ਏਅਰ ਇੰਡੀਆ ਜਹਾਜ਼ ਹਾਦਸਾ: 'ਫਿਊਲ ਕੰਟਰੋਲ ਸਵਿੱਚ ਬੰਦ ਹੋ ਗਏ ਸਨ', 15 ਪੇਜਾਂ ਦੀ ਜਾਂਚ ਰਿਪੋਰਟ 'ਚ ਹੋਰ ਕਿਹੜੀਆਂ ਗੱਲਾਂ ਸਾਹਮਣੇ ਆਈਆਂ

ਅਹਿਮਦਾਬਾਦ ਏਅਰ ਇੰਡੀਆ ਜਹਾਜ਼ ਹਾਦਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਵਿੱਚ ਲੰਘੀ 12 ਜੂਨ ਨੂੰ ਹੋਏ ਹਵਾਈ ਜਹਾਜ਼ ਹਾਦਸੇ ਵਿੱਚ ਘੱਟੋ-ਘੱਟ 260 ਲੋਕਾਂ ਦੀ ਮੌਤ ਹੋ ਗਈ ਸੀ

ਪਿਛਲੇ ਮਹੀਨੇ ਹੋਏ ਏਅਰ ਇੰਡੀਆ ਜਹਾਜ਼ ਹਾਦਸੇ ਦੀ ਮੁੱਢਲੀ ਜਾਂਚ ਰਿਪੋਰਟ ਸਾਹਮਣੇ ਆ ਗਈ ਹੈ। ਇਸ ਰਿਪੋਰਟ ਵਿੱਚ ਜਹਾਜ਼ ਹਾਦਸੇ ਦੇ ਮੁੱਖ ਕਾਰਨਾਂ 'ਤੇ ਰੌਸ਼ਨੀ ਪਾਈ ਗਈ ਹੈ।

ਇਹ ਰਿਪੋਰਟ ਭਾਰਤ ਦੇ ਦਿ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਦੁਆਰਾ ਜਾਰੀ ਕੀਤੀ ਗਈ ਹੈ।

ਰਿਪੋਰਟ ਦੇ ਅਨੁਸਾਰ, ਜਹਾਜ਼ ਦੇ ਦੋਵੇਂ ਫਿਊਲ ਕੰਟਰੋਲ ਸਵਿੱਚ - ਜਿਨ੍ਹਾਂ ਨਾਲ ਇੰਜਣ ਬੰਦ ਕੀਤੇ ਜਾਂਦੇ ਹਨ, ਜਹਾਜ਼ ਦੇ ਉਡਾਣ ਭਰਦੇ ਹੀ ਕੱਟ-ਆਫ ਸਥਿਤੀ ਵਿੱਚ ਚਲੇ ਗਏ ਸਨ।

ਕਾਕਪਿਟ ਵੌਇਸ ਰਿਕਾਰਡਿੰਗ ਵਿੱਚ, ਇੱਕ ਪਾਇਲਟ ਦੂਜੇ ਤੋਂ ਪੁੱਛਦਾ ਹੈ ਕਿ ਉਸਨੇ ਕੱਟ-ਆਫ ਕਿਉਂ ਕੀਤਾ?

ਜਵਾਬ ਵਿੱਚ, ਦੂਜਾ ਪਾਇਲਟ ਕਹਿੰਦਾ ਹੈ ਕਿ ਉਸਨੇ ਅਜਿਹਾ ਨਹੀਂ ਕੀਤਾ। ਰਿਪੋਰਟ ਵਿੱਚ ਇਹ ਸਪੱਸ਼ਟ ਨਹੀਂ ਹੈ ਕਿ ਕਿਹੜੀ ਆਵਾਜ਼ ਕਿਸ ਪਾਇਲਟ ਦੀ ਹੈ।

