ਕੀ ਟਰੰਪ ਨਾਲ ਮੋੋਦੀ ਦੀ ਦੋਸਤੀ ਫਿੱਕੀ ਪੈ ਗਈ ਹੈ, ਆਸਿਮ ਮੁਨੀਰ ਦਾ ਵ੍ਹਾਈਟ ਹਾਊਸ ਵਿੱਚ ਲੰਚ ਕਿਸ ਗੱਲ ਦਾ ਸੰਕੇਤ ਹੋ ਸਕਦਾ

ਤਸਵੀਰ ਸਰੋਤ, Getty Images
- ਲੇਖਕ, ਪ੍ਰੇਰਣਾ
- ਰੋਲ, ਬੀਬੀਸੀ ਪੱਤਰਕਾਰ
ਹਰ ਕੋਈ ਜਾਣਦਾ ਹੈ ਕਿ 2014 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਆਸੀ ਕਰੀਅਰ ਵਿੱਚ ਕਿੰਨਾ ਫ਼ੈਸਲਾਕੁੰਨ ਸਾਲ ਰਿਹਾ। ਇਸ ਸਾਲ ਉਹ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ, ਭਾਰਤ ਦੇ ਪ੍ਰਧਾਨ ਮੰਤਰੀ ਚੁਣੇ ਗਏ।
ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ 2014 ਦਾ ਸਾਲ ਨਾ ਸਿਰਫ਼ ਉਨ੍ਹਾਂ ਦੇ ਸਿਆਸੀ ਸਫ਼ਰ ਨੂੰ ਨਵੀਆਂ ਬੁਲੰਦੀਆਂ 'ਤੇ ਲੈ ਗਿਆ ਸਗੋਂ ਇਸੇ ਸਾਲ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਉਨ੍ਹਾਂ ਦੀ ਦੋਸਤੀ ਦੀ ਨੀਂਹ ਵੀ ਰੱਖੀ ਗਈ।
ਉਸ ਵੇਲੇ ਡੌਨਲਡ ਟਰੰਪ ਇੱਕ ਰੀਅਲ ਅਸਟੇਟ ਕਾਰੋਬਾਰੀ ਵਜੋਂ ਜਾਣੇ ਜਾਂਦੇ ਸਨ।
ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬੈਠਿਆਂ ਸਿਰਫ਼ ਦੋ ਮਹੀਨੇ ਤੋਂ ਥੋੜ੍ਹੇ ਵੱਧ ਦਿਨ ਹੀ ਲੰਘੇ ਸਨ।
ਇਸੇ ਦੌਰਾਨ ਟਰੰਪ ਆਪਣੀ ਪਹਿਲੀ ਭਾਰਤ ਫੇਰੀ 'ਤੇ ਮੁੰਬਈ ਪਹੁੰਚੇ।

ਤਸਵੀਰ ਸਰੋਤ, Getty Images
ਭਾਵੇਂ ਕਿ ਇਹ ਪੂਰੀ ਤਰ੍ਹਾਂ ਇੱਕ ਕਾਰੋਬਾਰੀ ਯਾਤਰਾ ਸੀ ਅਤੇ ਇਸ ਲਈ ਉਹ ਉਦੋਂ ਪ੍ਰਧਾਨ ਮੰਤਰੀ ਮੋਦੀ ਨੂੰ ਨਹੀਂ ਮਿਲੇ, ਪਰ ਇਸ ਯਾਤਰਾ ਦੌਰਾਨ ਉਨ੍ਹਾਂ ਨੇ ਭਾਰਤ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਬਾਰੇ ਜੋ ਗੱਲਾਂ ਕਹੀਆਂ ਉਹ ਧਿਆਨ ਦੇਣ ਯੋਗ ਸਨ।
ਉਸ ਸਮੇਂ ਡੌਨਲਡ ਟਰੰਪ ਨੇ ਕਿਹਾ ਸੀ, "ਮੈਂ ਉਨ੍ਹਾਂ ਨੂੰ ਨਹੀਂ ਮਿਲਿਆ, ਪਰ ਤੁਹਾਡੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਕੱਠੇ ਕਰਕੇ ਬਹੁਤ ਵਧੀਆ ਕੰਮ ਕੀਤਾ ਹੈ। ਭਾਰਤ ਦੀ ਦਿੱਖ ਬਦਲ ਰਹੀ ਹੈ। ਉਮੀਦ ਵਾਪਸ ਆ ਰਹੀ ਹੈ। ਮੈਂ ਭਾਰਤ ਨੂੰ ਨਿਵੇਸ਼ ਲਈ ਇੱਕ ਸ਼ਾਨਦਾਰ ਜਗ੍ਹਾ ਮੰਨਦਾ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਚੋਣ ਨਤੀਜਿਆਂ ਨੇ ਇਸ ਨੂੰ ਹੋਰ ਵੀ ਬਿਹਤਰ ਬਣਾਇਆ ਹੈ।"
