You’re viewing a text-only version of this website that uses less data. View the main version of the website including all images and videos.
ਬ੍ਰਿਟੇਨ ’ਚ 10 ਸਾਲ ਦੀ ਧੀ ਦੇ ਕਤਲ ਵਿੱਚ ਭਾਰਤੀ ਮਾਂ ਜੈਸਮੀਨ ਕੰਗ ਦੋਸ਼ੀ ਕਰਾਰ, ਕੀ ਹੈ ਪੂਰਾ ਮਾਮਲਾ
ਬ੍ਰਿਟੇਨ ਵਿੱਚ ਇੱਕ ਮਾਂ ਨੂੰ ਆਪਣੀ 10 ਸਾਲਾ ਧੀ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਮਰਹੂਮ ਸ਼ੈਅ ਕੰਗ ਦੀ ਲਾਸ਼ ਚਾਰ ਮਾਰਚ ਨੂੰ ਵੈਸਟਮਿਡਲੈਂਡਸ ਦੇ ਰੌਲੀ ਰਿਗਸ ਇਲਾਕੇ ਦੀ ਰੌਬਿਨ ਕਲੋਜ਼ ਸੜਕ ਉੱਤੇ ਸਥਿਤ ਉਸਦੇ ਘਰ ਵਿੱਚ ਮਿਲੀ ਸੀ। ਉਸਦੀ ਛਾਤੀ ਉੱਤੇ ਛੁਰੇ ਦੇ ਜ਼ਖਮ ਸਨ।
ਮਾਰਚ ਵਿੱਚ ਹੀ ਉਸਦੀ ਮਾਂ ਜਸਕੀਰਤ ਕੰਗ ਉਰਫ਼ ਜੈਸਮੀਨ ਕੰਗ ਨੇ ਵੁਲਵਰਹੈਂਪਟਨ ਦੀ ਇੱਕ ਕਰਾਊਨ ਕੋਰਟ ਵਿੱਚ ਮੌਤ ਇਸ ਦਲੀਲ ਨਾਲ ਕਬੂਲ ਕੀਤੀ ਸੀ ਕਿ ਉਸ ਸਮੇਂ ਉਸਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਅਤੇ ਉਸਦਾ ਆਪਣੇ ਉੱਤੇ ਕਾਬੂ ਨਹੀਂ ਸੀ।
ਅਦਾਲਤ ਨੇ ਇਸ ਦਲੀਲ ਨੂੰ ਸਵੀਕਾਰ ਕਰ ਲਿਆ ਸੀ। ਇਸ ਮਗਰੋਂ ਉਸ ਉੱਤੇ ਕਤਲ ਨਾਲੋਂ ਘੱਟ ਗੰਭੀਰ ਮੁੱਕਦਮਾ ਚੱਲਿਆ। ਜੈਸਮੀਨ ਨੂੰ 25 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ।
ਬਚਾਅ ਪੱਖ ਦੇ ਵਕੀਲ ਕੈਥਰੀਨ ਗੌਡਾਰਡ ਕੇਸੀ ਨੇ ਕਿਹਾ ਕਿ ਮਾਮਲੇ ਦੇ “ਤੱਥ ਬਾਰੇ ਤਾਂ ਕੋਈ ਝਗੜਾ ਹੀ ਨਹੀਂ ਸੀ”।
ਜੈਸਮੀਨ ਨੇ ਸੱਤ ਮਾਰਚ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਅਦਾਲਤ ਦੀ ਸੁਣਵਾਈ ਵਿੱਚ ਵੀਡੀਓ ਲਿੰਕ ਰਾਹੀਂ ਹਿੱਸਾ ਲਿਆ ਅਤੇ ਸਿਰਫ ਆਪਣੇ ਨਾਮ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਉਸ ਨੂੰ ਜੱਜ ਮਿਸ਼ੇਲ ਚੈਂਬਰਸ ਦੀ ਅਵਾਜ਼ ਸੁਣ ਰਹੀ ਹੈ।
