ਐੱਸਵਾਈਐੱਲ: ਬਲਵਿੰਦਰ ਜਟਾਣਾ ਕੌਣ ਸੀ ਜਿਸ ਨੇ ਨਹਿਰ ਦੀ ਉਸਾਰੀ ਕਰਵਾ ਰਹੇ ਇੰਜੀਨਿਅਰਾਂ ਨੂੰ ਕਤਲ ਕੀਤਾ ਸੀ

ਤਸਵੀਰ ਸਰੋਤ, SIDHU MOOSEWALA/TWITTER
ਭਾਰਤ ਦੇ ਜਲ ਸਰੋਤ ਮੰਤਰਾਲੇ ਦੀ ਪਹਿਲਕਦਮੀ ਉੱਤੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਉੱਤੇ ਦਿੱਲੀ ਵਿੱਚ ਬੁੱਧਵਾਰ ਨੂੰ ਹੋਈ ਬੈਠਕ ਵੀ ਬੇਸਿੱਟਾ ਰਹੀ।
ਇਸ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ, "ਅਸੀਂ ਸਤਲੁਜ ਨਦੀ ਬਚਾਉਣਾ ਚਾਹੁੰਦੇ ਹਾਂ। ਅਸੀਂ ਸਾਫ਼ ਕਿਹਾ ਹੈ ਕਿ ਸਾਡੇ ਕੋਲ ਤਾਂ ਦੇਣ ਲਈ ਇੱਕ ਬੂੰਦ ਵੀ ਪਾਣੀ ਨਹੀਂ ਹੈ। ਅਸੀਂ ਕਿਸੇ ਦੂਜੇ ਸੂਬੇ ਨੂੰ ਪਾਣੀ ਨਹੀਂ ਦੇ ਸਕਦੇ। ਅਸੀਂ ਸੁਪਰੀਮ ਕੋਰਟ ਵਿੱਚ ਲੜਾਂਗੇ।"
ਉਧਰ ਦੂਜੇ ਪਾਸੇ ਸੀਐੱਮ ਮਨੋਹਰ ਲਾਲ ਖੱਟਰ ਨੇ ਕਿਹਾ, "ਪਾਣੀ ਦੇ ਮੁੱਦੇ 'ਤੇ ਇਹ ਤੀਜੀ ਬੈਠਕ ਵੀ ਬੇਸਿੱਟਾ ਰਹੀ ਹੈ। ਉਹ (ਪੰਜਾਬ) ਐੱਸਵਾਈਐੱਲ ਦੇ ਮੁੱਦੇ ਨੂੰ ਏਜੰਡੇ 'ਤੇ ਲਿਆਉਣ ਲਈ ਤਿਆਰ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਮੰਨਣ ਤੋਂ ਵੀ ਇਨਕਾਰੀ ਹਨ।"
ਐੱਸਵਾਈਐੱਲ ਦਾ ਮੁੱਦਾ ਪੰਜਾਬ ਅਤੇ ਹਰਿਆਣਾ ਵਿਚਾਲੇ ਕਈ ਦਹਾਕਿਆਂ ਤੋਂ ਮੁੱਖ ਮਸਲਾ ਬਣਿਆ ਚਲਿਆ ਆ ਰਿਹਾ ਹੈ।
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਬੀਤੇ 24 ਜੂਨ ਨੂੰ ਐੱਸਵਾਈਐੱਲ ਗਾਣਾ ਯੂਟਿਊਬ ਉੱਤੇ ਰਿਲੀਜ਼ ਹੋਇਆ ਸੀ।
