ਅਵਨੀ ਲੇਖਰਾ ਨੇ ਪੈਰਾਲੰਪਿਕਸ 'ਚ ਜਿੱਤਿਆ ਗੋਲਡ, ਜਿਸ ਲਈ ਕਦੇ ਬੈਠਣਾ ਵੀ ਮੁਸ਼ਕਲ ਸੀ ਉਸ ਨੇ ਤਿੰਨ ਮੈਡਲ ਕਿਵੇਂ ਜਿੱਤੇ

ਪੈਰਿਸ ਪੈਰਾਲੰਪਿਕ ਵਿੱਚ ਭਾਰਤ ਦੀ ਅਵਨੀ ਲੇਖਰਾ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਸ਼ੂਟਿੰਗ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ ਹੈ।

ਅਵਨੀ ਸਾਲ 2022 ਵਿੱਚ ਬੀਬੀਸੀ ਦੇ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ ਐਵਾਰਡ ਦੇ ਤੀਜੇ ਸੀਜ਼ਨ ਲਈ ਨਾਮਜ਼ਦ ਵੀ ਹੋਏ ਹਨ।

ਅਵਨੀ ਪਹਿਲਾਂ ਕੋਰੀਆਈ ਸ਼ੂਟਰ ਯੁਨਰੀ ਲੀ ਤੋਂ 0.8 ਨਾਲ ਪਿਛੜ ਰਹੇ ਸਨ ਪਰ ਕੋਰੀਆਈ ਸ਼ੂਟਰ ਦਾ ਆਖ਼ਰੀ ਸ਼ਾਟ ਸਿਰਫ 6.8 ਪੁਆਇੰਟ ਹਾਸਿਲ ਕਰ ਸਕਿਆ । ਜਦਕਿ ਅਵਨੀ ਨੇ 10.5 ਦਾ ਸਕੋਰ ਹਾਸਿਲ ਕੀਤਾ।

ਅਵਨੀ ਨੇ 249.7 ਪੁਆਇੰਟ ਹਾਸਿਲ ਕੀਤਾ ਜਦਕਿ ਯੁਨਰੀ ਲੀ ਨੇ 246.8 ਪੁਆਇੰਟ ਹਾਸਿਲ ਕੀਤੇ ਅਤੇ ਇਸੇ ਨਾਲ ਉਹ ਆਖ਼ਰੀ ਰਾਊਂਡ ਵਿੱਚ ਸਿਖ਼ਰ ਉੱਤੇ ਪਹੁੰਚ ਗਈ।

ਇਸੇ ਏਵੰਟ ਵਿੱਚ ਖੇਡ ਰਹੇ ਭਾਰਤ ਦੇ ਮੋਨਾ ਅਗਰਵਾਲ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਮੋਨਾ ਅਗਰਵਾਲ ਨੇ 228.7 ਪੁਆਇੰਟ ਹਾਸਿਲ ਕੀਤੇ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਵਨੀ ਲੇਖਾ ਦੀ ਇਸ ਕਾਮਯਾਬੀ ਉੱਤੇ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਲਿਖਿਆ,

"ਭਾਰਤ ਨੇ ਪੈਰਾਲੰਪਿਕਸ 2024 ਲਈ ਆਪਣਾ ਖਾਤਾ ਖੋਲ ਦਿੱਤਾ ਹੈ"।

"ਅਵਨੀ ਲੇਖਰਾ ਨੂੰ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ਲਈ ਵਧਾਈਆਂ । ਉਨ੍ਹਾਂ ਨੇ ਇਤਿਹਾਸ ਵੀ ਰਚਿਆ ਕਿਉਂਕਿ ਉਹ ਪਹਿਲੇ ਭਾਰਤੀ ਮਹਿਲਾ ਐਥਲੀਟ ਹਨ ਜਿਨ੍ਹਾਂ ਨੇ ਤਿੰਨ ਪੈਰਾਲੰਪਿਕਸ ਮੈਡਲ ਜਿੱਤੇ ਹਨ । ਉਨ੍ਹਾਂ ਦੀ ਲਗਨ ਨੇ ਲਗਾਤਾਰ ਭਾਰਤ ਨੂੰ ਮਾਣ ਮਹਿਸੂਸ ਕਰਵਾਇਆ ਹੈ।"

ਹਾਦਸੇ ਤੋਂ ਬਾਅਦ ਚੈਂਪੀਅਨ ਬਣਨ ਦੀ ਕਹਾਣੀ

ਪੈਰਿਸ ਪੈਰਾਲੰਪਿਕਸ ਤੋਂ ਪਹਿਲਾਂ 19 ਸਾਲ ਦੀ ਉਮਰ ਵਿੱਚ ਅਵਨੀ ਲੇਖਰਾ ਨੇ ਟੋਕੀਓ ਪੈਰਾਲੰਪਿਕਸ ਵਿੱਚ ਦੋ ਮੈਡਲ ਜਿੱਤੇ ਸਨ ਅਤੇ ਅਜਿਹਾ ਕਰਨ ਵਾਲੇ ਉਹ ਭਾਰਤ ਦੇ ਪਹਿਲੇ ਖਿਡਾਰਣ ਸਨ।

