ਰਮਨਜੀਤ ਸਿੰਘ ਰੋਮੀ: ਨਾਭਾ ਜੇਲ੍ਹ ਬ੍ਰੇਕ ਨੂੰ ਕਿਸ ਤਰੀਕੇ ਨਾਲ ਅੰਜ਼ਾਮ ਦਿੱਤਾ ਗਿਆ ਸੀ ਅਤੇ ਕੌਣ- ਕੌਣ ਭੱਜਿਆ ਸੀ

ਖਾੜਕੂ ਹਰਮਿੰਦਰ ਸਿੰਘ ਮਿੰਟੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2016 ਵਿੱਚ ਨਾਭਾ ਜੇਲ੍ਹ ਬ੍ਰੇਕ ਕਾਂਡ ਦੌਰਾਨ ਖਾੜਕੂ ਹਰਮਿੰਦਰ ਸਿੰਘ ਮਿੰਟੂ ਮੁੜ ਚਰਚਾ ਵਿੱਚ ਆਏ ਸਨ
    • ਲੇਖਕ, ਬਰਿੰਦਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਪੁਲਿਸ ਨੇ ਛੇ ਸਾਲਾਂ ਦੀ ਕਾਨੂੰਨੀ ਲੜਾਈ ਲੜਨ ਮਗਰੋਂ ਨਾਭਾ ਜੇਲ੍ਹ ਬਰੇਕ ਕਾਂਡ ਦੇ ਕਥਿਤ ਤੌਰ ਉੱਤੇ ਮੁੱਖ ਸਾਜ਼ਿਸ਼ਕਰਤਾ ਮੰਨੇ ਜਾਂਦੇ ਰਮਨਜੀਤ ਸਿੰਘ ਰੋਮੀ ਨੂੰ ਆਪਣੀ ਹਿਰਾਸਤ ’ਚ ਲੈ ਲਿਆ ਹੈ। ਪੰਜਾਬ ਪੁਲਿਸ ਦੀ ਛੇ ਮੈਂਬਰੀ ਟੀਮ ਰੋਮੀ ਨੂੰ ਹਾਂਗਕਾਂਗ ਤੋਂ ਹਵਾਲਗੀ ਤਹਿਤ ਭਾਰਤ ਲੈ ਕੇ ਆਈ ਹੈ।

ਐਂਟੀ-ਗੈਂਗਸਟਰ ਟਾਸਕ ਫੋਰਸ ਦੇ ਡੀਐੱਸਪੀ ਵਿਕਰਮ ਬਰਾੜ ਨੇ ਮੀਡੀਆ ਨੂੰ ਦੱਸਿਆ ਕਿ 2016 ਵਿੱਚ ਵਾਪਰੀ ਇਸ ਵਾਰਦਾਤ ’ਚ ਨਾਭਾ ਜੇਲ੍ਹ ’ਚੋਂ ਚਾਰ ਕਥਿਤ ਗੈਂਗਸਟਰਾਂ ਤੇ ਦੋ ਖਾੜਕੂਆਂ ਨੂੰ ਛੁਡਾਇਆ ਗਿਆ ਸੀ।

ਭਾਵੇਂਕਿ ਪੁਲਿਸ ਨੇ ਫਰਾਰ ਹੋਏ ਜ਼ਿਆਦਾਤਰ ਵਿਅਕਤੀਆਂ ਨੂੰ ਮੁੜ ਕਾਬੂ ਕਰ ਲਿਆ ਸੀ।ਪਰ ਭੱਜਣ ਵਾਲਿਆਂ ਵਿੱਚੋਂ ਇੱਕ ਕਸ਼ਮੀਰ ਸਿੰਘ ਗਲਵੱਡੀ ਅਜੇ ਵੀ ਫਰਾਰ ਹੈ।

ਇਨ੍ਹਾਂ ’ਚੋਂ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਪੁਲਿਸ ਮੁਕਾਬਲੇ ’ਚ ਮਾਰਿਆ ਗਿਆ ਸੀ।

