ਅਮਰੀਕਾ: ਲਾਸ ਏਂਜਲਸ ਵਿੱਚ ਹਿੰਸਕ ਹੋਏ ਰੋਸ-ਮੁਜ਼ਾਹਰੇ, ਗਵਰਨਰ ਨੇ ਟਰੰਪ ਖ਼ਿਲਾਫ਼ ਕੀਤਾ ਮੁਕੱਦਮਾ ਦਾਇਰ

ਲਾਸ ਏਂਜਲਸ ਹਿੰਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਾਸ ਏਂਜਲਸ ਦੇ ਡਾਊਨਟਾਊਨ ਵਿੱਚ ਝੜਪਾਂ ਦੌਰਾਨ ਇੱਕ ਪ੍ਰਦਰਸ਼ਨਕਾਰੀ ਨੇ ਸੁਰੱਖਿਆ ਬਲਾਂ 'ਤੇ ਪੱਥਰ ਸੁੱਟਿਆ

ਅਮਰੀਕਾ ਦੇ ਕੈਲੀਫੋਰਨੀਆ ਦੇ ਲਾਸ ਏਂਜਲਸ ਸ਼ਹਿਰ ਵਿੱਚ ਲਗਾਤਾਰ ਤਿੰਨ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ। ਇਸ ਦੌਰਾਨ ਅੱਗਜ਼ਨੀ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।

ਇਹ ਵਿਰੋਧ ਪ੍ਰਦਰਸ਼ਨ, ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵੱਲੋਂ ਗ਼ੈਰ-ਕਾਨੂੰਨੀ ਪਰਵਾਸੀਆਂ 'ਤੇ ਕੀਤੇ ਗਏ ਛਾਪਿਆਂ ਦੇ ਵਿਰੁੱਧ ਕੀਤੇ ਜਾ ਰਹੇ ਹਨ ਅਤੇ ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ।

ਵ੍ਹਾਈਟ ਹਾਊਸ ਦੇ ਇੱਕ ਬਿਆਨ ਮੁਤਾਬਕ, ਲਾਸ ਏਂਜਲਸ ਵਿੱਚ 2,100 ਨੈਸ਼ਨਲ ਗਾਰਡ ਜਵਾਨ ਤਾਇਨਾਤ ਕੀਤੇ ਗਏ ਹਨ।

ਇਸ ਤੋਂ ਇਲਾਵਾ, ਅਮਰੀਕੀ ਫ਼ੌਜ ਨੇ ਪੁਸ਼ਟੀ ਕੀਤੀ ਹੈ ਕਿ ਉਹ ਲਾਸ ਏਂਜਲਸ ਵਿੱਚ 700 ਮਰੀਨ ਵੀ ਸਰਗਰਮ ਕਰ ਰਹੀ ਹੈ ।

ਟਰੰਪ ਦੇ ਇਸ ਆਦੇਸ਼ ਨੂੰ ਲੈ ਕੇ ਅਮਰੀਕਾ 'ਚ ਵਿਰੋਧੀ ਧਿਰ ਦੇ ਆਗੂ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ। ਦੂਜੇ ਪਾਸੇ ਕੈਲੀਫੋਰਨੀਆ ਦੇ ਗਵਰਨਰ ਨੇ ਟਰੰਪ ਪ੍ਰਸ਼ਾਸਨ ਖ਼ਿਲਾਫ਼ ਮੁਕੱਦਮਾ ਵੀ ਦਾਇਰ ਕੀਤਾ ਹੈ।

ਸਾਬਕਾ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਟਰੰਪ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਆਲੋਚਨਾ ਕਰਦਿਆਂ ਇਸ ਨੂੰ ਇੱਕ 'ਖ਼ਤਰਨਾਕ ਕਦਮ' ਦੱਸਿਆ ਹੈ।

