You’re viewing a text-only version of this website that uses less data. View the main version of the website including all images and videos.
ਗੁਰਦਾਸਪੁਰ ’ਚ ਨੌਜਵਾਨ ਦੀ ਮੌਤ ਤੋਂ ਬਾਅਦ 21ਵੀਂ ਸਦੀ 'ਚ ‘ਸ਼ੈਤਾਨ’, ਪ੍ਰਾਰਥਨਾ ਅਤੇ ਹਿੰਸਾ 'ਤੇ ਕੀ ਸਵਾਲ ਉੱਠ ਰਹੇ ਹਨ
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਸਹਿਯੋਗੀ
“ਮੈ ਉਨ੍ਹਾਂ ਨੂੰ ਕਿਹਾ ਕੀ ਇਹ ਆਪਣੀ ਮਾਂ ਨੂੰ ਪਛਾਣ ਰਿਹਾ ਹੈ, ਇਸ ’ਚ ਕੋਈ ਭੂਤ ਜਾਂ ਸ਼ੈਤਾਨ ਨਹੀਂ ਹੈ।”
ਇਹ ਅਲਫਾਜ਼ ਹਨ ਸੈਮੂਅਲ ਮਸੀਹ ਦੀ ਮਾਂ ਦੇ, ਜੋ ਹੁਣ ਆਪਣੇ ਅੰਦਰ ਇਹ ਪਛਤਾਵਾ ਲੈ ਕੇ ਬੈਠੀ ਹੈ ਕਿ ਕਿਉਂ ਉਸ ਨੇ ਆਪਣੇ ਪੁੱਤ ਦੀ ਸਿਹਤ ਦੀ ਕਾਮਯਾਬੀ ਲਈ ਕਿਸੇ ਪਾਦਰੀ ਨੂੰ ਆਪਣੇ ਘਰ ਬੁਲਾਇਆ।
ਬੀਤੇ ਕੁਝ ਦਿਨ ਪਹਿਲਾਂ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਨੇੜਲੇ ਪਿੰਡ ਸਿੰਘਪੁਰਾ ’ਚ ਇੱਕ ਪਾਦਰੀ ਅਤੇ ਉਸ ਦੇ ਸਾਥੀਆਂ ਨੇ ਕਥਿਤ ਤੌਰ ’ਤੇ ਭੂਤ ਪ੍ਰੇਤ ਕੱਢਣ ਦੇ ਨਾਂ ’ਤੇ ਇੱਕ 30 ਸਾਲਾ ਨੌਜਵਾਨ ਸੈਮੂਅਲ ਮਸੀਹ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਇਸ ਮਾਮਲੇ ’ਚ ਗੁਰਦਾਸਪੁਰ ਪੁਲਿਸ ਵਲੋਂ ਉੱਕਤ ਪਾਦਰੀ ਜੈਕਬ ਮਸੀਹ ਉਰਫ ਜੱਕੀ ਤੇ ਬਲਜੀਤ ਸਿੰਘ ਨੂੰ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਘਟਨਾ ਨੂੰ ਲੈ ਕੇ ਮ੍ਰਿਤਕ ਦਾ ਪਰਿਵਾਰ ਉੱਕਤ ਪਾਦਰੀ ਵਲੋਂ ਪ੍ਰਾਰਥਨਾ ਦੇ ਨਾਂ ’ਤੇ ਕੀਤੀ ਗਈ ਕੁੱਟਮਾਰ ’ਤੇ ਸਵਾਲ ਚੁੱਕ ਰਿਹਾ ਹੈ।
