ਮਲਟੀ ਵਿਟਾਮਿਨ ਕਿਸ ਨੂੰ ਤੇ ਕਿਉਂ ਲੈਣੇ ਚਾਹੀਦੇ ਹਨ, ਬਿਨ੍ਹਾਂ ਸਲਾਹ ਤੋਂ ਲਏ ਗਏ ਮਲਟੀ ਵਿਟਾਮਿਨ ਕਿਵੇਂ ਨੁਕਸਾਨ ਪਹੁੰਚਾ ਸਕਦੇ

ਤਸਵੀਰ ਸਰੋਤ, Getty Images
- ਲੇਖਕ, ਜੈਸਮੀਨ ਫੋਕਸ ਸਕੇਲੀ
- ਰੋਲ, ਬੀਬੀਸੀ ਫਿਊਚਰ
ਖੁਰਾਕ ਵਿਚਲੀ ਵਿਟਾਮਿਨਾਂ ਦੀ ਘਾਟ ਪੂਰੀ ਕਰਨ ਲਈ ਵਿਟਾਮਿਨ ਸਪਲੀਮੈਂਟ ਇੱਕ ਪ੍ਰਭਾਵਸ਼ਾਲੀ ਤਰੀਕਾ ਹੋ ਸਕਦੇ ਹਨ। ਪਰ ਇਹ ਕੋਈ ਬਹਿਤਰੀਨ ਹੱਲ ਨਹੀਂ।
ਵਿਟਾਮਿਨ ਅਤੇ ਖਣਿਜ ਸਪਲੀਮੈਂਟਾਂ ਦੀ ਮਾਰਕਿਟ ਤਕਰੀਬਨ 32.7 ਬਿਲੀਅਨ ਡਾਲਰ ਦੀ ਹੈ। 74 ਫ਼ੀਸਦੀ ਅਮਰੀਕਨ ਅਤੇ ਦੋ-ਤਿਹਾਈ ਬ੍ਰਿਟਿਸ਼ ਮੰਨਦੇ ਹਨ ਕਿ ਉਹ ਆਪਣੀ ਸਿਹਤ ਸੁਧਾਰਨ ਦੀ ਕੋਸ਼ਿਸ਼ ਵਿੱਚ ਇਨ੍ਹਾਂ ਦੀ ਵਰਤੋਂ ਕਰਦੇ ਹਨ।
ਇਹ ਸਪਲੀਮੈਂਟ ਵਿਵਾਦਾਂ ਵਿੱਚ ਘਿਰੇ ਹੋਏ ਹਨ, ਕਿਉਂਕਿ ਕੁਝ ਅਧਿਐਨਾਂ ਮੁਤਾਬਕ ਇਨ੍ਹਾਂ ਦਾ ਸਿਹਤ ਨੂੰ ਕੋਈ ਸਪੱਸ਼ਟ ਫ਼ਾਇਦਾ ਨਹੀਂ ਹੁੰਦਾ ਅਤੇ ਕੁਝ ਕਹਿੰਦੇ ਹਨ ਕਿ ਇਹ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਵੀ ਹੋ ਸਕਦੇ ਹਨ।
ਆਖਿਰ ਇਹ ਸਚਮੁੱਚ ਕਹਿਣਾ ਕੀ ਚਾਹੁੰਦੇ ਹਨ? ਕੀ ਸਾਨੂੰ ਸਾਰਿਆਂ ਨੂੰ ਵਿਟਾਮਿਨ ਸਪਲੀਮੈਂਟ ਲੈਣੇ ਚਾਹੀਦੇ ਹਨ, ਜਾਂ ਸਾਡੇ ਵਿੱਚ ਕੁਝ ਨੂੰ ਲੈਣੇ ਚਾਹੀਦੇ ਹਨ? ਕੀ ਕਿਸੇ ਨੂੰ ਇਹ ਵਿਟਾਮਿਨ ਸਪਲੀਮੈਂਟ ਲੈਣ ਦੀ ਲੋੜ ਵੀ ਹੈ?
ਲੋਕ ਵਿਟਾਮਿਨ ਅਤੇ ਖਣਿਜ ਕਿਉਂ ਲੈਂਦੇ ਹਨ?