ਖਾਲਿਸਤਾਨੀ ਕਾਰਕੁਨ ਹਰਮਿੰਦਰ ਸਿੰਘ ਮਿੰਟੂ ਦੀ ਮੁੜ ਗ੍ਰਿਫ਼ਤਾਰੀ ਤੋਂ ਕੁਝ ਸਮੇਂ ਬਾਅਦ ਜੇਲ੍ਹ ਵਿੱਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

ਇੰਡੀਅਨ ਐਕਸਪ੍ਰੈਸ ਮੁਤਾਬਕ ਵਿਸ਼ੇਸ਼ ਜੱਜ ਐੱਚਐੱਸ ਗਰੇਵਾਲ ਦੀ ਪਟਿਆਲਾ ਅਦਾਲਤ ਨੇ ਨਾਭਾ ਜੇਲ੍ਹ ਬ੍ਰੇਕ ਮਾਮਲੇ ਵਿੱਚ ਨਾਮਜ਼ਦ 28 ਵਿੱਚੋਂ 22 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਛੇ ਹੋਰਾਂ ਨੂੰ ਬਰੀ ਕਰ ਦਿੱਤਾ ਸੀ।

ਇਨ੍ਹਾਂ ਵਿੱਚੋਂ ਇੱਕ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।

ਥਾਣਾ ਕੋਤਵਾਲੀ ਨਾਭਾ ਦੇ ਐੱਸਐੱਚਓ ਰੌਨੀ ਸਿੰਘ ਮੁਤਾਬਕ ਨੌਂ ਗੈਂਗਸਟਰਾਂ ਸਣੇ 18 ਨੂੰ 10-10 ਸਾਲ, ਦੋ ਨੂੰ 20-20 ਸਾਲ, ਜਦੋਂਕਿ ਦੋ ਦੋਸ਼ੀਆਂ ’ਚੋਂ ਇੱਕ ਨੂੰ 5 ਸਾਲ ਤੇ ਇੱਕ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਜੇਲ੍ਹ ’ਚੋਂ ਫਰਾਰ ਹੋਏ ਕੈਦੀ ਕੌਣ ਸਨ ?

ਸਾਲ 2016 ਵਿੱਚ ਨਾਭਾ ਜੇਲ੍ਹ ਵਿੱਚੋਂ ਛੇ ਵੱਡੇ ਗੈਂਗਸਟਰ ਫਰਾਰ ਹੋਏ ਸਨ।

ਇਨ੍ਹਾਂ ਵਿੱਚ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ, ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ, ਗੁਰਪ੍ਰੀਤ ਸੇਖੋਂ, ਅਮਨਦੀਪ ਸਿੰਘ ਢੋਟੀਆਂ ਅਤੇ ਦੋ ਖਾਲਿਸਤਾਨਪੱਖੀ ਖਾੜਕੂ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਡੀ ਸ਼ਾਮਲ ਸਨ।

ਇਹ ਕੈਦੀ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਨਾਭਾ ਜੇਲ੍ਹ ’ਚ ਕੈਦ ਕੱਟ ਰਹੇ ਸਨ।

ਨਾਭਾ ਜੇਲ੍ਹ ਨੂੰ ਪੰਜਾਬ ਦੀ ਅਤਿ-ਸੁਰੱਖਿਆ ਪ੍ਰਬੰਧਾਂ ਵਾਲੀ ਜੇਲ੍ਹ ਮੰਨਿਆ ਜਾਂਦਾ ਹੈ ਪਰ ਫਿਰ ਵੀ ਮੁੱਠੀ ਭਰ ਲੋਕ ਆਏ ਅਤੇ ਇਨ੍ਹਾਂ ਗੈਂਗਸਟਰਾਂ ਨੂੰ ਕੁਝ ਕੁ ਮਿੰਟਾਂ ’ਚ ਹੀ ਛੁਡਾ ਕੇ ਫਰਾਰ ਹੋ ਗਏ।

