ਅਮਰੀਕਾ ’ਚ ਇੱਕ ਸਾਲ ਪੁਰਾਣੇ ਕੇਸ 'ਚ ਪੰਜਾਬੀ ਡਰਾਈਵਰ ਗ੍ਰਿਫ਼ਤਾਰ, ਯੂਐੱਸ ਨੇ ਗੈਰ-ਨਾਗਰਿਕਾਂ ਨੂੰ ਲਾਈਸੈਂਸ ਦੇਣ ਦੇ ਕਿਹੜੇ ਨਿਯਮ ਸਖ਼ਤ ਕੀਤੇ

ਹੋਮਲੈਂਡ ਸਕਿਊਰਟੀ ਵਿਭਾਗ ਮੁਤਾਬਕ ਪ੍ਰਤਾਪ ਸਿੰਘ ਨੇ ਅਕਤੂਬਰ 2022 ਵਿੱਚ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਦਾਖਲ ਹੋਣ ਲਈ ਬਾਰਡਰ ਪਾਰ ਕੀਤੀ ਸੀ

ਤਸਵੀਰ ਸਰੋਤ, Homeland Security

ਤਸਵੀਰ ਕੈਪਸ਼ਨ, ਹੋਮਲੈਂਡ ਸਕਿਊਰਟੀ ਵਿਭਾਗ ਮੁਤਾਬਕ ਪ੍ਰਤਾਪ ਸਿੰਘ ਨੇ ਅਕਤੂਬਰ 2022 ਵਿੱਚ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਦਾਖਲ ਹੋਣ ਲਈ ਬਾਰਡਰ ਪਾਰ ਕੀਤੀ ਸੀ
    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕਾ ਵਿੱਚ ਇੱਕ ਹੋਰ ਪੰਜਾਬੀ ਡਰਾਈਵਰ ਪ੍ਰਤਾਪ ਸਿੰਘ ਨੂੰ ਕਰੀਬ ਇੱਕ ਸਾਲ ਪੁਰਾਣੇ ਸੜਕੀ ਹਾਦਸੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਗ੍ਰਿਫ਼ਤਾਰੀ ਡਰਾਈਵਰ ਹਰਜਿੰਦਰ ਸਿੰਘ ਨੂੰ ਕਥਿਤ ਤੌਰ ਉੱਤੇ 'ਲਾਪਰਵਾਹੀ' ਨਾਲ ਟਰੱਕ ਚਲਾਉਣ ਲਈ ਫੜੇ ਜਾਣ ਤੋਂ ਲਗਭਗ ਇੱਕ ਮਹੀਨਾ ਬਾਅਦ ਕੀਤੀ ਗਈ ਹੈ।

ਅਮਰੀਕਾ ਦੇ ਹੋਮਲੈਂਡ ਸਕਿਊਰਟੀ ਵਿਭਾਗ ਵੱਲੋਂ ਆਪਣੇ ਤਾਜ਼ਾ ਬਿਆਨ ਵਿੱਚ ਕਿਹਾ ਹੈ ਕਿ ਪ੍ਰਤਾਪ ਸਿੰਘ ਦੇ ਕਾਰਨ ਹੋਏ ਇੱਕ ਹਾਦਸੇ ਵਿੱਚ ਇੱਕ ਪੰਜ ਸਾਲਾਂ ਬੱਚੀ ਬੁਰੀ ਤਰ੍ਹਾਂ ਜ਼ਖਮੀ ਹੋਈ ਸੀ ਅਤੇ ਇਸ ਮਾਮਲੇ ਵਿੱਚ ਪ੍ਰਤਾਪ ਸਿੰਘ ਨੂੰ ਗ੍ਰਿਫ਼ਤਾਰ ਕੀਤੀ ਗਿਆ ਹੈ।

