ਪਿਸ਼ਾਬ ਦੇ ਰੰਗ ਤੋਂ ਗੁਰਦੇ ਦੇ ਨੁਕਸਾਨ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ?

ਗੁਰਦੇ

ਤਸਵੀਰ ਸਰੋਤ, Getty Images

ਗੁਰਦੇ ਸਾਡੇ ਸਰੀਰ ਵਿਚਲੇ ਤਰਲ ਪਦਾਰਥਾਂ ਵਿੱਚੋਂ ਬੇਲੋੜੇ ਪਦਾਰਥਾਂ ਅਤੇ ਵਾਧੂ ਪਾਣੀ ਨੂੰ ਫਿਲਟਰ ਕਰਦੇ ਹਨ। ਫਿਰ ਇਹ ਪਿਸ਼ਾਬ ਰਾਹੀਂ ਸਰੀਰ ਵਿੱਚੋਂ ਬਾਹਰ ਨਿਕਲਦੇ ਹਨ।

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੀ ਰਿਪੋਰਟ 'ਇੰਡੀਆ: ਹੈਲਥ ਆਫ਼ ਦਿ ਨੇਸ਼ਨ ਸਟੇਟ (2017)' ਅਨੁਸਾਰ, ਗੁਰਦੇ ਦੀ ਬਿਮਾਰੀ ਭਾਰਤ ਵਿੱਚ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। ਬੇਹੱਦ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਵੱਧਦੀ ਉਮਰ ਗੁਰਦੇ ਦੀ ਬਿਮਾਰੀ ਦੇ ਵਧਣ ਦੇ ਮੁੱਖ ਕਾਰਨ ਹਨ।

ਮੈਡੀਕਲ ਜਰਨਲ ਨੇਚਰ ਦੇ ਇੱਕ ਵਿਸ਼ਲੇਸ਼ਣ ਦੇ ਅਨੁਸਾਰ ਦੁਨੀਆ ਵਿੱਚ ਗੁਰਦਿਆਂ ਦੀ ਬਿਮਾਰੀ ਦੇ ਲਗਭਗ 69.7 ਮਿਲੀਅਨ ਕੇਸ ਹਨ, ਜਿਨ੍ਹਾਂ ਵਿੱਚੋਂ 1.15 ਮਿਲੀਅਨ ਕੇਸ ਇਕੱਲੇ ਭਾਰਤ ਵਿੱਚ ਹਨ।

ਸਾਲ 2010 ਅਤੇ 2013 ਵਿਚਕਾਰ 15-69 ਸਾਲ ਦੀ ਉਮਰ ਦੇ ਲੋਕਾਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚੋਂ 2.9% ਗੁਰਦੇ ਫੇਲ੍ਹ ਹੋਣ ਕਾਰਨ ਹੋਈਆਂ ਸਨ। ਪਿਛਲੇ ਦਹਾਕੇ (2001 ਤੋਂ 2003) ਦੇ ਮੁਕਾਬਲੇ ਇਸ ਵਿੱਚ 50% ਦਾ ਵਾਧਾ ਹੋਇਆ ਹੈ। ਸ਼ੂਗਰ ਗੁਰਦੇ ਫੇਲ੍ਹ ਹੋਣ ਦਾ ਇੱਕ ਮੁੱਖ ਕਾਰਨ ਹੈ।

ਗੁਰਦੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਰਦੇ ਖੂਨ ਵਿੱਚੋਂ ਰਹਿੰਦ-ਖੂੰਹਦ ਨੂੰ ਬਾਹਰ ਕੱਢਦੇ ਹਨ, ਜੋ ਪਿਸ਼ਾਬ ਰਾਹੀਂ ਬਾਹਰ ਨਿਕਲੀ ਹੈ।

ਗੁਰਦਿਆਂ ਤੇ ਪਿਸ਼ਾਬ ਦਾ ਕੀ ਸਬੰਧ ਹੈ?

