ਬਾਰਿਸ਼ਾਂ ਦੇ ਮੌਸਮ ਵਿੱਚ ਗੱਡੀ ਚਲਾਉਣ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ ਤਾਂਕਿ ਹਾਦਸਿਆਂ ਤੋਂ ਬਚਿਆ ਜਾ ਸਕੇ

ਤਸਵੀਰ ਸਰੋਤ, Getty Images
- ਲੇਖਕ, ਗੁਲਸ਼ਨ ਕੁਮਾਰ ਵਾਂਕਰ
- ਰੋਲ, ਬੀਬੀਸੀ ਪੱਤਰਕਾਰ
ਬਰਸਾਤ ਦੇ ਮੌਸਮ ਵਿੱਚ ਗੱਡੀ ਚਲਾਉਣਾ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਸੜਕਾਂ ʼਤੇ ਪਾਣੀ ਭਰ ਜਾਂਦਾ ਹੈ ਅਤੇ ਕਈ ਵਾਰ ਤਾਂ ਹੜ੍ਹ ਵੀ ਆ ਜਾਂਦੇ ਹਨ।
ਡਰਾਈਵਰ ਸੜਕਾਂ ਬਾਰੇ ਸਹੀ ਅੰਦਾਜ਼ਾ ਲਗਾਉਣ ਵਿੱਚ ਅਸਮਰੱਥ ਹੁੰਦੇ ਹਨ, ਕਾਰਾਂ ਪਾਣੀ ਜਾਂ ਚਿੱਕੜ 'ਚ ਫਸ ਕੇ ਕੰਟਰੋਲ ਤੋਂ ਬਾਹਰ ਹੋ ਜਾਂਦੀਆਂ ਹਨ ਤੇ ਬਰਸਾਤ ਦੌਰਾਨ ਸਾਫ਼ ਨਾ ਨਜ਼ਰ ਆਉਣ ਕਾਰਨ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ ਅਤੇ ਲੋਕਾਂ ਦੀ ਜਾਨ ਖ਼ਤਰੇ ਵਿੱਚ ਪੈ ਜਾਂਦੀ ਹੈ।
ਤਾਂ, ਮਾਨਸੂਨ ਦੌਰਾਨ ਯਾਤਰਾ ਕਰਦੇ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ?

ਤਸਵੀਰ ਸਰੋਤ, Getty Images
ਸਫ਼ਰ 'ਤੇ ਜਾਣ ਤੋਂ ਪਹਿਲਾਂ
- ਮੌਸਮ ਦੀ ਜਾਣਕਾਰੀ- ਕਿਸ ਰਸਤੇ ਜਾਣਾ ਹੈ, ਕਿੱਥੇ ਜਾਣਾ ਹੈ, ਇਹ ਪਹਿਲਾਂ ਜਾਣ ਲਵੋ। ਵੇਖ ਲਵੋ ਕਿ ਕਿਤੇ ਮੀਂਹ ਤੇਜ਼ ਤਾਂ ਨਹੀਂ ਪੈ ਰਿਹਾ, ਸੜਕਾਂ ਜਾਂ ਪੁਲ਼ ਟੁੱਟੇ ਹੋਏ ਤਾਂ ਨਹੀਂ ਹਨ, ਕਿਤੇ ਜ਼ਮੀਨ ਤਾਂ ਨਹੀਂ ਖਿਸਕੀ ਜਾਂ ਕਿਤੇ ਕੋਈ ਟਰੱਕ ਨਾ ਪਲਟਿਆ ਹੋਵੇ।
