You’re viewing a text-only version of this website that uses less data. View the main version of the website including all images and videos.
ਪੰਜਾਬੀ ਪਿਤਾ ਦੀ ਆਪਣੇ ਜਪਾਨੀ ਪੁੱਤ ਨਾਲ 19 ਸਾਲਾਂ ਬਾਅਦ ਮੁਲਾਕਾਤ ਦੀ ‘ਫ਼ਿਲਮੀ ਕਹਾਣੀ’: ‘ਮੇਰੇ ਲਈ ਇਹ ਸੁਫ਼ਨੇ ਵਾਂਗ ਹੈ’
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਸਹਿਯੋਗੀ
“ਮੈਨੂੰ ਇਹ ਹਜੇ ਵੀ ਸੁਫ਼ਨੇ ਵਰਗਾ ਲੱਗ ਰਿਹਾ ਹੈ, ਮੈਂ ਨਹੀਂ ਚਾਹੁੰਦਾ ਕਿ ਇਹ ਸੁਫ਼ਨਾ ਟੁੱਟੇ।”
“ਮੈਨੂੰ ਤਾਂ ਹਾਲੇ ਤੱਕ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਆਪਣੇ ਪੁੱਤ ਨੂੰ ਲਗਭਗ ਦੋ ਦਹਾਕਿਆਂ ਬਾਅਦ ਮਿਲ ਲਿਆ ਹੈ।”
ਇਹ ਦੱਸਦਿਆਂ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਖਪਾਲ ਸਿੰਘ ਦਾ ਗੱਚ ਭਰਿਆ ਹੋਇਆ ਹੈ ਪਰ ਉਨ੍ਹਾਂ ਦੇ ਖਿੜੇ ਹੋਏ ਚਿਹਰੇ ਵਿੱਚੋਂ ਉਨ੍ਹਾਂ ਦੀ ਖੁਸ਼ੀ ਵੀ ਡੁੱਲ੍ਹ-ਡੁੱਲ੍ਹ ਪੈ ਰਹੀ ਹੈ।
2007 ਵਿੱਚ ਸੁਖਪਾਲ ਸਿੰਘ ਜਪਾਨ ਵਿੱਚ ਜਿਸ ਕਹਾਣੀ ਨੂੰ ਅਧੂਰੀ ਛੱਡ ਆਏ ਸਨ, ਉਸ ਕਹਾਣੀ ਨੇ 19 ਅਗਸਤ ਨੂੰ ਰੱਖੜੀ ਵਾਲੇ ਦਿਨ ਇੱਕ ਸੁਖਾਵਾਂ ਮੋੜ ਲਿਆ।
ਰੱਖੜੀ ਵਾਲੇ ਦਿਨ ਜਪਾਨ ਵਿੱਚ ਜੰਮੇ ਪਲ਼ੇ ਰਿਨ ਤਾਕਾਹਾਤਾ ਆਪਣੇ ਪਿਤਾ ਨੂੰ 19 ਸਾਲਾਂ ਬਾਅਦ ਮਿਲੇ।
ਅੰਮ੍ਰਿਤਸਰ ਰਹਿੰਦੇ ਸੁਖਪਾਲ ਸਿੰਘ ਨੇ ਸਾਲ 2002 ਵਿੱਚ ਇੱਕ ਸਚੀਆ ਤਾਕਾਹਾਤਾ ਨਾਮ ਦੀ ਜਪਾਨੀ ਮਹਿਲਾ ਨਾਲ ਵਿਆਹ ਕੀਤਾ ਸੀ।