ਫਿਰ ਸਾਲ 2017 ਆਇਆ। ਡੌਨਲਡ ਟਰੰਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ।
ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਟਵੀਟ ਵਿੱਚ, ਉਨ੍ਹਾਂ ਨੇ ਪਾਕਿਸਤਾਨ ਲਈ ਬਹੁਤ ਹਮਲਾਵਰ ਅਤੇ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ।
ਉਨ੍ਹਾਂ ਪਾਕਿਸਤਾਨ 'ਤੇ ਦਹਿਸ਼ਤਗਰਦੀ ਨੂੰ ਸ਼ਹਿ ਦੇਣ ਦਾ ਇਲਜ਼ਾਮ ਲਾਇਆ।
ਟਰੰਪ ਨੇ ਇੱਕ ਟਵੀਟ ਰਾਹੀਂ ਦੱਸਿਆ ਕਿ ਕਿਵੇਂ ਅਮਰੀਕਾ ਨੇ ਪਿਛਲੇ ਡੇਢ ਦਹਾਕੇ ਵਿੱਚ ਪਾਕਿਸਤਾਨ ਨੂੰ 33 ਬਿਲੀਅਨ ਡਾਲਰ ਦੇ ਕੇ ਉਸ ਦੀ ਮਦਦ ਕੀਤੀ ਸੀ, ਪਰ ਬਦਲੇ ਵਿੱਚ ਪਾਕਿਸਤਾਨ ਨੇ ਅਮਰੀਕਾ ਨੂੰ ਕਿਵੇਂ ਧੋਖਾ ਦਿੱਤਾ।
ਇਸ ਤੋਂ ਬਾਅਦ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਲਗਾਤਾਰ ਘਟਦੀ ਗਈ।

ਇਹ ਸਾਰੀਆਂ ਚੀਜ਼ਾਂ ਭਾਰਤ ਦੇ ਪੱਖ ਵਿੱਚ ਜਾ ਰਹੀਆਂ ਸਨ, ਜੋ ਲੰਬੇ ਸਮੇਂ ਤੋਂ ਪਾਕਿਸਤਾਨ 'ਤੇ 'ਸਰਹੱਦ ਪਾਰ ਦਹਿਸ਼ਤ' ਫੈਲਾਉਣ ਦਾ ਇਲਜ਼ਾਮ ਲਗਾ ਰਿਹਾ ਹੈ।
2019 ਵਿੱਚ ਹਿਊਸਟਨ ਵਿੱਚ ਹੋਏ 'ਹਾਉਡੀ ਮੋਦੀ' ਪ੍ਰੋਗਰਾਮ ਵਿੱਚ ਵੀ ਟਰੰਪ ਅਤੇ ਮੋਦੀ ਵਿਚਕਾਰ ਹੈਰਾਨੀਜਨਕ ਕੈਮਿਸਟਰੀ ਦੇਖੀ ਗਈ ਸੀ ।
ਦੋਵਾਂ ਨੇ ਇੱਕ ਦੂਜੇ ਦੀ ਪ੍ਰਸ਼ੰਸਾ ਕੀਤੀ। ਇਹ ਸਿਲਸਿਲਾ ਅੱਗੇ ਵੀ ਜਾਰੀ ਰਿਹਾ।
ਮਿਸਾਲ 2020 ਵਿੱਚ, ਜਦੋਂ ਡੌਨਲਡ ਟਰੰਪ ਰਾਸ਼ਟਰਪਤੀ ਪਹਿਲੀ ਵਾਰ ਭਾਰਤ ਆਏ ਸਨ, ਤਾਂ ਉਨ੍ਹਾਂ ਦੇ ਸਵਾਗਤ ਲਈ ਅਹਿਮਦਾਬਾਦ ਵਿੱਚ 'ਨਮਸਤੇ ਟਰੰਪ' ਪ੍ਰੋਗਰਾਮ ਕਰਵਾਇਆ ਗਿਆ ਸੀ।
ਟਰੰਪ ਨੇ ਉਦੋਂ ਮੋਦੀ ਨੂੰ 'ਸਭ ਤੋਂ ਚੰਗਾ ਸ਼ਖ਼ਸ' ਅਤੇ ਆਪਣਾ 'ਦੋਸਤ' ਦੱਸਿਆ ਸੀ।
ਇਸ ਦੋਸਤੀ ਨੂੰ ਕਈ ਮਾਹਿਰਾਂ ਨੇ ਭਾਰਤ-ਅਮਰੀਕਾ ਸਬੰਧਾਂ ਦਾ ਸੁਨਹਿਰੀ ਯੁਗ ਦੱਸਿਆ ਸੀ।
ਜਦੋਂ ਦੋਸਤੀ 'ਤੇ ਸਵਾਲ ਉੱਠੇ

ਤਸਵੀਰ ਸਰੋਤ, Getty Images
ਪਰ ਟਰੰਪ ਦੇ ਦੂਜੇ ਕਾਰਜਕਾਲ ਵਿੱਚ, ਉਨ੍ਹਾਂ ਦੇ ਕਾਰਜਕਾਲ ਦੇ ਸਿਰਫ਼ ਪੰਜ ਮਹੀਨੇ ਬਾਅਦ, ਬਹੁਤ ਸਾਰੀਆਂ ਚੀਜ਼ਾਂ ਵਾਪਰੀਆਂ ਜਿਨ੍ਹਾਂ ਨੇ ਦੋਵਾਂ ਆਗੂਆਂ ਦੀ ਦੋਸਤੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਸਨ।