ਲਾਸ ਏਂਜਲਸ ਦੀ ਮੇਅਰ ਕੈਰਨ ਬਾਸ ਨੇ ਵੀ ਟਰੰਪ ਪ੍ਰਸ਼ਾਸਨ 'ਤੇ ਹਫੜਾ-ਦਫੜੀ ਫੈਲਾਉਣ ਦਾ ਇਲਜ਼ਾਮ ਲਗਾਇਆ ਹੈ।

ਇਹ ਪ੍ਰਦਰਸ਼ਨ ਕਿਉਂ ਹੋ ਰਹੇ ਹਨ, ਟਰੰਪ ਪ੍ਰਸ਼ਾਸਨ ਨੇ ਨੈਸ਼ਨਲ ਗਾਰਡਾਂ ਦੀ ਤੈਨਾਤੀ ਪਿੱਛੇ ਕੀ ਕਾਰਨ ਦੱਸਿਆ ਅਤੇ ਆਲੋਚਕ ਕੀ ਕਹਿ ਰਹੇ, ਜਾਣਦੇ ਹਾਂ ਇਸ ਰਿਪੋਰਟ ਵਿੱਚ...

ਅਮਰੀਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਦਰਸ਼ਨਾਂ ਨੂੰ ਰੋਕਣ ਲਈ ਲਾਸ ਏਂਜਲਸ ਵਿੱਚ 2,100 ਨੈਸ਼ਨਲ ਗਾਰਡ ਫੌਜੀਆਂ ਦੀ ਤੈਨਾਤੀ ਦਾ ਆਦੇਸ਼ ਦਿੱਤਾ ਹੈ

ਹੁਣ ਮਰੀਨ ਵੀ ਮੈਦਾਨ ਵਿੱਚ ਹਨ

ਵ੍ਹਾਈਟ ਹਾਊਸ ਦੇ ਇੱਕ ਬਿਆਨ ਮੁਤਾਬਕ, ਲਾਸ ਏਂਜਲਸ ਵਿੱਚ 2,100 ਨੈਸ਼ਨਲ ਗਾਰਡ ਜਵਾਨ ਤਾਇਨਾਤ ਕੀਤੇ ਗਏ ਹਨ।

ਇਸ ਤੋਂ ਇਲਾਵਾ, ਅਮਰੀਕੀ ਫ਼ੌਜ ਨੇ ਪੁਸ਼ਟੀ ਕੀਤੀ ਹੈ ਕਿ ਉਹ ਲਾਸ ਏਂਜਲਸ ਵਿੱਚ 700 ਮਰੀਨ ਵੀ ਸਰਗਰਮ ਕਰ ਰਹੀ ਹੈ ।

ਅਮਰੀਕੀ ਫੌਜ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਮਰੀਨਜ਼ ਦੀ ਸਰਗਰਮੀ ਦਾ ਮਕਸਦ ਟਾਸਕ ਫੋਰਸ 51 ਨੂੰ ਇੱਕ ਪ੍ਰਮੁੱਖ ਸੰਘੀ ਏਜੰਸੀ ਦੇ ਸਮਰਥਨ ਵਿੱਚ ਇਲਾਕੇ ਵਿੱਚ ਨਿਰੰਤਰ ਕਵਰੇਜ ਕੀਤੀ ਜਾ ਸਕੇ।"

ਇਸ ਤੋਂ ਪਹਿਲਾਂ, ਰੱਖਿਆ ਸਕੱਤਰ ਪੀਟ ਹੇਗਸੇਥ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਜੇਕਰ ਲਾਸ ਏਂਜਲਸ ਵਿੱਚ ਹਿੰਸਾ ਜਾਰੀ ਰਹੀ ਤਾਂ ਪੈਂਟਾਗਨ ਸਰਗਰਮ ਫੌਜਾਂ ਨੂੰ ਤੈਨਾਤ ਕਰਨ ਲਈ ਤਿਆਰ ਹੈ ਅਤੇ ਨੇੜਲੇ ਕੈਂਪ ਪੈਂਡਲਟਨ ਵਿਖੇ ਮਰੀਨਜ਼ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।

