ਏਅਰ ਇੰਡੀਆ ਜਹਾਜ਼ ਹਾਦਸਾ: ਕੀ ਰਿਪੋਰਟ ਤੋਂ ਬਾਅਦ ਪਲੇਨ ਕ੍ਰੈਸ਼ ਦੀ ਗੁੱਥੀ ਸੁਲਝਣ ਦੀ ਬਜਾਏ ਹੋਰ ਉਲਝ ਗਈ ਹੈ

ਹਾਦਸਾਗ੍ਰਸਤ ਜਹਾਜ਼

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, 12 ਜੂਨ ਨੂੰ ਅਹਿਮਦਾਬਾਦ ਤੋਂ ਗੈਟਵਿਕ, ਲੰਡਨ ਜਾ ਰਿਹਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ
    • ਲੇਖਕ, ਇਸ਼ਾਦ੍ਰਿਤਾ ਲਾਹਿੜੀ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਮਹੀਨੇ ਅਹਿਮਦਾਬਾਦ ਵਿੱਚ ਹੋਏ ਏਅਰ ਇੰਡੀਆ ਦੇ ਜਹਾਜ਼ ਹਾਦਸੇ ਦੀ ਮੁੱਢਲੀ ਜਾਂਚ ਰਿਪੋਰਟ ਆ ਗਈ ਹੈ। ਇਹ ਰਿਪੋਰਟ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਨੇ ਤਿਆਰ ਕੀਤੀ ਹੈ। ਇਸ ਵਿੱਚ ਹਾਦਸੇ ਨਾਲ ਜੁੜੀਆਂ ਕਈ ਅਹਿਮ ਗੱਲਾਂ 'ਤੇ ਰੌਸ਼ਨੀ ਪਾਈ ਗਈ ਹੈ।

ਰਿਪੋਰਟ ਦੱਸਦੀ ਹੈ ਕਿ ਉਡਾਣ ਭਰਨ ਤੋਂ ਕੁਝ ਸਕਿੰਟ ਬਾਅਦ ਦੋਵਾਂ ਇੰਜਣਾਂ ਨੂੰ ਜਾਣ ਵਾਲੇ ਤੇਲ ਦੀ ਸਪਲਾਈ ਬੰਦ ਹੋ ਗਈ ਸੀ। ਫਿਊਲ ਕੱਟ-ਆਫ ਸਵਿੱਚ 'ਰਨ' ਤੋਂ 'ਕਟ-ਆਫ' ਸਥਿਤੀ ਵਿੱਚ ਚਲੇ ਗਏ ਸਨ। ਕੁਝ ਸਕਿੰਟਾਂ ਬਾਅਦ, ਜਹਾਜ਼ ਕਰੈਸ਼ ਹੋ ਗਿਆ।

ਅਸੀਂ ਇਸ ਰਿਪੋਰਟ ਦੇ ਕਈ ਮਹੱਤਵਪੂਰਨ ਪਹਿਲੂਆਂ 'ਤੇ ਹਵਾਈ ਜਹਾਜ਼ ਨਾਲ ਸਬੰਧਤ ਮੁੱਦਿਆਂ ਬਾਰੇ ਜਾਣਨ ਵਾਲੇ ਕਈ ਮਾਹਰਾਂ ਨਾਲ ਗੱਲ ਕੀਤੀ।

ਉਨ੍ਹਾਂ ਨੇ ਰਿਪੋਰਟ ਤੋਂ ਮਿਲਣ ਵਾਲੇ ਸੰਕੇਤਾਂ ਦਾ ਵਿਸ਼ਲੇਸ਼ਣ ਕੀਤਾ ਅਤੇ ਕੁਝ ਅਹਿਮ ਗੱਲਾਂ ਵੱਲ ਧਿਆਨ ਖਿੱਚਿਆ। ਮਾਹਰਾਂ ਦਾ ਮੰਨਣਾ ਹੈ ਕਿ ਰਿਪੋਰਟ ਜਾਰੀ ਕਰਦੇ ਸਮੇਂ ਵਧੇਰੇ ਪਾਰਦਰਸ਼ਤਾ ਹੋਣੀ ਚਾਹੀਦੀ ਸੀ। ਇਸ ਰਿਪੋਰਟ ਵਿੱਚ ਹਾਦਸੇ ਤੋਂ ਪੈਦਾ ਹੋਣ ਵਾਲੇ ਕਈ ਸਵਾਲਾਂ ਦੇ ਜਵਾਬ ਹੋਣੇ ਚਾਹੀਦੇ ਸਨ।

ਫਿਊਲ ਕੰਟਰੋਲ ਸਵਿੱਚ ਕੀ ਹਨ ਅਤੇ ਉਹ ਕੀ ਕਰਦੇ ਹਨ?