ਮਿਸਾਲ ਵਜੋਂ ਪ੍ਰਧਾਨ ਮੰਤਰੀ ਮੋਦੀ ਦਾ ਟਰੰਪ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਾ ਹੋਣਾ, ਭਾਰਤ ਨੂੰ ਵਾਰ-ਵਾਰ ਟੈਰਿਫ ਦੁਰਵਰਤੋਂ ਕਰਨ ਵਾਲਾ ਦੇਸ਼ ਕਹਿਣਾ, ਜਵਾਬੀ ਟੈਰਿਫ ਲਗਾਉਣਾ, ਭਾਰਤ 'ਤੇ ਰੱਖਿਆ ਸਾਜੋ-ਸਮਾਨ ਖਰੀਦਣ ਲਈ ਦਬਾਅ ਪਾਉਣਾ, ਬਹੁਤ ਸਾਰੇ ਭਾਰਤੀ ਪ੍ਰਵਾਸੀਆਂ ਨੂੰ ਗੈਰ-ਕਾਨੂੰਨੀ ਦੱਸ ਕੇ ਵਾਪਸ ਭੇਜਣਾ, H-1B ਵੀਜ਼ਾ ਨਿਯਮਾਂ ਨੂੰ ਬਦਲਣਾ, ਪਾਕਿਸਤਾਨ ਨਾਲ ਟਕਰਾਅ ਵਿੱਚ ਬਹੁਤ ਸੰਤੁਲਿਤ ਅਤੇ ਮਾਪੀ ਹੋਈ ਪਹੁੰਚ ਅਪਣਾਉਣਾ, ਕਈ ਮੌਕਿਆਂ 'ਤੇ ਇਸਦੀ ਪ੍ਰਸ਼ੰਸਾ ਕਰਨਾ ਅਤੇ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਦੀ ਪੇਸ਼ਕਸ਼ ਕਰਨਾ।
ਇਹ ਕੁਝ ਅਜਿਹੇ ਮੌਕੇ ਸਨ ਜਦੋਂ ਉਸਦੇ ਰਵੱਈਏ ਨੇ ਭਾਰਤ ਨੂੰ ਬੇਚੈਨ ਕਰ ਦਿੱਤਾ ਸੀ।
ਟਰੰਪ ਦਾ ਅਚਾਨਕ ਰਵੱਈਆ, ਖ਼ਾਸ ਕਰਕੇ ਪਾਕਿਸਤਾਨ ਦੇ ਸਬੰਧ ਵਿੱਚ, ਸਭ ਤੋਂ ਹੈਰਾਨੀਜਨਕ ਸੀ।
'ਪਾਕਿਸਤਾਨ ਨਾਲ ਪਿਆਰ'

ਤਸਵੀਰ ਸਰੋਤ, Getty Images
ਦਰਅਸਲ, 2018 ਵਿੱਚ ਪਾਕਿਸਤਾਨ ਨੂੰ 'ਧੋਖ਼ੇਬਾਜ਼' ਕਹਿਣ ਵਾਲੇ ਟਰੰਪ ਨੇ ਹੁਣ ' ਪਾਕਿਸਤਾਨ ਨੂੰ ਪਿਆਰ ਕਰਨ ' ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਭਾਰਤ-ਪਾਕਿਸਤਾਨ ਟਕਰਾਅ ਤੋਂ ਬਾਅਦ, ਉਨ੍ਹਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਮ ਮੁਨੀਰ ਨੂੰ ਵ੍ਹਾਈਟ ਹਾਊਸ ਵਿਖੇ ਇੱਕ ਨਿੱਜੀ ਡਿਨਰ ਲਈ ਸੱਦਾ ਦਿੱਤਾ। ਇਸ ਡਿਨਰ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਉਨ੍ਹਾਂ ਦੀ ਪ੍ਰਸ਼ੰਸਾ ਵੀ ਕੀਤੀ।
ਟਰੰਪ ਨੇ ਕਿਹਾ ਕਿ ਜਨਰਲ ਆਸਿਮ ਮੁਨੀਰ ਨੇ ਪਾਕਿਸਤਾਨ-ਭਾਰਤ ਜੰਗ ਨੂੰ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਉਨ੍ਹਾਂ ਨੂੰ ਮਿਲਣਾ ਉਨ੍ਹਾਂ ਲਈ ਸਨਮਾਨ ਦੀ ਗੱਲ ਸੀ।
ਅਜਿਹੀ ਸਥਿਤੀ ਵਿੱਚ, ਇੱਕ ਵਾਰ ਫਿਰ ਦੋਵਾਂ ਆਗੂਆਂ ਦੀ ਦੋਸਤੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ ਅਤੇ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਕੀ ਇਸ ਮੁਲਾਕਾਤ ਦਾ ਮੋਦੀ-ਟਰੰਪ ਸਬੰਧਾਂ 'ਤੇ ਕੋਈ ਮਾੜਾ ਅਸਰ ਪਵੇਗਾ?
