39 ਲੋਕਾਂ ਦਾ ਕਤਲ ਕਰਨ ਵਾਲਾ ਸ਼ਖਸ ‘ਜੋ ਹਰ ਕਤਲ ਬਾਰੇ ਖੁਦ ਪੁਲਿਸ ਨੂੰ ਦੱਸਦਾ ਸੀ’, ਸ਼ਿਕਾਰ ਨੂੰ ਗੰਧ ਨਾਲ ਪਛਾਣਦਾ ਸੀ

    • ਲੇਖਕ, ਚਾਰਲੀ ਨੌਰਥਕੋਟ
    • ਰੋਲ, ਬੀਬੀਸੀ ਅਫਰੀਕਾ ਆਈ

ਨਸਲੀ ਵਿਤਕਰੇ ਦੌਰਾਨ ਦਰਜਨਾਂ ਲੋਕਾਂ ਨੂੰ ਗੋਲੀ ਮਾਰਨ ਵਾਲੇ ਇੱਕ ਦੱਖਣੀ ਅਫਰੀਕੀ ਮੂਲ ਦੇ ਦੋਸ਼ੀ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਪੁਲਿਸ ਨੇ ਹੀ ਉਸ ਹਿੰਸਾ ਨੂੰ ਮਨਜ਼ੂਰੀ ਦਿੱਤੀ ਸੀ।

ਲੂਈਸ ਵੇਨ ਸ਼ੋਰ ਦਾ ਕਹਿਣਾ ਹੈ ਕਿ ਸੁਰੱਖਿਆ ਮੁਲਾਜ਼ਮ ਹੁੰਦੇ ਹੋਏ ਉਸ ਨੇ ਜੋ ਕਤਲ ਕੀਤੇ ਹਨ, ਉਨ੍ਹਾਂ ਦੀ ਜ਼ਿੰਮੇਵਾਰੀ ਹੋਰਾਂ ਨੂੰ ਵੀ ਉਸ ਦੇ ਨਾਲ ਸਾਂਝੀ ਕਰਨੀ ਚਾਹੀਦੀ ਹੈ ।

ਪਰ ਲੰਘੇ ਚਾਰ ਸਾਲ ਦੌਰਾਨ 'ਬੀਬੀਸੀ ਅਫਰੀਕਾ ਆਈ' ਨਾਲ ਗੱਲਬਾਤ ਕਰਦਿਆਂ ਉਸ ਨੇ ਉਹ ਭਿਆਨਕ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਜੋ ਜੇਲ੍ਹ ਤੋਂ ਉਸਦੀ ਜਲਦੀ ਰਿਹਾਈ 'ਤੇ ਸਵਾਲ ਖੜ੍ਹੇ ਕਰਦੀਆਂ ਹਨ।

ਇੱਕ ਕਾਤਲ ਦੇ ਬੈੱਡਰੂਮ ਵਿੱਚ ਖੜ੍ਹੇ ਹੋ ਕੇ, ਤੁਹਾਡੀਆਂ ਅੱਖਾਂ ਕੁਦਰਤੀ ਤੌਰ 'ਤੇ ਵੇਰਵਿਆਂ 'ਤੇ ਟਿਕ ਜਾਂਦੀਆਂ ਹਨ।

ਵੇਨ ਸ਼ੋਰ ਦਾ ਬੈੱਡ ਚੰਗੀ ਤਰ੍ਹਾਂ ਦੇ ਨਾਲ ਸਾਫ ਸੀ-ਚਾਦਰ ਇੰਨੀ ਸਫਾਈ ਨਾਲ ਵਿਛਾਈ ਸੀ ਇਓਂ ਲੱਗ ਰਿਹਾ ਸੀ ਜਿਵੇਂ ਪ੍ਰੈਸ ਕੀਤੀ ਹੋਵੇ ।

ਹਵਾ ਵਿੱਚ ਸਿਗਰੇਟ ਦਾ ਧੂੰਆਂ ਮਿਲਿਆ ਹੋਇਆ ਸੀ, ਸੁਆਹ ਪਾਉਣ ਵਾਲੀ ਟ੍ਰੇ ਵਿੱਚ ਸਿਗਰੇਟ ਦੇ ਟੋਟਿਆਂ ਦਾ ਢੇਰ ਲੱਗਿਆ ਹੋਇਆ ਹੈ।

ਮਰੀਆਂ ਅਤੇ ਫਸੀਆਂ ਹੋਈਆਂ ਮੱਖੀਆਂ ਦੇ ਨਾਲ ਕਾਗਜ਼ ਦੀਆਂ ਪੱਟੀਆਂ ਛੱਤ ਤੋਂ ਲਟਕ ਰਹੀਆਂ ਹਨ।

“ਨਸਲੀ ਵਿਤਕਰੇ ਵਾਲਾ ਇਹ ਕਾਤਲ” ਆਪਣੇ ਦੰਦ ਗਵਾ ਚੁੱਕਿਆ ਹੈ। ਉਸ ਦੀ ਸਿਹਤ ਵਿਗੜ ਰਹੀ ਹੈ ।

ਦਿਲ ਦਾ ਦੌਰਾ ਪਿਆ, ਦੋਵੇਂ ਲੱਤਾਂ ਵੱਢੀਆਂ ਗਈਆਂ, ਜਿਸ ਕਰਕੇ ਵ੍ਹੀਲ ਚੇਅਰ ਉੱਤੇ ਜਾਂਦਾ ਹੈ, ਦਰਦ ਭਰੇ ਦਾਗ ਪਏ ਹੋਏ ਹਨ।

ਜਦੋਂ ਸਰਜਨ ਨੇ ਉਸ ਦਾ ਇਲਾਜ ਕੀਤਾ ਤਾਂ ਵੇਨ ਸ਼ੋਰ ਨੇ ਬੇਨਤੀ ਕੀਤੀ ਕਿ ਉਸ ਨੂੰ ਬੇਹੋਸ਼ ਕਰਨ ਵਾਲੀ ਆਮ ਦਵਾਈ ਦੀ ਥਾਂ ਐਪੀਡ੍ਰੋਅਲ ਦਿੱਤਾ ਜਾਵੇ ਤਾਂ ਜੋ ਉਹ ਉਨ੍ਹਾਂ ਨੂੰ ਲੱਤ ਵੱਢਦੇ ਹੋਏ ਦੇਖ ਸਕੇ।

ਖਿੜਖੜਾਉਂਦੇ ਹੋਏ ਉਸ ਨੇ ਦੱਸਿਆ, “ਮੈਂ ਬਹੁਤ ਉਤਸ਼ਾਹਿਤ ਸੀ, ਮੈਂ ਉਨ੍ਹਾਂ ਨੂੰ ਲੱਤ ਕੱਟਦੇ ਹੋਏ ਦੇਖਿਆ, ਉਨ੍ਹਾਂ ਨੇ ਹੱਡੀ ਵਿੱਚੋਂ ਸਿਉਣ ਮਾਰੀ”।

ਬੀਬੀਸੀ ਵਰਲਡ ਸਰਵਿਸ ਨਾਲ ਗੱਲ ਕਰਦਿਆਂ, ਉਨ੍ਹਾਂ ਨੇ ਸਾਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਉਹ “ਇੰਨ੍ਹਾਂ ਵੀ ਹੈਵਾਨ ਨਹੀਂ ਹੈ ਜਿਨ੍ਹਾਂ ਲੋਕ ਸੋਚਦੇ ਹਨ।”

ਉਸ ਨੇ ਆਪਣੀ ਲੱਤ ਵੱਢੀ ਜਾਣ ਬਾਰੇ ਜੋ ਉਤਸ਼ਾਹ ਭਰਪੂਰ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਉਸਨੇ ਅਕਸ ਥੋੜਾ ਨਰਮ ਜ਼ਰੂਰ ਕੀਤਾ।

1980 ਦੇ ਦਹਾਕੇ ਵਿੱਚ ਤਿੰਨ ਸਾਲਾਂ ਵਿੱਚ ਦੇਸ਼ ਦੀ ਨਸਲਵਾਦੀ ਰੰਗਭੇਦ ਪ੍ਰਣਾਲੀ ਦੇ ਤਹਿਤ ਗੋਰੇ ਦੱਖਣੀ ਅਫ਼ਰੀਕੀ ਲੋਕਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਸੀ। ਇਸੇ ਦੌਰਾਨ ਵੇਨ ਸ਼ੋਰ ਨੇ ਘੱਟੋ-ਘੱਟ 39 ਲੋਕਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਕਤਲ ਕੀਤੇ ਗਏ ਸਾਰੇ ਪੀੜਤ ਸਿਆਹਫਾਮ ਸਨ , ਸਭ ਤੋਂ ਛੋਟਾ 12 ਸਾਲ ਦੀ ਉਮਰ ਦਾ ਸੀ। ਕਤਲ ਦੱਖਣੀ ਅਫਰੀਕਾ ਦੇ ਪੂਰਬੀ ਕੇਪ ਵਿੱਚ ਸ਼ਹਿਰ ਪੂਰਬੀ ਲੰਡਨ ਵਿੱਚ ਹੋਏ ।

ਵੇਨ ਸ਼ੋਰ ਉਸ ਵੇਲੇ ਸੁਰੱਖਿਆ ਮੁਲਾਜ਼ਮ ਸੀ।

ਉਸ ਦੇ ਕੋਲ 70% ਗੋਰਿਆਂ ਦੀ ਮਲਕੀਅਤ ਵਾਲੇ ਕਾਰੋਬਾਰ-ਰੈਸਟੋਰੈਂਟਾਂ, ਦੁਕਾਨਾਂ, ਫੈਕਟਰੀਆਂ ਅਤੇ ਸਕੂਲਾਂ ਦੀ ਸੁਰੱਖਿਆ ਲਈ ਇਕਰਾਰਨਾਮਾ ਸੀ। ਉਸਨੇ ਲੰਬੇ ਸਮੇਂ ਤੋਂ ਦਾਅਵਾ ਕੀਤਾ ਹੈ ਕਿ ਉਸਨੇ ਜਿਸ ਕਿਸੇ ਨੂੰ ਮਾਰਿਆ ਉਹ "ਅਪਰਾਧੀ" ਸੀ, ਜਿਸਨੂੰ ਉਸਨੇ ਇਮਾਰਤਾਂ ਨੂੰ ਤੋੜਦੇ ਹੋਏ ਰੰਗੇ ਹੱਥੀਂ ਫੜਿਆ ਸੀ।

20 ਸਾਲ ਤੱਕ ਵੇਨ ਸ਼ੋਰ ਦੇ ਕੇਸ ਦੀ ਪੜਤਾਲ ਕਰਨ ਵਾਲੇ ਦੱਖਣੀ ਅਫਰੀਕੀ ਪੱਤਰਕਾਰ ਅਤੇ ਫਿਲਮ ਮੇਕਰ ਈਸਾ ਜੈਕੋਬਸਨ ਨੇ ਕਿਹਾ,“ਉਹ ਬਹੁਤ ਚੌਕਸ ਕਾਤਲ ਸੀ, ਉਹ 'ਡਰਟੀ ਹੈਰੀ' ਦਾ ਕਿਰਦਾਰ ਸੀ।”

“ਇਹ ਘੁਸਪੈਠੀਏ ਸਨ ਜੋ ਬਹੁਤ ਸਾਰੇ ਮਾਮਲਿਆਂ ਵਿੱਚ ਬਹੁਤ ਨਿਰਾਸ਼ ਸਨ। ਡੱਬਿਆਂ ਨੂੰ ਫਰੋਲਣਾ, ਸ਼ਾਇਦ ਉਸ ਵਿੱਚੋਂ ਖਾਣਾ ਚੋਰੀ ਕਰਨਾ ,ਮਾਮੂਲੀ ਅਪਰਾਧੀ ਵਾਂਗ।”

ਕਤਲ ਤੋਂ ਬਾਅਦ ਖੁਦ ਦਿੰਦਾ ਸੀ ਪੁਲਿਸ ਨੂੰ ਜਾਣਕਾਰੀ

ਵੇਨ ਸ਼ੋਰ ਵੱਲੋਂ ਕਈ ਵਾਰ ਇੱਕੋ ਰਾਤ ਵਿੱਚ ਕਈ ਕਤਲ ਕਰ ਦਿੱਤੇ ਜਾਂਦੇ ਸਨ। ਜਿਸ ਨੇ ਪੂਰਬੀ ਲੰਡਨ ਦੇ ਸਿਆਹਫਾਮ ਭਾਈਚਾਰੇ ਵਿੱਚ ਖ਼ੌਫ ਪੈਦਾ ਕਰ ਦਿੱਤਾ ਸੀ।

ਦਾੜੀ ਵਾਲੇ ਬੰਦੇ ਦੀਆਂ ਕਹਾਣੀਆਂ ਸ਼ਹਿਰ ਵਿੱਚ ਫੈਲ ਗਈਆਂ ਸਨ। ਖੋਜਾ ਭਾਸ਼ਾ ਵਿੱਚ ਉਸ ਦਾ ਨਿੱਕਾ ਨਾਮ “ਮੁੱਛਾਂ ਵਾਲਾ” ਰੱਖਿਆ ਸੀ, ਜੋ ਰਾਤ ਵੇਲੇ ਲੋਕਾਂ ਨੂੰ ਗਾਇਬ ਕਰ ਦਿੰਦਾ ਹੈ।

ਪਰ ਉਸ ਦੀਆਂ ਵਾਰਦਾਤਾਂ ਗੁਪਤ ਨਹੀਂ ਹੁੰਦੀਆਂ ਸਨ।

1986 ਤੋਂ 1989 ਦੇ ਦਰਮਿਆਨ ਹੋਣ ਵਾਲੇ ਹਰ ਕਤਲ ਦੀ ਜਾਣਕਾਰੀ ਖੁਦ ਵੇਨ ਸ਼ੋਰ ਪੁਲਿਸ ਨੂੰ ਦਿੰਦਾ ਸੀ। ਪਰ 1990 ਵਿੱਚ ਨਸਲੀ ਵਿਤਕਰੇ ਦਾ ਵਿਰੋਧ ਕਰਨ ਵਾਲੇ ਨੇਤਾ ਨੈਲਸਨ ਮੰਡੇਲਾ ਦੀ ਜੇਲ੍ਹ ਤੋਂ ਰਿਹਾਈ ਨੇ ਇਸ ਵਰਤਾਰੇ ਦੇ ਅੰਤ ਦਾ ਸੰਕੇਤ ਦਿੱਤਾ।

ਪਰਿਵਰਤਨ ਦੀਆਂ ਲਹਿਰਾਂ ਪੂਰੇ ਦੱਖਣੀ ਅਫਰੀਕਾ ਵਿੱਚ ਫੈਲ ਗਈਆਂ ਅਤੇ ਕਾਰਕੂੰਨਾਂ ਅਤੇ ਪੱਤਰਕਾਰਾਂ ਦੇ ਦਬਾਅ ਤੋਂ ਬਾਅਦ, ਸੁਰੱਖਿਆ ਗਾਰਡ ਨੂੰ 1991 ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।

ਦਰਜਨਾਂ ਗਵਾਹਾਂ ਅਤੇ ਹਜ਼ਾਰਾਂ ਪੰਨਿਆਂ ਦੇ ਫੋਰੈਂਸਿਕ ਸਬੂਤਾਂ ਦੇ ਨਾਲ ਵੇਨ ਸ਼ੋਰ ਦਾ ਟ੍ਰਾਇਲ ਦੱਖਣੀ ਅਫਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਕਤਲ ਟ੍ਰਾਇਲਜ਼ ਵਿੱਚੋਂ ਇੱਕ ਸੀ।

ਭਾਵੇਂ, ਪੁਲਿਸ ਅਦਾਲਤ ਵਿੱਚ ਉਸ ਦੇ ਖ਼ਿਲਾਫ ਟਿਕ ਨਹੀਂ ਸਕੀ। ਉਸ ਦੇ ਮੁਕੱਦਮੇ ਦੇ ਸਮੇਂ, ਰੰਗਭੇਦ ਪ੍ਰਣਾਲੀ ਦਾ ਬਹੁਤ ਹਿੱਸਾ ਅਜੇ ਵੀ ਨਿਆਂਪਾਲਿਕਾ ਦੇ ਅੰਦਰ ਮੌਜੂਦ ਸੀ।

ਘੱਟੋ-ਘੱਟ 39 ਲੋਕਾਂ ਦਾ ਕਤਲ ਕਰਨ ਦੇ ਬਾਵਜੂਦ, ਉਸ ਨੂੰ ਸਿਰਫ ਸੱਤ ਕਤਲਾਂ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ ਸਿਰਫ਼ 12 ਸਾਲ ਜੇਲ੍ਹ ਦੀ ਸਜ਼ਾ ਮਿਲੇਗੀ।

ਹੋਰ 32 ਹੱਤਿਆਵਾਂ ਨੂੰ ਅਜੇ ਵੀ ਪੁਲਿਸ ਵੱਲੋਂ "ਜਾਇਜ਼ ਕਤਲੇਆਮ" ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਰੰਗਭੇਦ ਯੁੱਗ ਦੇ ਕਾਨੂੰਨਾਂ ਨੇ ਲੋਕਾਂ ਨੂੰ ਘੁਸਪੈਠੀਆਂ ਵਿਰੁੱਧ ਘਾਤਕ ਤਾਕਤ ਦੀ ਵਰਤੋਂ ਕਰਨ ਦਾ ਅਧਿਕਾਰ ਦਿੱਤਾ ਸੀ।

ਵੇਨ ਸ਼ੋਰ ਖੁਦ ਨੂੰ ਨਿਰਦੋਸ਼ ਸਾਬਿਤ ਕਰਨ ਲਈ ਬਚਾਅ ਉੱਤੇ ਬਹੁਤ ਜ਼ਿਆਦਾ ਨਿਰਭਰ ਰਿਹਾ, ਇਹ ਦਾਅਵਾ ਕਰਦੇ ਹੋਏ ਕਿ ਜਦੋਂ ਉਸ ਨੇ ਉਨ੍ਹਾਂ ਨੂੰ ਮਾਰਿਆ ਤਾਂ ਉਸ ਦੇ ਪੀੜਤ ਭੱਜ ਰਹੇ ਸਨ।

ਕਾਤਲ ਦੇ ਬੰਪਰ ਸਟਿੱਕਰ ਕਿਉਂ ਛਪਾਉਂਦੇ ਸੀ ਕਾਰੋਬਾਰੀ

ਬੀਬੀਸੀ ਨੇ ਵੇਨ ਸ਼ੋਰ ਕੇਸ ਵਿੱਚ ਉਨ੍ਹਾਂ ਸਬੂਤਾਂ ਦੀ ਜਾਂਚ ਕੀਤੀ ਜਿਸ ਦੇ ਅਧਾਰ ਉੱਤੇ ਕਤਲਾਂ ਨੂੰ ਜਾਇਜ਼ ਠਹਿਰਾਇਆ ਜਾ ਰਿਹਾ ਸੀ।

ਪੁਲਿਸ ਵੱਲੋਂ ਲੰਬੇ ਵੇਲੇ ਤੋਂ ਭੁੱਲੀਆਂ ਪੁਲਿਸ ਰਿਪੋਰਟਾਂ, ਪੋਸਟਮਾਰਟਮ ਅਤੇ ਗਵਾਹਾਂ ਦੇ ਬਿਆਨਾਂ ਦੀ ਵੀ ਡੂੰਘਾਈ ਨਾਲ ਪੜਤਾਲ ਕੀਤੀ ਗਈ।

ਜਾਂਚ ਦੀ ਅਗਵਾਈ ਈਸਾ ਜੈਕੋਬਸਨ ਵੱਲੋਂ ਕੀਤੀ ਗਈ ਸੀ ਅਤੇ ਕਈ ਸਾਲਾਂ ਦੌਰਾਨ ਪੂਰਬੀ ਕੇਪ ਦੇ ਕਈ ਸ਼ਹਿਰਾਂ ਵਿੱਚ ਪੜਤਾਲ ਕੀਤੀ ਗਈ ਸੀ।

ਸਭ ਤੋਂ ਮਹੱਤਵਪੂਰਨ ਫਾਈਲਾਂ ਸੈਂਕੜੇ ਬਕਸਿਆਂ ਵਿੱਚ ਖਿੱਲਰੀਆਂ ਹੋਈਆਂ ਮਿਲੀਆਂ ਸਨ, ਜੋ ਕਿ ਕੋਠੀਆਂ ਵਿੱਚ ਲੁਕੀਆਂ ਹੋਈਆਂ ਸਨ।

ਉਨ੍ਹਾਂ ਨੇ ਕਿਹਾ,“ਇਹ ਸਭ ਖਿੱਚ ਦਾ ਕੇਂਦਰ ਸੀ ,ਇਹ ਹੈਰਾਨੀਜਨਕ ਹੈ ਕਿ ਕਾਨੂੰਨ ਦੀ ਕੋਈ ਵੀ ਅਦਾਲਤ ਅਜਿਹਾ ਹੋਣ ਦੀ ਇਜਾਜ਼ਤ ਦੇ ਸਕਦੀ ਹੈ।"

ਜੈਕੋਬਸਨ ਨੂੰ ਮਿਲੇ ਕੁਝ ਸਭ ਤੋਂ ਦੁਖਦਾਈ ਸਬੂਤ ਉਨ੍ਹਾਂ ਗਵਾਹਾਂ ਦੇ ਬਿਆਨ ਸਨ ਜੋ ਵੇਨ ਸ਼ੋਰ ਵੱਲੋਂ ਜ਼ਖ਼ਮੀ ਕੀਤੇ ਗਏ ਸਨ, ਪਰ ਬੱਚ ਗਏ ਸਨ।

ਇੰਨ੍ਹਾਂ ਦੇ ਦਾਅਵੇ ਸੁਰੱਖਿਆ ਮੁਲਾਜ਼ਮ ਦੀ ਇਸ ਦਲੀਲ ਦਾ ਖੰਡਨ ਕਰਦੇ ਹਨ ਕਿ ਜਦੋਂ ਉਸ ਨੇ ਉਨ੍ਹਾਂ ਨੂੰ ਗੋਲੀ ਮਾਰੀ ਸੀ ਤਾਂ ਉਹ ਭੱਜ ਰਹੇ ਸਨ।

ਵੇਨ ਸ਼ੋਰ ਵੱਲੋਂ ਜ਼ਿਆਦਤਰ ਲੋਕਾਂ ਨੂੰ ਉਦੋਂ ਗੋਲੀ ਮਾਰੀ ਗਈ ਜਦੋਂ ਉਨ੍ਹਾਂ ਦੇ ਹੱਥ ਉੱਪਰ ਸਨ, ਜਦੋਂ ਉਹ ਆਤਮ ਸਮਰਪਣ ਕਰ ਚੁੱਕੇ ਸਨ ।

ਬਾਕੀ ਦੱਸਦੇ ਹਨ ਕਿ ਛਾਤੀ ਵਿੱਚ ਗੋਲੀ ਮਾਰਨ ਤੋਂ ਪਹਿਲਾਂ ਉਹ ਉਨ੍ਹਾਂ ਨਾਲ ਖੇਡਦਾ ਸੀ, ਪੁੱਛਦਾ ਸੀ ਕਿ ਉਹ ਗ੍ਰਿਫ਼ਤਾਰ ਹੋਣਾ ਪਸੰਦ ਕਰਨਗੇ ਜਾਂ ਗੋਲੀ ਖਾਣਾ ।

ਹੋਰ ਪੀੜਤ ਦੱਸਦੇ ਹਨ ਕਿ ਉਹ ਢਿੱਡ ਵਿੱਚ ਗੋਲੀ ਮਾਰਦਾ ਸੀ,ਪਰ ਵੇਨ ਸ਼ੋਰ ਵੱਲੋਂ ਗੋਲੀ ਮਾਰੇ ਜਾਣ ਤੋਂ ਪਹਿਲਾਂ ਉਹ ਪਾਣੀ ਮੰਗਦੇ ਸਨ ਅਤੇ ਉਹ ਉਨ੍ਹਾਂ ਦੇ ਜ਼ਖ਼ਮਾਂ ਉੱਤੇ ਲੱਤਾਂ ਮਾਰਦਾ ਸੀ।

ਸੁਰੱਖਿਆ ਮੁਲਾਜ਼ਮ ਕੋਲ 9ਐੱਮਐੱਮ ਦੀ ਸੈਮੀ-ਆਟੋਮੇਟਿਡ ਪਿਸਤੌਲ ਹੁੰਦੀ ਸੀ , ਜੋ ਖੋਖਲੀਆਂ ਗੋਲੀਆਂ ਨਾਲ ਭਰੀ ਰਹਿੰਦੀ ਸੀ । ਇਸੇ ਕਰਕੇ ਪੀੜਤਾਂ ਦੇ ਅੰਦਰ ਡੂੰਘੇ ਜ਼ਖ਼ਮ ਹੋ ਜਾਂਦੇ ਸਨ।

ਇੱਕ ਮਾਮਲੇ ਵਿੱਚ ਉਸਨੇ ਨਿਹੱਥੇ ਸ਼ਖ਼ਸ ਦੇ 8 ਗੋਲੀਆਂ ਮਾਰੀਆਂ ਸਨ।

11 ਜੁਲਾਈ 1988 ਦੇ ਇੱਕ ਬਹੁਤ ਬੇਰਹਿਮ ਕੇਸ ਵਿੱਚ ਵੇਨ ਸ਼ੋਰ ਨੇ 14 ਸਾਲ ਦੇ ਮੁੰਡੇ ਨੂੰ ਗੋਲੀ ਮਾਰੀ, ਜੋ ਕੁਝ ਪੈਸਿਆਂ ਲਈ ਰੈਸਟੋਰੈਂਟ ਵਿੱਚ ਵੜ ਆਇਆ ਸੀ।

ਉਹ ਮੁੰਡਾ, ਜਿਸ ਦਾ ਨਿੱਜਤਾ ਕਰਕੇ ਅਸੀਂ ਨਾਮ ਨਹੀਂ ਦੱਸ ਸਕਦੇ, ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਖਾਨਾਘਰ ਵਿੱਚ ਲੁਕਿਆ ਹੋਇਆ ਸੀ ਜਦੋਂ ਉਸ ਨੇ ਵੇਨ ਸ਼ੋਰ ਨੂੰ ਬੰਦੂਕ ਦੇ ਨਾਲ ਦੇਖਿਆ ਸੀ।

ਉਹ ਕਹਿੰਦਾ ਹੈ ਕਿ ਸੁਰੱਖਿਆ ਮੁਲਾਜ਼ਮ ਨੇ ਉਸ ਨੂੰ ਸੱਦਿਆ ਅਤੇ ਕੰਧ ਕੋਲ ਖੜੇ ਹੋਣ ਲਈ ਕਿਹਾ, ਅਤੇ ਫਿਰ ਕਈ ਵਾਰ ਉਸ ਦੇ ਗੋਲੀ ਮਾਰੀ।

ਆਪਣੇ ਰਿਕਾਰਡ ਕਰਵਾਏ ਬਿਆਨ ਵਿੱਚ ਮੁੰਡੇ ਨੇ ਦੱਸਿਆ ,“ਉਸ ਨੇ ਮੈਨੂੰ ਖੜੇ ਹੋਣ ਲਈ ਕਿਹਾ ਪਰ ਮੈਂ ਹੋ ਨਾ ਸਕਿਆ, ਜਦੋਂ ਮੈਂ ਲੇਟਿਆ ਹੋਇਆ ਸੀ, ਉਸ ਨੇ ਮੇਰੇ ਮੂੰਹ ਉੱਤੇ ਲੱਤ ਮਾਰੀ, ਉਸ ਨੇ ਮੈਨੂੰ ਚੁੱਕਿਆ ਅਤੇ ਮੈਨੂੰ ਮੇਜ਼ ਨਾਲ ਲਾ ਲਿਆ ਅਤੇ ਫਿਰ ਮੇਰੇ ਗੋਲੀ ਮਾਰੀ”।

ਮੁੰਡਾ ਬੱਚ ਗਿਆ ਸੀ ਪਰ ਉਸ ਦਾ ਵਿਸ਼ਵਾਸ ਨਹੀਂ ਕੀਤਾ ਗਿਆ, ਉਸ ਉੱਤੇ ਇਮਾਰਤ ਵਿੱਚ ਵੜਨ ਦਾ ਇਲਜ਼ਾਮ ਲਾਇਆ ਗਿਆ ।

ਉਹ ਕਾਲੇ ਨੌਜਵਾਨ ਅਤੇ ਮੁੰਡੇ ਜਿੰਨ੍ਹਾਂ ਨੇ ਵੇਨ ਸ਼ੋਰ ਦੇ ਖ਼ਿਲਾਫ ਤਸ਼ਦੱਦ ਅਤੇ ਗੋਲੀ ਮਾਰੇ ਜਾਣ ਬਾਰੇ ਬਿਆਨ ਦਿੱਤੇ ਉਨ੍ਹਾਂ ਸਭ ਦੀ ਕਿਸਮਤ ਇੱਕੋ ਜਿਹੀ ਹੈ।

ਇਸ ਤਰ੍ਹਾਂ ਦੀਆਂ ਗਵਾਹੀਆਂ ਵੇਨ ਸ਼ੋਰ ਦੇ ਮੁਕੱਦਮੇ ਵੇਲੇ ਸੁਣੀਆਂ ਗਈਆਂ ਪਰ ਜੱਜ ਨੇ ਵਾਰ-ਵਾਰ ਗਵਾਹਾਂ ਨੂੰ ਤਸੱਲੀ ਬਖ਼ਸ ਨਾ ਹੋਣ ਦੀ ਦਲੀਲ ਦੇ ਖ਼ਾਰਜ ਕਰ ਦਿੱਤਾ।

ਦੱਖਣੀ ਅਫਰੀਕਾ ਵਿੱਚ ਮੁਕੱਦਮਿਆਂ ਵਿੱਚ ਪੰਚਾਇਤ ਨਹੀਂ ਹੁੰਦੀ । ਜੱਜ ਦਾ ਫੈਸਲਾ ਹੀ ਆਖ਼ਰੀ ਹੁੰਦਾ ਹੈ। ਵੇਨ ਸ਼ੋਰ ਦੇ ਮੁਕੱਦਮੇ ਦੌਰਾਨ ਦੱਖਣੀ ਲੰਡਨ ਦੇ ਗੋਰੇ ਭਾਈਚਾਰੇ ਦੇ ਕਈ ਲੋਕਾਂ ਨੇ ਉਸ ਦੀ ਹਿਮਾਇਤ ਕੀਤੀ।

ਇੱਕ ਕਾਰੋਬਾਰੀ ਨੇ ਸੁਰੱਖਿਆ ਮੁਲਾਜ਼ਮ ਦੀਆਂ ਤਸਵੀਰਾਂ ਵਾਲੇ ਬੰਪਰ ਸਟਿੱਕਰ ਛਾਪੇ। ਉਨ੍ਹਾਂ ਨੇ ਕਿਹਾ, "ਮੈਂ ਲੂਈ ਨੂੰ ਪਿਆਰ ਕਰਦਾ ਹਾਂ"।

ਦੱਖਣੀ ਅਫਰੀਕੀ ਪੱਤਰਕਾਰ ਪੈਟਰਿਕ ਗੁੱਡਇਨਫ, ਜਿੰਨ੍ਹਾਂ ਨੇ 1980 ਵਿੱਚ ਨੇ ਵੇਨ ਸ਼ੋਰ ਕੇਸ ਦੀ ਜਾਂਚ ਕੀਤੀ ਉਨ੍ਹਾਂ ਨੇ ਮੁਕੱਦਮੇ ਵੀ ਦੇਖਿਆ ਉਹ ਕਹਿੰਦੇ ਹਨ, “ਕਾਨੂੰਨੀ ਢਾਂਚੇ ਵਿੱਚ ਨਸਲੀ ਭੇਦਭਾਵ ਦੇ ਸਬੂਤ ਸਨ”।

“ਉਸ ਦੇ ਲਈ ਹਿਮਾਇਤ ਬਹੁਤ ਸੀ,ਉਸ ਨੇ ਜੋ ਕੀਤਾ ਹੈ ਉਹ ਵਿੱਚੋਂ ਇਸ ਤਰ੍ਹਾਂ ਦੇ ਸਮਰਥਨ ਦੇ ਬਿਨ੍ਹਾਂ ਨਿਕਲ ਨਹੀਂ ਸੀ

ਮੁਲਜ਼ਮ ਗੰਧ ਤੋਂ ਆਪਣਾ ਸ਼ਿਕਾਰ ਪਛਾਣਦਾ ਸੀ

ਦੱਖਣੀ ਅਫ਼ਰੀਕਾ ਵਿੱਚ ਕਤਲ ਕਾਨੂੰਨੀ ਤੌਰ ਉੱਤੇ ਕੋਈ ਅਜਿਹੀ ਹੱਦ ਨਹੀਂ ਹੈ , ਜੋ ਇਸ ਕੇਸ ਨੂੰ ਮੁੜ ਸ਼ੁਰੂ ਹੋਣ ਤੋਂ ਰੋਕ ਸਕਦੀ ਹੈ। ਸਿਧਾਂਤਕ ਤੌਰ 'ਤੇ, ਪੁਲਿਸ ਨੂੰ ਵੇਨ ਸ਼ੋਰ ਦੇ ਕੇਸ ਨੂੰ ਦੁਬਾਰਾ ਖੋਲ੍ਹਣ ਅਤੇ ਮੁੜ-ਮੁਲਾਂਕਣ ਕਰਨ ਤੋਂ ਕੁਝ ਵੀ ਨਹੀਂ ਰੋਕ ਰਿਹਾ ਹੈ।

1980 ਵਿੱਚ ਸੁਰੱਖਿਆ ਮੁਲਾਜ਼ਮ ਵੱਲੋਂ ਕੀਤੇ ਜਾਂਦੇ ਕਤਲਾਂ ਬਾਰੇ ਜਾਗਰੂਕ ਕਰਨ ਵਾਲੇ ਪੱਤਰਕਾਰ ਡੌਮਨਿਕ ਜੋਨਸ ਕਹਿੰਦੇ ਹਨ, “ਲੂਈ ਵੇਨ ਸ਼ੋਰ ਖੇਡ ਵਜੋਂ ਲੋਕਾਂ ਦਾ ਕਤਲ ਕਰਦਾ ਸੀ”

ਬੀਬੀਸੀ ਦੀ ਪੜਤਾਲ ਦੌਰਾਨ ਕੁਝ ਹੈਰਾਨ ਕਰਨ ਵਾਲੇ ਤੱਥ ਤਾਂ ਵੇਨ ਸ਼ੋਰ ਨਾਲ ਇੰਟਰਵਿਊ ਦੌਰਾਨ ਹੀ ਸਾਹਮਣੇ ਆਏ ਹਨ, ਜੋ ਇਸ਼ਾਰਾ ਕਰਦੇ ਹਨ ਕਿ ਉਸ ਨੂੰ ਅਜਿਹੀਆਂ ਹਰਕਤਾਂ ਕਰਕੇ ਮਜ਼ਾ ਆਉਂਦਾ ਸੀ।

ਉਸ ਨੇ ਕਿਹਾ,“ਹਰ ਰਾਤ ਨਵਾਂ ਰੋਮਾਂਚ ਹੈ, ਜੇਕਰ ਤੁਸੀਂ ਇਸ ਨੂੰ ਇਓਂ ਵੇਖੋ ਤਾਂ।”

ਕੁਝ ਕਾਰੋਬਾਰ ਜਿੱਥੇ ਉਹ ਸੁਰੱਖਿਆ ਦਿੰਦਾ ਸੀ ਉੱਥੇ ਸ਼ਾਂਤ ਅਲਾਰਮ ਲਾਏ ਗਏ ਸਨ ,ਜਦੋਂ ਕੋਈ ਅੰਦਰ ਵੜਦਾ ਤਾਂ ਵੇਨ ਸ਼ੋਰ ਨੂੰ ਅਲਰਟ ਪਹੁੰਚ ਜਾਂਦਾ , ਜਿਸ ਕਰਕੇ ਉਹ ਘੁਸਪੈਠੀਆਂ ਨੂੰ ਹੈਰਾਨ ਕਰ ਦਿੰਦਾ ਸੀ।

ਉਸ ਨੂੰ ਪਤਾ ਲੱਗ ਜਾਂਦਾ ਸੀ ਕਿ ਇਮਾਰਤ ਵਿੱਚ ਆਖ਼ਰ ਉਹ ਕਿੱਥੇ ਮੌਜੂਦ ਹੁੰਦੇ ਸਨ ਅਤੇ ਉਹ ਹਮੇਸ਼ਾ ਇਕੱਲਾ ਜਾਂਦਾ ਸੀ।

ਉਸ ਨੇ ਕਿਹਾ ,“ਮੈਂ ਨੰਗੇ ਪੈਰੀਂ ਸੀ, ਸਭ ਸਾਂਤ ਸੀ, ਤੁਸੀਂ ਆਪਣੇ ਜੁੱਤਿਆਂ ਨਾਲ ਟਾਇਲਾਂ ਉੱਤੇ ਅਵਾਜ਼ ਨਹੀਂ ਕਰ ਸਕਦੇ”

ਉਹ ਕਦੇ ਵੀ ਰੌਸ਼ਨੀ ਨਹੀਂ ਸੀ ਕਰਦਾ, ਸਗੋਂ ਗੰਧ ਤੋਂ ਪਹਿਚਾਣਦਾ ਸੀ।

ਉਸ ਨੇ ਕਿਹਾ,“ਜੇਕਰ ਕੋਈ ਅੰਦਰ ਵੜਦਾ ਤਾਂ ਮੁਸ਼ਕ ਆ ਜਾਂਦਾ ਅਤੇ ਤੁਸੀਂ ਇਸ ਤੋਂ ਪਤਾ ਲਾ ਸਕਦੇ ਹਨ”

ਵੇਨ ਸ਼ੋਰ ਦਾਅਵਾ ਕਰਦਾ ਹੈ ਕਿ ਉਹ ਕਦੇ ਵੀ ਇਸ ਇਰਾਦੇ ਨਾਲ ਬਾਹਰ ਨਹੀਂ ਗਿਆ ਕਿ ਉਸ ਨੇ ਕਾਲੇ ਲੋਕਾਂ ਨੂੰ ਮਾਰਨਾ ਹੈ ਅਤੇ ਉਹ ਨਸਲੀ ਭੇਦਭਾਵ ਕਰਨ ਵਾਲਾ ਨਹੀਂ ਹੈ। ਪਰ ਉਹ ਇਹ ਮੰਨਦਾ ਹੈ ਕਿ ਹਨੇਰੇ ਵਿੱਚ ਉਨ੍ਹਾਂ ਦਾ ਪਿੱਛਾ ਕਰਨਾ ਉਸ ਨੂੰ ਰੋਮਾਂਚ ਨਾਲ ਭਰ ਦਿੰਦਾ ਸੀ।

ਸੁਰੱਖਿਆ ਮੁਲਾਜ਼ਮ ਬਣਨ ਤੋਂ ਪਹਿਲਾਂ ਵੇਨ ਸ਼ੋਰ ਪੂਰਬੀ ਲੰਡਨ ਪੁਲਿਸ ਵਿੱਚ 12 ਸਾਲ ਦੇ ਲਈ ਰਿਹਾ । ਉਹ ਹਮਲਾ ਕਰਨ ਵਾਲੇ ਕੁੱਤਿਆਂ ਨੂੰ ਸੰਭਾਲਦਾ ਹੁੰਦਾ ਸੀ। ਜਿਸ ਦੀ ਵਰਤੋ ਉਹ ਮੁਜ਼ਾਹਰਾਕਾਰੀਆਂ ਅਤੇ ਅਪਰਾਧੀਆਂ ਨੂੰ ਫੜਨ ਲਈ ਕਰਦਾ ਸੀ, ਜਿੰਨ੍ਹਾਂ ਵਿੱਚੋਂ ਜ਼ਿਆਦਾਤਰ ਕਾਲੇ ਹੁੰਦੇ ਸਨ।

ਉਹ ਇਸਦੀ ਤੁਲਨਾ “ਸ਼ਿਕਾਰ ਨਾਲ ਕਰਦਾ ਹੈ ਪਰ ਹੋਰ ਪ੍ਰਜਾਤੀਆਂ ਦੇ”।

ਸਾਬਕਾ ਨਸਲਵਾਦ ਵਿਰੋਧੀ ਕਾਰਕੂੰਨ ਟੇਟੀਨੇਨ ਜੋਅ ਜੌਰਡਨ ਜੋ ਪੱਛਮੀ ਲੰਡਨ ਵਿੱਚ ਵਾਰਦਾਤਾਂ ਦੇ ਵੇਲੇ ਕੰਮ ਕਰਿਆ ਕਰਦੇ ਸਨ, ਉਨ੍ਹਾਂ ਨੂੰ ਸਭ ਚੰਗੀ ਤਰ੍ਹਾਂ ਦੇ ਨਾਲ ਯਾਦ ਹੈ।

ਉਹ ਕਹਿੰਦੇ ਹਨ, “ਉਹ ਸ਼ਿਕਾਰ ਕਰ ਰਿਹਾ ਸੀ, ਸੱਚਮੁੱਚ ਲੋਕਾਂ ਦਾ ਸ਼ਿਕਾਰ”

ਵੇਨ ਸ਼ੋਰ ਸਖ਼ਤੀ ਨਾਲ ਮਨ੍ਹਾ ਕਰਦਾ ਹੈ ਕਿ ਉਹ “ਸੀਰੀਅਲ ਕਿਲਰ” ਹੈ ਅਤੇ ਮੰਨਦਾ ਹੈ ਕਿ ਉਸ ਨੇ ਜੋ ਕੀਤਾ ਕਾਨੂੰਨ ਦੇ ਦਾਇਰੇ ਵਿੱਚ ਕੀਤਾ, ਉਹ ਕਹਿੰਦਾ ਹੈ ਕਿ ਜੇਕਰ ਲੋਕ ਉਸ ਦੇ ਕਤਲਾਂ ਕਰਕੇ ਗੁੱਸੇ ਵਿੱਚ ਹਨ ਤਾਂ ਉਨ੍ਹਾਂ ਨੂੰ ਦੱਖਣੀ ਅਫਰੀਕੀ ਪੁਲਿਸ ਨੂੰ ਦੋਸ਼ ਦੇਣਾ ਚਾਹੀਦਾ ਹੈ।

ਉਹ ਕਹਿੰਦਾ ਹੈ ਕਿ ਪੁਲਿਸ ਨੇ ਕਦੇ ਨਾ ਚਿਤਾਵਨੀ ਦਿੱਤੀ ਅਤੇ ਨਾ ਹੀ ਅਲੋਚਨਾ ਕੀਤੀ ਪਰ ਸਾਥ ਦਿੱਤਾ ਅਤੇ ਹੌਸਲਾ ਵਧਾਇਆ।

ਉਸ ਨੇ ਕਿਹਾ , “ਪੂਰਬੀ ਲੰਡਨ ਦਾ ਹਰ ਅਧਿਕਾਰੀ ਜਾਣਦਾ ਸੀ ਕਿ ਕੀ ਹੋ ਰਿਹਾ , ਸਾਰੇ ਅਫਸਰ ਜਾਣਦੇ ਸਨ”

“ਕਦੇ ਕਿਸੇ ਨੇ ਇੱਕ ਵਾਰ ਨਹੀਂ ਕਿਹਾ ਕਿ ‘ਲੂਈਸ, ਤੁਹਾਨੂੰ ਸ਼ਾਂਤ ਰਹਿਣਾ ਚਾਹੀਦਾ ਜਾਂ ਕੁਝ ਹੋਰ’…ਉਹ ਸਭ ਜਾਣਦੇ ਸਨ ਕਿ ਕੀ ਹੋ ਰਿਹਾ ਹੈ।”

ਪੁਲਿਸ ਦੀ ਭੂਮਿਕਾ ਸਵਾਲਾਂ ਦੇ ਘੇਰੇ ਵਿੱਚ

ਜਨਤਕ ਸੰਗ੍ਰਹਿ ਵਿੱਚ ਰੱਖੇ ਗਏ ਪੁਲਿਸ ਰਿਕਾਰਡਜ਼ ਤੋਂ ਜੈਕੋਬਸਨ ਨੇ ਇਹ ਪਾਇਆ ਕਿ ਪਤਾ ਲੱਗਦਾ ਹੈ ਕਿ ਕੁਝ ਕਤਲਾਂ ਦੌਰਾਨ ਅਫਸਰਾਂ ਦੀ ਮੌਕੇ ’ਤੇ ਮੌਜੂਦਗੀ ਸੀ।

ਕਦੇ ਵੀ ਉਹ ਵੇਨ ਸ਼ੋਰ ਨੂੰ ਸ਼ੱਕੀ ਮੰਨ ਪੁੱਛਗਿੱਛ ਕਰਨ ਨਹੀਂ ਆਏ।

ਕਈ ਮਾਮਲਿਆਂ ਵਿੱਚ, ਪੁਲਿਸ ਵਾਰਦਾਤ ਵਾਲੀ ਥਾਂ ਤੋਂ ਮ੍ਰਿਤਕ ਦੀ ਫੋਟੋ ਅਤੇ ਫੌਰੈਂਸਿਕ ਸਬੂਤ ਲੈਣ ਵਿੱਚ ਵੀ ਅਸਮਰਥ ਰਹੀ ਹੈ, ਜਿਵੇਂ ਕਿ ਗੋਲੀਆਂ ਦੇ ਖੋਲ ।

ਵੈਨ ਸ਼ੋਰ ਅਕਸਰ ਹੀ ਵਾਰਦਾਤ ਵੇਲੇ ਇਕੱਲਾ ਪ੍ਰਤੱਖਦਰਸ਼ੀ ਹੁੰਦਾ ਸੀ, ਇਸ ਲਈ ਇਹ ਸਬੂਤ ਇਹ ਪਤਾ ਲਾਉਣ ਲਈ ਅਹਿਮ ਸਾਬਿਤ ਹੋ ਸਕਦੇ ਸਨ ਕਿ ਆਖ਼ਰ ਵਾਪਰਿਆ ਕੀ ਸੀ।

ਪੈਟਰਿਕ ਗੁੱਡਇਨਫ ਕਹਿੰਦੇ ਹਨ,“ਪਰਦੇ ਪਾਏ ਗਏ, ਉਸ ਨੂੰ ਸੀਨੀਅਰ ਤੋਂ ਜੂਨੀਅਰ ਪੁਲਿਸ ਅਧਿਕਾਰੀਆਂ ਤੱਕ ਦੀ ਸ਼ਹਿ ਸੀ”

“ਉਹ ਜਾਂਚ ਨਹੀਂ ਕਰਨਗੇ, ਉਹ ਉਸ ਦੇ ਨਾਲ ਬੈਠ ਜਾਣਗੇ, ਸਿਗਰੇਟ ਪੀਂਦੇ ਹੋਏ ਗੱਲਾਂ ਕਰਨਗੇ, ਜਦੋਂ ਕਿ ਲਾਸ਼ਾਂ ਨੇੜੇ ਪਈਆਂ ਹੋਣਗੀਆਂ”

ਸਾਰੇ ਕੇਸਾਂ ਵਿੱਚ ਵੇਨ ਸ਼ੋਰ ਨੇ ਗੋਲੀ ਚਲਾਈ ਪਰ ਜਿੰਨ੍ਹਾਂ ਕਾਰੋਬਾਰੀਆਂ ਨੇ ਉਸ ਨੂੰ ਸੁਰੱਖਿਆ ਲਈ ਰੱਖਿਆ ਸੀ ਅਤੇ ਪੁਲਿਸ, ਸਾਰੇ ਭਾਈਚਾਰੇ ਨੇ ਦੱਖਣੀ ਲੰਡਨ ਵਿੱਚ ਵਾਪਰੀਆਂ ਨੇ ਵਾਰਦਾਤਾਂ ਵਿੱਚ ਹਿੱਸੇਦਾਰੀ ਪਾਈ ਹੈ।

ਜੈਕੋਬਸਨ ਨੇ ਕਿਹਾ, “ਵੇਨ ਸ਼ੋਰ ਸੀਰੀਅਲ ਕਿਲਰ ਸੀ ਕਿਉਂਕਿ ਸਮਾਜ ਨੇ ਉਸ ਨੂੰ ਅਜਿਹਾ ਬਣਨ ਦਿੱਤਾ”

ਵੇਨ ਸ਼ੋਰ ਦੇ ਪੀੜਤਾਂ ਦੇ ਰਿਸ਼ਤੇਦਾਰ ਲਈ ਉਸਦੀ ਅਜ਼ਾਦੀ ਅਤੇ ਜਾਂਚ ਦੀਆਂ ਖਾਮੀਆਂ ਦਰਦ ਦੀ ਵਜ੍ਹਾ ਹਨ। ਕੁਝ ਆਪਣੇ ਪਿਆਰਿਆਂ ਦੀਆਂ ਲਾਸ਼ਾਂ ਦੇ ਗਮ ਵਿੱਚੋਂ ਕਦੇ ਨਹੀਂ ਨਿਕਲ ਸਕੇ।

1987 ਵਿੱਚ ਮਾਰ ਗਏ ਐਡਵਰਡ ਦੇ ਭੈਣ ਮਾਰਲੀਨ ਮਵੂਮਬੀ ਕਹਿੰਦੇ ਹਨ,“ਇਓਂ ਜਾਪਦਾ ਹੈ ਕਿ ਇਹ ਇੱਕ ਅਜਿਹਾ ਦੌਰ ਹੈ ਜਿਸ ਵਿੱਚ ਅਸੀਂ ਟੁੱਟੇ ਦਿਲ ਨਾਲ , ਗੁੱਸੇ ਵਿੱਚ ਅੜ ਗਏ ਹਾਂ।”

ਅਥੌਰਿਟੀ ਨੇ ਪਰਿਵਾਰ ਦੀ ਸਹਿਮਤੀ ਦੇ ਬਿਨ੍ਹਾਂ ਉਸ ਦੇ ਅਵਸ਼ੇਸ਼ ਅਣਜਾਣੀ ਕਬਰ ਵਿੱਚ ਸੁੱਟ ਦਿੱਤੇ।

“ਬਹੁਤ ਸਾਰੇ ਹੋਰ ਲੋਕ ਲਾਪਤਾ ਹਨ ਅਤੇ ਜੋ ਕਬਰਿਸਤਾਨ ਵਿੱਚ ਵੀ ਨਹੀਂ ਹਨ, ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।”

ਵੇਨ ਸ਼ੋਰ ਦਾ ਕੇਸ ਦੱਖਣੀ ਅਫ਼ਰੀਕਾ ਦੇ 1995 ਦੇ ਟਰੂਥ ਅਤੇ ਰੀਕੌਨਸੀਲੇਸ਼ਨ ਕਮਿਸ਼ਨ ਤੋਂ ਪਹਿਲਾਂ ਦਾ ਹੈ, ਜਿਸ ਦੇ ਤਹਿਤ ਰੰਗਭੇਦ ਯੁੱਗ ਦੇ ਅਪਰਾਧਾਂ ਦੇ ਬਹੁਤ ਸਾਰੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਸੀ।

ਮੁਲਜ਼ਮਾਂ ਦੀ ਰਿਹਾਈ ਉੱਤੇ ਸਵਾਲ

ਇੱਕ ਸਾਬਕਾ ਕਾਰਕੁਨ ਸ਼ਾਰਲੀਨ ਕ੍ਰੇਜ, ਜਿਸ ਨੇ ਵੇਨ ਸ਼ੋਰ 'ਤੇ ਮੁਕੱਦਮਾ ਚਲਾਉਣ ਲਈ ਦੱਖਣੀ ਅਫਰੀਕਾ ਦੇ ਅਧਿਕਾਰੀਆਂ 'ਤੇ ਦਬਾਅ ਪਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ, ਇਸ ਗੱਲ ਤੋਂ ਨਾਰਾਜ਼ ਹੈ ਕਿ ਉਸ ਨੂੰ ਆਜ਼ਾਦ ਹੋਣ ਦੀ ਇਜਾਜ਼ਤ ਦਿੱਤੀ ਗਈ।

ਉਹ ਕਹਿੰਦੇ ਹਨ ,“ ਇਹ ਨਿਆਂ ਦਾ ਗਰਭਪਾਤ ਹੈ,ਕੋਈ ਕਾਰਨ ਨਹੀਂ ਕਿ ਉਸ ਦਾ ਕੇਸ ਮੁੜ ਤੋਂ ਨਹੀਂ ਖੋਲਿਆ ਜਾਣਾ ਚਾਹੀਦਾ”

1992 ਵਿੱਚ ਚੱਲੇ ਮੁਕੱਦਮੇ ਵਿੱਚ ਵੇਨ ਸ਼ੋਰ ਨੂੰ 90 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ ਪਰ ਜੱਜ ਨੇ ਉਸ ਨੂੰ ਨਾਲ-ਨਾਲ ਸੇਵਾ ਕਰਨ ਦੀ ਇਜਾਜ਼ਤ ਦਿੱਤੀ। ਉਹ 2004 'ਚ ਪਰੋਲ 'ਤੇ ਰਿਹਾਅ ਹੋਇਆ ਸੀ।

ਨਸਲੀ ਭੇਦਭਾਵ ਕਰਨ ਵਾਲੇ ਕਾਤਲਾਂ ਦੀ ਜੇਲ੍ਹ ਤੋਂ ਛੇਤੀ ਰਿਹਾਈ ਦੱਖਣੀ ਅਫਰੀਕਾ ਵਿੱਚ ਇੱਕ ਵਿਵਾਦਪੂਰਨ ਮੁੱਦਾ ਬਣ ਗਈ ਹੈ।

2022 ਵਿੱਚ, ਜੋਹਾਨਸਬਰਗ ਵਿੱਚ ਜਾਨੁਜ਼ ਵਾਲਸ ਦੀ ਪਰੋਲ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋਏ, ਜਿਸਨੇ ਨਸਲਵਾਦ ਵਿਰੋਧੀ ਸਿਆਸਤਦਾਨ ਕ੍ਰਿਸ ਹਾਨੀ ਦਾ ਕਤਲ ਕੀਤਾ ਸੀ। ਕੁਝ ਸਾਲ ਪਹਿਲਾਂ, ਦਰਜਨਾਂ ਕਾਲੇ ਕਾਰਕੂੰਨਾਂ ਨੂੰ ਅਗਵਾ ਕਰਨ, ਤਸੀਹੇ ਦੇਣ ਅਤੇ ਕਤਲ ਕਰਨ ਲਈ ਜ਼ਿੰਮੇਵਾਰ ਮੌਤ ਦਸਤੇ ਦੇ ਇੰਚਾਰਜ ਯੂਜੀਨ ਡੀ ਕਾਕ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਸੀ।

ਅੱਜ ਕੱਲ੍ਹ, ਵੇਨ ਸ਼ੋਰ ਰਗਬੀ ਦੇਖਦੇ ,ਸਿਗਰੇਟ ਪੀ ਅਤੇ ਆਪਣੇ ਪਾਲਤੂ ਰੋਟਵੀਲਰ ਬਰੂਟਸ ਨਾਲ ਖੇਡਦੇ ਹੋਏ ਜ਼ਿਆਦਾਤਰ ਵਕਤ ਬਿਤਾਉਂਦਾ ਹੈ।

ਉਹ ਕਹਿੰਦਾ ਹੈ ਕਿ ਉਸ ਨੂੰ ਕਤਲਾਂ ਦੀ ਤਰ੍ਹਾਂ ਹੋਰ ਵੀ ਕੁਝ ਯਾਦ ਨਹੀਂ ਹੈ।

ਬਿਨ੍ਹਾਂ ਪੁਸ਼ਟੀ ਦੇ ਕੁਝ ਰਿਪੋਰਟਸ ਵਿੱਚ ਕਿਹਾ ਗਿਆ ਹੈ ਕਿ ਉਸ ਨੇ 100 ਦੇ ਕਰੀਬ ਲੋਕਾਂ ਨੂੰ ਗੋਲੀਆਂ ਮਾਰੀਆਂ ਹਨ। ਵੇਨ ਸ਼ੋਰ ਨੇ ਇਸ ਨੂੰ ਬੇਬੁਨਿਆਦ ਦੱਸਿਆ ਪਰ ਮੰਨਦਾ ਹੈ ਕਿ ਉਸ ਵੱਲੋਂ ਕੀਤੇ ਗਏ ਕਤਲਾਂ ਦੀ ਗਿਣਤੀ 39 ਤੋਂ ਵੱਧ ਹੋ ਸਕਦੀ ਹੈ।

ਉਸ ਨੇ ਦੱਸਿਆ,“ਮੈਂ ਸੱਚਮੁੱਚ ਨਹੀਂ ਜਾਂਦਾ ਕਿ ਮੈਂ ਕਿੰਨੇ ਲੋਕਾਂ ਨੂੰ ਗੋਲੀ ਮਾਰੀ ਹੈ , ਕੁਝ ਕਹਿੰਦੇ ਹਨ ਕਿ 100 ਤੋਂ ਵੱਧ, ਕੁਝ ਕਹਿੰਦੇ ਹਨ 40… ਪਰ ਚਲੋ ਬਹਿਸ ਦੇ ਲਈ ਹੀ ਸਹੀ ਮੈਂ 50 ਨੂੰ ਮਾਰਿਆ”

ਉਹ ਕਹਿੰਦਾ ਹੈ ਕਿ ਉਹ ਆਪਣੀਆਂ ਪਿਛਲੀਆਂ ਕਾਰਵਾਈਆਂ 'ਤੇ ਮਾਣ ਕਰਦਾ ਹੈ।

“ਮੈਂ ਕਸੂਰਵਾਰ ਮਹਿਸੂਸ ਨਹੀਂ ਕਰਦਾ,ਮੈਨੂੰ ਕੋਈ ਪਛਤਾਵਾ ਨਹੀਂ ਹੈ”

ਪੱਖ ਜਾਨਣ ਦੇ ਲਈ ਬੀਬੀਸੀ ਨੇ ਦੱਖਣੀ ਅਫਰੀਕੀ ਪੁਲਿਸ ਨਾਲ ਰਾਬਤਾ ਕੀਤਾ ਪਰ ਉਨ੍ਹਾਂ ਨੇ ਜਵਾਬ ਨਹੀਂ ਦਿੱਤਾ ।ਅਧਿਕਾਰੀਆਂ ਨੇ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ ਕਿ ਨਸਲਵਾਦ ਤੋਂ ਬਾਅਦ ਦੇ ਯੁੱਗ ਵਿੱਚ ਵੇਨ ਸ਼ੋਰ ਵੱਲੋਂ ਕੀਤੇ ਕਤਲਾਂ ਦਾ ਮੁਲਾਂਕਣ ਕਿਉਂ ਨਹੀਂ ਕੀਤਾ ਗਿਆ ਹੈ।

ਮਾਰਲੀਨ ਮਵੂਮਬੀ ਕਹਿੰਦੇ ਹਨ , “ਇੱਥੇ ਬਹੁਤ ਜ਼ਿਆਦਾ ਦਰਦ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਸਾਡਾ ਦੁੱਖ ਘਟਾਉਣ ਲਈ ਲੋੜੀਂਦੀ ਕੋਸ਼ਿਸ਼ ਕੀਤੀ ਗਈ ਹੈ। ”

“ਇਹ ਸਿਰਫ ਉਹੀ ਨਹੀਂ ਹਨ ਜੋ ਵੇਨ ਸ਼ੋਰ ਵੱਲੋਂ ਮਾਰੇ ਗਏ ਸਨ। ਉਹ ਵੀ ਹਨ ਜੋ ਨਸਲਵਾਦੀ ਸਾਸ਼ਨ ਦੌਰਾਨ ਕਤਲ ਕੀਤੇ ਗਏ ਹਨ। ”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)