ਨਾਭਾ ਜੇਲ੍ਹ ਬ੍ਰੇਕ ਦੌਰਾਨ ਭੱਜੇ ਕੈਦੀ ਕੌਣ ਸਨ ਤੇ ਇਨ੍ਹਾਂ ਦੇ ਅਪਰਾਧਿਕ ਪਿਛੋਕੜ ਕੀ ਸੀ, ਇਸ ਉਪਰ ਝਾਤ ਮਾਰਦੇ ਹਾਂ।

ਇਨ੍ਹਾਂ ਬਾਰੇ ਐਂਟੀ-ਗੈਂਗਸਟਰ ਟਾਸਕ ਫੋਰਸ ਦੇ ਡੀਐੱਸਪੀ ਵਿਕਰਮ ਬਰਾੜ ਨੇ ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਕੀਤੀ ਹੈ।

ਵਿੱਕੀ ਗੌਂਡਰ

ਤਸਵੀਰ ਸਰੋਤ, Alamy

ਤਸਵੀਰ ਕੈਪਸ਼ਨ, ਵਿੱਕੀ ਗੌਂਡਰ ਸਾਲ 2018 ਵਿੱਚ ਕਥਿਤ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਸਨ।

ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ

ਨਾਭਾ ਜੇਲ੍ਹ ਬ੍ਰੇਕ ਦੇ ਦੋਸ਼ੀ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਦੀ ਪੰਜਾਬ ਪੁਲਿਸ ਨਾਲ 2018 ਵਿੱਚ ਹੋਏ ਇੱਕ ਕਥਿਤ ਪੁਲਿਸ ਮੁਕਾਬਲੇ ਦੌਰਾਨ ਮੌਤ ਹੋਈ ਸੀ।

ਪੁਲਿਸ ਮੁਤਾਬਕ ਇਹ ਮੁਕਾਬਲਾ ਰਾਜਸਥਾਨ ਬਾਰਡਰ ’ਤੇ ਥਾਣਾ ਖੋਈਆਂ ਕੋਲ ਪੈਂਦੀ ਇੱਕ ਨਹਿਰ ਕੋਲ ਹੋਇਆ ਸੀ, ਜਿਸ ਨੂੰ ਓਰਗਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ, ਚੰਡੀਗੜ੍ਹ ਨੇ ਅੰਜਾਮ ਦਿੱਤਾ।

ਆਪਣੇ ਸਕੂਲੀ ਸਮੇਂ ਵਿੱਚ ਗੌਂਡਰ ਡਿਸਕਸ ਥਰੋਅ ਦਾ ਚੰਗਾ ਖਿਡਾਰੀ ਸੀ। ਇਸ ਦੇ ਚੰਗੇ ਪ੍ਰਦਰਸ਼ਨ ਕਾਰਨ ਹੀ ਉਸ ਨੂੰ ਜਲੰਧਰ ਸਪੋਰਟਸ ਕਾਲਜ ਵਿੱਚ ਦਾਖਲਾ ਮਿਲਿਆ।

ਮੁਕਤਸਰ ਸਾਹਿਬ ਦੇ ਪਿੰਡ ਸਰਾਵਾਂ ਬੋਦਲਾ ਦਾ ਰਹਿਣ ਵਾਲਾ ਵਿੱਕੀ ਗੌਂਡਰ, ਗੈਂਗਸਟਰ ਸੁਖਬੀਰ ਸਿੰਘ ਉਰਫ਼ ਸੁੱਖਾ ਕਾਹਲਵਾਂ ਦੇ ਕਤਲ ਤੋਂ ਬਾਅਦ ਚਰਚਾ 'ਚ ਆਇਆ ਸੀ।

ਪੁਲਿਸ ਮੁਤਾਬਕ ਗੌਂਡਰ ਨੇ ਆਪਣੇ ਸਾਥੀਆਂ ਨਾਲ ਫਗਵਾੜਾ ਨੇੜੇ ਪੇਸ਼ੀ ਤੋਂ ਸੁੱਖਾ ਕਾਹਲਵਾਂ ਨੂੰ ਲੈਕੇ ਆ ਰਹੀ ਪੁਲਿਸ ਬੈਨ ਉੱਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਸੁੱਖਾ ਕਾਹਲਵਾ ਦੀ ਮੌਤ ਹੋ ਗਈ ਸੀ।

ਇਸ ਵਾਰਦਾਤ ਦੇ ਕਈ ਮਹੀਨਿਆਂ ਬਾਅਦ ਉਸ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਤੋਂ ਫੜਿਆ ਗਿਆ।

ਗੌਂਡਰ ਦਾ ਨਾਂ ਚੰਡੀਗੜ੍ਹ-ਪਟਿਆਲਾ ਹਾਈਵੇਅ 'ਤੇ ਬਨੂੜ ਵਿੱਚ ਕੈਸ਼ ਵੈਨ ਤੋਂ ਇੱਕ ਕਰੋੜ 33 ਲੱਖ ਦੀ ਲੁੱਟ ਅਤੇ ਉਸ ਦੇ ਹੀ ਜੱਦੀ ਪਿੰਡ ਸਰਾਵਾਂ ਬੋਦਲਾ 'ਚ ਬੈਂਕ ਡਕੈਤੀ ਵਿੱਚ ਵੀ ਆਇਆ ਸੀ।

ਉਸ ਨੇ ਆਪਣੇ ਕਥਿਤ ਫੇਸਬੁੱਕ ਪੇਜ ਤੋਂ ਇਨ੍ਹਾਂ ਵਾਰਦਾਤਾਂ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਵੀ ਕੀਤਾ ਸੀ।

ਗੁਰਦਾਸਪੁਰ ਦੇ ਕਾਹਨੂੰਵਾਨ ’ਚ ਹੋਈ ਗੈਂਗਵਾਰ ਵਿੱਚ ਤਿੰਨ ਜਣੇ ਮਾਰੇ ਗਏ ਸਨ। ਪੁਲਿਸ ਨੇ ਇਸ ਮਾਮਲੇ ’ਚ ਵਿੱਕੀ ਗੌਂਡਰ ਖ਼ਿਲਾਫ਼ ਕੇਸ ਦਰਜ ਕੀਤਾ ਸੀ।

ਇਸ ਤੋਂ ਇਲਾਵਾ ਉਸ ਖ਼ਿਲਾਫ਼ ਹੋਰ ਵੀ ਕਈ ਕਤਲ ਦੇ ਮਾਮਲੇ ਦਰਜ ਸਨ।

ਖਾੜਕੂ ਹਰਮਿੰਦਰ ਸਿੰਘ ਮਿੰਟੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖਾੜਕੂ ਹਰਮਿੰਦਰ ਸਿੰਘ ਮਿੰਟੂ ਸਣੇ 6 ਜਾਣੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਹੁੰਦਿਆਂ ਹੀ ਭਜਾ ਲਏ ਗਏ ਸਨ

ਖਾੜਕੂ ਹਰਮਿੰਦਰ ਸਿੰਘ ਮਿੰਟੂ

ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦੀ 2018 ਦੌਰਾਨ ਪਟਿਆਲਾ ਜੇਲ੍ਹ ਵਿੱਚ ਮੌਤ ਹੋ ਗਈ ਸੀ। ਪੁਲਿਸ ਅਨੁਸਾਰ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ।

ਖਾਲਿਸਤਾਨ ਲਿਬਰੇਸ਼ਨ ਫੋਰਸ ਤੋਂ ਪਹਿਲਾਂ ਉਹ ਬੱਬਰ ਖਾਲਸਾ ਮੁਖੀ ਵਧਾਵਾ ਸਿੰਘ ਨਾਲ ਜੁੜਿਆ ਹੋਇਆ ਸੀ।

2016 ਵਿੱਚ ਹੋਏ ਨਾਭਾ ਜੇਲ੍ਹ ਬ੍ਰੇਕ ਕਾਂਡ ਵੇਲੇ ਉਹ ਫਰਾਰ ਹੋਇਆ ਸੀ ਪਰ ਉਸ ਨੂੰ ਅਗਲੇ ਕੁਝ ਦਿਨਾਂ ਵਿੱਚ ਹੀ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ।

ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਉਸ ’ਤੇ 10 ਅੱਤਵਾਦੀ ਘਟਨਾਵਾਂ ਵਿੱਚ ਸ਼ਾਮਲ ਹੋਣ ਅਤੇ ਖਾਲਿਸਤਾਨੀ ਮੁਹਿੰਮ ਲਈ ਫੰਡ ਇਕੱਠਾ ਕਰਨ ਦੇ ਇਲਜ਼ਾਮ ਲਾਏ ਜਾਂਦੇ ਰਹੇ ਹਨ।

ਉਨ੍ਹਾਂ ’ਤੇ ਇਹ ਵੀ ਇਲਜ਼ਾਮ ਸਨ ਕਿ ਉਹ ਨੌਜਵਾਨਾਂ ਨੂੰ ਖਾਲਿਸਤਾਨ ਮੁਹਿੰਮ ਨਾਲ ਆਨਲਾਈਨ ਜੋੜਨ ਦਾ ਕੰਮ ਵੀ ਕਰਦਾ ਸੀ।

ਮਿੰਟੂ ਬਾਰੇ ਇਹ ਵੀ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਉਹ ਮਲੇਸ਼ੀਆ ਦਾ ਜਾਅਲੀ ਪਾਸਪੋਰਟ ਬਣਾ ਕੇ ਯੂਰਪ, ਦੱਖਣੀ ਏਸ਼ੀਆ ਅਤੇ ਪਾਕਿਸਤਾਨ ਵਿੱਚ ਸਰਗਰਮ ਰਿਹਾ ਸੀ ਅਤੇ ਉੱਥੇ ਕਈ ਅਪਰਾਧਿਕ ਮਾਮਲਿਆਂ ਵਿੱਚ ਉਸ ਦੀ ਸ਼ਮੂਲੀਅਤ ਦੇ ਦਾਅਵੇ ਵੀ ਹੁੰਦੇ ਰਹੇ ਹਨ।

ਨਾਭਾ ਜੇਲ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਾਭਾ ਜੇਲ੍ਹ

ਕਸ਼ਮੀਰ ਸਿੰਘ ਗਲਵੱਡੀ

ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦੇ ਸਾਥੀ ਕਸ਼ਮੀਰ ਸਿੰਘ ਗਲਵੱਡੀ ਪੁਲਿਸ ਨੂੰ ਨਾਭਾ ਜੇਲ੍ਹ ਬਰੇਕ ਕਾਂਡ ਵਿੱਚ ਲੋੜੀਂਦਾ ਹੈ।

ਕਸ਼ਮੀਰ ਸਿੰਘ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਨੇੜਲੇ ਪਿੰਡ ਗਲਵੱਡੀ ਦਾ ਰਹਿਣ ਵਾਲਾ ਹੈ।

ਡੀਐੱਸਪੀ ਵਿਕਰਮ ਬਰਾੜ ਅਨੁਸਾਰ ਕਸ਼ਮੀਰ ਸਿੰਘ ਖ਼ਿਲਾਫ਼ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦਾ ਇਲਜ਼ਾਮ ਹੈ।

ਰਮਨਜੀਤ ਸਿੰਘ ਰੋਮੀ

ਤਸਵੀਰ ਸਰੋਤ, DGP Punjab Police/X

ਤਸਵੀਰ ਕੈਪਸ਼ਨ, ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਵਾਪਸ ਲਿਆਂਦਾ ਗਿਆ ਹੈ।

ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ

ਨਾਭਾ ਜੇਲ੍ਹ ’ਚੋਂ ਭੱਜਣ ਵਾਲੇ ਛੇ ਕੈਦੀਆਂ ’ਚੋਂ ਨੀਟਾ ਦਿਓਲ ਵੀ ਇੱਕ ਸੀ, ਜਿਸ ਨੂੰ 2017 ਵਿੱਚ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਵਿਕਰਮ ਬਰਾੜ ਨੇ ਨੀਟਾ ਦਿਓਲ ਬਾਰੇ ਦੱਸਿਆ, “ਨੀਟਾ ਦਿਓਲ ਦੇ ਸ਼ਾਰਪ ਸ਼ੂਟਰ ਸ਼ੇਰਾ ਖੁੱਬਣ ਗੈਂਗ ਨਾਲ ਸਬੰਧ ਸਨ ਤੇ ਉਹ ਸੁੱਖਾ ਕਾਹਲਵਾਂ ਕਤਲ ਕਾਂਡ ਦੇ 15 ਮੁਲਜ਼ਮਾਂ ਵਿੱਚੋਂ ਇੱਕ ਹੈ।”

“ਨੀਟਾ ਦਿਓਲ ਨੂੰ 2015 ’ਚ ਛੇ ਕਤਲ ਕੇਸ ਤੇ ਕਤਲ ਕਰਨ ਦੀ ਕੋਸ਼ਿਸ਼ ਦੇ ਮਾਮਲਿਆਂ ਵਿੱਚ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ।”

“ਨੀਟਾ ਦਿਓਲ ਮੋਗਾ ਦਾ ਰਹਿਣ ਵਾਲਾ ਹੈ, ਜੋ ਕਿ ਅਮੀਰ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਦੇ ਪਰਿਵਾਰ ਦਾ ਟਰਾਂਸਪੋਰਟ ਦਾ ਕਾਰੋਬਾਰ ਹੈ।”

“ਨੀਟਾ ਦੇ ਪਿਤਾ ਪਸ਼ੂ ਪਾਲਣ ਵਿਭਾਗ ਤੋਂ ਡਿਪਟੀ ਡਾਇਰੈਕਟਰ ਵਜੋਂ ਸੇਵਾਮੁਕਤ ਹੋਏ ਸਨ। ਫਿਲਹਾਲ ਉਹ ਜ਼ਮਾਨਤ ’ਤੇ ਹੈ।”

ਗੁਰਪ੍ਰੀਤ ਸਿੰਘ ਸੇਖੋਂ

ਗੁਰਪ੍ਰੀਤ ਸਿੰਘ ਸੇਖੋਂ ਦਾ ਸਬੰਧ ਜੈਪਾਲ ਗੈਂਗ ਨਾਲ ਰਿਹਾ ਹੈ। ਉਹ ਸੁੱਖਾ ਕਾਹਲਵਾਂ ਕਤਲ ਕਾਂਡ ਵਿੱਚ ਵੀ ਨਾਮਜ਼ਦ ਹੈ। ਗੁਰਪ੍ਰੀਤ ਫਿਰੋਜ਼ਪਰ ਜ਼ਿਲ੍ਹੇ ਦੇ ਪਿੰਡ ਮੁੱਦਕੀ ਦਾ ਰਹਿਣ ਵਾਲਾ ਹੈ।

ਵਿਕਰਮ ਬਰਾੜ ਅਨੁਸਾਰ ਗੁਰਪ੍ਰੀਤ ਨੇ ਫਲਾਈਟ ਸਟੀਵਰਡਸ਼ਿਪ ਦਾ ਕੋਰਸ ਕੀਤਾ ਸੀ। ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ਾਇਦ ਸੇਖੋਂ ਕੈਬਿਨ ਕਰੂ ਬਣਨਾ ਚਾਹੁੰਦਾ ਸੀ।

