ਦਰਗਾਹ ਦੇ ਲੰਗਰ ਨਾਲ ਭੁੱਖ ਮਿਟਾਉਣ ਲਈ ਜੋ ਸਾਲਾਂ ਤੱਕ ਰਿਹਾ ਮਜਬੂਰ, ਉਹ ਨਿਕਲਿਆ ਲੱਖਪਤੀ

ਸ਼ਾਹਜ਼ੇਬ

ਤਸਵੀਰ ਸਰੋਤ, asif ali

    • ਲੇਖਕ, ਆਸਿਫ਼ ਅਲੀ
    • ਰੋਲ, ਦੇਹਰਾਦੂਨ ਤੋਂ ਬੀਬੀਸੀ ਲਈ

ਜਦੋਂ ਸ਼ਾਹਜ਼ੇਬ ਦੀ ਉਮਰ ਕਿਤਾਬਾਂ ਨਾਲ ਦੋਸਤੀ ਕਰਨ ਦੀ ਸੀ ਤਾਂ ਬਦਕਿਸਮਤੀ ਨਾਲ ਉਹ ਉੱਤਰਾਖੰਡ ਦੇ 'ਪੀਰਾਨ ਕਲਿਆਰ ਸ਼ਰੀਫ' ਵਿੱਚ ਮੌਜੂਦ ਦਰਗਾਹ ਵਿੱਚ ਅਨਾਥ ਦਾ ਜੀਵਨ ਬਤੀਤ ਕਰਦਾ ਹੋਇਆ ਭਟਕ ਰਿਹਾ ਸੀ।

ਪਰ ਸਮੇਂ ਨੇ ਮੋੜ ਲਿਆ, ਕਿਸਮਤ ਦੇ ਸਿਤਾਰੇ ਚਮਕੇ ਅਤੇ ਦਰਗਾਹ ਦੇ ਲੰਗਰ ਨਾਲ ਆਪਣੀ ਭੁੱਖ ਮਿਟਾਉਣ ਵਾਲਾ ਯਤੀਮ ਸ਼ਾਹਜ਼ੇਬ ਲੱਖਾਂ ਦੀ ਦੌਲਤ ਦਾ ਵਾਰਸ ਬਣ ਗਿਆ।

ਸ਼ਾਹਜ਼ੇਬ ਦੀ ਇਹ ਕਹਾਣੀ ਜੋ ਕਿ ਕਾਲਪਨਿਕ ਜਾਪਦੀ ਹੈ, ਹਕੀਕਤ ਹੈ।

ਕਿਸਮਤ ਦੇ ਅਜਿਹੇ ਚਮਤਕਾਰ ਦੀ ਚਰਚਾ ਪੂਰੀ ਦੁਨੀਆਂ ਦੇ ਨਾਲ-ਨਾਲ ਪ੍ਰਸਿੱਧ ਦਰਗਾਹ 'ਪੀਰਾਨ ਕਲਿਆਰ' ਵਿੱਚ ਵੀ ਹੋ ਰਹੀ ਹੈ।

ਇੱਥੇ ਇੱਕ ਅਨਾਥ ਬੱਚੇ ਨੂੰ ਨਾ ਸਿਰਫ਼ ਆਪਣਾ ਗੁਆਚਿਆ ਹੋਇਆ ਪਰਿਵਾਰ ਮਿਲਿਆ, ਸਗੋਂ ਉਹ ਹੁਣ ਲੱਖਾਂ ਦੀ ਜਾਇਦਾਦ ਦਾ ਵਾਰਸ ਵੀ ਹੈ।

ਸ਼ਾਹਜ਼ੇਬ

ਤਸਵੀਰ ਸਰੋਤ, ASIF ALI/BBC

ਤਸਵੀਰ ਕੈਪਸ਼ਨ, ਆਪਣੇ ਪਰਿਵਾਰ ਨਾਲ ਸ਼ਾਹਜ਼ੇਬ

ਮਾਂ-ਪਿਓ ਦੇ ਝਗੜੇ ਨੇ ਬਦਲੀ ਸ਼ਾਹਜ਼ੇਬ ਦੀ ਜ਼ਿੰਦਗੀ

ਜਦੋਂ ਸ਼ਾਹਜ਼ੇਬ ਕਰੀਬ 8 ਸਾਲ ਦਾ ਸੀ ਤਾਂ ਉਨ੍ਹਾਂ ਦੀ ਜ਼ਿੰਦਗੀ ਕੁਝ ਹੋਰ ਸੀ। ਉਹ ਬੜੇ ਲਾਡਾਂ ਵਿੱਚ ਪਲਿਆ ਸੀ।

ਉਦੋਂ ਉਹ ਆਪਣੀ ਇਮਰਾਨਾ ਬੇਗ਼ਮ ਅਤੇ ਪਿਤਾ ਮੁਹੰਮਦ ਨਾਵੇਦ ਦੇ ਨਾਲ ਜ਼ਿਲ੍ਹਾ ਸਹਾਰਨਪੁਰ ਦੀ ਤਹਿਸੀਲ 'ਦੇਵਬੰਦ' ਦੇ ਬਲਾਕ 'ਨਾਗਲ' ਦੇ ਪੰਡੋਲੀ ਪਿੰਡ ਵਿੱਚ ਰਹਿੰਦਾ ਸੀ।

ਪਰ ਕਿਸਮਤ ਨੂੰ ਜਿਵੇਂ ਕੁਝ ਹੋਰ ਹੀ ਮਨਜ਼ੂਰ ਸੀ। ਸਾਲ 2019 ਵਿੱਚ ਉਹ ਦਿਨ ਆਇਆ ਜਦੋਂ ਉਨ੍ਹਾਂ ਦੀ ਮਾਂ ਇਮਰਾਨਾ ਬੇਗ਼ਮ ਦਾ ਆਪਣੇ ਪਤੀ ਨਾਵੇਦ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ।

ਸ਼ਾਹਜ਼ੇਬ ਮਾਂ ਨਾਲ

ਤਸਵੀਰ ਸਰੋਤ, ASIF ALI/BBC

ਤਸਵੀਰ ਕੈਪਸ਼ਨ, ਕੋਰੋਨਾ ਦੀ ਦੂਜੀ ਲਹਿਰ ਵਿੱਚ ਮਾਂ ਇਮਰਾਨਾ ਦਾ ਸਾਇਆ ਵੀ ਉੱਠ ਗਿਆ ਸੀ

ਉਸ ਤੋਂ ਬਾਅਦ ਇਮਰਾਨਾ ਬੇਟੇ ਸ਼ਾਹਜ਼ੇਬ ਨੂੰ ਲੈ ਕੇ ਸਹੁਰੇ ਘਰੋਂ ਆਪਣੇ ਪੇਕੇ ਯਮੁਨਾਨਗਰ (ਹਰਿਆਣਾ) ਚਲੀ ਗਈ। ਸ਼ਾਹਜ਼ੇਬ ਦੇ ਪਿਤਾ ਨਾਵੇਦ ਸਾਲ 2015 ਤੋਂ ਪੈਰਾਲਿਸਿਸ ਨਾਲ ਜੂਝ ਰਹੇ ਸਨ।