ਤਸਵੀਰ ਸਰੋਤ, Getty Images
ਵਿਟਾਮਿਨ ਅਤੇ ਖਣਿਜ ਅਜਿਹੇ ਮਿਸ਼ਰਨ ਹਨ ਜੋ ਸਾਡੇ ਸਰੀਰ ਵਿੱਚ ਨਹੀਂ ਬਣਦੇ, ਪਰ ਇਹ ਸਾਡੀ ਸਿਹਤ ਲਈ ਜ਼ਰੂਰੀ ਹੁੰਦੇ ਹਨ। ਕਿਉਂਕਿ ਇਹ ਸਾਡੇ ਸਰੀਰ ਅੰਦਰ ਨਹੀਂ ਬਣਦੇ, ਇਸ ਲਈ ਅਸੀਂ ਇਨ੍ਹਾਂ ਨੂੰ ਭੋਜਨ ਜ਼ਰੀਏ ਗ੍ਰਹਿਣ ਕਰਦੇ ਹਾਂ। ਉਦਾਹਰਣ ਵਜੋਂ ਵਿਟਾਮਨ ਏ, ਜੋ ਕਿ ਚੰਗੀ ਨਜ਼ਰ ਅਤੇ ਸਿਹਤਮੰਦ ਚਮੜੀ ਲਈ ਬਹੁਤ ਜ਼ਰੂਰੀ ਹੈ। ਵਿਟਾਮਿਨ ਸੀ, ਜੋ ਕਿ ਬਿਮਾਰੀ ਰੋਧਕ ਪ੍ਰਣਾਲੀ ਲਈ ਜ਼ਰੂਰੀ ਹੈ ਅਤੇ ਵਿਟਾਮਿਨ ਕੇ ਜੋ ਕਿ ਖੂਨ ਦੀਆਂ ਗੰਢਾਂ ਲਈ ਜ਼ਰੂਰੀ ਹੈ।
ਜ਼ਰੂਰੀ ਖਣਿਜਾਂ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਸੇਲੇਨੀਅਮ, ਪੋਟਾਸ਼ੀਅਮ ਵਗੈਰਾ ਸ਼ਾਮਿਲ ਹੁੰਦੇ ਹਨ। ਵਿਟਾਮਿਨਾਂ ਅਤੇ ਖਣਿਜਾਂ ਨੂੰ ਲਘੂ ਪੌਸ਼ਟਿਕ ਤੱਤਾਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ ਕਿਉਂਕਿ ਇਹ ਸਾਨੂੰ ਕਾਰਬੋਹਾਈਡਰੇਟਸ, ਪ੍ਰੋਟੀਨ ਅਤੇ ਚਰਬੀ ਜਿਹੇ ਵੱਡੇ ਪੌਸ਼ਟਿਕ ਤੱਤਾਂ ਦੇ ਮੁਕਾਬਲੇ ਬਹੁਤ ਥੋੜ੍ਹੀ ਮਾਤਰਾ ਵਿੱਚ ਲੋੜੀਂਦੇ ਹੁੰਦੇ ਹਨ।
ਇਹ ਕਿਹਾ ਜਾ ਸਕਦਾ ਹੈ ਕਿ ਕੋਈ ਵੀ ਸਪਲੀਮੈਂਟ, ਇੱਕ ਸਿਹਤਮੰਦ ਅਤੇ ਸੰਤੁਲਿਤ ਖੁਰਾਕ ਦਾ ਬਦਲ ਨਹੀਂ ਹੋ ਸਕਦਾ। ਸਰੀਰ ਵਿੱਚ ਇਨ੍ਹਾਂ ਦੀ ਪੂਰਤੀ ਕਰਨ ਦਾ ਸਭ ਤੋਂ ਵਧੀਆ ਤਰੀਕਾ ਵੱਧ ਤੋਂ ਵੱਧ ਹਰੀਆਂ ਸਬਜ਼ੀਆਂ, ਫਲਾਂ, ਅਨਾਜ, ਮੇਵੇ, ਦੁੱਧ ਉਤਪਾਦ, ਮੱਛੀ ਵਗੈਰਾ ਦਾ ਸੇਵਨ ਕਰਨਾ ਹੈ।
ਹਾਲਾਂਕਿ, ਖੋਜ ਇਹ ਵੀ ਕਹਿੰਦੀ ਹੈ ਕਿ ਸਾਡੇ ਵਿੱਚੋਂ ਕਈ ਲੋਕ ਇਹ ਨਹੀਂ ਕਰ ਪਾ ਰਹੇ ਹਨ। ਫ਼ਾਸਟ-ਫੂਡ ਅਤੇ ਅਲਟਰਾ-ਪ੍ਰੋਸੈਸਡ ਉਤਪਾਦਾਂ ਵਿੱਚ ਵਾਧੇ ਦਾ ਮਤਲਬ ਹੈ ਕਿ ਸਹੂਲਤ ਅਕਸਰ ਘਰ ਦੇ ਬਣੇ ਭੋਜਨ ਤੋਂ ਜਿੱਤ ਜਾਂਦੀ ਹੈ।
ਯੂਐੱਸ ਦੇ ਖੇਤੀਬਾੜੀ ਵਿਭਾਗ ਦੇ ਉਮਰ ਬਾਰੇ ਮਨੁੱਖੀ ਪੋਸ਼ਣ ਖੋਜ ਕੇਂਦਰ ਵਿੱਚ ਸੀਨੀਅਰ ਵਿਗਿਆਨੀ ਬੇਸ ਡਾਅਸਨ ਹੁਗਜ਼ ਕਹਿੰਦੇ ਹਨ, "ਔਸਤ ਅਮਰੀਕਨ ਲੋੜ ਨਾਲੋਂ ਅੱਧੇ ਫਲ ਅਤੇ ਸਬਜ਼ੀਆਂ ਖਾ ਰਹੇ ਹਨ। ਇਸ ਲਈ ਜੇ ਤੁਸੀਂ ਵੀ ਉਸੇ ਦਿਸ਼ਾ ਵੱਲ ਹੋ ਤਾਂ ਸ਼ਾਇਦ ਕੁਝ ਜ਼ਰੂਰੀ ਪੋਸ਼ਟਿਕ ਤੱਤਾਂ ਤੋਂ ਖੁੰਝ ਰਹੇ ਹੋ।"

ਤਸਵੀਰ ਸਰੋਤ, Getty Images
ਕੀ ਮਲਟੀ ਵਿਟਾਮਿਨ ਇਸ ਪੋਸ਼ਣ ਘਾਟੇ ਦੀ ਪੂਰਤੀ ਕਰ ਸਕਦੇ ਹਨ?
