ਪੰਜਾਬ ਤੇ ਹਿਮਾਚਲ ਸਣੇ ਉੱਤਰੀ ਭਾਰਤ ਵਿੱਚ ਭਾਰੀ ਮੀਂਹ ਦੀ ਸੰਭਵਾਨਾ, ਮੌਸਮ ਆਉਣ ਵਾਲੇ ਦਿਨਾਂ ’ਚ ਕਿਵੇਂ ਦਾ ਰਹੇਗਾ

ਤਸਵੀਰ ਸਰੋਤ, ANI
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਨਾਲ ਲੋਕਾਂ ਦੇ ਰੋਜ਼ਾਨਾ ਦੇ ਜਨਜੀਵਨ ਉੱਤੇ ਭਾਰੀ ਅਸਰ ਪਿਆ ਹੈ। ਮੰਡੀ ਜ਼ਿਲ੍ਹੇ ਵਿੱਚ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵੱਧਣ ਕਰਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਖ਼ਬਰ ਏਜੰਸੀ ਏਐੱਨਆਈ ਦੀ ਰਿਪੋਰਟ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਆਫ਼ਤ ਪ੍ਰਬੰਧਨ ਅਥਾਰਿਟੀ (ਐੱਚਪੀਐੱਸਡੀਐੱਮਏ) ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਲਗਾਤਾਰ ਮੀਂਹ ਕਾਰਨ ਸੂਬੇ ਵਿੱਚ ਕੁੱਲ 259 ਸੜਕਾਂ 'ਤੇ ਆਵਾਜਾਈ ਬੰਦ ਹੋ ਗਈ ਹੈ ਜਦੋਂ ਕਿ 614 ਬਿਜਲੀ ਵੰਡ ਟ੍ਰਾਂਸਫਾਰਮਰ ਅਤੇ 130 ਜਲ ਸਪਲਾਈ ਯੁਨਿਟ ਇਸ ਤੋਂ ਪ੍ਰਭਾਵਿਤ ਹੋਏ ਹਨ।
ਇਸ ਦੇ ਨਾਲ ਹੀ ਗੁਆਂਢੀ ਸੂਬਿਆਂ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਦੱਖਣ-ਪੱਛਮੀ ਮਾਨਸੂਨ 29 ਜੂਨ ਤੋਂ 1 ਜੁਲਾਈ, 2025 ਤੱਕ ਇਸ ਖੇਤਰ ਵਿੱਚ ਤੇਜ਼ ਹੋਣ ਦੀ ਉਮੀਦ ਹੈ।
ਇਸ ਦੇ ਨਾਲ ਹੀ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਵਿੱਚ ਮਾਨਸੂਨ ਦਾ ਆਗਾਜ਼ ਹੋ ਗਿਆ ਹੈ ਅਤੇ ਮੌਸਮ ਵਿਭਾਗ ਨੇ ਆਉਣ ਵਾਲੇ 48 ਘੰਟਿਆਂ ਵਿੱਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।
ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਦੋਵਾਂ ਸੂਬਿਆਂ ਦੇ ਨਾਲ-ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼, ਗਰਜ-ਤੂਫ਼ਾਨ ਅਤੇ ਬਿਜਲੀ ਡਿੱਗਣ ਦੀ ਭਵਿੱਖਬਾਣੀ ਕੀਤੀ ਹੈ।
ਹਿਮਾਚਲ 'ਚ ਕੀ ਹਨ ਹਾਲਾਤ

ਤਸਵੀਰ ਸਰੋਤ, ANI
ਹਿਮਾਚਲ ਵਿੱਚ ਮੰਡੀ, ਸਿਰਮੌਰ ਅਤੇ ਕੁੱਲੂ ਵਧੇਰੇ ਪ੍ਰਭਾਵਿਤ ਹੋਏ ਹਨ। ਇਨ੍ਹਾਂ ਇਲਾਕਿਆਂ ਵਿੱਚ ਸਹਾਇਤਾ ਪਹੁੰਚਾਏ ਜਾਣ ਬਾਰੇ ਐੱਚਪੀਐੱਸਡੀਐੱਮਏ ਨੇ ਕਿਹਾ ਕਿ ਕੋਈ ਵੀ ਕੌਮੀ ਰਾਜ ਮਾਰਗ ਬੰਦ ਨਹੀਂ ਕੀਤਾ ਗਿਆ ਸੀ, ਜਿਸ ਨਾਲ ਐਮਰਜੈਂਸੀ ਆਵਾਜਾਈ ਅਤੇ ਲੌਜਿਸਟਿਕ ਸਹਾਇਤਾ ਜਾਰੀ ਰੱਖੀ ਜਾ ਸਕਦੀ ਹੈ।
ਵਿਭਾਗ ਮੁਤਾਬਕ ਸਥਾਨਕ ਅਧਿਕਾਰੀ ਜ਼ਮੀਨ ਖਿਸਕਣ ਨਾਲ ਇਕੱਠੇ ਹੋਏ ਮਲਬੇ ਨੂੰ ਹਟਾਉਣ ਅਤੇ ਨੁਕਸਾਨੇ ਗਏ ਟ੍ਰਾਂਸਫਾਰਮਰਾਂ ਅਤੇ ਪਾਈਪਲਾਈਨਾਂ ਨੂੰ ਬਹਾਲ ਕਰਨ ਵਿੱਚ ਸਰਗਰਮੀ ਨਾਲ ਲੱਗੇ ਹੋਏ ਹਨ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਐੱਚਪੀਐੱਸਡੀਐੱਮਏ ਦੇ ਇੱਕ ਅਧਿਕਾਰੀ ਨੇ ਕਿਹਾ, "ਸਾਡੀ ਆਮ ਲੋਕਾਂ ਨੂੰ ਸਲਾਹ ਹੈ ਕਿ ਬੇਲੋੜੀ ਯਾਤਰਾਂ ਤੋਂ ਬਚਣ, ਖ਼ਾਸ ਕਰਕੇ ਪਹਾੜੀ ਅਤੇ ਕਮਜ਼ੋਰ ਖੇਤਰਾਂ ਵਿੱਚ ਅਤੇ ਅਧਿਕਾਰਿਤ ਮੌਸਮ ਅਤੇ ਆਫ਼ਤ ਚੇਤਾਵਨੀਆਂ ਤੋਂ ਜਾਣੂ ਰਹਿਣ।"
ਹਿਮਾਚਲ ਪ੍ਰਦੇਸ਼ ਦੇ ਕਾਂਗੜਾ, ਮੰਡੀ, ਸਿਰਮੌਰ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਔਰੇਂਜ਼ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਦੀ ਚੇਤਾਵਨੀ

