ਦਵਾਰਕਾ ਮੰਦਿਰ ਕਿਥੇ ਹੈ, 'ਕ੍ਰਿਸ਼ਨਨਗਰੀ' ਕਦੋਂ ਡੁੱਬੀ? ਪੁਰਾਤੱਤਵ ਵਿਗਿਆਨੀਆਂ ਨੂੰ ਹੁਣ ਤੱਕ ਕੀ-ਕੀ ਪਤਾ ਹੈ

ਭਗਵਾਨ ਕ੍ਰਿਸ਼ਨ ਦੇ ਪ੍ਰਲੋਕ ਸਿਧਾਰਨ ਮਗਰੋਂ ਦਵਾਰਕਾ ਨਗਰੀ ਡੁੱਬ ਗਈ ਸੀ। ਉਸ ਤੋਂ ਬਾਅਦ 'ਸੱਭਿਆਚਾਰਕ ਯਾਦ' ਦੇ ਤੌਰ 'ਤੇ ਇਸ ਨੂੰ ਪੰਜ ਵਾਰ ਬਣਾਇਆ ਗਿਆ ਅਤੇ ਨਸ਼ਟ ਕੀਤਾ ਗਿਆ ਸੀ। ਪਰ ਇਸ ਬਾਰੇ ਕੋਈ ਵਿਗਿਆਨਕ ਜਾਂ ਪੁਰਾਤੱਤਵ ਪ੍ਰਮਾਣ ਨਹੀਂ ਸਨ। ਇਸ ਤੋਂ ਇਲਾਵਾ ਇਹ ਵੀ ਬਹਿਸ ਚੱਲ ਰਹੀ ਸੀ ਕਿ ਕੀ ਮੌਜੂਦਾ ਨਗਰ ਦਵਾਰਕਾ ਹੀ ਹੈ ਜਾਂ ਉਹ ਕਿਤੇ ਹੋਰ ਹੈ।
ਮੌਜੂਦਾ ਦਵਾਰਕਾ ਸ਼ਹਿਰ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਪ੍ਰਚਲਿਤ ਵਿਰੋਧੀ ਪਰੰਪਰਾਵਾਂ ਅਤੇ ਮੰਦਰਾਂ ਦੇ ਖੰਡਰ ਨੇ ਵੀ ਇਸ ਬਹਿਸ ਨੂੰ ਹੋਰ ਤੇਜ਼ ਕੀਤਾ।
ਹਾਲਾਂਕਿ, ਅਜ਼ਾਦੀ ਤੋਂ ਬਾਅਦ ਮੌਜੂਦਾ ਦਵਾਰਕਾ ਨਗਰੀ ਵਿਖੇ ਹੋਈਆਂ ਖੁਦਾਈਆਂ ਨੇ ਪ੍ਰਾਚੀਨ ਸ਼ਹਿਰ ਬਾਰੇ ਲੋਕ ਪ੍ਰਸਿੱਧ ਵਿਸ਼ਵਾਸਾਂ ਨੂੰ ਇੱਕ ਨਵਾਂ ਸਮਰਥਨ ਦਿੱਤਾ ਹੈ।
ਪੁਰਾਤੱਤਵ-ਵਿਗਿਆਨੀਆਂ ਨੂੰ ਨਵੇਂ ਸਿਰੇ ਤੋਂ ਸੋਚਣ ਅਤੇ ਖੁਦਾਈ ਕਰਨ ਦਾ ਮੌਕਾ ਮਿਲਿਆ, ਜੋ ਕਿ ਸ਼ੁਰੂ ਜ਼ਮੀਨ ਤੋਂ ਹੋਇਆ ਅਤੇ ਸਮੁੰਦਰ ਤੱਕ ਫੈਲ ਗਿਆ।

ਡਾ. ਚੈਨਿਆ ਵੱਲੋਂ ਕੀਤੀ ਖੁਦਾਈ ਅਤੇ ਖੋਜ