ਦੂਜੇ ਪਾਸੇ ਈਸਾਈ ਮੱਤ ਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਬਾਈਬਲ ਦੀ ਸਿੱਖਿਆ ਕਦੇ ਵੀ ਇਸ ਤਰ੍ਹਾਂ ਦੀ ਪ੍ਰਾਰਥਨਾ ਕਰਨ ਦਾ ਕੋਈ ਸੰਦੇਸ਼ ਨਹੀਂ ਦਿੰਦੀ।
ਪਰ ਈਸਾਈ ਮੱਤ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਧਰਮ ਮੁਤਾਬਕ 'ਜੇਕਰ ਰੱਬ ਹੈ ਤਾਂ ਸ਼ੈਤਾਨ ਵੀ ਹੈ'।
ਪਰ ਇਸ ਸ਼ੈਤਾਨ ਨੂੰ ਕੁੱਟਮਾਰ ਕਰਕੇ ਕੱਢਿਆ ਜਾ ਸਕਦਾ ਹੈ ਜਾਂ ਇਸ ਲਈ ਪ੍ਰਾਰਥਨਾ ਦੀ ਲੋੜ ਹੁੰਦੀ ਹੈ, ਇਸ ਗੱਲ ਉਪਰ ਸਵਾਲ ਉੱਠ ਰਹੇ ਹਨ।
ਗੁਰਦਾਸਪੁਰ ਦੇ ਪਿੰਡ ਸਿੰਘਪੁਰਾ ਦੀ ਇਹ ਘਟਨਾ 21 ਅਗਸਤ ਦੀ ਦੇਰ ਰਾਤ ਦੀ ਹੈ, ਜਦੋਂ ਇਸ ਪਿੰਡ ਦੇ ਇਕ ਨੌਜਵਾਨ ਸੈਮੂਅਲ ਮਸੀਹ ਦੀ ਅਚਾਨਕ ਸਿਹਤ ਵਿਗੜੀ। ਇਸ ਤੋਂ ਬਾਅਦ ਪਰਿਵਾਰ ਨੇ ਉਸ ਦੇ ਇਲਾਜ ਲਈ ਪਾਦਰੀ ਨੂੰ ਘਰ ਬੁਲਾਇਆ ਸੀ।
“ਮੇਰਾ ਪਤੀ ਬਿਮਾਰ ਨਹੀਂ ਸੀ ”
ਸੈਮੂਅਲ ਦੀ ਪਤਨੀ ਸੁਨੀਤਾ ਦੱਸਦੀ ਹੈ, “ਉਸਦਾ ਪਤੀ ਬਿਮਾਰ ਨਹੀਂ ਸੀ, ਨਾ ਉਸ ਨੂੰ ਕੋਈ ਬਿਮਾਰੀ ਸੀ ਪਰ ਉਹ ਅਜੀਬ ਹਰਕਤਾਂ ਕਰ ਰਿਹਾ ਸੀ।”