ਉੱਧਰ ਸ਼ੈਅ ਕੰਗ ਦੇ ਸਕੂਲ ਵੱਲੋਂ ਜਾਰੀ ਇੱਕ ਸ਼ਰਧਾਂਜਲੀ ਬਿਆਨ ਵਿੱਚ, ਸ਼ੈਅ ਨੂੰ ਇੱਕ ਅਜਿਹੀ ਬੱਚੀ ਕਿਹਾ ਗਿਆ ਹੈ ਜੋ, ਖੁਸ਼, ਮਸਤੀ-ਪਸੰਦ ਸੀ ਅਤੇ ਸਾਰਿਆਂ ਵੱਲੋਂ ਪਸੰਦ ਕੀਤੀ ਜਾਂਦੀ ਸੀ।
ਸ਼ੈਅ ਦੀ ਲਾਸ਼ ਸਕੂਲ ਨੂੰ ਦੇ ਦਿੱਤੀ ਗਈ ਸੀ। ਸਕੂਲ ਵੱਲੋਂ ਹੀ ਉਸਦੀਆਂ ਅੰਤਿਮ ਰਸਮਾਂ ਪੰਜ ਸਤੰਬਰ ਨੂੰ ਕੀਤੀਆਂ ਜਾਣਗੀਆਂ।
ਸਕੂਲ ਨੇ ਇਸ ਕੰਮ ਲਈ 8875 ਪੌਂਡ ਦਾ ਫੰਡ ਇਕੱਠਾ ਕੀਤਾ ਹੈ। ਅੰਤਿਮ ਰਸਮਾਂ ਤੋਂ ਬਚੇ ਪੈਸੇ ਨਾਲ ਸਕੂਲ ਵਿੱਚ ਹੀ ਸ਼ੈਅ ਦੀ ਇੱਕ ਯਾਦਗਾਰ ਬਣਾਈ ਜਾਵੇਗੀ। ਯਾਦਗਾਰ ਦਾ ਕੰਮ ਅਗਸਤ ਵਿੱਚ ਹੀ ਸ਼ੁਰੂ ਹੋ ਗਿਆ ਹੈ।
ਕੀ ਸੀ ਪੂਰਾ ਮਾਮਲਾ
ਸ਼ੈਅ ਕੰਗ ਦੀ ਮਾਂ ਉੱਤੇ ਹੀ ਉਸਦੇ ਕਤਲ ਦਾ ਇਲਜ਼ਾਮ ਸੀ। ਸ਼ੈਅ ਦੀ ਲਾਸ਼ ਪੁਲਿਸ ਨੂੰ ਉਸਦੇ ਉਪਰੋਕਤ ਘਰ ਵਿੱਚ ਚਾਰ ਮਾਰਚ ਨੂੰ ਦੁਪਹਿਰ 12.15 ਵਜੇ ਮਿਲੀ ਸੀ।
ਅਦਾਲਤ ਨੂੰ ਦੱਸਿਆ ਗਿਆ ਸੀ ਕਿ ਸ਼ੇਅ ਦੀ ਮੌਤ ਛੁਰੇ ਦੇ ਜ਼ਖਮਾਂ ਕਾਰਨ ਹੋਈ ਸੀ।
ਮੰਨਿਆ ਜਾ ਰਿਹਾ ਹੈ ਕਿ ਸ਼ੇਅ ਆਪਣੇ ਪਿਤਾ ਨੂੰ ਕਦੇ ਨਹੀਂ ਮਿਲੀ ਸੀ। ਹਾਲਾਂਕਿ ਸ਼ੇਅ ਦੀ ਧਰਮ ਮਾਂ (ਕੇਲੀ ਕੁਕਲੋ) ਨੇ ਬੀਬੀਸੀ ਨੂੰ ਦੱਸਿਆ ਸੀ ਕਿ ਉਹ ਚਾਹੁੰਦੀ ਹੈ ਕਿ ਕੁਕਲੋ ਹੀ ਅੰਤਿਮ ਰਸਮਾਂ ਕਰੇ।
ਅਦਾਲਤ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰਦਿਆਂ ਕਿਹਾ ਸੀ ਕਿ “ਪੋਸਟ ਮਾਰਟਮ ਕੀਤਾ ਗਿਆ ਅਤੇ ਛਾਤੀ ਉੱਤੇ ਛੁਰੇ ਦੇ ਜ਼ਖਮਾਂ ਨੂੰ ਮੌਤ ਦੀ ਵਜ੍ਹਾ ਵਜੋਂ ਤੈਅ ਕੀਤਾ ਗਿਆ।”
ਜੱਜ ਨੇ ਕਿਹਾ ਕਿ ਮੇਰੇ ਸਾਹਮਣੇ ਪੇਸ਼ ਕੀਤੇ ਸਬੂਤਾਂ ਤੋਂ ਮੈਂ ਸੰਤੁਸ਼ਟ ਹਾਂ ਕਿ ਇਸ ਮਾਮਲੇ ਵਿੱਚ ਰਸਮੀ ਜਾਂਚ ਕਰਨਾ ਢੁੱਕਵਾਂ ਹੋਵੇਗਾ। ਇਸਦੇ ਨਾਲ ਹੀ ਜੱਜ ਨੇ ਮਾਮਲੇ ਦੀ ਸੁਣਵਾਈ ਜਾਂਚ ਹੋ ਜਾਣ ਤੱਕ ਮੁਲਤਵੀ ਕਰ ਦਿੱਤਾ।
ਸ਼ੈਅ ਦੀ ਮਾਂ ਜੈਸਮੀਨ ਨੂੰ ਆਪਣੀ ਧੀ ਦੇ ਇਲਜ਼ਾਮਾਂ ਤਹਿਤ ਹਿਰਾਸਤ ਵਿੱਚ ਲੈ ਲਿਆ ਗਿਆ।