ਜਹਾਜ਼ ਹਾਦਸਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਜਹਾਜ਼ ਵਿੱਚ ਸਵਾਰ ਸਿਰਫ਼ ਇੱਕ ਯਾਤਰੀ ਬਚਿਆ, ਜਦੋਂ ਕਿ 241 ਲੋਕਾਂ ਦੀ ਮੌਤ ਹੋ ਗਈ

ਰਿਪੋਰਟ ਆਉਣ ਤੋਂ ਬਾਅਦ, ਇੱਕ ਸ਼ਬਦ ਵਾਰ-ਵਾਰ ਆ ਰਿਹਾ ਸੀ, 'ਫਿਊਲ ਕੰਟਰੋਲ ਸਵਿੱਚ' ਜਾਂ 'ਫਿਊਲ ਕੱਟ ਆਫ ਸਵਿੱਚ'।

ਹਵਾਈ ਜਹਾਜ਼ ਮਾਹਰ ਸੰਜੇ ਲਜ਼ਾਰ ਦੱਸਦੇ ਹਨ, "ਫਿਊਲ ਕੰਟਰੋਲ ਸਵਿੱਚ ਜਹਾਜ਼ ਦੇ ਇੰਜਣਾਂ ਨੂੰ ਬਾਲਣ ਦੀ ਸਪਲਾਈ ਨੂੰ ਕੰਟਰੋਲ ਕਰਦੇ ਹਨ। ਉਨ੍ਹਾਂ ਦਾ ਕੰਮ ਜਹਾਜ਼ ਦੇ ਇੰਜਣ ਨੂੰ ਤੇਲ ਦੀ ਸਪਲਾਈ ਸ਼ੁਰੂ ਕਰਨਾ ਜਾਂ ਬੰਦ ਕਰਨਾ ਹੈ।"

ਉਨ੍ਹਾਂ ਮੁਤਾਬਕ, "ਕੱਟ ਆਫ" ਦਾ ਅਰਥ ਹੈ ਕਿ ਇੰਜਣ ਨੂੰ ਤੇਲ ਦੀ ਸਪਲਾਈ ਬੰਦ ਹੋ ਜਾਣਾ। ਇਸ ਕਾਰਨ ਇੰਜਣ ਬੰਦ ਹੋ ਜਾਂਦੇ ਹਨ।"

ਹਵਾਬਾਜ਼ੀ ਮਾਹਰ ਕੈਪਟਨ ਸ਼ਕਤੀ ਲੂੰਬਾ ਨੇ ਕਿਹਾ, "ਫਿਊਲ ਕੱਟ ਆਫ਼ ਸਵਿੱਚ ਤੇਲ ਸਪਲਾਈ ਲਈ ਲੱਗਿਆ ਇੱਕ ਸਵਿੱਚ ਹੈ। ਇਹ ਇੰਜਣ ਵਿੱਚ ਤੇਲ ਜਾਣ ਦਿੰਦਾ ਹੈ। ਜਿਵੇਂ, ਜੇਕਰ ਇੰਜਣ ਨੂੰ ਅੱਗ ਲੱਗ ਜਾਂਦੀ ਹੈ, ਤਾਂ ਇਹ ਸਵਿੱਚ ਤੇਲ ਦੀ ਸਪਲਾਈ ਨੂੰ ਰੋਕ ਦਿੰਦਾ ਹੈ ਤਾਂ ਜੋ ਅੱਗ ਨੂੰ ਹੋਰ ਤੇਲ ਨਾ ਮਿਲੇ ਅਤੇ ਅੱਗ ਨੂੰ ਫ਼ੈਲਣ ਤੋਂ ਬਚਾਇਆ ਜਾ ਸਕੇ।"

"ਅੱਗ ਲੱਗਣ ਦੀ ਸਥਿਤੀ ਵਿੱਚ ਇਸ ਸਵਿੱਚ ਨੂੰ ਕੰਪਿਊਟਰ ਕੰਟਰੋਲ ਕਰਦਾ ਹੈ।"

