'ਬਾਗੀ ਦੀ ਧੀ':ਗੁਰਮੁਖ ਸਿੰਘ ਮੁਸਾਫ਼ਰ ਦੀ ਕਹਾਣੀ ਨੇ ਕਿਵੇਂ ਕੌਮੀ ਐਵਾਰਡ ਜੇਤੂ ਫਿਲਮ ਦਾ ਰੂਪ ਲਿਆ

ਬਾਗੀ ਦੀ ਧੀ ਦਾ ਪੋਸਟਰ

ਤਸਵੀਰ ਸਰੋਤ, PTC news

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬੀ ਫ਼ਿਲਮ ‘ਬਾਗ਼ੀ ਦੀ ਧੀ’ ਨੇ ਕੌਮੀ ਫਿਲਮ ਇਨਾਮ ਹਾਸਲ ਕੀਤਾ ਹੈ। ਸ਼ੁੱਕਰਵਾਰ ਨੂੰ ਦਿੱਲੀ ਵਿੱਚ ਐਲਾਨੇ ਗਏ 70ਵੇਂ ਨੈਸ਼ਨਲ ਫ਼ਿਲਮ ਐਵਾਰਡ ਵਿੱਚ ਇਹ ਫ਼ਿਲਮ ‘ਸਰਬੋਤਮ ਪੰਜਾਬੀ ਫ਼ਿਲਮ’ ਚੁਣੀ ਗਈ ਹੈ।

ਇਹ ਫ਼ਿਲਮ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਦੀ ਲਿਖੀ ਕਹਾਣੀ ਉੱਤੇ ਅਧਾਰਤ ਹੈ ਜੋ 2022 ਵਿੱਚ ਰਿਲੀਜ਼ ਹੋਈ ਸੀ।

ਇਸ ਫ਼ਿਲਮ ਦਾ ਨਿਰਦੇਸ਼ਨ ਮੁਕੇਸ਼ ਗੌਤਮ ਨੇ ਕੀਤਾ ਹੈ। ਮੁਕੇਸ਼ ਗੌਤਮ ਨੇ ਕਈ ਫਿਲਮਾਂ ਤੇ ਦਸਤਾਵੇਜ਼ੀ ਫਿਲਮਾਂ ਬਣਾਈਆਂ ਹਨ। ਉਹ ਮਸ਼ਹੂਰ ਅਦਾਕਾਰਾ ਯਾਮੀ ਗੌਤਮ ਦੇ ਪਿਤਾ ਹਨ। ਫਿਲਮ ਦੀ ਮੂਲ ਕਹਾਣੀ ਗੁਰਮੁਖ ਸਿੰਘ ਮੁਸਾਫਿਰ ਦੀ ਲਿਖੀ ਹੋਈ ਹੈ ਅਤੇ ਸੱਚੀ ਘਟਨਾ ਉੱਤੇ ਅਧਾਰਤ ਦੱਸੀ ਜਾਂਦੀ ਹੈ।

ਫ਼ਿਲਮ ਦੀ ਪਟਕਥਾ ਪਾਲੀ ਭੁਪਿੰਦਰ ਨੇ ਤਿਆਰ ਕੀਤੀ ਹੈ ਅਤੇ ਗੁਰਮੁਖ ਸਿੰਘ ਮੁਸਾਫਿਰ ਹੁਰਾਂ ਦੀ ਲਿਖੀ ਕਹਾਣੀ ਵਿੱਚ ਫ਼ਿਲਮ ਬਣਾਉਣ ਦੇ ਲਿਹਾਜ਼ ਨਾਲ ਕੁਝ ਬਦਲਾਅ ਵੀ ਕੀਤੇ ਗਏ ਹਨ।

ਮੁਕੇਸ਼ ਗੌਤਮ ਨੇ ਦੱਸਿਆ ਕਿ ਤਤਕਾਲੀ ਤੱਥਾਂ ਅਤੇ ਹੋਰ ਕਹਾਣੀਆਂ ਨੂੰ ਧਿਆਨ ਵਿੱਚ ਰੱਖਦਿਆਂ ਫਿਲਮ ਨੂੰ ਹੋਰ ਦਿਲਚਸਪ ਬਣਾਉਣ ਲਈ ਸਿਨੇਮਾ ਦੇ ਮੁਤਾਬਕ ਕੁਝ ਬਦਲਾਅ ਕੀਤੇ ਗਏ ਸਨ।

