ਕੈਨੇਡਾ 'ਚ ਸ਼ਰਨ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ ਘੱਟਣ ਦੇ ਕੀ ਹਨ ਕਾਰਨ, ਕੀ ਸ਼ਰਨ ਸਬੰਧੀ ਨਵੇਂ ਪ੍ਰਸਤਾਵਿਤ ਕਾਨੂੰਨ ਕਰਕੇ ਸਖ਼ਤੀ ਹੋਰ ਵਧੇਗੀ

ਤਸਵੀਰ ਸਰੋਤ, Getty Images
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਕੈਨੇਡਾ ਲਗਾਤਾਰ ਆਪਣੀਆਂ ਪਰਵਾਸ ਨੀਤੀਆਂ ਵਿੱਚ ਬਦਲਾਅ ਕਰ ਰਿਹਾ ਹੈ। ਵਿਦਿਆਰਥੀ ਵੀਜ਼ਾ, ਵਰਕ ਪਰਮਿਟ ਅਤੇ ਨਾਗਰਿਕਤਾ ਨਿਯਮਾਂ ਵਿੱਚ ਬਦਲਾਅ ਕਰਨ ਤੋਂ ਬਾਅਦ ਕੈਨੇਡਾ ਵਿੱਚ ਆਉਣ ਵਾਲੇ ਸਮੇਂ 'ਚ ਸ਼ਰਨ ਮੰਗਣ ਵਾਲਿਆਂ ਲਈ ਨਿਯਮ ਸਖ਼ਤ ਹੋ ਜਾਣਗੇ। ਪਰ ਅੰਕੜਿਆਂ ਅਤੇ ਮਾਹਰਾਂ ਮੁਤਾਬਕ ਸਖ਼ਤੀ ਦਾ ਅਸਰ ਵੀ ਦਿਖਣਾ ਸ਼ੁਰੂ ਹੋ ਵੀ ਗਿਆ ਹੈ।
ਸਾਲ 2024 ਦੇ ਮੁਕਾਬਲੇ ਭਾਰਤੀਆਂ ਦੇ ਸ਼ਰਨ (ਅਸਾਈਲਮ) ਅਪਲਾਈ ਕਰਨ ਦੇ ਕੇਸਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਉਂਝ ਅਜੇ ਵੀ ਇਸ ਮਾਮਲੇ ਵਿੱਚ ਭਾਰਤੀ ਦੂਜੇ ਦੇਸ਼ਾਂ ਦੇ ਮੁਕਾਬਲੇ ਮੋਹਰੀ ਹਨ।
ਯਾਦ ਰਹੇ ਕਿ ਸ਼ਰਨਾਰਥੀ ਸਬੰਧੀ ਸਖ਼ਤ ਨਿਯਮਾਂ ਵਾਲਾ ਇੱਕ ਬਿੱਲ C-12 ਕੈਨੇਡਾ ਦੀ ਸੰਸਦ ਵਿੱਚ ਵਿਚਾਰ ਅਧੀਨ ਹੈ ਅਤੇ ਇਸ ਦੇ ਲਈ ਵੱਖ ਵੱਖ ਵਰਗਾ ਦੀ ਰਾਏ ਲਈ ਜਾ ਰਹੀ ਹੈ।
ਸ਼ਰਨ ਲੈਣਾ ਹੁਣ ਕੈਨੇਡਾ 'ਚ ਕਿਉਂ ਹੋਵੇਗਾ ਔਖਾ

ਤਸਵੀਰ ਸਰੋਤ, Getty Images
ਕੈਨੇਡਾ ਦੇ ਇਮੀਗ੍ਰੇਸ਼ਨ ਕਾਨੂੰਨ ਨੂੰ ਜਾਣਨ ਵਾਲੇ ਮੰਨਦੇ ਹਨ ਕਿ ਜੇਕਰ ਪ੍ਰਸਤਾਵਿਤ ਬਿੱਲ ਪਾਸ ਹੋ ਗਿਆ ਤਾਂ ਸ਼ਰਨ ਲੈਣੀ ਪਹਿਲਾਂ ਦੇ ਮੁਕਾਬਲੇ ਬਹੁਤ ਔਖੀ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਬਿੱਲ ਕਾਨੂੰਨ ਬਣਨ ਤੋਂ ਬਾਅਦ ਅਸਲ ਸ਼ਰਨਾਰਥੀਆਂ ਦੇ ਰਾਹ ਵਿੱਚ ਵੱਡੀ ਰੁਕਾਵਟ ਬਣ ਸਕਦਾ ਹੈ।
