ਹਰਿਆਣਾ: ਨਰਮਾ ਛੱਡ 50 ਕਿੱਲਿਆਂ ਵਿੱਚ ਬੀਜੀ ਅਰੰਡੀ, ਜਾਣੋ ਬਾਜ਼ਾਰ ਵਿੱਚ ਇਸ ਦੀ ਕਿੰਨੀ ਮੰਗ ਹੈ

ਗੁਰਪ੍ਰੀਤ ਸਿੰਘ
ਤਸਵੀਰ ਕੈਪਸ਼ਨ, 50 ਵਿੱਚੋਂ 10 ਕਿੱਲੇ ਗੁਰਪ੍ਰੀਤ ਦੇ ਆਪਣੇ ਹਨ ਜਦਕਿ 40 ਕਿੱਲੇ ਜ਼ਮੀਨ ਉਨ੍ਹਾਂ ਨੇ ਠੇਕੇ ਉੱਤੇ ਲਈ ਹੈ
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਕਾਰ
    • ਲੇਖਕ, ਪ੍ਰਭੂ ਦਿਆਲ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਸਿਰਸਾ ਜ਼ਿਲ੍ਹੇ ਦੇ ਕੁਝ ਕਿਸਾਨਾਂ ਨੇ ਹੁਣ ਨਰਮੇ ਦੀ ਫ਼ਸਲ ਉਗਾਉਣੀ ਬੰਦ ਕਰ ਦਿੱਤੀ ਹੈ। ਨਰਮਾ ਨਾ ਬੀਜਣ ਦਾ ਕਾਰਨ ਗੁਲਾਬੀ ਸੁੰਡੀ ਦਾ ਹਮਲਾ ਹੈ।

ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਹੁੰਦੇ ਨੁਕਸਾਨ ਤੋਂ ਉਭਰਨਾ ਬਹੁਤ ਮੁਸ਼ਕਲ ਹੋ ਗਿਆ ਸੀ।

ਇਸ ਲਈ ਹੁਣ ਉਨ੍ਹਾਂ ਨੇ ਨਰਮੇ ਦਾ ਬਦਲ ਲੱਭਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਨਰਮੇ ਦਾ ਬਦਲ ਹੈ ਅਰੰਡੀ ਦੀ ਖੇਤੀ। ਅਰੰਡੀ ਇੱਕ ਬੀਜ ਉਤਪਾਦਨ ਫ਼ਸਲ ਹੈ ਜਿਸ ਨੂੰ ਕੈਸਟਰ ਫਾਰਮਿੰਗ ਕਿਹਾ ਜਾਂਦਾ ਹੈ।

ਹਰਿਆਣਾ ਵਿੱਚ ਜ਼ਿਲ੍ਹਾ ਸਿਰਸਾ ਦੇ ਪਿੰਡ ਜਲਾਲਆਣਾ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਨਰਮੇ ਦੀ ਫ਼ਸਲ ਤੋਂ ਹੋਏ ਨੁਕਸਾਨ ਹੋਣ ਤੋਂ ਬਾਅਦ ਇਸ ਸਾਲ ਉਨ੍ਹਾਂ ਨੇ ਲਗਭਗ 50 ਕਿੱਲਿਆਂ ਵਿੱਚ ਅਰੰਡੀ ਦੀ ਫ਼ਸਲ ਬੀਜ ਦਿੱਤੀ ਹੈ।

50 ਵਿੱਚੋਂ 10 ਕਿੱਲੇ ਉਨ੍ਹਾਂ ਦੇ ਆਪਣੇ ਹਨ ਜਦਕਿ 40 ਕਿੱਲੇ ਜ਼ਮੀਨ ਉਨ੍ਹਾਂ ਨੇ ਠੇਕੇ ਉੱਤੇ ਲਈ ਹੈ।