ਜਵਾਬ, ਗੁੰਝਲ਼ਦਾਰ ਹੈ।
1970 ਦੇ ਦਹਾਕੇ ਵਿੱਚ ਇਹ ਥਿਊਰੀ ਫੈਲੀ ਕਿ ਜ਼ਿਆਦਾ ਮਾਤਰਾ ਵਿੱਚ ਵਿਟਾਮਿਨ ਸੀ ਲੈਣਾ ਆਮ ਜ਼ੁਕਾਮ ਰੋਕ ਸਕਦਾ ਹੈ।
ਨੋਬਲ ਪੁਰਸਕਾਰ ਜੇਤੂ ਰਸਾਣਿਕ ਵਿਗਿਆਨੀ ਲਿਨਿਸ ਪਾਲਿੰਗ ਦਾ ਕਹਿਣਾ ਸੀ ਕਿ ਸਿਫਾਰਿਸ਼ ਮਾਤਰਾਂ ਤੋਂ ਪੰਜ ਗੁਣਾ ਜ਼ਿਆਦਾ ਵਿਟਾਮਿਨ ਸੀ ਲੈਣ ਨਾਲ ਇਨਫਲੁਏਂਜ਼ਾ, ਦਿਲ ਦੀਆਂ ਬਿਮਾਰੀਆਂ, ਅੱਖਾਂ ਦਾ ਮੋਤੀਆ ਅਤੇ ਇੱਥੋਂ ਤੱਕ ਕਿ ਕੈਂਸਰ ਤੱਕ ਦਾ ਇਲਾਜ ਕਰ ਸਕਦੀ ਹੈ।
ਹਾਲਾਂਕਿ ਵਿਟਾਮਿਨ ਸੀ ਦੀ ਜ਼ਿਆਦਾ ਮਾਤਰਾ ਨਾਲ ਜ਼ੁਕਾਮ ਦੇ ਇਲਾਜ ਦੇ ਦਾਅਵੇ ਨੂੰ ਨਕਾਰ ਦਿੱਤਾ ਗਿਆ ਹੈ, ਪਰ ਹਾਲੇ ਵੀ ਕਈ ਇਸ ਵਿੱਚ ਵਿਸ਼ਵਾਸ ਕਰਦੇ ਹਨ।
ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਇਨਫਲੂਐਂਸਰ ਲੋੜੀਂਦੀ ਮਾਤਰਾ ਤੋਂ 500 ਅਤੇ ਇੱਥੋਂ ਤੱਕ ਕਿ 1000 ਫ਼ੀਸਦੀ ਵੱਧ ਮਾਤਰਾ ਵਾਲੇ ਸਪਲੀਮੈਂਟਾਂ ਦੀ ਸਿਫਾਰਸ਼ ਕਰ ਰਹੇ ਹਨ, ਉਹ ਵੀ ਇਸ ਤੱਥ ਦੇ ਬਾਵਜੂਦ ਕਿ ਇਨ੍ਹਾਂ ਸਪਲੀਮੈਂਟਸ ਬਾਰੇ ਆਮ ਤੌਰ 'ਤੇ ਨਿਯਮ ਨਹੀਂ ਹੁੰਦੇ, ਇਹ ਕਿਨ੍ਹਾਂ ਉਤਪਾਦਾਂ ਤੋਂ ਬਣੇ ਹਨ ਇਹ ਲਿਖਿਆ ਨਹੀਂ ਹੁੰਦਾ ਅਤੇ ਮੈਡੀਕਲ ਖੋਜ ਦੇ ਮਿਆਰਾਂ ਦੁਆਰਾ ਸਮਰਥਤ ਨਹੀਂ ਹੁੰਦੇ।

ਵਿਟਾਮਿਨਾਂ ਅਤੇ ਖਣਿਜਾਂ ਦੀ ਜ਼ਿਆਦਾ ਮਾਤਰਾ ਖਤਰਨਾਕ ਹੋ ਸਕਦੀ ਹੈ। ਉਦਾਹਰਣ ਵਜੋਂ, ਵਿਟਾਮਿਨ ਡੀ ਦੀ ਜ਼ਿਆਦਾ ਮਾਤਰਾ ਲੈਣ ਵਾਲੇ ਲੋਕਾਂ ਨੂੰ ਹਸਪਤਾਲ ਲਿਜਾਣਾ ਪਿਆ।
ਵਿਟਾਮਿਨ ਡੀ ਦੀ ਜ਼ਿਆਦਾ ਮਾਤਰਾ ਲਏ ਜਾਣ ਬਾਅਦ ਹਲਕੇ ਲੱਛਣ ਦਿਸ ਸਕਦੇ ਹਨ ਜਿਵੇਂ ਕਿ ਪਿਆਸ, ਵਾਰ ਵਾਰ ਪਿਸ਼ਾਬ ਜਾਣ ਦੀ ਲੋੜ ਪਰ ਕਈ ਗੰਭੀਰ ਕੇਸਾਂ ਵਿੱਚ ਇਸ ਨਾਲ ਦੌਰੇ ਪੈ ਸਕਦੇ ਹਨ, ਮਰੀਜ਼ ਕੋਮਾ ਵਿੱਚ ਜਾ ਸਕਦਾ ਹੈ ਜਾਂ ਮੌਤ ਵੀ ਹੋ ਸਕਦੀ ਹੈ।