ਸੁਨੀਤਾ ਮੁਤਾਬਕ, “ਗੁਆਂਢੀਆਂ ਨੇ ਕਿਹਾ ਕਿ ਜੈਕਬ ਪਾਸਟਰ ਨੂੰ ਬੁਲਾ ਕੇ ਪ੍ਰਾਰਥਨਾ ਕਰਵਾਓ। ਜਦੋਂ ਉਨ੍ਹਾਂ ਨੂੰ ਬੁਲਾਇਆ ਤਾਂ ਉਨ੍ਹਾਂ ਕੁਝ ਪ੍ਰਾਰਥਨਾ ਕੀਤੀ ਤੇ ਫਿਰ ਹੋਰ ਸਾਥੀਆਂ ਨੂੰ ਬੁਲਾ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।”
ਸੁਨੀਤਾ ਨੇ ਅੱਗੇ ਦੱਸਿਆ ਕਿ ਉਸ ਨੇ ਅਤੇ ਉਸਦੀ ਸੱਸ ਨੇ ਉਨ੍ਹਾਂ ਨੂੰ ਰੋਕਿਆ ਕੀ ਜੇਕਰ ਤੁਹਾਡੇ ਵੱਸ ਨਹੀਂ ਹੈ ਤਾਂ ਰਹਿਣ ਦਿਓ, ਨਾ ਮਾਰੋ ਪਰ ਉਹ ਨਹੀਂ ਰੁਕੋ ਅਤੇ ਉਨ੍ਹਾਂ ਦੋਵਾਂ ਨੂੰ ਵੀ ਧੱਕੇ ਮਾਰ ਪਰੇ ਕਰ ਦਿੱਤਾ।
ਸੁਨੀਤਾ ਨੇ ਭਾਵੁਕ ਹੁੰਦਿਆਂ ਦੱਸਿਆ ਕਿ, ''ਮੇਰਾ ਪਤੀ ਉਦੋਂ ਚੀਕਾ ਮਾਰ ਰਿਹਾ ਸੀ, ਮਾਂ ਮੈਨੂੰ ਬਚਾਅ ਲੈ ਪਰ ਉਨ੍ਹਾਂ ਇੱਕ ਨਹੀਂ ਸੁਣੀ, ਬੱਚੇ ਵੀ ਵੇਖ ਕੇ ਰੋ ਰਹੇ ਸਨ।”
“ਉਹ ਇਹ ਦੇਖ ਕੇ ਬਹੁਤ ਡਰ ਗਏ ਕਿ ਉਨ੍ਹਾਂ ਦੇ ਪਿਤਾ ਨੂੰ ਕੁੱਟ ਰਹੇ ਹਨ। ਗੁਆਂਢੀਆਂ ਨੂੰ ਵੀ ਤਰਲਾ ਮਾਰਿਆ ਕਿ ਸੈਮੂਅਲ ਨੂੰ ਬਚਾਓ ਪਰ ਕੋਈ ਮਦਦ ਲਈ ਨਹੀਂ ਆਇਆ।”
ਸੈਮੂਅਲ ਦੀ ਪਤਨੀ ਸੁਨੀਤਾ ਅਤੇ ਮਾਂ ਰਾਖਲ ਆਖਦੀਆਂ ਹਨ ਕਿ ਉਹ ਵੀ ਚਰਚ ਜਾਂਦੀਆਂ ਹਨ।
ਅੰਧ-ਵਿਸ਼ਾਵਸ ਤੇ ਭਰੋਸਾ
ਪਰਿਵਾਰ ਦਾ ਕਹਿਣਾ ਹੈ ਕਿ ਹੋਰ ਵੀ ਕਈ ਪਾਸਟਰ ਪ੍ਰਾਰਥਨਾ ਕਰਦੇ ਹਨ ਪਰ ਉਨ੍ਹਾਂ ਕਦੇ ਨਹੀਂ ਦੇਖਿਆ ਕਿ ਇਸ ਤਰ੍ਹਾਂ ਕੋਈ ਪਾਦਰੀ ਕੁੱਟਮਾਰ ਕਰਕੇ ਕਿਸੇ ਨੂੰ ਠੀਕ ਕਰਦਾ ਹੋਵੇ।
ਇਸ ਪਰਿਵਾਰ ਦਾ ਮੰਨਣਾ ਹੈ ਕਿ ਬਾਹਰੀ ਹਵਾ ਹੁੰਦੀ ਹੈ ਅਤੇ ਉਨ੍ਹਾਂ ਨੂੰ ਇਹ ਸ਼ੱਕ ਸੀ ਕਿ ਸੈਮੂਅਲ ਨੂੰ ਬਾਹਰੀ ਹਵਾ ਲੱਗੀ ਸੀ ਪਰ ਹੁਣ ਨੂੰਹ ਸੱਸ ਦਾ ਕਹਿਣਾ ਹੈ ਕਿ ਸ਼ਾਇਦ ਉਹ ਉਸ ਵੇਲੇ ਸੈਮੂਅਲ ਨੂੰ ਡਾਕਟਰ ਕੋਲ ਲੈ ਜਾਂਦੇ ਤਾਂ ਉਹ ਠੀਕ ਹੋ ਜਾਂਦਾ।