ਡਾ. ਮਨਨ ਦਿਵੇਦੀ ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਵਿੱਚ ਕੌਮਾਂਤਰੀ ਸਬੰਧਾਂ ਅਤੇ ਅਮਰੀਕੀ ਵਿਦੇਸ਼ ਨੀਤੀ ਦੇ ਸਹਾਇਕ ਪ੍ਰੋਫੈਸਰ ਹਨ।
ਉਨ੍ਹਾਂ ਨੂੰ ਇਸ ਗੱਲ ਦੀ ਸੰਭਾਵਨਾ ਦਿਖਦੀ ਹੈ ਕਿ ਮੋਦੀ ਦਾ ਅੰਦਾਜ਼ੇ ਤੋਂ ਵੱਖਰਾ ਰਵੱਈਆ ਅਤੇ ਅਸਥਿਰ ਕੂਟਨੀਤੀ ਦੋਵੇਂ ਆਗੂਆਂ (ਅਤੇ ਦੇਸ਼ਾਂ ਵਿਚਕਾਰ ਵੀ) ਦੇ ਸਬੰਧਾਂ ਨੂੰ ਪ੍ਰਭਾਵਤ ਕਰੇਗੀ।
ਉਹ ਕਹਿੰਦੇ ਹਨ, "ਟਰੰਪ ਇਕੱਲੇ ਹੀ ਆਸਿਮ ਮੁਨੀਰ ਨਾਲ ਰਾਤ ਦਾ ਖਾਣਾ ਨਹੀਂ ਖਾ ਰਹੇ ਸਨ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਮੱਧ ਪੂਰਬ ਲਈ ਅਮਰੀਕਾ ਦੇ ਵਿਸ਼ੇਸ਼ ਰਾਜਦੂਤ ਸਟੀਵ ਵਿਟਕੋਫ ਵੀ ਉਨ੍ਹਾਂ ਨਾਲ ਮੌਜੂਦ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਨੂੰ ਕਿਸੇ ਤਰ੍ਹਾਂ ਦੀ ਅਹਿਮੀਅਤ ਦਿੱਤੀ ਜਾ ਰਹੀ ਹੈ।"

ਤਸਵੀਰ ਸਰੋਤ, Reuters
ਡਾ: ਮਨਨ ਦਿਵੇਦੀ ਕਹਿੰਦੇ ਹਨ, "ਇਹ ਭਾਰਤ ਲਈ ਬਿਲਕੁਲ ਵੀ ਚੰਗੀ ਸਥਿਤੀ ਨਹੀਂ ਹੈ ਕਿਉਂਕਿ ਟਰੰਪ ਭਾਰਤ ਅਤੇ ਪਾਕਿਸਤਾਨ ਨੂੰ ਇੱਕੋ ਪੱਧਰ 'ਤੇ ਦੇਖ ਰਹੇ ਹਨ।"
ਡਾ. ਮਨਨ ਦਿਵੇਦੀ ਦਾ ਮੰਨਣਾ ਹੈ, "ਜਿਵੇਂ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਜਾਂ ਭਾਰਤ ਨਾਲ ਚੰਗੀ ਕੂਟਨੀਤੀ ਅਤੇ ਵਿਦੇਸ਼ ਨੀਤੀ ਬਣਾਈ ਹੈ, ਉਸੇ ਤਰ੍ਹਾਂ ਉਹ ਪਾਕਿਸਤਾਨ ਨਾਲ ਆਪਣੇ ਸਬੰਧਾਂ ਵਿੱਚ ਹੋਰ ਵੀ ਬਿਹਤਰ ਜਾਂ ਬਰਾਬਰ ਸਕਾਰਾਤਮਕਤਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨਾਲ ਭਾਰਤੀ ਵਿਦੇਸ਼ ਮੰਤਰਾਲੇ ਵਿੱਚ ਨਾਰਾਜ਼ਗੀ ਪੈਦਾ ਹੋਈ ਹੈ।"
ਹਾਲਾਂਕਿ, ਜਦੋਂ ਆਸਿਮ ਮੁਨੀਰ ਅਮਰੀਕਾ ਵਿੱਚ ਸੀ, ਤਾਂ ਭਾਰਤੀ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਕਿ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਫ਼ੋਨ 'ਤੇ ਗੱਲ ਕੀਤੀ ਸੀ।
ਇਹ ਗੱਲਬਾਤ ਜੀ-7 ਮੀਟਿੰਗ ਖਤਮ ਹੋਣ ਤੋਂ ਬਾਅਦ ਹੋਈ। ਦਾਅਵੇ ਮੁਤਾਬਕ ਟਰੰਪ ਨੇ ਮੋਦੀ ਨੂੰ ਫ਼ੋਨ ਕੀਤਾ ਅਤੇ 35 ਮਿੰਟ ਲੰਬੀ ਗੱਲਬਾਤ ਕੀਤੀ।