ਗੁਰਦਿਆਂ ਦੀ ਬਿਮਾਰੀ ਦੇ ਕਾਰਨਾਂ ਨੂੰ ਡੂੰਘਾਈ ਨਾਲ ਸਮਝਣ ਲਈ ਬੀਬੀਸੀ ਨੇ ਨੈਫਰੋਲੋਜਿਸਟ ਡਾਕਟਰ ਸਿਧਾਰਥ ਜੈਨ ਨਾਲ ਗੱਲਬਾਤ ਕੀਤੀ।

ਪਿਸ਼ਾਬ ਅਤੇ ਗੁਰਦਿਆਂ ਦੇ ਸਬੰਧਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ, "ਪਿਸ਼ਾਬ ਗੁਰਦਿਆਂ ਵਿੱਚ ਬਣਦਾ ਹੈ। ਪਿਸ਼ਾਬ ਸਰੀਰ ਵਿੱਚੋਂ ਹਾਨੀਕਾਰਕ ਮੈਟਾਬੌਲਿਕ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਗੁਰਦੇ ਸਰੀਰ ਵਿੱਚ ਮੌਜੂਦ ਤਰਲ ਪਦਾਰਥਾਂ ਵਿੱਚੋਂ ਵਾਧੂ ਰਹਿੰਦ-ਖੂੰਹਦ ਨੂੰ ਕੱਢਣ ਦਾ ਕੰਮ ਕਰਦੇ ਹਨ।"

ਸੌਖੇ ਸ਼ਬਦਾਂ ਵਿੱਚ ਗੁਰਦੇ ਸਾਡੇ ਸਰੀਰ ਦੀ ਫਿਲਟਰ ਪ੍ਰਣਾਲੀ ਹਨ। ਗੁਰਦੇ ਖੂਨ ਵਿੱਚੋਂ ਰਹਿੰਦ-ਖੂੰਹਦ ਨੂੰ ਬਾਹਰ ਕੱਢਦੇ ਹਨ, ਜੋ ਪਿਸ਼ਾਬ ਰਾਹੀਂ ਬਾਹਰ ਨਿਕਲਦੀ ਹੈ।

ਗੁਰਦੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰੋਟੀਨੂਰੀਆ ਦੇ ਹੋਰ ਕਾਰਨ ਹਾਈ ਬਲੱਡ ਪ੍ਰੈਸ਼ਰ ਅਤੇ ਗੁਰਦੇ ਨਾਲ ਸਬੰਧਤ ਹੋਰ ਬਿਮਾਰੀਆਂ ਵੀ ਹਨ।
ਇਹ ਵੀ ਪੜ੍ਹੋ-

ਪ੍ਰੋਟੀਨੂਰੀਆ ਕੀ ਹੈ ਅਤੇ ਗੁਰਦੇ ਦੇ ਨੁਕਸਾਨ ਨੂੰ ਕਿਵੇਂ ਸਮਝੀਏ?

ਡਾਕਟਰ ਜੈਨ ਨੇ ਪ੍ਰੋਟੀਨੂਰੀਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਉਹ ਕਹਿੰਦੇ ਹਨ, "ਹਰ ਸਿਹਤਮੰਦ ਵਿਅਕਤੀ ਦਾ ਸਰੀਰ ਕੁਝ ਮਾਤਰਾ ਵਿੱਚ ਪ੍ਰੋਟੀਨ ਪਿਸ਼ਾਬ ਰਾਹੀਂ ਬਾਹਰ ਕੱਢਦਾ ਹੈ। ਪਰ ਜਦੋਂ ਇਹ ਪ੍ਰੋਟੀਨ ਸਰੀਰ ਵਿੱਚੋਂ ਵੱਡੀ ਮਾਤਰਾ ਵਿੱਚ ਬਾਹਰ ਨਿਕਲ ਜਾਂਦੇ ਹਨ, ਤਾਂ ਇਹ ਸਰੀਰ ਲਈ ਖ਼ਤਰਨਾਕ ਹੋ ਜਾਂਦੇ ਹਨ। ਇਸ ਲੀਕੇਜ ਨੂੰ ਪ੍ਰੋਟੀਨੂਰੀਆ ਕਿਹਾ ਜਾਂਦਾ ਹੈ।"