ਜਿਸ ਵੇਲੇ ਪਤਨੀ ਅਤੇ ਬੇਟਾ ਘਰੋਂ ਜਾ ਰਹੇ ਸਨ, ਉਸ ਵੇਲੇ ਵੀ ਨਾਵੇਦ ਬਿਸਤਰ 'ਤੇ ਸਨ। ਉਨ੍ਹਾਂ ਨੂੰ ਪਤਨੀ ਅਤੇ ਬੇਟੇ ਦਾ ਘਰੋਂ ਜਾਣ ਦਾ ਦੁੱਖ ਸੀ।

ਨਾਵੇਦ ਨੇ ਇਮਰਾਨਾ ਨੂੰ ਘਰ ਵਾਪਸ ਬੁਲਾਉਣ ਕੀ ਕੋਸ਼ਿਸ਼ ਵੀ ਕੀਤੀ ਪਰ ਇਮਰਾਨਾ ਘਰ ਵਾਪਸ ਆਉਣ ਲਈ ਤਿਆਰ ਨਹੀਂ ਹੋਈ। ਇੰਨਾ ਹੀ ਨਹੀਂ ਕੁਝ ਦਿਨਾਂ ਬਾਅਦ ਇਮਰਾਨਾ ਬੇਗ਼ਮ ਨੇ ਆਪਣਾ ਫੋਨ ਨੰਬਰ ਹੀ ਬਦਲ ਲਿਆ ਸੀ।

ਲਾਈਨ

ਮੁੱਖ ਗੱਲਾਂ

  • ਦਰਗਾਹ ਦੇ ਲੰਗਰ ਤੋਂ ਭੁੱਖ ਮਿਟਾਉਣ ਵਾਲਾ ਯਤੀਮ ਨਿਕਲਿਆ ਲਖਪਤੀ।
  • ਸ਼ਾਹਜ਼ੇਬ ਦੀ ਇਹ ਕਹਾਣੀ ਜੋ ਕਿ ਕਾਲਪਨਿਕ ਜਾਪਦੀ ਹੈ, ਹਕੀਕਤ ਹੈ।
  • ਮਾਂ-ਪਿਉ ਦੇ ਝਗੜੇ ਨੇ ਸ਼ਾਹਜ਼ੇਬ ਦੀ ਜ਼ਿੰਦਗੀ ਬਦਲ ਦਿੱਤੀ ਸੀ।
  • ਜਦੋਂ ਸ਼ਾਹਜ਼ੇਬ ਕਰੀਬ 8 ਸਾਲ ਦਾ ਸੀ ਤਾਂ ਉਨ੍ਹਾਂ ਦੀ ਜ਼ਿੰਦਗੀ ਕੁਝ ਹੋਰ ਸੀ।
  • ਸਾਲ 2019 ਵਿੱਚ ਸ਼ਾਹਜ਼ੇਬ ਦੀ ਮਾਂ ਉਸ ਨੂੰ ਲੈ ਕੇ ਘਰੋਂ ਚਲੀ ਗਈ ਸੀ।
  • ਸ਼ਾਹਜ਼ੇਬ ਦੇ ਪਿਤਾ ਨਾਵੇਦ ਸਾਲ 2015 ਤੋਂ ਪੈਰਾਲਿਸਿਸ ਨਾਲ ਜੂਝ ਰਹੇ ਸਨ।
  • ਮਾਂ ਦਰਗਾਹ ਵਿੱਚ ਝਾੜੂ-ਪੋਚਾ ਕਰਕੇ ਆਪਣਾ ਗੁਜ਼ਾਰਾ ਕਰਦੀ ਸੀ।
  • ਕੋਰੋਨਾ ਦੀ ਦੂਜੀ ਲਹਿਰ ਵਿੱਚ ਸ਼ਾਹਜ਼ੇਬ ਦੀ ਮਾਂ ਦੀ ਮੌਤ ਹੋ ਗਈ ਸੀ।
  • ਉਸ ਤੋਂ ਬਾਅਦ ਸ਼ਾਹਜ਼ੇਬ ਨੇ ਚਾਹ ਵਾਲੀ ਦੁਕਾਨ 'ਤੇ ਭਾਂਡੇ ਧੋ ਕੇ ਗੁਜ਼ਾਰਾ ਕੀਤਾ।
  • ਫਿਰ ਇੱਕ ਰਿਸ਼ਤੇਦਾਰ ਨੇ ਸ਼ਾਹਜ਼ੇਬ ਨੂੰ ਪਛਾਣਿਆ ਤੇ ਘਰਦਿਆਂ ਨਾਲ ਮਿਲਵਾਇਆ।
ਲਾਈਨ

ਕੋਰੋਨਾ 'ਚ ਮਾਂ ਨੂੰ ਗੁਆਇਆ

ਦਿਨ, ਮਹੀਨਾ ਅਤੇ ਸਾਲ ਲੰਘ ਰਿਹਾ ਸੀ। ਇਸ ਦੌਰਾਨ ਇਮਰਾਨਾ ਆਪਣੇ ਬੇਟੇ ਸ਼ਾਹਜ਼ੇਬ ਨਾਲ ਆਪਣੇ ਪੇਕੇ ਯਮੁਨਾਨਗਰ ਵਾਲੇ ਘਰ ਨੂੰ ਵੀ ਛੱਡ ਕੇ ਉੱਤਰਾਖੰਡ ਦੇ ਜ਼ਿਲ੍ਹਾ ਹਰਿਦੁਆਰ ਦੇ ਪਿਰਾਨ ਕਲਿਆਰ ਵਿੱਚ ਆ ਕੇ ਰਹਿਣ ਲੱਗ ਗਈ।

ਇਮਰਾਨਾ ਬੇਗ਼ਮ ਨੇ 'ਪਿਰਾਨ ਕਲਿਆਰ' ਵਿੱਚ ਰਹਿਣ ਲਈ 1500 ਪ੍ਰਤੀ ਮਹੀਨੇ 'ਤੇ ਕਮਰਾ ਵੀ ਕਿਰਾਏ 'ਤੇ ਲਿਆ ਹੋਇਆ ਸੀ।