- ਵਾਹਨ ਦੀ ਚੰਗੀ ਤਰ੍ਹਾਂ ਜਾਂਚ ਕਰੋ- ਗੱਡੀ ਦੀਆਂ ਬ੍ਰੇਕਾਂ, ਕਲੱਚ, ਸ਼ੀਸ਼ੇ, ਵਾਈਪਰ, ਹਾਰਨ, ਇੰਡੀਕੇਟਰ, ਲਾਈਟਾਂ, ਟਾਇਰਾਂ ਵਿੱਚ ਹਵਾ (ਸਟੈਪ-ਇਨ ਸਮੇਤ) ਦੀ ਜਾਂਚ ਕਰੋ। ਜਾਂਚ ਕਰੋ ਕਿ ਕੀ ਏਸੀ ਅਤੇ ਡੀਫੋਗਰ (ਸ਼ੀਸ਼ੇ 'ਤੇ ਧੁੰਦ ਨੂੰ ਘਟਾਉਣ ਵਾਲਾ ਸਿਸਟਮ) ਸਹੀ ਢੰਗ ਨਾਲ ਕੰਮ ਕਰ ਰਹੇ ਹਨ।
- ਲੰਬੇ ਤੇ ਲਾਜ਼ਮੀ ਸਫ਼ਰ ʼਤੇ ਇਕੱਲੇ ਨਾ ਜਾਓ, ਕੋਈ ਨਾਲ ਹੋਵੇ ਤਾਂ ਬਿਹਤਰ ਹੈ, ਤਾਂ ਜੋ ਜ਼ਰੂਰਤ ਪੈਣ ਤੇ ਮਦਦ ਮਿਲ ਸਕੇ।
- ਟੂਲਕਿੱਟ- ਆਪਣੀ ਕਾਰ ਵਿੱਚ ਹਮੇਸ਼ਾ ਇੱਕ ਟੂਲਕਿੱਟ ਰੱਖੋ। ਆਪਣੀ ਟੂਲਕਿੱਟ ਵਿੱਚ ਸਿਰਫ਼ ਇੱਕ ਰੈਂਚ ਅਤੇ ਜੈਕ ਹੀ ਨਹੀਂ, ਸਗੋਂ ਇੱਕ ਸ਼ੀਸ਼ਾ ਤੋੜਨ ਵਾਲਾ ਹਥੌੜਾ ਅਤੇ ਸੀਟ ਬੈਲਟ ਕਟਰ ਵੀ ਰੱਖੋ। ਜੇਕਰ ਤੁਹਾਡੀ ਕਾਰ ਪਾਣੀ ਵਿੱਚ ਫਸ ਜਾਂਦੀ ਹੈ ਤਾਂ ਇਹ ਚੀਜ਼ਾਂ ਜਾਨਾਂ ਬਚਾ ਸਕਦੀਆਂ ਹਨ।
- ਸਫ਼ਰ ਦੌਰਾਨ ਆਪਣੇ ਕੋਲ ਕੁਝ ਖਾਣਾ ਤੇ ਪੀਣ ਵਾਲਾ ਪਾਣੀ ਜ਼ਰੂਰ ਰੱਖੋ। ਕਈ ਵਾਰੀ ਮੀਂਹ ਦੌਰਾਨ ਸੁੰਨਸਾਨ ਥਾਂ 'ਤੇ ਘੰਟਿਆਂ ਤੱਕ ਫਸਣਾ ਪੈ ਸਕਦਾ ਹੈ।

ਧਿਆਨ ਰੱਖਣ ਯੋਗ ਗੱਲਾਂ
- ਅੱਗੇ ਤੇ ਪਿੱਛੇ ਵਾਲੀਆਂ ਗੱਡੀਆਂ ਤੋਂ ਸਾਵਧਾਨ ਰਹੋ। ਮੀਂਹ ਦੌਰਾਨ ਬ੍ਰੇਕਾਂ ਆਮ ਦਿਨਾਂ ਵਾਂਗ ਕੰਮ ਨਹੀਂ ਕਰਦੀਆਂ। ਇਸ ਲਈ, ਦੋ ਗੱਡੀਆਂ ਵਿਚਾਲੇ ਘੱਟੋ-ਘੱਟ ਦੁਗਣੀ ਸੁਰੱਖਿਅਤ ਦੂਰੀ ਬਰਕਰਾਰ ਰੱਖੋ।