ਤਸਵੀਰ ਸਰੋਤ, ANI
ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੀ ਵੈੱਬਸਾਈਟ ਉੱਪਰ ਦਿੱਤੀ ਜਾਣਕਾਰੀ ਮੁਤਾਬਕ 1 ਜੁਲਾਈ ਨੂੰ ਹਿਮਾਚਲ ਵਿੱਚ ਭਾਰੀ ਮੀਂਹ ਦਾ ਰੈੱਡ ਅਲਰਟ ਹੈ ਜਦੋਂ 2 ਤੋਂ 7 ਜੁਲਾਈ ਤੱਕ ਯੈਲੋ ਅਲਰਟ ਹੈ।
ਇਸੇ ਤਰ੍ਹਾਂ ਪੰਜਾਬ ਵਿੱਚ ਵੀ ਇਸ ਹਫਤੇ ਭਾਰੀ ਮੀਂਹ ਦੀ ਸੰਭਾਵਨਾ ਹੈ।
ਅੱਜ ਯਾਨੀ 1 ਜੁਲਾਈ ਲਈ ਪੰਜਾਬ ਵਿੱਚ ਭਾਰੀ ਮੀਂਹ ਦਾ ਔਰੇਂਜ ਅਲਰਟ ਹੈ, ਜਦੋਂਕਿ 2 ਤੋਂ 7 ਜੁਲਾਈ ਤੱਕ ਭਾਰੀ ਮੀਂਹ ਦਾ ਯੈਲੋ ਅਲਰਟ ਹੈ।
ਮੌਸਮ ਵਿਭਾਗ ਨੇ ਵਸਨੀਕਾਂ ਨੂੰ ਪਾਣੀ ਭਰਨ, ਆਵਾਜਾਈ ਵਿੱਚ ਵਿਘਨ ਅਤੇ ਸਥਾਨਕ ਹੜ੍ਹਾਂ ਲਈ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ।
ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ

ਤਸਵੀਰ ਸਰੋਤ, ANI
ਆਈਐੱਮਡੀ ਅਧਿਕਾਰੀਆਂ ਨੇ ਰੈੱਡ-ਅਲਰਟ ਵਾਲੇ ਖੇਤਰਾਂ ਦੇ ਵਸਨੀਕਾਂ ਨੂੰ ਭਾਰੀ ਬਾਰਿਸ਼ ਦੌਰਾਨ ਗੈਰ-ਜ਼ਰੂਰੀ ਸਫ਼ਰ ਤੋਂ ਬਚਣ ਦੀ ਅਪੀਲ ਕੀਤੀ ਹੈ।
ਵਸਨੀਕਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਗਰਜ ਅਤੇ ਬਿਜਲੀ ਡਿੱਗਣ ਦੌਰਾਨ ਘਰ ਦੇ ਅੰਦਰ ਰਹੋ, ਸਥਾਨਕ ਪ੍ਰਸ਼ਾਸਨ ਅਤੇ ਮੌਸਮ ਏਜੰਸੀਆਂ ਤੋਂ ਅਪਡੇਟਸ ਲਈ ਧਿਆਨ ਰੱਖੋ ਅਤੇ ਯਕੀਨੀ ਬਣਾਓ ਕਿ ਘਰਾਂ ਦੇ ਆਲੇ ਦੁਆਲੇ ਡਰੇਨੇਜ ਚੈਨਲ ਚਾਲੂ ਹਨ।
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਆਫ਼ਤ ਪ੍ਰਬੰਧਨ ਟੀਮਾਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੰਟਰੋਲ ਰੂਮ ਸਰਗਰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਮਾਨਸੂਨ ਪੰਜਾਬ ਅਤੇ ਹਰਿਆਣਾ ਦੇ ਖੇਤੀਬਾੜੀ ਖੇਤਰ ਵਿੱਚ ਸਾਉਣੀ ਦੀ ਬਿਜਾਈ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਹਾਲਾਂਕਿ ਜ਼ਿਆਦਾ ਬਾਰਿਸ਼ ਸਥਾਨਕ ਫਸਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਰੋਜ਼ਾਨਾ ਜੀਵਨ ਵਿੱਚ ਵਿਘਨ ਪਾ ਸਕਦੀ ਹੈ।
ਚੰਡੀਗੜ੍ਹ ਵਿੱਚ ਬਾਰਿਸ਼ ਤੋਂ ਬਾਅਦ ਕਈ ਥਾਂਈ ਸੜਕਾਂ ਵਿੱਚ ਪਾੜ ਪਏ



ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