1947 ਵਿੱਚ ਪੁਰਾਤੱਤਵ ਸਥਾਨਾਂ ਦੇ ਨਾਲ ਹੀ ਦੇਸ਼ ਵੰਡਿਆ ਗਿਆ ਸੀ। ਹੜੱਪਾ ਸਭਿਅਤਾ ਦੇ ਬਹੁਤ ਸਾਰੇ ਮਹੱਤਵਪੂਰਨ ਸਥਾਨ ਪਾਕਿਸਤਾਨ ਵਿੱਚ ਚਲੇ ਗਏ ਅਤੇ ਭਾਰਤ ਦੇ ਪੁਰਾਤੱਤਵ ਵਿਗਿਆਨੀਆਂ ਨੇ ਮੌਜੂਦਾ ਖੇਤਰ ਵਿੱਚ ਅਹਿਮ ਪੁਰਾਤੱਤਵ ਸਥਾਨਾਂ ਦੀ ਖੋਜ ਕੀਤੀ।
ਭਾਰਤੀ ਪੁਰਾਤੱਤਵ ਸਰਵੇਖਣ ਨੇ ਭਾਰਤ ਦੀਆਂ ਇਤਿਹਾਸਕ ਇਮਾਰਤਾਂ, ਪ੍ਰਾਚੀਨ ਖੰਡਰਾਂ, ਲੋਕ-ਕਥਾਵਾਂ ਅਤੇ ਪ੍ਰਾਚੀਨ ਲਿਖਤਾਂ ਦੀ ਵੀ ਨਵੇਂ ਸਿਰੇ ਤੋਂ ਖੋਜ ਕੀਤੀ।
1960 ਵਿੱਚ ਗੁਜਰਾਤ ਅਤੇ ਮਹਾਰਾਸ਼ਟਰ ਦੇ ਵੱਖ ਹੋਣ ਦੇ 3 ਸਾਲਾਂ ਵਿਚਾਲੇ ਡੇਕਨ ਕਾਲਜ, ਪੁਣੇ ਦੇ ਡਾ: ਹਸਮੁਖ ਚੈਨਿਆ ਦੀ ਅਗਵਾਈ ਵਿੱਚ ਦਵਾਰਕਾ ਵਿਖੇ ਇੱਕ ਸ਼ਾਨਦਾਰ ਮੁਹਿੰਮ ਚਲਾਈ ਗਈ ਸੀ। ਇਸ ਵਿੱਚ ਗੁਜਰਾਤ ਦੇ ਪੁਰਾਤੱਤਵ ਵਿਗਿਆਨ ਨਾਲ ਸਬੰਧਤ ਇੱਕ ਖਾਤਾ ਵੀ ਜੋੜਿਆ ਗਿਆ ਸੀ।
ਪੁਣੇ ਕਾਲਜ ਵੱਲੋਂ ਇਸ ਖੋਜ ਬਾਰੇ ਦੱਸਦੀ ਕਿਤਾਬ ‘ਦਵਾਰਕਾ ਵਿਖੇ ਖੁਦਾਈ’ ਵੀ ਪ੍ਰਕਾਸ਼ਿਤ ਕੀਤੀ ਗਈ ਸੀ। ਪਹਿਲੇ ਅਧਿਆਏ ਵਿੱਚ, ਡਾ. ਚੈਨਿਆ (ਪੰਨੇ 8 ਤੋਂ 17 ਤੱਕ) ਲਿਖਦੇ ਹਨ:
ਪੁਰਾਤੱਤਵ ਵਿਗਿਆਨੀਆਂ ਵੱਲੋਂ ਦਵਾਰਕਾ ਵਿਖੇ ਖੁਦਾਈ ਕਰਨ ਤੋਂ ਪਹਿਲਾਂ ਡਾ. ਜੈਅੰਤੀਲਾਲ ਠਾਕਰ ਨਾਮ ਦੇ ਇੱਕ ਸਥਾਨਕ ਨੇ ਆਪਣੇ ਤੌਰ 'ਤੇ ਦਵਾਰਕਾ ਅਤੇ ਇਸ ਦੇ ਆਲੇ ਦੁਆਲੇ ਦੀ ਜ਼ਮੀਨ ਦਾ ਬਾਰੀਕੀ ਨਾਲ ਅਧਿਐਨ ਕੀਤਾ ਸੀ।
