ਹਿਮਾਚਲ ਪ੍ਰਦੇਸ਼: ਆਫ਼ਤ ਵਿੱਚ ਕਈ ਘਰ ਰੁੜ੍ਹੇ, ਪਰਿਵਾਰ ਉੱਜੜ ਗਏ, ਇੱਕ ਹਫ਼ਤੇ ਬਾਅਦ ਵੀ ਕਈ ਲੋਕ ਲਾਪਤਾ

ਤਸਵੀਰ ਸਰੋਤ, IPRHP
- ਲੇਖਕ, ਅਰਚਨਾ
- ਰੋਲ, ਬੀਬੀਸੀ ਲਈ
ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੀ ਸੇਰਾਜ ਘਾਟੀ ਵਿੱਚ ਲਗਭਗ ਪੰਦਰਾਂ ਦਿਨ ਪਹਿਲਾਂ ਭਾਰੀ ਬਾਰਿਸ਼ ਕਾਰਨ ਹੋਈ ਤਬਾਹੀ ਦੀ ਪੂਰੀ ਤਸਵੀਰ ਹੌਲੀ-ਹੌਲੀ ਸਾਹਮਣੇ ਆ ਰਹੀ ਹੈ।
ਆਫ਼ਤ ਤੋਂ ਬਾਅਦ, ਇੱਥੇ ਤਬਾਹੀ ਦੇ ਨਿਸ਼ਾਨ ਖਿੰਡੇ ਹੋਏ ਹਨ। ਪਹਾੜੀਆਂ 'ਤੇ ਹਰ ਪਾਸੇ ਮਲਬਾ ਅਤੇ ਪੱਥਰ ਦਿਖਾਈ ਦੇ ਰਹੇ ਹਨ। ਮੀਂਹ ਕਾਰਨ ਹੋਈ ਤਬਾਹੀ ਵਿੱਚ ਸੇਰਾਜ ਘਾਟੀ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਇਸ ਸਮੇਂ ਰਾਹਤ ਅਤੇ ਪੁਨਰਵਾਸ ਦਾ ਕੰਮ ਚੱਲ ਰਿਹਾ ਹੈ।
ਸੇਰਾਜ ਘਾਟੀ ਦੇ ਦੇਜੀ ਪਿੰਡ ਦੇ 35 ਸਾਲਾ ਮੁਕੇਸ਼ ਕੁਮਾਰ ਨੇ ਫ਼ੋਨ 'ਤੇ ਉਦਾਸ ਆਵਾਜ਼ ਵਿੱਚ ਕਿਹਾ, "ਹੁਣ ਮੈਂ ਕੀ ਕਹਾਂ? ਕੁਝ ਵੀ ਨਹੀਂ ਬਚਿਆ।"
ਮੁਕੇਸ਼ ਕਹਿੰਦੇ ਹਨ ਕਿ ਇਸ ਆਫ਼ਤ ਨੇ ਉਨ੍ਹਾਂ ਕੋਲ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰਨ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਛੱਡਿਆ ਹੈ।

ਤਸਵੀਰ ਸਰੋਤ, Mahesha Kumari
ਪੂਰਾ ਪਰਿਵਾਰ ਰੁੜ੍ਹ ਗਿਆ, ਅਜੇ ਤੱਕ ਪਤਾ ਨਹੀਂ ਲੱਗਾ
30 ਜੂਨ ਅਤੇ 1 ਜੁਲਾਈ ਦੀ ਰਾਤ ਨੂੰ, ਮੁਕੇਸ਼ ਦਾ ਪੂਰਾ ਪਰਿਵਾਰ ਮੀਂਹ ਕਾਰਨ ਅਚਾਨਕ ਆਏ ਹੜ੍ਹ ਵਿੱਚ ਰੁੜ੍ਹ ਗਿਆ। ਉਨ੍ਹਾਂ ਦੀ ਪਤਨੀ, ਦੋ ਬੱਚੇ (ਤਿੰਨ ਸਾਲ ਦੀ ਧੀ ਅਤੇ ਨੌਂ ਸਾਲ ਦਾ ਪੁੱਤਰ) ਅਤੇ ਮਾਪੇ ਰੁੜ੍ਹ ਗਏ।
ਮੁਕੇਸ਼ ਦਾ ਕਹਿਣਾ ਹੈ ਕਿ ਅਜੇ ਤੱਕ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਦਾ ਕੋਈ ਪਤਾ ਨਹੀਂ ਲੱਗਾ।