ਪ੍ਰੋਟੀਨੂਰੀਆ ਦਾ ਸਭ ਤੋਂ ਵੱਡਾ ਕਾਰਨ ਸ਼ੂਗਰ ਹੈ। ਜੇਕਰ ਕਿਸੇ ਵਿਅਕਤੀ ਨੂੰ ਜ਼ਿਆਦਾ ਸ਼ੂਗਰ ਹੈ, ਤਾਂ ਪਿਸ਼ਾਬ ਵਿੱਚ ਵੱਡੀ ਮਾਤਰਾ ਵਿੱਚ ਪ੍ਰੋਟੀਨ ਨਿਕਲਦਾ ਹੈ। ਇਸ ਤਰ੍ਹਾਂ ਵੱਧ ਸ਼ੂਗਰ ਦਾ ਪਹਿਲਾ ਲੱਛਣ ਪ੍ਰੋਟੀਨੂਰੀਆ ਹੈ।

ਪ੍ਰੋਟੀਨੂਰੀਆ ਦੇ ਹੋਰ ਕਾਰਨ ਹਾਈ ਬਲੱਡ ਪ੍ਰੈਸ਼ਰ ਅਤੇ ਗੁਰਦੇ ਨਾਲ ਸਬੰਧਤ ਹੋਰ ਬਿਮਾਰੀਆਂ ਵੀ ਹਨ।

ਪ੍ਰੋਟੀਨੂਰੀਆ ਦੇ ਲੱਛਣਾਂ ਬਾਰੇ ਗੱਲ ਕਰਦੇ ਹੋਏ, ਉਹ ਕਹਿੰਦੇ ਹਨ, "ਜੇ ਮਰੀਜ਼ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦਾ ਪਿਸ਼ਾਬ ਝੱਗ ਵਾਲਾ ਹੈ, ਤਾਂ ਇਹ ਪ੍ਰੋਟੀਨੂਰੀਆ ਦੀ ਨਿਸ਼ਾਨੀ ਹੈ।"

ਪ੍ਰੋਟੀਨੂਰੀਆ ਦੇ ਬਾਅਦ ਦੇ ਪੜਾਵਾਂ ਵਿੱਚ ਮਰੀਜ਼ਾਂ ਦੇ ਹੱਥਾਂ ਅਤੇ ਪੈਰਾਂ ਵਿੱਚ ਸੋਜ ਹੁੰਦੀ ਹੈ। ਥਕਾਵਟ, ਪੇਟ ਦਰਦ ਜਾਂ ਪੇਟ ਵਿੱਚ ਇਲਫ਼ੈਕਸ਼ ਹੋ ਸਕਦੀ ਹੈ।

ਪਿਸ਼ਾਬ ਦਾ ਰੰਗ ਅਤੇ ਗੁਰਦੇ ਦੀ ਬਿਮਾਰੀ

ਗੁਰਦੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਰਦੇ ਸਰੀਰ ਵਿੱਚੋਂ ਵਾਧੂ ਪਾਣੀ, ਲੂਣ ਅਤੇ ਯੂਰੀਆ ਬਾਹਰ ਕੱਢਦੇ ਹਨ।

ਪਿਸ਼ਾਬ ਵਿੱਚ ਪਾਣੀ, ਯੂਰੀਆ ਅਤੇ ਲੂਣ ਹੁੰਦੇ ਹਨ। ਜਦੋਂ ਸਰੀਰ ਵਿੱਚ ਅਮੀਨੋ ਐਸਿਡ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਤਾਂ ਲੀਵਰ ਵਿੱਚ ਯੂਰੀਆ ਪੈਦਾ ਹੁੰਦਾ ਹੈ।

ਆਉ ਅਸੀਂ ਯੂਰੀਆ ਨੂੰ ਸਾਡੇ ਤਰਲ ਪਦਾਰਥਾਂ ਵਿੱਚ ਮੁੱਖ ਰਹਿੰਦ-ਖੂੰਹਦ ਸਮਝੀਏ। ਇਹ ਯੂਰੀਆ ਪਿਸ਼ਾਬ ਰਾਹੀਂ ਸਰੀਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ।

