ਪੰਜਾਬ : ਕਾਂਗਰਸ ਨਾਲ ਗਠਜੋੜ ਨਾ ਕਰਨ ਦਾ ਇਕਤਰਫ਼ਾ ਐਲਾਨ ਕਰਕੇ ਭਗਵੰਤ ਮਾਨ, ਕੇਜਰੀਵਾਲ ਨੂੰ ਕੀ ਸੰਕੇਤ ਦੇ ਰਹੇ

ਤਸਵੀਰ ਸਰੋਤ, Bhagwant Mann/BBC
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
''ਪੰਜਾਬ ਬਣੇਗਾ ਦੇਸ ਵਿੱਚ ਹੀਰੋ, ਆਮ ਆਦਮੀ ਪਾਰਟੀ ਲਈ 13- 0'', ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਹ ਸ਼ਬਦ 2024 ਦੀਆਂ ਲੋਕ ਸਭਾ ਚੋਣਾਂ ਪੰਜਾਬ ਵਿੱਚ ਇਕੱਲੇ ਲੜਨ ਦਾ ਐਲਾਨ ਹੈ।
ਭਗਵੰਤ ਮਾਨ ਪਹਿਲਾਂ ਵੀ ਅਜਿਹਾ ਬਿਆਨ ਦੇ ਚੁੱਕੇ ਹਨ, ਪਰ ਬੀਤੇ ਬੁੱਧਵਾਰ ਨੂੰ ਜਦੋਂ ਉਨ੍ਹਾਂ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ ਤਾਂ ਇਹ ਬਿਆਨ ਅਚਾਨਕ ਕੌਮੀ ਮੀਡੀਆ ਦੀਆਂ ਸੁਰਖ਼ੀਆ ਬਣ ਗਿਆ।
ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਇਸ ਤੋਂ ਕੁਝ ਘੰਟੇ ਪਹਿਲਾਂ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬੰਗਾਲ ਵਿੱਚ ਇਕੱਲੇ ਚੋਣ ਲੜਨ ਦਾ ਬਿਆਨ ਦੇ ਚੁੱਕੀ ਸੀ।
ਦੂਜੇ ਪਾਸੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੀਤੀ ਗਈ ਸਿਫ਼ਤ ਨਾਲ ਮੀਡੀਆ ਇੱਕ ਹੋਰ ਸੁਰਖੀ ਬਣਾਉਣ ਦਾ ਮਸਾਲਾ ਵੀ ਪਹਿਲਾਂ ਹੀ ਮਿਲਿਆ ਹੋਇਆ ਸੀ।
ਭਗਵੰਤ ਮਾਨ ਦੇ ਤਾਜ਼ਾ ਬਿਆਨ ਨੇ ਮਮਤਾ ਤੇ ਨੀਤਿਸ਼ ਦੇ ਇੰਡੀਆ ਗਠਜੋੜ ਵਿਚ ਸੁਲਗਦੀ ਮਤਭੇਦਾਂ ਦੀ ਚਿੰਗਾੜੀ ਨੂੰ ਹੋਰ ਮਘਾ ਦਿੱਤਾ।
ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ ( ਇੰਡੀਆ) ਕੁਝ ਮਹੀਨੇ ਪਹਿਲਾਂ ਬਣਾਇਆ ਗਿਆ ਸਿਆਸੀ ਗਠਜੋੜ ਹੈ। ਜਿਸ ਵਿੱਚ ਭਾਰਤ ਦੀਆ 28 ਕੌਮੀ ਤੇ ਖੇਤਰੀ ਪਾਰਟੀਆਂ ਸ਼ਾਮਲ ਹਨ।
