ਐੱਸ. ਜੈਸ਼ੰਕਰ ਦੇ ਭਾਸ਼ਣ ਨੂੰ ਸ਼ਾਹਬਾਜ਼ ਸ਼ਰੀਫ਼ ਦੇ ਭਾਸ਼ਣ ਦੇ ਮੁਕਾਬਲੇ ਕਿਵੇਂ ਦੇਖ ਰਹੇ ਹਨ ਮਾਹਰ?

ਸ਼ਾਹਬਾਜ਼ ਸ਼ਰੀਫ ਅਤੇ ਐਸ ਜੈਸ਼ੰਕਰ

ਤਸਵੀਰ ਸਰੋਤ, Getty Images

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 80ਵੇਂ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਯੁਕਤ ਰਾਸ਼ਟਰ ਸੰਕਟ ਵਿੱਚ ਹੈ ਅਤੇ ਇਸ ਵਿੱਚ ਸੁਧਾਰ ਹੁਣ ਬਹੁਤ ਜ਼ਰੂਰੀ ਹੋ ਗਿਆ ਹੈ।

ਜੈਸ਼ੰਕਰ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਵਿਸਥਾਰ ਕਰਨ ਅਤੇ ਗਲੋਬਲ ਸਾਊਥ ਦੀ ਆਵਾਜ਼ ਨੂੰ ਮਜ਼ਬੂਤ ਕੀਤਾ ਜਾਵੇ।

ਉਨ੍ਹਾਂ ਨੇ ਅੱਤਵਾਦ 'ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ, ਗੁਆਂਢੀ ਦੇਸ਼ਾਂ ਵੱਲ ਇਸ਼ਾਰਾ ਕੀਤਾ ਅਤੇ ਉਸ ਨੂੰ ਗਲੋਬਲ ਅੱਤਵਾਦ ਦਾ ਕੇਂਦਰ ਦੱਸਿਆ।

ਵਿਦੇਸ਼ ਮੰਤਰੀ ਨੇ ਯੂਕਰੇਨ ਅਤੇ ਗਾਜ਼ਾ ਸੰਘਰਸ਼ ਦਾ ਜ਼ਿਕਰ ਕਰਦੇ ਹੋਏ ਸਾਰਿਆਂ ਪੱਖਾਂ ਨੂੰ ਜੰਗਬੰਦੀ ਅਤੇ ਸ਼ਾਂਤੀ ਦੀ ਅਪੀਲ ਕੀਤੀ।

ਯੂਕਰੇਨ ਅਤੇ ਗਾਜ਼ਾ ਵਿੱਚ ਟਕਰਾਅ ਦਾ ਹਵਾਲਾ ਦਿੰਦੇ ਹੋਏ, ਵਿਦੇਸ਼ ਮੰਤਰੀ ਨੇ ਸਾਰੀਆਂ ਧਿਰਾਂ ਨੂੰ ਜੰਗਬੰਦੀ ਅਤੇ ਸ਼ਾਂਤੀ ਦੀ ਅਪੀਲ ਕੀਤੀ।

ਜੈਸ਼ੰਕਰ ਨੇ ਇਹ ਵੀ ਕਿਹਾ ਕਿ ਭਾਰਤ ਨੇ ਹੁਣ ਤੱਕ 78 ਦੇਸ਼ਾਂ ਵਿੱਚ 600 ਤੋਂ ਵੱਧ ਪ੍ਰੋਜੈਕਟ ਪੂਰੇ ਕੀਤੇ ਹਨ ਅਤੇ ਲੋੜ ਦੇ ਸਮੇਂ ਗੁਆਂਢੀਆਂ ਨੂੰ ਭੋਜਨ, ਬਾਲਣ ਅਤੇ ਵਿੱਤੀ ਸਹਾਇਤਾ ਦਿੱਤੀ ਹੈ।

ਆਪਣੇ ਸੰਬੋਧਨ ਵਿੱਚ, ਵਿਦੇਸ਼ ਮੰਤਰੀ ਜੈਸ਼ੰਕਰ ਨੇ ਤਿੰਨ ਮੂਲ ਮੰਤਰਾਂ - ਸਵੈ-ਨਿਰਭਰਤਾ, ਸਵੈ-ਰੱਖਿਆ ਅਤੇ ਆਤਮ-ਵਿਸ਼ਵਾਸ, ਨੂੰ ਭਾਰਤ ਦੀ ਨੀਤੀ ਦੀ ਨੀਂਹ ਦੱਸਿਆ।

ਉਨ੍ਹਾਂ ਨੇ ਕਿਹਾ ਕਿ ਭਾਰਤ ਗਲੋਬਲ ਸਾਊਥ ਲਈ ਇੱਕ ਮਜ਼ਬੂਤ ਆਵਾਜ਼ ਬਣਿਆ ਰਹੇਗਾ। ਸੰਯੁਕਤ ਰਾਸ਼ਟਰ ਵਿੱਚ ਸੁਧਾਰਾਂ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦਾ ਅਗਲਾ ਦਹਾਕਾ "ਲੀਡਰਸ਼ਿਪ ਅਤੇ ਉਮੀਦ ਦਾ ਦਹਾਕਾ" ਹੋਣਾ ਚਾਹੀਦਾ ਹੈ।

ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 80ਵੇਂ ਸੈਸ਼ਨ ਦੀ ਆਮ ਬਹਿਸ 23 ਤੋਂ 29 ਸਤੰਬਰ ਤੱਕ ਨਿਊਯਾਰਕ ਵਿੱਚ ਚੱਲ ਰਹੀ ਹੈ। ਇਸ ਵਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵੱਲੋਂ ਹਿੱਸਾ ਨਹੀਂ ਲਿਆ।

ਪਿਛਲੇ ਸਾਲ, 79ਵੇਂ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵ ਸ਼ਾਂਤੀ ਅਤੇ ਵਿਕਾਸ ਲਈ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਸੁਧਾਰਾਂ ਦੀ ਲੋੜ 'ਤੇ ਜ਼ੋਰ ਦਿੱਤਾ ਸੀ।