ਇਸ ਗਾਣੇ ਵਿੱਚ ਪੰਜਾਬ ਦੇ ਪਾਣੀਆਂ, ਐੱਸਵਾਈਐੱਲ, ਬੰਦੀ ਸਿੰਘਾਂ ਸਣੇ ਪੰਜਾਬ ਨਾਲ ਜੁੜੇ ਵੱਖ-ਵੱਖ ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਸੀ।
ਇਸ ਗਾਣੇ ਵਿੱਚ ਇੱਕ ਤਸਵੀਰ ਵੀ ਜਾਰੀ ਕੀਤੀ ਗਈ ਸੀ, ਜਿਸ ਵਿੱਚ ਮੋਟਰਸਾਈਕਲ 'ਤੇ ਇੱਕ ਨੌਜਵਾਨ ਨਜ਼ਰ ਆਉਂਦਾ ਹੈ ਅਤੇ ਨਾਲ ਹੀ ਅੰਗਰੇਜ਼ੀ ਵਿੱਚ ਲਿਖਿਆ ਹੈ 'ਐੱਸਵਾਈਐੱਲ'। ਇਸ ਨੌਜਵਾਨ ਦਾ ਜ਼ਿਕਰ ਗਾਣੇ ਵਿੱਚ ਵੀ ਆਉਂਦਾ ਹੈ।
ਇਹ ਨੌਜਵਾਨ ਕੌਣ ਹੈ ਅਤੇ ਐੱਸਵਾਈਐੱਲ ਦਾ ਇਤਿਹਾਸ ਅਸੀਂ ਇਸ ਲੇਖ ਰਾਹੀਂ ਦੱਸਣ ਦੀ ਕੋਸ਼ਿਸ਼ ਕਰਾਂਗੇ।
ਵਿਵਾਦਾਂ ਵਿੱਚ ਰਹੀ ਐੱਸਵਾਈਐੱਲ
ਸਤਲੁਜ ਯਮੁਨਾ ਲਿੰਕ ਨਹਿਰ (ਐੱਸਵਾਈਐੱਲ) ਪੰਜਾਬ ਅਤੇ ਹਰਿਆਣਾ ਦਰਮਿਆਨ ਪਾਣੀ ਦੀ ਵੰਡ ਲਈ ਬਣਾਈ ਜਾਣੀ ਸੀ।
ਇਹ ਭਾਖੜਾ ਡੈਮ ਦਾ ਪਾਣੀ ਹਰਿਆਣਾ ਦੀ ਯਮੁਨਾ ਨਦੀ ਤੱਕ ਪਹੁੰਚਣ ਲਈ ਬਣਾਈ ਗਈ ਸੀ। ਇਸ ਤੋਂ ਪਹਿਲਾਂ ਕਿ ਇਹ ਨਹਿਰ ਪੂਰੀ ਹੁੰਦੀ ਇਹ ਸਿਆਸਤ ਵਿੱਚ ਉਲਝ ਗਈ।
1976 ਦੇ ਦਹਾਕੇ ਵਿੱਚ ਐਮਰਜੈਂਸੀ ਦੌਰਾਨ ਕੇਂਦਰ ਸਰਕਾਰ ਵੱਲੋਂ ਦੋਵਾਂ ਸੂਬਿਆਂ ਨੂੰ 3.5-3.5 ਮਿਲੀਅਨ ਏਕੜ ਫੁੱਟ ਪਾਣੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। 0.2 ਮਿਲੀਅਨ ਏਕੜ ਫੁੱਟ ਦਿੱਲੀ ਦੇ ਹਿੱਸੇ ਵੀ ਗਿਆ।