ਮੁਕੇਸ਼ ਕਹਿੰਦੇ ਹਨ, "ਮੈਂ ਉਸ ਰਾਤ ਕਿਸੇ ਕੰਮ ਲਈ ਆਪਣੇ ਪਿੰਡ ਤੋਂ ਕੁਝ ਕਿਲੋਮੀਟਰ ਦੂਰ ਥੁਨਾਗ ਵਿੱਚ ਸੀ। ਰਾਤ ਨੂੰ ਜ਼ੋਰਦਾਰ ਮੀਂਹ ਪਿਆ ਅਤੇ ਮੈਂ ਦੇਖਿਆ ਕਿ ਪਹਾੜੀ ਤੋਂ ਪਾਣੀ ਤੇਜ਼ੀ ਨਾਲ ਹੇਠਾਂ ਆ ਰਿਹਾ ਸੀ, ਉਹ ਆਪਣੇ ਰਸਤੇ ਵਿੱਚ ਆਉਣ ਵਾਲੀ ਹਰ ਚੀਜ਼ ਨੂੰ ਰੋੜ ਕੇ ਲੈ ਗਿਆ। ਮੈਂ ਡਰ ਗਿਆ।"
"ਸਵੇਰੇ ਮੀਂਹ ਕੁਝ ਦੇਰ ਲਈ ਰੁਕ ਗਿਆ। ਸੜਕ ਨਾਲ ਸੰਪਰਕ ਨਾ ਹੋਣ ਕਰ ਕੇ ਮੈਂ ਘਰ ਪਹੁੰਚਣ ਲਈ ਲਗਭਗ 5-6 ਕਿਲੋਮੀਟਰ ਤੁਰਿਆ। ਮੈਂ ਹਰ ਜਗ੍ਹਾ ਮਲਬਾ ਦੇਖ ਕੇ ਹੈਰਾਨ ਰਹਿ ਗਿਆ। ਕੋਈ ਪਰਿਵਾਰ ਨਹੀਂ ਸੀ, ਕੋਈ ਘਰ, ਕੋਈ ਖੇਤੀਬਾੜੀ ਵਾਲੀ ਜ਼ਮੀਨ ਨਹੀਂ ਸੀ, ਸਿਰਫ਼ ਪੱਥਰ, ਚਿੱਕੜ ਅਤੇ ਪਾਣੀ ਸੀ।"
ਉਦੋਂ ਤੋਂ, ਉਹ ਐੱਨਡੀਆਰਐੱਫ ਅਤੇ ਹੋਰ ਪਿੰਡ ਵਾਸੀਆਂ ਦੀ ਮਦਦ ਨਾਲ ਪਹਾੜੀ ਦੇ ਹੇਠਾਂ ਮਲਬੇ ਵਿੱਚ ਆਪਣੇ ਪਰਿਵਾਰ ਦੀ ਭਾਲ ਕਰ ਰਿਹਾ ਹੈ, ਪਰ ਹੁਣ ਤੱਕ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਿਆ ਹੈ।
ਮੁਕੇਸ਼ ਪੇਸ਼ੇ ਤੋਂ ਇੱਕ ਕਿਸਾਨ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਚਾਰ ਵਿੱਘੇ ਜ਼ਮੀਨ ਪਾਣੀ ਵਿੱਚ ਪੂਰੀ ਤਰ੍ਹਾਂ ਰੁੜ੍ਹ ਗਈ ਹੈ।

ਤਸਵੀਰ ਸਰੋਤ, Virendra Thakur
ਮੰਡੀ ਦੇ ਪ੍ਰਵਦਾ ਪੰਚਾਇਤ ਦੇ ਗੋਹਰ ਪਿੰਡ ਦੀ ਗਿਆਰਾਂ ਸਾਲਾ ਨਿਕਿਤਾ ਕੁਮਾਰੀ ਨੂੰ ਅਜੇ ਤੱਕ ਜ਼ਿੰਦਗੀ ਬਾਰੇ ਕੁਝ ਸਮਝ ਨਹੀਂ ਆਇਆ ਹੈ ਅਤੇ ਉਸਨੇ ਸਭ ਕੁਝ ਗੁਆ ਦਿੱਤਾ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ 30 ਜੂਨ ਦੀ ਰਾਤ ਨੂੰ ਨਿਕਿਤਾ ਦੀ ਮਾਂ, ਪਿਤਾ ਅਤੇ ਦਾਦੀ ਪਾਣੀ ਦੇ ਤੇਜ਼ ਵਹਾਅ ਨੂੰ ਘਰੋਂ ਨੂੰ ਦੂਰ ਮੋੜਨ ਲਈ ਬਾਹਰ ਗਏ ਸਨ। ਉਸ ਸਮੇਂ ਨਿਕਿਤਾ ਸੁੱਤੀ ਹੋਈ ਸੀ। ਪਰ ਪਾਣੀ ਦਾ ਵਹਾਅ ਅਚਾਨਕ ਤੇਜ਼ ਹੋ ਗਿਆ ਅਤੇ ਪਰਿਵਾਰ ਵਿੱਚ ਨਿਕਿਤਾ ਨੂੰ ਛੱਡ ਕੇ ਸਾਰੇ ਰੁੜ੍ਹ ਗਏ।