ਹਾਲਾਂਕਿ ਅਜੇ ਬਿੱਲ ਨੇ ਕਾਨੂੰਨ ਦਾ ਰੂਪ ਅਖ਼ਤਿਆਰ ਨਹੀਂ ਕੀਤਾ ਹੈ।
ਕੈਨੇਡਾ ਇਮੀਗ੍ਰੇਸ਼ਨ ਮਾਹਰ ਕੰਵਰ ਸਰੀਹਾ ਆਖਦੇ ਹਨ, ''ਪਹਿਲਾਂ ਇੱਥੋਂ ਬਹੁਤ ਘੱਟ ਲੋਕਾਂ ਨੂੰ ਹਵਾਈ ਅੱਡੇ ਤੋਂ ਵਾਪਸ ਭੇਜਿਆ ਜਾਂਦਾ ਸੀ, ਆਮ ਤੌਰ ਉੱਤੇ ਲੋਕ ਹਵਾਈ ਅੱਡੇ ਉੱਤੇ ਹੀ ਸ਼ਰਨ ਲਈ ਕੇਸ ਅਪਲਾਈ ਕਰ ਦਿੰਦੇ ਸਨ, ਪਰ ਹੁਣ ਲੋਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ।''
ਉਨ੍ਹਾਂ ਨੇ ਕੈਨੇਡੀਅਨ ਮੀਡੀਆ ਦਾ ਹਵਾਲਾ ਦਿੰਦਿਆਂ ਆਖਿਆ, ''ਅਜਿਹੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਭਾਰਤ ਅਤੇ ਬੰਗਲਾਦੇਸ਼ ਦੇ ਨਾਗਰਿਕਾਂ ਦੇ ਸੈਲਾਨੀ (ਟੂਰਿਸਟ) ਵੀਜ਼ਾ ਵਿੱਚ ਕਟੌਤੀ ਕੀਤੀ ਗਈ ਹੈ।
ਕੈਨੇਡਾ ਸਰਕਾਰ ਦੀ ਵੈਬਸਾਈਟ ਉੱਤੇ ਉਪਲਭਧ ਜਾਣਕਾਰੀ ਮੁਤਾਬਕ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਬਾਰਡਰਜ਼ ਐਕਟ, ਬਿੱਲ ਸੀ 12 ਦਾ ਮਕਸਦ ਅਪਰਾਧਿਕ ਸਮੂਹਾਂ ਤੋਂ ਦੇਸ਼ ਨੂੰ ਬਚਾਉਣਾ, ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਬਿਹਤਰ ਕਰਨ ਲਈ ਪੇਸ਼ ਕੀਤਾ ਗਿਆ ਹੈ।
ਪ੍ਰਸਤਾਵਿਤ ਬਿੱਲ ਵਿੱਚ ਕਿਹਾ ਗਿਆ ਹੈ ਕਿ ਕੋਈ ਵਿਅਕਤੀ ਅਮਰੀਕਾ ਤੋਂ ਕੈਨੇਡਾ ਵਿੱਚ ਐਂਟਰੀ ਕਰਦਾ ਹੈ ਤਾਂ ਉਸ ਕੋਲ 14 ਦਿਨਾਂ ਵਿੱਚ ਕੇਸ ਅਪਲਾਈ ਕਰਨ ਦਾ ਸਮਾਂ ਹੋਵੇਗਾ ਤੇ ਕੇਸ ਦੀ ਸੁਣਵਾਈ ਵੀ ਤੇਜ਼ ਕਰਨ ਦੀ ਵਿਵਸਥਾ ਇਸ ਬਿੱਲ ਵਿੱਚ ਕੀਤੀ ਗਈ ਹੈ।