ਫ਼ਿਲਮ ਵਿੱਚ ਮੁੱਖ ਭੂਮਿਕਾ ‘ਬਾਗ਼ੀ ਦੀ ਧੀ’ ਦੀਪ ਦਾ ਕਿਰਦਾਰ ਚੰਡੀਗੜ੍ਹ ਦੀ ਹੀ ਬਾਲ ਕਲਾਕਾਰ ਦਿਲਨੂਰ ਨੇ ਨਿਭਾਇਆ ਹੈ।

ਹਾਲਾਂਕਿ ਮੁਸਾਫਿਰ ਹੁਰਾਂ ਦੀ ਕਹਾਣੀ ਵਿੱਚ ਉਸ ਕਿਰਦਾਰ ਦਾ ਨਾਮ ‘ਲਾਜ’ ਹੈ। ਗੌਤਮ ਦੱਸਦੇ ਹਨ ਕਿ ਲਾਜ ਦਾ ਮਤਲਬ ਸ਼ਰਮ ਹੁੰਦਾ ਹੈ ਅਤੇ ਦੀਪ ਦਾ ਮਤਲਬ ਰੌਸ਼ਨੀ ਹੁੰਦੀ ਹੈ, ਇਸ ਲਈ ਉਨ੍ਹਾਂ ਨੂੰ ਲੱਗਿਆ ਕਿ ਦੀਪ ਨਾਮ ਬਿਹਤਰ ਰਹੇਗਾ।

ਫ਼ਿਲਮ ਦੇ ਡਾਇਰੈਕਟਰ ਮੁਕੇਸ਼ ਗੌਤਮ ਨੇ ਦੱਸਿਆ ਕਿ ਇਹ ਇੱਕ ਬਹੁਤ ਮਜ਼ਬੂਤ ਕਿਰਦਾਰ ਸੀ, ਇਸ ਲਈ ਉਨ੍ਹਾਂ ਨੇ ਸੌ ਤੋਂ ਵੱਧ ਆਡੀਸ਼ਨ ਲਏ ਅਤੇ ਦਿਲਨੂਰ ਨੂੰ ਚੁਣਿਆ।

ਕੁਲਜਿੰਦਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਭੰਗੂ ਵੀ ਫ਼ਿਲਮ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।

'ਬਾਗੀ ਦੀ ਧੀ' ਫ਼ਿਲਮ ਦਾ ਕੀ ਹੈ ਵਿਸ਼ਾ?

ਬਾਗੀ ਦੀ ਧੀ ਦਾ ਪੋਸਟਰ

ਤਸਵੀਰ ਸਰੋਤ, PTC

ਇਹ ਫ਼ਿਲਮ ਦੇਸ਼ ਦੀ ਅਜ਼ਾਦੀ ਲਈ ਚੱਲੀ ਗਦਰ ਲਹਿਰ ਦੀ ਪਿੱਠਭੂਮੀ ਵਿੱਚ ਫਿਲਮਾਈ ਗਈ ਹੈ। ਫ਼ਿਲਮ ਅਜ਼ਾਦੀ ਦੇ ਪਰਵਾਨੇ ਪਿਓ-ਧੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਆਲੇ-ਗੁਆਲੇ ਘੁੰਮਦੀ ਹੈ।

ਫ਼ਿਲਮ ਦੀ ਮੁੱਖ ਕਿਰਦਾਰ ਦੀਪ ਨਾਮ ਦੀ ਇੱਕ ਬੱਚੀ ਹੈ, ਜਿਸ ਦੇ ਪਿਤਾ ਗਦਰ ਲਹਿਰ ਦੇ ਸਰਗਰਮ ਮੈਂਬਰ ਹਨ। ਪਿਤਾ ਦਾ ਕ੍ਰਾਂਤੀਕਾਰੀ ਜਜ਼ਬਾ ਅਤੇ ਹੌਸਲਾ ਧੀ ਦੀਆਂ ਰਗਾਂ ਵਿੱਚ ਵੀ ਵਗਦਾ ਹੈ ਅਤੇ ਉਹ ਵੀ ਕ੍ਰਾਂਤੀਕਾਰੀ ਲੇਖ ਲਿਖਦੀ ਹੈ।