ਐੱਸ. ਜੈਸ਼ੰਕਰ

ਸਾਡਾ ਗੁਆਂਢੀ ਦੇਸ਼ ਅੱਤਵਾਦ ਦਾ ਕੇਂਦਰ ਹੈ- ਐੱਸ. ਜੈਸ਼ੰਕਰ

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਬਿਨਾਂ ਨਾਮ ਲਏ ਪਾਕਿਸਤਾਨ ਨੂੰ ਘੇਰਿਆ।

ਜੈਸ਼ੰਕਰ ਨੇ ਜਨਰਲ ਅਸੈਂਬਲੀ ਦੇ ਪਲੇਟਫਾਰਮ ਤੋਂ ਕਿਹਾ, "ਆਪਣੇ ਅਧਿਕਾਰਾਂ ਦਾ ਦਾਅਵਾ ਕਰਦੇ ਹੋਏ, ਸਾਨੂੰ ਖ਼ਤਰਿਆਂ ਦਾ ਵੀ ਦ੍ਰਿੜਤਾ ਨਾਲ ਸਾਹਮਣਾ ਕਰਨਾ ਪਵੇਗਾ। ਅੱਤਵਾਦ ਨਾਲ ਲੜਨਾ ਸਾਡੇ ਲਈ ਇੱਕ ਵਿਸ਼ੇਸ਼ ਤਰਜੀਹ ਹੈ ਕਿਉਂਕਿ ਇਹ ਕੱਟੜਤਾ, ਹਿੰਸਾ, ਅਸਹਿਣਸ਼ੀਲਤਾ ਅਤੇ ਡਰ ਦਾ ਸੁਮੇਲ ਹੈ।"

ਪਾਕਿਸਤਾਨ ਦਾ ਨਾਮ ਲਏ ਬਿਨਾਂ, ਵਿਦੇਸ਼ ਮੰਤਰੀ ਨੇ ਕਿਹਾ, "ਭਾਰਤ ਨੇ ਆਜ਼ਾਦੀ ਤੋਂ ਬਾਅਦ ਇਸ ਚੁਣੌਤੀ ਦਾ ਸਾਹਮਣਾ ਕੀਤਾ ਹੈ, ਕਿਉਂਕਿ ਸਾਡਾ ਇੱਕ ਗੁਆਂਢੀ ਲੰਬੇ ਸਮੇਂ ਤੋਂ ਵਿਸ਼ਵ ਅੱਤਵਾਦ ਦਾ ਕੇਂਦਰ ਰਿਹਾ ਹੈ।"

ਅਪ੍ਰੈਲ 2025 ਵਿੱਚ ਪਹਿਲਗਾਮ ਵਿੱਚ ਸੈਲਾਨੀਆਂ ਦੇ ਕਤਲ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਕਿਹਾ, "ਭਾਰਤ ਨੇ ਆਪਣੇ ਲੋਕਾਂ ਦੀ ਰੱਖਿਆ ਕਰਨ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਅਤੇ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਅਤੇ ਮੁਲਜ਼ਮਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ।"

ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਕਿਸੇ ਇੱਕ ਦੇਸ਼ ਲਈ ਨਹੀਂ ਹੈ, ਸਗੋਂ ਪੂਰੀ ਦੁਨੀਆ ਲਈ ਇੱਕ ਸਾਂਝਾ ਖ਼ਤਰਾ ਹੈ।

ਉਨ੍ਹਾਂ ਕਿਹਾ, "ਜਦੋਂ ਦੇਸ਼ ਖੁੱਲ੍ਹੇਆਮ ਅੱਤਵਾਦ ਨੂੰ ਇੱਕ ਸਟੇਟ ਪਾਲਿਸੀ ਵਜੋਂ ਐਲਾਨਦਾ ਹੈ, ਜਦੋਂ ਅੱਤਵਾਦੀ ਅੱਡੇ ਉਦਯੋਗਿਕ ਪੱਧਰ 'ਤੇ ਕੰਮ ਕਰਦੇ ਹਨ, ਅਤੇ ਜਦੋਂ ਅੱਤਵਾਦੀਆਂ ਦੀ ਜਨਤਕ ਤੌਰ 'ਤੇ ਸ਼ਲਾਘਾ ਕੀਤੀ ਜਾਂਦੀ ਹੈ, ਤਾਂ ਅਜਿਹੇ ਕੰਮਾਂ ਦੀ ਬਿਨਾਂ ਸ਼ਰਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ।"

ਮੁਕਤਦਰ ਖ਼ਾਨ

ਮਾਹਰ ਕੀ ਕਹਿੰਦੇ ਹਨ?

ਅੰਤਰਰਾਸ਼ਟਰੀ ਮਾਮਲਿਆਂ ਦੇ ਜਾਣਕਾਰ ਅਤੇ ਅਮਰੀਕਾ ਵਿੱਚ ਡੇਲਾਵੇਅਰ ਯੂਨੀਵਰਸਿਟੀ ਦੇ ਪ੍ਰੋਫੈਸਰ ਮੁਕਤਦਰ ਖ਼ਾਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਭਾਰਤ ਪਾਕਿਸਤਾਨ ਦਾ ਨਾਮ ਲੈਣ ਤੋਂ ਕਿਉਂ ਝਿਜਕ ਰਿਹਾ ਹੈ।

ਬੀਬੀਸੀ ਪੱਤਰਕਾਰ ਆਨੰਦ ਮਣੀ ਤ੍ਰਿਪਾਠੀ ਨਾਲ ਗੱਲਬਾਤ ਵਿੱਚ, ਮੁਕਤਦਰ ਖ਼ਾਨ ਨੇ ਕਿਹਾ, "ਪਾਕਿਸਤਾਨ ਨੇ ਭਾਰਤ ਦਾ ਨਾਮ ਲੈ ਕੇ, ਕਸ਼ਮੀਰ ਦਾ ਨਾਮ ਲੈ ਕੇ ਅਤੇ ਭਾਰਤੀ ਮੁਸਲਮਾਨਾਂ ਦਾ ਜ਼ਿਕਰ ਕਰਦੇ ਹੋਏ ਕਈ ਇਲਜ਼ਾਮ ਲਗਾਏ ਹਨ।"

"ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੱਤ ਭਾਰਤੀ ਜਹਾਜ਼ਾਂ ਨੂੰ ਡੇਗਿਆ। ਪਰ ਭਾਰਤ ਨੇ ਪਾਕਿਸਤਾਨ ਦਾ ਜ਼ਿਕਰ ਵੀ ਨਹੀਂ ਕੀਤਾ। ਮੇਰੀ ਰਾਏ ਵਿੱਚ, ਜੈਸ਼ੰਕਰ ਦੀ ਤਕਰੀਰ ਬਹੁਤ ਕਮਜ਼ੋਰ ਸੀ।"

ਮੁਕਤਦਰ ਖ਼ਾਨ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਦੀ ਗ਼ੈਰ-ਹਾਜ਼ਰੀ ਕਾਰਨ, ਭਾਰਤ ਦੀ ਸਥਿਤੀ ਪਹਿਲਾਂ ਹੀ ਕਮਜ਼ੋਰ ਜਾਪਦੀ ਸੀ ਅਤੇ ਕਿਤੇ ਵੀ ਕੋਈ ਚਰਚਾ ਨਹੀਂ ਹੋਈ।

ਦੂਜੇ ਪਾਸੇ, ਨਿਊਯਾਰਕ ਤੋਂ ਵਾਸ਼ਿੰਗਟਨ ਤੱਕ ਪਾਕਿਸਤਾਨ ਇਸ ਮੌਕੇ ਦਾ ਜਸ਼ਨ ਮਨਾਉਂਦਾ ਨਜ਼ਰ ਆਇਆ ਸੀ।

ਦਿੱਲੀ ਸਥਿਤ ਜੇਐੱਨਯੂ ਵਿਖੇ ਸੈਂਟਰ ਫਾਰ ਰਸ਼ੀਅਨ ਐਂਡ ਸੈਂਟਰਲ ਏਸ਼ੀਅਨ ਸਟੱਡੀਜ਼ ਦੇ ਪ੍ਰੋਫੈਸਰ ਅਮਿਤਾਭ ਸਿੰਘ ਇੱਕ ਵੱਖਰਾ ਨਜ਼ਰੀਆ ਰੱਖਦੇ ਹਨ।

ਬੀਬੀਸੀ ਪੱਤਰਕਾਰ ਅਭੈ ਕੁਮਾਰ ਸਿੰਘ ਨਾਲ ਗੱਲਬਾਤ ਵਿੱਚ ਉਹ ਕਹਿੰਦੇ ਹਨ, "ਜੈਸ਼ੰਕਰ ਨੇ ਭਾਰਤ ਦੀਆਂ ਵਿਸ਼ਵਵਿਆਪੀ ਚਿੰਤਾਵਾਂ ਨੂੰ ਬਹੁਤ ਸਪੱਸ਼ਟ ਰੂਪ ਵਿੱਚ ਉਜਾਗਰ ਕੀਤਾ ਹੈ। ਇਹ ਪਹਿਲਾ ਕੰਮ ਹੈ ਜੋ ਸ਼ਾਹਬਾਜ਼ ਸ਼ਰੀਫ਼ ਕਰਨ ਵਿੱਚ ਅਸਫ਼ਲ ਰਹੇ।"

ਅਮਿਤਾਭ ਸਿੰਘ ਨੇ ਕਿਹਾ, "ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਨੂੰ ਇੱਕ ਸਾਂਝਾ ਏਜੰਡਾ ਮੰਨ ਲੈਣਾ ਚਾਹੀਦਾ ਹੈ ਕਿਉਂਕਿ ਅੱਤਵਾਦ ਉਨ੍ਹਾਂ ਦੇਸ਼ਾਂ ਵਿੱਚ ਵੀ ਵਾਪਸ ਆ ਸਕਦਾ ਹੈ ਜੋ ਸੰਯੁਕਤ ਰਾਸ਼ਟਰ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਇਸ ਏਜੰਡੇ ਦਾ ਸਮਰਥਨ ਨਹੀਂ ਕਰ ਰਹੇ ਹਨ। ਦੂਜੇ ਪਾਸੇ, ਸ਼ਾਹਬਾਜ਼ ਸ਼ਰੀਫ ਆਪਣੇ ਹੀ ਨੁਕਤੇ 'ਤੇ ਕੇਂਦ੍ਰਿਤ ਰਹਿ ਗਏ।"

ਪ੍ਰੋਫੈਸਰ ਅਮਿਤਾਭ ਸਿੰਘ ਕਹਿੰਦੇ ਹਨ, "ਜੈਸ਼ੰਕਰ ਨੇ ਇਹ ਵੀ ਕਿਹਾ ਸੀ ਕਿ ਭਾਰਤ ਸੰਯੁਕਤ ਰਾਸ਼ਟਰ ਦੇ ਪਲੇਟਫਾਰਮ ਦਾ ਇੱਕ ਅਹਿਮ ਹਿੱਸਾ ਬਣੇ। ਯਾਨੀ ਉਹ ਸੰਕੇਤ ਦੇ ਰਹੇ ਸਨ ਭਾਰਤ ਨੂੰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਮੈਂਬਰ ਬਣਾਇਆ ਜਾਵੇ।"

