ਗੁਰਦਾਸਪੁਰ ਦੇ ਨੌਜਵਾਨ ਦੀ ਮੌਤ ਮਾਮਲੇ ’ਚ 'ਭੂਤ ਕੱਢਣ’ ਵਾਲਾ ਪਾਦਰੀ ਗ੍ਰਿਫ਼ਤਾਰ, ਪੁਲਿਸ ਨੇ ਹੋਰ ਕੀ ਦੱਸਿਆ

ਤਸਵੀਰ ਸਰੋਤ, BBC/Gurpreet Chawla
- ਲੇਖਕ, ਗੁਰਪ੍ਰੀਤ ਸਿੰਘ ਚਾਵਲਾ
- ਰੋਲ, ਬੀਬੀਸੀ ਸਹਿਯੋਗੀ
ਗੁਰਦਾਸਪੁਰ ਦੇ ਸਿੰਘਪੁਰਾ ਪਿੰਡ ਵਿੱਚ ਇੱਕ 30 ਸਾਲਾ ਵਿਅਕਤੀ ਨੂੰ ਕਥਿਤ ਤੌਰ 'ਤੇ ਭੂਤ ਕੱਢਣ ਦੇ ਨਾਂਅ 'ਤੇ ਕੁੱਟ-ਕੁੱਟ ਕੇ ਮਾਰੇ ਜਾਣ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਪਾਦਰੀ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਪਾਦਰੀ ਦੀ ਪਛਾਣ ਜੈਕਬ ਮਸੀਹ ਵੱਜੋ ਹੋਈ ਹੈ ਜਦਕਿ ਉਸ ਦੇ ਸਾਥੀ ਦੀ ਪਛਾਣ ਬਲਜੀਤ ਸਿੰਘ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਮ੍ਰਿਤਕ ਸੈਮੂਅਲ ਮਸੀਹ ਦੇ ਪਰਿਵਾਰ ਨੇ ਪਾਦਰੀ ਜੈਕਬ ਨੂੰ ਸੈਮੂਅਲ ਦੇ ਇਲਾਜ ਲਈ ਬੁਲਾਇਆ ਸੀ।

ਤਸਵੀਰ ਸਰੋਤ, Gurpreetchawla/BBC
ਗੁਰਦਾਸਪੁਰ ਦੇ ਐੱਸਐੱਸਪੀ ਹਰੀਸ਼ ਦਾਯਮਾ ਨੇ ਸੋਮਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਰਿਵਾਰ ਨੇ ਆਪਣੇ ਬਿਮਾਰ ਮੁੰਡੇ ਦੀ ਸਿਹਤਯਾਬੀ ਲਈ ਪਾਦਰੀ ਨੂੰ ਪ੍ਰਾਰਥਨਾ ਲਈ ਬੁਲਾਇਆ ਸੀ। ਪਰ ਇਸ ਪ੍ਰਕਿਰਿਆ ਦੌਰਾਨ ਉਸ ਦੀ ਕੁੱਟਮਾਰ ਕਾਫੀ ਕਰ ਦਿੱਤੀ ਗਈ ਅਤੇ ਮੁੰਡੇ ਦੀ ਮੌਤ ਹੋ ਗਈ।
ਉਨ੍ਹਾਂ ਨੇ ਕਿਹਾ, "ਇਸ ਤੋਂ ਬਾਅਦ ਉਨ੍ਹਾਂ ਨੇ ਦਬਾਅ ਵਿੱਚ ਮੁੰਡੇ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਸੀ। 22 ਅਗਸਤ ਨੂੰ ਉਸ ਨੂੰ ਦਫ਼ਨਾ ਦਿੱਤਾ ਗਿਆ ਸੀ ਅਤੇ ਇੱਕ ਤਰ੍ਹਾਂ ਨਾਲ ਮੁੱਦੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।"