ਇਹ ਗਠਜੋੜ ਭਾਰਤੀ ਜਨਤਾ ਪਾਰਟੀ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਉਣ ਤੋਂ ਰੋਕਣ ਦੇ ਨਾਂ ਉੱਤੇ ਬਣਿਆ ਹੈ।
ਕਾਂਗਰਸ ਇਸ ਗਠਜੋੜ ਦੀ ਸਭ ਤੋਂ ਵੱਡੀ ਧਿਰ ਹੈ ਅਤੇ ਵੱਖ-ਵੱਖ ਸੂਬਿਆਂ ਦੀ ਸੱਤਾ ਉੱਤੇ ਕਾਬਜ਼ ਆਮ ਆਦਮੀ ਪਾਰਟੀ, ਤ੍ਰਿਣਮੂਲ ਕਾਂਗਰਸ, ਜਨਤਾ ਦਲ ਯੂਨਾਇਟਿਡ ਵਰਗੀਆਂ ਪਾਰਟੀਆਂ ਇਸ ਗਠਜੋੜ ਰਾਹੀ ਆਪਣੇ ਸਿਆਸੀ ਟੀਚਿਆਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਹਨ।
ਪਰ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਇਸ ਗਠਜੋੜ ਦੇ ਆਗੂ ਕਰ ਰਹੇ ਹਨ, ਉਸ ਨਾਲ ਇੰਡੀਆ ਗਠਜੋੜ ਦੀ ਹੋਂਦ ਉੱਤੇ ਹੀ ਸਵਾਲ ਖੜ੍ਹੇ ਹੋਣ ਲੱਗੇ ਹਨ।

ਤਸਵੀਰ ਸਰੋਤ, Facebook/Bhagwant Mann
'ਆਪ' ਤੇ ਕਾਂਗਰਸ ਦੇ ਰਿਸ਼ਤੇ ਦਾ ਹਵਾਲਾ
ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਸ ਗਠਜੋੜ ਵਿੱਚ ਜਿੰਨੀਆਂ ਪਾਰਟੀਆਂ ਹਨ, ਉਸ ਨਾਲ ਉਹ ਭਾਵੇਂ ਕੇਂਦਰੀ ਸੱਤਾਧਾਰੀ ਧਿਰ ਨੂੰ ਚੂਣੌਤੀ ਦੇਣ ਦੀ ਸਮਰੱਥਾ ਰੱਖਦੀਆਂ ਹਨ, ਪਰ ਇਸ ਗਠਜੋੜ ਦੀ ਸਮੱਸਿਆ ਇਹ ਹੈ ਕਿ ਕਈ ਸੂਬਿਆਂ ਵਿੱਚ ਕਾਂਗਰਸ ਨਾਲ ਹੀ ਇਨ੍ਹਾਂ ਦੀ ਟੱਕਰ ਹੈ, ਜਾਂ ਕਈ ਪਾਰਟੀਆਂ ਕਈ ਥਾਈਂ ਆਪਸ ਵਿੱਚ ਧੁਰ ਵਿਰੋਧੀ ਹਨ।
ਮਿਸਾਲ ਵਜੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਨੂੰ ਹਰਾ ਕੇ ਸੱਤਾ ਵਿੱਚ ਆਈ ਹੈ ਅਤੇ ਪਾਰਟੀ ਦੇ ਅੱਧੀ ਦਰਜਨ ਦੇ ਕਰੀਬ ਮੰਤਰੀਆਂ ਅਤੇ ਸੀਨੀਅਰ ਆਗੂਆਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਜੇਲ੍ਹ ਦੀ ਹਵਾ ਖੁਆ ਚੁੱਕੀ ਹੈ।