ਵੀਡੀਓ ਕੈਪਸ਼ਨ, ਅਰੰਡੀ ਦੀ ਖੇਤੀ ਕੀ ਕਿਸਾਨਾਂ ਦੀ ਕਿਸਮਤ ਬਦਲ ਸਕਦੀ ਹੈ

ਕਿਸਾਨ ਗੁਰਪ੍ਰੀਤ ਸਿੰਘ ਕਹਿੰਦੇ ਹਨ, "ਨਰਮੇ ਦੀ ਫ਼ਸਲ ਕਿਸਾਨਾਂ ਲਈ ਹੁਣ ਮੁਨਾਫ਼ੇ ਦੀ ਫ਼ਸਲ ਨਹੀਂ ਰਹੀ। ਗੁਲਾਬੀ ਸੁੰਡੀ ਦੇ ਹਮਲੇ ਕਾਰਨ ਪਿਛਲੇ ਸਾਲ ਮੈਂ ਲੱਖਾਂ ਰੁਪਏ ਦੀ ਕੀਟਨਾਸ਼ਕ ਸਪਰੇਅ ਨਰਮੇ ਉੱਤੇ ਕਰ ਦਿੱਤੀ ਸੀ, ਉੱਤੋਂ ਝਾੜ ਵੀ ਘੱਟ ਹੀ ਨਿਕਲਿਆ।"

"ਇਸ ਕਰਕੇ ਮੈਂ ਯੂਟਿਊਬ ਉੱਤੇ ਅਰੰਡੀ ਦੀ ਫ਼ਸਲ ਲਗਾਉਣ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਪੂਰੇ 50 ਕਿੱਲਿਆਂ ਵਿੱਚ ਅਰੰਡੀ ਦੇ ਬੂਟੇ ਲਾ ਦਿੱਤੇ।"

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਐਡੀਸ਼ਨਲ ਡਾਇਰੈਕਟਰ ਕਮਿਊਨੀਕੇਸ਼ਨ ਡਾ. ਤੇਜਿੰਦਰ ਸਿੰਘ ਰਿਆੜ ਕਹਿੰਦੇ ਹਨ ਕਿ ਮੂਲ ਰੂਪ ਵਿੱਚ ਅਰੰਡੀ ਦੀ ਫ਼ਸਲ ਉਨ੍ਹਾਂ ਇਲਾਕਿਆਂ ਵਿੱਚ ਹੁੰਦੀ ਹੈ ਜਿੱਥੇ ਜ਼ਮੀਨੀ ਪਾਣੀ ਘੱਟ ਹੋਵੇ ਜਾਂ ਸੋਕੇ ਵਰਗੇ ਹਾਲਾਤ ਹੋਣ। ਸੁੱਕੇ ਅਤੇ ਗਰਮ ਖੇਤਰਾਂ ਵਿੱਚ ਅਰੰਡੀ ਚੰਗੀ ਤਰ੍ਹਾਂ ਉੱਗਦੀ ਹੈ।

ਅਰੰਡੀ

ਹਰਿਆਣਾ ਵਿੱਚ ਵੱਧ ਰਹੀ ਅਰੰਡੀ ਦੀ ਕਾਸ਼ਤ

ਸਿਰਸਾ ਜ਼ਿਲ੍ਹਾ ਦੇ ਨਾਥੂਸਰੀ ਚੌਪਟਾ ਅਤੇ ਕਾਲਾਂਵਾਲੀ ਦੇ ਏਰੀਏ ਵਿੱਚ ਕਿਸੇ ਸਮੇਂ ਅਰੰਡੀ ਦੀ ਫ਼ਸਲ ਕਾਫੀ ਕਿਸਾਨਾਂ ਵੱਲੋਂ ਬੀਜੀ ਜਾਂਦੀ ਸੀ ਪਰ ਇਹ ਫ਼ਸਲ ਨਰਮੇ ਕਪਾਹ ਦੇ ਬਦਲ ਨਹੀਂ ਬਣ ਸਕੀ।

ਜ਼ਿਲ੍ਹਾ ਖੇਤੀਬਾੜੀ ਦੇ ਡਿਪਟੀ ਡਾਇਰੈਕਟਰ ਡਾ. ਸੁਖਦੇਵ ਸਿੰਘ ਕੰਬੋਜ ਦਾ ਕਹਿਣਾ ਹੈ ਕਿ ਇਹ ਫ਼ਸਲ ਰਫ-ਟੱਫ਼ ਹੈ ਤੇ ਇਸ ਨੂੰ ਕੋਈ ਜ਼ਿਆਦਾ ਬਿਮਾਰੀਆਂ ਵੀ ਨਹੀਂ ਲੱਗਦੀਆਂ।