ਰਿਨ ਤਾਕਾਹਾਤਾ ਉਦੋਂ ਕਰੀਬ ਦੋ ਸਾਲ ਦੇ ਸੀ ਜਦੋਂ ਉਨ੍ਹਾਂ ਦੇ ਮਾਪਿਆਂ ਦਾ ਤਲਾਕ ਹੋ ਗਿਆ ਸੀ।
ਪਰ ਕੁਝ ਸਾਲਾਂ ਬਾਅਦ ਉਹ ਵੱਖ ਹੋ ਗਏ।
2007 ਵਿੱਚ ਜਪਾਨ ਤੋਂ ਪਰਤਣ ਮਗਰੋਂ ਸੁਖਪਾਲ ਦਾ ਆਪਣੇ ਪੁੱਤ ਤੇ ਪਤਨੀ ਨਾਲ ਕੋਈ ਰਾਬਤਾ ਨਹੀਂ ਰਿਹਾ।
ਰੱਖੜੀ ਦੇ ਦਿਨ ਆਪਣੇ ਪਿਤਾ ਨੂੰ ਮਿਲੇ ਰਿਨ ਨੂੰ ਸਿਰਫ਼ ਪਿਤਾ ਹੀ ਨਹੀਂ ਇੱਕ ਨਿੱਕੀ ਭੈਣ ਤੇ ਇੱਕ ਨਵਾਂ ਪਰਿਵਾਰ ਵੀ ਮਿਲਿਆ ਹੈ।
ਸੁਖਪਾਲ ਦੀ ਰਿਨ ਦੀ ਮਾਂ ਨਾਲ ਕਿਵੇਂ ਮੁਲਾਕਾਤ ਹੋਈ ਸੀ
ਸੁਖਪਾਲ ਦੱਸਦੇ ਹਨ, “ਮੇਰੀ ਰਿਨ ਦੀ ਮਾਂ ਨਾਲ ਮੁਲਾਕਾਤ ਥਾਈਲੈਂਡ ਏਅਰਪੋਰਟ ’ਤੇ ਹੋਈ ਸੀ।ਉਹ ਤਾਜ ਮਹਿਲ ਦੇਖਣ ਲਈ ਇੰਡੀਆ ਆ ਰਹੇ ਸਨ।”
ਸੁਖਪਾਲ ਦੱਸਦੇ ਹਨ ਕਿ ਜਹਾਜ਼ ਵਿੱਚ ਉਹ ਅਤੇ ਰਿਨ ਦੀ ਮਾਂ ਸਚੀਆ ਤਕਾਹਾਤਾ ਦੀਆਂ ਸੀਟਾਂ ਇਕੱਠੀਆਂ ਸਨ।
ਸੁਖਪਾਲ ਸਿੰਘ ਨੇ ਸਚੀਆ ਨੂੰ ਹਾਸੇ ਨਾਲ ਪੁੱਛਿਆ ਕਿ ਉਹ ਉਨ੍ਹਾਂ ਨੂੰ ਦਰਬਾਰ ਸਾਹਿਬ ਤੇ ਵਾਹਗਾ ਬਾਰਡਰ ਦਿਖਾਉਣ ਲਈ ਲਿਜਾ ਸਕਦੇ ਹਨ।
“ਉਨ੍ਹਾਂ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ ਤੇ ਮੇਰੇ ਨਾਲ ਆ ਗਏ।”
ਸੁਖਪਾਲ ਮੁਤਾਬਕ ਇਸ ਤੋਂ ਬਾਅਦ ਉਹ ਸਚੀਆ ਨੂੰ ਅੰਮ੍ਰਿਤਸਰ ਆਪਣੇ ਪਰਿਵਾਰ ਕੋਲ ਵੀ ਲਿਆਏ ਤੇ ਉਹ ਉਨ੍ਹਾਂ ਦੇ ਪਰਿਵਾਰ ਨਾਲ ਕਈ ਦਿਨ ਰਹੇ।
ਇਸ ਮਗਰੋਂ ਸਚੀਆ ਨੇ ਜਪਾਨ ਜਾ ਕੇ ਸੁਖਪਾਲ ਨੂੰ ਸਪੌਂਸਰਸ਼ਿਪ ਭੇਜੀ ਤੇ ਉਹ ਉਨ੍ਹਾਂ ਕੋਲ ਸਾਲ 2002 ਵਿੱਚ ਜਪਾਨ ਚਲੇ ਗਏ।
ਸੁਖਪਾਲ ਅਤੇ ਸਚੀਆ ਦਾ ਤਲਾਕ
ਸਚੀਆ ਤਾਕਾਹਾਤਾ ਤੇ ਸੁਖਪਾਲ ਦੇ ਵਿਆਹ ਤੋਂ ਬਾਅਦ 2003 ਵਿੱਚ ਉਨ੍ਹਾਂ ਦੇ ਬੱਚੇ ਦਾ ਜਨਮ ਹੋਇਆ।