ਗੁਰਪ੍ਰੀਤ ’ਤੇ ਕਈ ਕਤਲ ਅਤੇ ਕਤਲ ਕਰਨ ਦੀ ਕੋਸ਼ਿਸ਼ ਦੇ ਮਾਮਲੇ ਦਰਜ ਹਨ। ਉਹ ਵਿੱਕੀ ਗੌਂਡਰ ਦਾ ਨਜ਼ਦੀਕੀ ਰਿਹਾ ਹੈ।

ਵਿਕਰਮ ਬਰਾੜ ਨੇ ਦੱਸਿਆ, “ਗੁਰਪ੍ਰੀਤ ਖ਼ਿਲਾਫ਼ ਪਹਿਲੀ ਵਾਰ 2007 ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਹੌਲੀ-ਹੌਲੀ ਉਹ ਅਪਰਾਧਿਕ ਦੁਨੀਆ ਵਿੱਚ ਅੱਗੇ ਵਧਦਾ ਚਲਿਆ ਗਿਆ। ਡੀਐੱਸਪੀ ਵਿਕਰਮ ਬਰਾੜ ਮੁਤਾਬਕ ਗੁਰਪ੍ਰੀਤ ਸਿੰਘ ਸੇਖੋਂ ਵੀ ਜ਼ਮਾਨਤ ’ਤੇ ਹੈ।”

ਨਾਭਾ ਜੇਲ੍ਹ ਦੀ ਇੱਕ ਪੁਰਾਣੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਾਭਾ ਜੇਲ੍ਹ ਦੀ ਇੱਕ ਪੁਰਾਣੀ ਤਸਵੀਰ

ਅਮਨਦੀਪ ਸਿੰਘ ਢੋਟੀਆਂ

ਗੈਂਗਸਟਰ ਅਮਨਦੀਪ ਸਿੰਘ ਉਰਫ ਅਮਨ ਢੋਟੀਆਂ ਤਰਨ ਤਾਰਨ ਦੇ ਪਿੰਡ ਢੋਟੀਆਂ ਦਾ ਰਹਿਣ ਵਾਲਾ ਹੈ।

ਉਸ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ। ਅਮਨਦੀਪ ਨੂੰ 2017 ’ਚ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਡੀਐੱਸਪੀ ਵਿਕਰਮ ਬਰਾੜ ਨੇ ਦੱਸਿਆ ਕਿ ਇਹ ਵੀ ਜ਼ਮਾਨਤ ’ਤੇ ਬਾਹਰ ਹੈ।

 ਹਾਂਗਕਾਂਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੋਮੀ ਨੂੰ ਹਾਂਗਕਾਂਗ ਦੀ ਅਦਾਲਤ ਵਿੱਚ ਪੇਸ਼ ਕਰਨ ਮੌਕੇ ਸੁਰੱਖਿਆ ਇੰਤਜ਼ਾਮ (ਫਾਈਲ ਫੋਟੋ)

ਕਿਵੇਂ ਰਚੀ ਗਈ ਜੇਲ੍ਹ ਬ੍ਰੇਕ ਦੀ ਸਾਜ਼ਿਸ਼

27 ਨਵੰਬਰ, 2016 ਨੂੰ ਵਾਪਰੀ ਨਾਭਾ ਜੇਲ੍ਹ ਬ੍ਰੇਕ ਕਾਂਡ ਨੇ ਪੂਰੇ ਦੇਸ਼ ਵਿੱਚ ਚਰਚਾ ਛੇੜ ਦਿੱਤੀ ਸੀ।