ਇਸ ਉਡਾਣ ਦੌਰਾਨ, ਸਹਿ-ਪਾਇਲਟ ਜਹਾਜ਼ ਉਡਾ ਰਹੇ ਸਨ, ਜਦਕਿ ਕੈਪਟਨ ਨਿਗਰਾਨੀ ਕਰ ਰਹੇ ਸਨ।

ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਹੈ ਕਿ ਕੰਪਨੀ ਜਾਂਚ ਏਜੰਸੀਆਂ ਨਾਲ ਪੂਰਾ ਸਹਿਯੋਗ ਕਰ ਰਹੀ ਹੈ।

ਇਸ ਹਾਦਸੇ ਵਿੱਚ ਘੱਟੋ-ਘੱਟ 260 ਲੋਕਾਂ ਦੀ ਮੌਤ ਹੋਈ ਸੀ ਅਤੇ ਸਿਰਫ਼ ਇੱਕ ਯਾਤਰੀ, ਬ੍ਰਿਟਿਸ਼ ਨਾਗਰਿਕ ਵਿਸ਼ਵਾਸ ਕੁਮਾਰ ਰਮੇਸ਼, ਜਹਾਜ਼ ਦੇ ਢਾਂਚੇ 'ਚ ਬਣੇ ਇੱਕ ਖੁੱਲ੍ਹੇ ਹਿੱਸੇ ਤੋਂ ਬਚ ਕੇ ਨਕਲ ਸਕੇ ਸਨ।

ਹਾਦਸੇ ਤੋਂ ਠੀਕ ਪਹਿਲਾਂ ਕੀ ਹੋਇਆ ਸੀ?

ਅਹਿਮਦਾਬਾਦ ਏਅਰ ਇੰਡੀਆ ਜਹਾਜ਼ ਹਾਦਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੁਣ ਇਸ ਹਾਦਸੇ ਦੀ ਮੁੱਢਲੀ ਜਾਂਚ ਰਿਪੋਰਟ ਸਾਹਮਣੇ ਆ ਗਈ ਹੈ

15 ਪੰਨਿਆਂ ਦੀ ਮੁੱਢਲੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਏਅਰ ਇੰਡੀਆ ਦੇ ਜਹਾਜ਼ ਨਾਲ ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਕੀ ਹੋਇਆ।

ਰਿਪੋਰਟ ਦੇ ਅਨੁਸਾਰ, "ਜਹਾਜ਼ ਨੇ ਦੁਪਹਿਰ 1 ਵੱਜ ਕੇ 38 ਮਿੰਟ 42 ਸਕਿੰਟ 'ਤੇ ਵੱਧ ਤੋਂ ਵੱਧ ਰਿਕਾਰਡ ਕੀਤੀ ਗਈ 180 ਨੌਟਸ ਦੀ ਏਅਰਸਪੀਡ ਪ੍ਰਾਪਤ ਕੀਤੀ ਅਤੇ ਇਸ ਤੋਂ ਤੁਰੰਤ ਬਾਅਦ, ਇੰਜਣ 1 ਅਤੇ ਇੰਜਣ 2 ਦੇ ਫਿਊਲ ਕੱਟ-ਆਫ ਸਵਿੱਚ ਇੱਕ-ਇੱਕ ਕਰਕੇ... ਰਨ ਤੋਂ ਕਟ-ਆਫ ਸਥਿਤੀ ਵਿੱਚ ਚਲੇ ਗਏ, ਇਨ੍ਹਾਂ ਵਿਚਕਾਰ 1 ਸਕਿੰਟ ਦਾ ਅੰਤਰ ਸੀ।"

ਰਿਪੋਰਟ ਵਿੱਚ ਦੱਸਿਆ ਗਿਆ ਹੈ ਇਸ ਤੋਂ ਬਾਅਦ, "ਕਾਕਪਿਟ ਵੌਇਸ ਰਿਕਾਰਡਿੰਗ ਵਿੱਚ, ਇੱਕ ਪਾਇਲਟ ਦੂਜੇ ਨੂੰ ਪੁੱਛਦਾ ਸੁਣਿਆ ਜਾਂਦਾ ਹੈ ਕਿ ਉਸਨੇ ਕੱਟ-ਆਫ ਕਿਉਂ ਕੀਤਾ। ਦੂਜੇ ਪਾਇਲਟ ਨੇ ਜਵਾਬ ਦਿੱਤਾ ਕਿ ਉਸਨੇ ਅਜਿਹਾ ਨਹੀਂ ਕੀਤਾ।"