ਸਤਲੁਜ ਯਮੁਨਾ ਨਹਿਰ ਦੀ ਕੁੱਲ ਲੰਬਾਈ 214 ਕਿੱਲੋਮੀਟਰ ਹੈ ਜਿਸ ਵਿੱਚੋਂ 122 ਕਿੱਲੋਮੀਟਰ ਦਾ ਨਿਰਮਾਣ ਪੰਜਾਬ ਨੇ ਕਰਨਾ ਸੀ ਜਦੋਂਕਿ 92 ਕਿੱਲੋਮੀਟਰ ਦਾ ਨਿਰਮਾਣ ਹਰਿਆਣਾ ਨੇ ਕਰਨਾ ਸੀ।
ਹਰਿਆਣਾ ਆਪਣੇ ਹਿੱਸੇ ਦੀ ਨਹਿਰ ਦਾ ਨਿਰਮਾਣ ਕਰ ਚੁੱਕਾ ਹੈ ਜਦੋਂ ਕਿ ਪੰਜਾਬ ਵਿੱਚ ਇਹ ਅਧੂਰੀ ਹੈ।
ਤਕਰੀਬਨ ਪੰਜ ਦਹਾਕਿਆਂ ਤੋਂ ਇਹ ਨਹਿਰ ਵਿਵਾਦਾਂ ਵਿੱਚ ਘਿਰੀ ਰਹੀ ਹੈ ਅਤੇ ਦੋਵਾਂ ਸੂਬਿਆਂ ਵਿੱਚ ਵੱਖ ਵੱਖ ਸਰਕਾਰਾਂ ਨੇ ਪਾਣੀ ਉੱਪਰ ਆਪਣਾ ਪੱਖ ਅਦਾਲਤਾਂ ਵਿੱਚ ਵੀ ਰੱਖਿਆ ਹੈ।
ਪੰਜਾਬ ਅਤੇ ਹਰਿਆਣਾ ਵਿਚ ਅੰਤਰਾਜੀ ਦਰਿਆਈ ਪਾਣੀਆਂ ਦਾ ਝਗੜਾ ਚੱਲਦਾ ਸੀ। ਪੰਜਾਬ ਦੇ ਸਤਲੁਜ ਦਰਿਆ ਦਾ ਪਾਣੀ ਸਤਲੁਜ-ਯਮੁਨਾ ਲਿੰਕ ਨਹਿਰ ਰਾਹੀਂ ਹਰਿਆਣਾ ਨੂੰ ਦਿੱਤਾ ਜਾ ਰਿਹਾ ਸੀ।
ਪੰਜਾਬ ਵਿਚ ਸਾਲ 1982 ਵਿੱਚ ਅਕਾਲੀ ਦਲ ਵੱਲੋਂ ਇਸ ਲਈ ਕਪੂਰੀ ਦਾ ਮੋਰਚਾ ਲਗਾਇਆ ਗਿਆ ਜੋ ਬਾਅਦ ਵਿਚ ਹੋਰ ਕਈ ਮੰਗਾਂ ਨਾਲ ਮਿਲਕੇ ਧਰਮਯੁੱਧ ਮੋਰਚਾ ਬਣ ਗਿਆ।
ਕਿਵੇਂ ਰੁਕਿਆ ਐੱਸਵਾਈਐੱਲ ਉੱਤੇ ਕੰਮ
1990 ਵਿੱਚ ਚੰਡੀਗੜ੍ਹ ਦੇ ਸੈਕਟਰ 26 ਵਿੱਚ ਐੱਸਵਾਈਐੱਲ ਦੇ ਦਫ਼ਤਰ ਵਿੱਚ ਇਸ ਨਹਿਰ ਦੀ ਉਸਾਰੀ ਦੇ ਪ੍ਰਾਜੈਕਟ ਵਿੱਚ ਲੱਗੇ ਚੀਫ ਇੰਜੀਨੀਅਰ ਐੱਮਐੱਲ ਸੀਕਰੀ ਅਤੇ ਸੁਪਰਡੈਂਟ ਇੰਜੀਨੀਅਰ ਅਵਤਾਰ ਸਿੰਘ ਔਲਖ ਉੱਪਰ ਗੋਲੀਆਂ ਚਲਾਈਆਂ ਗਈਆਂ ਸਨ।
ਦੋਵਾਂ ਦੀ ਮੌਤ ਹੋ ਗਈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਨਹਿਰ ਦੀ ਉਸਾਰੀ ਨੂੰ ਰੋਕ ਦਿੱਤਾ ਗਿਆ।

ਮੁੱਖ ਮੰਤਰੀਆਂ ਦੀ ਬੈਠਕ