ਇਸ ਗੱਲਬਾਤ ਵਿੱਚ, ਉਨ੍ਹਾਂ ਨੇ ਮੋਦੀ ਨੂੰ ਅਮਰੀਕਾ ਆਉਣ ਦਾ ਸੱਦਾ ਵੀ ਦਿੱਤਾ ਪਰ ਪ੍ਰਧਾਨ ਮੰਤਰੀ ਨੇ ਆਪਣੇ ਪਹਿਲਾਂ ਤੋਂ ਤੈਅ ਰੁਝੇਵਿਆਂ ਕਾਰਨ ਇਸਨੂੰ ਸਵੀਕਾਰ ਨਹੀਂ ਕੀਤਾ।
ਹਾਲਾਂਕਿ ਇਸ ਗੱਲਬਾਤ ਬਾਰੇ ਵ੍ਹਾਈਟ ਹਾਊਸ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ, ਪਰ ਪ੍ਰਧਾਨ ਮੰਤਰੀ ਮੋਦੀ ਨੇ ਓਡੀਸ਼ਾ ਵਿੱਚ ਆਪਣੀ ਇੱਕ ਰੈਲੀ ਦੌਰਾਨ ਟਰੰਪ ਦੇ ਸੱਦੇ ਦਾ ਵੀ ਜ਼ਿਕਰ ਕੀਤਾ ਹੈ।
ਜਿਸ ਤੋਂ ਇਹ ਜਾਪਦਾ ਹੈ ਕਿ ਦੋਵਾਂ ਆਗੂਆਂ ਵਿਚਕਾਰ ਸਭ ਕੁਝ ਆਮ ਹੈ।

ਜੇਐੱਨਯੂ ਵਿੱਚ ਇੰਟਰਨੈਸ਼ਨਲ ਸਟੱਡੀਜ਼ ਦੇ ਸਹਾਇਕ ਪ੍ਰੋਫੈਸਰ ਅੰਸ਼ੂ ਜੋਸ਼ੀ ਦਾ ਮੰਨਣਾ ਹੈ ਕਿ ਇਸ ਘਟਨਾ ਦਾ ਟਰੰਪ-ਮੋਦੀ ਸਬੰਧਾਂ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ।
ਉਨ੍ਹਾਂ ਮੁਤਾਬਕ ਆਸਿਮ ਮੁਨੀਰ ਦੇ ਸੱਦੇ ਅਤੇ ਟਰੰਪ ਦੇ ਬਿਆਨ ਨੂੰ ਮੋਦੀ ਨਾਲ ਉਨ੍ਹਾਂ ਦੇ ਸਬੰਧਾਂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ।
ਉਹ ਕਹਿੰਦੇ ਹਨ, "ਜਿਸ ਤੇਜ਼ੀ ਨਾਲ ਪੱਛਮੀ ਏਸ਼ੀਆ ਵਿੱਚ ਖੇਤਰੀ ਸਥਿਤੀਆਂ ਬਦਲ ਰਹੀਆਂ ਹਨ, ਉਹ ਅਮਰੀਕਾ ਲਈ ਫਾਇਦੇਮੰਦ ਨਹੀਂ ਹਨ। ਕਿਸੇ ਵੀ ਸਮੇਂ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ ਕਿ ਅਮਰੀਕਾ ਨੂੰ ਈਰਾਨ-ਇਜ਼ਰਾਇਲ ਟਕਰਾਅ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਹੋਣਾ ਪਵੇਗਾ। ਅਜਿਹੀ ਸਥਿਤੀ ਵਿੱਚ, ਭਵਿੱਖ ਦੀਆਂ ਇਨ੍ਹਾਂ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਮਰੀਕਾ ਨਹੀਂ ਚਾਹੁੰਦਾ ਕਿ ਪਾਕਿਸਤਾਨ ਕਿਸੇ ਵੀ ਸਥਿਤੀ ਵਿੱਚ ਇਸ ਤੋਂ ਦੂਰੀ ਬਣਾਏ।"
ਅੰਸ਼ੂ ਜੋਸ਼ੀ ਦਾ ਕਹਿਣਾ ਹੈ ਕਿ ਪਾਕਿਸਤਾਨ ਅਤੇ ਚੀਨ ਵਿਚਕਾਰ ਰਣਨੀਤਕ ਅਤੇ ਸਹਿਯੋਗੀ ਭਾਈਵਾਲੀ ਸਦਾਬਹਾਰ ਹੈ।
ਉਹ ਕਹਿੰਦੀ ਹੈ, "ਭਾਰਤ ਨਾਲ ਟਕਰਾਅ ਵਿੱਚ ਵੀ, ਅਸੀਂ ਦੇਖਿਆ ਕਿ ਕਿਵੇਂ ਚੀਨ ਨੇ ਆਪਣੇ ਦੋਸਤ ਦੇਸ਼ ਪਾਕਿਸਤਾਨ ਦਾ ਖੁੱਲ੍ਹ ਕੇ ਸਮਰਥਨ ਕੀਤਾ। ਚੀਨ ਈਰਾਨ ਦਾ ਬਹੁਤ ਕਰੀਬੀ ਸਹਿਯੋਗੀ ਵੀ ਹੈ।"