ਇਸੇ ਵਿਚਕਾਰ, ਯੂਐੱਸ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਮੁਤਾਬਕ ਵਿਟਾਮਿਨ ਏ ਦੀ ਲੋੜ ਤੋਂ ਵੱਧ ਮਾਤਰਾ ਨਾਲ "ਤੇਜ਼ ਸਿਰਦਰਦ, ਧੁੰਦਲਾਪਣ, ਜੀ ਕੱਚਾ ਹੋਣਾ, ਚੱਕਰ ਆਉਣੇ, ਮਾਸਪੇਸ਼ੀਆਂ ਵਿੱਚ ਦਰਦ ਅਤੇ ਤਾਲਮੇਲ ਵਿੱਚ ਕਮੀ ਜਿਹੀਆਂ ਸਮੱਸਿਆਵਾਂ ਆ ਸਕਦੀਆਂ ਹਨ। ਕਈ ਗੰਭੀਰ ਕੇਸਾਂ ਵਿੱਚ ਵਿਟਾਮਿਨ ਏ ਦੀ ਲੋੜ ਤੋਂ ਜ਼ਿਆਦਾ ਮਾਤਰਾ ਨਾਲ ਮਰੀਜ਼ ਕੋਮਾ ਵਿੱਚ ਜਾ ਸਕਦਾ ਹੈ ਜਾਂ ਮੌਤ ਹੋ ਸਕਦੀ ਹੈ।"
ਵਿਟਾਮਿਨਾਂ ਅਤੇ ਖਣਿਜਾਂ ਬਾਰੇ ਕੀਤੇ ਗਏ ਕਲੀਨਿਕਲ ਟ੍ਰਾਇਲਾਂ ਵਿੱਚ ਕਈ ਵਾਰ ਵਿਰੋਧਾਭਾਸ ਵਾਲੇ ਨਤੀਜੇ ਆਉਂਦੇ ਹਨ ਅਤੇ ਇਹ ਸਝਾਉਂਦੇ ਹਨ ਕਿ ਤੁਹਾਨੂੰ ਵਿਟਾਮਿਨ ਸਪਲੀਮੈਂਟ ਲੈਣ ਨਾਲ ਫ਼ਾਇਦਾ ਹੋਏਗਾ ਜਾਂ ਨਹੀਂ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੌਣ ਹੋ ਅਤੇ ਸਪਲੀਮੈਂਟ ਵਿੱਚ ਮਾਈਕ੍ਰੋ-ਨਿਊਟਰੀਐਂਟਸ ਦੀ ਮਾਤਰਾ ਕਿੰਨੀ ਹੈ।
ਵਿਟਾਮਿਨਾਂ ਅਤੇ ਖਣਿਜਾਂ 'ਤੇ ਕੀਤੇ ਗਏ ਕਲੀਨਿਕਲ ਟ੍ਰਾਇਲ

ਤਸਵੀਰ ਸਰੋਤ, Getty Images
ਸ਼ੁਰੂਆਤੀ ਟ੍ਰਾਇਲ, ਐਂਟੀਆਕਸੀਡੈਂਟਸ ਅਤੇ ਫ੍ਰੀ ਰੈਡੀਕਲਜ਼ ਵਜੋਂ ਜਾਣੇ ਜਾਂਦੇ ਹਾਨੀਕਾਰਕ ਰਸਾਇਣਾਂ ਨੂੰ ਬੇਅਸਰ ਕਰਨ ਵਾਲੇ ਅਣੂਆਂ 'ਤੇ ਕੇਂਦਰਿਤ ਸਨ। ਫ੍ਰੀ ਰੈਡੀਕਲਜ਼, ਅਸਥਿਰ ਅਣੂ ਹੁੰਦੇ ਹਨ ਜੋ ਸੈੱਲਾਂ ਅਤੇ ਡੀਐਨਏ ਨਾਲ ਪ੍ਰਤਿਕਿਰਿਆ ਕਰਦੇ ਹਨ ਅਤੇ ਉਨ੍ਹਾਂ ਨੂੰ ਤੋੜਦੇ ਹਨ।
ਇਹ ਸਮਝਿਆ ਜਾ ਸਕਦਾ ਹੈ ਕਿ ਐਂਟੀਆਕਸੀਡੈਂਟ ਦੀ ਮਾਤਰਾ ਵਧਾਉਣ ਨਾਲ ਬਿਮਾਰੀ ਰੋਕਣ ਵਿੱਚ ਮਦਦ ਮਿਲੇਗੀ ਪਰ ਫਿਰ ਵੀ ਅਧਿਐਨ ਲਗਾਤਾਰ ਦਿਖਾ ਰਹੇ ਹਨ ਕਿ ਅਜਿਹਾ ਨਹੀਂ ਹੈ।
ਉਦਾਹਰਣ ਵਜੋਂ, ਹਾਰਵਰਡ ਸਕੂਲ ਆਫ ਪਬਲਿਕ ਹੈਲਥ ਵਿੱਚ ਮਹਾਂਮਾਰੀ ਵਿਭਾਗ ਦੇ ਪ੍ਰੋਫੈਸਰ ਜੋਏਨ ਮੈਨਸਨ ਦੀ ਅਗਵਾਈ ਹੇਠ ਹੋਏ ਡਬਲ ਬਲਾਈਂਡ ਪਲੇਸਬੋ ਕੰਟ੍ਰੋਲਡ ਟ੍ਰਾਇਲਜ਼ ਵਿੱਚ ਪਤਾ ਲੱਗਿਆ ਕਿ ਐਂਟੀਐਕਸੀਡੈਂਟ ਬੀਟਾ-ਕੈਰੋਟੀਨ, ਵਿਟਾਮਿਨ ਸੀ ਅਤੇ ਵਿਟਾਮਿਨ ਈ ਦਾ ਕੈਂਸਰ ਜਾਂ ਦਿਲ ਦੀਆਂ ਬਿਮਾਰੀਆਂ ਰੋਕਣ ਲਈ ਕੋਈ ਪ੍ਰਭਾਵ ਨਹੀਂ ਹੈ।