ਐੱਸਐੱਸਪੀ ਮੁਤਾਬਕ, "ਪਰ ਮੁੰਡੇ ਦੀ ਮਾਂ ਨੇ 23 ਅਗਸਤ ਨੂੰ ਆ ਕੇ ਪੁਲਿਸ ਸਾਹਮਣੇ ਦਰਖ਼ਾਸਤ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਐੱਫਆਈਆਰ ਦਰਜ ਕਰ ਕੇ, ਡਿਸਟ੍ਰਿਕਟ ਮੈਜਿਸਟ੍ਰੇਟ ਅੱਗੇ ਅਰਜ਼ੀ ਦਿੱਤੀ ਅਤੇ ਇੱਕ ਬੋਰਡ ਬਣਾ ਕੇ ਲਾਸ਼ ਨੂੰ ਕਬਰ ʼਚੋਂ ਕੱਢਿਆ ਗਿਆ ਅਤੇ ਪੋਸਟ ਮਾਰਟਮਟ ਕਰਵਾਇਆ ਗਿਆ।"
ਹਰੀਸ਼ ਦਾਯਮਾ ਨੇ ਦੱਸਿਆ, "ਇਸ ਦੌਰਾਨ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਸਾਥੀ ਦੀ ਭਾਲ ਜਾਰੀ ਹੈ। ਪੀੜਤ ਦੀ ਮਾਂ ਮੁਤਾਬਕ ਇਸ ਗਰੁੱਪ ਵਿੱਚ 7 ਹੋਰ ਲੋਕ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।"

ਤਸਵੀਰ ਸਰੋਤ, Gurpreetchawla/BBC
ਮ੍ਰਿਤਕ ਦੀ ਮਾਂ ਨੇ ਕੀ ਦੱਸਿਆ
“ਮੇਰੇ ਪੁੱਤ ਨੂੰ ਪਹਿਲਾ ਕੰਧ ʼਚ ਮਰਿਆ ਅਤੇ ਮੁੜ ਉਨ੍ਹਾਂ ਨੇ ਘਸੀਟ ਕੇ ਕਮਰੇ ਵਿੱਚੋਂ ਬਾਹਰ ਕੱਢਿਆ। ਸਾਰੇ ਉਸ ਦੇ ਦੁਆਲੇ ਖੜ੍ਹੇ ਹੋ ਗਏ ਅਤੇ ਬੁਰੀ ਤਰ੍ਹਾ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਅਸੀਂ ਸੱਸ-ਨੂੰਹ ਨੇ ਰੋਕਿਆ ਤਾਂ ਪਾਦਰੀ ਕਹਿੰਦੇ ਇਸ ਨੂੰ ਕੁਝ ਨਹੀਂ ਹੁੰਦਾ, ਇਸ ਦੇ ਅੰਦਰ ਜੋ ਸ਼ੈਤਾਨ ਹੈ, ਉਸ ਨੂੰ ਮਾਰ ਰਹੇ ਹਾਂ।''
ਇਹ ਅਲਫਾਜ਼ ਸੈਮੂਅਲ ਮਸੀਹ ਦੀ ਮਾਂ ਰਾਖਲ ਦੇ ਹਨ।
ਪਰਿਵਾਰ ਦਾ ਇਲਜ਼ਾਮ ਹੈ ਕਿ ʻਸ਼ੈਤਾਨੀ ਹਵਾʼ ਹੋਣ ਕਾਰਨ ਪ੍ਰਾਰਥਨਾ ਕਰਨ ਆਏ ਪਾਦਰੀਆਂ ਨੇ ਉਸ ਨੂੰ ਕਥਿਤ ਤੌਰ ʼਤੇ ਕੁੱਟ-ਕੁੱਟ ਕੇ ਮਾਰ ਦਿੱਤਾ ਹੈ।

