ਹਿਮਾਚਲ ਪ੍ਰਦੇਸ਼ 'ਚ ਫਟੇ ਬੱਦਲ, 50 ਜਣੇ ਲਾਪਤਾ : ਬੱਦਲ ਫਟਣਾ ਹੁੰਦਾ ਕੀ ਹੈ, ਇਸ ਪਿੱਛੇ ਕੀ ਹੈ ਕਾਰਨ

ਤਸਵੀਰ ਸਰੋਤ, Sukhwinder Sukhu /Twitter
ਕਿਤੇ ਇਮਾਰਤ ਢਹਿ ਗਈ, ਕਿਤੇ ਸੜਕ ਵਿੱਚ ਪਾੜ ਪੈ ਗਿਆ, ਕਿਤੇ ਬੱਦਲ ਫਟਿਆ ਅਤੇ ਜ਼ਮੀਨ ਖਿਸਕਣ ਨਾਲ ਲੋਕ ਮਲਬੇ ਵਿੱਚ ਦੱਬੇ ਗਏ ਜਾਂ ਵਹਿ ਗਏ।
ਮੌਸਮੀ ਤਬਦੀਲੀ ਦੇ ਇਸ ਘਾਤਕ ਅਸਰ ਦੇ ਮੰਜ਼ਰ ਦੀਆਂ ਰਿਪੋਰਟਾਂ ਕੇਰਲ ਦੇ ਵਾਇਨਾਡ ਤੋਂ ਬਾਅਦ ਹੁਣ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਤੋਂ ਆ ਰਹੀਆਂ ਹਨ।
ਜਦਕਿ ਪੰਜਾਬ ਵਿੱਚ ਵੀ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀਆਂ ਖ਼ਬਰਾਂ ਆ ਰਹੀਆਂ ਹਨ।
ਕੇਰਲ ਦੇ ਵਾਇਨਾਡ ਵਿੱਚ ਜਿੱਥੇ ਮੌਤਾਂ ਦਾ ਅੰਕੜਾ 178 ਨੂੰ ਪਹੁੰਚ ਗਿਆ ਅਤੇ 98 ਜਣੇ ਅਜੇ ਵੀ ਲਾਪਤਾ ਹਨ, ਉੱਥੇ ਹਿਮਾਚਲ ਵਿੱਚ ਵੀ 35 ਜਣਿਆਂ ਦੇ ਲਾਪਤਾ ਹੋਣ ਦੀ ਪੁਸ਼ਟੀ ਹੋਈ ਹੈ।
ਮੌਨਸੂਨ ਦੇ ਦੌਰਾਨ ਹਰ ਸਾਲ ਦੀ ਤਰ੍ਹਾਂ ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਹਫ਼ਤੇ ਦੇ ਦੌਰਾਨ ਵੱਖ-ਵੱਖ ਪਹਾੜੀ ਇਲਾਕਿਆਂ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵਿੱਚ ਘੱਟੋ-ਘੱਟ 220 ਲੋਕ ਲਾਪਤਾ ਹੋ ਗਏ ਹਨ।
ਸ਼ਿਮਲਾ ਦੇ ਡਿਪਟੀ ਕਮਿਸ਼ਨਰ ਨੇ ਅਨੁਪਮ ਕਸ਼ਯਪ ਨੇ ਬੀਬੀਸੀ ਨੂੰ ਦੱਸਿਆ ਕਿ 35 ਲੋਕ ਲਾਪਤਾ ਹਨ ਅਤੇ ਇਹ ਗਿਣਤੀ ਘੱਟ-ਵੱਧ ਵੀ ਸਕਦੀ ਹੈ। ਗਵਾਚੇ ਲੋਕਾਂ ਨੂੰ ਲੱਭਣ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਸੂਬਾ ਸਰਕਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਹਿਮਾਚਲ ਦੇ ਹੀ ਮੰਡੀ ਦੇ ਪਧਾਰ ਸਬ-ਡਵੀਜ਼ਨ ਖੇਤਰ ਵਿੱਚ ਵੀ ਬੱਦਲ ਫ਼ਟਣ ਦੀ ਖ਼ਬਰ ਹੈ।