ਹੋਮਲੈਂਡ ਸਕਿਓਰਟੀ ਵਿਭਾਗ ਮੁਤਾਬਕ ਪ੍ਰਤਾਪ ਸਿੰਘ ਨੇ ਅਕਤੂਬਰ 2022 ਵਿੱਚ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਦਾਖਲ ਹੋਣ ਲਈ ਬਾਰਡਰ ਪਾਰ ਕੀਤੀ ਸੀ ਅਤੇ ਬਾਇਡਨ ਪ੍ਰਸਾਸ਼ਨ ਵੱਲੋਂ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ।

ਵਿਭਾਗ ਮੁਤਾਬਕ 29 ਅਗਸਤ 2025 ਨੂੰ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਨੇ ਪ੍ਰਤਾਪ ਸਿੰਘ ਨੂੰ ਫ੍ਰੈਜ਼ਨੋ, ਕੈਲੀਫ਼ੋਰਨੀਆ ਵਿੱਚ ਵਾਰੰਟ ਤਹਿਤ ਗ੍ਰਿਫ਼ਤਾਰ ਕੀਤਾ ਸੀ ਅਤੇ ਹੁਣ ਉਹ ਉੱਦੋਂ ਤੱਕ ਆਈਸੀਈ ਦੀ ਹਿਰਾਸਤ ਵਿੱਚ ਰਹੇਗਾ ਜਦ ਤੱਕ ਇਮੀਗ੍ਰੇਸ਼ਨ ਕਾਰਵਾਈਆਂ ਚੱਲ ਰਹੀਆਂ ਹਨ।

ਬਿਆਨ ਮੁਤਾਬਕ 20 ਜੂਨ, 2024 ਨੂੰ ਪ੍ਰਤਾਪ ਸਿੰਘ, ਜੋ ਕਿ ਭਾਰਤ ਤੋਂ ਆਇਆ ਇੱਕ ਗੈਰ-ਕਾਨੂੰਨੀ ਪਰਵਾਸੀ ਹੈ, ਉਸ ਨੇ ਕੈਲੀਫ਼ੋਰਨੀਆ ਵਿੱਚ ਕਮਰਸ਼ੀਅਲ 18-ਵ੍ਹੀਲਰ ਟਰੱਕ ਚਲਾਉਂਦੇ ਹੋਏ ਕਈ ਵਾਹਨਾਂ ਦੀ ਟੱਕਰ ਕਰਵਾ ਦਿੱਤੀ ਸੀ। ਗਵਰਨਰ ਨਿਊਸਮ ਦੇ ਡਿਪਾਰਟਮੈਂਟ ਆਫ ਮੋਟਰ ਵ੍ਹੀਕਲਜ਼ ਨੇ ਉਸ ਨੂੰ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਾਰੀ ਕੀਤਾ ਸੀ।

ਜਾਣਕਾਰੀ ਮੁਤਾਬਕ ਪੀੜਤ ਬੱਚੀ ਦੇ ਪੱਟ ਦੀ ਹੱਡੀ ਟੁੱਟ ਗਈ, ਖੋਪੜੀ 'ਚ ਦਰਾਰਾਂ ਆਈਆਂ ਅਤੇ ਹੁਣ ਉਹ ਡਾਈਪਲੇਜਿਕ ਸਿਰੇਬ੍ਰਲ ਪਾਲਸੀ ਨਾਲ ਪੀੜਤ ਹੈ।

ਤਸਵੀਰ ਸਰੋਤ, Homeland Security

ਤਸਵੀਰ ਕੈਪਸ਼ਨ, ਜਾਣਕਾਰੀ ਮੁਤਾਬਕ ਪੀੜਤ ਬੱਚੀ ਦੇ ਪੱਟ ਦੀ ਹੱਡੀ ਟੁੱਟ ਗਈ, ਖੋਪੜੀ 'ਚ ਦਰਾਰਾਂ ਆਈਆਂ ਅਤੇ ਹੁਣ ਉਹ ਡਾਈਪਲੇਜਿਕ ਸਿਰੇਬ੍ਰਲ ਪਾਲਸੀ ਨਾਲ ਪੀੜਤ ਹੈ।