ਮਾਂ ਰਾਖਲ ਦਾ ਕਹਿਣਾ ਸੀ, “ਮੈਂ ਤਾਂ ਉਨ੍ਹਾਂ ਨੂੰ ਕਿਹਾ ਵੀ ਕਿ ਇਹ ਕੋਈ ਦੁਆ ਕਰਨ ਦਾ ਤਰੀਕਾ ਨਹੀਂ ਹੈ, ਤੁਸੀਂ ਤਾਂ ਕੁੱਟਮਾਰ ਕਰ ਰਹੇ ਹੋ ਪਰ ਉਨ੍ਹਾਂ ਧੱਕਾ ਕੀਤਾ ਜਿਵੇਂ ਉਹ ਉਸਦੇ ਪੁੱਤ ਨੂੰ ਮਾਰਨ ਲਈ ਹੀ ਆਏ ਹੋਣ।”
ਉਸ ਦਾ ਕਹਿਣਾ ਸੀ, “ਬਾਹਰੀ ਹਵਾ ਖੁਦਾ ਦੀ ਤਾਕਤ ਨਾਲ ਦੂਰ ਹੋ ਜਾਂਦੀ ਹੈ, ਇਹ ਉਸਦਾ ਵਿਸ਼ਵਾਸ ਹੈ ਪਰ ਉਨ੍ਹਾਂ ਖੁਦਾ ਦੀ ਤਾਕਤ ਨਹੀਂ ਬਲਕਿ ਆਪਣੀ ਤਾਕਤ ਵਰਤੀ ਅਤੇ ਪੁੱਤ ਨੂੰ ਖ਼ਤਮ ਕਰ ਗਏ।”
ਮ੍ਰਿਤਕ ਸੈਮੂਅਲ ਦੀ ਮਾਂ ਦਾ ਕਹਿਣਾ ਸੀ ਕਿ ਆਪਣੇ ਪੁੱਤ ਲਈ ਇਨਸਾਫ਼ ਦੀ ਮੰਗ ਕਰਦਿਆਂ ਉਨ੍ਹਾਂ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ।
ਉਹ ਇਲਜ਼ਾਮ ਲਾਉਂਦਿਆਂ ਕਹਿੰਦੇ ਹਨ,“ਅਸੀਂ ਨਹੀਂ ਚਾਹੁੰਦੇ ਦੁਬਾਰਾ ਕਿਸੇ ਹੋਰ ਦਾ ਘਰ ਉਜੜੇ ਪਰ ਹਾਲੇ ਵੀ ਪੁਲਿਸ ਨੇ ਕਈ ਮੁਲਜ਼ਮਾਂ ਨੂੰ ਨਹੀਂ ਫ਼ੜਿਆ ਹੈ।”
ਸੁਨੀਤਾ ਦੇ ਭਰਾ ਦੀਪਕ ਸੰਧੂ ਦਾ ਕਹਿਣਾ ਸੀ ਕਿ, “ਦੁਆ ਜਾਂ ਪ੍ਰਾਰਥਨਾ ਵੱਖ ਹੈ ਅਤੇ ਮਾਰ ਕੁੱਟ ਕਰਨੀ ਵੱਖ ਹੈ ਜੇਕਰ ਉਸ ਨੂੰ ਕੋਈ ਬਾਹਰੀ ਹਵਾ ਸੀ ਜਾਂ ਨੁਕਸ ਸੀ ਤਾਂ ਦੁਆ ਨਾਲ ਠੀਕ ਹੋ ਸਕਦਾ ਸੀ ਕਿਉਕਿ ਪ੍ਰਾਰਥਨਾ ’ਚ ਬਹੁਤ ਤਾਕਤ ਹੁੰਦੀ ਹੈ।”