ਹੁਣ ਇੱਕ ਹੋਰ ਮੈਡਲ ਜਿੱਤਣ ਦੇ ਨਾਲ ਉਹ ਪੈਰਾਲੰਪਿਕਸ ਵਿੱਚ ਤਿੰਨ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਮਹਿਲਾ ਐਥਲੀਟ ਬਣ ਗਏ ਹਨ।

ਅਵਨੀ ਲੇਖਰਾ ਰਾਜਸਥਾਨ ਦੇ ਜੈਪੁਰ ਸ਼ਹਿਰ ਦੇ ਰਹਿਣ ਵਾਲੇ ਹਨ ਅਤੇ ਉਹ ਕਾਨੂੰਨ ਦੀ ਪੜ੍ਹਾਈ ਕਰ ਰਹੇ ਹਨ। ਸਾਲ 2012 ਵਿੱਚ ਉਹ ਇੱਕ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਏ ਸਨ।

ਇਸ ਕਰਕੇ ਉਨ੍ਹਾਂ ਨੂੰ ਸਪਾਈਨਲ ਕਾਰਡ ਯਾਨਿ ਰੀੜ ਦੀ ਹੱਡੀ ਨਾਲ ਜੁੜੀਆਂ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਾਦਸੇ ਤੋਂ ਬਾਅਦ ਉਹ ਵੀਲ੍ਹ ਚੇਅਰ ਦੇ ਸਹਾਰੇ ਹੀ ਚੱਲ ਸਕਦੇ ਹਨ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਸ਼ੂਟਿੰਗ ਵਿੱਚ ਆਪਣੀ ਕਿਸਮਤ ਅਜ਼ਮਾਈ ਜਿੱਥੇ ਉਨ੍ਹਾਂ ਨੇ ਲਗਾਤਾਰ ਸਫਲਤਾਵਾਂ ਹਾਸਲ ਕੀਤੀਆਂ।

ਸਾਲ 2022 ਵਿੱਚ ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਅਵਨੀ ਲੇਖਰਾ ਨੇ ਕਿਹਾ ਸੀ,"ਮੇਰਾ ਆਪ੍ਰੇਸ਼ਨ ਹੋਇਆ ਸੀ ਅਤੇ ਉਸ ਤੋਂ ਬਾਅਦ ਮੈਨੂੰ ਮੁੜ ਤੋਂ ਬੈਠਣਾ ਵੀ ਸਿੱਖਣਾ ਪਿਆ ਸੀ। ਪੂਰੇ ਸਰੀਰ ਦੇ ਅੰਦਰ ਸੰਤੁਲਨ ਨਹੀਂ ਰਹਿੰਦਾ ਸੀ। ਸ਼ੁਰੂ ਵਿੱਚ ਸਾਰਾ ਸੰਸਾਰ ਹੀ ਉੱਥਲ-ਪੁੱਥਲ ਹੋ ਗਿਆ ਸੀ। ਕਿਸੇ ਦੇ ਨਾਲ ਵੀ ਗੱਲ ਕਰਨ ਦਾ ਮਨ ਨਹੀਂ ਕਰਦਾ ਸੀ। ਇਕੱਲੇ ਰਹਿਣ ਦਾ ਮਨ ਕਰਦਾ ਸੀ।"

"ਹਾਦਸੇ ਤੋਂ ਬਾਅਦ ਮੁੜ ਤੋਂ ਬੈਠਣਾ ਵੀ ਸਿੱਖਣਾ ਪਿਆ"

ਸਾਲ 2015 ਵਿੱਚ ਜੈਪੁਰ ਸ਼ਹਿਰ ਵਿੱਚ ਹੀ ਸ਼ੂਟਿੰਗ ਵਿੱਚ ਉਨ੍ਹਾਂ ਦੀ ਰੁਚੀ ਹੋਰ ਗੂੜੀ ਹੋਈ ਅਤੇ ਜਗਤਪੁਰਾ ਸਪੋਰਟਸ ਕੰਪਲੈਕਸ ਵਿੱਚ ਉਨ੍ਹਾਂ ਨੇ ਪ੍ਰੈਕਟਿਸ ਸ਼ੁਰੂ ਕੀਤੀ ।

ਅਵਨੀ ਦੇ ਪਿਤਾ ਚਾਹੁੰਦੇ ਸਨ ਕਿ ਉਹ ਖੇਡਾਂ ਵਿੱਚ ਦਿਲਚਸਪੀ ਲੈਣ , ਸ਼ੁਰੂ ਵਿੱਚ ਅਵਨੀ ਨੇ ਸ਼ੂਟਿੰਗ ਅਤੇ ਤੀਰਅੰਦਾਜ਼ੀ ਦੋਵਾਂ ਵਿੱਚ ਹੱਥ ਅਜ਼ਮਾਇਆ। ਉਨ੍ਹਾਂ ਨੂੰ ਸ਼ੂਟਿੰਗ ਵਿੱਚ ਜ਼ਿਆਦਾ ਦਿਲਚਸਪੀ ਮਹਿਸੂਸ ਹੋਈ।