ਉੱਥੇ ਉਹ ਦਰਗਾਹ ਵਿੱਚ ਝਾੜੂ-ਪੋਚਾ ਕਰਕੇ ਆਪਣਾ ਗੁਜ਼ਾਰਾ ਕਰਦੀ ਸੀ।

ਕੁਝ ਸਮਾਂ ਲੰਘਣ ਤੋਂ ਬਾਅਦ ਉਹ ਦੌਰ ਆਇਆ ਜਦੋਂ ਦੇਸ਼ ਵਿੱਚ ਕੋਰੋਨਾ ਮਹਾਮਾਰੀ ਦਾ ਹਾਹਾਕਾਰ ਮਚ ਗਿਆ।

ਸ਼ਾਹਜ਼ੇਬ ਦੱਸਦੇ ਹਨ ਕਿ ਕੋਰੋਨਾ ਦੀ ਦੂਜੀ ਲਹਿਰ ਵਿੱਚ ਉਨ੍ਹਾਂ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਤੂਫ਼ਾਨ ਆਇਆ ਅਤੇ ਉਨ੍ਹਾਂ ਦੇ ਸਿਰੋਂ ਮਾਂ ਇਮਰਾਨਾ ਦਾ ਸਾਇਆ ਉੱਠ ਗਿਆ।

ਅੱਜ ਘਰ ਵਿੱਚ ਮਖਮਲੀ ਸੋਫੇ 'ਤੇ ਆਰਾਮ ਨਾਲ ਬੈਠੇ ਸ਼ਾਹਜ਼ੇਬ ਦੱਸਦੇ ਹਨ, "ਅੰਮੀ ਦੀ ਮੌਤ ਦੇ ਅਖ਼ੀਰਲੇ ਵੇਲੇ ਮੈਂ ਉਨ੍ਹਾਂ ਕੋਲ ਹੀ ਸੀ।"

ਸ਼ਾਹਜ਼ੇਬ ਆਪਣੇ ਰਿਸ਼ਤੇਦਾਰ ਨਾਲ

ਤਸਵੀਰ ਸਰੋਤ, ASIF ALI

ਤਸਵੀਰ ਕੈਪਸ਼ਨ, ਸ਼ਾਹਜ਼ੇਬ ਦਾ ਰਿਸ਼ਤੇਦਾਰ ਮੁਬੀਨ, ਜਿਨ੍ਹਾਂ ਨੇ ਇਸ ਦੀ ਪਛਾਣ 'ਪਿਰਾਨ ਕਲਿਆਰ' ਦਰਗਾਹ 'ਤੇ ਕੀਤੀ

ਚਾਹ ਵਾਲੀ ਦੁਕਾਨ 'ਤੇ ਭਾਂਡੇ ਧੋ ਕੇ ਕੀਤਾ ਗੁਜ਼ਾਰਾ

ਸ਼ਾਹਜ਼ੇਬ ਮੁਤਾਬਕ ਦਰਗਾਹ ਵਿੱਚ ਆਉਣ ਕਰਕੇ ਕੁਝ ਲੋਕਾਂ ਨੇ ਉਨ੍ਹਾਂ ਦਾ ਮਾਂ ਅੰਤਿਮ ਸੰਸਕਾਰ ਕੀਤਾ।

ਸ਼ਾਹਜ਼ੇਬ ਮੁਤਾਬਕ, "ਮੈਂ ਬਹੁਤ ਰੋਂਦਾ ਹੁੰਦਾ ਸੀ। ਜਦੋਂ ਮੈਨੂੰ ਭੁੱਖ ਲੱਗਦੀ ਸੀ ਤਾਂ ਦਰਗਾਹ ਵਿੱਚ ਵੰਡਣ ਵਾਲੇ ਲੰਗਰ ਖਾ ਲੈਂਦਾ ਸੀ। ਕਦੇ-ਕਦੇ ਤਾਂ ਭੁੱਖਾ ਹੀ ਸੌਣਾ ਪੈਂਦਾ ਸੀ।"

ਅਣਜਾਣ ਸ਼ਹਿਰ, ਕੋਈ ਹਮਦਰਦ ਨਹੀਂ, ਸਿਰ 'ਤੇ ਆਸਰਾ ਨਹੀਂ। ਛੋਟਾ ਜਿਹਾ ਸ਼ਾਹਜ਼ੇਬ ਹੁਣ ਬਿਲਕੁਲ ਇਕੱਲਾ ਦਰਗਾਹ ਦੀ ਕੱਚੀਆਂ-ਪੱਕੀਆਂ ਗਲੀਆਂ ਵਿੱਚ ਭਟਕਣ ਲੱਗਾ ਸੀ।

ਇੱਥੋਂ ਹੀ ਉਨ੍ਹਾਂ ਦੇ ਸੰਘਰਸ਼ ਦੇ ਦਿਨ ਸ਼ੁਰੂ ਹੋਏ। ਭੁੱਖ ਮਿਟਾਉਣ ਲਈ ਸ਼ਾਹਜ਼ੇਬ ਨੇੜਲੀ ਚਾਹ ਦੀ ਦੁਕਾਨ 'ਤੇ ਕੰਮ ਕਰਨ ਲੱਗਾ।

ਗਾਹਕਾਂ ਲਈ ਉਹ ਛੋਟੂ ਬਣ ਗਿਆ, ਉਹ ਚਾਹ ਦਿੰਦਾ ਅਤੇ ਜੂਠੇ ਗਿਲਾਸ ਧੋਂਦਾ।

ਸ਼ਾਹਜ਼ੇਬ ਨੂੰ ਦੁਕਾਨ 'ਤੇ ਆਉਣ ਵਾਲੇ ਕੁਝ ਲੋਕਾਂ ਦਾ ਮਾੜਾ ਵਤੀਰਾ ਵੀ ਝੱਲਣਾ ਪਿਆ। ਉਸ ਨੂੰ ਰੋਜ਼ 150 ਰੁਪਏ ਮਿਲਦੇ ਸਨ। ਇਨ੍ਹਾਂ ਵਿੱਚੋਂ ਤੀਹ ਰੁਪਏ ਦੀ ਰਜਾਈ ਕਿਰਾਏ 'ਤੇ ਲੈਣੀ ਪੈਂਦੀ ਸੀ।

 150 ਵਿੱਚੋਂ ਕਦੇ-ਕਦੇ ਕੁਝ ਪੈਸੇ ਬਚਾ ਕੇ ਸ਼ਾਹਜ਼ੇਬ ਦਰਗਾਹ ਦੇ ਖ਼ਾਦਿਮ (ਸੇਵਕ) ਕੋਲ ਜਮ੍ਹਾਂ ਕਰਵਾ ਦਿੰਦਾ ਸੀ।

ਸ਼ਾਹਜ਼ੇਬ ਮੁਤਾਬਕ ਅਜੇ ਵੀ ਦਰਗਾਹ ਦੇ ਖ਼ਾਦਿਮ ਕੋਲ ਉਸ ਦੇ ਜਮ੍ਹਾਂ ਕੀਤੇ 600 ਰੁਪਏ ਪਏ ਹਨ।

ਸ਼ਾਹਜ਼ੇਬ ਕਹਿੰਦੇ ਹਨ, "ਜਦੋਂ ਕਦੇ ਮੈਂ ਦੂਜੇ ਬੱਚਿਆਂ ਨੂੰ ਖੇਡਦੇ ਦੇਖਦਾ ਸੀ ਤਾਂ ਮੇਰਾ ਮਨ ਵੀ ਖੇਡਣ ਦਾ ਕਰਦਾ ਸੀ।"

"ਜਦੋਂ ਬੱਚੇ ਸਕੂਲ ਜਾਂਦੇ ਤਾਂ ਮੈਂ ਸੋਚਦਾ ਸੀ ਜੇਕਰ ਮੇਰੀ ਅੰਮੀ-ਪਾਪਾ ਜਾਂ ਦਾਦਾ ਹੁੰਦੇ ਤਾਂ ਮੈਂ ਸਕੂਲ ਪੜ੍ਹਨ ਜਾਂਦਾ।"

ਲਾਈਨ

ਇਹ ਵੀ ਪੜ੍ਹੋ-

ਲਾਈਨ

ਕਿਵੇਂ ਬਦਲੀ ਸ਼ਾਹਜ਼ੇਬ ਦੀ ਜ਼ਿੰਦਗੀ

ਇੱਕ ਦਿਨ ਸ਼ਾਹਜ਼ੇਬ ਦੇ ਦੂਰ ਦੇ ਰਿਸ਼ਤੇ ਦੇ ਫੂਫਾ (ਫੁੱਫੜ) ਮੁਬੀਨ ਅਲੀ 'ਪਿਰਾਨ ਕਲਿਆਰ' ਆਪਣੀ ਭੈਣ ਵਾਜ਼ਿਦਾ ਨੂੰ ਮਿਲਣ ਪਹੁੰਚੇ। ਇੱਥੇ ਸੰਜੋਗ ਨਾਲ ਸ਼ਾਹਜ਼ੇਬ ਨਜ਼ਰ ਆਏ ਜੋ ਅਕਸਰ ਵਾਜ਼ਿਦਾ ਦੇ ਬੇਟੇ ਸ਼ਾਹਜ਼ੇਬ ਕੋਲ ਖੇਡਣ ਆਉਂਦਾ ਹੁੰਦਾ ਸੀ।

ਮੁਬੀਨ ਦੀ ਨਜ਼ਰ ਸ਼ਾਹਜ਼ੇਬ 'ਤੇ ਪਈ ਤਾਂ ਉਨ੍ਹਾਂ ਨੇ ਸ਼ਾਹਜ਼ੇਬ ਨੂੰ ਪੁੱਛਿਆ, "ਤੁਹਾਡਾ ਨਾਮ ਕੀ ਹੈ? ਕਿੱਥੋਂ ਦੇ ਰਹਿਣ ਵਾਲੇ ਹੋ?"

ਸ਼ਾਹਜ਼ੇਬ ਨੇ ਦੱਸਿਆ, "ਮੇਰਾ ਨਾਮ ਸ਼ਾਹਜ਼ੇਬ ਹੈ ਅਤੇ ਮੈਂ ਸਹਾਰਨਪੁਰ ਘੰਟਾਘਰ ਦਾ ਰਹਿਣ ਵਾਲਾ ਹਾਂ।"

ਮੁਬੀਨ ਨੇ ਫਿਰ ਪਿਤਾ ਦਾ ਨਾਮ ਪੁੱਛਿਆ ਤਾਂ ਸ਼ਾਹਜ਼ੇਬ ਬੋਲੇ, 'ਪਾਪਾ ਦਾ ਨਾਮ ਨਾਵੇਦ ਹੈ।"

ਮੁਬੀਨ ਨੇ ਪੁੱਛਿਆ, "ਕੀ ਤੁਹਾਡੇ ਦਾਦਾ ਦਾ ਨਾਮ ਯਾਕੂਬ ਸੀ?"

ਸ਼ਾਹਜ਼ੇਬ ਨੇ ਜਵਾਬ ਦਿੱਤਾ, "ਹਾਂ।"

ਮੁਬੀਨ ਨੇ ਫਿਰ ਪੁੱਛਿਆ, "ਯਾਕੂਬ ਤੋਂ ਇਲਾਵਾ ਹੋਰ ਕਿਸ ਨੂੰ ਜਾਣਦੇ ਹੋ?"

ਸ਼ਾਹਜ਼ੇਬ ਬੋਲਿਆ, "ਛੋਟੇ ਦਾਦਾ ਸ਼ਾਹਆਲਮ, ਚਾਚਾ ਰਿਆਜ਼ ਅਤੇ ਫੁਫੀ ਹਿਨਾ ਨੂੰ ਜਾਣਦਾ ਹਾਂ।"

ਸਾਰੇ ਸਵਾਲਾਂ ਦੇ ਜਵਾਬ ਮਿਲਣ ਤੋਂ ਬਾਅਦ ਮੁਬੀਨ ਨੇ ਹੈਰਾਨੀ ਨਾਲ ਕਿਹਾ, "ਅਰੇ, ਤੂੰ ਤਾਂ ਸਾਡਾ ਹੀ ਬੱਚਾ ਐ।"

ਇਸ ਤੋਂ ਬਾਅਦ ਮੁਬੀਨ ਨੇ ਆਪਣਾ ਫੋਨ ਕੱਢਿਆ ਅਤੇ ਫੋਨ ਵਿੱਚ ਮੌਜੂਦ ਸ਼ਾਹਜ਼ੇਬ ਨੂੰ ਉਸ ਦੇ ਚਾਰ ਸਾਲ ਦੀ ਉਮਰ ਵਾਲੀ ਫੋਟੋ ਦਿਖਾਈ।

ਫੋਟੋ ਦੇਖ ਸ਼ਾਹਜ਼ੇਬ ਬੋਲਿਆ, "ਇਹ ਤਾਂ ਮੇਰੀ ਤਸਵੀਰ ਹੈ।"

ਇਸ ਤੋਂ ਬਾਅਦ ਮੁਬੀਨ ਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸਹਾਰਨਪੁਰ ਵਿੱਚ ਰਹਿਣ ਵਾਲੇ ਮੁਹੰਮਦ ਸ਼ਾਹਆਲਮ ਅਤੇ ਪਰਿਵਾਰ ਨੂੰ ਫੋਨ ਕਰਕੇ ਪੂਰੀ ਗੱਲ ਦੱਸੀ।

ਅਗਲੇ ਦਿਨ ਸ਼ਾਹਜ਼ੇਬ ਨੇ ਰਿਸ਼ਤੇ ਵਿੱਚ ਲੱਗਦੇ ਚਾਚਾ ਨਵਾਜ਼ ਆਲਮ ਪਿਰਾਨ ਕਲਿਆਰ ਪਹੁੰਚੇ ਅਤੇ ਆਪਣੇ ਖ਼ਾਨਦਾਨ ਦੇ ਗੁਆਚੇ ਚਿਰਾਗ ਸ਼ਾਹਜ਼ੇਬ ਨੂੰ ਨਾਲ ਲੈ ਕੇ ਉਨ੍ਹਾਂ ਦੇ ਅਸਲੀ ਘਰ ਪਰਿਵਾਰ ਵਿੱਚ ਸ਼ਾਮਿਲ ਕਰਵਾਇਆ।

ਯਤੀਮ ਸ਼ਾਹਜ਼ੇਬ ਤਾਂ ਲਖਪਤੀ ਨਿਕਲਿਆ!

ਇਸ ਕਹਾਣੀ ਨੂੰ ਕਰੀਬ ਤੋਂ ਜਾਨਣ ਲਈ ਅਸੀਂ ਹਰਿਦੁਆਰ ਜ਼ਿਲ੍ਹੇ ਦੇ ਪਿਰਾਨ ਕਲਿਆਰ ਵਿੱਚ ਮੌਜੂਦ ਸਾਬਿਰ ਸਾਹਿਬ ਦੀ ਦਰਗਾਹ ਪਹੁੰਚੇ।

ਇਸੇ ਹੀ ਦਰਗਾਹ ਦੇ ਨੇੜੇ ਸ਼ਾਹਜ਼ੇਬ ਨੇ ਪਿਛਲੇ ਤਿੰਨ ਸਾਲ ਗੁਜ਼ਾਰੇ ਸਨ। ਇੱਥੇ ਸਾਡੀ ਮੁਲਾਕਾਤ ਮੁਨੱਵਰ ਅਲੀ ਨਾਲ ਹੋਈ।

ਮੁਨੱਵਰ ਅਲੀ ਅਤੇ ਉਨ੍ਹਾਂ ਦਾ ਪਰਿਵਾਰ ਦਰਗਾਹ ਦੇ ਠੀਕ ਸਾਹਮਣੇ ਰਹਿੰਦਾ ਹੈ।

ਮੁਨੱਵਰ ਅਲੀ ਨੇ ਸਾਨੂੰ ਦਰਗਾਹ ਦੇ ਨੇੜੇ ਦੀਆਂ ਉਹ ਸਾਰੀਆਂ ਥਾਵਾਂ ਦਿਖਾਈਆਂ, ਜਿੱਥੇ ਸ਼ਾਹਜ਼ੇਬ ਨੇ ਗੁਰਬਤ ਦੇ ਦਿਨ ਬਸਰ ਕੀਤੇ ਅਤੇ ਇਕੱਲੇਪਣ ਦੀ ਜ਼ਿੰਦਗੀ ਬਿਤਾਈ ਸੀ।

ਗੱਲਬਾਤ ਦੌਰਾਨ ਮੁਨੱਵਰ ਅਲੀ ਨੇ ਦੱਸਿਆ ਕਿ ਸ਼ਾਹਜ਼ੇਬ ਉਨ੍ਹਾਂ ਦਾ ਰਿਸ਼ਤੇਦਾਰ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਹਜ਼ੇਬ ਇੱਥੇ ਰਿਹਾ ਪਰ ਅਸੀਂ ਉਸ ਨੂੰ ਨਹੀਂ ਪਛਾਣ ਸਕੇ।

ਉਹ ਦਰਗਾਹ ਦੇ ਬਾਹਰ ਟੀਨ ਸ਼ੈੱਡ ਹੇਠਾਂ ਰਜਾਈ ਤੇ ਗੱਦਾ ਕਿਰਾਏ 'ਤੇ ਲੈ ਕੇ ਸੌਂਦਾ ਸੀ।

ਸ਼ਾਹਜ਼ੇਬ ਦੇ ਪਿਤਾ

ਤਸਵੀਰ ਸਰੋਤ, ASIF ALI/BBC

ਤਸਵੀਰ ਕੈਪਸ਼ਨ, ਮਾਂ ਦੇ ਘਰ ਛੱਡਣ ਤੋਂ ਕੁਝ ਸਮੇਂ ਬਾਅਦ ਪਿਤਾ ਦੀ ਮੌਤ ਹੋ ਗਈ ਸੀ

ਮੁਨੱਵਰ ਅਲੀ ਨੇ ਦੱਸਿਆ ਕਿ ਸ਼ਾਹਜ਼ੇਬ ਕਦੇ-ਕਦੇ ਸਾਡੇ ਘਰ ਵੀ ਖਾਣਾ ਖਾਣ ਆਉਂਦਾ ਹੁੰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਜਦੋਂ ਠੰਢ ਜ਼ਿਆਦਾ ਹੋਈ ਤਾਂ ਮੈਂ ਸ਼ਾਹਜ਼ੇਬ ਨੂੰ ਕਿਹਾ ਕਿ ਤੂੰ ਸਾਡੇ ਘਰੇ ਸੋ ਜਾਇਆ ਕਰ।

ਸ਼ਾਹਜ਼ੇਬ ਨੂੰ ਘਰ ਵਿੱਚ ਸੁੱਤਿਆ ਅਜੇ ਕੋਈ ਦੋ-ਚਾਰ ਦਿਨ ਹੀ ਗੁਜ਼ਰੇ ਸਨ ਕਿ ਇੱਕ ਦਿਨ ਸਾਡੇ ਰਿਸ਼ਤੇਦਾਰ ਮੁਬੀਨ ਘਰ ਆਏ।

ਮੁਬੀਨ ਨੇ ਸ਼ਾਹਜ਼ੇਬ ਨੂੰ ਦੇਖ ਕੇ ਉਸ ਦੇ ਬਾਰੇ ਪੁੱਛਿਆ, ਤਾਂ ਪਤਾ ਲੱਗਾ ਕਿ ਬੱਚਾ ਤਾਂ ਸਾਡਾ ਹੀ ਰਿਸ਼ਤੇਦਾਰ ਹੈ।

ਉਹ ਉਹੀ ਬੱਚਾ ਨਿਕਲਿਆ ਜਿਸ ਨੂੰ ਅਸੀਂ ਕਈ ਸਾਲਾਂ ਤੋਂ ਲੱਭ ਰਹੇ ਸੀ।

ਮੁਨੱਵਰ ਅਲੀ ਨੇ ਦੱਸਿਆ, "ਭਾਵੇਂ ਸ਼ਾਹਜ਼ੇਬ ਦੀ ਫੋਟੋ ਰਿਸ਼ਤੇਦਾਰਾਂ ਰਾਹੀਂ ਮੇਰੇ ਕੋਲ ਦੋ ਸਾਲ ਪਹਿਲਾਂ ਆਈ ਸੀ ਪਰ ਇਹ ਫੋਟੋ ਉਸ ਦੇ ਬਚਪਨ ਦੀ ਸੀ। ਇਸ ਕਾਰਨ ਅਸੀਂ ਉਸ ਨੂੰ ਪਛਾਣ ਨਹੀਂ ਸਕੇ।"