ਮੈਡੀਕਲ ਜਰਨਲ ਹਾਰਵਰਡ ਹੈਲਥ ਅਨੁਸਾਰ ਪਿਸ਼ਾਬ ਵਿੱਚ ਵਾਧੂ ਪਾਣੀ ਅਤੇ ਕੂੜਾ ਹੁੰਦਾ ਹੈ। ਸਾਡੇ ਸਰੀਰ ਵਿਚਲੇ ਤਰਲ ਪਦਾਰਥ ਗੁਰਦਿਆਂ ਵੱਲੋਂ ਸਾਫ਼ ਕੀਤੇ ਜਾਂਦੇ ਹਨ ਅਤੇ ਇਹ ਖੂਨ ਵਿਚ ਸਮਾ ਜਾਂਦੇ ਹਨ। ਇਸਦਾ ਰੰਗ ਆਮ ਤੌਰ 'ਤੇ ਫਿੱਕੇ ਪੀਲੇ ਤੋਂ ਗੂੜ੍ਹੇ ਭੂਰੇ ਤੱਕ ਹੁੰਦਾ ਹੈ। ਰੰਗ 'ਤੇ ਬਹੁਤ ਸਾਰੀਆਂ ਚੀਜ਼ਾਂ ਨਿਰਭਰ ਕਰਦੀਆਂ ਹਨ।

ਡਾਕਟਰ ਜੈਨ ਨੇ ਅੱਗੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਲੱਗਦਾ ਹੈ ਕਿ ਉਸਦਾ ਪਿਸ਼ਾਬ ਲਾਲ, ਭੂਰਾ ਜਾਂ ਕੋਈ ਹੋਰ ਗੂੜਾ ਰੰਗ ਲੈਂਦਾ ਹੈ ਤਾਂ ਉਸਨੂੰ ਧਿਆਨ ਰੱਖਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਜੇਕਰ ਪਿਸ਼ਾਬ ਦੀ ਮਾਤਰਾ ਆਮ ਨਾਲੋਂ ਬਹੁਤ ਘੱਟ ਜਾਂ ਆਮ ਨਾਲੋਂ ਜ਼ਿਆਦਾ ਹੈ ਜਾਂ ਵਾਰ-ਵਾਰ ਪਿਸ਼ਾਬ ਕਰਨਾ ਪੈਂਦਾ ਹੈ ਜਾਂ ਵਿਅਕਤੀ ਨੂੰ ਪਿਸ਼ਾਬ ਕਰਨ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ ਅਤੇ ਉਹ ਇਸ ਨੂੰ ਬਿਲਕੁਲ ਵੀ ਕੰਟਰੋਲ ਨਹੀਂ ਕਰ ਸਕਦਾ ਹੈ ਤਾਂ ਗੁਰਦੇ ਦੀ ਸਮੱਸਿਆ ਹੋਣ ਦੀ ਸੰਭਾਵਨਾ ਹੈ।

ਗੁਰਦੇ ਦਾ ਅਸਲ ਕੀ ਕੰਮ ਹੈ?

ਗੁਰਦੇ ਸਰੀਰ ਦਾ ਇੱਕ ਜ਼ਰੂਰੀ ਅੰਗ ਹਨ ਅਤੇ ਇਸ ਦੇ ਕਈ ਕੰਮ ਹੁੰਦੇ ਹਨ।

ਜਿਵੇਂ ਕਿ, ਇਹ ਤੁਹਾਡੇ ਸਰੀਰ ਵਿੱਚ ਖਣਿਜ ਅਤੇ ਇਲੈਕਟ੍ਰੋਲਾਈਟਸ, ਜਿਵੇਂ ਕਿ ਕੈਲਸ਼ੀਅਮ, ਸੋਡੀਅਮ, ਅਤੇ ਪੋਟਾਸ਼ੀਅਮ ਦਾ ਇੱਕ ਸਿਹਤਮੰਦ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ।