ਸੁਖਪਾਲ ਦੱਸਦੇ ਹਨ, “ਮੇਰੀ ਉਮਰ ਉਸ ਵੇਲੇ ਕਰੀਬ 20 ਸਾਲ ਸੀ, ਮੈਂ ਪਰਿਵਾਰਕ ਜ਼ਿੰਮੇਵਾਰੀਆਂ ਬਾਰੇ ਸਮਝ ਨਹੀਂ ਰੱਖਦਾ ਸੀ, ਸਾਡੇ ਦੋਵਾਂ ਵਿੱਚ ਸਭਿਆਚਾਰਕ ਵਖਰੇਵੇਂ ਵੀ ਸਨ।”
ਉਹ ਦੱਸਦੇ ਹਨ ਕਿ ਉਹ ਕੰਮ ਕਰਕੇ ਆਪਣੇ ਪਰਿਵਾਰ ਨੂੰ ਪੈਸੇ ਭੇਜਣਾ ਚਾਹੁੰਦੇ ਸਨ।
ਸੁਖਪਾਲ ਦੱਸਦੇ ਹਨ ਕਿ ਉਹ ਸਾਲ 2004 ਵਿੱਚ ਆਪਣੀ ਪਤਨੀ ਨਾਲ ਅਣਬਣ ਹੋਣ ਮਗਰੋਂ ਆਪਣੇ ਘਰ ਪੰਜਾਬ ਵਾਪਸ ਆ ਗਏ ਸਨ।
ਉਸ ਵੇਲੇ ਨੂੰ ਯਾਦ ਕਰਦਿਆਂ ਉਹ ਦੱਸਦੇ ਹਨ, “ਰਿਨ ਉਦੋਂ ਕਰੀਬ ਡੇਢ ਸਾਲਾਂ ਦਾ ਸੀ ਜਦੋਂ ਉਸ ਦੀ ਮਾਂ ਮੈਨੂੰ ਲੈਣ ਇੰਡੀਆ ਆਏ ਸੀ ਤੇ ਮੈਨੂੰ ਵਾਪਸ ਲੈ ਗਏ ਸਨ।”
“ਮੇਰੇ 2004 ਦੇ ਅਖ਼ੀਰ ਵਿੱਚ ਦੂਜੀ ਵਾਰ ਜਪਾਨ ਜਾਣ ਤੋਂ ਬਾਅਦ ਵੀ ਸਾਡੀ ਨਹੀਂ ਬਣ ਸਕੀ ਤੇ ਸਾਡਾ ਤਲਾਕ ਹੋ ਗਿਆ, ਉਸ ਤੋਂ ਬਾਅਦ ਮੈਂ ਰਿਨ ਨੂੰ ਕਦੇ ਵੀ ਨਹੀਂ ਦੇਖਿਆ।”
ਸੁਖਪਾਲ ਦੱਸਦੇ ਹਨ ਕਿ ਰਿਨ ਦੀ ਮਾਂ ਉਨ੍ਹਾਂ ਨਾਲ ਨਾਰਾਜ਼ ਤੇ ਗੁੱਸੇ ਸਨ।
“ਉਨ੍ਹਾਂ ਨੂੰ ਗੁੱਸਾ ਸੀ ਕਿ ਮੈਂ ਉਨ੍ਹਾਂ ਨੂੰ ਛੱਡ ਕੇ ਆ ਗਿਆ ਸੀ ਜਦੋਂ ਉਨ੍ਹਾਂ ਨੂੰ ਮੇਰੀ ਲੋੜ ਸੀ।”
‘ਮੈਨੂੰ ਪੂਰਾ ਵਿਸ਼ਵਾਸ ਸੀ ਕਿ ਮੈਂ ਆਪਣੇ ਪੁੱਤ ਨੂੰ ਮਿਲਾਂਗਾ’
ਸੁਖਪਾਲ ਦੱਸਦੇ ਹਨ ਕਿ ਸਾਲ 2008 ਵਿੱਚ ਜਦੋਂ ਉਹ ਪੰਜਾਬ ਆਏ ਹੋਏ ਸਨ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ।
ਸੁਖਪਾਲ ਨੇ ਮੁੜ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੀ 15 ਸਾਲਾ ਧੀ ਵੀ ਹੈ।