"ਹੁਣ ਜਦੋਂ ਸਾਨੂੰ ਪਤਾ ਲੱਗਾ ਹੈ ਕਿ ਇਹ ਬੱਚਾ ਸ਼ਾਹਜ਼ੇਬ ਹੈ ਤਾਂ ਅਸੀਂ ਸਹਾਰਨਪੁਰ ਰਹਿੰਦੇ ਆਪਣੇ ਰਿਸ਼ਤੇਦਾਰ ਸ਼ਾਹ ਆਲਮ ਯਾਨਿ ਸ਼ਾਹਜ਼ੇਬ ਦੇ ਦਾਦਾ ਜੀ ਨੂੰ ਸੂਚਿਤ ਕੀਤਾ।"

ਦਰਗਾਹ ਦੇ ਨੇੜੇ ਰਹਿਣ ਵਾਲੇ ਲੋਕਾਂ ਦਾ ਕੀ ਕਹਿਣਾ ਹੈ?

ਸ਼ਾਹਜ਼ੇਬ

ਤਸਵੀਰ ਸਰੋਤ, ASIF ALI/BBC

ਤਸਵੀਰ ਕੈਪਸ਼ਨ, ਸ਼ਾਹਜ਼ੇਬ ਹੁਣ ਆਪਣੇ ਪਰਿਵਾਰ ਨਾਲ ਰਹਿੰਦਾ ਹੈ

'ਪਿਰਾਨ ਕਲਿਆਰ' ਵਿੱਚ ਅਸੀਂ ਉਨ੍ਹਾਂ ਥਾਂਵਾਂ ਦੀ ਤਲਾਸ਼ ਕਰ ਰਹੇ ਸੀ ਜਿੱਥੇ ਕੱਲ੍ਹ ਦੇ ਯਤੀਮ ਅਤੇ ਅੱਜ ਦੇ ਲੱਖਪਤੀ ਸ਼ਾਹਜ਼ੇਬ ਨੇ ਜ਼ਿੰਦਗੀ ਦੀਆਂ ਇਹ ਸਾਰੀਆਂ ਰਾਤਾਂ ਗੁਜ਼ਾਰੀਆਂ ਸਨ।

ਅਸੀਂ ਉੱਥੇ ਪਹੁੰਚ ਗਏ ਜਿੱਥੇ ਸ਼ਾਹਜ਼ੇਬ ਟੀਨ ਦੇ ਸ਼ੈੱਡ ਹੇਠ ਸੌਂਦਾ ਸੀ।

ਇੱਥੇ ਵੱਡੀ ਗਿਣਤੀ ਵਿੱਚ ਲੋਕ ਸ਼ੈੱਡ ਦੇ ਹੇਠਾਂ ਪਏ ਨਜ਼ਰ ਆਏ। ਉਨ੍ਹਾਂ ਵਿੱਚੋਂ ਕੁਝ ਸ਼ਰਧਾਲੂ ਸਨ ਜੋ ਦਰਗਾਹ ਵਿੱਚ ਆਏ ਸਨ, ਜਦਕਿ ਕੁਝ ਉਹ ਸਨ ਜਿਨ੍ਹਾਂ ਕੋਲ ਕੋਈ ਆਸਰਾ ਨਹੀਂ ਸੀ।

ਇੱਥੇ ਅਸੀਂ ਇਸਤਿਖਾਰ ਨਾਂ ਦੇ ਵਿਅਕਤੀ ਨੂੰ ਮਿਲੇ। ਇਸਤਿਖਾਰ ਸ਼ਾਹਜ਼ੇਬ ਨੂੰ ਜਾਣਦਾ ਸੀ।

ਇਸਤਿਖਾਰ ਇੱਥੇ ਚਾਹ ਦੀ ਦੁਕਾਨ ਚਲਾਉਂਦਾ ਹੈ ਅਤੇ ਰਾਤ ਨੂੰ ਸੌਣ ਲਈ ਕਿਰਾਏ 'ਤੇ ਰਜਾਈਆਂ ਅਤੇ ਗੱਦੇ ਵੀ ਦਿੰਦਾ ਹੈ। ਇਸਤਿਖਾਰ ਨੇ ਦੱਸਿਆ ਕਿ ਸ਼ਾਹਜ਼ੇਬ ਸੌਣ ਲਈ ਉਸ ਤੋਂ ਕਿਰਾਏ 'ਤੇ ਰਜਾਈਆਂ ਲੈਂਦਾ ਸੀ।

ਉਨ੍ਹਾਂ ਦੱਸਿਆ ਕਿ ਸ਼ਾਹਜ਼ੇਬ ਇੱਥੇ ਚਾਹ ਵੀ ਪੀਂਦਾ ਸੀ। ਕਈ ਵਾਰ ਸ਼ਾਹਜ਼ੇਬ ਕੋਲ ਰਜਾਈ ਅਤੇ ਗੱਦਾ ਕਿਰਾਏ 'ਤੇ ਲੈਣ ਲਈ ਪੈਸੇ ਨਹੀਂ ਹੁੰਦੇ ਸਨ, ਇਸ ਲਈ ਉਹ ਉਸ ਤੋਂ ਪੈਸੇ ਨਹੀਂ ਲੈਂਦੇ ਸਨ।

ਹੁਣ ਕਿਵੇਂ ਹੈ ਸ਼ਾਹਜ਼ੇਬ ਦੀ ਨਵੀਂ ਜ਼ਿੰਦਗੀ?

ਸ਼ਾਹੇਜ਼ ਆਪਣੇ ਚਾਚਾ ਨਾਲ

ਤਸਵੀਰ ਸਰੋਤ, ASIF ALI/BBC

ਤਸਵੀਰ ਕੈਪਸ਼ਨ, ਸ਼ਾਹਜ਼ੇਬ ਆਪਣੇ ਚਾਚਾ ਨਵਾਜ਼ ਆਲਮ ਨਾਲ

ਵੱਡਾ ਘਰ, ਸਾਰੀਆਂ ਸੁੱਖ-ਸਹੂਲਤਾਂ, ਪੂਰਾ ਪਰਿਵਾਰ। ਅੱਜ ਇਹ ਸਭ ਉਸ ਬੱਚੇ ਕੋਲ ਹੈ ਜੋ ਕਈ ਸਾਲਾਂ ਤੋਂ ਇਨ੍ਹਾਂ ਖੁਸ਼ੀਆਂ ਤੋਂ ਵਾਂਝਾ ਸੀ।