ਡਾ. ਠਾਕਰ ਵੱਲੋਂ ਕੀਤੇ ਅਧਿਐਨ ਅਤੇ ਸਿੱਟੇ ਅਨੁਸਾਰ, ਜੇਕਰ ਧਿਆਨ ਨਾਲ 35-40 ਫੁੱਟ ਦੀ ਡੂੰਘਾਈ ਤੱਕ ਖੁਦਾਈ ਕੀਤੀ ਜਾਵੇ ਅਤੇ ਪਦਵਾਰ ਨੂੰ ਖੋਲ੍ਹਿਆ ਜਾਵੇ, ਤਾਂ ਦਵਾਰਕਾਧੀਸ਼ ਮੰਦਰ ਦੇ ਆਲੇ-ਦੁਆਲੇ ਮਹੱਤਵਪੂਰਨ ਪਗੋਡਾ ਪਾਏ ਜਾ ਸਕਦੇ ਹਨ। ਡਾ. ਚੈਨਿਆ ਨੂੰ ਇਹ ਸਿੱਟਾ ਤਰਕਪੂਰਨ ਲੱਗਿਆ।

ਜਗਤ ਮੰਦਿਰ ਨੇੜੇ ਖੁਦਾਈ
ਡਾ. ਚੈਨਿਆ ਨੇ ਉਪਰੋਕਤ ਕਿਤਾਬ ਵਿੱਚ ਖੁਦਾਈ ਅਤੇ ਇਸ ਵਿੱਚ ਆ ਰਹੀਆਂ ਰੁਕਾਵਟਾਂ ਦਾ ਵੀ ਜ਼ਿਕਰ ਕੀਤਾ ਹੈ। ਇਸ ਦੇ ਮੁਤਾਬਕ ਉਪਾਧਿਆਏ ਪਰਿਵਾਰ ਦਾ ਘਰ ਮੰਦਰ ਦੇ ਉੱਤਰ-ਪੱਛਮ ਦਿਸ਼ਾ ਵਿੱਚ ਪਾਇਆ ਗਿਆ, ਜੋ ਕਿ ਬਿਲਕੁਲ ਮੰਦਰ ਵਾਂਗ ਆਲੇ-ਦੁਆਲੇ ਦੇ ਖੇਤਰ ਤੋਂ ਥੋੜ੍ਹਾ ਉੱਚਾ ਸੀ। ਖੁਦਾਈ ਵਾਲੀ ਥਾਂ ਅਤੇ ਜਗਤ ਮੰਦਿਰ ਦੇ ਵਿਚਕਾਰ ਸਿਰਫ਼ ਇੱਕ ਗਲੀ ਸੀ, ਇਸ ਲਈ ਖੁਦਾਈ ਦੌਰਾਨ ਉੱਥੇ ਸਬੂਤ ਮਿਲਣ ਦੀ ਪੂਰੀ ਸੰਭਾਵਨਾ ਸੀ।
ਹਾਲਾਂਕਿ, ਇਸ ਵਿੱਚ ਕੁਝ ਸਮੱਸਿਆਵਾਂ ਵੀ ਸਨ। ਇਸ ਘਰ ਦੀ ਗਲੀ ਬਹੁਤ ਹੀ ਭੀੜੀ ਸੀ ਅਤੇ ਖੋਜ ਲਈ ਉੱਥੇ ਇੱਕ ਡੂੰਘਾ ਟੋਆ ਪੁੱਟਣਾ ਪੈਂਦਾ ਸੀ ਤਾਂ ਜੋ ਕੋਈ ਵਿਅਕਤੀ ਹੇਠਾਂ ਉਤਰ ਸਕੇ। ਆਲੇ-ਦੁਆਲੇ ਦੇ ਕਈ ਘਰਾਂ 'ਚ ਸੀਮਿੰਟ ਜਾਂ ਚੂਨੇ ਨਾਲ ਪਲਸਤਰ ਨਹੀਂ ਕੀਤਾ ਗਿਆ ਸੀ।