ਉਹ ਦੱਸਦੇ ਹਨ, "ਆਮ ਹਾਲਾਤ ਵਿੱਚ ਪਾਇਲਟ ਜ਼ਮੀਨ 'ਤੇ ਇੰਜਣ ਸ਼ੁਰੂ ਕਰਨ ਲਈ 'ਫਿਊਲ ਕੰਟਰੋਲ ਸਵਿੱਚ' ਦੀ ਵਰਤੋਂ ਕਰਦਾ ਹੈ। ਇਹ ਬਿਲਕੁਲ ਇੱਕ ਸਟਾਰਟਿੰਗ ਸਵਿੱਚ ਵਾਂਗ ਹੈ।"

ਕੈਪਟਨ ਸ਼ਕਤੀ ਲੂੰਬਾ ਨੇ ਦੱਸਿਆ, "ਇਨ੍ਹਾਂ ਫਿਊਲ ਸਵਿੱਚਾਂ ਬਾਰੇ ਇੱਕ 'ਸਰਵਿਸ ਬੁਲੇਟਿਨ' ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਿਆ ਹੈ।"

"ਏਅਰ ਇੰਡੀਆ ਨੇ ਇਸ ਦੇ ਆਧਾਰ 'ਤੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਇਹ ਲਾਜ਼ਮੀ ਨਹੀਂ ਹੈ। ਹਾਲਾਂਕਿ, ਹਰ ਏਅਰਲਾਈਨ ਨੂੰ ਅਜਿਹੀ ਕਿਸੇ ਵੀ ਸਲਾਹ ਜਾਂ ਚੇਤਾਵਨੀ ਵੱਲ ਧਿਆਨ ਦੇਣਾ ਚਾਹੀਦਾ ਹੈ।"

ਇਸ ਦੌਰਾਨ, ਏਅਰ ਇੰਡੀਆ ਨੇ ਰਿਪੋਰਟ 'ਤੇ ਇੱਕ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ 'ਹਾਦਸੇ ਵਿੱਚ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ' ਅਤੇ ਜਾਂਚ ਏਜੰਸੀਆਂ ਨਾਲ ਪੂਰਾ ਸਹਿਯੋਗ ਕਰ ਰਹੀ ਹੈ। ਬਿਆਨ ਵਿੱਚ ਰਿਪੋਰਟ ਦੇ ਕਿਸੇ ਵੀ ਖ਼ਾਸ ਵੇਰਵਿਆਂ 'ਤੇ ਟਿੱਪਣੀ ਨਹੀਂ ਕੀਤੀ ਗਈ ਹੈ।

ਬਿਆਨ ਵਿੱਚ ਕਿਹਾ ਗਿਆ ਹੈ, "ਏਅਰ ਇੰਡੀਆ ਏਆਈ171 ਹਾਦਸੇ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹਾ ਹੈ। ਅਸੀਂ ਇਸ ਦੁਖਦਾਈ ਸਮੇਂ ਤੋਂ ਬਹੁਤ ਸੋਗ ਵਿੱਚ ਡੁੱਬੇ ਹੋਏ ਹਾਂ ਅਤੇ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਵਚਨਬੱਧ ਹਾਂ।"

"ਅਸੀਂ 12 ਜੁਲਾਈ 2025 ਨੂੰ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਵੱਲੋਂ ਜਾਰੀ ਕੀਤੀ ਗਈ ਮੁੱਢਲੀ ਰਿਪੋਰਟ ਪ੍ਰਾਪਤ ਹੋਣ ਦੀ ਪੁਸ਼ਟੀ ਕਰਦੇ ਹਾਂ।"

ਸਵਿੱਚ 'ਕੱਟ ਆਫ' ਵਿੱਚ ਕਿਵੇਂ ਬਦਲ ਗਿਆ?

ਏਅਰ ਇੰਡੀਆ

ਹਵਾਬਾਜ਼ੀ ਮਾਹਰ ਕੈਪਟਨ ਮੋਹਨ ਰੰਗਨਾਥਨ ਕਹਿੰਦੇ ਹਨ, "ਜਿਹੜੀ ਗੱਲ ਸਭ ਤੋਂ ਸਪੱਸ਼ਟ ਹੈ ਉਹ ਹੈ ਕਿ ਫਿਊਲ ਸਵਿੱਚ 'ਕੱਟ-ਆਫ਼' ਸੀ। ਇਸ ਸਬੰਧ ਵਿੱਚ ਰਿਪੋਰਟ ਵਿੱਚ ਕੁਝ ਸਪੱਸ਼ਟ ਨਹੀਂ ਹੈ।"