ਪ੍ਰਸਤਾਵਿਤ ਬਿੱਲ ਦੇ ਅਨੁਸਾਰ ਦਾਅਵੇਦਾਰ ਦੇ ਕੈਨੇਡਾ ਪਹੁੰਚਣ ਤੋਂ ਇੱਕ ਸਾਲ ਤੋਂ ਵੱਧ ਸਮੇਂ ਬਾਅਦ, 24 ਜੂਨ, 2020 ਤੋਂ ਬਾਅਦ, ਕੀਤੇ ਗਏ ਸ਼ਰਣ ਦੇ ਦਾਅਵਿਆਂ ਨੂੰ IRB ਕੋਲ ਨਹੀਂ ਭੇਜਿਆ ਜਾਵੇਗਾ।
ਇਸ ਤੋਂ ਪਹਿਲਾਂ ਜੇਕਰ ਕੋਈ ਵਿਅਕਤੀ ਸ਼ਰਨ ਅਪਲਾਈ ਕਰ ਦਿੰਦਾ ਸੀ ਤਾਂ ਉਸ ਦਾ ਕੇਸ ਖੁੱਲਣ ਲਈ ਆਮ ਤੌਰ ਤੇ 48 ਮਹੀਨਿਆਂ ਦਾ ਵਕਤ ਲੱਗ ਜਾਂਦਾ ਸੀ ਅਤੇ ਉਦੋਂ ਤੱਕ ਉਹ ਵਿਅਕਤੀ ਵਰਕ ਪਰਮਿਟ ਉੱਤੇ ਇੱਥੇ ਕੰਮ ਕਰ ਸਕਦਾ ਸੀ।
ਇਸ ਤੋਂ ਇਲਾਵਾ ਸੋਸ਼ਲ ਸਕਿਉਰਿਟੀ ਦਾ ਅਧਿਕਾਰ ਵੀ ਸ਼ਰਨ ਅਪਲਾਈ ਕਰਨ ਵਾਲੇ ਵਿਅਕਤੀ ਨੂੰ ਮਿਲਦਾ ਹੈ। ਇਸ ਕਰਕੇ ਬਹੁਤ ਸਾਰੇ ਲੋਕਾਂ ਨੇ ਇਸ ਕੈਟਾਗਰੀ ਤਹਿਤ ਅਪਲਾਈ ਕੀਤਾ।
ਸ਼ਰਨਾਰਥੀਆਂ ਸਬੰਧੀ ਪ੍ਰਸਤਾਵਿਤ ਬਿੱਲ ਬਾਰੇ ਜਾਣਕਾਰੀ ਦਿੰਦਿਆਂ ਕੰਵਰ ਸਰੀਹਾ ਆਖਦੇ ਹਨ, "ਜੇਕਰ ਕੋਈ ਵਿਅਕਤੀ ਕੈਨੇਡਾ ਵਿੱਚ ਇੱਕ ਸਾਲ ਤੋਂ ਰਹਿ ਰਿਹਾ ਹੈ ਤਾਂ ਨਵੇਂ ਕਾਨੂੰਨ ਤਹਿਤ ਉਹ ਸ਼ਰਨ ਲਈ ਅਪਲਾਈ ਨਹੀਂ ਕਰ ਪਾਏਗਾ।''
''ਇਸ ਤੋਂ ਇਲਾਵਾ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਅਧਿਕਾਰ ਮਿਲ ਜਾਣਗੇ।''
ਸ਼ਰਨਾਰਥੀ ਵੀਜ਼ਾ ਬਾਰੇ ਕੀ ਕਹਿੰਦੇ ਹਨ ਕੈਨੇਡਾ ਦੇ ਅੰਕੜੇ

ਤਸਵੀਰ ਸਰੋਤ, Getty Images
ਕੈਨੇਡਾ ਵਿੱਚ ਸ਼ਰਨਾਰਥੀ ਦਾਅਵੇ ਕਰਨ ਵਾਲੇ ਦੇਸ਼ਾਂ ਦੇ ਸਮੂਹਾਂ ਵਿੱਚ ਅਜੇ ਭਾਰਤੀਆਂ ਦੀ ਗਿਣਤੀ ਜ਼ਿਆਦਾ ਹੈ।