ਬੁੱਧਵਾਰ ਨੂੰ ਕੇਦਾਰਨਾਥ ਵਿੱਚ ਬੱਦਲ ਫਟਣ ਕਾਰਨ ਸੋਨਪ੍ਰਿਆਗ ਵਿੱਚ ਮੰਦਾਖਿਨੀ ਨਦੀ ਵਿੱਚ ਪਾਣੀ ਦਾ ਪੱਧਰ ਅਚਾਨਕ ਵਧ ਗਿਆ ਹੈ।
ਲਿੰਚੋਲੀ ਵਿੱਚ ਬੱਦਲ ਫਟਣ ਦੀ ਘਟਨਾ ਤੋਂ ਬਾਅਦ ਸਟੇਟ ਡਿਜ਼ਾਸਟਰ ਰਿਲੀਫ਼ ਫੋਰਸ, ਅਤੇ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਹਨ। ਇੱਥੇ ਅੰਦਾਜ਼ਨ 150-200 ਯਾਤਰੀ ਫਸੇ ਹੋ ਸਕਦੇ ਹਨ।
ਸੋਮਵਾਰ ਨੂੰ ਹਿਮਾਚਲ ਦੇ ਹੀ ਮਨਾਲੀ ਵਿੱਚ ਭਾਰੀ ਮੀਂਹ ਅਤੇ ਮਨੀਕਰਨ ਦੇ ਤੋਸ਼ ਵਿੱਚ ਬੱਦਲ ਫਟਣ ਦੀਆਂ ਖ਼ਬਰਾਂ ਹਨ।
ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਹਰ ਸਾਲ ਉੱਤਰੀ ਭਾਰਤ ਦੇ ਗਰਮ ਇਲਾਕਿਆਂ ਤੋਂ ਪਹਾੜਾਂ ਵਿੱਚ ਸੈਰ ਕਰਨ ਗਏ ਯਾਤਰੀ ਅਤੇ ਸਥਾਨਕ ਲੋਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ।
ਆਓ ਜਾਣਦੇ ਹਾਂ ਇਸ ਵਰਤਾਰੇ ਦੇ ਕਾਰਨਾਂ ਬਾਰੇ ਜਾਣਦੇ ਹਨ :

ਤਸਵੀਰ ਸਰੋਤ, Sukhwinder Sukhu /Twitter
ਬੱਦਲ ਫਟਣਾ ਕੀ ਹੈ ਅਤੇ ਇਹ ਇੰਨਾ ਖ਼ਤਰਨਾਕ ਕਿਉਂ ਹੁੰਦਾ ਹੈ?
ਬੱਦਲ ਫਟਣਾ ਕੀ ਹੁੰਦਾ ਹੈ?ਮੌਸਮ ਵਿਭਾਗ ਦੀ ਪਰਿਭਾਸ਼ਾ ਮੁਤਾਬਕ ਇੱਕ ਘੰਟੇ ਵਿੱਚ 10 ਸੈਂਟੀਮੀਟਰ ਜਾਂ ਉਸ ਤੋਂ ਜ਼ਿਆਦਾ ਮੀਂਹ, ਛੋਟੇ ਇਲਾਕੇ ਵਿੱਚ (ਇੱਕ ਤੋਂ ਦੱਸ ਕਿਲੋਮੀਟਰ) ਪੈ ਜਾਵੇ ਤਾਂ ਉਸ ਘਟਨਾ ਨੂੰ ਬੱਦਲ ਫਟਣਾ ਕਹਿੰਦੇ ਹਨ।
ਕਦੇ-ਕਦੇ ਇੱਕ ਥਾਂ 'ਤੇ ਇੱਕ ਤੋਂ ਜ਼ਿਆਦਾ ਵਾਰ ਬੱਦਲ ਫਟ ਸਕਦੇ ਹਨ।
ਅਜਿਹੇ ਹਾਲਾਤ ਵਿੱਚ ਜਾਨ-ਮਾਲ ਦਾ ਜ਼ਿਆਦਾ ਨੁਕਸਾਨ ਹੁੰਦਾ ਹੈ, ਜਿਵੇਂ ਉੱਤਰਾਖੰਡ ਵਿੱਚ ਸਾਲ 2013 ਵਿੱਚ ਵੀ ਹੋਇਆ ਸੀ, ਪਰ ਹਰ ਭਾਰੀ ਬਰਸਾਤ ਦੀ ਘਟਨਾ ਨੂੰ ਬੱਦਲ ਫਟਣਾ ਨਹੀਂ ਕਹਿੰਦੇ।
ਬੱਦਲ ਫਟਣ ਦੇ ਕੀ ਕਾਰਨ ਹੁੰਦੇ ਹਨ?