'ਉਹ ਨਾ ਤੁਰ ਸਕਦੀ ਹੈ, ਨਾ ਬੋਲ ਸਕਦੀ ਹੈ'

ਹੋਮਲੈਂਡ ਸਕਿਓਰਟੀ ਵਿਭਾਗ ਮੁਤਾਬਕ ਪ੍ਰਤਾਪ ਸਿੰਘ ਅਸੁਰੱਖਿਅਤ ਰਫ਼ਤਾਰ ਉਪਰ ਟਰੱਕ ਚਲਾ ਰਿਹਾ ਸੀ।

ਸਕਿਓਰਟੀ ਵਿਭਾਗ ਨੇ ਬੱਚੀ ਦੇ ਪਿਤਾ ਦਾ ਵੇਰਵਾ ਦਿੰਦਿਆ ਲਿਖਿਆ, ''ਇਸ ਟੱਕਰ ਕਾਰਨ ਉਹਨਾਂ ਦੀ 5 ਸਾਲਾਂ ਧੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ, ਜਿਸ ਨੂੰ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ। ਕਈ ਹੋਰ ਵਿਅਕਤੀਆਂ ਨੂੰ ਵੀ ਜ਼ਖ਼ਮੀ ਹੋਣ ਕਾਰਨ ਹਸਪਤਾਲ ਲਿਜਾਇਆ ਗਿਆ ਸੀ।"

ਵਿਭਾਗ ਨੇ ਆਪਣੇ ਪ੍ਰੈਸ ਨੋਟ ਵਿੱਚ ਪਿਤਾ ਦੇ ਬਿਆਨ ਨੂੰ ਲਿਖਦਿਆਂ ਕਿਹਾ, "ਇਸ ਹਾਦਸੇ ਕਾਰਨ ਉਹ ਨਾ ਤਾਂ ਹੁਣ ਤੁਰ ਸਕਦੀ ਹੈ, ਨਾ ਬੋਲ ਸਕਦੀ ਹੈ, ਨਾ ਮੂੰਹ ਰਾਹੀਂ ਖਾਣਾ ਖਾ ਸਕਦੀ ਹੈ, ਅਤੇ ਨਾ ਹੀ ਆਪਣੀ ਯੋਜਨਾ ਅਨੁਸਾਰ ਕਿੰਡਰਗਾਰਡਨ ਜਾ ਸਕੀ।"

"ਉਹ ਤਿੰਨ ਹਫ਼ਤੇ ਤੱਕ ਕੋਮਾ ਵਿੱਚ ਰਹੀ ਅਤੇ ਉਸ ਨੂੰ ਘਰ ਲਿਆਂਦੇ ਜਾਣ ਤੋਂ ਪਹਿਲਾਂ ਛੇ ਮਹੀਨੇ ਤੱਕ ਹਸਪਤਾਲ ਵਿੱਚ ਇਲਾਜ ਚਲਦਾ ਰਿਹਾ।"

ਜਾਣਕਾਰੀ ਮੁਤਾਬਕ ਉਸ ਦੇ ਪੱਟ ਦੀ ਹੱਡੀ ਟੁੱਟ ਗਈ, ਖੋਪੜੀ 'ਚ ਦਰਾਰਾਂ ਆਈਆਂ ਅਤੇ ਹੁਣ ਉਹ ਡਾਈਪਲੇਜਿਕ ਸਿਰੇਬ੍ਰਲ ਪਾਲਸੀ ਨਾਲ ਪੀੜਤ ਹੈ। ਉਸ ਨੂੰ ਸਾਰੀ ਉਮਰ ਥੈਰਪੀ ਦੀ ਲੋੜ ਹੋਵੇਗੀ।