ਜਾਣਕਾਰਾਂ ਮੁਤਾਬਕ ਜੇਕਰ ਭਾਰਤੀਆਂ ਦੇ ਸ਼ਰਨ ਦੇ ਕੇਸ ਅਪਲਾਈ ਕਰਨ ਦੀ ਦਰ ਜ਼ਿਆਦਾ ਹੈ ਤਾਂ ਅਰਜ਼ੀਆਂ ਰੱਦ ਹੋਣ ਦੀ ਦਰ ਵੀ ਜ਼ਿਆਦਾ ਹੈ, ਇਸ ਕਰਕੇ ਕੇਸ ਰੱਦ ਕੀਤੇ ਗਏ ਲੋਕਾਂ ਨੂੰ ਕੈਨੇਡਾ ਨੇ ਡਿਪੋਰਟ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।
ਕੈਨੇਡਾ ਸਰਕਾਰ ਦੇ ਸਟੇਟਿਕਸ ਵਿਭਾਗ ਦੇ ਜਨਵਰੀ ਤੋਂ ਸਤੰਬਰ 2025 ਦੇ ਡਾਟਾ ਨੂੰ ਦੇਖਿਆ ਜਾਵੇ ਤਾਂ ਸ਼ਰਨਾਰਥੀ ਦੇ ਤੌਰ ਉੱਤੇ ਅਪਲਾਈ ਕਰਨ ਵਾਲਿਆਂ ਵਿੱਚ ਸਭ ਤੋਂ ਵੱਧ ਅਰਜ਼ੀਆਂ ਭਾਰਤੀ ਨਾਗਰਿਕਾਂ ਨੇ ਦਿੱਤੀਆਂ, ਇਸ ਤੋਂ ਬਾਅਦ ਨੰਬਰ ਹੈਤੀ ਦੇਸ਼ ਦਾ ਆਉਂਦਾ ਹੈ।
ਜਨਵਰੀ ਤੋਂ ਸਤੰਬਰ 2025 ਦੇ ਸਮੇਂ ਦੌਰਾਨ ਕੁਲ 13 ਹਜ਼ਾਰ 912 ਭਾਰਤੀਆਂ ਨੇ ਸ਼ਰਨ ਦੇ ਲਈ ਅਪਲਾਈ ਕੀਤਾ। ਜਿਸ ਵਿੱਚੋਂ 1568 ਅਰਜ਼ੀਆਂ ਸਵੀਕਾਰ ਹੋਈਆਂ ਅਤੇ 1600 ਅਰਜ਼ੀਆਂ ਰੱਦ ਹੋਈਆਂ ਸਨ।
ਇਸ ਤੋਂ ਇਲਾਵਾ 3319 ਵਿਅਕਤੀਆਂ ਨੇ ਅਰਜ਼ੀਆਂ ਨੂੰ ਅੱਧ ਵਿਚਾਲੇ ਛੱਡ ਦਿੱਤਾ ਅਤੇ 710 ਲੋਕਾਂ ਨੇ ਆਪਣੀਆਂ ਅਰਜ਼ੀਆਂ ਵਾਪਸ ਲੈ ਲਈਆਂ। ਇਸ ਸਮੇਂ ਦੌਰਾਨ ਵੀ ਵਿਭਾਗ ਕੋਲ 43 ਹਜ਼ਾਰ 380 ਅਰਜ਼ੀਆਂ ਵਿਚਾਰ ਅਧੀਨ ਹਨ।
ਇਸ ਸਾਲ ਕੁਲ 83 ਹਜ਼ਾਰ 311 ਐਪਲੀਕੇਸ਼ਨ ਵੱਖ ਵੱਖ ਦੇਸ਼ਾਂ ਦੇ ਨਾਗਰਿਕਾਂ ਵੱਲੋਂ ਦਾਖਲ ਕੀਤੀਆਂ ਹਨ ਇਸ ਵਿੱਚੋਂ 37 ਹਜ਼ਾਰ 323 ਐਪਲੀਕੇਸ਼ਨ ਮਨਜ਼ੂਰ ਵੀ ਹੋਈਆਂ ਪਰ ਹੈਰਾਨੀਜਨਕ ਅੰਕੜਾ ਪੈਡਿੰਗ ਕੇਸਾਂ ਦਾ ਹੋ ਜੋ ਕਿ 2 ਲੱਖ 819 ਹੈ।
ਜਦੋਂਕਿ 2024 ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਉਸ ਸਮੇਂ ਦੌਰਾਨ 32 ਹਜ਼ਾਰ 563 ਭਾਰਤੀਆਂ ਨੇ ਕੇਸ ਅਪਲਾਈ ਕੀਤਾ ਸੀ।
ਇਮੀਗ੍ਰੇਸ਼ਨ ਕਾਨੂੰਨ ਦੇ ਜਾਣਕਾਰ ਮੰਨਦੇ ਹਨ ਕਿ ਕੈਨੇਡਾ ਵਿੱਚ ਇਸ ਸਮੇਂ ਸ਼ਰਨਾਰਥੀਆਂ ਦੀਆਂ ਕਰੀਬ ਪੰਜ ਲੱਖ ਅਰਜ਼ੀਆਂ ਵਿਚਾਰ ਅਧੀਨ ਹਨ।