ਕਿਸਾਨ ਇਸ ਫ਼ਸਲ ਨੂੰ ਨਰਮੇ ਕਪਾਹ ਦੀ ਫ਼ਸਲ ਦੇ ਬਦਲ ਵਜੋਂ ਅਪਨਾ ਸਕਦੇ ਹਨ। ਇਸ ਫ਼ਸਲ ਤੇ ਹੋਰਾਂ ਫ਼ਸਲਾਂ ਦੇ ਮੁਕਾਬਲੇ ਘੱਟ ਖਰਚਾ ਹੋਣ ਕਾਰਨ ਕਿਸਾਨਾਂ ਨੂੰ ਆਮਦਨ ਵੀ ਚੰਗੀ ਹੋ ਸਕਦੀ ਹੈ।

ਡਾ. ਕੰਬੋਜ ਨੇ ਦੱਸਿਆ ਹੈ, "ਇਸ ਫ਼ਸਲ ਦੇ ਬੀਜਣ 'ਤੇ ਸਰਕਾਰ ਕਿਸਾਨਾਂ ਨੂੰ ਬੀਜ ਤੇ ਹੋਰ ਖਰਚੇ ਲਈ ਚਾਰ ਹਜ਼ਾਰ ਰੁਪਏ ਦੀ ਸਬਸਿਡੀ ਵੀ ਮੁਹੱਈਆ ਕਰਵਾ ਰਹੀ ਹੈ। ਜੇਕਰ ਕਿਸਾਨ ਇਸ ਫ਼ਸਲ ਦੀ ਏਰੀਏ ਵਿੱਚ ਬਿਜਾਈ ਕਰਦੇ ਹਨ ਤਾਂ ਇਸ ਏਰੀਏ ਵਿੱਚ ਧਰਤੀ ਹੇਠਲੇ ਪਾਣੀ ਦੇ ਘਟ ਰਹੇ ਪੱਧਰ ਨੂੰ ਰੋਕਿਆ ਜਾ ਸਕਦਾ ਹੈ।"

"ਇਹ ਫ਼ਸਲ ਨਰਮੇ ਕਪਾਹ ਦੇ ਬਦਲ ਬਣ ਸਕਦੀ ਹੈ | ਇਸ ਲਈ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤੇ ਵਿਭਾਗ ਵੱਲੋਂ ਕਈ ਪ੍ਰਦਰਸ਼ਨੀ ਪਲਾਂਟ ਵੀ ਲੁਆਏ ਜਾਂਦੇ ਹਨ।"

ਡਾ. ਸੁਖਦੇਵ ਸਿੰਘ ਕੰਬੋਜ

ਉਧਰ ਸਿਰਸਾ ਜ਼ਿਲ੍ਹੇ ਦੇ ਖੇਤੀਬਾੜੀ ਸੁਪਰਵਾਈਜ਼ਰ ਰਮਨਜੀਤ ਸਿੰਘ ਵੀ ਸਹਿਮਤ ਹਨ। ਉਹ ਵੀ ਮੰਨਦੇ ਹਨ ਕਿ ਹਰਿਆਣਾ ਵਿੱਚ ਕਈ ਕਿਸਾਨ ਨਰਮੇ ਦੀ ਫ਼ਸਲ ਤੋਂ ਦੂਰ ਜਾ ਰਹੇ ਹਨ। ਇਸਦਾ ਕਾਰਨ ਗੁਲਾਬੀ ਸੁੰਡੀ ਦਾ ਹਮਲਾ ਹੀ ਹੈ।

ਰਮਨਜੀਤ ਸਿੰਘ ਵੀ ਦੱਸਦੇ ਹਨ ਕਿ ਰਾਜਸਥਾਨ ਦੇ ਨਾਲ ਲੱਗਦੇ ਹਰਿਆਣਾ ਦੇ ਕਈ ਪਿੰਡਾਂ ਵਿੱਚ ਲੋਕ ਅਰੰਡੀ ਦੀ ਖੇਤੀ ਕਰਨ ਵੱਲ ਵੱਧ ਰਹੇ ਹਨ।