ਮਈ 1992 ਵਿੱਚ ਹੋਏ ਦੰਗਿਆਂ ਦੌਰਾਨ ਲਾਸ ਏਂਜਲਸ ਵਿੱਚ ਤਕਰੀਬਨ 1,500 ਮਰੀਨਜ਼ ਨੂੰ ਤੈਨਾਤ ਕੀਤਾ ਗਿਆ ਸੀ। ਤਤਕਾਲੀ ਰਾਸ਼ਟਰਪਤੀ ਜਾਰਜ ਐੱਚ ਡਬਲਯੂ ਬੁਸ਼ ਨੇ ਮਰੀਨਜ਼ ਨੂੰ ਤੈਨਾਤ ਕਰਨ ਲਈ ਵਿਦਰੋਹ ਐਕਟ ਦੀ ਵਰਤੋਂ ਕੀਤੀ ਸੀ।

ਇਹ ਕਾਨੂੰਨ ਰਾਸ਼ਟਰਪਤੀ ਨੂੰ ਘਰੇਲੂ ਪੱਧਰ 'ਤੇ ਸਿਵਲ ਅਧਿਕਾਰੀਆਂ ਦੀ ਮਦਦ ਲਈ ਅਮਰੀਕੀ ਫੌਜੀ ਕਰਮਚਾਰੀਆਂ ਦੀ ਵਰਤੋਂ ਕਰਨ ਦੀ ਤਾਕਤ ਦਿੰਦਾ ਹੈ।

ਇਹ ਕਾਨੂੰਨ ਭਾਰਤੀ ਸੰਵਿਧਾਨ ਦੀ ਧਾਰਾ 355 ਦੇ ਵਰਗਾ ਹੀ ਹੈ। ਜਿਸ ਦੇ ਤਹਿਤ, ਅੰਦਰੂਨੀ ਗੜਬੜ ਨੂੰ ਰੋਕਣ ਲਈ ਭਾਰਤੀ ਫੌਜ ਜਾਂ ਅਰਧ ਸੈਨਿਕ ਬਲਾਂ ਨੂੰ ਤੈਨਾਤ ਕੀਤਾ ਜਾ ਸਕਦਾ ਹੈ।

ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨੁਸਮ ਨੇ ਕਿਹਾ ਕਿ ਇਹ ਇੱਕ 'ਬਹੁਤ ਹੀ ਗੰਭੀਰ ਮਾਮਲਾ' ਹੈ।

ਡੌਨਲਡ ਟਰੰਪ ਖ਼ਿਲਾਫ਼ ਮੁਕੱਦਮਾ ਦਰਜ

ਅਮਰੀਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਦੇ ਕੈਲੀਫੋਰਨੀਆ ਦੇ ਲਾਸ ਏਂਜਲਸ ਸ਼ਹਿਰ ਵਿੱਚ ਲਗਾਤਾਰ ਤਿੰਨ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ

ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨੁਜ਼ਮ ਨੇ ਟਰੰਪ ਪ੍ਰਸ਼ਾਸਨ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਇਸ ਮੁਕੱਦਮੇ ਵਿੱਚ, ਉਨ੍ਹਾਂ ਨੇ ਰਾਸ਼ਟਰਪਤੀ ਡੌਨਲਡ ਟਰੰਪ 'ਤੇ 10ਵੇਂ ਸੋਧ ਦੇ ਤਹਿਤ ਰਾਜ ਸਰਕਾਰ ਦੇ ਅਧਿਕਾਰ 'ਤੇ 'ਦਖ਼ਲਅੰਦਾਜ਼ੀ' ਕਰਨ ਦਾ ਇਲਜ਼ਾਮ ਲਗਾਇਆ ਹੈ।