ਪੰਜਾਬ ਕਾਂਗਰਸ 'ਆਪ' ਸਰਕਾਰ ਖ਼ਿਲਾਫ਼ ਸੂਬੇ ਵਿੱਚ ਧਰਨੇ ਦੇ ਰਹੀ ਹੈ, ਪਰ ਦਿੱਲੀ ਵਿੱਚ ਲੋਕ ਸਭਾ ਚੋਣਾਂ ਦੀ ਵੰਡ -ਵੰਡਾਈ ਲ਼ਈ ਬੈਠਕਾਂ ਚੱਲ ਰਹੀਆ ਹਨ। ਭਾਵੇਂ ਕਿ ਅਜੇ ਵੀ ਗੱਲਬਾਤ ਖਤਮ ਨਹੀਂ ਹੋਈ ਹੈ ਕਿ ਦੋਵਾਂ ਨੇ ਚੋਣ ਮਿਲ ਕੇ ਲੜਨੀ ਹੈ ਜਾਂ ਇਕੱਲੇ -ਇਕੱਲੇ। ਇਸ ਦਾ ਰਸਮੀਂ ਐਲਾਨ ਬਾਕੀ ਹੈ।
ਇਸੇ ਤਰ੍ਹਾਂ ਕੇਰਲ ਵਿੱਚ ਸੀਪੀਐੱਮ ਦੀ ਸਰਕਾਰ ਹੈ ਅਤੇ ਕਾਂਗਰਸ ਵਿਰੋਧੀ ਧਿਰ ਵਿੱਚ ਹੈ।
ਬੰਗਾਲ ਵਿੱਚ ਮਮਤਾ ਬੈਨਰਜੀ ਦੀ ਸਰਕਾਰ ਹੈ ਤੇ ਸੀਪੀਐੱਮ ਉਸ ਦੀ ਰਵਾਇਤੀ ਵਿਰੋਧੀ ਧਿਰ ਹੈ। ਇਹ ਦੋਵੇਂ ਵੀ ਆਪਸ ਵਿੱਚ ਰਵਾਇਤੀ ਵਿਰੋਧੀ ਧਿਰਾਂ ਹਨ। ਪਰ ਇਹ ਦੋਵੇਂ ਇੰਡੀਆ ਗਠਜੋੜ ਵਿੱਚ ਸ਼ਾਮਲ ਹਨ।
ਇਸੇ ਹਾਲਾਤ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦੀ ਅਹਿਮੀਅਤ ਸਮਝ ਆਉਂਦੀ ਹੈ ।
ਉਨ੍ਹਾਂ ਕਿਹਾ ਸੀ ਕਿ 2024 'ਚ 'ਆਪ' ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤ ਕੇ ਇਤਿਹਾਸ ਰਚੇਗੀ। ਸੂਬੇ ਵਿੱਚ ਕਾਂਗਰਸ ਨਾਲ ਕੋਈ ਗਠਜੋੜ ਨਹੀਂ ਹੋਵੇਗਾ।
ਮਾਨ ਅਤੇ ਪਾਰਟੀ ਦੇ ਜ਼ਿਆਦਾਤਰ ਸੂਬਾਈ ਆਗੂ ਕਾਂਗਰਸ ਨਾਲ ਗਠਜੋੜ ਦਾ ਵਿਰੋਧ ਕਰਦੇ ਰਹੇ ਹਨ।
ਰੋਚਕ ਗੱਲ ਇਹ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਪੰਜਾਬ ਅਸੰਬਲੀ ਵਿੱਚ ਵਿਰੋਧੀ ਧਿਰ ਆਗੂ ਪ੍ਰਤਾਪ ਬਾਜਵਾ ਵੀ ਇਕੱਲੇ ਹੀ ਲੜਨ ਦੇ ਬਿਆਨ ਦੇ ਚੁੱਕੇ ਹਨ।
ਇਸ ਤੋਂ ਵੀ ਰੋਚਕ ਤੱਥ ਇਹ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਮੇਅਰ ਦੀ ਕੁਰਸੀ ਤੋਂ ਭਾਜਪਾ ਨੂੰ ਦੂਰ ਰੱਖਣ ਲਈ ਆਮ ਆਦਮੀ ਤੇ ਕਾਂਗਰਸ ਰਲ਼ ਕੇ ਸਦਨ ਅਤੇ ਸੜਕ ਉੱਤੇ ਲੜਾਈ ਲੜ ਰਹੇ ਹਨ।