ਉਹ ਕਹਿੰਦੇ ਹਨ, "ਕਿਸਾਨ ਆਪਣਾ ਮੁਨਾਫ਼ਾ ਵਧਾਉਣਾ ਚਾਹੁੰਦੇ ਹਨ ਇਸ ਲਈ ਉਨ੍ਹਾਂ ਨੂੰ ਪਤਾ ਹੈ ਕਿ ਕਿਹੜੀ ਫ਼ਸਲ ਉਨ੍ਹਾਂ ਲਈ ਲਾਹੇਵੰਦ ਹੈ। ਰਾਜਸਥਾਨ ਦੀ ਤਰਜ਼ ਉੱਤੇ ਹੁਣ ਹਰਿਆਣਾ ਦੇ ਕਿਸਾਨ ਵੀ ਅਰੰਡੀ ਦੀ ਫ਼ਸਲ ਉਗਾ ਰਹੇ ਹਨ। ਕਿਉਂਕਿ ਅਰੰਡੀ ਦੀ ਫ਼ਸਲ ਉੱਤੇ ਨਰਮੇ ਨਾਲੋਂ ਕਿਤੇ ਘੱਟ ਲਾਗਤ ਆਉਂਦੀ ਹੈ ਤੇ ਮੁਨਾਫ਼ਾ ਚੰਗਾ ਹੋ ਜਾਂਦਾ ਹੈ।"

ਜਲਾਲਆਣਾ ਦੇ ਕਿਸਾਨ ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਪਿੰਡ ਦੇ ਦੋ ਹੋਰ ਕਿਸਾਨਾਂ ਨੇ ਵੀ ਅਰੰਡੀ ਦੀ ਬਿਜਾਈ ਕਰ ਦਿੱਤੀ ਹੈ। ਉਹ ਦਾਅਵਾ ਕਰਦੇ ਹਨ ਕਿ ਹੋਰ ਕਈ ਕਿਸਾਨ ਵੀ ਉਨ੍ਹਾਂ ਤੋਂ ਅਰੰਡੀ ਦੇ ਬੀਜਾਂ ਅਤੇ ਬਜ਼ਾਰ ਬਾਰੇ ਜਾਣਕਾਰੀ ਲੈਣ ਲਈ ਆਉਂਦੇ ਹਨ।

ਅਰੰਡੀ
ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ, ਕਿਸਾਨ ਇਸ ਫ਼ਸਲ ਨੂੰ ਨਰਮੇ ਕਪਾਹ ਦੀ ਫ਼ਸਲ ਦੇ ਬਦਲ ਵਜੋਂ ਅਪਨਾ ਸਕਦੇ ਹਨ
ਇਹ ਵੀ ਪੜ੍ਹੋ-

ਭਾਰਤ ਵਿੱਚ ਕਿੱਥੇ-ਕਿੱਥੇ ਹੁੰਦੀ ਅਰੰਡੀ ਦੀ ਖੇਤੀ

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਜ਼ਿਆਦਾਤਰ ਅਰੰਡੀ ਦੀ ਖੇਤੀ ਭਾਰਤ ਵਿੱਚ ਗੁਜਰਾਤ ਅਤੇ ਰਾਜਸਥਾਨ ਵਿੱਚ ਹੁੰਦੀ ਹੈ। ਇਹਨਾਂ ਸੂਬਿਆਂ ਵਿੱਚ ਵੀ ਉਹ ਇਲਾਕੇ ਜਿੱਥੇ ਜ਼ਮੀਨੀ ਪਾਣੀ ਘੱਟ ਹੈ।