ਬਲਕਿ, ਕੁਝ ਅਧਿਐਨ ਕਹਿੰਦੇ ਹਨ ਕਿ ਐਂਟੀਆਕਸੀਡੈਂਟ ਦੀ ਜ਼ਿਆਦਾ ਮਾਤਰਾ ਅਸਲ ਵਿੱਚ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ।
ਉਦਾਹਰਣ ਵਜੋਂ, ਰੈਂਡਮ ਕਲੀਨਿਕਲ ਟ੍ਰਾਇਲ ਤੋਂ ਸਾਹਮਣੇ ਆਏ ਨਤੀਜੇ ਦੱਸਦੇ ਹਨ ਕਿ ਵੱਧ ਮਾਤਰਾ ਵਿੱਚ ਬੀਟਾ-ਕੈਰੋਟੀਨ ਦੇ ਸੇਵਨ ਨਾਲ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ ਵਧ ਸਕਦਾ ਹੈ, ਖਾਸ ਕਰਕੇ ਜੇ ਤੁਹਾਨੂੰ ਸਿਗਰਟਨੋਸ਼ੀ ਦੀ ਆਦਤ ਹੈ ਤਾਂ। ਜਦਕਿ, ਮੈਨਸਨ ਦੇ ਟ੍ਰਾਇਲ ਵਿੱਚ ਪਤਾ ਲੱਗਿਆ ਕਿ ਵਿਟਾਮਿਨ ਈ ਦੀ ਜ਼ਿਆਦਾ ਵਰਤੋਂ ਨਾਲ ਹੈਮਰੇਜ ਦੌਰੇ ਦਾ ਖਤਰਾ ਵਧ ਸਕਦਾ ਹੈ।
ਮੈਨਸਨ ਕਹਿੰਦੇ ਹਨ, "ਵਿਟਾਮਿਨ ਈ ਖੂਨ ਨੂੰ ਪਤਲਾ ਰੱਖਣ ਦੀ ਸਮਰੱਥਾ ਹੁੰਦੀ ਹੈ। ਇਸ ਦੀ ਜ਼ਿਆਦਾ ਮਾਤਰਾ ਖੂਨ ਨੂੰ ਸੰਘਣਾ ਹੋਣ ਦੇ ਅਯੋਗ ਬਣਾਉਂਦੀ ਹੈ, ਜਿਸ ਕਾਰਨ ਦਿਮਾਗ਼ ਵਿੱਚ ਖੂਨ ਰਿਸਣ ਦਾ ਖਤਰਾ ਵਧਦਾ ਹੈ।"
"ਇਹ ਖਤਰਾ ਵੀ ਹੈ ਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਐਂਟੀਆਕਸੀਡੈਂਟ ਅਸਲ ਵਿੱਚ ਪ੍ਰੋ-ਆਕਸੀਡੈਂਟ ਬਣ ਸਕਦੇ ਹਨ ਅਤੇ ਆਕਸੀਕਰਨ ਨੂੰ ਵਧਾ ਸਕਦੇ ਹਨ।"
ਇਨ੍ਹਾਂ ਮਾਈਕ੍ਰੋ-ਨਿਊਟਰੀਐਂਟਸ ਦਾ ਜ਼ਿਆਦਾ ਸੇਵਨ ਦੂਜੇ ਸੂਖਮ ਪੌਸ਼ਟਿਕ ਤੱਤਾਂ ਦੇ ਸੋਖਣ ਵਿੱਚ ਰੁਕਾਵਟ ਬਣ ਸਕਦਾ ਹੈ। ਉਦਾਹਰਨ ਵਜੋਂ, ਜ਼ਿਆਦਾ ਬੀਟਾ-ਕੈਰੋਟੀਨ ਲੈਣ ਨੂੰ ਇਸ ਲਈ ਵੀ ਹਾਨੀਕਾਰਕ ਸਮਝਿਆ ਜਾਂਦਾ ਹੈ ਕਿ ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਪਾਏ ਜਾਣ ਵਾਲੇ ਲੂਟੀਨ ਜਿਹੇ ਕੈਰੋਟਿਨਾਇਡਜ਼ ਦੇ ਸੋਖਣ ਵਿੱਚ ਰੁਕਾਵਟ ਬਣਦਾ ਹੈ।
ਵਿਟਾਮਿਨ ਡੀ ਕਿਉਂ ਜ਼ਰੂਰੀ ਹੈ?