ਵਧੇਰੇ ਜਾਣਕਾਰੀ ਲਈ ਅਸੀਂ ਜਦੋਂ ਐਤਵਾਰ ਨੂੰ ਮ੍ਰਿਤਕ ਸੈਮੂਅਲ ਮਸੀਹ ਘਰ ਪਹੁੰਚੇ ਤਾਂ ਵਿਹੜੇ ਵਿੱਚ ਬੈਠੀਆਂ ਨੂੰਹ-ਸੱਸ ਕੋਲ ਦੁੱਖ ਸਾਂਝਾ ਕਰਨ ਲਈ ਕਈ ਰਿਸ਼ਤੇਦਾਰ ਆਏ ਹੋਏ ਸਨ।
ਮ੍ਰਿਤਕ ਨੌਜਵਾਨ ਦੀ ਮਾਂ ਰਾਖਲ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਤਾ ਚੰਗਾ ਜਵਾਨ ਸੀ ਪਰ ਉਨ੍ਹਾਂ ਨੇ ਇਕੱਠੇ ਹੋ ਉਸਦੀ ਬੁਰੀ ਤਰ੍ਹਾ ਕੁੱਟਮਾਰ ਕੀਤੀ ਅਤੇ ਅੱਧਮਰਾ ਕਰ ਉਸਦੀਆ ਲੱਤਾ-ਬਾਂਹਾਂ ਬੰਨ੍ਹ ਕੇ ਸੁੱਟ ਗਏ।
ਉਹ ਦੱਸਦੇ ਹਨ, "ਜਦੋਂ ਮੈਂ ਪੁੱਤ ਦੇ ਹੱਥ ਖੋਲ੍ਹੇ ਅਤੇ ਮੂੰਹ ਵਿੱਚ ਪਾਣੀ ਪਾਇਆ ਤਾਂ ਉਹ ਉਸਦੇ ਆਖਰੀ ਸਾਹ ਸਨ।"
ਮ੍ਰਿਤਕ ਦੀ ਮਾਂ ਅਤੇ ਪਤਨੀ ਸੁਨੀਤਾ ਨੇ ਦੱਸਿਆ ਕਿ ਸੈਮੂਅਲ ਕੋਈ ਜ਼ਿਆਦਾ ਬਿਮਾਰ ਵੀ ਨਹੀਂ ਸੀ ਪਰ 21 ਅਗਸਤ ਨੂੰ ਕੁਝ ਅਜੀਬ ਹੋ ਰਿਹਾ ਸੀ।
ਉਹ ਕਹਿੰਦੀਆਂ ਹਨ ਕਿ ਇਵੇਂ ਲੱਗ ਰਿਹਾ ਸੀ ਕੀ ਉਸ ʼਤੇ ਕੋਈ ਬੁਰੀ ਬਲਾ ਦਾ ਸਾਇਆ ਹੋਵੇ ਕਿਉਂਕਿ ਸੈਮੂਅਲ ਅਜੀਬ ਹਰਕਤਾਂ ਕਰ ਰਿਹਾ ਸੀ।

ਤਸਵੀਰ ਸਰੋਤ, Gurpreetchawla/BBC
ਮ੍ਰਿਤਕ ਦੀ ਮਾਂ ਰਾਖਲ ਦਾ ਕਹਿਣਾ ਹੈ ਕਿ ਬੱਚਾ ਇੱਕਦਮ ਚੀਕਾਂ ਮਾਰਨ ਲੱਗਾ।
ਰਾਖਲ ਅੱਗੇ ਦੱਸਦੇ ਹਨ, "ਸਾਡੇ ਗੁਆਂਢੀਆਂ ਨੇ ਦੇਖਿਆ ਅਤੇ ਕਿਹਾ ਪਾਸਟਰ ਨੂੰ ਸੱਦ ਕੇ ਪ੍ਰਾਰਥਨਾ ਕਰਵਾਓ, ਠੀਕ ਹੋ ਜਾਵੇਗਾ। ਅਸੀਂ ਸੱਦਿਆ ਅਤੇ ਉਹ ਪਹਿਲਾਂ ਤਿੰਨ ਜਣੇ ਆਏ ਤੇ ਫਿਰ 10 ਕੁ ਮਿੰਟਾਂ ਬਾਅਦ ਉਨ੍ਹਾਂ 10-12 ਬੰਦੇ ਹੋਰ ਸੱਦ ਲਏ।"
ਉਹ ਕਹਿੰਦੇ ਹਨ, "ਘਰ ਵਿੱਚ ਅਸੀਂ ਦੋਵੇ ਨੂੰਹ-ਸੱਸ ਸੀ। ਉਨ੍ਹਾਂ ਬਹੁਤ ਬੁਰੀ ਤਰ੍ਹਾਂ ਮਾਰਿਆ। ਜਦੋਂ ਮੁੰਡਾ ਚੀਕਾਂ ਮਾਰੇ ਤਾਂ ਅਸੀਂ ਕਿਹਾ ਕਿ ਛੱਡ ਦਿਓ ਪਰ ਉਹ ਤਾਂ ਸਾਨੂੰ ਪਿੱਛੇ ਕਰ ਦੇਣ ਕਿ ਅਸੀਂ ਸ਼ੈਤਾਨ ਕੱਢ ਰਹੇ ਹਾਂ, ਸ਼ੈਤਾਨ ਨੂੰ ਮਾਰ ਰਹੇ ਹਾਂ ਇਸ ਨੂੰ ਕੁਝ ਨਹੀਂ ਹੋਣਾ।"