- ਸੜਕ 'ਤੇ ਪਾਣੀ ਦੀ ਗਹਿਰਾਈ ਵੇਖ ਕੇ ਆਪਣੀ ਗਤੀ ਘਟਾਓ। ਸੜਕ ਦੇ ਉੱਪਰ ਪਾਣੀ ਦੀ ਪਰਤ ਕਾਰ ਦੇ ਟਾਇਰਾਂ ਨੂੰ ਚੰਗੀ ਗ੍ਰਿਪ ਨਹੀਂ ਬਣਾਉਣ ਦਿੰਦੀ, ਜਿਸ ਕਰਕੇ ਟਾਇਰ ਫਿਸਲ ਸਕਦਾ ਹੈ। ਇਸ ਨੂੰ ਐਕੁਆਪਲੇਨਿੰਗ ਕਿਹਾ ਜਾਂਦਾ ਹੈ। ਇਹ ਖ਼ਤਰਾ ਕਿਸੇ ਵੀ ਗੱਡੀ ਨੂੰ, ਕਿਸੇ ਵੀ ਹਾਲਤ ਵਿੱਚ ਹੋ ਸਕਦਾ ਹੈ।
- ਜੇ ਸੜਕ 'ਤੇ ਪਾਣੀ ਖੜ੍ਹਾ ਹੋਵੇ ਜਾਂ ਹੜ੍ਹ ਆਇਆ ਹੋਵੇ ਤਾਂ ਉਹ ਰਸਤਾ ਨਾ ਲਵੋ। ਸਿਰਫ਼ 30 ਸੈਂਟੀਮੀਟਰ ਪਾਣੀ ਵਿੱਚ ਵੀ ਗੱਡੀ ਰੁੜ੍ਹ ਸਕਦੀ ਹੈ। ਜੇ ਕੋਈ ਵਾਹਨ ਪਾਣੀ ਵਿੱਚ ਫਸ ਗਿਆ ਹੋਵੇ ਤਾਂ ਆਪਣੀ ਜਾਨ ਬਚਾਓ, ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ।
- ਸੜਕ 'ਤੇ ਖੜ੍ਹੇ ਪਾਣੀ ਵਿੱਚ ਗੱਡੀ ਚਲਾਉਣ ਤੋਂ ਵੀ ਬਚੋ। ਇਸ ਨਾਲ ਪਾਣੀ ਸਾਈਡ ਵਾਲੇ ਦੋ ਪਹੀਆ ਜਾਂ ਹੋਰ ਵਾਹਨਾਂ 'ਤੇ ਛਿੱਲਕ ਸਕਦਾ ਹੈ, ਜਿਸ ਕਰ ਕੇ ਹਾਦਸਾ ਹੋ ਸਕਦਾ ਹੈ।
- ਸੜਕ ਦੇ ਮੋੜਾਂ ਉੱਤੇ ਵਧੇਰੇ ਸਾਵਧਾਨ ਰਹੋ। ਜਿੱਥੇ ਸੜਕ ਢਲਾਨ ਵਾਲੀ ਹੁੰਦੀ ਹੈ, ਉਥੇ ਇੱਕ ਪਾਸੇ ਪਾਣੀ ਇਕੱਠਾ ਹੋ ਸਕਦਾ ਹੈ, ਜਿਸ ਕਾਰਨ ਅੱਗਿਓਂ ਜਾਂ ਪਿੱਛਿਓਂ ਆ ਰਹੀਆਂ ਗੱਡੀਆਂ ਅਚਾਨਕ ਲੇਨ ਬਦਲ ਸਕਦੀਆਂ ਹਨ। ਇਸ ਨਾਲ ਟੱਕਰ ਜਾਂ ਗੱਡੀ ਉੱਤੇ ਕਾਬੂ ਗੁਆਉਣ ਦਾ ਖ਼ਤਰਾ ਵਧ ਜਾਂਦਾ ਹੈ।

ਤਸਵੀਰ ਸਰੋਤ, Getty Images