ਲਗਭਗ 10 ਸਕਿੰਟਾਂ ਬਾਅਦ, ਇੰਜਣ 1 ਦਾ ਫਿਊਲ ਕੱਟ-ਆਫ ਸਵਿੱਚ 'ਕੱਟ-ਆਫ' ਤੋਂ 'ਰਨ' ਵੱਲ ਚਲਾ ਗਿਆ। ਫਿਰ ਚਾਰ ਸਕਿੰਟਾਂ ਬਾਅਦ, ਇੰਜਣ 2 ਦਾ ਫਿਊਲ ਕੱਟ-ਆਫ ਸਵਿੱਚ ਵੀ 'ਕੱਟ-ਆਫ' ਤੋਂ 'ਰਨ' ਵੱਲ ਚਲਾ ਗਿਆ। ਹੁਣ ਸਮਾਂ 1 ਵੱਜ ਕੇ 38 ਮਿੰਟ 56 ਸਕਿੰਟ ਸੀ।

1 ਵੱਜ ਕੇ 39 ਮਿੰਟ 50 ਸਕਿੰਟ 'ਤੇ ਨੌਂ ਸਕਿੰਟ ਬਾਅਦ, ਇੱਕ ਪਾਇਲਟ ਨੇ ਜ਼ਮੀਨ 'ਤੇ ਮੌਜੂਦ ਹਵਾਈ ਆਵਾਜਾਈ ਨਿਯੰਤਰਣ ਅਧਿਕਾਰੀਆਂ ਨੂੰ "ਮੇਅ ਡੇਅ ਮੇਅ ਡੇਅ ਮੇਅ ਡੇਅ" ਸੁਨੇਹਾ ਭੇਜਿਆ। ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਅਤੇ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਨੇ ਜਹਾਜ਼ ਨੂੰ ਕਰੈਸ਼ ਹੁੰਦਾ ਦੇਖਿਆ।

ਅਹਿਮਦਾਬਾਦ ਏਅਰ ਇੰਡੀਆ ਜਹਾਜ਼ ਹਾਦਸਾ
ਤਸਵੀਰ ਕੈਪਸ਼ਨ, ਜਹਾਜ਼ ਹਾਦਸੇ ਦੇ ਵਾਇਰਲ ਵੀਡੀਓ 'ਚ ਨਜ਼ਰ ਆਉਂਦਾ ਹੈ ਕਿ ਕਿਵੇਂ ਜਹਾਜ਼ ਉਡਾਣ ਭਰਨ ਤੋਂ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ

ਜਦੋਂ ਇੰਜਣਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ, ਤਾਂ ਰੈਮ ਏਅਰ ਟਰਬਾਈਨ - ਇੱਕ ਛੋਟਾ ਪ੍ਰੋਪੈਲਰ ਵਰਗਾ ਯੰਤਰ - ਆਪਣੇ ਆਪ ਐਕਟਿਵ ਹੋ ਗਈ ਤਾਂ ਜੋ ਐਮਰਜੈਂਸੀ ਵਿੱਚ ਹਾਈਡ੍ਰੌਲਿਕ ਪਾਵਰ ਮਿਲ ਸਕੇ।