"ਸਾਨੂੰ ਨੂੰਹ-ਸੱਸ ਨੂੰ ਲਾਗੇ ਨਹੀਂ ਲੱਗਣ ਦਿੱਤਾ ਪਰ ਉਨ੍ਹਾਂ ਮੇਰਾ ਮੁੰਡਾ ਮਾਰ-ਮਾਰ ਕੇ ਉਦੋਂ ਛੱਡਿਆ ਜਦੋਂ ਉਹ ਬੇਸੁੱਧ ਹੋ ਕੇ ਡਿੱਗ ਗਿਆ। ਅਸੀਂ ਕਿਹਾ ਛੱਡ ਦਿਓ, ਅਸੀਂ ਕਿਤੇ ਹੋਰ ਲੈ ਜਾਂਦੇ ਹਾਂ, ਕਿਸੇ ਹੋਰ ਥਾਂ ਇਲਾਜ ਕਰਵਾ ਲੈਂਦੇ ਹਾਂ ਪਰ ਉਨ੍ਹਾਂ ਨੇ ਨਹੀਂ ਛੱਡਿਆ।"

ਤਸਵੀਰ ਸਰੋਤ, Gurpreetchawla/BBC
ਉਹ ਕਹਿੰਦੇ ਹਨ, "ਸਾਡੀ ਉਨ੍ਹਾਂ ਨੇ ਇੱਕ ਵੀ ਨਹੀਂ ਸੁਣੀ ਅਤੇ ਕੁੱਟ-ਮਾਰ ਕੇ ਪੁੱਠਾ ਪਾ ਕੇ ਮੰਜੀ ʼਤੇ ਸੁੱਟ ਗਏ। ਜਦੋਂ ਉਸ ਨੂੰ ਦੇਖਿਆ ਤਾਂ ਉਹ ਖ਼ਤਮ ਹੋ ਗਿਆ ਸੀ।"
"ਅਸੀਂ ਫਿਰ ਉਨ੍ਹਾਂ ਨੂੰ ਕਾਲ ਕੀਤੀ ਕਿ ਇਨ੍ਹਾਂ ਨੂੰ ਕੁਝ ਹੋ ਗਿਆ ਹੈ। ਫਿਰ ਉਨ੍ਹਾਂ ਨੇ ਗੱਡੀ ਵਿੱਚ ਪਾ ਕੇ ਹਸਪਤਾਲ ਛੱੜਿਆ ਅਤੇ ਉੱਥੇ ਉਨ੍ਹਾਂ ਨੇ ਜਵਾਬ ਦੇ ਦਿੱਤਾ ਕਿ ਇਹ ਖ਼ਤਮ ਹੋ ਗਿਆ ਹੈ। ਇਨ੍ਹਾਂ ਨੂੰ ਲੈ ਜਾਓ ਘਰ।"

ਤਸਵੀਰ ਸਰੋਤ, Gurpreetchawla/BBC
ਇੱਕ ਧੀ ਤੇ ਦੋ ਪੁੱਤਰ
ਮ੍ਰਿਤਕ ਦੀ ਪਤਨੀ ਸੁਨੀਤਾ ਦੱਸਦੇ ਹਨ ਕਿ ਪਹਿਲਾਂ ਤਿੰਨ ਜਣੇ ਆਏ ਸਨ, "ਅਸੀਂ ਉਨ੍ਹਾਂ ਨੂੰ ਕਿਹਾ ਕਿ ਇਨ੍ਹਾਂ ਨੂੰ ਸ਼ੈਤਾਨੀ ਨੁਕਸ ਹੋ ਗਿਆ ਹੈ, ਤੁਸੀਂ ਦੁਆ ਕਰ ਦਿਓ ਪਰ ਉਨ੍ਹਾਂ ਨੇ ਦੁਆ ਨਹੀਂ ਕੀਤੀ ਅਤੇ ਕੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ।"
ਸੁਨੀਤਾ ਮੁਤਾਬਕ, "ਫਿਰ ਉਨ੍ਹਾਂ ਨੇ 10-12 ਬੰਦੇ ਨਾਲ ਲਿਆਂਦੇ। ਉਨ੍ਹਾਂ ਨੇ ਧੂ-ਧੂ ਕੇ ਉਸ ਨੂੰ ਮਾਰਿਆ, ਬੰਨ੍ਹ ਕੇ ਮਾਰਿਆ। ਬਹੁਤ ਬੁਰੀ ਤਰ੍ਹਾਂ ਨਾਲ ਮਾਰਿਆ। ਜੇ ਅਸੀਂ ਅੱਗੇ ਹੋ ਕੇ ਛੁਡਵਾਉਂਦੇ ਤਾਂ ਸਾਨੂੰ ਵੀ ਮਾਰਦੇ ਸੀ। ਮੈਨੂੰ ਵੀ ਸੱਟ ਮਾਰੀ।"