ਪਿਆਲਾ ਪਿੰਡ ਦੀ 27 ਸਾਲਾ ਮਹੇਸ਼ਾ ਕੁਮਾਰੀ ਵੀ ਸਦਮੇ ਵਿੱਚ ਹੈ। ਇਸ ਮੀਂਹ ਕਾਰਨ ਆਏ ਭਾਰੀ ਹੜ੍ਹ ਵਿੱਚ ਉਨ੍ਹਾਂ ਦੀ ਵੱਡੀ ਭੈਣ, 32 ਸਾਲਾ ਕਾਂਤਾ ਦੇਵੀ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਈਆਂ ਹਨ।
ਕੁੜੀਆਂ ਦੀ ਉਮਰ 11 ਸਾਲ, ਪੰਜ ਸਾਲ ਅਤੇ ਤਿੰਨ ਸਾਲ ਸੀ।
ਮਹੇਸ਼ ਕੁਮਾਰੀ ਨੇ ਫ਼ੋਨ 'ਤੇ ਕਿਹਾ, "ਸਭ ਕੁਝ ਇੰਨੀ ਜਲਦੀ ਖ਼ਤਮ ਹੋ ਗਿਆ ਕਿ ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ। ਮੇਰੀ ਭੈਣ ਦਾ ਘਰ ਮੇਰੇ ਘਰ ਤੋਂ ਸਿਰਫ਼ ਅੱਧਾ ਕਿਲੋਮੀਟਰ ਦੂਰ ਸੀ, ਪਰ ਹੁਣ ਉੱਥੇ ਜ਼ਿੰਦਗੀ ਦਾ ਕੋਈ ਨਿਸ਼ਾਨ ਨਹੀਂ ਬਚਿਆ ਹੈ।"

ਤਸਵੀਰ ਸਰੋਤ, Mahesha Kumari
ਕਿਸੇ ਦੀ ਭੈਣ, ਕਿਸੇ ਦੀ ਮਾਂ ਪਾਣੀ ਵਿੱਚ ਰੁੜ੍ਹ ਗਈ
ਮਹੇਸ਼ ਨੇ ਕਿਹਾ ਕਿ ਉਨ੍ਹਾਂ ਦੇ ਜੀਜਾ ਦਰਜ਼ੀ ਦਾ ਕੰਮ ਕਰਦੇ ਹਨ ਅਤੇ 30 ਜੂਨ ਨੂੰ ਕਿਸੇ ਕੰਮ ਲਈ ਆਪਣੇ ਪਿੰਡ ਮੁਰਾਹਲਾ ਗਏ ਸੀ। ਉਸ ਰਾਤ, ਕਾਂਤਾ ਦੇਵੀ ਆਪਣੀਆਂ ਤਿੰਨ ਧੀਆਂ ਨਾਲ ਘਰ ਸੀ।
ਮਹੇਸ਼ ਨੇ ਕਿਹਾ, "ਅਚਾਨਕ, ਭਾਰੀ ਮੀਂਹ ਸ਼ੁਰੂ ਹੋ ਗਿਆ ਅਤੇ ਸਾਰਾ ਇਲਾਕਾ ਪਾਣੀ ਵਿੱਚ ਡੁੱਬ ਗਿਆ। ਮੈਂ ਅਤੇ ਮੇਰੇ ਮਾਤਾ-ਪਿਤਾ ਘਰ ਛੱਡ ਕੇ ਨੇੜੇ ਦੀ ਇੱਕ ਹੋਰ ਇਮਾਰਤ ਵਿੱਚ ਚਲੇ ਗਏ।"
"ਸਾਨੂੰ ਘਟਨਾ ਬਾਰੇ ਉਦੋਂ ਪਤਾ ਲੱਗਾ ਜਦੋਂ ਪਿੰਡ ਵਾਸੀ ਸਵੇਰੇ ਸਾਡੀ ਭੈਣ ਅਤੇ ਉਸ ਦੀਆਂ ਧੀਆਂ ਨੂੰ ਲੱਭਦੇ ਹੋਏ ਸਾਡੇ ਘਰ ਆਏ।"
ਮਹੇਸ਼ ਨੇ ਰੋਂਦੇ ਹੋਏ ਕਿਹਾ, "ਰਾਤ ਨੂੰ ਘੋਰ ਹਨੇਰਾ ਸੀ ਅਤੇ ਅਸੀਂ ਇੰਨੇ ਡਰੇ ਹੋਏ ਸੀ ਕਿ ਸਾਨੂੰ ਉਸ ਸਮੇਂ ਸੁਰੱਖਿਅਤ ਜਗ੍ਹਾ 'ਤੇ ਜਾਣ ਤੋਂ ਇਲਾਵਾ ਹੋਰ ਕੁਝ ਨਹੀਂ ਸੁਝ ਰਿਹਾ ਸੀ। ਫੋਨ ਸਿਗਨਲ ਬੰਦ ਹੋ ਗਏ ਸਨ। ਮੇਰੀ ਭੈਣ ਸ਼ਾਇਦ ਆਪਣੀਆਂ ਤਿੰਨ ਧੀਆਂ ਨਾਲ ਘਰੋਂ ਨਹੀਂ ਨਿਕਲ ਸਕੀ ਸੀ।"