ਇਹ ਭੂਗੋਲਿਕ ਅਤੇ ਮੌਸਮੀ ਹਾਲਾਤ 'ਤੇ ਨਿਰਭਰ ਕਰਦਾ ਹੈ।
ਉੱਥੇ ਮਾਨਸੂਨ ਦਾ ਵੀ ਅਸਰ ਹੈ ਅਤੇ ਇਸ ਦੇ ਨਾਲ ਹੀ ਪੱਛਮੀ ਉਲਟ-ਪਲਟ (ਵੈਸਟਰਨ ਡਿਸਟਰਬੈਂਸ) ਵੀ ਹੈ।
ਮਾਨਸੂਨ ਦੀਆਂ ਹਵਾਵਾਂ ਦੱਖਣ ਵਿੱਚ ਅਰਬ ਸਾਗਰ ਤੋਂ ਆਪਣੇ ਨਾਲ ਕੁਝ ਨਮੀ ਲੈ ਕੇ ਆਉਦੀਆਂ ਹਨ ਅਤੇ ਵੈਸਟਰਨ ਡਿਸਟਰਬੈਂਸ ਕਾਰਨ ਭੂ-ਮੱਧਸਾਗਰ ਤੋਂ ਚੱਲਣ ਵਾਲੀਆਂ ਹਵਾਵਾਂ ਪੱਛਮ ਵਿੱਚ ਇਰਾਨ, ਪਾਕਿਸਤਾਨ, ਅਫ਼ਗਾਨਿਸਤਾਨ ਤੋਂ ਨਮੀ ਲੈ ਕੇ ਆਉਂਦੀਆਂ ਹਨ।
ਅਜਿਹੇ ਵਿੱਚ ਜਦੋਂ ਇਹ ਦੋਵੇਂ ਆਪਸ ਵਿੱਚ ਟਕਰਾਉਂਦੀਆਂ ਹਨ ਤਾਂ ਅਜਿਹੀ ਸਥਿਤੀ ਬਣਦੀ ਹੈ ਕਿ ਘੱਟ ਸਮੇਂ ਵਿੱਚ ਜ਼ਿਆਦਾ ਨਮੀ ਨਾਲ ਭਰੇ ਬੱਦਲ ਛੋਟੇ ਇਲਾਕੇ ਉੱਤੇ ਛਾ ਜਾਂਦੇ ਹਨ ਅਤੇ ਅਚਾਨਕ ਹੀ ਘੱਟ ਸਮੇਂ ਵਿੱਚ ਜ਼ਿਆਦਾ ਮੀਂਹ ਪੈ ਜਾਂਦਾ ਹੈ।

ਤਸਵੀਰ ਸਰੋਤ, Getty Images
ਇਸ ਤੋਂ ਇਲਾਵਾ ਪਹਾੜਾਂ 'ਤੇ ਸਥਾਨਕ ਪੱਧਰ 'ਤੇ ਵੀ ਕਈ ਅਜਿਹੇ ਮੌਸਮੀ ਹਾਲਾਤ ਬਣ ਜਾਂਦੇ ਹਨ, ਜੋ ਘੱਟ ਸਮੇਂ ਵਿੱਚ ਜ਼ਿਆਦਾ ਮੀਂਹ ਪਵਾ ਸਕਦੇ ਹਨ।
ਇਸੇ ਕਾਰਨ ਵੀ ਪਹਾੜਾਂ 'ਤੇ ਬੱਦਲ ਫਟਣ ਦੀਆਂ ਘਟਨਾਵਾਂ ਹੋ ਸਕਦੀਆਂ ਹਨ।
ਕੀ ਬੱਦਲ ਸਿਰਫ਼ ਮਾਨਸੂਨ ਵਿੱਚ ਹੀ ਫਟਦੇ ਹਨ
ਮਾਨਸੂਨ ਅਤੇ ਮਾਨਸੂਨ ਦੇ ਕੁਝ ਸਮਾਂ ਪਹਿਲਾਂ (ਪ੍ਰੀ-ਮਾਨਸੂਨ) ਇਸ ਤਰ੍ਹਾਂ ਦੀ ਘਟਨਾ ਜ਼ਿਆਦਾ ਵਾਪਰਦੀ ਹੈ।
