ਸੈਕਸ ਨੂੰ ਲੈ ਕੇ ਲੋਕਾਂ ਦੀ ਸੋਚ ਇਸ ਤਰ੍ਹਾਂ ਬਦਲਣ ਲੱਗੀ ਹੈ

    • ਲੇਖਕ, ਬ੍ਰੈਂਡਨ ਐਂਬ੍ਰੋਸੀਨੋ
    • ਰੋਲ, ਬੀਬੀਸੀ ਫਿਊਚਰ

ਭਾਰਤ ਵਿੱਚ ਸੈਕਸ ਅਜਿਹਾ ਮਸਲਾ ਹੈ, ਜਿਸ ਵਿੱਚ ਦਿਲਚਸਪੀ ਤਾਂ ਸਭ ਦੀ ਹੈ ਪਰ ਗੱਲ ਕਰਨ ਤੋਂ ਲੋਕ ਝਿਜਕਦੇ ਹਨ।

ਮਰਦ ਤਾਂ ਫਿਰ ਵੀ ਸੈਕਸ ਬਾਰੇ ਆਪਣਾ ਨਜ਼ਰੀਆ ਬਿਆਨ ਕਰਦੇ ਹਨ ਪਰ ਔਰਤਾਂ ਖੁੱਲ੍ਹ ਕੇ ਇਸ ਬਾਰੇ ਗੱਲ ਕਰਨਾ ਵੀ ਚਾਹੁਣ ਤਾਂ ਉਨ੍ਹਾਂ ਨੂੰ ਗ਼ਲਤ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ।

ਸੈਕਸ ਦੇ ਮਾਮਲੇ ਵਿੱਚ ਔਰਤਾਂ ਸ਼ਰਮ ਅਤੇ ਸਮਾਜਿਕ ਬੰਦਿਸ਼ਾਂ ਦੇ ਚਲਦੇ ਅਕਸਰ ਚੁੱਪ ਰਹਿੰਦੀਆਂ ਹਨ। ਉਂਝ ਤਾਂ ਪ੍ਰਾਚੀਨ ਭਾਰਤੀ ਸਮਾਜ ਸਰੀਰਕ ਸਬੰਧਾਂ ਨੂੰ ਲੈ ਕੇ ਕਾਫ਼ੀ ਖੁੱਲ੍ਹੇ ਜ਼ਹਿਨ ਦਾ ਰਿਹਾ ਸੀ।

ਜਿਸਦੀ ਮਿਸਾਲ ਸਾਨੂੰ ਖਜੁਰਾਹੋ ਦੇ ਮੰਦਿਰਾਂ ਤੋਂ ਲੈ ਕੇ ਵਾਤਸਿਆਇਨ ਦੇ ਵਿਸ਼ਵ ਪ੍ਰਸਿੱਧ ਗ੍ਰੰਥ ਕਾਮਸੂਤਰ ਤੱਕ ਦੇਖਣ ਨੂੰ ਮਿਲਦੀ ਹੈ। ਪਰ ਜਿਵੇਂ-ਜਿਵੇਂ ਸਮਾਜ ਅੱਗੇ ਵਧਦਾ ਗਿਆ, ਸਾਡਾ ਦੇਸ ਜਿਸਮਾਨੀ ਰਿਸ਼ਤਿਆਂ ਦੇ ਪ੍ਰਤੀ ਛੋਟੀ ਸੋਚ ਵਾਲਾ ਹੁੰਦਾ ਚਲਾ ਗਿਆ।

ਮਰਦ-ਔਰਤ ਦੇ ਸਰੀਰਕ ਸਬੰਧ ਨਾਲ ਜੁੜੀਆਂ ਗੱਲਾਂ ਵਿੱਚ ਪਰਦੇਦਾਰੀ ਅਤੇ ਪਹਿਰੇਦਾਰੀ ਹੋ ਗਈ। ਹਾਲਾਂਕਿ, ਹੁਣ ਸਰੀਰਕ ਸਬੰਧਾਂ ਨੂੰ ਲੈ ਕੇ ਮੁੜ ਤੋਂ ਇੱਕ ਵੱਡਾ ਬਦਲਾਅ ਆ ਰਿਹਾ ਹੈ। ਅਜਿਹਾ ਬਦਲਾਅ ਜੋ ਕ੍ਰਾਂਤੀਕਾਰੀ ਹੈ।

ਇਹ ਵੀ ਪੜ੍ਹੋ:

ਵਧੇਗਾ ਲੈਬ ਵਿੱਚ ਬੱਚੇ ਪੈਦਾ ਕਰਨ ਦਾ ਟ੍ਰੈਂਡ

ਕੁਦਰਤੀ ਤੌਰ 'ਤੇ ਸੈਕਸ ਦਾ ਮਤਲਬ ਸਿਰਫ਼ ਬੱਚੇ ਪੈਦਾ ਕਰਨ ਅਤੇ ਪਰਿਵਾਰ ਵਧਾਉਣ ਤੱਕ ਹੀ ਸੀਮਤ ਸੀ ਪਰ ਸਾਇੰਸ ਦੀ ਬਦੌਲਤ ਹੁਣ ਸੈਕਸ ਦੇ ਬਿਨਾਂ ਵੀ ਬੱਚੇ ਪੈਦਾ ਕੀਤੇ ਜਾ ਸਕਦੇ ਹਨ। ਆਈਵੀਐੱਫ਼ ਅਤੇ ਟੈਸਟ ਟਿਊਬ ਜ਼ਰੀਏ ਇਹ ਪੂਰੀ ਤਰ੍ਹਾਂ ਸੰਭਵ ਹੈ।

ਦੁਨੀਆਂ ਦਾ ਪਹਿਲਾ ਟੈਸਟ ਟਿਊਬ ਬੇਬੀ 1978 ਵਿੱਚ ਪੈਦਾ ਹੋਇਆ ਸੀ। ਉਸ ਤੋਂ ਬਾਅਦ ਤੋਂ ਹੁਣ ਤੱਕ ਕਰੀਬ 80 ਲੱਖ ਬੱਚੇ ਇਸ ਤਕਨੀਕ ਜ਼ਰੀਏ ਦੁਨੀਆਂ ਵਿੱਚ ਆ ਚੁੱਕੇ ਹਨ।

ਖੋਜਕਾਰਾਂ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਇਸ ਤਰੀਕੇ ਨਾਲ ਪੈਦਾ ਹੋਏ ਬੱਚਿਆਂ ਦੀ ਤਦਾਦ ਵਿੱਚ ਭਾਰੀ ਇਜ਼ਾਫ਼ਾ ਦੇਖਣ ਨੂੰ ਮਿਲੇਗਾ। ਲੇਖਕ ਹੇਨਰੀ ਟੀ ਗ੍ਰੀਲੀ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ 20 ਤੋਂ 40 ਸਾਲ ਦੀ ਉਮਰ ਵਾਲੇ ਸਿਹਤਮੰਦ ਜੋੜੇ ਲੈਬ ਵਿੱਚ ਗਰਭ ਧਾਰਨ ਕਰਵਾਉਣਾ ਪਸੰਦ ਕਰਨਗੇ। ਉਹ ਸੈਕਸ ਬੱਚਾ ਪੈਦਾ ਕਰਨ ਲਈ ਨਹੀਂ ਸਗੋਂ ਜਿਸਮਾਨੀ ਲੋੜ ਅਤੇ ਖੁਸ਼ੀ ਲਈ ਕਰਨਗੇ।

ਜੇਕਰ ਬੱਚੇ ਬਿਨਾਂ ਸੈਕਸ ਤੋਂ ਪੈਦਾ ਹੋ ਸਕਦੇ ਹਨ ਤਾਂ ਫਿਰ ਸੈਕਸ ਦੀ ਲੋੜ ਕਿਉਂ ਹੈ? ਸੈਕਸ ਦਾ ਕੰਮ ਮਰਦ, ਔਰਤ ਦੀ ਜਿਸਮਾਨੀ ਲੋੜ ਨੂੰ ਪੂਰਾ ਕਰਨਾ ਅਤੇ ਉਨ੍ਹਾਂ ਦੋਵਾਂ ਦਾ ਰਿਸ਼ਤਾ ਮਜ਼ਬੂਤ ਕਰਨਾ ਹੈ। ਪਰ ਇੱਥੇ ਵੀ ਧਰਮ ਬਹੁਤ ਵੱਡਾ ਰੋੜਾ ਹੈ।

ਹਰ ਧਰਮ, ਸਰੀਰਕ ਸਬੰਧ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਅਤੇ ਨਿਯਮ-ਕਾਇਦੇ ਦੱਸਦਾ ਹੈ। ਇਸਾਈ ਧਮ ਵਿੱਚ ਕਿਹਾ ਗਿਆ ਹੈ ਕਿ ਮਰਦ-ਔਰਤ ਨੂੰ ਸੈਕਸ ਸਿਰਫ਼ ਬੱਚੇ ਪੈਦਾ ਕਰਨ ਲਈ ਕਰਨਾ ਚਾਹੀਦਾ ਹੈ।

ਜੇਕਰ ਸਰੀਰਕ ਸੁਖ ਅਤੇ ਖੁਸ਼ੀ ਦੇ ਲਈ ਸੈਕਸ ਕੀਤਾ ਜਾਵੇ ਤਾਂ ਉਹ ਅਨੈਤਿਕ ਹੈ। ਹਾਲਾਂਕਿ ਇਸਾਈ ਧਰਮ ਦੀ ਵੀ ਪੁਰਾਣੀ ਕਿਤਾਬ ਦੇ ਸੋਲੋਮੋਨ ਸੌਂਗ ਵਿੱਚ ਜੋਸ਼ ਦੇ ਨਾਲ ਸੈਕਸ ਕਰਨ ਨੂੰ ਬਹਿਤਰੀਨ ਦੱਸਿਆ ਗਿਆ ਹੈ। ਨਾਲ ਹੀ ਸਰੀਰਕ ਸਬੰਧ ਨੂੰ ਪਤੀ-ਪਤਨੀ ਦੇ ਵਿਚਾਲੇ ਹੀ ਨਹੀਂ, ਸਗੋਂ ਦੋ ਪਿਆਰ ਕਰਨ ਵਾਲਿਆਂ ਵਿਚਾਲੇ ਨਿੱਜੀ ਚੀਜ਼ ਦੱਸਿਆ ਗਿਆ ਹੈ।

ਗ੍ਰੀਸ ਦੇ ਵੱਡੇ ਦਾਰਸ਼ਨਿਕ ਅਰਸਤੂ ਇਸ ਵਿਸ਼ੇ 'ਤੇ ਰੌਸ਼ਨੀ ਪਾਉਂਦੇ ਕਹਿੰਦੇ ਹਨ ਕਿ ਪਿਆਰ ਕਾਮੁਕ ਇੱਛਾਵਾਂ ਦਾ ਅੰਤ ਹੈ। ਯਾਨਿ ਜੇਕਰ ਦੋ ਲੋਕਾਂ ਵਿਚਾਲੇ ਮੁਹੱਬਤ ਹੈ ਤਾਂ ਉਸਦਾ ਮੁਕਾਮ ਸਰੀਰਕ ਸਬੰਧ ਬਣਾਉਣ 'ਤੇ ਪੂਰਾ ਹੁੰਦਾ ਹੈ। ਇਨ੍ਹਾਂ ਮੁਤਾਬਕ ਸੈਕਸ ਕੋਈ ਮਾਮੂਲੀ ਕੰਮ ਨਹੀਂ ਹੈ। ਸਗੋਂ, ਇਹ ਕਿਸੇ ਨੂੰ ਪਿਆਰ ਕਰਨ ਅਤੇ ਕਿਸੇ ਦਾ ਪਿਆਰ ਪਾਉਣ ਲਈ ਇੱਕ ਜ਼ਰੂਰੀ ਅਤੇ ਸਨਮਾਨਜਨਕ ਕੰਮ ਹੈ।

ਜਦਕਿ ਅਮਰੀਕੀ ਸਮਾਜ ਸ਼ਾਸਤਰੀ ਡੇਵਿਡ ਹਾਲਪੇਰਿਨ ਦਾ ਕਹਿਣਾ ਹੈ ਕਿ ਸੈਕਸ ਸਿਰਫ਼ ਸੈਕਸ ਦੇ ਲਈ ਹੀ ਹੁੰਦਾ ਹੈ। ਉਸ ਵਿੱਚ ਲੋੜ ਪੂਰੀ ਕਰਨ ਜਾਂ ਕੋਈ ਰਿਸ਼ਤਾ ਮਜ਼ਬੂਤ ਕਰਨ ਵਰਗੀਆਂ ਕੋਈ ਚੀਜ਼ਾਂ ਸ਼ਾਮਲ ਨਹੀਂ ਹੁੰਦੀਆਂ।

ਹੋ ਸਕਦਾ ਹੈ ਕਿ ਜਦੋਂ ਇਨਸਾਨ ਨੇ ਸੈਕਸ ਸ਼ੁਰੂ ਕੀਤਾ ਹੋਵੇ, ਉਦੋਂ ਉਹ ਸਿਰਫ਼ ਸਰੀਰਕ ਲੋੜ ਪੂਰੀ ਕਰਨ ਦਾ ਮਾਧਿਅਮ ਭਰ ਰਿਹਾ ਹੋਵੇ। ਪਰ ਜਦੋਂ ਪਰਿਵਾਰ ਬਣਨ ਲੱਗ, ਤਾਂ ਹੋ ਸਕਦਾ ਹੈ ਕਿ ਇਸ ਨੂੰ ਰਿਸ਼ਤਾ ਮਜ਼ਬੂਤ ਕਰਨ ਦਾ ਵੀ ਮਾਧਿਅਮ ਸਮਝਿਆ ਜਾਣ ਲੱਗਾ।

ਇਹ ਵੀ ਪੜ੍ਹੋ:

ਪਰ ਅੱਜ ਸਮਾਜ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ। ਅੱਜ ਤਾਂ ਸੈਕਸ ਪੈਸੇ ਦੇ ਕੇ ਵੀ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਲੋਕ ਪੇਸ਼ੇਵਰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਸੈਕਸ ਨੂੰ ਹਥਿਆਰ ਬਣਾਉਂਦੇ ਹਨ।

ਅਜਿਹੇ ਹਾਲਾਤ ਵਿੱਚ ਯਕੀਨਨ ਕਿਸੇ ਇੱਕ ਤਰ੍ਹਾਂ ਦੀ ਸਰੀਰਕ ਲੋੜ ਤਾਂ ਪੂਰੀ ਹੋ ਜਾਂਦੀ ਹੈ। ਪਰ, ਰਿਸ਼ਤਾ ਮਜ਼ਬੂਤ ਹੋਣ ਜਾਂ ਜਜ਼ਬਾਤੀ ਤੌਰ 'ਤੇ ਇੱਕ-ਦੂਜੇ ਨਾਲ ਜੁੜਨ ਵਰਗੀ ਕੋਈ ਚੀਜ਼ ਨਹੀਂ ਹੁੰਦੀ।

ਅਜਿਹੇ ਵਿੱਚ ਫਿਰ ਸੈਕਸ ਦਾ ਮਤਲਬ ਕੀ ਹੁੰਦਾ ਹੈ? ਇਸਦਾ ਮਤਲਬ ਇਹੀ ਹੈ ਕਿ ਸੈਕਸ ਸਿਰਫ਼ ਸੈਕਸ ਲਈ ਕੀਤਾ ਜਾਵੇ। ਇਸ ਵਿੱਚ ਬਾਰੀਕੀਆਂ ਨਾ ਲੱਭੀਆਂ ਜਾਣ।

ਸੈਕਸ ਕੀ ਹੈ

ਬਦਲਦੇ ਸਮੇਂ ਦੇ ਨਾਲ ਅੱਜ ਨਾ ਸਿਰਫ਼ ਮਨੁੱਖੀ ਰਿਸ਼ਤੇ ਬਦਲ ਰਹੇ ਹਨ। ਹਲਾਂਕਿ ਜਿਨਸੀ ਸੰਬੰਧਾਂ ਨੂੰ ਲੈ ਕੇ ਲੋਕਾਂ ਦਾ ਰਵੱਈਆ ਅਤੇ ਰਿਸ਼ਤਿਆ ਪ੍ਰਤੀ ਸੋਚ ਵੀ ਬਦਲ ਰਹੀ ਹੈ।

2015 ਵਿੱਚ ਅਮਰੀਕਾ ਦੀ ਸੈਨ-ਡਿਏਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਜੀਨ ਐਮ. ਟਵਿੰਗ ਨੇ ਇੱਕ ਖੋਜ ਪੱਤਰ ਵਿੱਚ ਕਿਹਾ ਕਿ 1970 ਤੋਂ 2010 ਤੱਕ, ਅਮਰੀਕਾ ਵਿੱਚ ਬਹੁਤ ਸਾਰੇ ਲੋਕਾਂ ਨੇ ਵਿਆਹ ਤੋਂ ਬਿਨਾਂ ਜਿਨਸੀ ਸਬੰਧਾਂ ਨੂੰ ਸਵੀਕਾਰ ਕਰਨਾ ਸ਼ੁਰੂ ਕੀਤਾ ਸੀ।

ਨਵੀਂ ਪੀੜ੍ਹੀ ਦਾ ਮੰਨਣਾ ਹੈ ਕਿ ਸੈਕਸ਼ੁਐਲਿਟੀ ਨੂੰ ਸਮਾਜ ਦੀਆਂ ਪਾਬੰਦੀਆਂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ।

ਖੋਜ ਕਰ ਰਹੇ ਟੀਵੀਗ ਅਨੁਸਾਰ, ਜਿਨਸੀ ਨੈਤਿਕਤਾ ਸਮੇਂ ਦੀ ਪਾਬੰਦ ਨਹੀਂ ਹੁੰਦੀ। ਇਸ ਵਿੱਚ ਤਬਦੀਲੀਆਂ ਆਈਆਂ ਹਨ, ਹੋ ਵੀ ਰਹੇ ਹਨ ਅਤੇ ਅੱਗੇ ਵੀ ਜਾਰੀ ਰਹਿਣਗੇ। ਹੁਣ ਇਹ ਤਬਦੀਲੀਆਂ ਇੰਨੀ ਤੇਜ਼ੀ ਨਾਲ ਹੋ ਰਹੀਆਂ ਹਨ ਕਿ ਸ਼ਾਇਦ ਅਸੀਂ ਇਨ੍ਹਾਂ ਤਬਦੀਲੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਾਂ।

ਜਿਸਮਾਨੀ ਰਿਸ਼ਤੇ ਸਿਰਫ਼ ਮਰਦ ਤੇ ਔਰਤ ਦੇ ਵਿੱਚ ਨਹੀਂ ਬੰਨਦੇ। ਬਲਕਿ ਲੇਸਬੀਅਨ ਅਤੇ ਗੇ ਰਿਸ਼ਤਿਆ ਨੂੰ ਵੀ ਬਹੁਤ ਸਾਰੇ ਦੇਸ਼ਾਂ ਦੁਆਰਾ ਮਾਨਤਾ ਪ੍ਰਾਪਤ ਕੀਤੀ ਗਈ ਹੈ।

ਇਹ ਕੋਈ ਮਾਨਸਿਕ ਜਾਂ ਸਰੀਰਕ ਵਿਕਾਰ ਵੀ ਨਹੀਂ ਹੈ। ਹਾਲਾਂਕਿ, ਇਸ ਨੂੰ ਧਾਰਮਿਕ ਅਤੇ ਸਮਾਜਿਕ ਰੂਪਾਂ ਵਿਚ ਅਨੈਤਿਕ ਵਿਵਹਾਰ ਵਜੋਂ ਮੰਨਿਆ ਗਿਆ ਹੈ।

ਧਰਮ ਕਹਿੰਦਾ ਹੈ ਕਿ ਇੱਕੋ ਲਿੰਗ ਦੇ ਜਾਨਵਰ ਵੀ ਆਪਸ ਵਿੱਚ ਕੋਈ ਰਿਸ਼ਤਾ ਨਹੀਂ ਬਣਾਉਂਦੇ ਕਿਉਂਕਿ ਉਹ ਜਾਣਦਾ ਹੈ ਕਿ ਉਹ ਅਨੈਤਿਕ ਹੈ।

ਜਿੱਥੇ ਕਿ ਵਿਗਿਆਨ ਕਹਿੰਦਾ ਹੈ ਕਿ ਫਲ ਮੱਖੀਆਂ, ਫਰਸ਼ ਵਾਲੀਆਂ ਮੱਖੀਆਂ, ਅਲਬੈਟ੍ਰਸ ਪੰਛੀ ਅਤੇ ਬੋਤਲ ਨੱਕ ਡੌਲਫਿਨ ਸਮੇਤ ਲਗਭਗ 500 ਕਿਸਮਾਂ ਹਨ ਜਿਨ੍ਹਾਂ ਵਿੱਚ ਸਮਲਿੰਗਤਾ ਹੁੰਦੀ ਹੈ। ਪਰ ਅਸੀਂ ਉਹਨਾਂ ਨੂੰ ਲੇਸਬਿਯਨ, ਗੇ ਜਾਂ ਹੇਟਰੋਸੈਕਸ਼ੂਅਲ ਵਰਗੇ ਨਾਮ ਨਹੀਂ ਦਿੰਦੇ।

ਆਖ਼ਰਕਾਰ, ਉਨ੍ਹਾਂ ਸਾਰਿਆਂ ਵਿਚਲਾ ਵਿਤਕਰਾ ਕਿਸਨੇ ਬਣਾਇਆ?

ਸ਼ਾਇਦ ਉਹ ਲੋਕ ਜੋ ਸਿਰਫ਼ ਸੈਕਸ ਨੂੰ ਬੱਚੇ ਪੈਦੇ ਕਰਨ ਦੀ ਹੀ ਜ਼ਰੂਰਤ ਸਮਝਦੇ ਹਨ। ਜੇ 'ਸੈਕਸ ਕਿਉਂ' ਵਿੱਚੋਂ ਪ੍ਰਸ਼ਨ ਚਿੰਨ੍ਹ ਹਟਾ ਦਿੱਤਾ ਜਾਵੇ, ਤਾਂ ਹੋ ਸਕਦਾ ਹੈ ਕਿ ਲੋਕ ਇਸ ਦੇ ਅਰਥ ਨੂੰ ਵਧੀਆ ਢੰਗ ਨਾਲ ਸਮਝ ਲੈਣ। ਸੈਕਸ ਦੀ ਇੱਛਾ ਅਭਿਲਾਸ਼ੀ ਪ੍ਰਕਿਰਿਆ ਹੈ।

ਜਿਵੇਂ ਕਿ ਜਿਨਸੀ ਸੰਬੰਧਾਂ ਬਾਰੇ ਲੋਕਾਂ ਦੀ ਸੋਚ ਬਦਲ ਰਹੀ ਹੈ, ਲੋਕਾਂ ਨੇ ਗੇ ਅਤੇ ਲੈਸਬੀਅਨ ਰਿਸ਼ਤਿਆਂ ਨੂੰ ਵੀ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ।

ਹਾਲ ਹੀ ਵਿਚ, 141 ਮੁਲਕਾਂ ਵਿੱਚ ਕੀਤੇ ਗਏ ਖੋਜ ਤੋਂ ਇਹ ਸੰਕੇਤ ਮਿਲਦਾ ਹੈ ਕਿ ਐਲਜੀਬੀਟੀ ਕਮਿਊਨਿਟੀ ਦੀ 1981 ਤੋਂ 2014 ਤੱਕ ਪ੍ਰਵਾਨਗੀ ਦੀ ਦਰ ਵਿਚ 57 ਪ੍ਰਤਿਸ਼ਤ ਵਾਧਾ ਹੋਇਆ ਹੈ। ਇਸ ਨੇ ਮੀਡੀਆ, ਡਾਕਟਰੀ ਸਹਾਇਤਾ ਅਤੇ ਮਨੋਵਿਗਿਆਨਕ ਸੰਸਥਾਵਾਂ ਦੀ ਸਕਾਰਾਤਮਕ ਭੂਮਿਕਾ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ।

ਇਸ ਤੋਂ ਇਲਾਵਾ, ਅੱਜ ਪੋਰਨ ਵੇਖਣ ਦਾ ਰੁਝਾਨ ਜਿੰਨਾ ਵੱਧ ਚੁੱਕਾ ਹੈ, ਉਸ ਤੋਂ ਇਹ ਸਪੱਸ਼ਟ ਹੈ ਕਿ ਲੋਕਾਂ ਵਿੱਚ ਜਿਨਸੀ ਭੁੱਖ ਕਿੰਨੀ ਹੈ। ਪੋਰਨ ਦੇਖਣ ਨਾਲ ਕੁਝ ਮਿਲੇ ਨਾ ਮਿਲੇ, ਪਰ ਸੈਕਸ ਦੀ ਇੱਛਾ ਸ਼ਾਂਤ ਹੋ ਜਾਂਦੀ ਹੈ।

ਇਹ ਵੀ ਪੜ੍ਹੋ:

ਸੈਕਸ ਵੀ ਬਦਲ ਜਾਵੇਗਾ

ਇੱਥੋਂ ਤੱਕ ਕਿ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਭਵਿੱਖ ਵਿੱਚ ਸੈਕਸ ਹੋਰ ਵੀ ਡਿਜੀਟਲ ਅਤੇ ਸਿੰਥੈਟਿਕ ਹੋ ਜਾਵੇਗਾ। ਇਹ ਹੀ ਨਹੀਂ, ਭਵਿੱਖ ਵਿੱਚ, ਸੈਕਸ ਦੇ ਹੋਰ ਨਵੇਂ ਤਰੀਕੇ ਸਾਮਨੇ ਆ ਸਕਦੇ ਹਨ।

ਹੁਣ ਤੱਕ ਟੈਸਟ ਟਿਊਬ ਅਤੇ ਆਈਵੀਐਫ ਨੂੰ ਇਹੋ ਲੋਕ ਅਪਣਾ ਰਹੇ ਹਨ, ਜੋ ਕਿਸੇ ਕੁਦਰਤੀ ਤਰੀਕੇ ਨਾਲ ਬੱਚੇ ਪੈਦਾ ਨਹੀਂ ਕਰ ਸਕਦੇ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹਰ ਕੋਈ ਇਸ ਤਕਨੀਕ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਵੇ।

ਬੱਚੇ ਪੈਦਾ ਕਰਨ ਲਈ, ਔਰਤ ਅਤੇ ਮਰਦ ਦੇ ਆਂਡੇ ਮਿਲਣਾ ਮਹੱਤਵਪੂਰਨ ਹੈ। ਪਰ ਗੇ ਅਤੇ ਲੈਸਬੀਅਨ ਦੇ ਸੰਬੰਧ 'ਚ ਇਹ ਸੰਭਵ ਨਹੀਂ ਹੈ। ਇਸ ਲਈ, ਅਜਿਹੇ ਲੋਕ ਬੱਚੇ ਦੀ ਇੱਛਾ ਨੂੰ ਪੂਰਾ ਕਰਨ ਲਈ ਇਸ ਤਕਨੀਕ ਦੀ ਵਰਤੋਂ ਰਹੇ ਹਨ। ਬਾਲੀਵੁੱਡ ਵਿੱਚ ਇਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ।

ਕਮੀਟਮੈਂਟ ਅਤੇ ਵਿਆਹ ਵਰਗੇ ਰਿਸ਼ਤਿਆਂ ਨੂੰ ਲੈ ਕੇ ਬਹੁਤ ਨਵੀਆਂ ਚਾਜ਼ਾਂ ਸਾਮਨੇ ਆਈਆਂ ਹਨ। ਬਿਮਾਰੀਆਂ 'ਤੇ ਰੋਕ ਲੱਗਣ ਤੋਂ ਬਾਅਦ ਮਨੁੱਖ ਦੀ ਉਮਰ ਵੀ ਵੱਧ ਗਈ ਹੈ।

1960 ਤੋਂ 2017 ਤੱਕ ਮਨੁੱਖ ਦੀ ਔਸਤ ਉਮਰ 20 ਸਾਲ ਵੱਧ ਚੁਕੀ ਹੈ। ਇੱਕ ਅੰਦਾਜ਼ੇ ਦੇ ਮੁਤਾਬਕ 2040 ਤੱਕ ਇਸ ਵਿੱਚ 4 ਸਾਲ ਦਾ ਹੋਰ ਵਾਧਾ ਹੋਵੇਗਾ। ਅਮਰੀਕੀ ਜੀਵ ਵਿਗਿਆਨੀ ਸਟੀਵਨ ਆਸਟਾਡ ਦੇ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਮਨੁੱਖ 150 ਸਾਲ ਜੀਅ ਸਕਦਾ ਹੈ। ਇੰਨੀ ਲੰਮੀ ਜ਼ਿੰਦਗੀ ਵਿੱਚ ਇੱਕ ਸੈਕਸ ਪਾਟਨਰ ਨਾਲ ਗੁਜ਼ਾਰਾ ਵੀ ਔਖਾ ਹੈ।

ਇਸ ਲਈ ਉਹ ਸਮੇਂ-ਸਮੇਂ 'ਤੇ ਆਪਣਾ ਸੈਕਸ ਪਾਟਨਰ ਬਦਲਦਾ ਰਹੇਗਾ। ਇਸ ਦੀ ਸ਼ੁਰੂਆਤ ਹੋ ਚੁੱਕੀ ਹੈ। ਵੱਡੇ ਸ਼ਹਿਰਾਂ ਵਿੱਚ ਇਸ ਦੀ ਉਦਹਾਰਣ ਵੇਖਣ ਨੂੰ ਮਿਲਦੀ ਹੈ।

2013 ਦੇ ਸਰਵੇ ਦੇ ਮੁਤਾਬਕ ਅਮਰੀਕਾ ਵਿੱਚ ਹਰ ਦੱਸ ਵਿੱਚੋਂ ਚੌਥੇ ਜੋੜੇ ਦੀ ਦੂਜੀ ਜਾਂ ਤੀਜਾ ਵਿਆਹ ਹੁੰਦਾ ਹੈ। ਆਉਣ ਵਾਲੇ ਸਮੇਂ ਵਿੱਚ ਕਮਿਟਮੈਂਟ ਅਤੇ ਵਿਆਹ ਹੋਏ ਲੋਕਾਂ ਦੀ ਜਿੰਦਗੀ ਨੂੰ ਲੈ ਕੇ ਕਈ ਨਵੀਆਂ ਗੱਲਾਂ ਸਾਹਮਣੇ ਆਈਆਂ ਹਨ।

ਕੁਦਰਤ ਆਪਣੇ ਮੁਤਾਬਕ ਮਨੁੱਖ ਨੂੰ ਬਦਲਦਾ ਹੈ। ਹੁਣ ਜ਼ਰੂਰਤ ਹੈ ਅਸੀਂ ਆਪਣੀ ਸੋਚ ਵਿੱਚ ਬਦਲਾਅ ਲਿਆਈਏ।

ਸੈਕਸ ਤੇ ਸੈਕਸ਼ੂਅਲ ਪਸੰਦ ਨੂੰ ਲੈ ਕੇ ਸਾਨੂੰ ਆਪਣੇ ਵਿਚਾਰ ਬਦਲਣੇ ਚਾਹੀਦੇ ਹਨ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)