ਹੁਣ ਸ਼ਾਹਜ਼ੇਬ ਜ਼ਿਲ੍ਹਾ ਸਹਾਰਨਪੁਰ ਵਿੱਚ ਆਪਣੇ ਰਿਸ਼ਤੇਦਾਰ ਦੇ ਛੋਟੇ ਦਾਦਾ ਸ਼ਾਹ ਆਲਮ ਦੇ ਘਰ ਰਹਿੰਦਾ ਹੈ ਅਤੇ ਖੁਸ਼ ਨਜ਼ਰ ਆਉਂਦਾ ਹੈ।

ਪਰਿਵਾਰ ਵਿੱਚ ਸ਼ਾਹ ਆਲਮ ਤੋਂ ਇਲਾਵਾ ਸ਼ਾਹਜ਼ੇਬ ਦੀ ਦਾਦੀ ਸ਼ਹਿਨਾਜ਼ ਬੇਗ਼ਮ ਅਤੇ ਚਾਰ ਚਾਚੇ ਫੈਯਾਜ਼ ਆਲਮ, ਰਿਆਜ਼ ਆਲਮ, ਸ਼ਾਹਨਵਾਜ਼ ਆਲਮ ਅਤੇ ਨਵਾਜ਼ ਆਲਮ ਰਹਿੰਦੇ ਹਨ।

ਇਨ੍ਹਾਂ ਸਾਰਿਆਂ ਦੇ ਘਰ ਨੌਂ ਬੱਚੇ ਹਨ, ਜੋ ਰਿਸ਼ਤੇਦਾਰੀ ਵਿੱਚ ਸ਼ਾਹਜ਼ੇਬ ਦੇ ਭੈਣ-ਭਰਾ ਲੱਗਦੇ ਹਨ।

ਸ਼ਾਹਜ਼ੇਬ ਸਣੇ ਘਰ ਵਿੱਚ ਹੁਣ 10 ਬੱਚੇ ਹਨ, ਜਿਨ੍ਹਾਂ ਨਾਲ ਸ਼ਾਹਜ਼ੇਬ ਬਹੁਤ ਖੇਡਦਾ ਹੈ ਅਤੇ ਖੁਸ਼ ਨਜ਼ਰ ਆਉਂਦਾ ਹੈ।

ਸ਼ਾਹਜ਼ੇਬ ਦੇ ਛੋਟੇ ਦਾਦਾ ਸ਼ਾਹ ਆਲਮ ਕੌਣ ਹਨ?

ਸ਼ਾਹਜ਼ੇਬ ਦੀ ਜ਼ਿੰਦਗੀ ਨਾਲ ਅੱਜ ਕਈ ਰਿਸ਼ਤੇ ਜੁੜ ਗਏ ਹਨ। ਮੁਹੰਮਦ ਸ਼ਾਹ ਆਲਮ ਸ਼ਾਹਜ਼ੇਬ ਦੇ ਪਿਤਾ ਮੁਹੰਮਦ ਨਾਵੇਦ ਦੇ ਸਕੇ ਚਾਚਾ ਹਨ। ਇਸੇ ਰਿਸ਼ਤੇ ਕਾਰਨ ਮੁਹੰਮਦ ਸ਼ਾਹ ਆਲਮ ਨੂੰ ਸ਼ਾਹਜ਼ੇਬ ਛੋਟੇ ਦਾਦਾ ਆਖਦਾ ਹੈ।

ਮੁਹੰਮਦ ਸ਼ਾਹ ਆਲਮ ਇਸ ਪਰਿਵਾਰ ਦੇ ਮੁਖੀ ਵੀ ਹਨ।

ਮੁਹੰਮਦ ਸ਼ਾਹ ਆਲਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਮਰਾਨਾ ਅਤੇ ਸ਼ਾਹਜ਼ੇਬ ਦੇ ਘਰੋਂ ਨਿਕਲਣ ਤੋਂ ਕੁਝ ਸਮੇਂ ਬਾਅਦ ਸ਼ਾਹਜ਼ੇਬ ਦੇ ਪਿਤਾ ਨਾਵੇਦ ਦੀ ਮੌਤ ਹੋ ਗਈ ਸੀ।

ਸ਼ਾਹ ਆਲਮ ਨੇ ਦੱਸਿਆ ਕਿ ਜਦੋਂ ਸ਼ਾਹਜ਼ੇਬ ਦੇ ਪਿਤਾ ਨਾਵੇਦ ਗਿਆਰਾਂ ਸਾਲ ਦੇ ਸਨ ਤਾਂ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਨਾਵੇਦ ਨੂੰ ਵੀ ਪਾਲਿਆ।

ਉਸ ਸਮੇਂ ਸ਼ਾਹਜ਼ੇਬ ਦੇ ਰਿਸ਼ਤੇ ਵਿੱਚ ਉਸ ਦੇ ਅਸਲੀ ਵੱਡੇ ਭਰਾ ਅਤੇ ਨਾਵੇਦ ਦੇ ਪਿਤਾ ਮੁਹੰਮਦ ਯਾਕੂਬ, ਜੋ ਕਿ ਸ਼ਾਹਜ਼ੇਬ ਦੇ ਅਸਲੀ ਦਾਦਾ ਜੀ ਸਨ, ਹਿਮਾਚਲ ਪ੍ਰਦੇਸ਼ ਵਿੱਚ ਸਕੂਲ ਅਧਿਆਪਕ ਸਨ।

ਸ਼ਾਹਜ਼ੇਬ

ਤਸਵੀਰ ਸਰੋਤ, ASIF ALI/BBC

ਤਸਵੀਰ ਕੈਪਸ਼ਨ, ਸ਼ਾਹਜ਼ੇਬ ਹੁਣ ਆਪਣੇ 9 ਭੈਣ-ਭਰਾਵਾਂ ਨਾਲ ਰਹਿੰਦਾ ਹੈ

ਸ਼ਾਹਜ਼ੇਬ ਬਾਰੇ ਗੱਲ ਕਰਦਿਆਂ ਮੁਹੰਮਦ ਸ਼ਾਹਆਲਮ ਦਾ ਕਹਿਣਾ ਹੈ ਕਿ ਸ਼ਾਹਜ਼ੇਬ ਦੇ ਦਾਦਾ ਯਾਕੂਬ ਦੀ ਦਿਲੀ ਇੱਛਾ ਸੀ ਕਿ ਉਸ ਦੇ ਗੁਆਚੇ ਪੋਤੇ ਨੂੰ ਉਸ ਦਾ ਹੱਕ ਮਿਲੇ।

ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਨੂੰਹ ਇਮਰਾਨ ਸ਼ਾਹਜ਼ੇਬ ਨਾਲ ਘਰ ਛੱਡ ਕੇ ਚਲੀ ਗਈ ਅਤੇ ਬਾਅਦ 'ਚ ਨਾਵੇਦ ਦੀ ਮੌਤ ਨਾਲ ਯਾਕੂਬ ਨੂੰ ਵੀ ਸਦਮਾ ਲੱਗਾ। ਯਾਕੂਬ ਦੀ ਦੋ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।