ਕਾਂਤਾ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਅਜੇ ਵੀ ਲਾਪਤਾ ਹਨ ਅਤੇ 11 ਦਿਨਾਂ ਦੀ ਭਾਲ ਵਿੱਚ ਹੁਣ ਤੱਕ ਕੋਈ ਸਫ਼ਲਤਾ ਨਹੀਂ ਮਿਲ ਸਕੀ ਹੈ।
ਮਹੇਸ਼ ਕੁਮਾਰੀ ਨੇ ਦੱਸਿਆ, "ਸਾਡੇ ਪਿੰਡ ਦੀ 90 ਫੀਸਦ ਜ਼ਮੀਨ ਇਸ ਤਬਾਹੀ ਵਿੱਚ ਰੁੜ੍ਹ ਗਈ ਹੈ। ਸਾਡੇ ਪਿੰਡ ਦੇ 85-90 ਸਾਲ ਦੇ ਬਜ਼ੁਰਗਾਂ ਨੇ ਵੀ ਕਿਹਾ ਹੈ ਕਿ ਉਨ੍ਹਾਂ ਨੇ ਵੀ ਆਪਣੀ ਪੂਰੀ ਜ਼ਿੰਦਗੀ ਵਿੱਚ ਅਜਿਹੀ ਤਬਾਹੀ ਨਹੀਂ ਦੇਖੀ ਹੈ।"

ਇਸ ਆਫ਼ਤ ਤੋਂ ਬਾਅਦ ਰਾਕਚੂਈ ਦੇ ਵੀਰੇਂਦਰ ਠਾਕੁਰ ਦੀ ਮਾਂ ਲਾਪਤਾ ਹੈ।
ਵੀਰੇਂਦਰ ਨੇ ਕਿਹਾ, "ਅਸੀਂ ਸਾਰੇ ਸੁੱਤੇ ਹੋਏ ਸੀ। ਅਚਾਨਕ ਮੈਨੂੰ ਭੂਚਾਲ ਵਰਗਾ ਕੁਝ ਮਹਿਸੂਸ ਹੋਇਆ ਅਤੇ ਮੈਂ ਜਾਗ ਗਿਆ। ਬਾਹਰ ਦਾ ਦ੍ਰਿਸ਼ ਦੇਖ ਕੇ ਮੈਂ ਡਰ ਲੱਗ ਰਿਹਾ ਸੀ।"
"ਭਾਰੀ ਬਾਰਿਸ਼ ਦੇ ਵਿਚਕਾਰ, ਮੇਰੇ ਘਰ ਦੇ ਨੇੜੇ ਬਹੁਤ ਸਾਰਾ ਪਾਣੀ ਅਤੇ ਚੱਟਾਨਾਂ ਰੁੜ੍ਹ ਰਹੀਆਂ ਸਨ। ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਆਉਣ ਲਈ ਕਿਹਾ ਅਤੇ ਅਸੀਂ ਨੱਕੋ-ਨੱਕ ਭਰੇ ਨਾਲਿਆਂ ਤੋਂ ਬਚਣ ਲਈ ਕਿਸੇ ਹੋਰ ਜਗ੍ਹਾ ਚਲੇ ਗਏ। ਹਾਲਾਂਕਿ, ਮੇਰੀ ਮਾਂ ਜੋ ਰਸੋਈ ਵਿੱਚ ਸੁੱਤੀ ਹੋਈ ਸੀ, ਇਸ ਬਾਰਿਸ਼ ਵਿੱਚ ਰੁੜ੍ਹ ਗਈ।"
ਵੀਰੇਂਦਰ ਠਾਕੁਰ ਨੇ ਹਾਲ ਹੀ ਵਿੱਚ ਬੈਂਕ ਤੋਂ ਕਰਜ਼ਾ ਲਿਆ ਸੀ ਅਤੇ ਇੱਕ ਸੇਬ ਦਾ ਬਾਗ਼ ਲਗਾਇਆ ਸੀ, ਜੋ ਇਸ ਬਾਰਿਸ਼ ਵਿੱਚ ਪੂਰੀ ਤਰ੍ਹਾਂ ਤਬਾਹ ਹੋ ਗਿਆ।
ਉਨ੍ਹਾਂ ਦੀ 10 ਵਿੱਘੇ ਜ਼ਮੀਨ ਦਾ ਇੱਕ ਵੱਡਾ ਹਿੱਸਾ ਇਸ ਪਾਣੀ ਵਿੱਚ ਰੁੜ੍ਹ ਗਿਆ ਹੈ ਅਤੇ ਉਨ੍ਹਾਂ ਦੇ ਘਰ ਨੂੰ ਵੀ ਬਹੁਤ ਨੁਕਸਾਨ ਹੋਇਆ ਹੈ।
ਵੀਰੇਂਦਰ ਨੇ ਕਿਹਾ ਕਿ ਸੇਬ ਦੀ ਜੋ ਵੀ ਛੋਟੀ ਜਿਹੀ ਫ਼ਸਲ ਬਚੀ ਹੈ ਉਸ ਨੂੰ ਸਮੇਂ ਸਿਰ ਮੰਡੀ ਵਿੱਚ ਲੈ ਕੇ ਜਾਣ ਲਈ ਜਲਦੀ ਸੜਕ ਬਣਾਉਣਾ ਮਹੱਤਵਪੂਰਨ ਹੈ।