ਅਭਿਨਵ ਬਿੰਦਰਾ ਦੀ ਕਿਤਾਬ ਤੋਂ ਉਨ੍ਹਾਂ ਨੂੰ ਕਾਫੀ ਪ੍ਰੇਰਨਾ ਮਿਲੀ ਅਤੇ ਉਹ ਅੱਗੇ ਵੱਧਦੇ ਗਏ ।

ਦਿਲਚਸਪ ਇਹ ਹੈ ਕਿ ਜੈਪੁਰ ਦੇ ਜਿਸ ਸ਼ੂਟਿੰਗ ਰੇਂਜ ਉੱਤੇ ਉਹ ਜਾਂਦੇ ਸਨ ਉੱਥੇ ਵਿਕਲਾਂਗ ਖਿਡਾਰੀਆਂ ਦੇ ਲਈ ਰੈਂਪ ਵੀ ਨਹੀਂ ਸੀ ਉਹ ਰੈਂਪ ਵੀ ਉਨ੍ਹਾਂ ਨੇ ਖੁਦ ਲਗਵਾਇਆ।

ਅਵਨੀ ਲੇਖਰਾ ਕਹਿੰਦੇ ਹਨ,"ਸ਼ੂਟਿੰਗ ਨੇ ਮੈਨੂੰ ਬਹੁਤ ਆਤਮ ਵਿਸ਼ਵਾਸ ਦਿੱਤਾ,ਪਰ ਜਦੋਂ ਮੈਂ ਸ਼ੂਟਿੰਗ ਸ਼ੁਰੂ ਕੀਤੀ ਤਾਂ ਸਭ ਹਾਸਲ ਕਰਨਾ ਅਸਾਨ ਨਹੀਂ ਸੀ"।

ਹਾਲਾਂਕਿ ਕੋਰੋਨਾ ਦੇ ਦੌਰ ਵਿੱਚ ਅਵਨੀ ਲੇਖਰਾ ਸ਼ੂਟਿੰਗ ਰੇਂਜ ਵੀ ਨਹੀਂ ਸੀ ਜਾ ਪਾ ਰਹੇ ਪਰ ਉਨ੍ਹਾਂ ਨੇ ਸ਼ੂਟਿੰਗ ਕਰਨੀ ਨਹੀਂ ਛੱਡੀ ਅਤੇ ਘਰ ਦੇ ਅੰਦਰ ਹੀ ਸ਼ੂਟਿੰਗ ਰੇਂਜ ਤਿਆਰ ਕਰ ਲਈ।

ਅਵਨੀ ਲੇਖਰਾ ਨੇ ਦੱਸਿਆ,"ਸ਼ੂਟਿੰਗ ਦੇ ਲਈ ਮੈਂ ਘਰ ਵਿੱਚ ਹੀ ਡਿਜ਼ੀਟਲ ਟਾਰਗੇਟ ਸੈੱਟ ਕੀਤਾ,ਮੈਂ ਆਪਣੀ ਰਸੋਈ ਤੋਂ ਮਾਸਟਰ ਬੈੱਡਰੂਮ ਵਿੱਚ ਸ਼ੂਟ ਕਰ ਰਹੀ ਸੀ। ਘਰ ਵਿੱਚ ਕਦੇ ਖਾਣਾ ਬਣ ਰਿਹਾ ਹੁੰਦਾ ਸੀ, ਕਦੇ ਟੀਵੀ ਚੱਲ ਰਿਹਾ ਹੁੰਦਾ ਸੀ।ਉਸ ਵੇਲੇ ਜੇਕਰ ਮੈਂ ਰੁੱਕ ਜਾਂਦੀ ਤਾਂ ਲੱਗਦਾ ਨਹੀਂ ਕਿ ਗੋਲਡ ਮੈਡਲ ਲਿਆਉਣਾ ਮੁਮਕਿਨ ਹੁੰਦਾ"।

ਬੀਬੀਸੀ ਨਾਲ ਗੱਲਬਾਤ ਦੌਰਾਨ ਅਵਨੀ ਲੇਖਰਾ ਨੇ ਕਿਹਾ ਸੀ ਕਿ ਉਨ੍ਹਾਂ ਦਾ ਅਗਲਾ ਟੀਚਾ ਪੈਰਾਲੰਪਿਕਸ ਵਿੱਚ ਮੈਡਲ ਜਿੱਤਣਾ ਹੈ ਅਤੇ ਅਜਿਹਾ ਉਨ੍ਹਾਂ ਨੇ ਕਰ ਵੀ ਦਿਖਾਇਆ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)