ਪੁਰਾਤੱਤਵ ਵਿਗਿਆਨੀਆਂ ਨੂੰ ਇਹ ਧਿਆਨ ਰੱਖਣਾ ਪੈਂਦਾ ਸੀ ਕਿ ਆਲੇ-ਦੁਆਲੇ ਦੇ ਘਰਾਂ ਨੂੰ ਨੁਕਸਾਨ ਨਾ ਪਹੁੰਚੇ, ਵਸਨੀਕ ਸੁਰੱਖਿਅਤ ਢੰਗ ਨਾਲ ਆ-ਜਾ ਸਕਣ, ਮਜ਼ਦੂਰ ਜਾਂ ਖੋਜੀ ਜ਼ਮੀਨ ਖਿਸਕਣ ਨਾਲ ਦੱਬੇ ਨਾ ਜਾਣ ਜਾਂ ਖੋਜ ਵਾਲੀ ਥਾਂ ਨੁਕਸਾਨੀ ਨਾ ਜਾਵੇ। ਇਹਨਾਂ ਸੀਮਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਖੋਜਕਰਤਾ ਉਪਲਬਧ ਜ਼ਮੀਨ ਤੋਂ 25 x 20 ਫੁੱਟ ਦੇ ਖੇਤਰ ਵਿੱਚ ਖੋਜ ਕਰ ਸਕਦੇ ਸਨ।

ਤਸਵੀਰ ਸਰੋਤ, Youtube Grab
ਪਰ ਜਦੋਂ ਖੁਦਾਈ ਦੌਰਾਨ ਪਰਤਾਂ ਉਖੜਨੀਆਂ ਸ਼ੁਰੂ ਹੋ ਗਈਆਂ ਤਾਂ ਰੇਤ ਦੀ ਗੁਣਵੱਤਾ ਨੂੰ ਦੇਖਦੇ ਹੋਏ ਖੋਜੀਆਂ ਨੇ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਸਿਰਫ 10 x 10 ਫੁੱਟ ਦੀ ਖੁਦਾਈ ਕਰਨ ਦਾ ਫੈਸਲਾ ਕੀਤਾ। 20 ਫੁੱਟ ਤੱਕ ਖੁਦਾਈ ਕਰਨ ਮਗਰੋਂ, ਖੋਜ ਵਾਲੀ ਥਾਂ ਨੂੰ 6 X 6 ਫੁੱਟ ਤੱਕ ਭੀੜਾ ਕਰ ਦਿੱਤਾ ਗਿਆ ਅਤੇ ਮਿੱਟੀ ਨੂੰ ਡਿੱਗਣ ਤੋਂ ਰੋਕਣ ਲਈ ਲੱਕੜ ਦੇ ਤਖਤਿਆਂ ਦੀ ਵਰਤੋਂ ਕੀਤੀ ਗਈ ਸੀ।
ਅਜਿਹਾ ਕਰਦੇ ਹੋਏ, ਖੋਜੀ ਕਰੀਬ 38 ਫੁੱਟ ਦੀ ਡੂੰਘਾਈ ਤੱਕ ਪਹੁੰਚ ਗਏ, ਜਿੱਥੇ ਪੱਥਰੀਲੀ ਜ਼ਮੀਨ ਅਤੇ ਉਸੇ ਸਮੇਂ ਦੇ ਸਮੁੰਦਰ ਦਾ ਪੱਧਰ ਵੀ ਸੀ।
ਸੱਤ ਪਰਤਾਂ, ਪੰਜ ਯੁੱਗ
'ਜਿੱਥੇ ਕੋਈ ਧਾਰਮਿਕ ਸਥਾਨ ਤਬਾਹ ਹੋ ਗਿਆ ਹੈ, ਉਸ ਨੂੰ ਦੁਬਾਰਾ ਬਣਾਇਆ ਜਾਣਾ ਚਾਹੀਦਾ ਹੈ', ਇਸ ਵਿਸ਼ਵਾਸ ਨੇ ਹੀ ਖੋਜੀਆਂ ਨੂੰ ਮੰਦਰ ਦੇ ਆਲੇ-ਦੁਆਲੇ ਉੱਚੇ ਖੇਤਰ ਵਿੱਚ ਖੋਜ ਵਾਲੀਆਂ ਥਾਵਾਂ ਖੋਲ੍ਹਣ ਲਈ ਪ੍ਰੇਰਿਤ ਕੀਤਾ।