ਇਸ ਤੋਂ ਅਜਿਹਾ ਪ੍ਰਤੀਤ ਹੁੰਦਾ ਸੀ ਕਿ ਇਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਦੋਵੇਂ ਪਾਰਟੀਆਂ ਦਾ ਪੰਜਾਬ ਵਿਚ ਗਠਜੋੜ ਹੋ ਸਕਦਾ ਹੈ।
ਪਰ ਹੁਣ ਭਗਵੰਤ ਮਾਨ ਨੇ ਬਿਆਨ ਦੇ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਨਾਲ ਗਠਜੋੜ ਨਹੀਂ ਕਰੇਗੀ।

ਤਸਵੀਰ ਸਰੋਤ, Navjot Singh Sidhu/FB
ਕਾਂਗਰਸ ਦਾ ਕੀ ਕਹਿਣਾ ਹੈ
ਕਾਂਗਰਸ ਦੀ ਪੰਜਾਬ ਇਕਾਈ 'ਆਪ' ਨਾਲ ਗਠਜੋੜ ਦੇ ਪ੍ਰਸਤਾਵ ਦਾ ਤਿੱਖਾ ਵਿਰੋਧ ਕਰਦੀ ਰਹੀ ਹੈ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪਾਰਟੀ ਸੂਬੇ ਵਿੱਚ 'ਆਪ' ਨਾਲ ਗਠਜੋੜ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਕਾਡਰ ਦੁਆਰਾ ਲੜੀਆਂ ਜਾਂਦੀਆਂ ਹਨ।
ਪੰਜਾਬ ਕਾਂਗਰਸ ਦੇ ਕਈ ਆਗੂਆਂ ਨੂੰ 'ਆਪ' ਸਰਕਾਰ ਵੱਲੋਂ ਕਈ ਮਹੀਨੇ ਜੇਲ੍ਹ 'ਚ ਬਿਤਾਉਣ ਅਤੇ ਇਸ ਦੇ ਕਈ ਨੇਤਾਵਾਂ ਖ਼ਿਲਾਫ਼ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਪਾਰਟੀ ਦੇ ਆਗੂ ਨਾਰਾਜ਼ ਹਨ।
ਹਾਲਾਂਕਿ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਲੋਕ ਸਭਾ ਚੋਣਾਂ ਲਈ 'ਆਪ' ਨਾਲ ਹੱਥ ਮਿਲਾਉਣ ਲਈ ਤਿਆਰ ਨਜ਼ਰ ਆ ਰਹੇ ਹਨ ।
ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਕਿਹਾ ਹੈ ਕਿ ਪਾਰਟੀ ਹਾਈਕਮਾਂਡ ਜੋ ਫ਼ੈਸਲਾ ਕਰੇਗੀ ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਗਠਜੋੜ ਲਈ ਤਿਆਰ ਹਨ।
ਪਰ ਪੰਜਾਬ ਕਾਂਗਰਸ ਵਿੱਚ ਵੀ ਬਹੁਮਤ ਗਠਜੋੜ ਨਾ ਕਰਨ ਵਾਲਿਆਂ ਦਾ ਹੀ ਨਜ਼ਰ ਆ ਰਿਹਾ ਹੈ।