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ 8 ਅਗਸਤ 2025 ਤੱਕ ਸਾਉਣੀ ਦੀਆਂ ਫ਼ਸਲਾਂ ਅਧੀਨ ਰਕਬੇ ਵਿੱਚ ਹੋਏ ਵਾਧੇ ਦੇ ਅੰਕੜੇ ਜਾਰੀ ਕਰਦਿਆਂ ਦੱਸਿਆ ਹੈ ਕਿ ਪੂਰੇ ਦੇਸ਼ ਵਿੱਚ ਸਾਲ 2024-25 ਵਿੱਚ ਅਰੰਡੀ ਦੀ ਬਿਜਾਈ 2.32 ਲੱਖ ਹੈਕਟੇਅਰ ਵਿੱਚ ਹੋਈ ਸੀ ਜੋ ਕਿ ਸਾਲ 2025-26 ਵਿੱਚ 0.87 ਵੱਧ ਕੇ 3.19 ਲੱਖ ਹੈਕਟੇਅਰ ਹੋ ਗਈ ਹੈ।

ਸਿਰਸਾ ਵਿੱਚ ਖੇਤੀਬਾੜੀ ਸੁਪਰਵਾਈਜ਼ਰ ਰਮਨਜੀਤ ਸਿੰਘ ਇਹ ਵੀ ਦੱਸਦੇ ਹਨ ਕਿ ਹਰਿਆਣਾ ਸਰਕਾਰ ਪਿਛਲੇ ਦੋ ਸਾਲਾਂ ਤੋਂ ਅਰੰਡੀ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਬੀਜ ਅਤੇ ਕੀਟਨਾਸ਼ਕਾਂ ਉੱਤੇ ਸਬਸਿਡੀ ਵੀ ਦਿੰਦੀ ਹੈ।

ਉਹ ਕਹਿੰਦੇ ਹਨ ਕਿਉਂਕਿ ਕੇਂਦਰ ਸਰਕਾਰ ਬੀਜ ਉਤਪਾਦਨ ਵਾਲੀਆਂ ਫਸਲਾਂ ਦੀ ਪੈਦਾਵਾਰ ਵਧਾਉਣ ਲਈ ਕਿਸਾਨਾਂ ਨੂੰ ਉਤਸ਼ਾਹਤ ਕਰ ਰਹੀ ਹੈ ਤੇ ਹਰਿਆਣਾ ਸਰਕਾਰ ਵੀ ਉਨ੍ਹਾਂ ਕਿਸਾਨਾਂ ਦਾ ਸਾਥ ਦੇਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ।

ਗੁਰਪ੍ਰੀਤ ਸਿੰਘ
ਤਸਵੀਰ ਕੈਪਸ਼ਨ, ਅਰੰਡੀ ਦੀ ਖੇਤੀ ਭਾਰਤ ਵਿੱਚ ਗੁਜਰਾਤ ਅਤੇ ਰਾਜਸਥਾਨ ਵਿੱਚ ਹੁੰਦੀ ਹੈ

ਕੀ ਮੁਨਾਫ਼ੇ ਵਾਲੀ ਹੈ ਅਰੰਡੀ ਦੀ ਖੇਤੀ?

ਕਿਸਾਨ ਵਿਜੈ ਸਾਰੰਗ ਰਾਜਸਥਾਨ ਦੇ ਗੰਗਾਨਗਰ ਨੇੜੇ ਪੈਂਦੇ ਇੱਕ ਪਿੰਡ ਵਿੱਚ ਰਹਿੰਦੇ ਹਨ ਅਤੇ ਪਿਛਲੇ 7-8 ਸਾਲਾਂ ਤੋਂ 8 ਏਕੜ ਜ਼ਮੀਨ ਵਿੱਚ ਅਰੰਡੀ ਦੀ ਖੇਤੀ ਕਰਦੇ ਹਨ।

ਵਿਜੈ ਸਾਰੰਗ ਕਹਿੰਦੇ ਹਨ ਕਿ ਅਰੰਡੀ ਦੀ ਖੇਤੀ ਉਨ੍ਹਾਂ ਨੂੰ ਹਰ ਸਾਲ ਚੰਗਾ ਮੁਨਾਫ਼ਾ ਦਿੰਦੀ ਹੈ। ਉਹ ਦੱਸਦੇ ਹਨ, "8 ਏਕੜ ਜ਼ਮੀਨ ਵਿੱਚ ਲਗਾਈ ਅਰੰਡੀ 10-12 ਕੁਅੰਟਲ ਪ੍ਰਤੀ ਏਕੜ ਦੇ ਕਰੀਬ ਝਾੜ ਦੇ ਦਿੰਦੀ ਹੈ। ਅਰੰਡੀ ਦੀ ਫ਼ਸਲ ਦਾ ਭਾਅ 6000 ਤੋਂ ਲੈ ਕੇ 7000 ਕੁਅੰਟਲ ਤੱਕ ਵੀ ਪਹੁੰਚ ਜਾਂਦਾ ਹੈ।"