ਤਸਵੀਰ ਸਰੋਤ, Hima Devi
ਕਈ ਇਲਾਕਿਆਂ ਨਾਲ ਸੰਪਰਕ ਅਜੇ ਵੀ ਟੁੱਟਿਆ ਹੋਇਆ ਹੈ
ਜ਼ਿਲ੍ਹਾ ਪ੍ਰਸ਼ਾਸਨ ਦੇ ਅੰਕੜਿਆਂ ਅਨੁਸਾਰ, ਸੇਰਾਜ ਖੇਤਰ ਅਤੇ ਆਲੇ-ਦੁਆਲੇ ਬੱਦਲ ਫਟਣ ਦੀਆਂ 14 ਘਟਨਾਵਾਂ ਵਿੱਚ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ 27 ਲਾਪਤਾ ਹਨ। ਇਨ੍ਹਾਂ ਵਿੱਚੋਂ 11 ਲੋਕ ਪਖਰੇਲ ਪੰਚਾਇਤ ਦੇ ਦੇਜ਼ੀ ਪਿੰਡ ਦੇ ਹਨ।
ਸੇਰਾਜ ਘਾਟੀ ਦੇ ਸਥਾਨਕ ਲੋਕਾਂ ਨੇ ਕਿਹਾ ਕਿ ਇਹ ਕਦੇ ਹਰੀ-ਭਰੀ ਰਹੀ ਇਹ ਘਾਟੀ ਹੁਣ ਤਬਾਹੀ ਦੀ ਤਸਵੀਰ ਵਿੱਚ ਬਦਲ ਗਈ ਹੈ। ਮਲਬਾ, ਜੜ੍ਹੋਂ ਉਖੜੇ ਦਰੱਖਤ ਹਰ ਪਾਸੇ ਖਿੰਡੇ ਹੋਏ ਹਨ ਅਤੇ ਕੁਝ ਥਾਵਾਂ 'ਤੇ ਵਿਕਾਸ ਦਾ ਕੋਈ ਨਾਮੋ-ਨਿਸ਼ਾਨ ਨਹੀਂ ਬਚਿਆ ਹੈ।
ਇਲਾਕੇ ਦੇ ਘਰ ਅਤੇ ਜ਼ਮੀਨ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ ਹਨ, ਹੋਰ ਥਾਵਾਂ ਨਾਲ ਸੜਕ ਸੰਪਰਕ ਟੁੱਟ ਗਿਆ ਹੈ। ਇੱਥੇ ਫ਼ੋਨ, ਬਿਜਲੀ ਅਤੇ ਪਾਣੀ ਦੀ ਸਪਲਾਈ ਠੱਪ ਹੋ ਗਈ ਹੈ।
ਸੇਰਾਜ ਘਾਟੀ ਦੇ ਕਈ ਹਿੱਸੇ ਅੰਦਰੋਂ ਕੱਟੇ ਗਏ ਹਨ, ਜਿਨ੍ਹਾਂ ਵਿੱਚੋਂ ਥੁਨਾਗ, ਬਾਗਸਯਾਦ ਅਤੇ ਜੰਜੇਲੀ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹਨ।
ਕੁਝ ਦਿਨ ਪਹਿਲਾਂ, ਥੁਨਾਗ ਨਾਲ ਸੜਕ ਸੰਪਰਕ ਬਹਾਲ ਕੀਤਾ ਗਿਆ ਹੈ, ਜਿਸ ਕਾਰਨਸੂਬਾ ਸਰਕਾਰ ਨੂੰ ਰਾਹਤ ਅਤੇ ਪੁਨਰਵਾਸ ਦੇ ਕੰਮ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲੀ ਹੈ। ਇਲਾਕੇ ਵਿੱਚ ਮੁੱਖ ਤੌਰ ʼਤੇ ਪ੍ਰਭਾਵਿਤ ਲੋਕਾਂ ਲਈ ਪ੍ਰਸ਼ਾਸਨ ਵੱਲੋਂ ਰਾਸ਼ਨ, ਕੰਬਲ ਅਤੇ ਹੋਰ ਜ਼ਰੂਰਤਾਂ ਦੀ ਵਿਵਸਥਾ ਕੀਤੀ ਗਈ ਹੈ।

ਤਸਵੀਰ ਸਰੋਤ, Achhar Singh