- ਸਤਲੁਜ ਯਮੁਨਾ ਲਿੰਕ ਨੂੰ ਲੈ ਕੇ 4 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਕਾਰ ਬੈਠਕ ਹੈ
- 6 ਸਤੰਬਰ 2022 ਨੂੰ ਸੁਪਰੀਮ ਕੋਰਟ ਨੇ ਦੋਵਾਂ ਸੂਬਿਆਂ ਨੂੰ ਇੱਕ ਮਹੀਨੇ ਦੇ ਅੰਦਰ ਬੈਠਕ ਕਰਕੇ ਕੇ ਮਸਲਾ ਸੁਲਝਾਉਣ ਲਈ ਕਿਹਾ ਸੀ।
- ਇਸ ਮਗਰੋਂ 14 ਅਕਤੂਬਰ ਨੂੰ ਦੋਵਾਂ ਮੁੱਖ ਮੰਤਰੀਆਂ ਵਿਚਾਲੇ ਮੀਟਿੰਗ ਵੀ ਹੋਈ ਸੀ
- ਦੋਵੇਂ ਸੂਬਿਆਂ ਨੂੰ 4 ਹਫ਼ਤਿਆਂ ਅੰਦਰ ਜਲ ਸਰੋਤ ਮੰਤਰਾਲੇ ਨਾਲ ਬੈਠਕ ਕਰਨ ਲਈ ਵੀ ਕਿਹਾ ਗਿਆ ਸੀ।
- ਸੁਪਰੀਮ ਕੋਰਟ ਵਿੱਚ ਮਾਮਲੇ ਦੀ ਅਗਲੀ ਸੁਣਵਾਈ 15 ਜਨਵਰੀ, 2023 ਨਿਰਧਾਰਿਤ ਕੀਤੀ ਹੈ।
- ਉਸਾਰੀ ਅਧੀਨ ਸਤਲੁਜ ਯਮੁਨਾ ਲਿੰਕ ਨਹਿਰ ਦਾ ਵਿਵਾਦ ਕਈ ਦਹਾਕਿਆਂ ਤੋਂ ਜਾਰੀ ਹੈ।
- ਇਸ ਨਹਿਰ ਦਾ ਮੰਤਵ ਭਾਖੜਾ ਡੈਮ ਦਾ ਪਾਣੀ ਹਰਿਆਣਾ ਦੀ ਯਮੁਨਾ ਨਦੀ ਤੱਕ ਪਹੁੰਚਾਉਣਾ ਸੀ।

ਸਿੱਧੂ ਮੂਸੇਵਾਲਾ ਦੇ ਗਾਣੇ ਵਿੱਚ ਬਲਵਿੰਦਰ ਸਿੰਘ ਜਟਾਣਾ
ਇਸ ਕਤਲ ਕਾਂਡ ਵਿੱਚ ਬਲਵਿੰਦਰ ਸਿੰਘ ਜਟਾਣਾ ਦਾ ਨਾਮ ਆਇਆ। ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਵਿੱਚ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਹੀ ਹੈ।
ਬਲਵਿੰਦਰ ਸਿੰਘ ਦਾ ਪਿਛੋਕੜ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਨਾਲ ਸੀ। ਉਨ੍ਹਾਂ ਦੇ ਪਿੰਡ ਦਾ ਨਾਂ ਜਟਾਣਾ ਹੋਣ ਕਰਕੇ ਉਹ ਖਾਲਿਸਤਾਨੀ ਲਹਿਰ ਦੀਆਂ ਖਾੜਕੂ ਸਫ਼ਾਂ ਵਿੱਚ ਬਲਵਿੰਦਰ ਸਿੰਘ ਜਟਾਣਾ ਦੇ ਨਾਂ ਨਾਲ ਮਸ਼ਹੂਰ ਹੋਏ।