ਉਹ ਅੱਗੇ ਕਹਿੰਦੇ ਹਨ, "ਰਿਪੋਰਟ ਦੇ ਸ਼ੁਰੂ ਵਿੱਚ ਲਿਖਿਆ ਹੈ ਕਿ ਸਹਿ-ਪਾਇਲਟ 'ਪਾਇਲਟ ਫ਼ਲਾਇੰਗ' ਸੀ, ਯਾਨੀ ਕਿ ਉਹ ਜਹਾਜ਼ ਚਲਾ ਰਿਹਾ ਸੀ। ਕੈਪਟਨ 'ਪਾਇਲਟ ਮਾਨਿਟਰਿੰਗ' ਸੀ, ਯਾਨੀ ਕਿ ਉਹ ਨਿਗਰਾਨੀ ਕਰ ਰਿਹਾ ਸੀ। ਟੇਕਆਫ਼ ਦੇ ਸਮੇਂ, ਉਡਾਣ ਭਰ ਰਹੇ ਪਾਇਲਟ ਫ਼ਲਾਇੰਗ ਦੇ ਦੋਵੇਂ ਹੱਥ 'ਕੰਟਰੋਲ ਕਾਲਮ' 'ਤੇ ਹੁੰਦੇ ਹਨ।"

ਜੇ ਅਚਾਨਕ 'ਸਵਿੱਚ ਕੱਟ ਆਫ਼' ਹੋ ਜਾਵੇ ਤਾਂ ਕੀ ਕੀਤਾ ਜਾ ਸਕਦਾ ਸੀ? ਕੈਪਟਨ ਸ਼ਕਤੀ ਲੂੰਬਾ ਇਸ ਸਵਾਲ ਵੱਲ ਧਿਆਨ ਦਿਵਾਉਂਦੇ ਹਨ।

ਉਹ ਕਹਿੰਦੇ ਹਨ, "ਹਵਾਬਾਜ਼ੀ ਵਿੱਚ, ਕੁਝ ਕੰਮ ਯਾਦ ਰੱਖ ਕੇ ਕੀਤੇ ਜਾਂਦੇ ਹਨ। ਇਨ੍ਹਾਂ ਨੂੰ 'ਮੈਮੋਰੀ ਆਈਟਮਜ਼' ਕਿਹਾ ਜਾਂਦਾ ਹੈ। ਐਮਰਜੈਂਸੀ ਦੀ ਸਥਿਤੀ ਵਿੱਚ, ਇਨ੍ਹਾਂ ਦੀ ਵਰਤੋਂ ਤੁਰੰਤ ਕੰਮ ਕਰਨ ਲਈ ਕੀਤੀ ਜਾਂਦੀ ਹੈ।"

"ਪਾਇਲਟ ਨੂੰ ਇਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਇਸਦਾ ਮਤਲਬ ਹੈ ਕਿ ਐਮਰਜੈਂਸੀ ਦੀ ਸਥਿਤੀ ਵਿੱਚ, ਉਹ ਚੈੱਕਲਿਸਟ ਦੀ ਮਦਦ ਤੋਂ ਬਿਨ੍ਹਾਂ ਜ਼ਰੂਰੀ ਕਦਮ ਚੁੱਕ ਸਕੇ।"

ਉਹ ਕਹਿੰਦੇ ਹਨ, "ਦੋਵੇਂ ਇੰਜਣਾਂ ਦੇ ਫੇਲ੍ਹ ਹੋਣ ਦੀ ਸਥਿਤੀ ਵਿੱਚ, 'ਮੈਮੋਰੀ ਆਈਟਮ' ਇਹ ਸੀ ਕਿ ਫਿਊਲ ਸਵਿੱਚ ਨੂੰ ਬੰਦ ਕਰਕੇ ਦੁਬਾਰਾ ਚਾਲੂ ਕਰਨਾ (ਰੀਸਾਈਕਲ) ਚਾਹੀਦਾ ਹੈ ।"

ਕਾਕਪਿਟ ਵਾਇਸ ਰਿਕਾਰਡਰ ਕੀ ਕਹਿ ਰਿਹਾ ਹੈ?

ਜਹਾਜ਼ ਹਾਦਸਾ

ਤਸਵੀਰ ਸਰੋਤ, Getty Images

ਮਾਹਰਾਂ ਮੁਤਾਬਕ, ਸੀਵੀਆਰ ਯਾਨੀ ਕਾਕਪਿਟ ਵਾਇਸ ਰਿਕਾਰਡਰ ਕਈ ਸਵਾਲਾਂ ਦੇ ਜਵਾਬ ਦੇ ਸਕਦਾ ਸੀ। ਉਹ ਇਸ ਨਾਲ ਜੁੜੀਆਂ ਕੁਝ ਗੱਲਾਂ ਵੱਲ ਧਿਆਨ ਦਿਵਾਉਂਦੇ ਹਨ।

ਕੈਪਟਨ ਸ਼ਕਤੀ ਲੂੰਬਾ ਮੁਤਾਬਕ, "ਰਿਪੋਰਟ ਕਹਿੰਦੀ ਹੈ ਕਿ ਇੱਕ ਪਾਇਲਟ ਨੇ ਦੂਜੇ ਨੂੰ ਪੁੱਛਿਆ ਕਿ ਕੀ ਉਸਨੇ 'ਸਵਿੱਚ ਕੱਟ ਆਫ਼' ਕੀਤਾ ਹੈ। ਉਸਨੇ ਜਵਾਬ ਦਿੱਤਾ ਨਹੀਂ। ਫਿਰ ਉਸ ਨੇ 'ਮੇਅ ਡੇਅ' ਦਾ ਸੁਨੇਹਾ ਦਿੱਤਾ।"

ਕੈਪਟਨ ਮੋਹਨ ਰੰਗਨਾਥਨ ਕਹਿੰਦੇ ਹਨ, "ਉਨ੍ਹਾਂ ਕੋਲ ਸੀਵੀਆਰ (ਕਾਕਪਿਟ ਵਾਇਸ ਰਿਕਾਰਡਰ) ਹੈ। ਉਹ ਸਾਫ਼-ਸਾਫ਼ ਪਛਾਣ ਸਕਦੇ ਹਨ ਕਿ ਕਿਸ ਪਾਇਲਟ ਦੀ ਆਵਾਜ਼ ਕਿਹੜੀ ਹੈ।"

ਉਹ ਕਹਿੰਦੇ ਹਨ, "ਜਦੋਂ ਤੁਸੀਂ ਕਿਸੇ ਭਿਆਨਕ ਹਾਦਸੇ ਦੀ ਰਿਪੋਰਟ ਬਣਾਉਂਦੇ ਹੋ, ਤਾਂ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਸਪੱਸ਼ਟ ਤੌਰ 'ਤੇ ਦੱਸਣਾ ਚਾਹੀਦਾ ਹੈ।"

ਦੂਜੇ ਪਾਸੇ, ਸੰਜੇ ਲਜ਼ਾਰ ਕਹਿੰਦੇ ਹਨ, "ਇਹ ਮੰਦਭਾਗਾ ਹੈ ਕਿ ਏਏਆਈਬੀ ਨੇ ਪੂਰੀ ਸੀਵੀਆਰ ਟ੍ਰਾਂਸਕ੍ਰਿਪਟ ਜਾਰੀ ਨਹੀਂ ਕੀਤੀ।"

ਜਦੋਂ ਹਾਦਸਾ ਹੋਇਆ ਤਾਂ ਕੀ ਕੁਝ ਵਾਪਰਿਆ

ਕ੍ਰਿਊ ਮੈਂਬਰ ਐੱਨ ਸ਼ਰਮਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕ੍ਰਿਊ ਮੈਂਬਰ ਐੱਨ ਸ਼ਰਮਾਂ ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ ਸੀ

ਹਾਦਸੇ ਤੋਂ ਬਾਅਦ ਦੀ ਸਥਿਤੀ ਬਾਰੇ ਦੱਸਦੇ ਹੋਏ, ਕੈਪਟਨ ਸ਼ਕਤੀ ਲੂੰਬਾ ਕਹਿੰਦੇ ਹਨ, "ਜਦੋਂ ਜਹਾਜ਼ ਹੇਠਾਂ ਡਿੱਗਿਆ, ਤਾਂ ਸਵਿੱਚ 'ਰਨ' ਸਥਿਤੀ ਵਿੱਚ ਸਨ। ਇੰਜਣ ਚਾਲੂ ਹੋ ਰਹੇ ਸਨ। ਇੰਜਣਾਂ ਨੂੰ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ ਪਰ ਇਸਨੂੰ ਪੂਰੀ ਤਰ੍ਹਾਂ ਸ਼ੁਰੂ ਨਹੀਂ ਕੀਤਾ ਜਾ ਸਕਿਆ।"