"ਸ਼ਾਹਬਾਜ਼ ਸ਼ਰੀਫ਼ ਨੇ ਇਸਦਾ ਕੋਈ ਜ਼ਿਕਰ ਨਹੀਂ ਕੀਤਾ। ਉਨ੍ਹਾਂ ਅਤੇ ਜੈਸ਼ੰਕਰ ਵਿੱਚ ਅੰਤਰ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਸੀ। ਸ਼ਰੀਫ਼ ਨੇ ਆਪਣੀ ਫੌਜ ਅਤੇ ਫੌਜੀ ਬਲਾਂ ਨੂੰ ਐਕਨੋਲੈਜ ਕੀਤਾ ਹੈ, ਜਦੋਂ ਕਿ ਜੈਸ਼ੰਕਰ ਨੇ ਸਤਿਕਾਰ ਨਾਲ ਪਾਕਿਸਤਾਨ ਅਤੇ ਉਸ ਦੇ ਸਮਰਥਕਾਂ ਨੂੰ ਅੰਤਰਰਾਸ਼ਟਰੀ ਅੱਤਵਾਦ ਦੇ ਦਾਇਰੇ ਵਿੱਚ ਲਪੇਟ ਲਿਆ।"

ਇਹ ਵੀ ਪੜ੍ਹੋ-
ਵਿਦੇਸ਼ ਮੰਤਰੀ ਜੈਸ਼ੰਕਰ

ਤਸਵੀਰ ਸਰੋਤ, David Dee Delgado/Bloomberg via Getty Images

ਤਸਵੀਰ ਕੈਪਸ਼ਨ, ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਕਿਹਾ ਕਿ ਭਾਰਤ ਆਪਣੀ ਰਣਨੀਤਕ ਆਜ਼ਾਦੀ ਬਣਾਈ ਰੱਖੇਗਾ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ 2030 ਲਈ ਤੈਅ ਕੀਤੇ ਗਏ ਟਿਕਾਊ ਵਿਕਾਸ ਟੀਚਿਆਂ 'ਤੇ ਵਿਕਾਸ ਬਹੁਤ ਹੌਲੀ ਹੈ ਅਤੇ ਇਹ ਚਿੰਤਾ ਦਾ ਵਿਸ਼ਾ ਹੈ।

ਜੈਸ਼ੰਕਰ ਨੇ ਕਿਹਾ, "ਜਲਵਾਯੂ ਪਰਿਵਰਤਨ 'ਤੇ ਸਿਰਫ਼ ਪੁਰਾਣੇ ਵਾਅਦੇ ਦੁਹਰਾਏ ਜਾ ਰਹੇ ਹਨ, ਪਰ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ ਹੈ।"

ਉਨ੍ਹਾਂ ਕਿਹਾ ਕਿ ਮਹਾਂਮਾਰੀ ਦੌਰਾਨ ਟੀਕਿਆਂ ਅਤੇ ਯਾਤਰਾ ਵਿੱਚ ਵਿਤਕਰਾ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਸੀ। 2022 ਤੋਂ ਬਾਅਦ ਊਰਜਾ ਅਤੇ ਖੁਰਾਕ ਸੁਰੱਖਿਆ ਸਭ ਤੋਂ ਪਹਿਲਾਂ ਪ੍ਰਭਾਵਿਤ ਹੋਈ।

ਉਨ੍ਹਾਂ ਕਿਹਾ ਕਿ ਅਮੀਰ ਦੇਸ਼ਾਂ ਨੇ ਪਹਿਲਾਂ ਹੀ ਸਰੋਤ ਸੁਰੱਖਿਅਤ ਕਰ ਲਏ ਸਨ, ਜਦਕਿ ਗਰੀਬ ਦੇਸ਼ਾਂ ਨੂੰ ਸੰਘਰਸ਼ ਕਰਨਾ ਪਿਆ।

ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਸੇ ਵੀ ਦੇਸ਼ ਦਾ ਨਾਮ ਲਏ ਬਿਨਾਂ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਕਿਹਾ, "ਜਦੋਂ ਵਪਾਰ ਦੀ ਗੱਲ ਆਈ ਤਾਂ ਨਾਨ ਮਾਰਕਿਟ ਤਰੀਕਿਆਂ ਨਾਲ ਨਿਯਮਾਂ ਅਤੇ ਵਿਵਸਥਾਵਾਂ ਦਾ ਫਾਇਦਾ ਚੁੱਕਿਆ ਗਿਆ। ਇਸ ਕਾਰਨ, ਦੁਨੀਆ ਕੁਝ ਦੇਸ਼ਾਂ 'ਤੇ ਨਿਰਭਰ ਹੋ ਗਈ।"

"ਇਸ ਤੋਂ ਇਲਾਵਾ, ਹੁਣ ਟੈਰਿਫ ਦੇ ਉਤਰਾਅ-ਚੜ੍ਹਾਅ ਅਤੇ ਮਾਰਕੀਟ ਪਹੁੰਚ ਸੰਬੰਧੀ ਅਨਿਸ਼ਚਿਤਤਾ ਹਨ। ਨਤੀਜੇ ਵਜੋਂ, ਡਿ-ਰਿਸਕਿੰਗ (ਭਾਵ ਜੋਖ਼ਮ ਘਟਾਉਣ ਦੀ ਰਣਨੀਤੀ) ਜ਼ਰੂਰੀ ਹੋ ਗਈ ਹੈ।"

ਉਨ੍ਹਾਂ ਨੇ ਕਿਹਾ ਹੈ ਕਿ ਇਨ੍ਹਾਂ ਹਾਲਾਤਾਂ ਵਿੱਚ ਸਹਿਯੋਗ ਵਧਾਉਣਾ ਚਾਹੀਦਾ ਹੈ ਪਰ ਸਵਾਲ ਇਹ ਹੈ ਕਿ ਕੀ ਅਸੀਂ ਸੱਚਮੁੱਚ ਉਸ ਦਿਸ਼ਾ ਵੱਲ ਵਧ ਰਹੇ ਹਾਂ?