ਰਿਪੋਰਟ ਵਿੱਚ ਕਿਹਾ ਗਿਆ ਹੈ, "ਹਵਾਈ ਅੱਡੇ ਤੋਂ ਮਿਲੀ ਸੀਸੀਟੀਵੀ ਫੁਟੇਜ ਵਿੱਚ ਨਜ਼ਰ ਆਇਆ ਕਿ ਲਿਫ਼ਟ ਆਫ਼ ਤੋਂ ਤੁਰੰਤ ਬਾਅਦ ਜਹਾਜ਼ ਉੱਪਰ ਉੱਠਣਾ ਸ਼ੁਰੂ ਕਰ ਰਿਹਾ ਸੀ, ਉਸ ਵੇਲੇ ਰੈਮ ਏਅਰ ਟਰਬਾਈਨ (ਰੈਟ) ਐਕਟਿਵ ਹੋ ਗਈ ਸੀ। ਉਡਾਣ ਦੇ ਰਸਤੇ 'ਤੇ ਨੇੜੇ-ਤੇੜੇ ਕਿਸੇ ਵੀ ਵੱਡੀ ਪੰਛੀ ਦੀ ਗਤੀਵਿਧੀ ਦੀ ਜਾਣਕਾਰੀ ਨਹੀਂ ਮਿਲੀ। ਹਵਾਈ ਅੱਡੇ ਦੇ ਰਨਵੇਅ ਦੀ ਸੀਮਾ ਪਾਰ ਕਰਨ ਤੋਂ ਪਹਿਲਾਂ ਹੀ ਜਹਾਜ਼ ਦੀ ਉਚਾਈ ਘਟਣੀ ਸ਼ੁਰੂ ਹੋ ਗਈ।"

'ਪਾਇਲਟ ਅਤੇ ਚਾਲਕ ਦਲ ਉਡਾਣ ਭਰਨ ਲਈ ਫਿੱਟ ਸਨ'

ਅਹਿਮਦਾਬਾਦ ਏਅਰ ਇੰਡੀਆ ਜਹਾਜ਼ ਹਾਦਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਹਵਾਈ ਅੱਡੇ ਤੋਂ ਥੋੜ੍ਹੀ ਦੂਰੀ 'ਤੇ, ਸਿਵਲ ਹਸਪਤਾਲ ਦੇ ਨੇੜੇ ਇੱਕ ਡਾਕਟਰਾਂ ਦੇ ਹੋਸਟਲ 'ਤੇ ਡਿੱਗਿਆ ਸੀ

ਏਅਰ ਇੰਡੀਆ ਦੀ ਉਡਾਣ ਤੋਂ ਪਹਿਲਾਂ, ਪਾਇਲਟਾਂ ਅਤੇ ਚਾਲਕ ਦਲ ਦੀ ਜਾਂਚ ਕੀਤੀ ਗਈ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਜਹਾਜ਼ ਉਡਾਉਣ ਲਈ ਫਿੱਟ ਹਨ।

ਰਿਪੋਰਟ ਦੇ ਅਨੁਸਾਰ, ਦੋਵੇਂ ਪਾਇਲਟ ਮੁੰਬਈ ਤੋਂ ਸਨ ਅਤੇ ਉਡਾਣ ਤੋਂ ਇੱਕ ਦਿਨ ਪਹਿਲਾਂ ਅਹਿਮਦਾਬਾਦ ਪਹੁੰਚੇ ਸਨ। ਉਨ੍ਹਾਂ ਨੂੰ ਕਾਫ਼ੀ ਆਰਾਮ ਮਿਲਿਆ ਸੀ।

ਸਾਰੇ ਪਾਇਲਟਾਂ ਅਤੇ ਚਾਲਕ ਦਲ ਦਾ ਸਥਾਨਕ ਸਮੇਂ ਅਨੁਸਾਰ ਸਵੇਰੇ 06 ਵੱਜ ਕੇ 25 ਮਿੰਟ 'ਤੇ ਬ੍ਰੀਦ ਐਨਾਲਾਈਜ਼ਰ ਟੈਸਟ ਵੀ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੂੰ 'ਫਲਾਈਟ ਆਪਰੇਟ ਕਰਨ ਲਈ ਫਿੱਟ' ਪਾਇਆ ਗਿਆ।