ਅਮਰੀਕਾ

ਅਮਰੀਕਾ ਨੇ ਗੈਰ-ਨਾਗਰਿਕਾਂ ਲਈ ਲਾਇਸੈਂਸ ਦੇ ਨਿਯਮ ਕੀਤੇ ਸਖ਼ਤ

ਅਮਰੀਕਾ ਦੇ ਆਵਾਜਾਈ ਵਿਭਾਗ ਨੇ ਗੈਰ- ਅਮਰੀਕੀ ਨਾਗਰਿਕਾਂ ਲਈ ਵਪਾਰਕ ਡਰਾਈਵਿੰਗ ਲਾਇਸੈਂਸ ਲੈਣ ਦੇ ਨਿਯਮ ਸਖਤ ਕਰ ਦਿੱਤੇ ਹਨ।

ਸ਼ੁੱਕਰਵਾਰ ਨੂੰ ਅਮਰੀਕੀ ਆਵਾਜਾਈ ਸਕੱਤਰ ਸੀਨ ਪੀ ਡਫੀ ਨੇ ਇੱਕ ਐਮਰਜੈਂਸੀ ਕਾਰਵਾਈ ਦਾ ਐਲਾਨ ਕੀਤਾ ਹੈ। ਇਸ ਵਿੱਚ ਗੈਰ-ਨਿਵਾਸੀ ਲਈ ਵਪਾਰਕ ਸਿਖਲਾਈ ਪਰਮਿਟ (CLPs) ਅਤੇ ਵਪਾਰਕ ਡਰਾਈਵਰ ਲਾਇਸੈਂਸ (CDLs) ਲਈ ਯੋਗ ਵਿਅਕਤੀ ਦੇ ਦਾਇਰੇ ਨੂੰ ਪੂਰੀ ਤਰ੍ਹਾਂ ਸੀਮਤ ਕੀਤਾ ਜਾਵੇਗਾ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਨਵੇਂ ਨਿਯਮ ਖ਼ਤਰਨਾਕ ਕਮੀਆਂ ਦਾ ਰਾਹ ਬੰਦ ਕਰਦਾ ਹੈ ਅਤੇ ਸੂਬਿਆਂ ਨੂੰ ਜਵਾਬਦੇਹ ਬਣਾਉਂਦਾ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਲੋਰਾਡੋ, ਪੈਨਸਿਲਵੇਨੀਆ, ਦੱਖਣੀ ਡਕੋਟਾ, ਟੈਕਸਾਸ, ਅਤੇ ਵਾਸ਼ਿੰਗਟਨ ਨੂੰ ਵੀ ਉਨ੍ਹਾਂ ਸੂਬਿਆਂ ਵਜੋਂ ਦਰਸਾਇਆ ਗਿਆ ਹੈ ਜਿਥੇ ਸੀਡੀਐੱਲ ਜਾਰੀ ਕਰਨ ਦੇ ਤਰੀਕੇ ਸੰਘੀ ਨਿਯਮਾਂ ਦੇ ਅਨੁਕੂਲ ਨਹੀਂ ਹਨ।

ਹਲਾਂਕਿ, ਕੈਲੀਫੋਰਨੀਆ ਨੇ ਆਪਣਾ ਬਚਾਅ ਕੀਤਾ ਹੈ ਅਤੇ ਗਵਰਨਰ ਗੈਵਿਨ ਨਿਊਸਮ ਦੇ ਬੁਲਾਰੇ ਨੇ ਡਫੀ ਦੇ ਤਾਜ਼ਾ ਹਮਲੇ ਨੂੰ ਖਾਰਜ ਕੀਤਾ ਹੈ।