"ਇਸੇ ਕਾਰਨ, ਜਹਾਜ਼ ਵਿੱਚ ਬਿਜਲੀ ਸਪਲਾਈ ਬੰਦ ਹੋ ਗਈ। ਇਸ ਤੋਂ ਬਾਅਦ, ਰੈਮ ਏਅਰ ਟਰਬਾਈਨ (ਰੈਟ) ਹੇਠਾਂ ਆ ਗਿਆ।"

ਸੰਜੇ ਲਜ਼ਾਰ ਨੇ ਕਿਹਾ ਕਿ ਜਦੋਂ ਹਵਾਈ ਜਹਾਜ਼ ਦੇ ਸਾਰੇ ਪਾਵਰ ਸਰੋਤ ਫੇਲ੍ਹ ਹੋ ਜਾਂਦੇ ਹਨ, ਤਾਂ ਅਜਿਹੀ ਐਮਰਜੈਂਸੀ ਸਥਿਤੀ ਵਿੱਚ ਇਹ ਰੈਟ ਯਾਨੀ ਕਿ ਰੈਮ ਏਅਰ ਟਰਬਾਈਨ ਹਵਾਈ ਜਹਾਜ਼ ਵਿੱਚੋਂ ਬਾਹਰ ਨਿਕਲ ਆਉਂਦਾ ਹੈ।

ਮਾਹਰਾਂ ਦੀ ਰਾਇ ਵਿੱਚ ਅਜੇ ਵੀ ਬਹੁਤ ਸਾਰੇ ਸਵਾਲਾਂ ਦੇ ਜਵਾਬ ਬਾਕੀ ਹਨ

ਜਹਾਜ਼ ਹਾਦਸਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਏਅਰ ਇੰਡੀਆ ਦਾ ਜਹਾਜ਼ ਕਰੈਸ਼ ਹੋਣ ਤੋਂ ਬਾਅਦ ਨੇੜਲੀਆਂ ਇਮਾਰਤਾਂ ਨਾਲ ਟਕਰਾ ਗਿਆ

ਹਵਾਬਾਜ਼ੀ ਮਾਹਰ ਸੰਜੇ ਲਜ਼ਾਰ ਦਾ ਵਿਚਾਰ ਹੈ, "ਇਹ ਰਿਪੋਰਟ ਹੋਰ ਵੀ ਕਈ ਸਵਾਲ ਖੜ੍ਹੇ ਕਰਦੀ ਹੈ। ਤੇ ਇਸ ਤੋਂ ਜਵਾਬ ਘੱਟ ਮਿਲ ਰਹੇ ਹਨ।"

ਕੈਪਟਨ ਮੋਹਨ ਰੰਗਨਾਥਨ ਕਹਿੰਦੇ ਹਨ, "ਜਦੋਂ ਤੁਸੀਂ ਕਿਸੇ ਰਿਪੋਰਟ ਦੀ ਸ਼ੁਰੂਆਤ ਅਸਪਸ਼ਟ ਅਤੇ ਗੋਲਮੋਲ ਭਾਸ਼ਾ ਅਤੇ ਅੰਕੜਿਆਂ ਨਾਲ ਕਰਦੇ ਹੋ, ਤਾਂ ਇਸਦੀ ਭਰੋਸੇਯੋਗਤਾ ਬਾਰੇ ਸਵਾਲ ਉੱਠਦੇ ਹਨ।"

ਉਨ੍ਹਾਂ ਮੁਤਾਬਕ, "ਉਨ੍ਹਾਂ ਕੋਲ ਦੋ ਸੀਸੀਟੀਵੀ ਤਸਵੀਰਾਂ ਹਨ। ਇਹ ਜਹਾਜ਼ ਦੇ ਉਡਾਣ ਭਰਨ ਅਤੇ 'ਰੈਟ' ਦੇ ਬਾਹਰ ਨਿਕਲਣ ਦੀਆਂ ਹਨ। ਇਹ ਤਸਵੀਰਾਂ ਬਹੁਤ ਸਪੱਸ਼ਟ ਹਨ।"

ਇਹ ਵੀ ਪੜ੍ਹੋ-

ਕੈਪਟਨ ਮੋਹਨ ਕਹਿੰਦੇ ਹਨ, "ਇਹ ਤਸਵੀਰਾਂ ਪਹਿਲੇ ਦਿਨ ਤੋਂ ਹੀ ਉਨ੍ਹਾਂ ਕੋਲ ਸਨ। ਉਸ ਸਮੇਂ ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਆ 'ਤੇ 787 ਜਹਾਜ਼ ਬਾਰੇ ਸ਼ੰਕੇ ਖੜ੍ਹੇ ਕੀਤੇ ਜਾ ਰਹੇ ਸਨ। ਇਸ ਕਾਰਨ ਪਰਿਵਾਰਾਂ ਦੀ ਮਾਨਸਿਕ ਪਰੇਸ਼ਾਨੀ ਵੀ ਵਧੀ।"