ਇਸ ਤੋਂ ਪਹਿਲਾਂ, ਲਾਸ ਏਂਜਲਸ ਦੇ ਮੇਅਰ ਕੈਰਨ ਬਾਸ ਨੇ ਇੱਕ ਐਕਸ ਪੋਸਟ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਉਹ 'ਟਰੰਪ ਪ੍ਰਸ਼ਾਸਨ ਦੇ ਜਾਲ ਵਿੱਚ ਨਾ ਫਸਣ। ਸ਼ਾਂਤੀਪੂਰਵਕ ਵਿਰੋਧ ਕਰੋ। ਲੁੱਟ-ਖਸੁੱਟ ਅਤੇ ਭੰਨਤੋੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ।'

ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨੁਸਮ ਅਤੇ ਐੱਲਏ ਦੇ ਮੇਅਰ ਕੈਰਨ ਬਾਸ ਨੇ ਵੀ ਨੈਸ਼ਨਲ ਗਾਰਡ ਦੀ ਤੈਨਾਤੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਥਾਨਕ ਪੁਲਿਸ ਸਥਿਤੀ ਨੂੰ ਸੰਭਾਲ ਸਕਦੀ ਹੈ।

ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੋਂਟਾ ਨੇ ਦਾਅਵਾ ਕੀਤਾ ਹੈ ਕਿ ਇਹ ਤੈਨਾਤੀ 'ਸੰਘੀ ਸਰਕਾਰ ਦੇ ਅਧਿਕਾਰ ਖੇਤਰ ਤੋਂ ਵੱਧ ਹੈ' ਅਤੇ 10ਵੇਂ ਸੋਧ ਦੀ ਉਲੰਘਣਾ ਕਰਦੀ ਹੈ।

ਮੁਕੱਦਮੇ ਬਾਰੇ, ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ , "ਤੁਸੀਂ ਉਹੀ ਕਲਿੱਪ ਦੇਖੇ ਹਨ ਹੋ ਜੋ ਮੈਂ ਦੇਖੇ ਸੀ। ਕਾਰਾਂ ਸੜ ਰਹੀਆਂ ਸਨ, ਲੋਕ ਦੰਗੇ ਕਰ ਰਹੇ ਸਨ, ਅਸੀਂ ਇਸਨੂੰ ਰੋਕਿਆ। ਜੇਕਰ ਅਸੀਂ ਕਾਰਵਾਈ ਨਾ ਕੀਤੀ ਹੁੰਦੀ, ਤਾਂ ਉਹ ਜਗ੍ਹਾ ਘਰਾਂ ਵਾਂਗ ਸੜ ਜਾਂਦੀ।"

ਕਿਉਂ ਅਤੇ ਕਦੋਂ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ

ਵਿਰੋਧ ਪ੍ਰਧਰਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਵਿੱਚ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਹੈ

ਇਹ ਵਿਰੋਧ ਪ੍ਰਦਰਸ਼ਨ ਸ਼ੁੱਕਰਵਾਰ ਨੂੰ ਉਦੋਂ ਸ਼ੁਰੂ ਹੋਏ ਜਦੋਂ ਇਮੀਗ੍ਰੇਸ਼ਨ ਕਸਟਮਜ਼ ਇਨਫੋਰਸਮੈਂਟ (ਆਈਸੀਈ) ਦੇ ਵੱਲੋਂ ਸ਼ਹਿਰ ਭਰ ਵਿੱਚ ਛਾਪੇਮਾਰੀ ਦੀ ਜਾਣਕਾਰੀ ਆਈ।

ਬੀਬੀਸੀ ਦੇ ਅਮਰੀਕੀ ਭਾਈਵਾਲ, ਸੀਬੀਐੱਸ ਮੁਤਾਬਕ ਇਹ ਕਾਰਵਾਈਆਂ ਵੈਸਟਲੇਕ ਜ਼ਿਲ੍ਹੇ ਦੇ ਨਾਲ-ਨਾਲ ਲਾਸ ਏਂਜਲਸ ਦੇ ਦੱਖਣ ਵਿੱਚ ਪੈਰਾਮਾਉਂਟ ਵਿੱਚ ਹੋਈਆਂ।

ਪੈਰਾਮਾਉਂਟ ਵਿੱਚ ਇੱਕ ਹੋਮ ਡਿਪੋ ਸਟੋਰ 'ਤੇ ਆਈਸੀਈ ਦੇ ਛਾਪੇਮਾਰੀ ਦੀਆਂ ਰਿਪੋਰਟਾਂ ਵੀ ਆਈਆਂ ਸਨ, ਜਿਨ੍ਹਾਂ ਬਾਰੇ ਅਧਿਕਾਰੀਆਂ ਨੇ ਬੀਬੀਸੀ ਨੂੰ ਕਿਹਾ ਇਹ ਝੂਠੀਆਂ ਸਨ।

ਰਾਸ਼ਟਰਪਤੀ ਡੌਨਲਡ ਟਰੰਪ ਦੇ ਪ੍ਰਸ਼ਾਸਨ ਅਧੀਨ ਅਮਰੀਕਾ ਵਿੱਚ ਇਮੀਗ੍ਰੇਸ਼ਨ ਛਾਪੇਮਾਰੀ ਵਿੱਚ ਤੇਜ਼ੀ ਆਈ ਹੈ।

ਆਈਸੀਈ ਨੇ ਬਾਅਦ ਵਿੱਚ ਸੀਬੀਐੱਸ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਇੱਕ ਨੌਕਰੀ ਵਾਲੀ ਥਾਂ 'ਤੇ ਇੱਕ ਹੀ ਕਾਰਵਾਈ ਵਿੱਚ 44 ਅਣਅਧਿਕਾਰਤ ਪਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸੇ ਦਿਨ ਗ੍ਰੇਟਰ ਲਾਸ ਏਂਜਲਸ ਇਲਾਕੇ ਵਿੱਚ 77 ਹੋਰ ਲੋਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਸੀ।

ਇਨ੍ਹਾਂ ਛਾਪਿਆਂ ਤੋਂ ਬਾਅਦ, ਜਦੋਂ ਇਹ ਪਤਾ ਲੱਗਿਆ ਕਿ ਡਾਊਨਟਾਊਨ ਐੱਲਏ (ਲਾਸ ਏਂਜਲਸ) ਵਿੱਚ ਫੈਡਰਲ ਬਿਲਡਿੰਗ ਵਿੱਚ ਕਥਿਤ ਤੌਰ 'ਤੇ ਨਜ਼ਰਬੰਦਾਂ ਨੂੰ ਰੱਖਿਆ ਜਾ ਰਿਹਾ ਹੈ ਤਾਂ ਇਹ ਇਮਾਰਤ ਪ੍ਰਦਰਸ਼ਨਾਂ ਦਾ ਕੇਂਦਰ ਬਣ ਗਈ ਹੈ।

ਸੀਬੀਐੱਸ ਰਿਪੋਰਟਾਂ ਅਨੁਸਾਰ, ਇਮਾਰਤ 'ਤੇ ਗ੍ਰੈਫਿਟੀ ਬਣਾਈ ਗਈ (ਸਪ੍ਰੇਅ ਵਾਲੇ ਰੰਗਾਂ ਨਾਲ ਨਾਅਰੇ ਆਦਿ ਲਿਖਣਾ) ਅਤੇ ਪੁਲਿਸ 'ਤੇ ਵਸਤੂਆਂ ਸੁੱਟੀਆਂ ਗਈਆਂ।

ਵਿਰੋਧ ਪ੍ਰਦਰਸ਼ਨ ਸ਼ਨੀਵਾਰ ਨੂੰ ਵੀ ਜਾਰੀ ਰਹੇ, ਜਿਸ ਕਾਰਨ ਟਰੰਪ ਨੇ ਲਾਸ ਏਂਜਲਸ ਇਲਾਕੇ ਵਿੱਚ 2,000 ਨੈਸ਼ਨਲ ਗਾਰਡ ਮੈਂਬਰਾਂ ਨੂੰ ਤੈਨਾਤ ਕਰਨ ਦਾ ਆਦੇਸ਼ ਦਿੱਤਾ।