ਭਾਰਤ ਤੋਂ ਬਾਅਦ ਹੈਤੀ ਦੇਸ਼ ਦਾ ਨੰਬਰ ਹੈ, ਜਿਸ ਦੇ 11 ਹਜ਼ਾਰ 820 ਨਾਗਰਿਕਾਂ ਨੇ ਇਸ ਸਾਲ ਕੈਨੇਡਾ ਵਿੱਚ ਸ਼ਰਨ ਲੈਣ ਲਈ ਅਪਲਾਈ ਕੀਤਾ ਅਤੇ ਇਸ ਵਿਚੋਂ 2 ਹਜ਼ਾਰ 541 ਅਰਜ਼ੀਆਂ ਮਨਜ਼ੂਰ ਵੀ ਹੋਈਆਂ। ਇਸ ਦੇਸ਼ ਦੇ 29 ਹਜ਼ਾਰ 565 ਨਾਗਰਿਕਾਂ ਦੀਆਂ ਅਰਜ਼ੀਆਂ ਅਜੇ ਵੀ ਪੈਡਿੰਗ ਹਨ।
ਸ਼ਰਨ ਮੰਗਣ 'ਚ ਭਾਰਤੀ ਮੋਹਰੀ ਕਿਉਂ ?

ਤਸਵੀਰ ਸਰੋਤ, Getty Images
ਹਾਲਾਂਕਿ ਕੈਨੇਡਾ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਸ਼ਰਨ ਮੰਗਣ ਵਾਲੇ ਭਾਰਤੀਆਂ ਦਾ ਪਿਛੋਕੜ ਕੀ ਹੈ। ਪਰ ਇਮੀਗ੍ਰੇਸ਼ਨ ਮਾਮਲਿਆਂ ਦੇ ਜਾਣਕਾਰੀ ਦੱਸਦੇ ਹਨ ਸ਼ਰਨ ਦੇ ਕੇਸ ਅਪਲਾਈ ਕਰਨ ਵਾਲਿਆਂ ਵਿੱਚ ਜ਼ਿਆਦਾਤਰ ਗਿਣਤੀ ਸੈਲਾਨੀ ਵੀਜ਼ਾ ਉੱਤੇ ਆਏ ਲੋਕਾਂ ਅਤੇ ਕੁਝ ਕੌਮਾਂਤਰੀ ਵਿਦਿਆਰਥੀਆਂ ਦੀ ਹੈ।
ਕੈਨੇਡਾ ਸੰਘੀ (ਫੈਡਰਲ) ਦੇ ਅੰਕੜੇ ਦਰਸਾਉਂਦੇ ਹਨ ਕਿ 2024 ਵਿੱਚ ਕੌਮਾਂਤਰੀ ਵਿਦਿਆਰਥੀਆਂ ਨੇ ਰਿਕਾਰਡ 20,245 ਸ਼ਰਨ ਦੇ ਦਾਅਵੇ ਦਾਇਰ ਕੀਤੇ, ਜੋ ਕਿ 2023 ਦੇ ਅੰਕੜੇ ਤੋਂ ਤਕਰੀਬਨ ਦੁੱਗਣੇ ਅਤੇ 2019 ਦੇ ਮੁਕਾਬਲੇ ਛੇ ਗੁਣਾ ਵੱਧ ਸਨ।
ਕੈਨੇਡਾ ਦੇ ਬਰੈਂਪਟਨ ਸ਼ਹਿਰ ਸਥਿਤ ਇਮੀਗ੍ਰੇਸ਼ਨ ਮਾਹਰ ਕੰਵਰ ਸਰੀਹਾ ਆਖਦੇ ਹਨ, "ਕੈਨੇਡਾ ਆਉਣ ਵਾਲੇ ਲੋਕਾਂ ਵਿੱਚ ਭਾਰਤੀਆਂ ਦੀ ਗਿਣਤੀ ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ, ਇਸ ਕਰਕੇ ਸ਼ਰਨ ਦੇ ਕੇਸ ਅਪਲਾਈ ਕਰਨ ਵਾਲੇ ਲੋਕਾਂ ਵਿੱਚ ਭਾਰਤੀਆਂ ਦਾ ਨੰਬਰ ਜ਼ਿਆਦਾ ਹੈ"।