“ਮੈਨੂੰ ਹਮੇਸ਼ਾ ਇਹ ਘਾਟ ਰੜਕਦੀ ਸੀ ਕਿ ਮੇਰਾ ਵੀ ਇੱਕ ਪੁੱਤ ਹੈ ਜੋ ਬਾਹਰ ਰਹਿ ਗਿਆ ਹੈ, ਲੋਕ ਮੈਨੂੰ ਪੁੱਛਦੇ ਸਨ ਕਿ ਮੈਂ ਉਸ ਨੂੰ ਕਿਵੇਂ ਮਿਲਾਂਗਾਂ ਪਰ ਮੈਨੂੰ ਪੂਰਾ ਵਿਸ਼ਵਾਸ ਸੀ।"
“ਮੈਂ ਹੁਣ ਤੱਕ ਸੋਸ਼ਲ ਮੀਡੀਆ ਫੇਸਬੁੱਕ, ਇੰਸਟਾਗ੍ਰਾਮ, ਗੂਗਲ ਉੱਤੇ ਸਰਚ ਕਰਕੇ ਲੱਭਦਾ ਰਹਿੰਦਾ ਸੀ ਪਰ ਮੈਨੂੰ ਉਹ ਕਿਤੇ ਨਹੀਂ ਮਿਲੇ।”
“ਮੈਂ ਆਪਣੀ ਪਤਨੀ ਨੂੰ ਵਿਆਹ ਤੋਂ 2-3 ਸਾਲ ਬਾਅਦ ਇਸ ਬਾਰੇ ਦੱਸ ਦਿੱਤਾ ਸੀ ਤੇ ਮੈਂ ਆਪਣੀ ਬੇਟੀ ਨੂੰ ਵੀ ਇਸ ਬਾਰੇ ਦੱਸ ਦਿੱਤਾ ਸੀ।”
ਉਹ ਦੱਸਦੇ ਹਨ, “ਮੇਰੇ ਪਰਿਵਾਰ ਵਾਲਿਆਂ ਨੇ ਰਿਨ ਦੇ ਆਉਣ ਦੀ ਬਹੁਤ ਖ਼ੁਸ਼ੀ ਮਨਾਈ, ਮੇਰੀ ਪਤਨੀ ਵੀ ਖੁਸ਼ ਹਨ।”
ਉਹ ਦੱਸਦੇ ਹਨ ਕਿ ਰਿਨ ਨੂੰ ਸਿਰਫ਼ ਉਨ੍ਹਾਂ ਦੇ ਪੁਰਾਣੇ ਐਡਰੈੱਸ ਬਾਰੇ ਪਤਾ ਸੀ, ਰਿਨ ਉੱਥੇ ਗਿਆ ਤੇ ਉਨ੍ਹਾਂ ਦੀ ਫੋਟੋਆਂ ਦਿਖਾ ਕੇ ਉਨ੍ਹਾਂ(ਸੁਖਪਾਲ) ਨੂੰ ਲੱਭਿਆ।
ਜਦੋਂ ਰਿਨ ਨੇ ਆਪਣੇ ਪਿਤਾ ਨੂੰ ਮਿਲਣ ਦਾ ਫ਼ੈਸਲਾ ਲਿਆ
ਰਿਨ ਦੱਸਦੇ ਹਨ ਕਿ ਆਮ ਤੌਰ ਉੱਤੇ ਉਨ੍ਹਾਂ ਨੇ ਕਦੇ ਆਪਣੇ ਪਿਤਾ ਬਾਰੇ ਜ਼ਿਆਦਾ ਨਹੀਂ ਸੋਚਿਆ।
ਪਰ ਇੱਕ ਘਟਨਾ ਮਗਰੋਂ ਉਨ੍ਹਾਂ ਨੇ ਮੀਲਾਂ ਲੰਬਾ ਸਫ਼ਰ ਕਰਕੇ ਆਪਣੇ ਪਿਤਾ ਨੂੰ ਮਿਲਣ ਜਾਣ ਦਾ ਫ਼ੈਸਲਾ ਲਿਆ।
ਉਹ ਦੱਸਦੇ ਹਨ, “ਜਦੋਂ ਮੈਂ ਆਪਣੀ ਜਮਾਤ ਵਿੱਚ ਆਪਣੇ ਪਰਿਵਾਰਕ ਪਿਛੋਕੜ(ਫੈਮਿਲੀ ਟ੍ਰੀ ਵਿੱਚ) ਬਾਰੇ ਲਿਖਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਹੀ ਅਜਿਹਾ ਹਾਂ ਜਿਸ ਨੂੰ ਆਪਣੇ ਪਿਤਾ ਬਾਰੇ ਨਹੀਂ ਪਤਾ, ਮੈਨੂੰ ਸਿਰਫ਼ ਆਪਣੇ ਪਿਤਾ ਦਾ ਨਾਮ ਪਤਾ ਸੀ ਹੋਰ ਕੁਝ ਨਹੀਂ।”