ਉਹ ਅਫ਼ਸੋਸ ਜ਼ਾਹਰ ਕਰਦੇ ਹਨ, “ਅੱਜ ਉਨ੍ਹਾਂ ਦੇ ਧਰਮ ’ਚ ਕਈ ਅਜਿਹੇ ਲੋਕ ਹਨ ਜਿਹੜੇ ਪ੍ਰਾਰਥਨਾ ਕਰਨ ਦੇ ਨਾਂ ’ਤੇ ਮਹਿਜ਼ ਆਪਣੀ ਦੁਕਾਨਦਾਰੀ ਕਰ ਰਹੇ ਹਨ । ”
ਪੰਜਾਬ ਕੈਥੋਲਿਕ ਚਰਚ ਐਕਸ਼ਨ ਕਮੇਟੀ ਨੇ ਕੀ ਕਿਹਾ
ਪੰਜਾਬ ਕੈਥੋਲਿਕ ਚਰਚ ਐਕਸ਼ਨ ਕਮੇਟੀ ਦੇ ਸੈਕਟਰੀ ਰੌਸ਼ਨ ਜੋਸਫ਼ ਦਾ ਕਹਿਣਾ ਹੈ ਕਿ,“ਇਹ ਤਾਂ ਇੱਕ ਮਾਮਲਾ ਹੈ ਜੋ ਸਾਹਮਣੇ ਆ ਗਿਆ ਹੈ ਪਰ ਅਸਲ ਵਿੱਚ ਕਈ ਮਾਮਲੇ ਹੋਰ ਵੀ ਹੋਣਗੇ।”
ਉਨ੍ਹਾਂ ਕਿਹਾ ਕਿ, “ਈਸਾਹੀ ਧਰਮ ਅਤੇ ਬਾਈਬਲ ਦੀ ਸਿਖਿਆ ਕਦੇ ਵੀ ਕੁੱਟਮਾਰ ਦੀ ਗੱਲ ਨਹੀਂ ਕਰਦੀ, ਜਦਕਿ ਪ੍ਰਭੂ ਨੇ ਤਾਂ ਮਹਿਜ਼ ਆਪਸੀ ਪਿਆਰ ਦਾ ਸੰਦੇਸ਼ ਦਿੱਤਾ ਹੈ।”
ਰੌਸ਼ਨ ਜੋਸਫ਼ ਦਾ ਕਹਿਣਾ ਸੀ ਕਿ,“ਕੈਥੋਲਿਕ ’ਚ ਇੱਕ ਪ੍ਰਚਾਰਕ ਬਣਨ ਲਈ ਕਰੀਬ 12 ਸਾਲ ਦੀ ਸਿੱਖਿਆ ਹੈ, ਜਦੋਂ ਕਿ ਜੋ ਪਿੰਡ-ਪਿੰਡ ਘਰਾਂ ’ਚ ਪਾਦਰੀ ਬੰਦਗੀ ਘਰ ਜਾਂ ਚਰਚ ਬਣਾ ਕੇ ਬੈਠੇ ਹਨ, ਉਹ ਤਾਂ ਇਵੇਂ ਹੈ ਕਿ ਬੇਰੋਜ਼ਗਾਰ ਲੋਕ ਜਿਵੇਂ ਥੋੜ੍ਹੀ ਜਿਹੀ ਬਾਈਬਲ ਦੀ ਸਿਖਿਆ ਲੈ ਕੇ ਖੁਦ ਹੀ ਪਾਸਟਰ ਬਣੇ ਹਨ।”
“ਧਰਮਿਕ ਸਿੱਖਿਆ ਦੀ ਘਾਟ ਕਰਕੇ ਲੋਕਾਂ ਨੂੰ ਅੰਧਵਿਸ਼ਵਾਸ ’ਚ ਪਾ ਰਹੇ ਹਨ ਅਤੇ ਇਹ ਵੀ ਜੋ ਘਟਨਾ ਸਾਹਮਣੇ ਆਈ ਹੈ, ਇਸੇ ਦੀ ਉਦਾਹਰਣ ਹੈ। ਮਾਰ-ਕੁੱਟ ਕਰਕੇ ਪ੍ਰਾਰਥਨਾ ਕਰਨਾਂ ਜਾਂ ਬੁਰੀ ਰੂਹ ਨੂੰ ਬਾਹਰ ਕੱਢਣਾ ਕੋਈ ਦੁਆ ਦਾ ਹਿੱਸਾ ਨਹੀਂ ਹੈ ਇਹ ਤਾਂ ਇਵੇਂ ਹੈ ਜਿਵੇਂ ਕਦੇ ਬਾਬੇ ਚਿਮਟੇ ਮਾਰ ਜਾਂ ਵਾਲ ਪੁੱਟ ਕੇ ਭੂਤ ਕੱਢਦੇ ਹੁੰਦੇ ਸਨ।”