ਇਹ ਵੀ ਪੜ੍ਹੋ-

ਜਹਾਜ਼ ਤੋਂ ਲਏ ਗਏ ਫਿਊਲ ਸੈਂਪਲ ਸੰਤੋਸ਼ਜਨਕ- ਰਿਪੋਰਟ

ਵੀਡੀਓ ਕੈਪਸ਼ਨ, ਏਅਰ ਇੰਡੀਆ ਜਹਾਜ਼ ਹਾਦਸਾ: 'ਫਿਊਲ ਕੰਟਰੋਲ ਸਵਿੱਚ ਬੰਦ ਹੋ ਗਏ ਸਨ'

ਰਿਪੋਰਟ ਦੇ ਮੁਤਾਬਕ, ਏਅਰ ਇੰਡੀਆ ਜਹਾਜ਼ ਵਿੱਚ ਈਂਧਣ ਭਰਨ ਲਈ ਜਿਨ੍ਹਾਂ ਟੈਂਕਾਂ ਦੀ ਵਰਤੋਂ ਕੀਤੀ ਗਈ ਸੀ, ਉਨ੍ਹਾਂ ਵਿੱਚੋਂ ਲਏ ਗਏ ਫਿਊਲ ਸੈਂਪਲ ''ਸੰਤੋਸ਼ਜਨਕ'' ਪਾਏ ਗਏ ਹਨ।

ਏਵੀਏਸ਼ਨ ਮਾਹਰਾਂ ਨੇ ਪਹਿਲਾਂ ਬੀਬੀਸੀ ਨੂੰ ਦੱਸਿਆ ਸੀ ਕਿ ਫਿਊਲ ਵਿੱਚ ਗੜਬੜ ਇਸ ਹਾਦਸੇ ਦਾ ਇੱਕ ਸੰਭਾਵਿਤ ਕਾਰਨ ਹੋ ਸਕਦਾ ਹੈ। ਫਿਊਲ ਵਿੱਚ ਗੜਬੜ ਜਾਂ ਰੁਕਾਵਟ ਨਾਲ ਦੋਵੇਂ ਇੰਜਣ ਫੇਲ੍ਹ ਹੋ ਸਕਦੇ ਹਨ।

ਜਹਾਜ਼ ਦੇ ਇੰਜਣ ਇੱਕ ਸਟੀਕ ਫਿਊਲਮੀਟਰਿੰਗ ਸਿਸਟਮ ਉੱਤੇ ਨਿਰਭਰ ਕਰਦੇ ਹਨ। ਜੇਕਰ ਇੱਕ ਸਿਸਟਮ ਬਲਾਕ ਹੋ ਜਾਵੇ ਤਾਂ ਫਿਊਲ ਦੀ ਸਪਲਾਈ ਬੰਦ ਹੋ ਸਕਦੀ ਹੈ ਤੇ ਇੰਜਣ ਬੰਦ ਹੋ ਸਕਦਾ ਹੈ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਏਪੀਯੂ ਫਿਲਟਰ ਅਤੇ ਖੱਬੇ ਵਿੰਗ ਦੇ ਰਿਫਿਊਲ/ਜੇਟਿਸਨ ਵਾਲਵ ਤੋਂ 'ਬਹੁਤ ਘੱਟ ਮਾਤਰਾ ਵਿੱਚ ਫਿਊਲ ਸੈਂਪਲ' ਇਕੱਠਾ ਕੀਤੇ ਗਏ ਹਨ।

ਰਿਪੋਰਟ ਮੁਤਾਬਤ,'' ਇਨ੍ਹਾਂ ਸੈਂਪਲਾਂ ਦੀ ਜਾਂਚ ਉਸ ਲੈਬ ਵਿੱਚ ਕੀਤੀ ਜਾਵੇਗੀ ਜੋ ਇੰਨੀ ਘੱਟ ਮਾਤਰਾ ਵਿੱਚ ਜਾਂਚ ਕਰਨ ਲਈ ਸਮਰੱਥ ਹੋਵੇ।''

ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੇ ਹਾਂ- ਏਅਰ ਇੰਡੀਆ

ਏਅਰ ਇੰਡੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਅਰ ਇੰਡੀਆ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ

ਏਅਰ ਇੰਡੀਆ ਨੇ ਰਿਪੋਰਟ 'ਤੇ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ 'ਹਾਦਸੇ 'ਚ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ' ਅਤੇ ਜਾਂਚ ਏਜੰਸੀਆਂ ਨਾਲ ਪੂਰਾ ਸਹਿਯੋਗ ਕਰ ਰਹੀ ਹੈ।

ਬਿਆਨ ਵਿੱਚ ਰਿਪੋਰਟ ਦੇ ਕਿਸੇ ਵੀ ਖਾਸ ਵੇਰਵਿਆਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ।

ਬਿਆਨ ਵਿੱਚ ਕਿਹਾ ਗਿਆ ਹੈ, "ਏਅਰ ਇੰਡੀਆ AI171 ਹਾਦਸੇ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਅਸੀਂ ਇਸ ਦੁਖਦਾਈ ਸਮੇਂ 'ਚ ਸੋਗ ਮਨਾ ਰਹੇ ਹਾਂ ਅਤੇ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹਾਂ। ਅਸੀਂ 12 ਜੁਲਾਈ 2025 ਨੂੰ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਦੁਆਰਾ ਜਾਰੀ ਕੀਤੀ ਗਈ ਮੁਢਲੀ ਰਿਪੋਰਟ ਪ੍ਰਾਪਤ ਕਰਨ ਦੀ ਪੁਸ਼ਟੀ ਕਰਦੇ ਹਾਂ।"

"ਏਅਰ ਇੰਡੀਆ ਰੈਗੂਲੇਟਰਾਂ ਸਮੇਤ ਸਾਰੀਆਂ ਸਬੰਧਤ ਧਿਰਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਅਸੀਂ ਜਾਂਚ ਵਿੱਚ ਏਏਆਈਬੀ ਅਤੇ ਹੋਰ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰਨਾ ਜਾਰੀ ਰੱਖਾਂਗੇ। ਕਿਉਂਕਿ ਜਾਂਚ ਅਜੇ ਵੀ ਜਾਰੀ ਹੈ, ਇਸ ਲਈ ਅਸੀਂ ਕਿਸੇ ਵੀ ਖਾਸ ਵੇਰਵਿਆਂ 'ਤੇ ਟਿੱਪਣੀ ਨਹੀਂ ਕਰ ਸਕਦੇ ਅਤੇ ਅਜਿਹੇ ਸਾਰੇ ਸਵਾਲਾਂ ਲਈ ਏਏਆਈਬੀ ਨੂੰ ਸੰਪਰਕ ਕਰਨ ਦੀ ਬੇਨਤੀ ਕਰਦੇ ਹਾਂ।"

ਬੋਇੰਗ ਜਹਾਜ਼ ਜਾਂ ਇੰਜਣ ਬਾਰੇ ਕੋਈ ਐਡਵਾਇਜ਼ਰੀ ਨਹੀਂ

ਅਹਿਮਦਾਬਾਦ ਜਹਾਜ਼ ਹਾਦਸਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਰਿਪੋਰਟ ਦੇ ਅਨੁਸਾਰ, ਜਹਾਜ਼ ਦੇ ਦੋਵੇਂ ਫਿਊਲ ਕੰਟਰੋਲ ਸਵਿੱਚ - ਜਿਨ੍ਹਾਂ ਨਾਲ ਇੰਜਣ ਬੰਦ ਕੀਤੇ ਜਾਂਦੇ ਹਨ, ਜਹਾਜ਼ ਦੇ ਉਡਾਣ ਭਰਦੇ ਹੀ ਕੱਟ-ਆਫ ਸਥਿਤੀ ਵਿੱਚ ਚਲੇ ਗਏ ਸਨ