ਉਹ ਕਹਿੰਦੇ ਹਨ, "ਜੇਕਰ ਉਨ੍ਹਾਂ ਨੇ ਇਹ ਤਸਵੀਰਾਂ ਸ਼ੁਰੂ ਵਿੱਚ ਹੀ ਜਾਰੀ ਕਰ ਦਿੱਤੀਆਂ ਹੁੰਦੀਆਂ, ਤਾਂ ਲੋਕਾਂ ਨੂੰ ਜਹਾਜ਼ ਬਾਰੇ ਜੋ ਵੀ ਸ਼ੱਕ ਸੀ, ਉਹ ਦੂਰ ਹੋ ਜਾਂਦੇ।"

ਜਦੋਂ ਕਿ ਸੰਜੇ ਲਜ਼ਾਰ ਪੁੱਛਦੇ ਹਨ, "ਜਦੋਂ ਤੱਕ ਡੂੰਘਾਈ ਨਾਲ ਅਤੇ ਪੂਰੀ ਜਾਂਚ ਨਹੀਂ ਹੋ ਜਾਂਦੀ, ਏਏਆਈਬੀ ਆਪਣੀ ਰਿਪੋਰਟ ਵਿੱਚ ਇੱਕ ਲਾਈਨ ਵਿੱਚ ਕਿਵੇਂ ਕਹਿ ਸਕਦਾ ਹੈ ਕਿ ਬੋਇੰਗ ਜਾਂ ਜੀਈ (ਜਨਰਲ ਇਲੈਕਟ੍ਰਿਕ) ਸੰਬੰਧੀ ਕੋਈ ਸਿਫ਼ਾਰਸ਼ਾਂ ਨਹੀਂ ਹਨ।"

ਉਨ੍ਹਾਂ ਦੇ ਮੁਤਾਬਕ ਅਜਿਹਾ ਕਹਿਣਾ ਉਨ੍ਹਾਂ ਨੂੰ ਸਾਰੀ ਜ਼ਿੰਮੇਵਾਰੀ ਤੋਂ ਮੁਕਤ ਕਰ ਦੇਣਾ ਹੈ।

ਅੱਗੇ ਕੀ ਹੋਣਾ ਚਾਹੀਦਾ ਹੈ?

ਜਹਾਜ਼ ਕ੍ਰੈਸ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਹਾਜ਼ ਕ੍ਰੈਸ਼ ਦੌਰਾਨ ਨੇੜਲੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਸੀ

ਸੰਜੇ ਲਜ਼ਾਰ ਦਾ ਮੰਨਣਾ ਹੈ, "ਇਸ ਹਾਦਸੇ ਦੀ ਵਧੇਰੇ ਵਿਸਥਾਰ ਨਾਲ ਜਾਂਚ ਹੋਣੀ ਚਾਹੀਦੀ ਹੈ। ਪੂਰੇ ਸੀਵੀਆਰ ਡਾਟਾ ਅਤੇ ਇਸਦੀ ਟ੍ਰਾਂਸਕ੍ਰਿਪਟ ਵਿੱਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ।"

ਉਨ੍ਹਾਂ ਮੁਤਾਬਕ, "ਇਹ ਸਪੱਸ਼ਟ ਤੌਰ 'ਤੇ ਲੱਗਦਾ ਹੈ ਕਿ ਕੁਝ (ਜਾਂ ਕੋਈ) ਅਜਿਹਾ ਸੀ, ਜਿਸ ਕਾਰਨ ਦੋਵੇਂ ਇੰਜਣ ਉਡਾਣ ਭਰਨ ਤੋਂ ਬਾਅਦ ਤੇਲ ਦੀ ਕਮੀ ਨਾਲ ਜੂਝ ਰਹੇ ਸਨ ਅਤੇ ਫੇਲ੍ਹ ਹੋ ਗਏ ਸਨ।"