ਪ੍ਰੋਫੈਸਰ ਮੁਕਤਦਰ ਖ਼ਾਨ ਕਹਿੰਦੇ ਹਨ ਕਿ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਮੈਂਬਰਸ਼ਿਪ ਬਾਰੇ ਗੱਲ ਕੀਤੀ, ਪਰ ਇਹ ਦੱਸਣ ਵਿੱਚ ਅਸਫ਼ਲ ਰਿਹਾ ਕਿ ਉਹ ਇਹ ਕਿਉਂ ਚਾਹੁੰਦਾ ਹੈ।

ਅਮਿਤਾਭ ਸਿੰਘ

ਉਹ ਕਹਿੰਦੇ ਹਨ, "ਭਾਰਤ ਨੇ ਜੰਗਬੰਦੀ ਅਤੇ ਸ਼ਾਂਤੀ ਬਾਰੇ ਗੱਲ ਕੀਤੀ, ਪਰ ਨਾ ਤਾਂ ਫਲਸਤੀਨ ਦਾ ਜ਼ਿਕਰ ਕੀਤਾ ਅਤੇ ਨਾ ਹੀ ਆਪਣੇ ਨਾਗਰਿਕਾਂ ਦੀ ਸਥਿਤੀ ਦਾ। ਉਨ੍ਹਾਂ ਨੇ ਗਾਜ਼ਾ ਦਾ ਵੀ ਨਾਮ ਨਹੀਂ ਲਿਆ। ਉਨ੍ਹਾਂ ਨੇ ਇਜ਼ਰਾਈਲ ਅਤੇ ਰੂਸ ਦੀ ਨਿੰਦਾ ਵੀ ਨਹੀਂ ਕੀਤੀ। ਇਹ ਵਿਦੇਸ਼ ਮੰਤਰੀ ਜੈਸ਼ੰਕਰ ਦਾ ਬਹੁਤ ਕਮਜ਼ੋਰ ਭਾਸ਼ਣ ਸੀ।"

ਉਹ ਕਹਿੰਦੇ ਹਨ, "ਭਾਰਤ ਨੇ ਭਾਸ਼ਣ ਦਿੱਤਾ ਕਿ ਸੰਯੁਕਤ ਰਾਸ਼ਟਰ ਨੂੰ ਮਜ਼ਬੂਤ ਹੋਣਾ ਚਾਹੀਦਾ ਹੈ ਅਤੇ ਸੁਰੱਖਿਆ ਅਤੇ ਟਕਰਾਅ ਦੇ ਮਾਮਲਿਆਂ ਵਿੱਚ ਉਸ ਨੂੰ ਦਖ਼ਲ ਦੇਣਾ ਚਾਹੀਦਾ ਸੀ। ਪਰ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਗੱਲ ਆਉਂਦੀ ਹੈ, ਤਾਂ ਉਹ ਕਹਿੰਦੇ ਹਨ ਕਿ ਮੁੱਦਾ ਦੁਵੱਲਾ ਹੈ। ਫਿਰ ਸੰਯੁਕਤ ਰਾਸ਼ਟਰ ਲਈ ਤੁਹਾਡਾ ਸਤਿਕਾਰ ਕਿੱਥੇ ਹੈ?"

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਨਾ ਤਾਂ ਰੂਸ ਦੇ ਰਾਸ਼ਟਰਪਤੀ, ਨਾ ਚੀਨ ਦੇ ਰਾਸ਼ਟਰਪਤੀ ਅਤੇ ਨਾ ਹੀ ਭਾਰਤ ਦੇ ਪ੍ਰਧਾਨ ਮੰਤਰੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਇਹ ਧਿਆਨ ਦੇਣ ਯੋਗ ਹੈ।

ਪ੍ਰੋਫੈਸਰ ਮੁਕਤਦਰ ਖ਼ਾਨ ਕਹਿੰਦੇ ਹਨ, "ਘਰ ਵਿੱਚ, ਅਸੀਂ ਸਵੈ-ਨਿਰਭਰਤਾ ਬਾਰੇ ਗੱਲ ਕਰਦੇ ਹਾਂ, ਜਦੋਂ ਕਿ ਬਾਹਰ ਅਸੀਂ ਸ਼ਿਕਾਇਤ ਕਰਦੇ ਹਾਂ ਕਿ ਦੂਜੇ ਦੇਸ਼ ਤਕਨੀਕ ਨਹੀਂ ਦੇ ਰਹੇ ਹਨ। ਜੈਸ਼ੰਕਰ ਨੇ ਬਹੁਤ ਸਾਰੀਆਂ ਸ਼ਿਕਾਇਤਾਂ ਰੱਖੀਆਂ, ਜਿਵੇਂ ਕਿ ਅਸੀਂ ਅੱਤਵਾਦ ਦੇ ਪੀੜਤ ਹਾਂ, ਕੋਈ ਸਾਥ ਨਹੀਂ ਦਿੰਦਾ, ਤਕਨੀਕ ਦੇ ਮਾਮਲੇ ਵਿੱਚ ਅਸੀਂ ਪੀੜਤ ਹਾਂ, ਅਸੀਂ ਅੰਤਰਰਾਸ਼ਟਰੀ ਸਹਿਯੋਗ ਵਿੱਚ ਪੀੜਤ ਹਾਂ। ਅੰਤਰਰਾਸ਼ਟਰੀ ਪੱਧਰ 'ਤੇ ਮੰਗਣ ʼਤੇ ਕੁਝ ਵੀ ਮਿਲਦਾ, ਲੈਣਾ ਪੈਂਦਾ ਹੈ।"

ਪ੍ਰੋਫੈਸਰ ਅਮਿਤਾਭ ਸਿੰਘ ਕਹਿੰਦੇ ਹਨ ਕਿ ਜੈਸ਼ੰਕਰ ਦਾ ਭਾਸ਼ਣ ਸ਼ਲਾਘਾਯੋਗ ਸੀ। ਉਨ੍ਹਾਂ ਨੇ ਆਪਣੇ ਵਿਚਾਰ ਬਹੁਤ ਘੱਟ ਸ਼ਬਦਾਂ ਵਿੱਚ ਪਰ ਬਹੁਤ ਸਪੱਸ਼ਟ ਰੂਪ ਵਿੱਚ ਪੇਸ਼ ਕੀਤੇ।