ਉਹ ਲਾਲ ਲਹੂ ਦੇ ਸੈੱਲਾਂ ਦੇ ਗਠਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਤੁਹਾਡੇ ਖੂਨ ਦੇ ਨਾਜ਼ੁਕ ਐਸਿਡ-ਬੇਸ ਦਾ ਸੰਤੁਲਨ ਕਾਇਮ ਰੱਖਦੇ ਹਨ। ਸਾਡੇ ਸਰੀਰ ਵਿੱਚੋਂ ਗੰਦ ਨੂੰ ਤਰਲ ਰੂਪ ਵਿੱਚ ਬਾਹਰ ਕੱਢਦੇ ਹਨ।

ਗੁਰਦੇ ਸਰੀਰ ਵਿੱਚੋਂ ਵਾਧੂ ਪਾਣੀ, ਲੂਣ ਅਤੇ ਯੂਰੀਆ ਬਾਹਰ ਕੱਢਦੇ ਹਨ।

ਸਾਡੇ ਸਰੀਰ ਵਿੱਚ ਖੂਨ ਵੱਧ ਦਬਾਅ 'ਤੇ ਜਾ ਕੇ ਸ਼ੁੱਧ ਹੁੰਦਾ ਹੈ। ਇਹ ਖੂਨ ਗੁਰਦੇ ਵਿੱਚ ਦਾਖਲ ਹੁੰਦਾ ਹੈ ਅਤੇ ਗੁਰਦੇ ਵਿੱਚੋਂ ਗੁਲੂਕੋਜ਼, ਲਾਭਦਾਇਕ ਲੂਣ ਅਤੇ ਪਾਣੀ ਵਰਗੇ ਉਪਯੋਗੀ ਪਦਾਰਥਾਂ ਨੂੰ ਮੁੜ ਸੋਖ ਲੈਂਦਾ ਹੈ। ਖੂਨ ਦੇ ਸ਼ੁੱਧ ਹੋਣ ਤੋਂ ਬਾਅਦ ਇਹ ਨਾੜੀਆਂ ਰਾਹੀਂ ਸੰਚਾਰ ਪ੍ਰਣਾਲੀ ਵਿੱਚ ਵਾਪਸ ਆ ਜਾਂਦਾ ਹੈ।

ਗੁਰਦੇ ਸਰੀਰ ਵਿੱਚ ਪਾਣੀ ਦਾ ਸੰਤੁਲਨ ਬਣਾਏ ਰੱਖਣ ਵਿੱਚ ਮਦਦ ਕਰਦੇ ਹਨ।

ਸ਼ੂਗਰ, ਬਲੱਡ ਸ਼ੂਗਰ ਦਾ ਪੱਧਰ ਵਧਾਉਂਦਾ ਹੈ। ਦੁਨੀਆ ਭਰ ਵਿੱਚ 41.5 ਮਿਲੀਅਨ ਤੋਂ ਵੱਧ ਲੋਕ ਸ਼ੂਗਰ ਤੋਂ ਪੀੜਤ ਹਨ।

ਸ਼ੂਗਰ ਗੁਰਦੇ ਫੇਲ੍ਹ ਹੋਣ ਦਾ ਇੱਕ ਮੁੱਖ ਕਾਰਨ ਹੈ। ਸ਼ੂਗਰ ਵਾਲੇ ਲਗਭਗ 40 ਪ੍ਰਤੀਸ਼ਤ ਲੋਕਾਂ ਨੂੰ ਆਖਿਰ ਵਿੱਚ ਗੁਰਦੇ ਦੀ ਬਿਮਾਰੀ ਹੋ ਜਾਂਦੀ ਹੈ।

ਗੁਰਦੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੰਭੀਰ ਗੁਰਦੇ ਦੀ ਬਿਮਾਰੀ ਦੇ ਲੱਛਣ ਸਮੇਂ-ਸਮੇਂ ਵਿਕਸਤ ਹੁੰਦੇ ਹਨ ਅਤੇ ਹੌਲੀ-ਹੌਲੀ ਗੁਰਦਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਗੁਰਦੇ ਦੀਆਂ ਗੰਭੀਰ ਬਿਮਾਰੀਆਂ ਕਿਹੜੀਆਂ ਹਨ?