ਬ੍ਰਿਟਿਸ਼ ਪੁਲਿਸ ਜਦੋਂ ਦੀਪ ਦੇ ਪਿਤਾ ਨੂੰ ਗ੍ਰਿਫਤਾਰ ਕਰਨ ਆਉਂਦੀ ਹੈ ਤਾਂ ਦੀਪ ਇੱਕ ਬ੍ਰਿਟਿਸ਼ ਅਫਸਰ ‘ਤੇ ਹਮਲਾ ਕਰਦੀ ਹੈ, ਜਿਸ ਨਾਲ ਉਸ ਦੀ ਮੌਤ ਹੋ ਜਾਂਦੀ ਹੈ। ਪਰ ਉਸ ਦੇ ਪਿਤਾ ਨੂੰ ਫੜ ਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ।

ਫਿਲਮ ਇਸੇ ਤਰੀਕੇ ਨਾਲ ਅੱਗੇ ਵਧਦੀ ਹੈ ਤੇ ਦੀਪ ਦੇ ਪਿਤਾ ਦਾ ਸੰਘਰਸ਼ ਵਿਖਾਉਂਦੀ ਹੈ।

ਫ਼ਿਲਮ ਨੂੰ ਕੌਮੀ ਇਨਾਮ ਮਿਲਣ ਦੇ ਪੰਜਾਬੀ ਸਿਨੇਮਾ ਲਈ ਕੀ ਅਰਥ ?

ਟਵੀਟ

ਤਸਵੀਰ ਸਰੋਤ, Twitter

ਫ਼ਿਲਮ ਦੇ ਨਿਰਦੇਸ਼ਕ ਮੁਕੇਸ਼ ਗੌਤਮ ਨੇ ਬੀਬੀਸੀ ਨਾਲ ਫ਼ੋਨ ‘ਤੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬੀ ਸਿਨੇਮਾ ਵਿੱਚ ਭਾਵੇਂ ਕਮਰਸ਼ੀਅਲੀ ਬਹੁਤ ਕੰਮ ਹੋ ਰਿਹਾ ਹੈ ਪਰ ਜਿੱਥੇ ਅੱਜ ਬੰਗਾਲੀ ਸਿਨੇਮਾ ਜਾਂ ਦੱਖਣ ਦਾ ਸਿਨੇਮਾ ਖੜ੍ਹਾ ਹੈ, ਉਸ ਵੱਲ ਅਜੇ ਪਹਿਲ ਨਹੀਂ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬੀ ਸਿਨੇਮਾ ਹਾਲੇ, ਕਾਮੇਡੀ ਜਾਂ ਰੋਮਾਂਟਿਕ ਫ਼ਿਲਮਾਂ ਦੀ ਦੌੜ ਵੱਲ ਹੀ ਹੈ ਅਤੇ ਅਰਥਪੂਰਨ ਸਿਨੇਮਾ ਵੱਲ ਹਾਲੇ ਅਸੀਂ ਉਸ ਤਰ੍ਹਾਂ ਦੀ ਸ਼ੁਰੂਆਤ ਨਹੀਂ ਕੀਤੀ ਹੈ ਜਿਸ ਨੂੰ ਕੌਮੀ ਜਾਂ ਕੌਮਾਂਤਰੀ ਪੱਧਰ ਉੱਤੇ ਪਛਾਣ ਮਿਲੇ।

ਉਨ੍ਹਾਂ ਕਿਹਾ, “ਕੁਝ ਲੋਕ ਸ਼ੁਰੂਆਤ ਕਰਦੇ ਵੀ ਹਨ, ਪਰ ਉਸ ਨੂੰ ਚੰਗਾ ਹੁੰਗਾਰਾ ਨਹੀਂ ਮਿਲਦਾ। ਇਸ ਤਰ੍ਹਾਂ ਦੇ ਐਵਾਰਡ ਫ਼ਿਲਮ ਨਿਰਮਾਤਾਵਾਂ ਦੀ ਹੌਸਲਾ ਅਫਜ਼ਾਈ ਕਰਦੇ ਹਨ ਤਾਂ ਕਿ ਉਹ ਅੱਗੇ ਤੋਂ ਵੀ ਅਜਿਹਾ ਕੰਮ ਕਰਨ।”