ਖ਼ਬਰ ਏਜੰਸੀ ਏਪੀ ਮੁਤਾਬਕ ਬੁਲਾਰੇ ਡਾਇਨਾ ਕਰੌਫਟਸ-ਪੇਲਾਯੋ ਨੇ ਕਿਹਾ ਕਿ ਕੈਲੀਫੋਰਨੀਆ ਦੇ ਵਪਾਰਕ ਡਰਾਈਵਿੰਗ ਲਾਇਸੈਂਸ ਧਾਰਕਾਂ ਵਿੱਚ ਰਾਸ਼ਟਰੀ ਔਸਤ ਅਤੇ ਟੈਕਸਾਸ ਔਸਤ ਦੋਵਾਂ ਨਾਲੋਂ ਹਾਦਸਿਆਂ ਦੀ ਦਰ ਕਾਫ਼ੀ ਘੱਟ ਹੈ, ਜੋ ਕਿ ਇੱਕੋ ਇੱਕ ਸੂਬਾ ਹੈ ਜਿੱਥੇ ਵਧੇਰੇ ਲਾਇਸੈਂਸਸ਼ੁਦਾ ਵਪਾਰਕ ਡਰਾਈਵਰ ਹਨ।

ਹਰੇਕ ਨਵੀਨੀਕਰਨ ਸਮੇਂ ਬਿਨੈਕਾਰ ਨੂੰ ਵਿਅਕਤੀਗਤ ਤੌਰ 'ਤੇ ਮੌਜੂਦ ਹੋਣਾ ਜ਼ਰੂਰੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਾਈਸੈਂਸ ਦੇ ਹਰੇਕ ਨਵੀਨੀਕਰਨ ਸਮੇਂ ਬਿਨੈਕਾਰ ਨੂੰ ਵਿਅਕਤੀਗਤ ਤੌਰ 'ਤੇ ਮੌਜੂਦ ਹੋਣਾ ਜ਼ਰੂਰੀ ਹੈ

ਨਵੇਂ ਨਿਯਮ ਮੁਤਾਬਕ ਕੀ ਹੋਵੇਗਾ?

ਨਵੇਂ ਨਿਯਮ ਅਨੁਸਾਕ ਗੈਰ-ਡੋਮਿਸਾਈਲਡ ਸੀਐੱਲਪੀ ਅਤੇ ਸੀਡੀਐੱਲ ਲਈ ਯੋਗ ਵਿਅਕਤੀਆਂ ਦੀ ਸੀਮਾ ਉਹਨਾਂ ਵਿਦੇਸ਼ੀ ਵਿਅਕਤੀਆਂ ਤੱਕ ਰੱਖੀ ਜਾਂਦੀ ਹੈ ਜੋ ਸੰਯੁਕਤ ਰਾਜ ਅਮਰੀਕਾ ਵਿੱਚ ਕਾਨੂੰਨੀ ਦਰਜੇ ਨਾਲ ਕੁਝ ਨਿਯਮਤ ਰੋਜ਼ਗਾਰ-ਅਧਾਰਤ ਅਤੇ ਗੈਰ-ਇਮੀਗ੍ਰੈਂਟ ਸ਼੍ਰੇਣੀਆਂ ਵਿੱਚ ਹਨ।