ਇਸ ਰਿਪੋਰਟ ਵਿੱਚ ਜੋ ਗੱਲ ਸਭ ਤੋਂ ਵੱਖ ਨਜ਼ਰ ਆਉਂਦੀ ਹੈ, ਉਹ ਇਹ ਹੈ ਕਿ ਹੁਣ ਤੱਕ ਬੋਇੰਗ ਡ੍ਰੀਮਲਾਈਨਰ 787 ਜਾਂ ਇਸ ਜਹਾਜ਼ ਵਿੱਚ ਵਰਤੇ ਗਏ ਜੀਈ ਜੀਈਐੱਨਐਕਸ-1ਬੀ ਇੰਜਣ ਆਪਰੇਟਰਾਂ ਲਈ ਕੋਈ ਐਡਵਾਇਜ਼ਰੀ ਜਾਰੀ ਨਹੀਂ ਕੀਤੀ ਗਈ ਹੈ।

ਫਿਲਹਾਲ, ਤਕਨੀਕੀ ਖਰਾਬੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਗਿਆ ਹੈ, ਪਰ ਸਾਨੂੰ ਹੋਰ ਜਾਣਕਾਰੀ ਲਈ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਇਹ ਸਿਰਫ ਇੱਕ ਸ਼ੁਰੂਆਤੀ ਰਿਪੋਰਟ ਹੈ।

ਹਾਲਾਂਕਿ, ਰਿਪੋਰਟ ਵਿੱਚ ਕੁਝ ਗੱਲਾਂ ਹੈਰਾਨ ਕਰਨ ਵਾਲੀਆਂ ਹਨ। ਖਾਸ ਕਰਕੇ ਇਹ ਤੱਥ ਕਿ ਦੋਵੇਂ ਫਿਊਲ ਕੰਟਰੋਲ ਸਵਿੱਚ ਰਨ ਪੋਜੀਸ਼ਨ ਤੋਂ ਕੱਟ-ਆਫ ਪੋਜੀਸ਼ਨ ਵਿੱਚ ਲਿਜਾਏ ਗਏ ਸਨ।

ਪਰ ਬਹੁਤ ਸਾਰੇ ਸਵਾਲ ਅਜੇ ਵੀ ਬਾਕੀ ਹਨ।

ਕੀ ਇਹ ਇੱਕ ਤਕਨੀਕੀ ਗੜਬੜੀ ਸੀ? ਕੀ ਇਹ ਇੱਕ ਸਾਫਟਵੇਅਰ ਨਾਲ ਸਬੰਧਤ ਸਮੱਸਿਆ ਸੀ? ਕੀ ਇਹ ਮਨੁੱਖੀ ਗਲਤੀ ਸੀ?

ਅਹਿਮਦਾਬਾਦ ਜਹਾਜ਼ ਹਾਦਸਾ

ਅਹਿਮਦਾਬਾਦ ਜਹਾਜ਼ ਹਾਦਸਾ

ਤਸਵੀਰ ਸਰੋਤ, Roxy Gagdekar/BBC

ਤਸਵੀਰ ਕੈਪਸ਼ਨ, ਜਹਾਜ਼ ਹਾਦਸੇ 'ਚ ਨੁਕਸਾਨੀਆਂ ਗਈਆਂ ਇਮਾਰਤਾਂ

ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਵਿੱਚ ਲੰਘੀ 12 ਜੂਨ ਨੂੰ ਹੋਏ ਹਵਾਈ ਜਹਾਜ਼ ਹਾਦਸੇ ਵਿੱਚ ਘੱਟੋ-ਘੱਟ 260 ਲੋਕਾਂ ਦੀ ਮੌਤ ਹੋ ਗਈ ਸੀ।