ਉਨ੍ਹਾਂ ਮੁਤਾਬਕ ਹੁਣ ਜੋ ਅੰਕੜੇ ਸਾਹਮਣੇ ਆਏ ਹਨ, ਉਸ ਵਿੱਚ 70 ਫ਼ੀਸਦੀ ਗਿਣਤੀ ਸੈਲਾਨੀ ਵੀਜ਼ਾ ਉੱਤੇ ਆਏ ਲੋਕਾਂ ਦੀ ਹੈ ਅਤੇ ਇਸ ਵਿੱਚ ਇੱਕ ਵਰਗ ਉਨ੍ਹਾਂ ਲੋਕਾਂ ਦਾ ਵੀ ਹੈ, ਜਿੰਨਾ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨਾਲ ਜਾਲਸਾਜ਼ੀ ਕਰਕੇ ਸਿਰਫ਼ ਇੱਥੇ ਰਹਿਣ ਦੇ ਲਈ ਸ਼ਰਨ ਦੇ ਕੇਸ ਅਪਲਾਈ ਕੀਤੇ ਸਨ ਅਤੇ ਇਸ ਵਿੱਚ ਸਭ ਤੋਂ ਵੱਡਾ ਰੋਲ ਏਜੰਟਾਂ ਨੇ ਨਿਭਾਇਆ ਹੈ।

ਉਨ੍ਹਾਂ ਆਖਿਆ ਕਿ ਸਾਲ 2023 -24 ਵਿੱਚ ਕੈਨੇਡਾ ਨੇ ਭਾਰਤੀਆਂ ਨੂੰ ਰਿਕਾਰਡ ਤੋੜ ਸੈਲਾਨੀ ਵੀਜ਼ਾ ਜਾਰੀ ਕੀਤੇ ਜਿਸ ਕਾਰਨ ਸ਼ਰਨ ਮੰਗਣ ਦੇ ਮਾਮਲਿਆਂ ਵਿੱਚ ਇਜ਼ਾਫਾ ਹੋਇਆ।
ਖ਼ਾਸ ਗੱਲ ਇਹ ਹੈ ਕਿ ਜ਼ਿਆਦਾਤਰ ਸ਼ਰਨ ਦੇ ਕੇਸ ਓਨਟਾਰੀਓ ਅਤੇ ਕਿਊਬਕ ਸੂਬਿਆਂ ਵਿੱਚ ਅਪਲਾਈ ਹੋਏ ਸਨ।
ਉਨ੍ਹਾਂ ਦੱਸਿਆ ਕਿ ਜੇਕਰ ਕੈਨੇਡਾ ਸਰਕਾਰ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ 2022 ਵਿੱਚ ਸਿਰਫ਼ 3,237 ਭਾਰਤੀਆਂ ਨੇ ਸ਼ਰਨ ਦੇ ਕੇਸ ਅਪਲਾਈ ਕੀਤੇ ਸਨ ਅਤੇ 2023 ਵਿੱਚ ਇਹ ਅੰਕੜਾ 9,060 ਸੀ, ਪਰ ਹੈਰਾਨੀਜਨਕ ਉਛਾਲ ਸਾਲ 2024 ਵਿੱਚ ਆਉਂਦਾ ਹੈ, ਜਦੋਂ ਇਹ ਅੰਕੜਾ ਤਿੰਨ ਗੁਣਾ ਵੱਧ ਕੇ 32,563 ਪਹੁੰਚ ਗਿਆ ਸੀ।
ਉਨ੍ਹਾਂ ਦੱਸਿਆ ਕਿ 2025 ਵਿੱਚ ਬੇਸ਼ੱਕ ਸ਼ਰਨ ਮੰਗਣ ਵਾਲੇ ਭਾਰਤੀ ਮੋਹਰੀ ਹਨ, ਪਰ ਆਉਣ ਵਾਲੇ ਦਿਨਾਂ ਵਿੱਚ ਇਹ ਇਹ ਅੰਕੜਾ ਘੱਟ ਹੋਵੇਗਾ, ਇਸ ਦਾ ਕਾਰਨ ਸੈਲਾਨੀ ਵੀਜ਼ਾ ਵਿੱਚ ਕਟੌਤੀ ਅਤੇ ਸਖ਼ਤ ਇਮੀਗ੍ਰੇਸ਼ਨ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