ਉਹ ਕਹਿੰਦੀ ਹੈ, "ਅਜਿਹੀ ਸਥਿਤੀ ਵਿੱਚ, ਜੇਕਰ ਭਵਿੱਖ ਵਿੱਚ ਅਮਰੀਕਾ ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੇ ਟਕਰਾਅ ਵਿੱਚ ਕਿਸੇ ਵੀ ਰੂਪ ਵਿੱਚ ਸ਼ਾਮਲ ਹੁੰਦਾ ਹੈ, ਅਤੇ ਚੀਨ ਪਾਕਿਸਤਾਨ ਦੀ ਧਰਤੀ ਦੀ ਵਰਤੋਂ ਕਰਕੇ ਈਰਾਨ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਪ੍ਰਦਾਨ ਕਰਦਾ ਹੈ, ਤਾਂ ਇਹ ਅਮਰੀਕਾ ਲਈ ਬਹੁਤ ਹੀ ਨਕਾਰਾਤਮਕ ਸਥਿਤੀ ਹੋਵੇਗੀ।"
ਪ੍ਰੋਫੈਸਰ ਅੰਸ਼ੂ ਜੋਸ਼ੀ ਅਮਰੀਕਾ ਦੀਆਂ ਇਸੇ ਤਰ੍ਹਾਂ ਦੀਆਂ ਚਿੰਤਾਵਾਂ ਨੂੰ ਬਾਰੇ ਗੱਲ ਕਰਦੇ ਹਨ। ਉਹ ਕਹਿੰਦੇ ਹੈ, "ਜੇਕਰ ਈਰਾਨ-ਇਜ਼ਰਾਈਲ ਟਕਰਾਅ ਡੂੰਘਾ ਹੁੰਦਾ ਹੈ, ਤਾਂ ਅਮਰੀਕਾ ਨੂੰ ਆਪਣੇ ਫੌਜੀ ਅੱਡੇ ਸਥਾਪਤ ਕਰਨ ਲਈ ਪਾਕਿਸਤਾਨੀ ਜ਼ਮੀਨ ਦੀ ਲੋੜ ਪੈ ਸਕਦੀ ਹੈ।"
ਪਾਕਿਸਤਾਨ ਦਾ ਬਲੋਚਿਸਤਾਨ ਸੂਬਾ ਈਰਾਨ ਨਾਲ ਆਪਣੀਆਂ ਸਰਹੱਦਾਂ ਸਾਂਝੀਆਂ ਕਰਦਾ ਹੈ। ਦੋਵਾਂ ਦੇਸ਼ਾਂ ਵਿਚਾਲੇ ਲਗਭਗ 900 ਕਿਲੋਮੀਟਰ ਦੀ ਸਾਂਝੀ ਸਰਹੱਦ ਹੈ ।

ਤਸਵੀਰ ਸਰੋਤ, NICHOLAS KAMM/AFP via Getty Images
ਅੰਸ਼ੂ ਜੋਸ਼ੀ ਦਾ ਕਹਿਣਾ ਹੈ ਕਿ ਸਾਨੂੰ ਕੁਝ ਦਿਨ ਪਹਿਲਾਂ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ ਦੇ ਜਨਰਲ ਮੋਹਸਿਨ ਰੇਜ਼ਾਈ ਵੱਲੋਂ ਦਿੱਤੇ ਗਏ ਇੱਕ ਬਿਆਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ।
ਮੋਹਸਿਨ ਨੇ ਕਿਹਾ ਸੀ ਕਿ ਪਾਕਿਸਤਾਨ ਨੇ ਈਰਾਨ ਨੂੰ ਭਰੋਸਾ ਦਿੱਤਾ ਹੈ ਕਿ ਜੇਕਰ ਇਜ਼ਰਾਈਲ ਈਰਾਨ ਵਿਰੁੱਧ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਦਾ ਹੈ, ਤਾਂ ਪਾਕਿਸਤਾਨ ਵੀ ਪ੍ਰਮਾਣੂ ਹਮਲਾ ਕਰੇਗਾ। ਹਾਲਾਂਕਿ ਪਾਕਿਸਤਾਨ ਨੇ ਮੋਹਸਿਨ ਰੇਜ਼ਾਈ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ।

ਤਸਵੀਰ ਸਰੋਤ, Getty Images
ਪਰ ਪ੍ਰੋਫੈਸਰ ਅੰਸ਼ੂ ਜੋਸ਼ੀ ਦੇ ਮੁਤਾਬਕ ਟਰੰਪ ਸੁਚੇਤ ਹਨ ਅਤੇ ਉਹ ਅਜਿਹੀ ਕਿਸੇ ਵੀ ਸੰਭਾਵਨਾ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੁੰਦੇ।