- ਪਹਾੜੀ ਇਲਾਕਿਆਂ ਵਿੱਚ ਜ਼ਮੀਨ ਖਿਸਕਣ (ਲੈਂਡਸਲਾਈਡ) ਤੋਂ ਸਾਵਧਾਨ ਰਹੋ। ਅਜਿਹੀਆਂ ਸੜਕਾਂ 'ਤੇ ਆਮ ਤੌਰ 'ਤੇ ਪਹਿਲਾਂ ਹੀ ਚੇਤਾਵਨੀ ਦੇ ਚਿੰਨ੍ਹ ਲੱਗੇ ਹੁੰਦੇ ਹਨ। ਉੱਥੇ ਆਪਣੀ ਗਤੀ ਘਟਾਓ ਅਤੇ ਹੌਲੀ-ਹੌਲੀ ਅੱਗੇ ਵਧੋ।
- ਜੇ ਸੜਕ ʼਤੇ ਲਾਈਟ ਨਾ ਹੋਵੇ ਜਾਂ ਟੁੱਟੀ ਹੋਵੇ, ਤਾਂ ਮੀਂਹ ਵਿੱਚ ਉੱਥੇ ਜਾਣ ਤੋਂ ਪਰਹੇਜ਼ ਕਰੋ।
- ਜੇਕਰ ਭਾਰੀ ਮੀਂਹ ਜਾਂ ਧੁੰਦ ਹੈ ਅਤੇ ਸੜਕ ਚੰਗੀ ਹੈ ਤਾਂ ਐਮਰਜੈਂਸੀ ਲਾਈਟਾਂ ਜਗਾ ਕੇ ਗੱਡੀ ਚਲਾਓ। ਓਵਰਟੇਕ ਕਰਨ ਵੇਲੇ ਪਿਛਲੀਆਂ ਅਤੇ ਅਗਲੀਆਂ ਕਾਰਾਂ ਨੂੰ ਸੁਚੇਤ ਕਰਨ ਲਈ ਹਾਰਨ ਵਜਾਓ।
- ਡੀਫੌਗਰ ਦੀ ਸਹੀ ਵਰਤੋਂ ਕਰੋ। ਕਾਰ ਦੇ ਸ਼ੀਸ਼ੇ 'ਤੇ ਧੁੰਦ ਜਮ੍ਹਾ ਹੋ ਜਾਂਦੀ ਹੈ, ਇਸ ਨੂੰ ਕੱਪੜੇ ਨਾਲ ਨਾ ਪੂੰਝੋ। ਇਸ ਨਾਲ ਗੱਡੀ ਚਲਾਉਂਦੇ ਸਮੇਂ ਧਿਆਨ ਭਟਕ ਸਕਦਾ ਹੈ। ਇਸਦੀ ਬਜਾਏ ਡੀਫੌਗਰ ਦੀ ਵਰਤੋਂ ਕਰੋ।
- ਜੇਕਰ ਗੱਡੀ ਚਲਾਉਣਾ ਔਖਾ ਹੈ ਤਾਂ ਆਪਣੀ ਕਾਰ ਨੂੰ ਸੜਕ ਦੇ ਕਿਨਾਰੇ ਕਿਸੇ ਸੁਰੱਖਿਅਤ ਜਗ੍ਹਾ 'ਤੇ ਰੋਕੋ। ਯਕੀਨੀ ਬਣਾਓ ਕਿ ਤੁਹਾਡੀ ਕਾਰ ਦੂਜਿਆਂ ਨੂੰ ਦਿਖਾਈ ਦੇਵੇ। ਆਪਣੀਆਂ ਐਮਰਜੈਂਸੀ ਪਾਰਕਿੰਗ ਲਾਈਟਾਂ ਚਾਲੂ ਰੱਖੋ।
- ਸੜਕ ਦੇ ਚਿੰਨ੍ਹਾਂ ਅਤੇ ਗਤੀ ਸੀਮਾਵਾਂ ਦੀ ਪਾਲਣਾ ਕਰੋ। ਜੇਕਰ ਪਿੰਡ, ਜ਼ੈਬਰਾ ਕਰਾਸਿੰਗ ਜਾਂ ਹੋਰ ਟ੍ਰੈਫਿਕ ਚਿੰਨ੍ਹ ਹਨ ਤਾਂ ਗੱਡੀ ਹੌਲੀ ਚਲਾਓ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ








