ਇੱਥੇ ਸੈਕਸ ਲਈ ‘ਬੈਡਮਿੰਟਨ’ ਕਿਵੇਂ ਇੱਕ ਕੋਡਵਰਡ ਬਣ ਗਿਆ

    • ਲੇਖਕ, ਫੈਨ ਵੈਂਗ
    • ਰੋਲ, ਬੀਬੀਸੀ ਨਿਊਜ਼

ਬੈਡਮਿੰਟਨ ਭਾਵੇਂ ਕਿੰਨੀ ਹੀ ਮਾਸੂਮ ਖੇਡ ਹੋਵੇ ਪਰ ਹਾਂਗਕਾਂਗ ਦੇ ਸਿੱਖਿਆ ਵਿਭਾਗ ਨੇ ਇਸ ਨੂੰ ਅਣਜਾਣੇ ਵਿੱਚ ਹੀ ਸਹੀ ਪਰ ਨਵੇਂ ਅਰਥ ਦੇ ਦਿੱਤੇ ਹਨ।

ਪਿਛਲੇ ਹਫ਼ਤੇ ਸਕੈਂਡਰੀ ਜਮਾਤਾਂ ਦੇ ਤੀਜੇ ਸਾਲ ਲਈ ਅਧਿਆਪਨ ਸਮੱਗਰੀ ਜਾਰੀ ਕੀਤੀ ਗਈ।

ਇੱਕ ਮੌਡਿਊਲ ਕਿਸ਼ੋਰ ਅਤੇ ਨੇੜਤਾ ਵਾਲੇ ਰਿਸ਼ਤਿਆਂ ਵਿੱਚ ਸੁਝਾਇਆ ਗਿਆ ਕਿ ਜਿਹੜੇ ਕਿਸ਼ੋਰਾਂ ਦਾ ਇੱਕ-ਦੂਜੇ ਨਾਲ ਸੈਕਸ ਕਰਨ ਨੂੰ ਮਨ ਕਰੇ ਇਸ ਨਾਲੋਂ ਚੰਗਾ ਹੈ “ਉਹ ਬਾਹਰ ਜਾ ਕੇ ਬੈਡਮਿੰਨਟਨ ਖੇਡ ਲੈਣ।”

ਇਸ ਸਮੱਗਰੀ ਵਿੱਚ ਮੇਰਾ ਵਾਅਦਾ ਕਰਕੇ ਇੱਕ ਫਾਰਮ ਵੀ ਹੈ ਜਿਸ ਦਾ ਮਕਸਦ ਕਿਸ਼ੋਰ ਵਿਦਿਆਰਥੀਆਂ ਤੋਂ ਇਹ ਤਸਦੀਕ ਕਰਵਾਉਣਾ ਹੈ ਕਿ ਉਹ ਸਵੈ-ਅਨੁਸ਼ਾਸਨ ਰੱਖਣਗੇ ਅਤੇ ਕਾਮੁਕ ਸਮੱਗਰੀ ਤੋਂ ਬਚਣਗੇ।

ਨਵੀਂ ਅਧਿਆਪਨ ਸਮੱਗਰੀ ਦੀ ਆਲੋਚਨਾ ਹੋ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਸਮਝ ਤੋਂ ਬਾਹਰ ਹੈ। ਲੇਕਿਨ ਅਧਿਕਾਰੀ ਇਸਦਾ ਬਚਾਅ ਕਰ ਰਹੇ ਹਨ।

ਇਸ ਦੌਰਾਨ ਸੋਸ਼ਲ ਮੀਡੀਆ ਉੱਤੇ “ਬੈਡਮਿੰਨਟਨ ਖੇਡਣ” ਦੁਆਲੇ ਲਤੀਫ਼ਿਆਂ ਦੀ ਭਰਮਾਰ ਹੋ ਗਈ ਹੈ।

ਇੰਸਟਾਗ੍ਰਾਮ ਉੱਤੇ ਇੱਕ ਕਮੈਂਟ ਨੂੰ 1000 ਵਾਰ ਪਸੰਦ ਕੀਤਾ ਗਿਆ। ਲਿਖਿਆ ਸੀ, “ਫਰੈਂਡਸ ਵਿਦ ਬੈਨੀਫਿਟਸ ਨੂੰ ਫਰੈਂਡਸ ਵਿਦ ਬੈਡਮਿੰਨਟਨ ਪੜ੍ਹਿਆ ਜਾਵੇ”।

ਇੱਥੋਂ ਤੱਕ ਕਿ ਬੈਡਮਿੰਨਟਨ ਓਲੰਪੀਅਨ ਖਿਡਾਰੀ ਸੇ ਯਿੰਗ ਸੂ ਵੀ ਆਪਣੇ ਆਪ ਨੂੰ ਰੋਕ ਨਾ ਸਕੇ।

ਉਨ੍ਹਾਂ ਨੇ ਲਿਖਿਆ,“ਹਰ ਕੋਈ ਬੈਡਮਿੰਨਟਨ ਖੇਡਣ ਲਈ ਸਮਾਂ ਲੈ ਰਿਹਾ ਹੈ। ਕੀ ਸਾਰਿਆਂ ਦੀ ਬੈਡਮਿੰਨਟਨ ਵਿੱਚ ਇੰਨੀ ਜ਼ਿਆਦਾ ਦਿਲਚਸਪੀ ਪੈਦਾ ਹੋ ਗਈ ਹੈ?” ਅਤੇ ਬਣਾਉਟੀ ਮੁਸਕਰਾਹਟ ਵਾਲੀ ਇਮੋਜੀ ਵੀ ਸਾਂਝੀ ਕੀਤੀ।

ਕੁਝ ਲੋਕ ਇਸ ਦੇ ਅਮਲੀ ਪੱਖ ਤੋਂ ਫਿਕਰਮੰਦ ਨਜ਼ਰ ਆਏ।

ਸਥਾਨਕ ਲਾਮੇਕਰ ਡੋਰੀਨ ਕੋਂਗ ਨੇ ਕਿਹਾ ਕਿ ਦਸਤਾਵੇਜ਼ ਦਰਸਾਉਂਦਾ ਹੈ ਕਿ ਵਿਭਾਗ ਨੂੰ ਕਿਸ਼ੋਰਾਂ ਦੀ ਸਮਝ ਨਹੀਂ ਹੈ। ਉਨ੍ਹਾਂ ਨੇ ਬੈਡਮਿੰਨਟਨ ਦੀ ਮਿਸਾਲ ਦੀ ਵਿਸ਼ੇਸ਼ ਆਲੋਚਨਾ ਕੀਤੀ।

ਉਨ੍ਹਾਂ ਨੇ ਪੁੱਛਿਆ ਲੋੜ ਪੈਣ ਉੱਤੇ ਉਹ ਤੁਰੰਤ ਬੈਡਮਿੰਨਟਨ ਉਧਾਰਾ ਕਿਵੇਂ ਲੈਣਗੇ।

ਉੱਭਰ ਰਹੇ ਬੈਡਮਿੰਨਟਨ ਖਿਡਾਰੀ ਥੌਮਸ ਟੈਂਗ ਨੇ ਮਜ਼ਾਕ ਵਿੱਚ ਕਿਹਾ ਇਸ ਖੇਡ ਵਿੱਚ ਅਚਾਨਕ ਜਾਗੀ ਇਸ ਦਿਲਚਸਪੀ ਨੇ ਉਨ੍ਹਾਂ ਲਈ ਸਥਿਤੀ ਕੁਝ ਮੁਸ਼ਕਿਲ ਕਰ ਦਿੱਤੀ ਹੈ।

ਅਧਿਆਪਕਾਂ ਨੂੰ ਕੀ ਸੁਝਾਅ ਹੈ

ਪਹਿਲਾਂ ਇਹ ਸਿਰਫ਼ ਇੱਕ ਤੰਦਰੁਸਤ ਖੇਡ ਸੀ ਲੇਕਿਨ ਹੁਣ ਜੇ ਤੁਸੀਂ ਲੋਕਾਂ ਨੂੰ ਬੈਡਮਿੰਨਟਨ ਖੇਡਣ ਲਈ ਪੁੱਛੋ ਤਾਂ ਉਹ ਅੱਗੋਂ ਚੁਟਕਲੇ ਸੁਣਾਉਂਦੇ ਹਨ।

ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਚੀੜੀ-ਛਿੱਕਾ ਮੁੰਡਿਆ ਲਈ ਕੁੜੀਆਂ ਨੂੰ ਮਿਲਣ ਦਾ ਚੰਗਾ ਜ਼ਰੀਆ ਸੀ।

ਸਿੱਖਿਆ ਬੋਰਡ ਦੇ ਦਸਤਾਵੇਜ਼ਾਂ ਵਿੱਚ ਅਧਿਆਪਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਮੈਡਿਊਲ ਦੇ ਉਦੇਸ਼ਾਂ ਵਿੱਚੋਂ ਇੱਕ ਉਦੇਸ਼ ਕਿਸ਼ੋਰਾਂ ਨੂੰ ਕਾਮੁਕ ਕਲਪਨਾਵਾਂ ਅਤੇ ਇੱਛਾਵਾਂ ਨਾਲ ਨਜਿੱਠਣ ਵਿੱਚ ਮਦਦ ਕਰਨਾ ਵੀ ਹੈ।

ਮੌਡਿਊਲ ਦਾ ਮਕਸਦ ਉਨ੍ਹਾਂ ਨੂੰ ਕਾਮੁਕ ਵਿਹਾਰ ਅਤੇ ਡੇਟਿੰਗ ਕਰਨ ਲਈ ਉਤਸ਼ਾਹਿਤ ਕਰਨਾ ਨਹੀਂ ਸੀ।

ਵਿਚਾਰ-ਚਰਚਾ ਲਈ ਸੁਝਾਈਆਂ ਕੁਝ ਸਰਗਰਮੀਆਂ ਵਿੱਚ ਬੱਚਿਆਂ ਨੂੰ ਕਾਮੁਕ ਪਹਿਰਾਵਾ ਪਾ ਕੇ ਕਾਮੁਕ ਉਤੇਜਨਾ ਦੇਣ ਤੋਂ ਬਚਣ ਅਤੇ ਢੁਕਵੇਂ ਕੱਪੜੇ ਪਾਉਣ ਨੂੰ ਕਿਹਾ ਗਿਆ ਹੈ। ਇਸ ਤੋਂ ਇਲਵਾ ਕਿਸ਼ੋਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇ ਉਹ ਵਿਆਹ ਪੂਰਬਲੇ ਸਰੀਰਕ ਸੰਬੰਧਾਂ ਦੇ ਸਿੱਟੇ ਸਹਿਣ ਨਹੀਂ ਕਰ ਸਕਦੇ ਤਾਂ ਵਿਆਹ ਤੋਂ ਪਹਿਲਾਂ ਸੈਕਸ ਤੋਂ ਸਾਫਗੋਈ ਨਾਲ ਮਨ੍ਹਾਂ ਕਰ ਦੇਣ।

ਸਿੱਖਿਆ ਮੰਤਰੀ ਕ੍ਰਿਸਟੀਨ ਚੋਈ ਨੇ ਆਲੋਚਨਾ ਦੇ ਬਾਵਜੂਦ ਦ੍ਰਿੜਤਾ ਨਾਲ ਬਚਾਅ ਕੀਤਾ ਹੈ।

ਉਨ੍ਹਾਂ ਨੇ ਐਤਵਾਰ ਨੂੰ ਇੱਕ ਇੰਟਰਵਿਊ ਦੌਰਾਨ ਦਸਤਾਵੇਜ਼ ਦਾ ਬਚਾਅ ਕਰਦਿਆਂ ਕਿਹਾ, “ਅਸੀਂ ਕਿਸ਼ੋਰਾਂ ਨੂੰ ਬਚਾਉਣਾ ਚਾਹੁੰਦੇ ਹਾਂ”। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਨਾਬਾਲਗ ਨਾਲ ਜਿਣਸੀ ਸੰਬੰਧ ਬਣਾਉਣਾ ਗੈਰ-ਕਨੂੰਨੀ ਵੀ ਹੈ।

ਉਨ੍ਹਾਂ ਨੂੰ ਸ਼ਹਿਰ ਦੇ ਆਗੂ ਜੌਨ ਲੀ ਦੀ ਹਮਾਇਤ ਮਿਲੀ ਹੈ। ਲੀ ਨੇ ਕਿਹਾ ਕਿ ਜਦੋਂ ਸਿੱਖਿਆ ਬਾਰੇ ਮੁਖ਼ਤਲਿਫ ਰਾਵਾਂ ਹੋ ਸਕਦੀਆਂ ਹਨ, ਸਰਕਾਰ ਜਿਸ ਤਰ੍ਹਾਂ ਦਾ ਸਮਾਜ ਬਣਾਉਣਾ ਚਾਹੁੰਦੀ ਹੈ, ਉਸ ਵਿੱਚ ਮੋਹਰੀ ਭੂਮਿਕਾ ਨਿਭਾਉਂਦੀ ਹੈ।

ਲੇਕਿਨ ਹੈਨਰੀ ਚਾਨ ਜੋ ਕਿ ਇੱਕ 13 ਸਾਲ ਦੀ ਬੇਟੀ ਅਤੇ 10 ਦੇ ਬੇਟੇ ਦੇ ਪਿਤਾ ਹਨ, ਮੁਤਾਬਕ ਇਹ ਯਤਨ ਹਾਸੋਹੀਣੇ ਹਨ।

ਉਹ ਕਹਿੰਦੇ ਹਨ,“ਹਾਂਗਾਕਾਂਗ ਦੀ ਸਰਕਾਰ ਹਮੇਸ਼ਾ ਹੀ ਸਮਝ ਤੋਂ ਬਾਹਰ ਰਹੀ ਹੈ। ਉਹ ਆਪਣਾ ਮਜ਼ਾਕ ਉਡਾ ਰਹੇ ਹਨ।”

ਹੈਨਰੀ ਨੇ ਅੱਗੇ ਕਿਹਾ, “ਮੇਰੀ ਪਤਨੀ ਅਤੇ ਮੈਂ ਸ਼ਾਇਦ ਬੱਚਿਆਂ ਨੂੰ ਆਪ ਹੀ ਇਹ (ਸੈਕਸ ਐਜੂਕੇਸ਼ਨ) ਦੇਵਾਂਗੇ। ਇਸ ਲਈ ਸ਼ਾਇਦ ਮੈਂ ਸਕੂਲਾਂ ਅਤੇ ਸਰਕਾਰ ਉੱਤੇ ਭਰੋਸਾ ਨਹੀਂ ਕਰਾਂਗਾ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)