ਉਹ ਦੱਸਦੇ ਹਨ, “ਇਸ ਮਗਰੋਂ ਮੈਂ ਆਪਣੀ ਮਾਂ ਨੂੰ ਆਪਣੇ ਪਿਤਾ ਦੀਆਂ ਤਸਵੀਰਾਂ ਦਿਖਾਉਣ ਲਈ ਕਿਹਾ ਅਤੇ ਉਨ੍ਹਾਂ ਦੀਆਂ ਕਹਾਣੀਆਂ ਸੁਣੀਆਂ।”
ਉਨ੍ਹਾਂ ਨੇ ਅੱਗੇ ਦੱਸਿਆ, “ਮੈਂ ਗੂਗਲ ਮੈਪ ਉੱਤੇ ਉਹ ਪਤਾ ਭਰਿਆ ਜਿੱਥੇ ਮੇਰੇ ਪਿਤਾ ਪਹਿਲਾਂ ਰਹਿੰਦੇ ਸਨ ਤੇ ਉੱਥੋਂ ਦੀਆਂ ਤਸਵੀਰਾਂ ਦੇਖੀਆਂ।”
“ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਪਹਿਲੇ ਦਿਨ ਹੀ ਉਨ੍ਹਾਂ ਨੂੰ ਮਿਲ ਸਕਾਂਗਾ, ਮੈਨੂੰ ਅਜੇ ਵੀ ਇਹ ਸੁਫ਼ਨਾ ਲੱਗ ਰਿਹਾ ਹੈ।”
ਰਿਨ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੀ ਮਾਂ ਕੋਲੋਂ ਸੁਣਿਆ ਕਿ ਸ਼ਾਇਦ ਉਨ੍ਹਾਂ ਦੇ ਪਿਤਾ ਨੇ ਦੁਬਾਰਾ ਵਿਆਹ ਕਰਵਾ ਲਿਆ ਹੋਵੇ ਪਰ ਉਨ੍ਹਾਂ ਨੂੰ ਇਹ ਬਿਲਕੁਲ ਵੀ ਖਿਆਲ ਨਹੀਂ ਸੀ ਕਿ ਉਨ੍ਹਾਂ ਦੀ ਕੋਈ ਛੋਟੀ ਭੈਣ ਵੀ ਹੋਵੇਗੀ।
ਉਹ ਦੱਸਦੇ ਹਨ, “ਜਪਾਨ ਦੇ ਵਿੱਚ ਮੇਰਾ ਕੋਈ ਭਰਾ ਨਹੀਂ ਸੀ, ਮੈਂ ਚਾਹੁੰਦਾ ਸੀ ਕਿ ਮੇਰਾ ਭਰਾ ਹੋਵੇਗਾ। ਮੈਨੂੰ ਆਪਣੇ ਪਿਤਾ ਦੇ ਨਾਲ-ਨਾਲ ਛੋਟੀ ਭੈਣ ਅਤੇ ਇੱਕ ਪਰਿਵਾਰ ਵੀ ਮਿਲਿਆ ਹੈ।”
“ਮੈਂ ਆਪਣੇ ਪਿਤਾ ਨਾਲ ਦਰਬਾਰ ਸਾਹਿਬ ਗਿਆ ਅਤੇ ਰੱਬ ਦਾ ਧੰਨਵਾਦ ਕੀਤਾ, ਮੈਂ ਬਹੁਤ ਖੁਸ਼ ਹਾਂ।”
ਰਿਨ ਆਪਣੇ ਨਾਲ ਸੁਖਪਾਲ ਦੀਆਂ ਕਿਹੜੀਆਂ ਨਿਸ਼ਾਨੀਆਂ ਲਿਆਏ
ਸੁਖਪਾਲ ਦੱਸਦੇ ਹਨ ਕਿ ਰਿਨ ਦੇ ਕੋਲ ਉਨ੍ਹਾਂ ਨਾਲ ਜੁੜੇ ਸਾਰੇ ਦਸਤਾਵੇਜ਼ ਸਨ, ਜਿਨ੍ਹਾਂ ਵਿੱਚ ਡਰਾਇਵਿੰਗ ਲਾਇਸੈਂਸ, ਪਾਸਪੋਰਟ ਤੋਂ ਲੈ ਕੇ ਉਨ੍ਹਾਂ ਦੀਆਂ ਕਈ ਤਸਵੀਰਾਂ ਤੇ ਹੋਰ ਦਸਤਾਵੇਜ਼ਾਂ ਨਾਲ ਭਰੀ ਫਾਈਲ ਵੀ ਹੈ।
ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਹਮੇਸ਼ਾ ਇਹ ਦੱਸਦੇ ਰਹੇ ਹਨ ਕਿ ਉਨ੍ਹਾਂ ਦਾ ਇੱਕ ਪੁੱਤ ਜਪਾਨ ਵਿੱਚ ਰਹਿੰਦਾ ਹੈ ਤੇ ਉਹ ਉਨ੍ਹਾਂ ਨੂੰ ਮਿਲਣ ਜ਼ਰੂਰ ਆਵੇਗਾ।
ਉਹ ਖੁਸ਼ ਹੁੰਦਿਆਂ ਦੱਸਦੇ ਹਨ ਕਿ ਰਿਨ ਦੇ ਕੋਲ ਉਹ ਪੰਜ ਡਾਲਰ ਵੀ ਸਨ ਜਿਹੜੇ ਉਨ੍ਹਾਂ ਨੇ ਰਿਨ ਦੀ ਮਾਂ ਨੂੰ ਪਹਿਲੀ ਵਾਰ ਮਿਲਣ ਉੱਤੇ ਗਿਫ਼ਟ ਕੀਤੇ ਸਨ।
ਸੁਖਪਾਲ ਸਿੰਘ ਦੀ ਧੀ ਅਵਲੀਨ ਕੌਰ ਦੱਸਦੇ ਹਨ ਕਿ ਉਨ੍ਹਾਂ ਨੂੰ ਪਤਾ ਤਾਂ ਸੀ ਕਿ ਉਨ੍ਹਾਂ ਦਾ ਇੱਕ ਭਰਾ ਵੀ ਹੈ।
ਉਹ ਕਹਿੰਦੇ ਹਨ, “ਸਾਨੂੰ ਇੱਕਦਮ ਬਹੁਤ ਹੈਰਾਨੀ ਹੋਈ ਤੇ ਖ਼ੁਸ਼ੀ ਵੀ, ਮੇਰੇ ਲਈ ਇਹ ਰੱਖਣੀ ਬਹੁਤ ਖ਼ਾਸ ਹੈ।”
ਉਹ ਦੱਸਦੇ ਹਨ ਕਿ ਉਹ ਆਪਣੇ ਭਰਾ ਦੇ ਨਾਲ ਰਹਿਣਾ ਚਾਹੁੰਦੇ ਹਨ।
ਜਪਾਨ ਰਹਿੰਦੇ ਰਿਨ ਦੀ ਮਾਂ ਨਾਲ ਰਾਬਤਾ ਹੋਣ ਬਾਰੇ ਸੁਖਪਾਲ ਦੱਸਦੇ ਹਨ, “ਰਿਨ ਨੇ ਮੇਰੀ ਆਪਣੀ ਮਾਂ ਨਾਲ ਗੱਲ ਵੀ ਕਰਵਾਈ ਹੈ, ਉਹ ਬਹੁਤ ਖੁਸ਼ ਹੋਏ।”
“ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਰਿਨ ਉਨ੍ਹਾਂ ਦੀ ਮਰਜ਼ੀ ਨਾਲ ਆਇਆ ਹੈ ਪਰ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।”
ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਇਹ ਸੋਚ ਕੇ ਧੱਕਾ ਵੀ ਲੱਗਦਾ ਹੈ ਕਿ ਉਹ ਚਲਾ ਜਾਵੇਗਾ ਪਰ ਉਹ ਰਿਨ ਨਾਲ ਮਿਲਵਰਤਣ ਬਣਾ ਕੇ ਰੱਖਣਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