ਸਤਨਾਮ ਸਿੰਘ ਸੱਤੀ ਰੋਪੜ ਤੋਂ ਸਥਾਨਕ ਪੱਤਰਕਾਰ ਹਨ, ਉਹ ਦੱਸਦੇ ਹਨ ਕਿ ਬਲਵਿੰਦਰ ਸਿੰਘ ਜਟਾਣਾ ਸਰਕਾਰੀ ਕਾਲਜ ਰੋਪੜ ਦੇ ਵਿਦਿਆਰਥੀ ਸਨ।
ਉਹ ਕਾਲਜ ਵਿਚ ਉਨ੍ਹਾਂ ਤੋਂ ਕਈ ਸਾਲ ਅੱਗੇ ਪੜ੍ਹਦੇ ਸਨ। ਉਹ ਪੜ੍ਹਾਈ ਵਿੱਚ ਵੀ ਕਾਫੀ ਚੰਗੇ ਅਤੇ ਹਰ ਲੋੜਵੰਦ ਨਾਲ ਖੜਨ ਵਾਲੇ ਸਨ।
ਸਤਨਾਮ ਸਿੰਘ ਦੱਸਦੇ ਹਨ, ''ਬਲਵਿੰਦਰ ਸਿੰਘ ਜਟਾਣਾ ਜਦੋਂ ਸੁਖਦੇਵ ਸਿੰਘ ਬੱਬਰ ਨਾਲ ਖਾਲਿਸਤਾਨ ਲਹਿਰ ਵਿੱਚ ਕੁੱਦੇ ਤਾਂ ਉਨ੍ਹਾਂ ਨਾਲ ਰੋਪੜ ਨੇੜਲੇ ਪਿੰਡਾਂ ਦੇ ਚਰਨਜੀਤ ਸਿੰਘ ਚੰਨੀ (ਮਾਹਲਾ ਝੱਲੀਆਂ), ਹਰਮੀਤ ਸਿੰਘ ਭਾਊਵਾਲ ਅਤੇ ਜਗਤਾਰ ਸਿੰਘ ਪੰਜੋਲਾ ਵਰਗੇ ਸਾਥੀ ਸਨ।''
1990 ਵਿੱਚ ਐੱਸਵਾਈਐੱਲ ਦੇ ਦਫ਼ਤਰ ਉੱਤੇ ਹਮਲੇ ਤੋਂ ਬਾਅਦ ਸੁਖਦੇਵ ਸਿੰਘ ਬੱਬਰ ਨੇ ਬਲਵਿੰਦਰ ਸਿੰਘ ਜਟਾਣਾ ਨੂੰ ਖਾੜਕੂ ਜਥੇਬੰਦੀ ਦਾ ਮਾਲਵੇ ਦਾ ਕਮਾਂਡਰ ਥਾਪ ਦਿੱਤਾ ਸੀ।
ਸੁਮੇਧ ਸੈਣੀ ਉੱਤੇ ਹਮਲੇ ਵਿਚ ਨਾਂ ਆਇਆ
ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ 1991 ਵਿਚ ਚੰਡੀਗੜ੍ਹ ਦੇ ਐੱਸਐੱਸਪੀ ਸਨ।
1991 ਵਿੱਚ ਹੀ ਸੁਮੇਧ ਸਿੰਘ ਸੈਣੀ ਉੱਤੇ ਹਮਲਾ ਹੋਇਆ ਸੀ ਜਿਸ ਵਿੱਚ ਉਹ ਬਚ ਗਏ ਸਨ।
ਸੈਣੀ ਉੱਤੇ ਹਮਲੇ ਵਾਲੀ ਰਾਤ ਹੀ ਬਲਵਿੰਦਰ ਜਟਾਣਾ ਦੇ ਘਰ ਉੱਤੇ ਹਮਲਾ ਕਰ ਦਿੱਤਾ ਸੀ।