ਉਨ੍ਹਾਂ ਨੇ ਅੱਗੇ ਦੱਸਿਆ, "ਅਸੀਂ ਉਨ੍ਹਾਂ ਨੂੰ ਕਿਹਾ ਹੁਣ ਇਨ੍ਹਾਂ ਨੂੰ ਛੱਡ ਦਿਓ ਤਾਂ ਸਾਨੂੰ ਕਹਿੰਦੇ ਕਿ ਨਹੀਂ ਇਸ ਵਿੱਚੋਂ ਸ਼ੈਤਾਨ ਕੱਢ ਰਹੇ ਹਾਂ। ਕਹਿੰਦੇ ਇਸ ਨੂੰ ਸੱਟ ਨਹੀਂ ਲੱਗ ਰਹੀ ਸ਼ੈਤਾਨ ਨੂੰ ਸੱਟ ਲੱਗ ਰਹੀ ਹੈ।"
ਪਰਿਵਾਰ ਦੱਸਦਾ ਹੈ ਕਿ ਉਨ੍ਹਾਂ ਦੇ ਘਰ ਵਿੱਚ ਕਮਾਉਣ ਵਾਲਾ ਹੀ ਸੈਮੂਅਲ ਸੀ ਜਦਕਿ ਸੈਮੂਅਲ ਦੇ ਤਿੰਨ ਛੋਟੇ ਬੱਚੇ ਹਨ ਅਤੇ ਪਿਤਾ ਦਿਮਾਗ਼ੀ ਤੌਰ ʼਤੇ ਕਾਫੀ ਸਮੇਂ ਤੋਂ ਬਿਮਾਰ ਹਨ। ਪਰਿਵਾਰ ਦੀ ਰੋਜ਼ੀ-ਰੋਟੀ ਕਮਾਉਣ ਵਾਲਾ ਉਹ ਇਕੱਲਾ ਹੀ ਸੀ।

ਤਸਵੀਰ ਸਰੋਤ, Gurpreetchawla/BBC
ਘਰ ਵਿੱਚ ਮੌਜੂਦ ਇੱਕ ਹੋਰ ਰਿਸ਼ਤੇਦਾਰ ਪਰਮਜੀਤ ਕੌਰ ਦੱਸਦੇ ਹਨ ਕਿ ਇਨ੍ਹਾਂ ਦੇ ਘਰ ਦਾ ਹਾਲਾਤ ਬੇਹੱਦ ਮਾੜੀ ਹੈ। ਇਹ ਸੱਤ ਜੀਅ ਹਨ ਅਤੇ ਘਰ ਵਿੱਚ ਕਮਾਉਣ ਵਾਲਾ ਕੋਈ ਮੈਂਬਰ ਨਹੀਂ ਹੈ।
''ਉਸ ਦੇ ਪਿਤਾ ਦੀ ਵੀ ਦਿਮਾਗ਼ੀ ਹਾਲਤ ਠੀਕ ਨਹੀਂ ਹੈ ਅਤੇ ਕਮਾਉਣ ਵਾਲਾ ਵੀ ਕੋਈ ਮੈਂਬਰ ਨਹੀਂ।''
ਉਹ ਸਰਕਾਰ ਨੂੰ ਅਪੀਲ ਕਰਦੇ ਹਨ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਬੱਚਿਆਂ ਦਾ ਕੁਝ ਬਣ ਸਕੇ।

ਤਸਵੀਰ ਸਰੋਤ, Gurpreetchawla/BBC
ਪੁਲਿਸ ਕੀ ਕਹਿੰਦੀ ਹੈ
ਪਰਿਵਾਰ ਦੀ ਸ਼ਿਕਾਇਤ ʼਤੇ ਕਾਰਵਾਈ ਕਰਦੇ ਹੋਏ ਪੁਲਿਸ ਥਾਣਾ ਧਾਰੀਵਾਲ ਵਿਖੇ ਜੈਕਬ ਮਸੀਹ ਉਰਫ ਜੱਕੀ ਵਾਸੀ ਸੰਘਰ, ਬਲਜੀਤ ਸਿੰਘ ਸੋਨੂੰ ਵਾਸੀ ਸੁਚੈਨੀਆਂ ਅਤੇ 7/8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
