਲਣ ਦੀ ਆਸ ਕਰਦਾ ਹਾਂ।"

ਬੱਦਲ ਫਟਣਾ ਕੀ ਹੈ ਅਤੇ ਇਹ ਇੰਨਾ ਖ਼ਤਰਨਾਕ ਕਿਉਂ ਹੁੰਦਾ ਹੈ?

ਬੱਦਲ ਫਟਣਾ ਕੀ ਹੁੰਦਾ ਹੈ?ਮੌਸਮ ਵਿਭਾਗ ਦੀ ਪਰਿਭਾਸ਼ਾ ਮੁਤਾਬਕ ਇੱਕ ਘੰਟੇ ਵਿੱਚ 10 ਸੈਂਟੀਮੀਟਰ ਜਾਂ ਉਸ ਤੋਂ ਜ਼ਿਆਦਾ ਮੀਂਹ, ਛੋਟੇ ਇਲਾਕੇ ਵਿੱਚ (ਇੱਕ ਤੋਂ ਦੱਸ ਕਿਲੋਮੀਟਰ) ਪੈ ਜਾਵੇ ਤਾਂ ਉਸ ਘਟਨਾ ਨੂੰ ਬੱਦਲ ਫਟਣਾ ਕਹਿੰਦੇ ਹਨ।

ਕਦੇ-ਕਦੇ ਇੱਕ ਥਾਂ 'ਤੇ ਇੱਕ ਤੋਂ ਜ਼ਿਆਦਾ ਵਾਰ ਬੱਦਲ ਫਟ ਸਕਦੇ ਹਨ।

ਅਜਿਹੇ ਹਾਲਾਤ ਵਿੱਚ ਜਾਨ-ਮਾਲ ਦਾ ਜ਼ਿਆਦਾ ਨੁਕਸਾਨ ਹੁੰਦਾ ਹੈ, ਜਿਵੇਂ ਉੱਤਰਾਖੰਡ ਵਿੱਚ ਸਾਲ 2013 ਵਿੱਚ ਵੀ ਹੋਇਆ ਸੀ, ਪਰ ਹਰ ਭਾਰੀ ਬਰਸਾਤ ਦੀ ਘਟਨਾ ਨੂੰ ਬੱਦਲ ਫਟਣਾ ਨਹੀਂ ਕਹਿੰਦੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)