ਜੋ ਜਹਾਜ਼ ਹਾਦਸਾਗ੍ਰਸਤ ਹੋਇਆ ਸੀ, ਉਸ ਨੇ ਅਹਿਮਦਾਬਾਦ ਤੋਂ ਲੰਡਨ ਦੇ ਗੈਟਵਿਕ ਹਵਾਈ ਅੱਡੇ ਲਈ ਉਡਾਣ ਭਰੀ ਸੀ, ਪਰ ਉਡਾਣ ਭਰਨ ਤੋਂ ਕੁਝ ਹੀ ਪਲਾਂ ਬਾਅਦ ਇਹ ਜਹਾਜ਼ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ।

ਇਸ ਹਾਦਸੇ ਵਿੱਚ ਸਿਰਫ਼ ਇੱਕ ਯਾਤਰੀ, ਬ੍ਰਿਟਿਸ਼ ਨਾਗਰਿਕ ਵਿਸ਼ਵਾਸ ਕੁਮਾਰ ਰਮੇਸ਼, ਜਹਾਜ਼ ਦੇ ਢਾਂਚੇ 'ਚ ਬਣੇ ਇੱਕ ਖੁੱਲ੍ਹੇ ਹਿੱਸੇ ਤੋਂ ਬਚ ਕੇ ਨਕਲ ਸਕੇ ਸਨ।

ਵਾਇਰਲ ਵੀਡੀਓ ਵਿੱਚ ਨਜ਼ਰ ਆਇਆ ਸੀ ਕਿ ਕਿਵੇਂ ਜਹਾਜ਼ ਹਵਾਈ ਅੱਡੇ ਦੀ ਬਾਊਂਡਰੀ ਦੇ ਨੇੜੇ ਹੀ ਇੱਕ ਇਮਾਰਤ 'ਤੇ ਜਾ ਡਿੱਗਿਆ ਸੀ ਅਤੇ ਇਸ 'ਚ ਭਿਆਨਕ ਅੱਗ ਲੱਗ ਗਈ ਸੀ।

ਇਹ ਹਵਾਈ ਅੱਡੇ ਤੋਂ ਥੋੜ੍ਹੀ ਦੂਰੀ 'ਤੇ, ਸਿਵਲ ਹਸਪਤਾਲ ਦੇ ਨੇੜੇ ਇੱਕ ਡਾਕਟਰਾਂ ਦੇ ਹੋਸਟਲ 'ਤੇ ਡਿੱਗਿਆ ਸੀ, ਜਿਥੇ ਵੀ ਕੁਝ ਮੌਤਾਂ ਹੋਈਆਂ ਸਨ।

ਜਹਾਜ਼ ਵਿੱਚ ਪਾਇਲਟ ਇਨ ਕਮਾਂਡ ਸੁਮਿਤ ਸੱਭਰਵਾਲ, ਸਹਿ-ਪਾਇਲਟ ਕਲਾਈਵ ਕੁੰਦਰ ਸਨ। ਇਸ ਵਿੱਚ 2 ਬੱਚਿਆਂ ਸਣੇ 232 ਯਾਤਰੀ ਅਤੇ 10 ਕਰੂ ਮੈਂਬਰ ਸਵਾਰ ਸਨ।

ਇਸ ਹਾਦਸੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਇੰਚਾਰਜ ਵਿਜੇ ਰੂਪਾਨੀ ਦਾ ਵੀ ਦੇਹਾਂਤ ਹੋ ਗਿਆ ਸੀ।

ਘਟਨਾ ਤੋਂ ਬਾਅਦ ਅਹਿਮਦਾਬਾਦ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ, "ਸਵਾ ਲੱਖ ਲੀਟਰ ਬਾਲਣ ਹੋਣ ਕਾਰਨ ਤਾਪਮਾਨ ਇੰਨਾ ਜ਼ਿਆਦਾ ਸੀ ਕਿ ਕਿਸੇ ਨੂੰ ਬਚਾਏ ਜਾਣ ਦੀ ਕੋਈ ਸੰਭਾਵਨਾ ਨਹੀਂ ਸੀ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)