ਇਸ ਨੂੰ ਇੱਕ ਉਦਾਹਰਣ ਨਾਲ ਸਮਝਦੇ ਹਾਂ।
ਜੇਕਰ ਇੱਕ ਕਿਤਾਬ 1 ਤੋਂ 7 ਭਾਗਾਂ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ, ਤਾਂ ਇੱਕ ਤੋਂ ਸੱਤ ਕਿਤਾਬਾਂ ਜਦ ਮੇਜ਼ ਉੱਤੇ ਰੱਖੀਆਂ ਜਾਂਦੀਆਂ ਹਨ, ਪਹਿਲਾ ਭਾਗ ਸਭ ਤੋਂ ਹੇਠਾਂ, ਫਿਰ ਦੂਜਾ ਅਤੇ ਇਸ ਦੇ ਉੱਪਰ ਤੀਜਾ ਭਾਗ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਸਭ ਤੋਂ ਉਪਰ ਰੱਖਿਆ ਗਿਆ ਭਾਗ ਹਾਲ ਹੀ 'ਚ ਪ੍ਰਕਾਸ਼ਿਤ ਕੀਤਾ ਗਿਆ ਭਾਗ ਹੋਵੇਗਾ, ਜਦੋਂ ਕਿ ਪਹਿਲਾ ਭਾਗ ਸਭ ਤੋਂ ਪੁਰਾਣਾ ਹੈ।
ਖੁਦਾਈ ਦੌਰਾਨ ਮਿਲੀ ਸੱਤਵੀਂ ਪਰਤ ਪਹਿਲੇ ਦੌਰ ਦੀ ਹੈ, ਜੋ ਕਿ ਪਹਿਲੀ ਜਾਂ ਦੂਜੀ ਸਦੀ ਈਸਾ ਪੂਰਵ ਦੀ ਹੈ। ਉਹ ਪਰਤ ਤਕਰੀਬਨ ਪੰਜ ਮੀਟਰ ਮੋਟੀ ਸੀ। ਖੁਦਾਈ ਦੌਰਾਨ ਪੇਂਟ ਕੀਤੇ ਮਿੱਟੀ ਦੇ ਭਾਂਡੇ, ਲੱਕੜ , ਲੱਕੜ ਦੀਆਂ ਚੂੜੀਆਂ ਅਤੇ ਲੋਹੇ ਦਾ ਇੱਕ ਟੁਕੜਾ ਵੀ ਮਿਲਿਆ।
ਉਸ ਤੋਂ ਅਗਲੀ ਪਰਤ ਲਗਭਗ ਢਾਈ ਮੀਟਰ ਮੋਟੀ ਸੀ, ਜੋ ਚੌਥੀ ਸਦੀ ਈਸਾ ਪੂਰਵ ਦੀ ਹੈ। ਮਿੱਟੀ ਦੇ ਭਾਂਡਿਆਂ ਤੋਂ ਇਲਾਵਾ ਪਾਲਿਸ਼ ਕੀਤੇ ਭਾਂਡੇ ਅਤੇ ਘੜੇ ਵੀ ਮਿਲੇ ਸਨ। ਉਸ ਸਮੇਂ ਪੱਛਮੀ ਭਾਰਤ ਦੇ ਬੰਦਰਗਾਹ ਖੇਤਰਾਂ ਵਿੱਚ ਅਜਿਹੀਆਂ ਵਸਤੂਆਂ ਦੀ ਵਰਤੋਂ ਵੱਡੇ ਪੱਧਰ 'ਤੇ ਹੁੰਦੀ ਸੀ। ਸ਼ਰਾਬ ਅਤੇ ਤੇਲ ਦੀ ਢੋਆ-ਢੁਆਈ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਅਵਸ਼ੇਸ਼ ਇਸ ਗੱਲ ਵੱਲ ਇਸ਼ਾਰਾ ਕਰਦੇ ਸਨ ਕਿ ਉਸ ਸਮੇਂ ਦੌਰਾਨ ਉੱਥੇ ਮਨੁੱਖ ਰਹਿੰਦੇ ਸਨ।

ਪੁਰਾਤੱਤਵ ਵਿਗਿਆਨੀ ਅੰਦਾਜ਼ਾ ਲਗਾਉਂਦੇ ਹਨ ਕਿ ਬਾਅਦ ਦੇ ਕਾਲਖੰਡ 'ਚ ਮਿਲੇ ਪੱਥਰ ਦੀ ਨਕਾਸ਼ੀ ਦੇ ਅਵਸ਼ੇਸ਼ਾਂ ਦਾ ਇੱਥੋਂ ਦੇ ਪੁਰਾਣੇ ਮੰਦਰ ਨਾਲ ਸਬੰਧਤ ਹੋਣਾ ਸੰਭਵ ਹੈ।
ਇਸ ਤੋਂ ਉਪਰਲੀਆਂ ਦੋਵਾਂ ਪਰਤਾਂ ਵਿੱਚ ਬਹੁਤ ਘੱਟ ਅਤੇ ਆਮ ਅੰਤਰ ਸੀ। ਚੌਥੀ ਪਰਤ ਵਿੱਚ ਕੋਈ ਵੀ ਪੌਲੀਕ੍ਰੋਮ ਚੂੜੀਆਂ ਨਹੀਂ ਸਨ। ਜਿਸ ਨੇ ਇਸ ਨੂੰ ਹੇਠਲੀ ਪੰਜਵੀਂ ਪਰਤ ਤੋਂ ਵੱਖ ਕਰ ਦਿੱਤਾ।
ਅਗਲੀਆਂ ਤਿੰਨ ਪਰਤਾਂ ਵਿੱਚ ਗੁਜਰਾਤ ਸਲਤਨਤ ਦੇ ਸਮੇਂ ਦੇ ਸਿੱਕੇ, ਪੌਲੀਕ੍ਰੋਮ ਕੱਚ ਦੀਆਂ ਚੂੜੀਆਂ ਅਤੇ ਚਮਕਦਾਰ ਭਾਂਡੇ ਪ੍ਰਾਪਤ ਹੋਏ, ਜੋ ਲਗਭਗ ਆਧੁਨਿਕ ਕਾਲ ਤੱਕ ਫੈਲਿਆ ਹੋਇਆ ਹੈ।
ਕੱਚ ਦੀਆਂ ਚੂੜੀਆਂ ਅਤੇ ਚਮਕਦਾਰ ਭਾਂਡੇ ਇਸਲਾਮੀ ਯੁੱਗ ਨਾਲ ਜੁੜੇ ਹੋਏ ਹਨ। ਖੋਜਕਰਤਾਵਾਂ ਦਾ ਮੰਨਣਾ ਹੈ ਕਿ 10ਵੀਂ ਸਦੀ ਦੌਰਾਨ ਓਖਮੰਡਲ ਅਤੇ ਇਸ ਦੇ ਨੇੜੇ ਰਹਿੰਦੇ ਲੋਕ ਭੂਮੱਧ ਸਾਗਰ ਖੇਤਰ ਦੇ ਲੋਕਾਂ ਨਾਲ ਸਮੁੰਦਰੀ ਰਸਤੇ ਰਾਹੀਂ ਵਪਾਰ ਕਰਦੇ ਸਨ, ਇਸ ਲਈ ਇਹ ਸਮਾਨ ਇੱਥੇ ਪਹੁੰਚਿਆ ਹੋ ਸਕਦਾ ਹੈ।