ਪੁਲਿਸ ਦੀ ਵਰਦੀ ਵਿੱਚ ਕਰੀਬ 15 ਗੈਂਗਸਟਰ ਤਿੰਨ ਗੱਡੀਆਂ ਵਿੱਚ ਨਾਭਾ ਜੇਲ੍ਹ ਪਹੁੰਚੇ।

ਮਕਸਦ ਸੀ ਆਪਣੇ ਕੁਝ ਸਾਥੀਆਂ ਨੂੰ ਜੇਲ੍ਹ ਵਿੱਚੋਂ ਬਾਹਰ ਕਢਾਉਣਾ।

ਇਸ ਦੌਰਾਨ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਤੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇਐੱਲਐਫ਼) ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਸਮੇਤ ਚਾਰ ਗੈਂਗਸਟਰਾਂ ਅਤੇ ਦੋ ਹੋਰਾਂ ਨੂੰ ਜੇਲ੍ਹ ਵਿੱਚੋਂ ਭਜਾਉਣ ਵਿੱਚ ਕਾਮਯਾਬ ਰਹੇ।

ਪੰਜਾਬ ਪੁਲਿਸ ਦੇ ਦਾਅਵੇ ਮੁਤਾਬਕ ਰਮਨਜੀਤ ਸਿੰਘ ਰੋਮੀ ਨੇ ਜੇਲ੍ਹ ਬਰੇਕ ਕਰਨ ਵਿੱਚ ਫੰਡ ਮੁਹੱਈਆ ਕਰਵਾਏ ਸਨ, ਜਦੋਂਕਿ ਮਿੰਟੂ ਦੇ ਕਰੀਬੀ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਅਤੇ ਨੀਟਾ ਦਿਓਲ ਨੇ ਜੇਲ੍ਹ ਤੋੜਨ ਦੀ ਯੋਜਨਾ ਬਣਾਈ ਸੀ।

ਪੁਲਿਸ ਦਾ ਦਾਅਵਾ ਹੈ ਕਿ ਯੋਜਨਾਬੰਦੀ ਦੌਰਾਨ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਸਬੰਧੀ ਤਿੰਨ ਵਾਰ ਵੀਡੀਓਜ਼ ਬਣਾ ਕੇ ਬਾਹਰ ਭੇਜੀਆਂ ਗਈਆਂ ਸਨ।

27 ਨਵੰਬਰ 2016 ਨੂੰ ਜੇਲ੍ਹ ਵਿੱਚ ਘੁਸਪੈਠ ਕਰਨ ਤੋਂ ਪਹਿਲਾਂ ਸਾਜ਼ਿਸ਼ਕਰਤਾਵਾਂ ਨੇ ਜੇਲ੍ਹ ਦੀ ਰੇਕੀ ਵੀ ਕੀਤੀ ਸੀ।

ਇਸ ਮਾਮਲੇ ਵਿੱਚ ਰੋਚਕ ਗੱਲ ਇਹ ਵੀ ਸੀ ਕਿ ਇਸ ਸਾਰੇ ਘਟਨਾਕ੍ਰਮ ਦੌਰਾਨ ਪੁਲਿਸ ਇੱਕ ਵੀ ਗੋਲੀ ਨਹੀਂ ਚਲਾ ਸਕੀ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰਦਾਤ ਸਮੇਂ ਸੁਲੱਖਣ ਸਿੰਘ ਮੱਤੇਵਾਲ, ਪ੍ਰੇਮਾ ਲਾਹੌਰੀਆ, ਅਤੇ ਗੁਰਪ੍ਰੀਤ ਗੋਪੀ ਪੰਜਾਬ ਪੁਲਿਸ ਦੀਆਂ ਵਰਦੀਆਂ ਪਹਿਨਕੇ ਆਏ ਸਨ।

ਇਸ ਮਾਮਲੇ ਵਿੱਚ ਨੌਂ ਪੁਲਿਸ ਅਧਿਕਾਰੀਆਂ ਅਤੇ ਕੁਝ ਹੋਰ ਵਿਅਕਤੀਆਂ 'ਤੇ ਪਹਿਲਾਂ ਕੇਸ ਦਰਜ ਕੀਤਾ ਗਿਆ ਸੀ ਪਰ ਪੁਲਿਸ ਜਾਂਚ ਦੌਰਾਨ ਉਹ ਨਿਰਦੋਸ਼ ਪਾਏ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)