ਵਿਜੈ ਸਾਰੰਗ ਕਹਿੰਦੇ ਹਨ ਕਿ ਉਨ੍ਹਾਂ ਨੇ 7-8 ਸਾਲਾਂ ਤੋਂ ਅਰੰਡੀ ਦੀ ਫ਼ਸਲ ਉਗਾਉਣ ਲਈ ਕਦੇ ਕੋਈ ਕੰਟ੍ਰੈਕਟ ਫਾਰਮਿੰਗ ਨਹੀਂ ਕੀਤੀ। ਉਹ ਹਰ ਸਾਲ ਆਪਣੀ ਫ਼ਸਲ ਨੂੰ ਰਾਜਸਥਾਨ ਦੇ ਨੌਹਰ ਮੰਡੀ ਵਿੱਚ ਵੇਚ ਕੇ ਆਉਂਦੇ ਹਨ।

ਵਿਜੈ ਸਾਰੰਗ ਅਰੰਡੀ ਦੇ ਨਾਲ ਕਣਕ ਦੀ ਬਿਜਾਈ ਵੀ ਕਰਦੇ ਹਨ। ਉਹ ਕਹਿੰਦੇ ਹਨ ਕਿ ਕਣਕ ਦੇ ਨਾਲ ਕੋਈ ਹੋਰ ਫ਼ਸਲ ਬੀਜਣ ਨਾਲੋਂ ਅਰੰਡੀ ਦੀ ਖੇਤੀ ਸਾਡੇ ਲਈ ਬਹੁਤ ਲਾਹੇਬੰਦ ਸਾਬਤ ਹੋਈ ਹੈ।

ਵਿਜੈ ਸਾਰੰਗ ਦੱਸਦੇ ਹਨ ਕਿ ਅਰੰਡੀ ਦੇ ਬੂਟਿਆਂ ਦੀ ਬਿਜਾਈ ਮਈ ਮਹੀਨੇ ਕੀਤੀ ਜਾ ਸਕਦੀ ਹੈ ਅਤੇ ਫੇਰ ਨਵੰਬਰ ਵਿੱਚ ਪਹਿਲੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ। ਜੇਕਰ ਬੂਟੇ ਨਹੀਂ ਪੱਟੇ ਜਾਣਗੇ ਤਾਂ ਇੱਕ ਵਾਰ ਲਾਏ ਗਏ ਬੂਟੇ ਸਾਰਾ ਸਾਲ ਹੀ ਫਲ ਦਿੰਦੇ ਰਹਿਣਗੇ।

ਅਰੰਡੀ
ਤਸਵੀਰ ਕੈਪਸ਼ਨ, ਕਿਸਾਨਾਂ ਦਾ ਕਹਿਣਾ ਹੈ ਕਿ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਹੁੰਦੇ ਨੁਕਸਾਨ ਤੋਂ ਉਭਰਨਾ ਬਹੁਤ ਮੁਸ਼ਕਲ ਹੋ ਗਿਆ ਸੀ

ਅਰੰਡੀ ਦੀ ਫ਼ਸਲ ਨੂੰ ਬਿਮਾਰੀਆਂ ਤੋਂ ਕੀ ਖ਼ਤਰਾ?