ਸਿਫਾਰਸ਼ ਮਾਤਰਾ ਤੋਂ ਜ਼ਿਆਦਾ ਐਂਟੀਆਕਸੀਡੈਂਟ ਲੈਣ ਦੀ ਸਲਾਹ ਨਹੀਂ ਦਿੱਤੀ ਜਾਂਦੀ। ਪਰ ਦੂਜੇ ਵਿਟਾਮਿਨਾਂ ਬਾਰੇ ਕੀ ਸਿਫਾਰਸ਼ਾਂ ਹਨ?
ਇੱਕ ਪੌਸ਼ਟਿਕ ਤੱਤ ਜੋ ਲੋਕਾਂ ਨੂੰ ਕਾਫੀ ਨਹੀਂ ਮਿਲਦਾ, ਉਹ ਹੈ ਵਿਟਾਮਿਨ ਡੀ। ਇਹ ਅਜਿਹਾ ਅਣੂ ਹੈ ਜੋ ਸਿਹਤਮੰਦ ਹੱਡੀਆਂ ਦੇ ਬਣਨ ਅਤੇ ਬਣੇ ਰਹਿਣ ਲਈ ਜ਼ਰੂਰੀ ਹੈ।
ਤਕਨੀਕੀ ਰੂਪ ਵਿੱਚ, ਵਿਟਾਮਿਨ ਡੀ ਇੱਕ ਵਿਟਾਮਿਨ ਨਹੀਂ ਹੈ ਕਿਉਂਕਿ ਜੇ ਸਾਨੂੰ ਧੁੱਪ ਮਿਲਦੀ ਰਹੇ ਤਾਂ ਸਾਡੇ ਸਰੀਰ ਵਿੱਚ ਇਹ ਖੁਦ ਬਣ ਜਾਂਦਾ ਹੈ। ਸਾਨੂੰ ਇਹ ਕੁਝ ਭੋਜਨਾਂ ਤੋਂ ਵੀ ਮਿਲਦਾ ਹੈ।
ਪਰ ਕਿਉਂਕਿ ਸਾਨੂੰ ਸਰਦੀਆਂ ਦੇ ਮੌਸਮ ਵਿੱਚ ਚੰਗੀ ਧੁੱਪ ਨਹੀ ਮਿਲਦੀ, ਇਸ ਲਈ ਯੂਕੇ ਵਿੱਚ ਸਿਫਾਰਸ਼ ਹੈ ਕਿ ਅਕਤੂਬਰ ਤੋਂ ਮਾਰਚ ਤੱਕ ਵਿਟਾਮਿਨ ਡੀ ਦੇ ਸਪਲੀਮੈਂਟ ਲਏ ਜਾਣ।
ਇੱਥੋਂ ਤੱਕ ਕਿ ਇਹ ਵੀ ਦਲੀਲ ਹੈ ਕਿ ਉੱਤਰ ਵਿੱਚ 37 ਡਿਗਰੀ ਲੰਬਾਂਤਰ ਵਿੱਚ ਰਹਿਣ ਵਾਲੇ ਹਰ ਕਿਸੇ ਨੂੰ ਸਰਦੀਆਂ ਵਿੱਚ ਵਿਟਾਮਿਨ ਡੀ ਲੈਣਾ ਚਾਹੀਦਾ ਹੈ। ਇਹੀ ਭੂ-ਮੱਧ ਰੇਖਾ ਤੋਂ ਦੱਖਣ ਵੱਲ 37 ਡਿਗਰੀ ਤੋਂ ਪਰ੍ਹੇ ਰਹਿਣ ਵਾਲਿਆਂ 'ਤੇ ਵੀ ਲਾਗੂ ਹੁੰਦਾ ਹੈ।
ਵਿਟਾਮਿਨ ਡੀ ਬਾਰੇ ਮੁੱਖ ਅਧਿਐਨ ਮੈਨਸਨ ਦਾ ਸੀ ਜਿਸ ਵਿੱਚ 25000 ਅਮਰੀਕਨ ਬਾਲਗ ਸ਼ਾਮਲ ਕੀਤੇ ਗਏ ਸੀ। ਇਹ ਜਾਂਚਿਆ ਗਿਆ ਕਿ ਵਿਟਾਮਿਨ ਡੀ ਅਤੇ ਓਮੇਗਾ-3 ਦੇ ਰੋਜ਼ਾਨਾ ਸਪਲੀਮੈਂਟ ਲੈਣ ਨਾਲ ਕੈਂਸਰ, ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘਟਾਉਂਦਾ ਹੈ ਜਾਂ ਨਹੀਂ।

ਤਸਵੀਰ ਸਰੋਤ, Getty Images
ਭਾਵੇਂ ਵਿਟਾਮਿਨ ਡੀ ਸਪਲੀਮੈਂਟ ਦਾ ਦਿਲ ਦੀਆਂ ਬਿਮਾਰੀਆਂ ਜਾਂ ਕੈਂਸਰ ਫੈਲਣ 'ਤੇ ਜ਼ਿਆਦਾ ਪ੍ਰਭਾਵ ਨਹੀਂ ਪਿਆ ਪਰ ਵਿਟਾਮਿਨ ਡੀ ਲੈਣ ਵਾਲੇ ਲੋਕਾਂ ਵਿੱਚ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 17 ਫ਼ੀਸਦੀ ਕਮੀ ਦੇਖਣ ਨੂੰ ਮਿਲੀ।