ਜ਼ਿਕਰਯੋਗ ਹੈ ਕਿ ਸ਼ੇਅ ਦੀ ਧਰਮ ਮਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਆਪਣੀ ਕੋਈ ਸੰਤਾਨ ਨਾ ਹੋਣ ਕਾਰਨ ਉਹ ਉਸੇ ਨੂੰ ਆਪਣੀ ਬੇਟੀ ਮੰਨਦੀ ਸੀ।
ਸ਼ੈਅ ਦੀ ਮਾਂ ਅਤੇ ਕੁਕਲੋ ਜਦੋਂ ਮਿਲੀਆਂ ਸਨ ਤਾਂ ਸ਼ੇਅ ਅਜੇ ਆਪਣੀ ਮਾਂ ਦੇ ਪੇਟ ਵਿੱਚ ਹੀ ਸੀ। ਸ਼ੈਅ ਆਪਣੀ ਜ਼ਿੰਦਗੀ ਦੇ ਪਹਿਲੇ ਪੰਜ-ਛੇ ਸਾਲ ਕੁਕਲੋ ਦੇ ਨਾਲ ਹੀ ਰਹੀ ਸੀ।
ਸ਼ੈਅ ਅਤੇ ਜੈਸਮੀਨ ਦੋਵਾਂ ਨੇ ਕੋਈ ਸਾਥੀ ਨਾ ਹੋਣ ਕਾਰਨ ਰਲ ਕੇ ਸ਼ੇਅ ਦੀ ਪਰਵਰਿਸ਼ ਕੀਤੀ ਸੀ।
ਕੁਕਲੋ ਨੇ ਮਈ ਵਿੱਚ ਬੀਬੀਸੀ ਨੂੰ ਦੱਸਿਆ ਸੀ ਕਿ ਉਸਦੀ ਭੈਣ ਦੇ ਤਾਂ ਸੰਤਾਨ ਸੀ ਲੇਕਿਨ ਉਸਦੇ ਕੋਈ ਬੱਚਾ ਨਹੀਂ ਸੀ। ਇਸ ਲਈ ਉਹ ਆਪਣਾ ਸਾਰਾ ਪਿਆਰ ਸ਼ੇਅ ਨੂੰ ਹੀ ਦਿੰਦੀ ਸੀ।
ਸ਼ੈਅ ਦੇ ਜਨਮ ਸਮੇਂ ਵੀ ਕੁਕਲੋ ਅਤੇ ਉਸਦੀ ਮਾਂ ਉੱਥੇ ਮੌਜੂਦ ਸਨ ਅਤੇ ਸ਼ੇਅ ਦੀ ਨਾੜ ਵੀ ਉਸ ਨੇ ਕੱਟੀ ਸੀ। ਸ਼ੈਅ ਹੀ ਕੁਕਲੋ ਦੀ ਪੂਰੀ ਦੁਨੀਆਂ ਸੀ ਅਤੇ ਹੁਣ ਵੀ ਹੈ।
ਸ਼ੈਅ ਦੀ ਮੌਤ ਤੋਂ ਬਾਅਦ ਕੁਕਲੋ ਨੇ ਉਸਦੀਆਂ ਅੰਤਿਮ ਰਸਮਾਂ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਉਸ ਨੂੰ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।
ਕੁਕਲੋ ਨੇ ਕਿਹਾ ਕਿ ਉਹ ਸ਼ੇਅ ਦੇ ਵਾਰਸ ਨਹੀਂ ਸਨ ਇਸ ਲਈ ਉਹ ਕੁਝ ਨਹੀਂ ਕਰ ਪਾ ਰਹੀ ਸੀ।
ਕੁਕਲੋ ਦਾ ਕਹਿਣਾ ਸੀ ਕਿ ਸ਼ੇਅ ਦੀ ਮੌਤ ਤੋਂ ਬਾਅਦ ਉਸਦਾ 19 ਕਿੱਲੋ ਭਾਰ ਘਟ ਗਿਆ ਸੀ। ਉਸ ਤੋਂ ਸੁੱਤਾ ਵੀ ਨਹੀਂ ਜਾ ਰਿਹਾ ਸੀ।
ਕੁਕਲੋ ਚਾਹੁੰਦੀ ਸੀ ਕਿ ਸ਼ੇਅ ਨੂੰ ਸਰਕਾਰੀ ਤੌਰ ਉੱਤੇ ਨਹੀਂ ਸਗੋਂ ਰੀਤੀ ਰਿਵਾਜ਼ਾਂ ਨਾਲ ਦਫ਼ਨਾਇਆ ਜਾਵੇ।
ਖੈਰ ਹੁਣ ਸ਼ੇਅ ਦਾ ਸਕੂਲ ਆਪਣੇ ਗਰਾਊਂਡ ਵਿੱਚ ਇਹ ਕੰਮ ਕਰੇਗਾ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)