ਉਹ ਕਹਿੰਦੇ ਹੈ, "ਟਰੰਪ ਚਾਹੁੰਦੇ ਹਨ ਕਿ ਅਜਿਹੀ ਕੋਈ ਗੁੰਜਾਇਸ਼ ਨਾ ਛੱਡੀ ਜਾਵੇ ਜਿਸ ਨਾਲ ਪਾਕਿਸਤਾਨ ਇਸ ਟਕਰਾਅ ਵਿੱਚ ਕੋਈ ਭੂਮਿਕਾ ਨਿਭਾਅ ਸਕੇ। ਇਸੇ ਲਈ ਟਰੰਪ ਨੇ ਯੂ-ਟਰਨ ਲਿਆ ਅਤੇ ਆਸਿਮ ਮੁਨੀਰ ਨੂੰ ਰਾਤ ਦੇ ਖਾਣੇ 'ਤੇ ਸੱਦਾ ਦਿੱਤਾ।"
ਇਸ ਦੇ ਨਾਲ ਹੀ ਡਾ. ਮਨਨ ਦਿਵੇਦੀ ਵੀ ਇਸ ਗੱਲ ਨਾਲ ਸਹਿਮਤ ਜਾਪਦੇ ਹਨ ਕਿ ਆਸਿਮ ਮੁਨੀਰ ਨੂੰ ਸੱਦਾ ਦੇਣ ਪਿੱਛੇ ਅਮਰੀਕੀ ਹਿੱਤ ਲੁਕੇ ਹੋਏ ਹਨ।
ਪਰ ਪ੍ਰੋਫੈਸਰ ਅੰਸ਼ੂ ਜੋਸ਼ੀ ਇਹ ਨਹੀਂ ਮੰਨਦੇ ਕਿ ਇਸ ਘਟਨਾ ਦਾ ਟਰੰਪ-ਮੋਦੀ ਸਬੰਧਾਂ 'ਤੇ ਕੋਈ ਅਸਰ ਪੈ ਸਕਦਾ ਹੈ, ਪਰ ਅਜਿਹੇ ਕਦਮ ਰਿਸ਼ਤਿਆਂ ਵਿੱਚ ਬੇਵਿਸ਼ਵਾਸ ਪੈਦਾ ਕਰਦੇ ਹਨ।
ਉਹ ਕਹਿੰਦੇ ਹਨ, "ਪ੍ਰਧਾਨ ਮੰਤਰੀ ਮੋਦੀ ਵੀ ਇਨ੍ਹਾਂ ਸਾਰੇ ਘਟਨਾਕ੍ਰਮ 'ਤੇ ਨਜ਼ਰ ਰੱਖ ਰਹੇ ਹੋਣਗੇ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਟਰੰਪ ਦੇ ਅਮਰੀਕਾ ਆਉਣ ਦੇ ਸੱਦੇ ਨੂੰ ਨਹੀਂ ਕਬੂਲਿਆ।"
ਡਾ. ਮਨਨ ਦਿਵੇਦੀ ਅਤੇ ਪ੍ਰੋਫੈਸਰ ਅੰਸ਼ੂ ਜੋਸ਼ੀ ਦੋਵੇਂ ਮੰਨਦੇ ਹਨ ਕਿ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਟਰੰਪ ਕਿਹੜਾ ਬਿਆਨ ਦੇਣਗੇ ਅਤੇ ਕਿਸ ਨਾਲ ਕੀ ਰਵੱਈਆ ਅਪਣਾਉਣਗੇ।
ਦੋਵੇਂ ਮਾਹਰ ਇਸ ਗੱਲ ਨਾਲ ਸਹਿਮਤ ਹਨ ਕਿ ਟਰੰਪ ਦੀ ਕੂਟਨੀਤੀ ਵੀ ਕਾਫ਼ੀ ਅਸਥਿਰ ਹੈ।
ਜਦੋਂ ਕਿ ਭਾਰਤ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੂਟਨੀਤੀ ਇਸ ਦੇ ਮੁਕਾਬਲੇ ਵਿੱਚ ਸਥਿਰ ਰਹੀ ਹੈ।

ਤਸਵੀਰ ਸਰੋਤ, Reuters / Getty Images
ਦੋਸਤੀ ਅਤੇ ਹਿੱਤਾਂ ਦਾ ਟਕਰਾਅ
ਦੋਵੇਂ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਦੇ ਆਗੂਆਂ ਵਿਚਕਾਰ ਦੋਸਤੀ ਅਕਸਰ ਨੈਸ਼ਨਲ ਇੰਟਰਸਟ ਦੇ ਆਧਾਰ 'ਤੇ ਬਣਾਈ ਅਤੇ ਨਿਭਾਈ ਜਾਂਦੀ ਹੈ।
ਜਿੰਨਾ ਚਿਰ ਰਾਸ਼ਟਰੀ ਹਿੱਤ ਪੂਰੇ ਹੋ ਰਹੇ ਹਨ, ਦੋਸਤੀ ਚੰਗੀ ਚੱਲਦੀ ਹੈ, ਪਰ ਜੇ ਕਿਸੇ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਕਿਸੇ ਤਰੀਕੇ ਨਾਲ ਨੁਕਸਾਨ ਪਹੁੰਚ ਰਿਹਾ ਹੈ, ਤਾਂ ਉਹ ਵੱਖ-ਵੱਖ ਕਦਮ ਚੁੱਕਦੇ ਹਨ। ਇਹ ਦੂਜੇ ਵਿਅਕਤੀ ਲਈ ਅਸਹਿਜ ਹੋ ਸਕਦਾ ਹੈ।