ਜਦੋਂ ਮੈਨਸਨ ਨੇ ਪੂਰੀ ਤਰ੍ਹਾਂ ਉਨ੍ਹਾਂ ਲੋਕਾਂ 'ਤੇ ਧਿਆਨ ਦਿੱਤਾ ਜੇ ਦੇ ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਵਿਟਾਮਿਨ ਡੀ ਲੈ ਰਹੇ ਸਨ ਤਾਂ ਪਤਾ ਲੱਗਿਆ ਕਿ ਕੈਸਰ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 25 ਫ਼ੀਸਦੀ ਗਿਰਾਵਟ ਦਿਸੀ ਅਤੇ ਐਡਵਾਂਸ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਵਿੱਚ 17 ਫ਼ੀਸਦੀ ਕਮੀ।
ਮੈਨਸਨ ਕਹਿੰਦੇ ਹਨ, "ਇਹ ਵੀ ਹੋ ਸਕਦਾ ਹੈ ਕਿ ਵਿਟਾਮਿਨ ਡੀ ਟਿਊਮਰ ਸੈੱਲਾਂ ਦੀ ਜੈਵਿਕ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਜੋ ਉਨ੍ਹਾਂ ਨੂੰ ਘੱਟ ਘਾਤਕ ਬਣਾਇਆ ਜਾ ਸਕੇ ਅਤੇ ਮੈਟਾਸਟੇਸਿਸ ਹੋਣ ਦੀ ਸੰਭਾਵਨਾ ਘੱਟ ਹੋ ਸਕੇ, ਪਰ ਇਹ ਕੈਂਸਰ ਹੋਣ ਨੂੰ ਪ੍ਰਭਾਵਿਤ ਨਹੀਂ ਕਰਦਾ।"
ਕਿਉਂਕਿ ਵਿਟਾਮਿਨ ਡੀ ਸਿਹਤਮੰਦ ਹੱਡੀਆਂ ਲਈ ਜ਼ਰੂਰੀ ਹੈ, ਅਕਸਰ ਦਾਅਵਾ ਕੀਤਾ ਜਾਂਦਾ ਹੈ ਕਿ ਰੋਜ਼ਾਨਾ ਵਿਟਾਮਿਨ ਡੀ ਦੀ ਡੋਜ਼ ਲੈਣ ਨਾਲ ਹੱਡੀਆਂ ਟੁੱਟਣ ਤੋਂ ਰੋਕਿਆ ਜਾ ਸਕਦਾ ਹੈ ਖਾਸ ਕਰਕੇ ਵੱਡੀ ਉਮਰ ਦੇ ਲੋਕਾਂ ਵਿੱਚ।
2000ਵਿਆਂ ਦੀ ਸ਼ੁਰੂਆਤ ਵਿੱਚ ਫਰਾਂਸ ਵਿੱਚ ਹੋਏ ਕਲੀਨਿਕਲ ਟ੍ਰਾਇਲ ਦੌਰਾਨ ਪਤਾ ਲੱਗਿਆ ਕਿ ਵੱਡੀ ਉਮਰ ਦੇ ਲੋਕ ਖਾਸ ਕਰਕੇ ਕੇਅਰ ਹੋਮ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਵਿਟਾਮਿਨ ਡੀ ਸਪਲੀਮੈਂਟ ਨਾਲ ਫਾਇਦਾ ਹੋ ਸਕਦਾ ਹੈ।
ਹਾਲਾਂਕਿ ਅਗਲੇਰੇ ਸਬੂਤ ਰਲੇ-ਮਿਲੇ ਹਨ। ਵਾਈਟਲ ਟ੍ਰਾਇਲ ਵਿੱਚ ਸਾਹਮਣੇ ਆਇਆ ਹੈ ਕਿ ਵਿਟਾਮਿਨ ਡੀ ਨੇ ਹੱਡੀਆਂ ਦਾ ਟੁੱਟਣਾ ਨਹੀਂ ਰੋਕਿਆ। ਜਦਕਿ ਵਿਡਾ ਅਤੇ ਡੀ-ਹੈਲਥ ਅਧਿਐਨਾਂ ਵਿੱਚ ਵੀ ਵਿਟਾਮਿਨ ਡੀ ਦਾ ਹੱਡੀਆਂ ਦੇ ਟੁੱਟਣ ਜਾਂ ਨਾ ਟੁੱਟਣ ਵਿੱਚ ਸਪਸ਼ਟ ਫ਼ਾਇਦਾ ਨਹੀਂ ਦਿਸਿਆ। ਹਾਲਾਂਕਿ ਡਾਅਸਨ ਹੁਗਜ਼ ਮੁਤਾਬਕ ਇਹ ਵੀ ਹੋ ਸਕਦਾ ਹੈ ਕਿ ਅਧਿਐਨ ਵਿੱਚ ਸ਼ਾਮਲ ਲੋਕਾਂ ਅੰਦਰ ਪਹਿਲਾਂ ਹੀ ਵਿਟਾਮਿਨ ਡੀ ਸਹੀ ਮਾਤਰਾ ਵਿੱਚ ਮੌਜੂਦ ਹੋਵੇ।
ਤੁਹਾਨੂੰ ਮਲਟੀ ਵਿਟਾਮਿਨ ਕਿਉਂ ਲੈਣੇ ਚਾਹੀਦੇ ਹਨ?