ਨਾਲ ਹੀ ਉਨ੍ਹਾਂ ਕਿਹਾ, “ਫ਼ਿਲਮ ਦਾ ਕੌਮੀ ਇਨਾਮ ਲਈ ਚੁਣੇ ਜਾਣਾ ਸਾਨੂੰ ਵੱਡੇ ਮੰਚ ‘ਤੇ ਪਹੁੰਚਾਉਂਦਾ ਹੈ ਅਤੇ ਪੰਜਾਬੀ ਸਿਨੇਮਾ ਵੱਲੋਂ ਇਹ ਸੁਨੇਹਾ ਜਾਣਾ ਜ਼ਰੂਰੀ ਹੈ ਕਿ ਪੰਜਾਬ ਵਿੱਚ ਵੀ ਅਜਿਹਾ ਕੰਮ ਹੋ ਰਿਹਾ ਹੈ।”

ਉਹ ਕਹਿੰਦੇ ਹਨ,”ਪੰਜਾਬੀ ਸੱਭਿਆਚਾਰ ਵਿੱਚ ਕਾਮੇਡੀ ਅਤੇ ਰੋਮਾਂਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈ, ਉਹ ਦਿਖਾਉਣਾ ਵੀ ਸਾਡਾ ਪੰਜਾਬੀਆਂ ਦਾ ਹੀ ਫ਼ਰਜ਼ ਹੈ। ਅਜਿਹੀਆਂ ਫ਼ਿਲਮਾਂ ਉਸੇ ਤਰ੍ਹਾਂ ਦੀ ਹੀ ਕੋਸ਼ਿਸ਼ ਹੈ।”

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਦਾ ਇਨਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਨਾਲ ਹੀ ਗੌਤਮ ਨੇ ਕਿਹਾ ਕਿ ਭਾਵੇਂ ਅਜਿਹੀਆਂ ਫ਼ਿਲਮਾਂ ਆਮ ਦਰਸ਼ਕਾਂ ਵਿੱਚ ਹਿੱਟ ਨਹੀਂ ਹੁੰਦੀਆਂ ਪਰ ਉਨ੍ਹਾਂ ਵਿੱਚ ਆਪਣਾ ਅਸਰ ਜ਼ਰੂਰ ਛੱਡਦੀਆਂ ਹਨ।

ਉਨ੍ਹਾਂ ਦੱਸਿਆ ਕਿ ਫ਼ਿਲਮ 100 ਸਾਲ ਪੁਰਾਣੀ ਗਦਰ ਲਹਿਰ ਦੀ ਗੱਲ ਕਰਦੀ ਹੈ ਅਤੇ ਬਹੁਤ ਥੋੜ੍ਹੇ ਬਜਟ ਵਿੱਚ ਉਸ ਸਮੇਂ ਦੀ ਝਲਕ ਨੂੰ ਦਿਖਾ ਸਕਣਾ ਚੁਣੌਤੀ ਸੀ ਪਰ ਟੀਮ ਨੇ ਰਲ ਮਿਲ ਕੇ ਇਹ ਕਰ ਦਿਖਾਇਆ।

ਉਨ੍ਹਾਂ ਨੇ ਦੱਸਿਆ, “ਫ਼ਿਲਮ ਦੀਆਂ ਲੋਕੇਸ਼ਨਾਂ ਚੰਡੀਗੜ੍ਹ ਅਤੇ ਰੋਪੜ ਦੇ ਥੋੜ੍ਹੇ ਜਿਹੇ ਘੇਰੇ ਵਿੱਚ ਹੀ ਲੱਭੀਆਂ ਗਈਆਂ ਹਨ।”

ਮੁਕੇਸ਼ ਗੌਤਮ ਕਹਿੰਦੇ ਹਨ ਕਿ ਅਜਿਹੀਆਂ ਫ਼ਿਲਮਾਂ ਦਾ ਬਜਟ ਕਰੋੜਾਂ ਵਿੱਚ ਨਹੀਂ ਬਲਕਿ ਕੁਝ ਕੁ ਲੱਖਾਂ ਦਾ ਹੁੰਦਾ ਹੈ, ਪਰ ਚੰਗਾ ਜਜ਼ਬਾ ਅਤੇ ਚੰਗੀ ਟੀਮ ਫ਼ਿਲਮ ਨੂੰ ਬਣਾਉਣ ਵਿੱਚ ਮਦਦ ਕਰਦੀ ਹੈ।