ਕਈ ਸਾਲਾਂ ਤੋਂ ਅਰੰਡੀ ਉਗਾ ਰਹੇ ਕਿਸਾਨ ਵਿਜੈ ਸਾਰੰਗ ਦੱਸਦੇ ਹਨ ਕਿ ਅਰੰਡੀ ਦੇ ਬੂਟਿਆਂ ਨੂੰ ਸੁੰਡੀ ਪੈਂਦੀ ਹੈ ਪਰ ਇੱਕ-ਦੋ ਵਾਰ ਕੀਤੀ ਸਪਰੇਅ ਨਾਲ ਬਿਮਾਰੀ ਖ਼ਤਮ ਹੋ ਜਾਂਦੀ ਹੈ।

ਕਈ ਵਾਰ ਬਹੁਤ ਜ਼ਿਆਦਾ ਬਰਸਾਤ ਪੈਣ ਨਾਲ ਬੂਟਿਆਂ ਨੂੰ ਉੱਲੀ ਵੀ ਲੱਗ ਜਾਂਦੀ ਹੈ ਤੇ ਫੇਰ ਹੋ ਸਕਦਾ ਕਿ ਫ਼ਸਲ ਖ਼ਰਾਬ ਹੋਵੇ, ਨਹੀਂ ਤਾਂ ਇਹ ਘੱਟ ਹੁੰਦਾ ਕਿ ਫ਼ਸਲ ਨੂੰ ਬਿਮਾਰੀ ਖ਼ਤਮ ਕਰ ਦੇਵੇ।

ਪਿਛਲੇ ਪੰਜ ਮਹੀਨਿਆਂ ਤੋਂ ਅਰੰਡੀ ਦੀ ਫ਼ਸਲ ਉਗਾਉਣ ਵਾਲੇ ਕਿਸਾਨ ਗੁਰਪ੍ਰੀਤ ਸਿੰਘ ਵੀ ਦੱਸਦੇ ਹਨ ਕਿ ਫ਼ਸਲ ਨੂੰ ਸੁੰਡੀ ਤੋਂ ਬਚਾਉਣ ਲਈ ਪੰਜ ਮਹੀਨਿਆਂ ਵਿੱਚ ਅਸੀਂ ਦੋ ਵਾਰ ਸਪਰੇਅ ਕੀਤੀ ਹੈ। ਇਸ ਤੋਂ ਇਲਾਵਾ ਬੂਟਿਆਂ ਨੂੰ ਹੋਰ ਕੋਈ ਸਾਂਭ ਸੰਭਾਲ ਦੀ ਲੋੜ ਨਹੀਂ ਪਈ।

ਖੇਤੀਬਾੜੀ ਸੁਪਰਵਾਈਜ਼ਰ ਰਮਨਜੀਤ ਸਿੰਘ ਦੱਸਦੇ ਹਨ ਕਿ ਖ਼ਰਾਬ ਮੌਸਮ ਕਰਕੇ ਹਰ ਫ਼ਸਲ ਬਿਮਾਰੀ ਦਾ ਸ਼ਿਕਾਰ ਹੁੰਦੀ ਹੈ ਪਰ ਅਰੰਡੀ ਦੀ ਫ਼ਸਲ ਦੀ ਸੰਭਾਲ ਜਲਦੀ ਹੋ ਜਾਂਦੀ ਹੈ ਕਿਉਕਿ ਇਹ ਘੱਟ ਪਾਣੀ ਮੰਗਦੀ ਹੈ ਇਸ ਲਈ ਬੂਟਿਆਂ ਦੇ ਸੜਨ ਦਾ ਖ਼ਤਰਾ ਬਹੁਤ ਘੱਟ ਹੁੰਦਾ ਹੈ।

ਅਰੰਡੀ
ਤਸਵੀਰ ਕੈਪਸ਼ਨ, ਅਰੰਡੀ ਇੱਕ ਬੀਜ ਉਤਪਾਦਨ ਫ਼ਸਲ ਹੈ ਜਿਸ ਨੂੰ ਕੈਸਟਰ ਫਾਰਮਿੰਗ ਕਿਹਾ ਜਾਂਦਾ ਹੈ

ਕੀ ਪੰਜਾਬ ਵਿੱਚ ਹੋ ਸਕਦੀ ਹੈ ਅਰੰਡੀ ਦੀ ਫ਼ਸਲ ?