ਉਹ ਕਹਿੰਦੇ ਹਨ, "ਇਸ ਦੇ ਉਲਟ, ਸ਼ਾਹਬਾਜ਼ ਸ਼ਰੀਫ਼ ਦਾ ਅੰਦਾਜ਼ ਗ਼ੈਰ-ਪੇਸ਼ੇਵਰ ਸੀ, ਜਿਵੇਂ ਕਿ ਉਹ ਘਰੇਲੂ ਦਰਸ਼ਕਾਂ ਨੂੰ ਸੰਬੋਧਨ ਕਰ ਰਹੇ ਹੋਣ। ਜੈਸ਼ੰਕਰ ਨੇ ਕਿਸੇ ਦਾ ਨਾਮ ਲਏ ਬਿਨਾਂ, ਸੰਯੁਕਤ ਰਾਸ਼ਟਰ ਮਹਾਸਭਾ ਦੇ ਪਲੇਟਫਾਰਮ 'ਤੇ ਭਾਰਤ ਦੀਆਂ ਵਿਸ਼ਵਵਿਆਪੀ ਚਿੰਤਾਵਾਂ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ।"

"ਇਹ ਇਸ ਮੰਚ ਦੀ ਅਸਲ ਭੂਮਿਕਾ ਹੈ। ਉਨ੍ਹਾਂ ਨੇ ਸੁਧਾਰਾਂ ਦਾ ਮੁੱਦਾ ਉਠਾਇਆ ਅਤੇ ਇਹ ਵੀ ਰੇਖਾਂਕਿਤ ਕੀਤਾ ਕਿ ਸ਼ਾਂਤੀ ਰੱਖਿਅਕ ਕਾਰਜਾਂ ਵਿੱਚ ਭਾਰਤ ਦੀ ਭੂਮਿਕਾ ਕਿੰਨੀ ਮਹੱਤਵਪੂਰਨ ਹੈ ਅਤੇ ਇਸਨੂੰ ਹੋਰ ਕਿਵੇਂ ਵਧਾਇਆ ਜਾਣਾ ਚਾਹੀਦਾ ਹੈ।"

ਸ਼ਾਹਬਾਜ਼ ਸ਼ਰੀਫ਼ ਨੇ ਕੀ ਕਿਹਾ?

ਸ਼ਾਹਬਾਜ ਸ਼ਰੀਫ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦਾ ਦਾਅਵਾ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਫੌਜ ਦੇ 'ਆਪ੍ਰੇਸ਼ਨ ਸਿੰਦੂਰ' ਵਿੱਚ ਪਾਕਿਸਤਾਨ ਵਿੱਚ ਨੌਂ ਅੱਤਵਾਦੀ ਕੈਂਪ ਤਬਾਹ ਕਰ ਦਿੱਤੇ ਗਏ ਸਨ

ਸ਼ੁੱਕਰਵਾਰ ਨੂੰ, ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸੰਯੁਕਤ ਰਾਸ਼ਟਰ ਵਿੱਚ ਆਪਣੇ ਸੰਬੋਧਨ ਦੌਰਾਨ ਕਿਹਾ, "ਪਾਕਿਸਤਾਨ ਨੇ ਆਪਣੀ ਪੂਰਬੀ ਸਰਹੱਦ 'ਤੇ ਦੁਸ਼ਮਣਾਂ ਦੀਆਂ ਭੜਕਾਹਟਾਂ ਦਾ ਜਵਾਬ ਦਿੱਤਾ ਅਤੇ ਭਾਰਤ ਨੂੰ ਪਹਿਲਗਾਮ ਹਮਲੇ ਦੀ ਨਿਰਪੱਖ ਜਾਂਚ ਦੀ ਪੇਸ਼ਕਸ਼ ਕੀਤੀ।"

ਉਨ੍ਹਾਂ ਅੱਗੇ ਕਿਹਾ, "ਪਾਕਿਸਤਾਨ ਆਪਣੇ ਸੰਸਥਾਪਕ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਗੱਲਬਾਤ ਰਾਹੀਂ ਸਾਰੇ ਮੁੱਦਿਆਂ ਨੂੰ ਹੱਲ ਕਰਨਾ ਚਾਹੁੰਦਾ ਹੈ।"

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਭਾਰਤ 'ਤੇ ਪਹਿਲਗਾਮ ਘਟਨਾ ਦਾ ਰਾਜਨੀਤਿਕ ਤੌਰ 'ਤੇ ਸ਼ੋਸ਼ਣ ਕਰਨ ਦਾ ਇਲਜ਼ਾਮ ਲਗਾਇਆ ਅਤੇ ਕਿਹਾ, "ਪਾਕਿਸਤਾਨ ਬਾਹਰੀ ਹਮਲੇ ਦੇ ਵਿਰੁੱਧ ਦ੍ਰਿੜਤਾ ਨਾਲ ਆਪਣਾ ਬਚਾਅ ਕਰੇਗਾ।"

ਉਨ੍ਹਾਂ ਕਿਹਾ ਸੀ, "ਅਸੀਂ ਭਾਰਤ ਨਾਲ ਜੰਗ ਜਿੱਤ ਲਈ ਹੈ, ਹੁਣ ਅਸੀਂ ਸ਼ਾਂਤੀ ਚਾਹੁੰਦੇ ਹਾਂ ਅਤੇ ਪਾਕਿਸਤਾਨ ਸਾਰੇ ਬਕਾਇਆਂ ਮੁੱਦਿਆਂ 'ਤੇ ਭਾਰਤ ਨਾਲ ਵਿਆਪਕ ਅਤੇ ਪ੍ਰਭਾਵਸ਼ਾਲੀ ਗੱਲਬਾਤ ਕਰਨ ਲਈ ਤਿਆਰ ਹੈ।"

ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਸੀ, "ਪਾਕਿਸਤਾਨ ਦੀ ਵਿਦੇਸ਼ ਨੀਤੀ ਆਪਸੀ ਸਤਿਕਾਰ ਅਤੇ ਸਹਿਯੋਗ 'ਤੇ ਅਧਾਰਤ ਹੈ। ਅਸੀਂ ਵਿਵਾਦਾਂ ਦਾ ਸ਼ਾਂਤੀਪੂਰਨ ਹੱਲ ਚਾਹੁੰਦੇ ਹਾਂ।"

ਸ਼ਾਹਬਾਜ਼ ਸ਼ਰੀਫ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਲਈ ਨੋਬਲ ਪੁਰਸਕਾਰ ਦੀ ਵਕਾਲਤ ਕੀਤੀ ਸੀ।

ਇਸ ਬਾਰੇ, ਉਨ੍ਹਾਂ ਸੰਯੁਕਤ ਰਾਸ਼ਟਰ ਵਿੱਚ ਕਿਹਾ, "ਜੇਕਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਤਣਾਅ ਵਿੱਚ ਦਖ਼ਲ ਨਾ ਦਿੱਤਾ ਹੁੰਦਾ, ਤਾਂ ਜੰਗ ਦੇ ਨਤੀਜੇ ਵਿਨਾਸ਼ਕਾਰੀ ਹੋ ਸਕਦੇ ਸਨ।"

ਸ਼ਾਹਬਾਜ਼ ਸ਼ਰੀਫ਼ ਨੇ ਕਿਹਾ, "ਪਾਕਿਸਤਾਨ ਅਤੇ ਭਾਰਤ ਵਿਚਕਾਰ ਜੰਗ ਰੋਕਣ ਲਈ ਟਰੰਪ ਨੋਬਲ ਸ਼ਾਂਤੀ ਪੁਰਸਕਾਰ ਦੇ ਹੱਕਦਾਰ ਹਨ।"

ਇਸ ਦੌਰਾਨ, ਭਾਰਤ ਲਗਾਤਾਰ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਹੈ ਕਿ ਕਿਸੇ ਵੀ ਤੀਜੀ ਧਿਰ ਨੇ ਭਾਰਤ-ਪਾਕਿਸਤਾਨ ਟਕਰਾਅ ਨੂੰ ਰੋਕਣ ਵਿੱਚ ਕੋਈ ਭੂਮਿਕਾ ਨਿਭਾਈ ਹੈ।

ਇੱਕ ਹਾਲੀਆ ਇੰਟਰਵਿਊ ਵਿੱਚ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਸ ਨਾਲ ਸਬੰਧਤ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕਈ ਸਾਲਾਂ ਤੋਂ ਇੱਕ ਰਾਸ਼ਟਰੀ ਸਹਿਮਤੀ ਰਹੀ ਹੈ ਕਿ ਪਾਕਿਸਤਾਨ ਨਾਲ ਸਾਡੇ ਸਾਰੇ ਮੁੱਦੇ ਆਪਸੀ ਹਨ, ਭਾਵ, ਦੁਵੱਲੇ।

ਸ਼ਾਹਬਾਜ਼ ਸ਼ਰੀਫ਼ ਵਾਰ-ਵਾਰ ਟਰੰਪ ਦਾ ਨਾਮ ਕਿਉਂ ਲੈ ਰਹੇ ਸਨ?

ਮੁਰੀਦਕੇ

ਤਸਵੀਰ ਸਰੋਤ, FAROOQ NAEEM/AFP via Getty Images

ਤਸਵੀਰ ਕੈਪਸ਼ਨ, ਭਾਰਤੀ ਫੌਜ ਦਾ ਦਾਅਵਾ ਹੈ ਕਿ 'ਆਪ੍ਰੇਸ਼ਨ ਸਿੰਦੂਰ' ਦੌਰਾਨ ਪਾਕਿਸਤਾਨ ਦੇ ਮੁਰੀਦਕੇ ਵਿੱਚ ਕਈ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਆਪਣੇ ਭਾਸ਼ਣ ਵਿੱਚ ਵਾਰ-ਵਾਰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਨਾਮ ਲੈਂਦੇ ਨਜ਼ਰ ਆਏ।

ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਸਾਬਕਾ ਸਥਾਈ ਪ੍ਰਤੀਨਿਧੀ ਮਲੀਹਾ ਲੋਧੀ ਨੇ ਇਸ ʼਤੇ ਐਕਸ 'ਤੇ ਲਿਖਿਆ, "ਪ੍ਰਧਾਨ ਮੰਤਰੀ ਸ਼ਰੀਫ਼ ਦੇ ਪੂਰੇ ਭਾਸ਼ਣ ਵਿੱਚ ਕਸ਼ਮੀਰ 'ਤੇ ਸਿਰਫ਼ ਦੋ ਵਾਕ ਅਤੇ ਟਰੰਪ ਦੀ ਪ੍ਰਸ਼ੰਸਾ ਕਰਨ ਵਾਲੇ ਸੱਤ ਵਾਕ ਸਨ, ਜੋ ਕਿ ਪਿਛਲੇ ਅਭਿਆਸ ਤੋਂ ਬਿਲਕੁਲ ਵੱਖਰਾ ਹੈ।"

ਸ਼ਰੀਫ਼ ਵੱਲੋਂ ਟਰੰਪ ਦਾ ਵਾਰ-ਵਾਰ ਜ਼ਿਕਰ ਕਰਨ ਬਾਰੇ, ਪ੍ਰੋਫੈਸਰ ਅਮਿਤਾਭ ਸਿੰਘ ਕਹਿੰਦੇ ਹਨ ਕਿ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੀ ਗੱਲ ਨੂੰ ਮਜ਼ਬੂਤ ਕਰਨ ਲਈ ਅਜਿਹਾ ਕੀਤਾ।