ਅਮਰੀਕਾ

ਟਰੰਪ ਪ੍ਰਸ਼ਾਸਨ ਨੇ ਕੀ ਦੱਸਿਆ ਅਤੇ ਪੁਲਿਸ ਕੀ ਕਹਿ ਰਹੀ

ਨੈਸ਼ਨਲ ਗਾਰਡਾਂ ਦੀ ਤੈਨਾਤੀ ਬਾਰੇ ਟਰੰਪ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਏਜੰਟਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਉਨ੍ਹਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਸੀ, ਜਦਕਿ ਸਥਾਨਕ ਪੱਧਰ 'ਤੇ ਕਾਨੂੰਨ ਵਿਵਸਥਾ ਨੂੰ ਸੰਭਾਲਣ ਵਾਲਿਆਂ ਦੀ ਪ੍ਰਤੀਕਿਰਿਆ ਬਹੁਤ ਹੌਲੀ ਸੀ।

ਹੋਮਲੈਂਡ ਸਿਕਿਓਰਿਟੀ ਸੈਕਰੇਟਰੀ ਕ੍ਰਿਸਟੀ ਨੋਏਮ ਨੇ ਐਤਵਾਰ ਸਵੇਰੇ ਸੀਬੀਐੱਸ ਨਿਊਜ਼ ਨੂੰ ਦੱਸਿਆ, "ਸਾਨੂੰ ਲਾਸ ਏਂਜਲਸ ਪੁਲਿਸ ਲਈ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ। ਉਨ੍ਹਾਂ ਨੇ ਕਿਹਾ ਕਿ ਉਹ ਸਿਰਫ਼ ਉਦੋਂ ਹੀ ਸਾਡੀ ਮਦਦ ਕਰਨ ਲਈ ਆਉਣਗੇ ਜਦੋਂ ਕੋਈ ਅਧਿਕਾਰੀ ਖ਼ਤਰੇ ਵਿੱਚ ਫਸ ਗਿਆ ਹੋਵੇ। ਜਦੋਂ ਹਿੰਸਕ ਵਿਰੋਧ ਪ੍ਰਦਰਸ਼ਨ ਹੋ ਰਹੇ ਹੋਣ ਤਾਂ ਅਜਿਹਾ ਰਵੱਈਆ ਉਦੋਂ ਕਾਰਗਰ ਨਹੀਂ ਹੁੰਦਾ।"

ਦੂਜੇ ਪਾਸੇ ਲਾਸ ਏਂਜਲਸ ਪੁਲਿਸ ਨੇ ਕਿਹਾ, "ਸਥਿਤੀ ਦੇ ਅਨੁਸਾਰ, ਜਿੰਨੀ ਜਲਦੀ ਹੋ ਸਕੇ ਕਾਰਵਾਈ ਕੀਤੀ ਗਈ। ਪੁਲਿਸ ਨੂੰ ਸੂਚਨਾ ਮਿਲਣ ਦੇ 55 ਮਿੰਟਾਂ ਦੇ ਅੰਦਰ, ਭੀੜ ਨੂੰ ਤਿੱਤਰ-ਬਿੱਤਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।"

ਅਮਰੀਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਮਲਾ ਹੈਰਿਸ ਨੇ ਵਿਰੋਧ ਪ੍ਰਦਰਸ਼ਨਾਂ ਵਿੱਚ ਨੈਸ਼ਨਲ ਗਾਰਡਾਂ ਦੀ ਤੈਨਾਤੀ ਨੂੰ ਇੱਕ ਖ਼ਤਰਨਾਕ ਕਦਮ ਕਿਹਾ ਹੈ

ਕਮਲਾ ਹੈਰਿਸ ਨੇ ਕਿਹਾ 'ਖ਼ਤਰਨਾਕ ਕਦਮ'

ਸਾਬਕਾ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਟਰੰਪ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਆਲੋਚਨਾ ਕੀਤੀ ਹੈ।

ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨਾਂ ਵਿੱਚ ਨੈਸ਼ਨਲ ਗਾਰਡਾਂ ਦੀ ਤੈਨਾਤੀ ਨੂੰ ਇੱਕ ਖ਼ਤਰਨਾਕ ਕਦਮ ਕਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਦੀ ਕਾਰਵਾਈ "ਜਨਤਕ ਸੁਰੱਖਿਆ ਬਾਰੇ ਨਹੀਂ ਹੈ ਬਲਕਿ ਡਰ ਫੈਲਾਉਣ ਦੀ ਕੋਸ਼ਿਸ਼ ਹੈ।"

ਕਮਲਾ ਹੈਰਿਸ ਨੇ ਕਿਹਾ, "ਨੈਸ਼ਨਲ ਗਾਰਡ ਦੀ ਤੈਨਾਤੀ ਇੱਕ ਖ਼ਤਰਨਾਕ ਕਦਮ ਹੈ ਜਿਸਦਾ ਉਦੇਸ਼ ਅਰਾਜਕਤਾ ਭੜਕਾਉਣਾ ਹੈ। ਇਹ ਟਰੰਪ ਪ੍ਰਸ਼ਾਸਨ ਦੀ ਇੱਕ ਜ਼ਾਲਮ ਅਤੇ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਘਬਰਾਹਟ ਅਤੇ ਵੰਡ ਫੈਲਾਉਣਾ ਹੈ।"

ਕੈਲੀਫੋਰਨੀਆ ਦੇ ਸਾਬਕਾ ਅਟਾਰਨੀ ਜਨਰਲ ਹੈਰਿਸ ਨੇ ਐਕਸ 'ਤੇ ਪੋਸਟ ਕੀਤੇ ਇੱਕ ਬਿਆਨ ਵਿੱਚ ਕਿਹਾ, "ਵਿਰੋਧ ਇੱਕ ਸ਼ਕਤੀਸ਼ਾਲੀ ਸਾਧਨ ਹਨ ਜੋ ਨਿਆਂ ਦੀ ਲੜਾਈ ਵਿੱਚ ਬਹੁਤ ਜ਼ਰੂਰੀ ਹਨ।"

"ਮੈਂ ਉਨ੍ਹਾਂ ਲੱਖਾਂ ਅਮਰੀਕੀਆਂ ਦੇ ਨਾਲ ਖੜ੍ਹੀ ਹਾਂ ਜੋ ਸਾਡੇ ਜ਼ਰੂਰੀ ਅਧਿਕਾਰਾਂ ਅਤੇ ਆਜ਼ਾਦੀ ਦੀ ਰੱਖਿਆ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ।"

ਅਮਰੀਕਾ ਵਿੱਚ ਬੀਬੀਸੀ ਦੇ ਭਾਈਵਾਲ ਸੀਬੀਐੱਸ ਨਿਊਜ਼ ਦੇ ਅਨੁਸਾਰ, ਅਮਰੀਕੀ ਰਾਸ਼ਟਰਪਤੀ ਚੋਣ ਹਾਰਨ ਤੋਂ ਬਾਅਦ ਕਮਲਾ ਹੈਰਿਸ 2026 ਵਿੱਚ ਆਪਣੇ ਗ੍ਰਹਿ ਸੂਬੇ ਕੈਲੀਫੋਰਨੀਆ ਵਿੱਚ ਗਵਰਨਰ ਦੇ ਅਹੁਦੇ ਲਈ ਚੋਣ ਲੜਨ ਬਾਰੇ ਸੋਚ ਰਹੇ ਹਨ।