ਮਹੀਨਿਆਂ ਦੀ ਗੱਲ ਕਰੀਏ ਤਾਂ ਮਈ ਤੋਂ ਲੈ ਕੇ ਜੁਲਾਈ-ਅਗਸਤ ਤੱਕ ਭਾਰਤ ਦੇ ਉੱਤਰੀ ਇਲਾਕੇ ਵਿੱਚ ਇਸ ਤਰ੍ਹਾਂ ਦਾ ਮੌਸਮੀ ਅਸਰ ਦੇਖਣ ਨੂੰ ਮਿਲਦਾ ਹੈ।

ਤਸਵੀਰ ਸਰੋਤ, BBC
ਕੀ ਬੱਦਲ ਸਿਰਫ਼ ਪਹਾੜਾਂ ਵਿੱਚ ਹੀ ਫਟ ਸਕਦੇ ਹਨ?
ਦਿੱਲੀ, ਪੰਜਾਬ, ਹਰਿਆਣਾ ਵਰਗੇ ਸਮਤਲ ਇਲਾਕੇ ਵਿੱਚ ਵੀ ਬੱਦਲ ਫਟ ਸਕਦੇ ਹਨ, ਪਰ ਭਾਰਤ ਵਿੱਚ ਅਕਸਰ ਉੱਤਰੀ ਇਲਾਕੇ ਵਿੱਚ ਹੀ ਇਸ ਤਰ੍ਹਾਂ ਦੀ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ।
ਅਜਿਹਾ ਇਸ ਲਈ ਕਿਉਂਕਿ ਛੋਟੇ ਪਹਾੜੀ ਇਲਾਕੇ ਵਿੱਚ ਉਨ੍ਹਾਂ ਨੂੰ ਅਨੁਕੂਲ ਹਾਲਾਤ ਜ਼ਿਆਦਾ ਮਿਲਦੇ ਹਨ ਕਿਉਂਕਿ ਉੱਥੇ ਉੱਚਾਈ ਜ਼ਿਆਦਾ ਹੈ।
ਕੀ ਨਾਰਥ-ਈਸਟ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਹੁੰਦੀਆਂ ਹਨ

ਤਸਵੀਰ ਸਰੋਤ, Reuters
ਚੇਰਾਪੂੰਜੀ ਵਰਗੇ ਇਲਾਕਿਆਂ ਵਿੱਚ ਤਾਂ ਸਾਲ ਭਰ ਜ਼ਿਆਦਾ ਬਾਰਿਸ਼ ਹੁੰਦੀ ਹੈ। ਬੰਗਾਲ ਦੀ ਖਾੜੀ ਤੋਂ ਨਮੀ ਲੈ ਕੇ ਹਵਾਵਾਂ ਆਉਂਦੀਆਂ ਹਨ ਮਾਨਸੂਨ ਵੇਲੇ ਉੱਥੇ ਵੀ ਅਜਿਹੇ ਹਾਲਾਤ ਬਣਦੇ ਹਨ।
ਪਰ ਇੱਥੋਂ ਦੇ ਲੋਕ ਇਸ ਲਈ ਪਹਿਲਾਂ ਤਿਆਰ ਰਹਿੰਦੇ ਹਨ। ਪਾਣੀ ਇੱਕ ਥਾਂ ਜਮਾ ਨਹੀਂ ਹੁੰਦਾ, ਤੇਜ਼ੀ ਨਾਲ ਨਿਕਲ ਜਾਂਦਾ ਹੈ, ਉਨ੍ਹਾਂ ਇਲਾਕਿਆਂ ਵਿੱਚ ਲੋਕ ਨਹੀਂ ਰਹਿੰਦੇ ਹਨ। ਇਸ ਕਾਰਨ ਜਾਨਮਾਲ ਦੇ ਨੁਕਸਾਨ ਦੀਆਂ ਖ਼ਬਰਾਂ ਨਹੀਂ ਆਉਂਦੀਆਂ ਹਨ।