ਸੇਰਾਜ ਘਾਟੀ ਦੇ ਜ਼ਿਆਦਾਤਰ ਲੋਕ ਕਿਸਾਨ, ਮਾਲੀ ਜਾਂ ਹੁਨਰਮੰਦ ਮਜ਼ਦੂਰ ਹਨ। ਇੱਥੇ ਕੁਝ ਲੋਕ ਸਰਕਾਰੀ ਨੌਕਰੀਆਂ ਵਿੱਚ ਵੀ ਹਨ। ਇਸ ਦੂਰ-ਦੁਰਾਡੇ ਖੇਤਰ ਵਿੱਚ ਉਨ੍ਹਾਂ ਦਾ ਜੀਵਨ ਪਹਿਲਾਂ ਹੀ ਮੁਸ਼ਕਲਾਂ ਨਾਲ ਭਰਿਆ ਹੋਇਆ ਸੀ।
ਜ਼ਿਆਦਾਤਰ ਲੋਕਾਂ ਦੇ ਘਰ ਜਾਂ ਤਾਂ ਵਹਿ ਗਏ ਹਨ, ਬੁਰੀ ਤਰ੍ਹਾਂ ਨੁਕਸਾਨੇ ਗਏ ਹਨ ਜਾਂ ਰਹਿਣ ਲਈ ਅਸੁਰੱਖਿਅਤ ਹੋ ਗਏ ਹਨ। ਇਸ ਲਈ, ਉਨ੍ਹਾਂ ਨੂੰ ਹੋਰ ਇਮਾਰਤਾਂ, ਰੈਸਟ ਹਾਊਸਾਂ ਅਤੇ ਸਕੂਲਾਂ ਵਿੱਚ ਸ਼ਰਨ ਲੈਣੀ ਪੈ ਰਹੀ ਹੈ।
ਇੱਕ ਹੀ ਰਾਤ ਵਿੱਚ ਬੱਦਲ ਫਟਣ ਦੀਆਂ ਕਈ ਘਟਨਾਵਾਂ ਨੇ ਨਾ ਸਿਰਫ਼ ਜਾਨ-ਮਾਲ ਦਾ ਨੁਕਸਾਨ ਕੀਤਾ ਹੈ, ਸਗੋਂ ਉਨ੍ਹਾਂ ਦੀ ਜ਼ਿੰਦਗੀ ਨੂੰ ਵੀ ਪੂਰੀ ਤਰ੍ਹਾਂ ਵਿਗਾੜ ਦਿੱਤਾ ਹੈ। ਸਥਿਤੀ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਨੂੰ ਆਮ ਵਾਂਗ ਹੋਣ ਵਿੱਚ ਬਹੁਤ ਸਮਾਂ ਲੱਗੇਗਾ।
ਜ਼ਿਲ੍ਹਾ ਪ੍ਰਸ਼ਾਸਨ, ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਐੱਸਡੀਐੱਮਏ), ਐੱਨਡੀਆਰਐੱਫ, ਐੱਸਡੀਆਰਐੱਫ, ਸਥਾਨਕ ਪੁਲਿਸ ਅਤੇ ਇੱਥੋਂ ਤੱਕ ਕਿ ਪਿੰਡਾਂ ਦੇ ਸਥਾਨਕ ਵਲੰਟੀਅਰ ਵੀ ਬਚਾਅ, ਰਾਹਤ ਅਤੇ ਪੁਨਰਵਾਸ ਕਾਰਜਾਂ ਵਿੱਚ ਲੱਗੇ ਹੋਏ ਹਨ।
ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਰਾਹਤ ਸਮੱਗਰੀ ਪਹੁੰਚਾਉਣਾ ਅਜੇ ਵੀ ਮੁਸ਼ਕਲ ਹੈ, ਜ਼ਿਲ੍ਹਾ ਅਧਿਕਾਰੀ ਖੱਚਰਾਂ ਦੀ ਮਦਦ ਲੈ ਰਹੇ ਹਨ।

ਤਸਵੀਰ ਸਰੋਤ, SukhuSukhvinder @x
'ਸਾਨੂੰ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਪਵੇਗੀ'
ਪਖਰੈਲ ਪੰਚਾਇਤ ਦੇ ਇੱਕ ਸਮਾਜਿਕ ਕਾਰਕੁਨ ਅਤੇ ਕਿਸਾਨ ਅੱਛਰ ਸਿੰਘ ਨੇ ਕਿਹਾ, "ਸਾਨੂੰ ਆਪਣੇ ਫ਼ੋਨ ਅਤੇ ਪਾਵਰ ਬੈਂਕ ਚਾਰਜ ਕਰਨ ਲਈ ਥੁਨਾਗ ਪਹੁੰਚਣ ਲਈ ਛੇ ਤੋਂ ਸੱਤ ਕਿਲੋਮੀਟਰ ਤੁਰਨਾ ਪੈ ਰਿਹਾ ਹੈ। ਅਸੀਂ ਬਿਜਲੀ ਅਤੇ ਪਾਣੀ ਤੋਂ ਬਿਨਾਂ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਹਾਂ।