  • ਗੈਰ-ਨਾਗਰਿਕ ਬਿਨੈਕਾਰ ਤੋਂ ਇਹ ਮੰਗ ਕੀਤੀ ਜਾਵੇਗੀ ਕਿ ਉਹ ਹਰ ਸੀਐੱਲਪੀ/ਸੀਡੀਐੱਲ ਜਾਰੀ ਕਰਨ, ਟਰਾਂਸਫਰ, ਨਵੀਨੀਕਰਨ ਜਾਂ ਅੱਪਗ੍ਰੇਡ ਦੇ ਸਮੇਂ ਮਿਆਦ ਨਾ ਪੁੱਗਿਆ ਹੋਇਆ ਵਿਦੇਸ਼ੀ ਪਾਸਪੋਰਟ ਅਤੇ ਮਿਆਦ ਨਾ ਪੁੱਗਿਆ ਫਾਰਮ I-94 ਜਾਂ I-94A ਦੇਵੇ। ਇਸ ਵਿੱਚ ਕਿਸੇ ਨਿਰਧਾਰਤ ਰੋਜ਼ਗਾਰ ਅਧਾਰਤ ਗੈਰ-ਇਮੀਗ੍ਰੈਂਟ ਸ਼੍ਰੇਣੀ ਜਿਵੇਂ H2-B, H2-A, ਜਾਂ E-2 ਵੀਜ਼ਾ ਦਾ ਵੇਰਵਾ ਹੋਵੇ।
  • ਸਟੇਟ ਡਰਾਈਵਰ ਲਾਇਸੈਂਸਿੰਗ ਏਜੰਸੀਆਂ ਨੂੰ ਘੱਟੋ-ਘੱਟ ਦੋ ਸਾਲਾਂ ਲਈ ਅਰਜ਼ੀ ਵਾਲੇ ਦਸਤਾਵੇਜ਼ਾਂ ਦੀਆਂ ਕਾਪੀਆਂ ਰੱਖਣ ਦੀ ਲੋੜ ਹੈ।
  • ਹਰੇਕ ਨਵੀਨੀਕਰਨ ਸਮੇਂ ਬਿਨੈਕਾਰ ਨੂੰ ਵਿਅਕਤੀਗਤ ਤੌਰ 'ਤੇ ਮੌਜੂਦ ਹੋਣਾ ਜ਼ਰੂਰੀ ਹੈ।

ਅਮਰੀਕੀ ਆਵਾਜਾਈ ਸਕੱਤਰ ਸੀਨ ਪੀ. ਡਫੀ ਨੇ ਕਿਹਾ, "80,000 ਪੌਂਡ ਦੇ ਇੱਕ ਵੱਡੇ ਟਰੱਕ ਨੂੰ ਚਲਾਉਣ ਲਈ ਲਾਇਸੈਂਸ ਖਤਰਨਾਕ ਵਿਦੇਸ਼ੀ ਡਰਾਈਵਰਾਂ ਨੂੰ ਜਾਰੀ ਕੀਤੇ ਜਾ ਰਹੇ ਹਨ ਜੋ ਅਕਸਰ ਗੈਰ-ਕਾਨੂੰਨੀ ਹੁੰਦੇ ਹਨ।। ਇਹ ਸੜਕ 'ਤੇ ਹਰੇਕ ਪਰਿਵਾਰ ਦੀ ਸੁਰੱਖਿਆ ਲਈ ਸਿੱਧਾ ਖ਼ਤਰਾ ਹੈ ਅਤੇ ਮੈਂ ਇਸਦਾ ਸਮਰਥਨ ਨਹੀਂ ਕਰਾਂਗਾ।”

“ਅੱਜ ਦੀਆਂ ਕਾਰਵਾਈਆਂ ਅਸੁਰੱਖਿਅਤ ਵਿਦੇਸ਼ੀ ਡਰਾਈਵਰਾਂ ਨੂੰ ਆਪਣੇ ਲਾਇਸੈਂਸ ਨੂੰ ਨਵਿਆਉਣ ਤੋਂ ਰੋਕਣਗੀਆਂ ਅਤੇ ਸੂਬਿਆਂ ਨੂੰ ਗਲਤ ਤਰੀਕੇ ਨਾਲ ਜਾਰੀ ਕੀਤੇ ਲਾਇਸੈਂਸਾਂ ਨੂੰ ਤੁਰੰਤ ਰੱਦ ਕਰਨ ਲਈ ਜਵਾਬਦੇਹ ਬਣਾਉਣਗੀਆਂ।"

ਹਰਜਿੰਦਰ ਸਿੰਘ ਦਾ ਕੀ ਮਾਮਲਾ ਸੀ?