ਇਕੱਲੇ ਲੜਨ ਦਾ 'ਆਪ' ਨੂੰ ਕਿੰਨਾ ਫਾਇਦਾ
ਪ੍ਰੋਫੈਸਰ ਖਾਲਿਦ ਮੁਹੰਮਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਹਨ ਅਤੇ ਪੰਜਾਬ ਸਣੇ ਭਾਰਤ ਦੇ ਸਿਆਸੀ ਘਟਨਾਕ੍ਰਮਾਂ ਉੱਤੇ ਬਾਰੀਕੀ ਨਾਲ ਸਮਝਦੇ ਹਨ।
ਪ੍ਰੋ. ਖਾਲਿਦ ਮੁਹੰਮਦ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਤੋਂ ਇਹੀ ਸੰਕੇਤ ਮਿਲਦਾ ਹੈ ਕਿ 'ਇੰਡੀਆ' ਗਠਜੋੜ ਨੂੰ ਅਜਿਹੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ, ਜਿਵੇਂ ਕਿ ਪੰਜਾਬ ਅਤੇ ਪੱਛਮੀ ਬੰਗਾਲ ਵਰਗੇ ਕਈ ਸੂਬਿਆਂ ਵਿੱਚ ਪਹਿਲਾਂ ਹੀ ਦੇਖਿਆ ਜਾ ਚੁੱਕਿਆ ਹੈ।
ਉਹ ਕਹਿੰਦੇ ਹਨ “ਜੇਕਰ ਪੰਜਾਬ ਵਿਚ ਸਾਰੀਆਂ ਪਾਰਟੀਆਂ ਚੋਣਾਂ ਵਿਚ ਇਕੱਲੀਆਂ ਜਾਂਦੀਆਂ ਹਨ, ਤਾਂ 'ਆਪ' ਨੂੰ ਫਾਇਦਾ ਹੋਵੇਗਾ ਕਿਉਂਕਿ ਉਨ੍ਹਾਂ ਕੋਲ ਸੱਤਾ ਵਿਚ ਅਜੇ ਚਾਰ ਸਾਲ ਬਾਕੀ ਹਨ। ਅਜਿਹੀ ਸਥਿਤੀ ਵਿੱਚ ਪਿੰਡਾਂ ਦੇ ਸਰਪੰਚ ਅਤੇ ਹੋਰ ਸਥਾਨਕ ਆਗੂ ਸੱਤਾਧਾਰੀ ਪਾਰਟੀ ਨਾਲ ਜਾਣ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਫੰਡਾਂ ਆਦਿ ਦੀ ਲੋੜ ਹੁੰਦੀ ਹੈ।"

ਤਸਵੀਰ ਸਰੋਤ, Getty Images
'ਆਪ' ਦੀਆਂ ਯੋਜਨਾਵਾਂ ਨੂੰ ਝਟਕਾ!
ਹਾਲਾਂਕਿ, ਇੱਕ ਹੋਰ ਰਾਜਨੀਤਿਕ ਮਾਹਰ, ਪ੍ਰੋਫੈਸਰ ਆਸ਼ੂਤੋਸ਼ ਦੀ ਰਾਇ ਇਸ ਤੋਂ ਵੱਖਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦੇਸ ਦੇ ਹੋਰ ਹਿੱਸਿਆਂ ਵਿੱਚ ਆਪਣੇ ਸਿਆਸੀ ਖੰਭਾਂ ਦਾ ਵਿਸਥਾਰ ਕਰਨ ਦੀ 'ਆਪ' ਦੀਆਂ ਯੋਜਨਾਵਾਂ ਨੂੰ ਝਟਕਾ ਹੋਵੇਗਾ।
ਉਹ ਕਹਿੰਦੇ ਹਨ, “ਇਸ ਸਮੇਂ ਉਹ ਸਿਰਫ਼ ਪੰਜਾਬ ਅਤੇ ਦਿੱਲੀ ਵਿੱਚ ਮੌਜੂਦ ਹਨ। ਜੇਕਰ 'ਆਪ' ਅਤੇ ਕਾਂਗਰਸ ਹੱਥ ਮਿਲਾਉਂਦੇ ਹਨ ਤਾਂ ਇਸ ਨਾਲ ਹਰਿਆਣਾ ਅਤੇ ਗੁਜਰਾਤ ਵਰਗੇ ਸੂਬਿਆਂ 'ਚ 'ਆਪ' ਨੂੰ ਫਾਇਦਾ ਹੋ ਸਕਦਾ ਹੈ।"