ਇਸ ਸਭ ਤੋਂ ਇਲਾਵਾ, ਬੀਬੀਸੀ ਨੇ ਕਈ ਹਵਾਬਾਜ਼ੀ ਮਾਹਰਾਂ ਨਾਲ ਵੀ ਗੱਲ ਕੀਤੀ। ਨਾਮ ਗੁਪਤ ਰੱਖਣ ਦੀ ਸ਼ਰਤ 'ਤੇ, ਉਹ ਕਹਿੰਦੇ ਹਨ ਕਿ ਇਹ ਸ਼ੁਰੂਆਤੀ ਰਿਪੋਰਟ ਸਪੱਸ਼ਟ ਨਹੀਂ ਹੈ।

ਨਤੀਜੇ ਵਜੋਂ, ਇਹ ਬਹੁਤ ਕੁਝ ਸਪੱਸ਼ਟ ਨਹੀਂ ਦੱਸਦੀ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਰਿਪੋਰਟ ਇਸ ਬਾਰੇ ਵੇਰਵੇ ਦੇਣ ਦੇ ਯੋਗ ਨਹੀਂ ਹੈ ਕਿ ਆਖ਼ਿਰ ਇਹ ਹਵਾਈ ਹਾਦਸਾ ਕਿਉਂ ਹੋਇਆ।

ਰਿਪੋਰਟ ਦੀ ਤਾਰੀਫ਼ ਵੀ ਹੋਈ

ਕਲਾਈਵ ਕੁੰਦਰ ਦਾ ਪਰਿਵਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਅਰ ਇੰਡੀਆ ਦੇ ਪਾਇਲਟ ਕਲਾਈਵ ਕੁੰਦਰ ਦਾ ਪਰਿਵਾਰ ਸੋਗ ਵਿੱਚ

ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਆਫ਼ ਇੰਡੀਆ (ਏਏਆਈਬੀ) ਦੀ ਰਿਪੋਰਟ 'ਤੇ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਕਿੰਜਾਰਾਪੂ ਨੇ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ ਹੈ ਕਿ ਏਏਆਈਬੀ ਨੇ ਚੰਗਾ ਕੰਮ ਕੀਤਾ ਹੈ, ਇਹ ਬਹੁਤ ਚੁਣੌਤੀਪੂਰਨ ਸੀ।

ਉਨ੍ਹਾਂ ਕਿਹਾ ਹੈ ਕਿ ਏਏਆਈਬੀ ਨੇ ਪਾਰਦਰਸ਼ਤਾ ਨਾਲ ਜਾਂਚ ਕੀਤੀ ਅਤੇ ਕੌਮਾਂਤਰੀ ਪ੍ਰੋਟੋਕੋਲ ਦੀ ਵੀ ਪਾਲਣਾ ਕੀਤੀ ਗਈ।

ਦੂਜੇ ਪਾਸੇ, ਯੂਐੱਸ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਪੀਟਰ ਗੋਏਲਜ਼ ਨੇ ਰਿਪੋਰਟ 'ਤੇ ਏਏਆਈਬੀ ਦੀ ਪ੍ਰਸ਼ੰਸਾ ਕੀਤੀ ਹੈ।

ਉਨ੍ਹਾਂ ਕਿਹਾ, "ਭਾਰਤ ਦੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਨੂੰ ਇੰਨੀ ਵਿਸਤ੍ਰਿਤ ਸ਼ੁਰੂਆਤੀ ਰਿਪੋਰਟ ਤਿਆਰ ਕਰਨ ਲਈ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ।"

ਪੀਟਰ ਗੋਏਲਜ਼ ਨੇ ਕਈ ਜਹਾਜ਼ ਹਾਦਸਿਆਂ ਦੀ ਜਾਂਚ ਦੀ ਅਗਵਾਈ ਕੀਤੀ ਹੈ।

ਉਨ੍ਹਾਂ ਕਿਹਾ ਕਿ ਜਦੋਂ ਕਿਸੇ ਦੇਸ਼ ਦੀ ਸਾਬਕਾ ਕੌਮੀ ਏਅਰਲਾਈਨ ਵਰਗੀ ਉੱਚ-ਪ੍ਰੋਫਾਈਲ ਕੰਪਨੀ ਦੀ ਗੱਲ ਆਉਂਦੀ ਹੈ ਤਾਂ ਰਿਪੋਰਟ ਵਿਸਤ੍ਰਿਤ ਨਹੀਂ ਹੁੰਦੀ।

ਪੀਟਰ ਗੋਏਲਜ਼ ਨੇ ਕਿਹਾ, "ਇਹ ਇੱਕ ਵਿਸਤ੍ਰਿਤ ਰਿਪੋਰਟ ਹੈ। ਇਸ ਲਈ ਏਏਆਈਬੀ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)