ਹਰਜਿੰਦਰ ਸਿੰਘ ਮੈਕਸੀਕੋ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਸਾਲ 2018 ਵਿੱਚ ਅਮਰੀਕਾ ਦਾਖ਼ਲ ਹੋਇਆ ਸੀ।

ਤਸਵੀਰ ਸਰੋਤ, TikTok/GuruBatth5

ਤਸਵੀਰ ਕੈਪਸ਼ਨ, ਹਰਜਿੰਦਰ ਸਿੰਘ ਮੈਕਸੀਕੋ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਸਾਲ 2018 ਵਿੱਚ ਅਮਰੀਕਾ ਦਾਖ਼ਲ ਹੋਇਆ ਸੀ।

ਪੰਜਾਬ ਦੇ ਤਰਨਤਾਰਨ ਨਾਲ ਸਬੰਧਿਤ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਟਰੱਕ ਹਾਦਸੇ ਵਿੱਚ 12 ਅਗਸਤ ਨੂੰ 3 ਲੋਕ ਮਾਰੇ ਗਏ ਸਨ।

ਹਰਜਿੰਦਰ ਸਿੰਘ ਮੈਕਸੀਕੋ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਸਾਲ 2018 ਵਿੱਚ ਅਮਰੀਕਾ ਦਾਖ਼ਲ ਹੋਇਆ ਸੀ।

ਫਲੋਰੀਡਾ ਹਾਈਵੇਅ ਸੇਫਟੀ ਐਂਡ ਮੋਟਰ ਵ੍ਹੀਕਲਜ਼ ਡਿਪਾਰਟਮੈਂਟ ਵੱਲੋਂ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਸੀ ਕਿ ਉਸ ਦਾ ਹਾਦਸਾ ਇੱਕ ਮਿੰਨੀ ਵੈਨ ਅਤੇ ਸੈਮੀ-ਟਰੱਕ ਵਿਚਕਾਰ ਹੋਇਆ ਸੀ।

"ਜਾਂਚ ਵਿੱਚ ਪਾਇਆ ਗਿਆ ਹੈ ਕਿ ਇਹ ਪ੍ਰਤੱਖ ਹੈ ਕਿ ਸੈਮੀ-ਟਰੱਕ ਦਾ ਡਰਾਈਵਰ ਲਾਪਰਵਾਹੀ ਨਾਲ ਚਲਾ ਰਿਹਾ ਅਤੇ ਅਜਿਹੀ ਥਾਂ ਤੋਂ ਯੂ-ਟਰਨ ਲੈ ਰਿਹਾ ਸੀ ਜਿਸ ਨੂੰ ਸਿਰਫ਼ ਐਮਰਜੈਂਸੀ ਜਾਂ ਪੁਲਿਸ ਦੇ ਵਾਹਨ ਹੀ ਵਰਤ ਸਕਦੇ ਹਨ।"

ਇਸ ਹਾਦਸੇ ਮਗਰੋਂ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਡਰਾਈਵਿੰਗ ਲਾਇਸੈਂਸ ਦਿੱਤੇ ਜਾਣ ਦਾ ਮੁੱਦਾ ਚਰਚਾ ਵਿੱਚ ਆਇਆ ਸੀ।

ਇਹ ਮਾਮਲਾ ਜਲਦੀ ਹੀ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਅਤੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵਿਚਕਾਰ ਇੱਕ ਜਨਤਕ ਤਕਰਾਰ ਵਿੱਚ ਬਦਲ ਗਿਆ ਸੀ।

ਕੀ ਇਸ ਨਾਲ ਟਰੱਕ ਡਰਾਈਵਰਾਂ ਦੀ ਘਾਟ ਵਧੇਗੀ?