"ਇਸ ਦੇ ਨਾਲ ਹੀ, ਜੇਕਰ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਕਾਂਗਰਸ ਅਤੇ ਹੋਰ ਪਾਰਟੀਆਂ ਦਾ ਸਮਰਥਨ ਪ੍ਰਾਪਤ ਹੁੰਦਾ ਹੈ।”
ਆਸ਼ੂਤੋਸ਼ ਕਹਿੰਦੇ ਹਨ, “ਭਗਵੰਤ ਮਾਨ ਕਦੇ ਵੀ ਗਠਜੋੜ ਲਈ ਬਹੁਤੇ ਤਿਆਰ ਨਹੀਂ ਦਿਖੇ ਜਦੋਂ ਕਿ ਅਰਵਿੰਦ ਕੇਜਰੀਵਾਲ ਇਸ ਦੇ ਹੱਕ ਵਿੱਚ ਹਨ। ਮਾਨ ਦਰਸਾ ਰਹੇ ਹਨ ਕਿ ਉਹ ਇਕ ਕਾਬਲ ਨੇਤਾ ਹੈ ਅਤੇ ਉਹ ਇਕੱਲੇ ਹੀ ਚੋਣਾਂ ਦੀ ਲੜਾਈ ਲੜ ਸਕਦੇ ਹਨ।"

ਵਿਰੋਧਾਭਾਸ ਦੀ ਝਲਕ
ਪ੍ਰੋ. ਖਾਲਿਦ ਮੁਹੰਮਦ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਬਿਆਨ ਨਾਲ ਵਿਰੋਧਾਭਾਸ ਸਾਫ ਝਲਕਦਾ ਹੈ।
ਉਨ੍ਹਾਂ ਮੁਤਾਬਕ, “ਅਰਵਿੰਦ ਕੇਜਰੀਵਾਲ ਕਹਿੰਦੇ ਹਨ ਕਿ ਅਸੀਂ ਇੰਡੀਆ ਗਠਜੋੜ ਨਾਲ ਜਾਵਾਂਗੇ ਅਤੇ ਇੱਥੇ ਮੁੱਖ ਮੰਤਰੀ ਕਹਿੰਦੇ ਹਨ ਕਿ ਅਸੀਂ ਆਜ਼ਾਦ ਲੜਾਂਗੇ।"
"ਉਸੇ ਤਰੀਕੇ ਨਾਲ ਬੰਗਾਲ ਵਿਚ ਮਮਤਾ ਬੈਨਰਜੀ ਕਹਿੰਦੇ ਹਨ ਕਿ ਅਸੀਂ ਇਕੱਲੇ ਚੋਣਾਂ ਲੜਾਂਗੇ ਤੇ ਰਾਹੁਲ ਗਾਂਧੀ ਕਹਿੰਦੇ ਹਨ ਕਿ ਮਮਤਾ ਇੰਡੀਆ ਗਠਜੋੜ ਦਾ ਅਹਿਮ ਭਾਗ ਹਨ। ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਸੀਟਾਂ ਦੀ ਵੰਡ ਬਾਰੇ ਫ਼ੈਸਲਾ ਕਰਨ ਦਾ ਸਮਾਂ ਆ ਰਿਹਾ ਹੈ, ਅਜਿਹੇ ਵਿਰੋਧਾਭਾਸ ਹੋਰ ਵਧਣਗੇ।"
ਉਹ ਕਹਿੰਦੇ ਹਨ, “ਇਸ ਦਾ ਨਤੀਜਾ ਇਹ ਹੈ ਕਿ ਉਹ ਇਸ ਧਾਰਨਾ ਦੀ ਲੜਾਈ ਵਿਚ ਪਿਛੜ ਸਕਦੇ ਹਨ ਕਿ ਇੰਡੀਆ ਬਲਾਕ ਇਕਜੁੱਟ ਨਹੀਂ ਹੈ। ਇਸ ਦਾ ਫਾਇਦਾ ਭਾਜਪਾ ਚੁੱਕੇਗੀ।"