24 ਅਗਸਤ ਨੂੰ ਤਹਿਸੀਲਦਾਰ ਇੰਦਰਜੀਤ ਕੌਰ ਦੀ ਹਾਜ਼ਰੀ ਵਿੱਚ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਰ ਵਿੱਚੋਂ ਕਢਵਾ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਜਿਸ ਨੂੰ ਪੋਸਟਮਾਰਟਮ ਤੋ ਬਾਅਦ ਮੁੜ ਦਫ਼ਨ ਕਰ ਦਿੱਤਾ ਗਿਆ ਹੈ।
ਪੁਲਿਸ ਥਾਣਾ ਧਾਰੀਵਾਲ ਐੱਸਐੱਚਓ ਬਲਜੀਤ ਕੌਰ ਦਾ ਕਹਿਣਾ ਸੀ ਕੀ ਉਨ੍ਹਾਂ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਲਿਆ ਗਿਆ ਹੈ ਅਤੇ ਜੋ ਮੁਲਜ਼ਮ ਹਨ ਉਹਨਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਤਸਵੀਰ ਸਰੋਤ, Gurpreetchawla/BBC
ਉਧਰ ਡੀਐੱਸਪੀ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਸੈਮੂਅਲ ਬਿਮਾਰ ਰਹਿੰਦੀ ਸੀ ਤੇ ਉਸ ਦੇ ਘਰਦਿਆਂ ਪਾਦਰੀ ਨੂੰ ਪ੍ਰਾਰਥਨਾ ਕਰ ਕੇ ਠੀਕ ਕਰਨ ਖ਼ਾਤਰ ਬੁਲਾਇਆ ਸੀ।
ਉਨ੍ਹਾਂ ਨੇ ਅੱਗੇ ਦੱਸਿਆ, "ਪਰ ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੈਤਾਨ ਹੈ ਤੇ ਫਿਰ ਉਨ੍ਹਾਂ ਨੇ ਇਸ ਦੀ ਮਾਰ-ਕੁਟਾਈ ਸ਼ੁਰੂ ਕਰ ਦਿੱਤੀ ਤੇ ਹੋਰ ਬੰਦੇ ਬੁਲਾ ਲਏ। ਇਸੇ ਮਾਰ-ਕੁਟਾਈ ਦੌਰਾਨ ਹੀ ਉਸ ਦੀ ਮੌਤ ਹੋ ਗਈ।"
"ਪਹਿਲਾਂ ਤਾਂ ਘਰਦਿਆਂ ਨੇ ਕੋਈ ਇਤਲਾਹ ਦਿੱਤੇ ਬਿਨਾਂ ਹੀ ਲਾਸ਼ ਨੂੰ ਦਫ਼ਨਾ ਦਿੱਤਾ ਪਰ ਅਗਲੇ ਦਿਨ ਆ ਕੇ ਜਦੋਂ ਪਰਿਵਾਰ ਨੇ ਸ਼ਿਕਾਇਤ ਕੀਤੀ ਤਾਂ ਐੱਫਆਈਆਰ ਦਰਜ ਕਰ ਕੇ ਪੋਸਟ ਮਾਰਟਮ ਲਈ ਲਾਸ਼ ਕੱਢੀ ਗਈ।"
ਉਨ੍ਹਾਂ ਨੇ ਦੱਸਿਆ ਕਿ ਅਜੇ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