ਇੱਥੇ ਇਹ ਸਮਝਣ ਵਾਲੀ ਗੱਲ ਹੈ ਕਿ ਕੇਵਲ ਇੱਕ ਘੰਟੇ ਵਿੱਚ 10 ਸੈਂਟੀਮੀਟਰ ਭਾਰੀ ਬਾਰਿਸ਼ ਕਾਰਨ ਨੁਕਸਾਨ ਨਹੀਂ ਹੁੰਦਾ, ਪਰ ਜੇ ਨੇੜੇ ਕੋਈ ਨਦੀ, ਝੀਲ ਹੈ ਅਤੇ ਉਸ ਵਿੱਚ ਅਚਾਨਕ ਪਾਣੀ ਜ਼ਿਆਦਾ ਭਰ ਜਾਂਦਾ ਹੈ ਤਾਂ ਨੇੜਲੇ ਰਿਹਾਇਸ਼ੀ ਇਲਾਕਿਆਂ ਵਿੱਚ ਨੁਕਸਾਨ ਜ਼ਿਆਦਾ ਹੁੰਦਾ ਹੈ।
ਇਸ ਕਾਰਨ ਤੋਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵਿੱਚ ਜਾਨਮਾਲ ਦੇ ਨੁਕਸਾਨ ਦੀਆਂ ਖ਼ਬਰਾਂ ਜ਼ਿਆਦਾ ਆਉਂਦੀਆਂ ਹਨ।
ਕੀ ਬੱਦਲ ਫਟਣ ਦੀ ਪੇਸ਼ੀਨਗੋਈ ਕੀਤੀ ਜਾ ਸਕਦੀ ਹੈ?
ਬੱਦਲ ਫਟਣ ਦੀਆਂ ਘਟਨਾਵਾਂ ਇੱਕ ਤੋਂ ਦੱਸ ਕਿਲੋਮੀਟਰ ਦੀ ਦੂਰੀ ਵਿੱਚ ਛੋਟੇ ਪੈਮਾਨੇ 'ਤੇ ਹੋਏ ਮੌਸਮੀ ਬਦਲਾਅ ਦੇ ਕਾਰਨ ਹੁੰਦੀਆਂ ਹਨ।
ਇਸ ਕਾਰਨ ਇਨ੍ਹਾਂ ਦਾ ਪਹਿਲਾਂ ਤੋਂ ਅੰਦਾਜ਼ਾ ਲਗਾਉਣਾ ਮੁਸ਼ਕਲ ਹੁੰਦਾ ਹੈ। ਰਡਾਰ ਤੋਂ ਇੱਕ ਇਲਾਕੇ ਬਹੁਤ ਭਾਰੀ ਮੀਂਹ ਦਾ ਪੂਰਬ ਅੰਦਾਜ਼ਾ ਮੌਸਮ ਵਿਭਾਗ ਲਗਾ ਸਕਦਾ ਹੈ, ਪਰ ਕਿਸ ਇਲਾਕੇ ਵਿੱਚ ਬੱਦਲ ਫਟਣਗੇ, ਇਹ ਪਹਿਲਾਂ ਤੋਂ ਦੱਸਣਾ ਮੁਸ਼ਕਲ ਹੁੰਦਾ ਹੈ।
ਜੰਮੂ ਦੇ ਕਿਸ਼ਤਵਾੜ ਵਿੱਚ ਅੱਜ ਭਾਰੀ ਮੀਂਹ ਦਾ ਪੂਰਬ-ਅੰਦਾਜ਼ਾ ਸੀ, ਪਰ ਬੱਦਲ ਫਟਣ ਦੀ ਘਟਨਾ ਹੋਵੇਗੀ, ਇਸ ਦੇ ਬਾਰੇ ਜਾਣਕਾਰੀ ਨਹੀਂ ਸੀ।