ਤਸਵੀਰ ਸਰੋਤ, Avtar Aualk family
ਹਮਲੇ ਵਿੱਚ ਬਲਵਿੰਦਰ ਸਿੰਘ ਜਟਾਣਾ ਦੀ 80 ਸਾਲਾ ਦਾਦੀ ਦਵਾਰਕੀ ਕੌਰ, 5 ਸਾਲਾ ਪੋਲੀਓਗ੍ਰਸਤ ਭਾਣਜੇ ਸਿਮਰਨਜੀਤ ਸਿੰਘ, ਬਲਵਿੰਦਰ ਸਿੰਘ ਦੀ ਚਾਚੀ ਜਸਮੇਰ ਕੌਰ, ਭੈਣ ਮਨਪ੍ਰੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਘਰ ਨੂੰ ਅੱਗ ਲਗਾ ਦਿੱਤੀ ਸੀ।
ਇਹ ਵੀ ਪੜ੍ਹੋ :
ਇਸ ਹਮਲੇ ਦਾ ਇਲਜ਼ਾਮ ਨਿਹੰਗ ਅਜੀਤ ਸਿੰਘ ਪੂਹਲਾ ਉੱਤੇ ਲਗਿਆ ਸੀ। ਅਜੀਤ ਸਿੰਘ ਦੀ ਗ੍ਰਿਫ਼ਤਾਰੀ ਵੀ ਹੋਈ ਸੀ ਤੇ ਬਾਅਦ ਵਿੱਚ ਅੰਮ੍ਰਿਤਸਰ ਜੇਲ੍ਹ ਵਿੱਚ ਦੋ ਸਾਥੀਆਂ ਕੈਦੀਆਂ ਨੇ ਉਸ ਨੂੰ ਜ਼ਿੰਦਾ ਸਾੜ ਦਿੱਤਾ ਸੀ।

ਤਸਵੀਰ ਸਰੋਤ, Getty Images
ਬਲਵਿੰਦਰ ਜਟਾਣਾ ਦਾ ਪੁਲਿਸ ਨਾਲ ਮੁਕਾਬਲਾ
ਪੰਜਾਬ ਪੁਲਿਸ ਮੁਤਾਬਕ 4 ਸਿਤੰਬਰ 1991 ਨੂੰ ਬਲਵਿੰਦਰ ਸਿੰਘ ਜਟਾਣਾ ਅਤੇ ਚਰਨਜੀਤ ਸਿੰਘ ਚੰਨੀ ਕਿੱਧਰੇ ਜਾ ਰਹੇ ਸਨ।
ਅੱਗੇ ਪੁਲਿਸ ਚੌਕੀ ਹੋਣ ਕਰਕੇ ਉਨ੍ਹਾਂ ਆਪਣਾ ਰਾਹ ਬਦਲਣ ਦੀ ਕੋਸ਼ਿਸ਼ ਕੀਤੀ ਅਤੇ ਖੇਤਾਂ ਵਿਚੋਂ ਭੱਜ ਪਏ।
ਪੁਲਿਸ ਨਾਲ ਜਟਾਣਾ ਅਤੇ ਚੰਨੀ ਦਾ ਮੁਕਾਬਲਾ ਹੋਇਆ, ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ।
ਜਦੋਂ ਬਲਵਿੰਦਰ ਸਿੰਘ ਜਟਾਣਾ ਪੁਲਿਸ ਨਾਲ ਮੁਕਾਬਲੇ ਦੌਰਾਨ ਮਰਿਆ, ਉਸ ਵੇਲੇ ਉਸ ਦੇ ਸਿਰ ਉੱਤੇ 16 ਲੱਖ ਰੁਪਏ ਦਾ ਇਨਾਮ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













