ਨਾਭਾ ਜੇਲ੍ਹ ਬਰੇਕ: ਕੌਣ ਸੀ ਹਰਮਿੰਦਰ ਮਿੰਟੂ ਜਿਸ ਦੀ ਪਟਿਆਲਾ ਜੇਲ੍ਹ 'ਚ ਮੌਤ ਹੋਈ

ਤਸਵੀਰ ਸਰੋਤ, Getty Images
ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦੀ ਪਟਿਆਲਾ ਜੇਲ੍ਹ ਵਿੱਚ ਮੌਤ ਹੋ ਗਈ ਹੈ।
ਪੁਲਿਸ ਅਨੁਸਾਰ ਹਰਮਿੰਦਰ ਦੀ ਮੌਤ ਕਾਰਡੀਐਕ ਅਰੈਸਟ ਕਾਰਨ ਹੋਈ ਹੈ ਅਤੇ ਉਸ ਨੂੰ ਜਦੋਂ ਹਸਪਤਾਲ ਲਿਆਂਦਾ ਤਾਂ ਡਾਕਟਰਾਂ ਨੂੰ ਉਸ ਨੂੰ ਮ੍ਰਿਤ ਐਲਾਨ ਦਿੱਤਾ ਸੀ।
ਕੌਣ ਹੈ ਹਰਮਿੰਦਰ ਮਿੰਟੂ?
ਮਰਹੂਮ ਹਰਮਿੰਦਰ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਅਨੁਸਾਰ ਹਰਮਿੰਦਰ ਮਿੰਟੂ ਜਲੰਧਰ ਦੇ ਪਿੰਡ ਡੱਲੀ ਦਾ ਰਹਿਣ ਵਾਲਾ ਹੈ। ਮਿੰਟੂ ਦੀ ਮਾਂ ਤੇ ਭਰਾ ਗੋਆ ਰਹਿੰਦੇ ਹਨ। ਉੱਥੇ ਉਨ੍ਹਾਂ ਦਾ ਕੰਸਟਰਕਸ਼ਨ ਦਾ ਕੰਮ ਹੈ।
ਹਰਮਿੰਦਰ ਦੇ ਬੱਚੇ ਕੈਨੇਡਾ ਵਿੱਚ ਰਹਿੰਦੇ ਹਨ।
ਮਰਹੂਮ ਹਰਮਿੰਦਰ ਸਿੰਘ ਮਿੰਟੂ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਸੀ। ਉਸ ਨੇ 2009 ਵਿੱਚ ਇਸ ਸੰਗਠਨ ਨੂੰ ਮੁੜ ਜਥੇਬੰਦ ਕੀਤਾ ਸੀ। ਇਸ ਤੋਂ ਪਹਿਲਾਂ ਉਹ ਬੱਬਰ ਖਾਲਸਾ ਮੁਖੀ ਵਧਾਵਾ ਸਿੰਘ ਦਾ ਸਾਥੀ ਰਿਹਾ ਹੈ।
ਨਵੰਬਰ 2016 ਨੂੰ ਨਾਭਾ ਜੇਲ੍ਹ ਬਰੇਕ ਦੌਰਾਨ ਗੈਂਗਸਟਰਾਂ ਨਾਲ ਭੱਜਣ ਕਾਰਨ ਹਰਮਿੰਦਰ ਸਿੰਘ ਮਿੰਟੂ ਮੁੜ ਚਰਚਾ ਵਿੱਚ ਆਇਆ ਸੀ। ਭਾਵੇਂ ਅਗਲੇ ਹੀ ਦਿਨ ਉਨ੍ਹਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਤਸਵੀਰ ਸਰੋਤ, Getty Images
ਹਰਮਿੰਦਰ ਸਿੰਘ ਮਿੰਟੂ ਉੱਤੇ ਭਾਰਤੀ ਸੁਰੱਖਿਆ ਏਜੰਸੀਆਂ ਦਸ ਅੱਤਵਾਦੀ ਘਟਨਾਵਾਂ ਵਿੱਚ ਸ਼ਾਮਲ ਹੋਣ ਅਤੇ ਖਾਲਿਸਤਾਨ ਮੁਹਿੰਮ ਲਈ ਫੰਡ ਇਕੱਠਾ ਕਰਨ ਦੇ ਇਲਜ਼ਾਮ ਲਾਉਂਦੀਆਂ ਸਨ।
ਨਵੰਬਰ 2014 ਵਿੱਚ ਮਿੰਟੂ ਨੂੰ ਭਾਰਤੀ ਏਜੰਸੀਆਂ ਨੇ ਥਾਈਲੈਂਡ ਤੋਂ ਪਰਤਦੇ ਸਮੇਂ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ।
ਮਿੰਟੂ ਉੱਤੇ ਭਾਰਤ ਵਿੱਚ ਇਲਜ਼ਾਮ ਸਨ ਕਿ ਉਹ ਪਾਬੰਦੀ ਸ਼ੁਦਾ ਸੰਗਠਨਾਂ ਲਈ ਫੰਡ ਇਕੱਠਾ ਕਰਦਾ ਹੈ ਅਤੇ ਔਨਲਾਈਨ ਖਾਲਿਸਤਾਨ ਮੁਹਿੰਮ ਨਾਲ ਨੌਜਵਾਨਾਂ ਨੂੰ ਜੋੜਨ ਦਾ ਕੰਮ ਕਰਦਾ ਸੀ।
ਮਿੰਟੂ ਬਾਰੇ ਦਾਅਵਾ ਕੀਤਾ ਗਿਆ ਸੀ ਕਿ ਉਹ ਮਲੇਸ਼ੀਆ ਦਾ ਜਾਅਲੀ ਪਾਸਪੋਰਟ ਬਣਾ ਕੇ ਯੂਰਪ, ਦੱਖਣੀ ਏਸ਼ੀਆ ਅਤੇ ਪਾਕਿਸਤਾਨ ਵਿੱਚ ਸਰਗਰਮੀਆਂ ਚਲਾਉਂਦਾ ਸੀ।