ਉਹ ਕਹਿੰਦੇ ਹਨ, "ਜ਼ਿਆਦਾਤਰ ਲੋਕਾਂ ਨੇ ਆਪਣੇ ਘਰ, ਆਪਣਾ ਸਮਾਨ ਅਤੇ ਰੁਜ਼ਗਾਰ ਗੁਆ ਦਿੱਤੇ ਹਨ। ਉਨ੍ਹਾਂ ਦੀ ਜ਼ਮੀਨ ਰੁੜ੍ਹ ਗਈ ਹੈ। ਜ਼ਿਆਦਾਤਰ ਲੋਕਾਂ ਨੂੰ ਹੁਣ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਪਵੇਗੀ।"
ਪਰ ਆਫ਼ਤ ਨੇ ਇੱਥੇ ਭਾਈਚਾਰਕ ਸਾਂਝ ਵੀ ਸਾਹਮਣੇ ਆਈ ਹੈ। ਲੋਕ ਨਾ ਸਿਰਫ਼ ਸੁਰੱਖਿਅਤ ਥਾਵਾਂ 'ਤੇ ਇੱਕ ਦੂਜੇ ਦੀ ਮਦਦ ਕਰ ਰਹੇ ਹਨ, ਸਗੋਂ ਮੁਰੰਮਤ ਦੇ ਕੰਮ ਲਈ ਸਵੈ-ਇੱਛਾ ਨਾਲ ਵੀ ਕੰਮ ਕਰ ਰਹੇ ਹਨ।

ਤਸਵੀਰ ਸਰੋਤ, Hima Devi
ਬੜਯੋਗੀ ਪਿੰਡ (ਜੰਜੈਲੀ ਦੇ ਹੇਠਾਂ) ਦੀ ਇੱਕ ਕਿਸਾਨ ਹਿਮਾ ਦੇਵੀ ਨੇ ਦੱਸਿਆ, "ਸਾਡੇ ਪਿੰਡ ਨੂੰ ਵੀ ਨੁਕਸਾਨ ਹੋਇਆ ਹੈ। ਇੱਥੇ ਕਿਸੇ ਦੀ ਮੌਤ ਤਾਂ ਨਹੀਂ ਹੋਈ ਪਰ ਪਾਣੀ ਦੀਆਂ ਪਾਈਪਾਂ ਅਤੇ ਫੁੱਟਬ੍ਰਿਜ ਰੁੜ੍ਹ ਗਏ ਹਨ। ਪਿੰਡ ਵਾਸੀ ਆਈਪੀਐੱਚ (ਜਨ ਸਿਹਤ) ਵਿਭਾਗ ਅਤੇ ਹੋਰ ਸਰਕਾਰੀ ਕਰਮਚਾਰੀਆਂ ਦੀ ਮਦਦ ਕਰ ਰਹੇ ਹਨ।"
ਉਨ੍ਹਾਂ ਨੇ ਦੱਸਿਆ ਹੈ ਕਿ ਜੰਜੈਲੀ ਘਾਟੀ ਵਿੱਚ ਅਜੇ ਵੀ ਸੜਕ ਸੰਪਰਕ ਦੀ ਦਿੱਕਤ ਹੈ।
ਉਹ ਕਹਿੰਦੇ ਹਨ, "ਇਸ ਹਫ਼ਤੇ ਇੱਕ ਵਾਰ, ਮੈਂ ਕੁਝ ਸਕਿੰਟਾਂ ਲਈ ਇੱਕ ਰਿਸ਼ਤੇਦਾਰ ਨਾਲ ਗੱਲ ਕਰਨ ਦੇ ਯੋਗ ਸੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਬਿਜਲੀ ਅਤੇ ਨੈੱਟਵਰਕ ਸਮੱਸਿਆਵਾਂ ਕਾਰਨ ਫ਼ੋਨ ਕੰਮ ਨਹੀਂ ਕਰ ਰਹੇ ਸਨ।"
ਹਿਮਾ ਦੇਵੀ ਨੇ ਕਿਹਾ ਕਿ ਉਹ ਬਾਗਸਯਾਦ ਦੇ ਸ਼ਰਨ ਪਿੰਡ ਬਾਰੇ ਸੋਚ ਕੇ ਬਹੁਤ ਦੁਖੀ ਹਨ, ਜਿੱਥੇ ਉਹ ਪਲੀ-ਵੱਡੀ ਹੋਈ ਸੀ। ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਆਫ਼ਤ ਵਿੱਚ ਸ਼ਰਨ ਦੀ ਸੁੰਦਰ ਸਮਤਲ ਜ਼ਮੀਨ ਪੂਰੀ ਤਰ੍ਹਾਂ ਤਬਾਹ ਹੋ ਗਈ ਸੀ।

ਤਸਵੀਰ ਸਰੋਤ, IPRHP
ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਮਦਦ ਦਾ ਭਰੋਸਾ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਦੂਜੀ ਵਾਰ ਸੇਰਾਜ ਦੇ ਮੀਂਹ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਬੁੱਧਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਜੈ ਰਾਮ ਠਾਕੁਰ ਨਾਲ ਸੇਰਾਜ ਘਾਟੀ ਦੇ ਥੁਨਾਗ ਖੇਤਰ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਵੀ ਲਿਆ।
ਮੁੱਖ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ, ਬੇਘਰਾਂ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਤੋਂ ਬਾਅਦ, ਉਨ੍ਹਾਂ ਦੇ ਜੀਵਨ ਨੂੰ ਪਟੜੀ 'ਤੇ ਲਿਆਉਣ ਦੇ ਨਾਲ-ਨਾਲ ਖੇਤਰ ਵਿੱਚ ਬੁਨਿਆਦੀ ਸਹੂਲਤਾਂ ਨੂੰ ਬਹਾਲ ਕਰਨ ਲਈ ਹਰ ਸੰਭਵ ਮਦਦ ਪ੍ਰਦਾਨ ਕਰੇਗੀ।
ਸੁੱਖੂ ਨੇ ਲੋਕਾਂ ਨੂੰ ਕਿਹਾ ਕਿ ਆਪਣਾ ਘਰ ਨਾਲਿਆਂ ਤੋਂ ਦੂਰ ਅਤੇ ਸੁਰੱਖਿਅਤ ਥਾਵਾਂ 'ਤੇ ਬਣਾਉਣ।
ਉਨ੍ਹਾਂ ਕਿਹਾ, "ਇਸ ਖੇਤਰ ਦੇ ਜ਼ਿਆਦਾਤਰ ਲੋਕਾਂ ਦੀ ਜ਼ਮੀਨ ਰੁੜ੍ਹ ਗਈ ਹੈ। ਮੈਂ ਭਾਜਪਾ ਸੰਸਦ ਮੈਂਬਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕੇਂਦਰ ਸਰਕਾਰ ਤੋਂ ਲੋਕਾਂ ਦੇ ਮੁੜ ਵਸੇਬੇ ਲਈ ਜੰਗਲਾਤ ਜ਼ਮੀਨ ਮੁਹੱਈਆ ਕਰਵਾਉਣ ਦੀ ਮੰਗ ਵਿੱਚ ਸੂਬਾ ਸਰਕਾਰ ਦਾ ਸਮਰਥਨ ਕਰਨ।"
ਇਸ ਦੌਰਾਨ, ਕੇਂਦਰੀ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਜੋ ਕਿ ਹਿਮਾਚਲ ਪ੍ਰਦੇਸ਼ ਤੋਂ ਹਨ, ਨੇ ਵੀ ਸੇਰਾਜ ਦੇ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਦਾ ਜਾਇਜ਼ਾ ਲਿਆ।
ਉਨ੍ਹਾਂ ਨੇ ਲੋਕਾਂ ਦੀ ਰਾਹਤ ਅਤੇ ਪੁਨਰਵਾਸ ਲਈ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