ਮੁਹੰਮਦ ਸ਼ਾਹਆਲਮ ਨੇ ਜਾਇਦਾਦ ਦੇ ਕੁਝ ਕਾਗਜ਼ ਦਿਖਾਉਂਦੇ ਹੋਏ ਦੱਸਿਆ ਕਿ ਸ਼ਾਹਜ਼ੇਬ ਦੇ ਪਿਤਾ ਨਾਵੇਦ ਨੇ ਆਪਣੀ ਕੁਝ ਜਾਇਦਾਦ ਜੋੜੀ ਸੀ।

ਜਿਸ ਵਿੱਚ ਕਰੀਬ ਸਾਢੇ ਚਾਰ ਵਿਘੇ ਜ਼ਮੀਨ ਅਤੇ ਸਾਢੇ ਤਿੰਨ ਸੌ ਗਜ ਜ਼ਮੀਨ ਵਿੱਚ ਬਣਿਆ ਮਕਾਨ ਹੈ।

ਇਹ ਜਾਇਦਾਦ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੀ ਦੇਵਬੰਦ ਤਹਿਸੀਲ ਦੇ ਨਾਗਲ ਬਲਾਕ ਦੇ ਪੰਡੋਲੀ ਪਿੰਡ ਵਿੱਚ ਹੈ।

ਸ਼ਾਹ ਆਲਮ ਨੇ ਦੱਸਿਆ ਕਿ ਪਿੰਡ ਪੰਡੋਲੀ ਅਨੁਸਾਰ ਅੱਜ ਇਸ ਜਾਇਦਾਦ ਦੀ ਕੀਮਤ ਪੰਜਾਹ ਲੱਖ ਦੇ ਕਰੀਬ ਹੈ।

ਉਨ੍ਹਾਂ ਕਿਹਾ ਕਿ ਸ਼ਾਹਜ਼ੇਬ ਦੇ ਪਿਤਾ ਨਾਵੇਦ ਇਸ ਦੁਨੀਆ 'ਚ ਨਹੀਂ ਰਹੇ ਅਤੇ ਗੁੰਮ ਹੋਇਆ ਸ਼ਾਹਜ਼ੇਬ ਵੀ ਮਿਲ ਗਿਆ ਹੈ, ਇਸ ਲਈ ਉਨ੍ਹਾਂ ਨੇ ਖੁਦ ਇਹ ਸਾਰੀ ਜਾਇਦਾਦ ਸ਼ਾਹਜ਼ੇਬ ਨੂੰ ਦਿੱਤੀ ਹੈ।

ਦਾਦੀ ਸ਼ਹਿਨਾਜ਼ ਬੇਗ਼ਮ ਹਰ ਇੱਛਾ ਪੂਰੀ ਕਰਨਾ ਚਾਹੁੰਦੀ ਹੈ

ਸ਼ਾਹਜ਼ੇਬ ਦਾਦੀ ਨਾਲ

ਤਸਵੀਰ ਸਰੋਤ, ASIF ALI/BBC

ਤਸਵੀਰ ਕੈਪਸ਼ਨ, ਦਾਦੀ ਸ਼ਹਿਨਾਜ਼ ਹਰ ਖੁਆਇਸ਼ ਪੂਰੀ ਕਰਨਾ ਚਾਹੁੰਦੀ ਹੈ

ਸ਼ਾਹਜ਼ੇਬ ਦੀ ਦਾਦੀ ਸ਼ਹਿਨਾਜ਼ ਬੇਗ਼ਮ ਸਾਲਾਂ ਬਾਅਦ ਸ਼ਾਹਜ਼ੇਬ ਨੂੰ ਮਿਲ ਕੇ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਹਜ਼ੇਬ ਨੂੰ ਮਿਲ ਕੇ ਪੂਰਾ ਪਰਿਵਾਰ ਬਹੁਤ ਖੁਸ਼ ਹੈ।

"ਸ਼ਾਹਜ਼ੇਬ ਜੋ ਵੀ ਕਰਨਾ ਚਾਹੁੰਦਾ ਹੈ, ਅਸੀਂ ਉਸ ਦੀ ਹਰ ਇੱਛਾ ਪੂਰੀ ਕਰਾਂਗੇ। ਜਿੱਥੇ ਉਹ ਪੜ੍ਹਨਾ ਚਾਹੁੰਦਾ ਹੈ, ਉੱਥੇ ਪੜ੍ਹਾਵਾਂਗੇ। ਜੋ ਕੰਮ ਕਰਨਾ ਚਾਹੁੰਦੇ ਹਨ ਉਹ ਕੰਮ ਕਰਾਵਾਂਗੇ। ਬਹੁਤ ਪਿਆਰ ਨਾਲ ਉਸ ਦਾ ਪਾਲਣ-ਪੋਸ਼ਣ ਕਰਾਂਗੇ।"

ਗਿਆਰਾਂ ਸਾਲਾ ਸ਼ਾਹਜ਼ੇਬ ਹੁਣ ਆਪਣੇ ਪਰਿਵਾਰ ਵਿੱਚ ਆ ਕੇ ਬੇਹੱਦ ਖੁਸ਼ ਹੈ। ਉਸ ਦਾ ਕਹਿਣਾ ਹੈ ਕਿ ਉਹ ਵੱਡਾ ਹੋ ਕੇ ਅਨਾਥ ਆਸ਼ਰਮ ਖੋਲ੍ਹਣਾ ਚਾਹੁੰਦਾ ਹੈ।

ਕਾਰਨ ਪੁੱਛਣ 'ਤੇ ਉਹ ਬੜੇ ਆਤਮ ਵਿਸ਼ਵਾਸ ਨਾਲ ਕਹਿੰਦਾ ਹੈ, "ਮੈਂ ਨਹੀਂ ਚਾਹੁੰਦਾ ਕਿ ਜਿਸ ਤਰ੍ਹਾਂ ਮੈਂ ਭਟਕ ਗਿਆ ਸੀ, ਉਸ ਤਰ੍ਹਾਂ ਕੋਈ ਹੋਰ ਬੱਚਾ ਵੀ ਭਟਕਣ ਲਈ ਮਜਬੂਰ ਨਾ ਹੋਵੇ।"

ਸ਼ਾਹਜ਼ੇਬ ਦਾ ਕਹਿਣਾ ਹੈ ਕਿ ਉਹ ਯਤੀਮਾਂ ਦੀ ਮਦਦ ਕਰ ਕੇ ਉਨ੍ਹਾਂ ਨੂੰ ਖੁਸ਼ੀ ਦੇਣਾ ਚਾਹੁੰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)