ਗੁਰਦੇ ਦੀ ਬਿਮਾਰੀ ਦੇ ਸਭ ਤੋਂ ਆਮ ਕਾਰਨਾਂ ਵਿੱਚ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਸ਼ਾਮਿਲ ਹਨ।

ਹਰੇਕ ਗੁਰਦੇ ਵਿੱਚ ਲਗਭਗ 1 ਮਿਲੀਅਨ ਛੋਟੇ ਫਿਲਟਰਿੰਗ ਯੂਨਿਟ ਹੁੰਦੇ ਹਨ ਜਿਨ੍ਹਾਂ ਨੂੰ ਨੇਫਰੋਨ ਕਿਹਾ ਜਾਂਦਾ ਹੈ।

ਕੋਈ ਵੀ ਚੀਜ਼ ਜੋ ਨੈਫਰੋਨ ਨੂੰ ਪ੍ਰਭਾਵਿਤ ਕਰਦੀ ਹੈ, ਉਹ ਗੁਰਦੇ ਦੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ।

ਹਾਈ ਬਲੱਡ ਪ੍ਰੈਸ਼ਰ ਦਿਮਾਗ, ਗੁਰਦਿਆਂ, ਦਿਲ ਅਤੇ ਖੂਨ ਦੀਆਂ ਨਾੜੀਆਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।

ਗੁਰਦਿਆਂ ਵਿੱਚ ਬਹੁਤ ਸਾਰੀਆਂ ਖੂਨ ਦੀਆਂ ਨਾੜੀਆਂ ਹਨ। ਇਸ ਲਈ ਖੂਨ ਦੀਆਂ ਨਾੜੀਆਂ ਦੀਆਂ ਬਿਮਾਰੀਆਂ ਆਮ ਤੌਰ 'ਤੇ ਸਾਡੇ ਗੁਰਦਿਆਂ ਲਈ ਵੀ ਖਤਰਨਾਕ ਹੁੰਦੀਆਂ ਹਨ।

ਕ੍ਰੋਨਿਕ ਕਿਡਨੀ ਡਿਜ਼ੀਜ਼ (ਜਿਸ ਨੂੰ ਕ੍ਰੋਨਿਕ ਕਿਡਨੀ ਫੇਲ੍ਹ ਵੀ ਕਿਹਾ ਜਾਂਦਾ ਹੈ) ਦਾ ਮਤਲਬ ਹੈ ਕਿ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਹਨ।

ਗੰਭੀਰ ਗੁਰਦੇ ਦੀ ਬਿਮਾਰੀ ਦੇ ਲੱਛਣ ਸਮੇਂ- ਸਮੇਂ ਵਿਕਸਤ ਹੁੰਦੇ ਹਨ ਅਤੇ ਹੌਲੀ-ਹੌਲੀ ਗੁਰਦਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਇਹਨਾਂ ਲੱਛਣਾਂ ਵਿੱਚ ਉਲਟੀਆਂ, ਭੁੱਖ ਨਾ ਲੱਗਣਾ, ਥਕਾਵਟ, ਕਮਜ਼ੋਰੀ, ਨੀਂਦ ਦੀ ਸਮੱਸਿਆ, ਪਿਸ਼ਾਬ ਵਿੱਚ ਤਬਦੀਲੀਆਂ, ਉਦਾਸੀ, ਮਾਸਪੇਸ਼ੀਆਂ ਵਿੱਚ ਦਰਦ ਅਤੇ ਹੱਥਾਂ ਦੀ ਸੋਜ ਸ਼ਾਮਲ ਹਨ।

ਗੁਰਦੇ ਦੀ ਗੰਭੀਰ ਬਿਮਾਰੀ ਸਮੇਂ ਦੇ ਨਾਲ ਵਧਦੀ ਜਾਂਦੀ ਹੈ ਅਤੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)