ਪੰਜਾਬ ਕ੍ਰਿਸਚੀਅਨ ਫੈਡਰੇਸ਼ਨ ਦੇ ਪ੍ਰਧਾਨ ਪੀਟਰ ਚੀਦਾ ਨੇ ਦਾਅਵਾ ਕੀਤਾ ਕਿ, “ਦੁਆ ’ਚ ਕਦੇ ਵੀ ਕੋਈ ਕੁੱਟਮਾਰ ਨਹੀਂ ਹੁੰਦੀ ਹੈ ਅਤੇ ਨਾ ਹੀ ਉਨ੍ਹਾਂ ਦੇ ਧਰਮ ਦਾ ਕੋਈ ਪਾਸਟਰ ਦੁਆ ਜਾਂ ਪ੍ਰਾਰਥਨਾ ਵੇਲੇ ਕਿਸੇ ਨਾਲ ਕੁੱਟਮਾਰ ਕਰਦਾ ਹੈ। ਇਨ੍ਹਾਂ ਗੱਲਾਂ ਜ਼ਰੀਏ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ”
ਪੀਟਰ ਦਾ ਦਾਅਵਾ ਹੈ, “ਪਾਸਟਰ ਜੈਕਬ ਅਤੇ ਉਨ੍ਹਾਂ ਦੇ ਸਾਥੀ ਸੈਮੂਅਲ ਨੂੰ ਉਸ ਦੀ ਪਤਨੀ ਨਾਲ ਕੁੱਟ-ਮਾਰ ਕਰਨ ਤੋਂ ਹਟਾ ਰਹੇ ਸਨ, ਜਿਸ ਦੌਰਾਨ ਖਿੱਚੋਤਾਣ ਵਿੱਚ ਸੈਮੂਅਲ ਨੂੰ ਸੱਟਾਂ ਲੱਗ ਗਈਆਂ ਸਨ।”
ਉਹਨਾਂ ਕਿਹਾ “ਪਾਸਟਰ ਨੂੰ ਖੁਦ ਪਰਿਵਾਰ ਨੇ ਹੀ ਬੁਲਾਇਆ ਸੀ। ਸਾਡੇ ਧਰਮ ’ਚ ਇਹ ਸਾਫ ਹੈ ਕੀ ਜੇ ਖੁਦਾ ਹੈ ਤਾਂ ਸ਼ੈਤਾਨ ਵੀ ਹੈ ਅਤੇ ਉਸ ਤੋ ਬਚਾਉਣ ਲਈ ਪ੍ਰਾਰਥਨਾ ਅਹਿਮ ਹੈ।”
ਪੀਟਰ ਕਹਿੰਦੇ ਹਨ ਕਿ ਪਿੰਡਾਂ ਵਿੱਚ ਚਰਚ ਤਾਂ ਪਹਿਲਾਂ ਵੀ ਸਨ ਪਰ ਹੁਣ ਲੋਕਾਂ ਦੀ ਇਨ੍ਹਾਂ ਪ੍ਰਤੀ ਆਸਥਾ ਵੱਧ ਗਈ ਹੈ।
ਪੁਲਿਸ ਕੀ ਕਹਿੰਦੀ ਹੈ
ਪਰਿਵਾਰ ਦੀ ਸ਼ਿਕਾਇਤ ʼਤੇ ਕਾਰਵਾਈ ਕਰਦੇ ਹੋਏ ਪੁਲਿਸ ਥਾਣਾ ਧਾਰੀਵਾਲ ਵਿਖੇ ਜੈਕਬ ਮਸੀਹ ਉਰਫ ਜੱਕੀ ਵਾਸੀ ਸੰਘਰ, ਬਲਜੀਤ ਸਿੰਘ ਸੋਨੂੰ ਵਾਸੀ ਸੁਚੈਨੀਆਂ ਅਤੇ ਕਰੀਬ 8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