ਫ਼ਿਲਮ ਦੇ ਅਦਾਕਾਰ ਨਿਰਜੀਤ ਸਿੰਘ

ਤਸਵੀਰ ਸਰੋਤ, Nirjit Singh

ਤਸਵੀਰ ਕੈਪਸ਼ਨ, ਫ਼ਿਲਮ ਦੇ ਅਦਾਕਾਰ ਨਿਰਜੀਤ ਸਿੰਘ

ਫ਼ਿਲਮ ਦੇ ਡਾਇਰੈਕਟਰ ਮੁਕੇਸ਼ ਗੌਤਮ ਨੇ ਦੱਸਿਆ ਕਿ ਭਾਵੇਂ ਫ਼ਿਲਮ ਨੂੰ ਕੌਮੀ ਇਨਾਮ ਮਿਲਣ ਤੋਂ ਬਾਅਦ ਕਈ ਓਟੀਟੀ ਪਲੇਟਫ਼ਾਰਮ ਵੀ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ, ਪਰ ਅਜਿਹੀਆਂ ਫ਼ਿਲਮਾਂ ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਵੀ ਦੁਨੀਆ ਭਰ ਦੇ ਕਈ ਪਲੇਟਫ਼ਾਰਮਾਂ ’ਤੇ ਵੱਖ ਵੱਖ ਭਾਸ਼ਾਵਾਂ ਵਿੱਚ ਲਿਜਾਇਆ ਜਾਂਦਾ ਹਾਂ, ਜਿਸ ਨਾਲ ਸਾਡੇ ਸੁਨੇਹੇ ਦਾ ਦਾਇਰਾ ਅਤੇ ਫ਼ਿਲਮ ਦਾ ਕੱਦ ਵਧਦਾ ਹੈ।

ਲੇਖਕ ਗੁਰਮੁਖ ਸਿੰਘ ਮੁਸਾਫਿਰ ਕੌਣ ਸਨ?

ਗਿਆਨੀ ਗੁਰਮੁਖ ਸਿੰਘ ਮੁਸਾਫਿਰ

ਤਸਵੀਰ ਸਰੋਤ, azadi ka amrit mahotsav

ਤਸਵੀਰ ਕੈਪਸ਼ਨ, ਗਿਆਨੀ ਗੁਰਮੁਖ ਸਿੰਘ ਮੁਸਾਫਿਰ

ਭਾਰਤ ਸਰਕਾਰ ਦੀ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਵੈਬਸਾਈਟ ਮੁਤਾਬਕ ਗਿਆਨੀ ਜੀ ਦਾ ਜਨਮ 15 ਜਨਵਰੀ 1899 ਨੂੰ ਅੱਧਵਾਲ ਪਿੰਡ ਵਿੱਚ ਹੋਇਆ।

ਦਸਵੀਂ ਤੱਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਗਿਆਨੀ ਕਰ ਲਈ ਅਤੇ ਇੱਕ ਸਕੂਲ ਵਿੱਚ ਪੜ੍ਹਾਉਣ ਲੱਗੇ।

ਸੰਨ 1919 ਦੇ ਜਲ੍ਹਿਆਂ ਵਾਲਾ ਬਾਗ ਦੇ ਸਾਕੇ, ਸੰਨ 1921 ਦੇ ਨਨਕਾਣਾ ਸਾਹਿਬ ਦੇ ਸਾਕੇ ਤੋਂ ਉਨ੍ਹਾਂ ਦੇ ਦਿਲ ਨੂੰ ਡੂੰਘੀ ਠੇਸ ਪਹੁੰਚੀ ਅਤੇ ਉਹ ਅਧਿਆਪਨ ਛੱਡ ਕੇ ਜੰਗੇ ਅਜ਼ਾਦੀ ਦੇ ਘੋਲ ਵਿੱਚ ਕੁੱਦ ਪਏ।

ਅਕਾਲੀ ਲਹਿਰ ਨਾਲ ਜੁੜ ਕੇ ਉਨ੍ਹਾਂ ਨੇ 1922 ਦੇ ਗੁਰੂ ਕਾ ਬਾਗ ਦੇ ਮੋਰਚੇ ਵਿੱਚ ਹਿੱਸਾ ਲਿਆ ਅਤੇ ਪਹਿਲੀ ਵਾਰ ਜੇਲ੍ਹ ਗਏ।