ਡਫੀ ਦਾ ਕਹਿਣਾ ਹੈ ਕਿ ਉਹ ਸੋਚਦੇ ਹਨ ਕਿ ਸਾਰਾ ਭਾਰ ਚੁੱਕਣ ਲਈ ਅਮਰੀਕੀ ਡਰਾਈਵਰ ਕਾਫ਼ੀ ਹਨ।

ਤਸਵੀਰ ਸਰੋਤ, getty

ਤਸਵੀਰ ਕੈਪਸ਼ਨ, ਡਫੀ ਦਾ ਕਹਿਣਾ ਹੈ ਕਿ ਉਹ ਸੋਚਦੇ ਹਨ ਕਿ ਸਾਰਾ ਭਾਰ ਚੁੱਕਣ ਲਈ ਅਮਰੀਕੀ ਡਰਾਈਵਰ ਕਾਫ਼ੀ ਹਨ।

ਏਪੀ ਅਨੁਸਾਰ ਅਮਰੀਕਾ ਦੀਆਂ ਸੜਕਾਂ 'ਤੇ 200,000 ਗੈਰ-ਨਾਗਰਿਕ ਟਰੱਕ ਡਰਾਈਵਰ ਹਨ। ਇਹ ਸਾਰੇ ਵਪਾਰਕ ਡਰਾਈਵਰਾਂ ਦਾ ਲਗਭਗ 5% ਹਨ।

ਡਫੀ ਦਾ ਕਹਿਣਾ ਹੈ ਕਿ ਉਹ ਸੋਚਦੇ ਹਨ ਕਿ ਸਾਰਾ ਭਾਰ ਚੁੱਕਣ ਲਈ ਅਮਰੀਕੀ ਡਰਾਈਵਰ ਕਾਫ਼ੀ ਹਨ।

ਨਿਊ ਜਰਸੀ ਦੇ ਲਿੰਡਨ ਵਿੱਚ ਡਰਾਈਵਿੰਗ ਅਕੈਡਮੀ ਦੇ ਸੰਸਥਾਪਕ ਜੋਨਾਥਨ ਮਾਰਕ ਕਹਿੰਦੇ ਹਨ ਕਿ ਇਸ ਕਿੱਤੇ ਤੋਂ ਗੈਰ-ਨਾਗਰਿਕ ਡਰਾਈਵਰਾਂ ਨੂੰ ਹਟਾਉਣ ਨਾਲ ਟਰੱਕਿੰਗ ਕੰਪਨੀਆਂ ਨੂੰ ਐਂਟਰੀ-ਲੈਵਲ ਓਪਰੇਟਰਾਂ ਲਈ ਤਨਖਾਹ ਵਧਾਉਣ ਪੈ ਸਕਦੀ ਹੈ ਅਤੇ ਇਹ ਨੌਕਰੀ ਲੱਭਣ ਵਾਲਿਆਂ ਨੂੰ ਆਕਰਸ਼ਿਤ ਵੀ ਕਰੇਗਾ।"

ਪੰਜਾਬ ਦੇ ਰਹਿਣ ਵਾਲੇ ਅਤੇ ਅਮਰੀਕਾ ਵਿੱਚ ਡਰਾਈਵਰੀ ਕਰਦੇ ਹਰਪ੍ਰੀਤ ਸ਼ਰਮਾ ਨੇ ਬੀਬੀਸੀ ਪੰਜਾਬੀ ਨੂੰ ਕਿਹਾ ਕਿ ਟਰੰਪ ਪ੍ਰਸਾਸ਼ਨ ਵੱਲੋਂ ਕੀਤੀਆਂ ਜਾ ਰਹੀਆਂ ਸਖਤਾਈਆਂ ਵਿਰੁੱਧ ਟਰੱਕ ਡਰਾਈਵਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਉਹਨਾਂ ਕਿਹਾ, "ਲਾਈਸੈਂਸ ਦੇਣ ਵਿੱਚ ਸਖਤੀ, ਛਾਪੇਮਾਰੀਆਂ ਅਤੇ ਡਰਾਈਵਰਾਂ ਨੂੰ ਪਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਵਿਰੁੱਧ ਰੋਸ ਵੱਧ ਰਿਹਾ ਹੈ ਜਿਸ ਖ਼ਿਲਾਫ਼ ਟਰੱਕ ਚਾਲਕ ਇਕੱਠੇ ਹੋ ਰਹੇ ਹਨ।"