ਕਈ ਵਾਰ ਅਜਿਹੇ ਕਦਮ ਮਜਬੂਰੀ ਵਿੱਚ ਚੁੱਕਣੇ ਪੈਂਦੇ ਹਨ ਅਤੇ ਕਈ ਵਾਰ ਇਹ ਜਾਣਬੁਝ ਕੇ ਚੁੱਕੇ ਜਾਂਦੇ ਹਨ।
ਭਾਰਤ ਅਮਰੀਕਾ ਦਾ ਅੱਠਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਪਰ ਵਪਾਰ ਦੇ ਖੇਤਰ ਵਿੱਚ, ਟਰੰਪ ਪ੍ਰਸ਼ਾਸਨ ਦੇ ਭਾਰਤ ਨਾਲ ਸਬੰਧ ਬਹੁਤ ਚੰਗੇ ਨਹੀਂ ਮੰਨੇ ਜਾ ਸਕਦੇ।
ਆਪਣੇ ਪਹਿਲੇ ਕਾਰਜਕਾਲ ਦੌਰਾਨ, ਮੋਦੀ ਨਾਲ ਚੰਗੇ ਸਬੰਧ ਹੋਣ ਦੇ ਬਾਵਜੂਦ, ਟਰੰਪ ਨੇ ਭਾਰਤ ਨੂੰ ਵਪਾਰ ਵਿੱਚ ਜਨਰਲਾਈਜ਼ਡ ਸਿਸਟਮ ਆਫ਼ ਪ੍ਰੈਫਰੈਂਸ (GSP) ਵਰਗੀਆਂ ਚੀਜ਼ਾਂ 'ਤੇ ਟੈਕਸ ਫ੍ਰੀ ਇੰਪੋਰਟ ਦੀ ਸਹੂਲਤ ਦੇਣੀ ਬੰਦ ਕਰ ਦਿੱਤੀ ਸੀ।।
(ਸਧਾਰਣ ਸ਼ਬਦਾਂ ਵਿੱਚ, GSP ਅਮਰੀਕਾ ਦੀ ਵਪਾਰ ਤਰਜੀਹ ਸੂਚੀ ਹੈ, ਜਿਸ ਦੇ ਤਹਿਤ ਚੁਣੇ ਹੋਏ ਦੇਸ਼ਾਂ ਨੂੰ ਕੁਝ ਖਾਸ ਵਸਤੂਆਂ 'ਤੇ ਟੈਕਸ ਫ੍ਰੀ ਇੰਪੋਰਟ ਦੀ ਸਹੂਲਤ ਦਿੱਤੀ ਜਾਂਦੀ ਹੈ।)
ਹਾਲਾਂਕਿ, ਥਿੰਕ ਟੈਂਕ ਬਰੂਕਿੰਗਜ਼ ਇੰਸਟੀਚਿਊਸ਼ਨ ਦੀ ਇੱਕ ਸੀਨੀਅਰ ਫੈਲੋ, ਤਨਵੀ ਮਦਾਨ ਨੇ ਕਈ ਮੌਕਿਆਂ 'ਤੇ ਕਿਹਾ ਹੈ ਕਿ ਭਾਰਤ ਅਮਰੀਕਾ ਨਾਲ ਵਪਾਰਕ ਮਾਮਲਿਆਂ ਵਿੱਚ ਇੱਕ "ਟੱਫ ਨੈਗੋਸ਼ੀਏਟਰ' ਵੀ ਹੈ।
ਕੁਆਡ ਮੀਟਿੰਗ ਉੱਤੇ ਹੋਵੇਗੀ ਨਜ਼ਰ

ਤਸਵੀਰ ਸਰੋਤ, Pradeep Gaur/Mint via Getty Images
ਮੋਦੀ ਅਤੇ ਟਰੰਪ ਦੇ ਰਿਸ਼ਤੇ ਕਿਸ ਦਿਸ਼ਾ ਵੱਲ ਜਾ ਰਹੇ ਹਨ, ਕੀ ਦੋਵਾਂ ਆਗੂਆਂ ਵਿਚਕਾਰ ਪਹਿਲਾਂ ਵਾਂਗ ਹੀ ਸਹਿਜਤਾ ਹੈ? ਇਸ ਨੂੰ ਫਿਲਹਾਲ ਸਮਝਣਾ ਮੁਸ਼ਕਲ ਹੈ, ਇਸ ਨੂੰ ਸਮਝਣ ਲਈ ਸਾਨੂੰ ਕੁਆਡ ਮੀਟਿੰਗ ਦੀ ਉਡੀਕ ਕਰਨੀ ਪਵੇਗੀ।
ਇਸ ਵਾਰ ਭਾਰਤ ਕੁਆਡ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ ਹੈ।
ਇਹ ਦੇਖਣਾ ਬਾਕੀ ਹੈ ਕਿ ਟਰੰਪ ਇਸ ਵਿੱਚ ਹਿੱਸਾ ਲੈਣ ਲਈ ਇੱਕ ਵਾਰ ਫਿਰ ਭਾਰਤ ਆਉਂਦੇ ਹਨ ਜਾਂ ਨਹੀਂ। ਅਤੇ ਜੇਕਰ ਉਹ ਆਉਂਦੇ ਹਨ, ਤਾਂ ਦੋਵਾਂ ਆਗੂਆਂ ਵਿਚਕਾਰ ਕਿਹੋ ਜਿਹੀ ਕੈਮਿਸਟਰੀ ਦਿਖਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