ਗੁਰਮੁਖ ਸਿੰਘ ਮੁਸਾਫਿਰ ਅਜ਼ਾਦੀ ਤੋਂ ਬਾਅਦ ਪੰਜਾਬ ਦੇ ਪੰਜਵੇਂ ਅਤੇ ਸੰਨ 1966 ਵਿੱਚ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਪਹਿਲੇ ਮੁੱਖ ਮੰਤਰੀ ਸਨ। ਉਹ ਤਿੰਨ ਵਾਰ ਲੋਕ ਸਭਾ ਲਈ ਚੁਣੇ ਗਏ ਅਤੇ ਇੱਕ ਵਾਰ ਰਾਜ ਸਭਾ ਦੇ ਮੈਂਬਰ ਵੀ ਰਹੇ ਸਨ।

ਫਿਰ ਗੁਰਦੁਆਰਾ ਸੁਧਾਰ ਲਈ ਅਕਾਲੀ ਲਹਿਰ ਵਿੱਚ ਹਿੱਸਾ ਲਿਆ ਅਤੇ ਜੇਲ੍ਹ ਵੀ ਕੱਟੀ। ਉਹ 1930-31 ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ।

ਉਹ ਅਜ਼ਾਦੀ ਘੁਲ਼ਾਟੀਏ ਵਜੋਂ ਵੀ ਜਾਣੇ ਜਾਂਦੇ ਹਨ। ਉਨ੍ਹਾਂ ਨੇ ਸਿਵਲ ਨਾਫੁਰਮਾਨੀ, ਸੱਤਿਗ੍ਰਹਿ ਤੇ ਭਾਰਤ ਛੱਡੋ ਜਿਹੇ ਕਈ ਅੰਦੋਲਨਾਂ ਦੌਰਾਨ ਗ੍ਰਿਫ਼ਤਾਰੀ ਦਿੱਤੀ। 1949 ਵਿੱਚ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ।

ਉਹ ਭਾਰਤ ਦੀ ਸੰਵਿਧਾਨ ਸਭਾ ਦੇ ਵੀ ਮੈਂਬਰ ਰਹੇ। ਅੰਮ੍ਰਿਤ ਮਹੋਤਸਵ ਵੈਬਸਾਈਟ ਮੁਤਾਬਕ ਸਭਾ ਵਿੱਚ ਉਨ੍ਹਾਂ ਨੇ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਬਣਾਏ ਜਾਣ ਦੇ ਹੱਕ ਵਿੱਚ ਮਤਦਾਨ ਕੀਤਾ।

ਉਹ ਅੰਮ੍ਰਿਤਸਰ ਤੋਂ ਹੀ ਸੰਨ 1952, 1957 ਅਤੇ ਫਿਰ 1962 ਵਿੱਚ ਲੋਕ ਸਭਾ ਲਈ ਚੁਣੇ ਗਏ।

ਉਨ੍ਹਾਂ ਦਾ ਪੰਜਾਬੀ ਸਾਹਿਤ ਵਿੱਚ ਵੀ ਵਡਮੁੱਲਾ ਯੋਗਦਾਨ ਹੈ। ਉਨ੍ਹਾਂ ਨੇ ਕਵਿਤਾਵਾਂ, ਲਘੂ ਕਹਾਣੀਆਂ ਅਤੇ ਕੁਝ ਜੀਵਨੀਆਂ ਵੀ ਲਿਖੀਆਂ ਹਨ।

ਉਨ੍ਹਾਂ ਨੇ ਦੇਸ਼ ਦੇ ਅਜ਼ਾਦੀ ਸੰਘਰਸ਼ ਬਾਰੇ ਖਾਸ ਤੌਰ ਉੱਤੇ ਲਿਖਿਆ ਹੈ। ਉਨ੍ਹਾਂ ਨੂੰ 1978 ਵਿੱਚ ਲਘੂ ਕਹਾਣੀਆਂ ਦੇ ਸੰਗ੍ਰਹਿ ‘ਉਰਵਰ ਪਾਰ’ ਲਈ ਸਾਹਿਤ ਅਕਾਦਮੀ ਐਵਾਰਡ ਨਾਲ ਨਵਾਜਿਆ ਗਿਆ ਸੀ। ਗੁਰਮੁਖ ਸਿੰਘ ਮਸਾਫਿਰ ਨੂੰ ਮੌਤ ਤੋਂ ਬਾਅਦ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)