24 ਅਗਸਤ ਨੂੰ ਤਹਿਸੀਲਦਾਰ ਇੰਦਰਜੀਤ ਕੌਰ ਦੀ ਹਾਜ਼ਰੀ ਵਿੱਚ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਰ ਵਿੱਚੋਂ ਕਢਵਾ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਸੀ, ਜਿਸ ਨੂੰ ਪੋਸਟਮਾਰਟਮ ਤੋ ਬਾਅਦ ਮੁੜ ਦਫ਼ਨ ਕਰ ਦਿੱਤਾ ਗਿਆ ਸੀ।
ਪੁਲਿਸ ਥਾਣਾ ਧਾਰੀਵਾਲ ਐੱਸਐੱਚਓ ਬਲਜੀਤ ਕੌਰ ਦਾ ਕਹਿਣਾ ਸੀ ਕੀ ਉਨ੍ਹਾਂ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਲਿਆ ਗਿਆ ਹੈ ਅਤੇ ਜੋ ਮੁਲਜ਼ਮ ਹਨ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਡੀਐੱਸਪੀ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਸੈਮੂਅਲ ਬਿਮਾਰ ਰਹਿੰਦਾ ਸੀ ਤੇ ਉਸ ਦੇ ਘਰਦਿਆਂ ਪਾਦਰੀ ਨੂੰ ਪ੍ਰਾਰਥਨਾ ਕਰ ਕੇ ਠੀਕ ਕਰਨ ਖ਼ਾਤਰ ਬੁਲਾਇਆ ਸੀ।
ਉਨ੍ਹਾਂ ਨੇ ਅੱਗੇ ਦੱਸਿਆ, "ਪਰ ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੈਤਾਨ ਹੈ ਤੇ ਫਿਰ ਉਨ੍ਹਾਂ ਨੇ ਇਸ ਦੀ ਮਾਰ-ਕੁਟਾਈ ਸ਼ੁਰੂ ਕਰ ਦਿੱਤੀ ਤੇ ਹੋਰ ਬੰਦੇ ਬੁਲਾ ਲਏ। ਇਸੇ ਮਾਰ-ਕੁਟਾਈ ਦੌਰਾਨ ਹੀ ਉਸ ਦੀ ਮੌਤ ਹੋ ਗਈ।"
"ਪਹਿਲਾਂ ਤਾਂ ਘਰਦਿਆਂ ਨੇ ਕੋਈ ਇਤਲਾਹ ਦਿੱਤੇ ਬਿਨਾਂ ਹੀ ਲਾਸ਼ ਨੂੰ ਦਫ਼ਨਾ ਦਿੱਤਾ ਪਰ ਅਗਲੇ ਦਿਨ ਆ ਕੇ ਜਦੋਂ ਪਰਿਵਾਰ ਨੇ ਸ਼ਿਕਾਇਤ ਕੀਤੀ ਤਾਂ ਐੱਫਆਈਆਰ ਦਰਜ ਕਰ ਕੇ ਪੋਸਟ ਮਾਰਟਮ ਲਈ ਲਾਸ਼ ਕੱਢੀ ਗਈ ਸੀ।"