ਗੁਜਰਾਤ ਅਤੇ ਰਾਜਸਥਾਨ ਤੋਂ ਬਾਅਦ ਹੁਣ ਪੰਜਾਬ ਦਾ ਗੁਆਂਢੀ ਸੂਬਾ ਹਰਿਆਣਾ ਵਿੱਚ ਅਰੰਡੀ ਦੀ ਖੇਤੀ ਹੋ ਰਹੀ ਹੈ ਤਾਂ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਕੀ ਪੰਜਾਬ ਵਿੱਚ ਵੀ ਕਿਸਾਨ ਅਰੰਡੀ ਦੀ ਖੇਤੀ ਕਰ ਸਕਦੇ ਹਨ?

ਇਸਦਾ ਜਵਾਬ ਲੈਣ ਲਈ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਐਡੀਸ਼ਨਲ ਡਾਇਰੈਕਟਰ ਕਮਿਊਨੀਕੇਸ਼ਨ ਡਾ. ਤੇਜਿੰਦਰ ਸਿੰਘ ਰਿਆੜ ਨਾਲ ਗੱਲ ਕੀਤੀ।

ਡਾ. ਤੇਜਿੰਦਰ ਸਿੰਘ ਰਿਆੜ ਕਹਿੰਦੇ ਹਨ, "ਅਰੰਡੀ ਦੀ ਖੇਤੀ ਪੰਜਾਬ ਵਿੱਚ ਵੀ ਹੋ ਸਕਦੀ ਹੈ ਇਸਦੇ ਲਈ ਕੋਈ ਖ਼ਾਸ ਵਾਤਾਵਰਨ ਜਾਂ ਮਿੱਟੀ ਦੀ ਲੋੜ ਨਹੀਂ ਹੁੰਦੀ। ਪਰ ਫ਼ਸਲ ਵੇਚਣ ਲਈ ਮੰਡੀ ਦਾ ਹੋਣਾ ਵੀ ਲਾਜ਼ਮੀ ਹੈ ਜੋ ਪੰਜਾਬ 'ਚ ਨਹੀਂ ਹੈ।

ਹਾਲਾਂਕਿ ਤੇਜਿੰਦਰ ਸਿੰਘ ਰਿਆੜ ਇਹ ਵੀ ਦਾਅਵਾ ਕਰਦੇ ਹਨ ਕਿ ਜੇਕਰ ਹਰਿਆਣਾ ਵਿੱਚ ਵੀ ਅਰੰਡੀ ਦੀ ਖੇਤੀ ਹੋ ਰਹੀ ਹੈ ਤਾਂ ਉਨ੍ਹਾਂ ਇਲਾਕਿਆਂ ਵਿੱਚ ਹੋਵੇਗੀ ਜਿੱਥੇ ਪਾਣੀ ਘੱਟ ਹੋਵੇਗਾ ਤੇ ਅਰੰਡੀ ਦੀ ਫ਼ਸਲ ਉਗਾਉਣ ਵਾਲੇ ਕਿਸਾਨ ਹੋ ਸਕਦਾ ਕਿਸੇ ਕੰਪਨੀ ਨਾਲ ਮਿਲ ਕੇ ਕੰਟ੍ਰੈਕਟ ਫਾਰਮਿੰਗ ਕਰ ਰਹੇ ਹੋਣ।"

ਉਹ ਅੱਗੇ ਇਹ ਵੀ ਕਹਿੰਦੇ ਹਨ ਕਿ ਜੇਕਰ ਕੋਈ ਕੰਪਨੀ ਪੰਜਾਬ ਦੇ ਕਿਸਾਨਾਂ ਨੂੰ ਇੱਕ ਏਕੜ ਅਰੰਡੀ ਉਗਾਉਣ ਲਈ 60-70 ਹਜ਼ਾਰ ਰੁਪਏ ਦਿੰਦੀ ਹੈ ਤਾਂ ਕਿਸਾਨ ਹੋ ਸਕਦਾ ਕਿ ਅਰੰਡੀ ਦੀ ਫ਼ਸਲ ਉਗਾਉਣ ਵੱਲ ਜਾਣ, ਨਹੀਂ ਤੇ ਕੋਈ ਵੀ ਕਿਸਾਨ ਖੇਤੀਬਾੜੀ ਵਿੱਚ ਰਿਸਕ ਨਹੀਂ ਲਵੇਗਾ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)