"ਪਹਿਲਾਂ ਹੀ, ਭਾਜਪਾ ਚੋਣਾਂ ਲਈ ਤਿਆਰ ਨਜ਼ਰ ਆ ਰਹੀ ਹੈ ਅਤੇ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਕ ਸੰਯੁਕਤ ਭਾਜਪਾ ਅਤੇ ਇੱਕ ਖਿੰਡੇ ਹੋਏ ਵਿਰੋਧੀ ਧਿਰ ਦੇ ਵਿਚਕਾਰ ਕਿਵੇਂ ਦੀ ਲੜਾਈ ਹੋਣ ਜਾ ਰਹੀ ਹੈ।"
ਬਿਹਾਰ, ਪੰਜਾਬ ਅਤੇ ਬੰਗਾਲ ਤੋਂ ਉੱਠ ਰਹੀਆਂ ਸਿਆਸੀ ਸੁਰਾਂ ਇੰਡੀਆ ਗਠਜੋੜ ਲਈ ਸ਼ੁਭ ਸ਼ਗਨ ਨਹੀਂ ਹੈ।
ਫਿਲਹਾਲ, ਇਹ ਵੇਖਣਾ ਬਾਕੀ ਹੈ ਕਿ ਮੁੱਖ ਮੰਤਰੀ ਮਾਨ ਨੇ ਜੋ ਕਿਹਾ ਹੈ, ਉਹ ਆਖ਼ਰੀ ਸ਼ਬਦ ਹਨ ਜਾਂ ਨਹੀਂ। ਜਾਂ ਫਿਰ ਕਹਾਣੀ ਵਿਚ ਕੋਈ ਹੋਰ ਮੋੜ ਆਵੇਗਾ?
ਪੰਜਾਬ 'ਚ ਕਿਸ ਕੋਲ ਕਿੰਨੀਆਂ ਸੀਟਾਂ
ਫਿਲਹਾਲ ਮੌਜੂਦਾ ਸਮੇਂ ਵਿੱਚ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਵਿੱਚੋਂ ਸੱਤਾਧਾਰੀ ਆਮ ਆਦਮੀ ਪਾਰਟੀ ਕੋਲ 92, ਕਾਂਗਰਸ ਕੋਲ 18, ਅਕਾਲੀ ਦਲ ਕੋਲ 3, ਬਸਪਾ ਕੋਲ ਇੱਕ ਅਤੇ ਅਜ਼ਾਦ ਇੱਕ।
ਇਸੇ ਤਰ੍ਹਾਂ ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਹਨ, ਜਿਨ੍ਹਾਂ ਵਿੱਚ ਇਸ ਵੇਲੇ ਕਾਂਗਰਸ ਕੋਲ 8, ਅਕਾਲੀ ਦਲ ਕੋਲ 2, ਭਾਜਪਾ ਕੋਲ 2 ਅਤੇ ਆਮ ਆਦਮੀ ਪਾਰਟੀ ਕੋਲ 1 ਸੀਟ ਹੈ।
ਆਮ ਆਦਮੀ ਪਾਟਰੀ ਕੋਲ ਜਿਹੜੀ ਇੱਕ ਜਲੰਧਰ ਵਾਲੀ ਸੀਟ ਹੈ, ਉਹ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ਼ ਚੌਧਰੀ ਦੀ ਮੌਤ ਨਾਲ ਖਾਲ਼ੀ ਹੋਈ ਸੀ ਅਤੇ ਕਾਂਗਰਸ ਛੱਡ ਕੇ ਆਏ ਸੁਸ਼ੀਲ ਕੁਮਾਰ ਰਿੰਕੂ ਆਪ ਦੀ ਟਿਕਟ ਉੱਤੇ ਚੋਣ ਜਿੱਤੇ ਸਨ।
ਹਾਲਾਂਕਿ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਖਾਲੀ ਹੋਈ ਸੰਗਰੂਰ ਸੀਟ ਨੂੰ ਜਿਮਨੀ ਚੋਣਾਂ ਦੌਰਾਨ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਲਿਆ ਸੀ