ਅਮਰੀਕਾ

ਤਸਵੀਰ ਸਰੋਤ, Getty Images

ਇਸ ਵੇਲੇ ਕੀ ਹਨ ਹਾਲਾਤ

ਤੀਜੇ ਦਿਨ ਦੇ ਪ੍ਰਦਰਸ਼ਨਾਂ ਤੋਂ ਬਾਅਦ, ਡਾਊਨਟਾਊਨ ਲਾਸ ਏਂਜਲਸ ਨੂੰ ਪੁਲਿਸ ਨੇ "ਗ਼ੈਰ-ਕਾਨੂੰਨੀ ਇਕੱਠ" ਵਾਲਾ ਖੇਤਰ ਐਲਾਨ ਕਰ ਦਿੱਤਾ ਹੈ ਅਤੇ ਵਿਰੋਧ ਪ੍ਰਦਰਸ਼ਨ ਜਾਰੀ ਹਨ।

ਲਾਸ ਏਂਜਲਸ ਪੁਲਿਸ ਦਾ ਕਹਿਣਾ ਹੈ ਕਿ ਇਸ ਦੌਰਾਨ ਕੁਝ ਦੁਕਾਨਦਾਰਾਂ ਨੇ ਰਿਪੋਰਟ ਕੀਤਾ ਹੈ ਕਿ ਉਨ੍ਹਾਂ ਦੇ ਸਟੋਰ ਤੋਂ ਲੁੱਟ ਕੀਤੀ ਗਈ ਹੈ ਅਤੇ ਪੁਲਿਸ ਇਸ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਲੱਗੀ ਹੈ।

ਲਾਸ ਏਂਜਲਸ ਤੋਂ ਬੀਬੀਸੀ ਪੱਤਰਕਾਰ ਕ੍ਰਿਸਟਲ ਹੇਅਸ ਕਿ ਜਦੋਂ ਉਹ ਸ਼ਹਿਰ 'ਚ ਆਪਣੇ ਘਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਦੀ ਇੱਕ ਵੱਡੀ ਭੀੜ ਅਤੇ ਇੱਕ ਕਾਰ ਨੂੰ ਅੱਗ ਲੱਗਦੀ ਦੇਖੀ।

ਉਨ੍ਹਾਂ ਦੱਸਿਆ, "ਮੈਂ ਲਾਲ ਬੱਤੀ 'ਤੇ ਇੰਤਜ਼ਾਰ ਕਰ ਰਹੀ ਸੀ ਕਿ ਇੱਕ ਵੈਨ ਇੱਕ ਪਾਰਕਿੰਗ ਵਿੱਚੋਂ ਲੰਘ ਕੇ ਚੌਰਾਹੇ ਵਿੱਚ ਜਾ ਵੱਜੀ ਜਿੱਥੇ ਪ੍ਰਦਰਸ਼ਨਕਾਰੀ ਇਕੱਠੇ ਹੋਏ ਸਨ। ਵੈਨ ਨੇ ਕਈ ਪ੍ਰਦਰਸ਼ਨਕਾਰੀਆਂ ਅਤੇ ਇੱਕ ਦੀ ਬਾਈਕ ਜਾਂ ਸਕੂਟਰ ਨੂੰ ਟੱਕਰ ਮਾਰੀ।"

"ਡਰਾਈਵਰ ਨੇ ਕਮੀਜ਼ ਨਹੀਂ ਪਹਿਨੀ ਸੀ ਅਤੇ ਉਸ ਨੇ ਕਈ ਵਾਰ ਉੱਥੇ ਹੀ ਆਪਣੀ ਗੱਡੀ ਘੁੰਮਾਈ ਤੇ ਪ੍ਰਦਰਸ਼ਨਕਾਰੀ ਬਚ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।"

ਉਨ੍ਹਾਂ ਕਿਹਾ, "ਮੈਂ ਨਹੀਂ ਦੱਸ ਸਕਦੀ ਕਿ ਕੋਈ ਜ਼ਖਮੀ ਹੋਇਆ ਹੈ ਜਾਂ ਨਹੀਂ। ਪਰ ਮੈਂ ਕਈ ਲੋਕਾਂ ਨੂੰ ਰੋਂਦੇ ਅਤੇ ਭੱਜਦੇ ਦੇਖਿਆ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)