ਉਹ ਕਹਿੰਦੇ ਹਨ, "ਸ਼ਹਿਬਾਜ਼ ਸ਼ਰੀਫ਼ ਨੇ ਕਿਹਾ ਕਿ ਟਰੰਪ ਨੇ ਜੰਗ ਰੁਕਵਾਈ, ਜਦਕਿ ਭਾਰਤ ਇਹ ਨਹੀਂ ਮੰਨਦਾ ਕਿ ਕੋਈ ਵਿਚੋਲਗੀ ਹੋਈ ਸੀ। ਪਾਕਿਸਤਾਨ ਨੇ ਤਾਂ ਉਨ੍ਹਾਂ ਨੂੰ 'ਗਲੋਬਲ ਸ਼ਾਂਤੀ ਦੂਤ' ਅਤੇ 'ਸਟੈਟਸਮੈਨ' ਤੱਕ ਕਹਿ ਦਿੱਤਾ। ਪਰ ਭਾਰਤ ਉਨ੍ਹਾਂ ਦਾ ਨਾਮ ਕਿਉਂ ਲਵੇਗਾ? ਭਾਰਤ ਨੇ ਉਨ੍ਹਾਂ ਨਾਲ ਜੰਗ ਰੋਕਣ ਬਾਰੇ ਗੱਲ ਵੀ ਨਹੀਂ ਕੀਤੀ।"

ਅਮਿਤਾਭ ਸਿੰਘ ਕਹਿੰਦੇ ਹਨ, "ਦਰਅਸਲ, ਟਰੰਪ ਇਸ ਗੱਲ ਤੋਂ ਵੀ ਨਾਰਾਜ਼ ਹਨ ਕਿ ਭਾਰਤ ਉਨ੍ਹਾਂ ਦਾ ਨਾਮ ਨਹੀਂ ਲੈ ਰਿਹਾ। ਪਾਕਿਸਤਾਨ ਇਹ ਦਿਖਾਉਣ ਲਈ ਇਹ ਖੇਡ ਖੇਡ ਰਿਹਾ ਹੈ ਕਿ ਉਹ ਟਰੰਪ ਦੇ ਨੇੜੇ ਹੈ, ਜਦੋਂ ਕਿ ਉਨ੍ਹਾਂ ਦਾ ਬਿਆਨ ਤੱਥਾਂ ਦੇ ਉਲਟ ਹੈ।"

ਭਾਰਤ ਦਾ ਜਵਾਬ ਚਰਚਾ ਵਿੱਚ ਰਿਹਾ ਸੀ

ਸੰਯੁਕਤ ਰਾਸ਼ਟਰ

ਤਸਵੀਰ ਸਰੋਤ, UN

ਤਸਵੀਰ ਕੈਪਸ਼ਨ, ਦੁਨੀਆ ਭਰ ਦੇ ਦੇਸ਼ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਗਲੋਬਲ ਮੁੱਦਿਆਂ 'ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹਨ

ਸੰਯੁਕਤ ਰਾਸ਼ਟਰ ਵਿੱਚ ਭਾਰਤੀ ਡਿਪਲੋਮੈਟ, ਪੇਟਲ ਗਹਿਲੋਤ ਨੇ ਭਾਰਤ ਦੇ ʼਰਾਈਟ ਟੂ ਰਿਪਲਾਈʼ ਦੇ ਹੱਕ ਦੀ ਵਰਤੋਂ ਕਰਦਿਆਂ ਹੋਇਆ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਭਾਸ਼ਣ ਦਾ ਜਵਾਬ ਦਿੱਤਾ ਸੀ।

ਪੇਟਲ ਨੇ ਕਿਹਾ, "ਜੇਕਰ ਤਬਾਹ ਹੋਇਆ ਰਨਵੇਅ ਅਤੇ ਸੜਿਆ ਹੋਇਆ ਹੈਂਗਰ ਜਿੱਤ ਹੈ, ਤਾਂ ਪਾਕਿਸਤਾਨ ਖੁਸ਼ੀ ਮਨਾ ਸਕਦਾ ਹੈ।"

ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਨੇ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ, ਜਿਸ ਨਾਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਸ਼ੁਰੂ ਹੋ ਗਿਆ ਸੀ।

ਸ਼ਾਹਬਾਜ਼ ਸ਼ਰੀਫ਼ ਇਸ ਟਕਰਾਅ ਵਿੱਚ ਪਾਕਿਸਤਾਨ ਦੀ ਜਿੱਤ ਦਾ ਦਾਅਵਾ ਕਰ ਰਹੇ ਸਨ।

ਇਸ ਬਿਆਨ ਤੋਂ ਬਾਅਦ, ਸ਼ਨੀਵਾਰ ਸਵੇਰ ਤੋਂ ਹੀ ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੀ ਫਰਸਟ ਸੈਕਰੇਟਰੀ ਪੇਟਲ ਗਹਿਲੋਤ ਕਾਫ਼ੀ ਚਰਚਾ ਹੋ ਰਹੀ ਹੈ।

ਸ਼ਾਹਬਾਜ਼ ਸ਼ਰੀਫ਼ ਦੇ ਭਾਸ਼ਣ ਦਾ ਜਵਾਬ ਦਿੰਦੇ ਹੋਏ, ਪੇਟਲ ਗਹਿਲੋਤ ਨੇ ਕਿਹਾ ਸੀ, "ਇਸ ਸਭਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਬੇਤੁਕੇ ਡਰਾਮੇ ਦੇਖੇ ਹਨ, ਜਿਨ੍ਹਾਂ ਨੇ ਇੱਕ ਵਾਰ ਫਿਰ ਅੱਤਵਾਦ ਦੀ ਵਡਿਆਈ ਕੀਤੀ, ਜੋ ਕਿ ਉਨ੍ਹਾਂ ਦੀ ਵਿਦੇਸ਼ ਨੀਤੀ ਮੂਲ ਹਿੱਸਾ ਹੈ।"

ਉਨ੍ਹਾਂ ਨੇ ਕਿਹਾ ਹੈ ਕਿ ਨਾਟਕ ਅਤੇ ਝੂਠ ਦਾ ਕੋਈ ਵੀ ਪੱਧਰ ਸੱਚਾਈ ਨੂੰ ਲੁਕਾ ਨਹੀਂ ਸਕਦਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)