ਖੁਦਾਈ ਦੌਰਾਨ ਮਿਲੇ ਕੋਈ ਵੀ ਨਮੂਨੇ ਜਾਂ ਤਾਂ ਘੱਟ ਸਨ ਜਾਂ ਸਮੁੰਦਰੀ ਪਾਣੀ ਦੇ ਸੰਪਰਕ ਵਿੱਚ ਆਉਣ ਕਾਰਨ ਖ਼ਰਾਬ ਹੋ ਗਏ ਸਨ, ਜਿਸ ਕਾਰਨ ਪੁਰਾਤੱਤਵ ਵਿਗਿਆਨਕ ਤੌਰ 'ਤੇ ਉਨ੍ਹਾਂ ਦੀ ਤਾਰੀਖ ਦੱਸਣਾ ਮੁਸ਼ਕਲ ਹੋ ਗਿਆ ਸੀ।
ਦਵਾਰਕਾ ਦੀ ਰਚਨਾ ਅਤੇ ਖੰਡਨ

ਸਾਲ 1980 ਦੇ ਕਰੀਬ ਐੱਸ.ਆਰ. ਰਾਓ ਦੀ ਅਗਵਾਈ 'ਚ ਏ.ਐੱਸ.ਆਈ.ਏ (ਭਾਰਤੀ ਪੁਰਾਤੱਤਵ ਸਰਵੇਖਣ) ਨੇ ਮੰਦਰ ਪਰਿਸਰ 'ਚ ਖੋਜ ਕਾਰਜ ਕੀਤਾ ਸੀ। ਅੱਗੇ ਦੀ ਖੋਜ ਦਾ ਵਿਸਥਾਰ ਸਮੁੰਦਰੀ ਤਲ ਤੱਕ ਹੋਇਆ।
ਰਾਓ ਨੇ ਆਪਣੀ ਕਿਤਾਬ ਸਮੁੰਦਰੀ ਪੁਰਾਤੱਤਵ ਵਿਗਿਆਨ (ਪੰਨਾ 50-54) ਵਿੱਚ ਦਵਾਰਕਾ ਦੇ ਟੁਕੜਿਆਂ ਦੀ ਗਿਣਤੀ ਅਤੇ ਉਸ ਸਮੇਂ ਦੇ ਸਬੂਤਾਂ ਬਾਰੇ ਚਾਨਣਾ ਪਾਇਆ ਹੈ। ਉਸ ਅਨੁਸਾਰ ਸਭ ਤੋਂ ਪਹਿਲਾਂ ਦਵਾਰਕਾ 14 - 15ਵੀਂ ਸਦੀ ਈਸਾ ਪੂਰਵ ਵਿੱਚ ਸਮੁੰਦਰ ਵਿੱਚ ਡੁੱਬ ਕੇ ਤਬਾਹ ਹੋ ਗਿਆ ਸੀ। ਉਸ ਯੁੱਗ ਦੇ ਸਬੂਤ ਵਜੋਂ, ਖੋਜੀਆਂ ਨੂੰ ਇੱਕ ਚਮਕਦਾ ਹੋਇਆ ਲਾਲ ਭਾਂਡਾ ਮਿਲਿਆ।
10ਵੀਂ ਸਦੀ ਈਸਾ ਪੂਰਵ ਦੀ ਇੱਕ ਹੋਰ ਬਸਤੀ ਵੀ ਸਮੁੰਦਰ ਵਿੱਚ ਡੁੱਬ ਗਈ ਸੀ। ਉਸ ਤੋਂ ਬਾਅਦ ਈਸਾ ਤੋਂ ਪਹਿਲਾਂ ਕਸ਼ਤਰਪ ਕਾਲ ਜਾਂ ਈਸਾ ਦੀ ਪਹਿਲੀ ਸਦੀ ਦੌਰਾਨ ਇੱਥੇ ਤੀਜੀ ਬਸਤੀ ਦੀ ਸਥਾਪਨਾ ਕੀਤੀ ਗਈ ਸੀ। ਉਸ ਕਾਲ ਦੇ ਲਾਲ ਪਾਲਿਸ਼ ਵਾਲੇ ਭਾਂਡੇ ਅਤੇ ਕਸ਼ਤਰਪ ਕਾਲ ਦੇ ਸਿੱਕੇ ਵੀ ਇੱਥੇ ਮਿਲੇ ਹਨ। ਇਸ ਸਮੇਂ ਦੌਰਾਨ ਹੀ ਪਹਿਲਾ ਮੰਦਰ ਹੋਂਦ ਵਿੱਚ ਆਇਆ ਸੀ।
ਮੰਦਰ ਦੇ ਪੱਥਰ 'ਤੇ ਚੂਨੇ ਨਾਲ ਪਲਸਤਰ ਕੀਤਾ ਗਿਆ ਸੀ, ਜਿਸ 'ਤੇ ਕੁਝ ਚਿੱਤਰਕਾਰੀ ਵੀ ਦਿਖਾਈ ਦਿੰਦੀ ਹੈ। ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੰਦਰ ਦਾ ਥੜ੍ਹਾ ਉਸ ਸਮੇਂ ਜ਼ਮੀਨੀ ਪੱਧਰ ਤੋਂ ਉੱਪਰ ਰਿਹਾ ਹੋਵੇਗਾ, ਜਿਸ ਕਰਕੇ ਲੋਕ ਇਸ ਦੇ ਦਰਸ਼ਨ ਕਰਦੇ ਹੋਣਗੇ।
ਹੋ ਸਕਦਾ ਹੈ ਪਹਿਲੇ ਮੰਦਿਰ ਦੇ ਖੰਡਰਾਂ 'ਤੇ ਸ਼ਾਇਦ ਦੂਜਾ ਮੰਦਰ ਹੋਂਦ ਵਿਚ ਆਇਆ ਹੋਵੇ ਅਤੇ ਇਹ ਵੀ ਡੁੱਬ ਗਿਆ ਹੋਵੇ। ਐਸ.ਆਰ. ਰਾਓ ਨੇ ਆਪਣੀ ਕਿਤਾਬ ਵਿੱਚ ਦੱਸਿਆ ਹੈ ਕਿ ਇਹ ਮੰਦਿਰ ਤੀਜੀ ਅਤੇ 7ਵੀਂ ਸਦੀ ਵਿਚਾਲੇ ਹੋਂਦ ਵਿੱਚ ਸੀ।
ਤੀਜਾ ਮੰਦਰ ਨੌਵੀਂ ਸਦੀ ਵਿੱਚ ਹੋਂਦ 'ਚ ਆਇਆ। 12ਵੀਂ ਸਦੀ ਵਿੱਚ ਆਏ ਤੂਫ਼ਾਨਾਂ ਨੇ ਮੰਦਰ ਦੀ ਛੱਤ ਤਬਾਹ ਕਰ ਦਿੱਤੀ ਸੀ, ਪਰ ਇਮਾਰਤ ਅਤੇ ਕੰਧਾਂ ਬਚ ਗਈਆਂ ਸਨ। ਇਸ ਤੋਂ ਤੁਰੰਤ ਬਾਅਦ ਚੌਥਾ ਮੰਦਰ ਵੀ ਹੋਂਦ ਵਿੱਚ ਆ ਗਿਆ। ਮੌਜੂਦਾ ਮੰਦਰ ਇਸ ਲੜੀ ਦਾ ਪੰਜਵਾਂ ਮੰਦਰ ਹੈ।
ਪਹਿਲੇ ਮੰਦਰ ਤੋਂ ਪੰਜਵੇਂ ਮੰਦਰ ਤੱਕ ਇਹ ਦਵਾਰਕਾ ਦੀਆਂ ਤੀਜੀ ਤੋਂ ਸੱਤਵੀਂ ਬਸਤੀਆਂ ਦਾ ਪ੍ਰਤੀਕ ਹੈ। ਮੌਜੂਦਾ ਆਧੁਨਿਕ ਸ਼ਹਿਰ ਦਵਾਰਕਾ ਵਿੱਚ ਅੱਠਵੀਂ ਬਸਤੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