ਤਸਵੀਰ ਸਰੋਤ, Getty Images
ਦਿਲਚਸਪ ਗੱਲ ਇਹ ਹੈ ਕਿ ਇਸ ਗੱਲ ਦੇ ਸਬੂਤ ਵਧਣੇ ਸ਼ੁਰੂ ਹੋ ਗਏ ਹਨ ਕਿ ਰੋਜ਼ਾਨਾ ਮਲਟੀਵਿਟਾਮਿਨ ਲੈਣ ਨਾਲ ਸਿਹਤ ਨੂੰ ਫ਼ਾਇਦੇ ਹੋ ਸਕਦੇ ਹਨ, ਖਾਸ ਕਰਕੇ ਵੱਡੀ ਉਮਰ ਦੇ ਲੋਕਾਂ ਨੂੰ।
ਮੈਨਸਨ ਦੀ ਫਿਜ਼ੀਸ਼ੀਅਨਜ਼ ਹੈਲਥ ਸਟੱਡੀ 2 ਜੋ ਕਿ ਵੀਹ ਸਾਲ ਪਹਿਲਾਂ ਸ਼ੁਰੂ ਹੋਈ, ਵਿੱਚ ਪਤਾ ਲੱਗਿਆ ਕਿ ਜੋ ਲੋਕ ਪਿਛਲੇ ਗਿਆਰਾਂ ਸਾਲ ਤੋਂ ਰੋਜ਼ਾਨਾ ਮਲਟੀਵਿਟਾਮਿਨ ਲੈ ਰਹੇ ਸਨ, ਉਨ੍ਹਾਂ ਵਿੱਚ ਕੈਂਸਰ ਹੋਣ ਦਾ ਖਤਰਾ 8 ਫ਼ੀਸਦੀ ਤੱਕ ਘਟਿਆ। ਸਭ ਤੋਂ ਵੱਧ ਫ਼ਾਇਦਾ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਸੀ ਜਿਨ੍ਹਾਂ ਵਿੱਚ ਕੈਸਰ ਹੋਣ ਦੀ ਦਰ ਪਲੇਸਬੋ ਗਰੁੱਪ ਦੇ ਮੁਕਾਬਲੇ 18 ਫ਼ੀਸਦੀ ਘਟ ਦਿਸੀ।
ਮੈਨਸਨ ਨੇ ਕਿਹਾ, "ਹੋ ਸਕਦਾ ਹੈ ਕਿ ਵੱਡੀ ਉਮਰ ਦੇ ਲੋਕਾਂ ਦੀ ਖੁਰਾਕ ਠੀਕ ਨਾ ਹੋਵੇ ਜਾਂ ਵਿਟਾਮਿਨਾਂ ਅਤੇ ਖਣਿਜ ਚੰਗੀ ਤਰ੍ਹਾਂ ਸੋਖੇ ਨਾ ਜਾ ਰਹੇ ਹੋਣ ਅਤੇ ਇਸ ਲਈ ਇਸ ਗਰੁੱਪ ਨੂੰ ਜ਼ਿਆਦਾ ਫ਼ਾਇਦਾ ਹੁੰਦਾ ਦਿਸਦਾ ਹੈ।"
ਇਸੇ ਵਿਚਕਾਰ ਮੈਨਸਨ ਦੇ 2023 ਵਿੱਚ ਕੋਸਮੋਸ ਟ੍ਰਾਇਲ ਦੌਰਾਨ ਜਿਹੜੇ ਲੋਕਾਂ ਨੇ ਰੋਜ਼ਾਨਾ ਮਲਟੀਵਿਟਾਮਿਨ ਲਈ ਉਨ੍ਹਾਂ ਵਿੱਚ ਪਲੇਸਬੋ ਗਰੁੱਪ ਦੇ ਮੁਕਾਬਲੇ ਪਿਛਲੇ ਤਿੰਨ ਸਾਲਾਂ ਅੰਦਰ 60 ਫ਼ੀਸਦੀ ਘੱਟ ਬੌਧਿਕ ਗਿਰਾਵਟ ਦਿਖੀ। ਉਨ੍ਹਾਂ ਵਿੱਚ ਅੱਖਾਂ ਦਾ ਮੋਤੀਆ ਵੀ ਘੱਟ ਦੇਖਿਆ ਗਿਆ।
ਮੈਨਸਨ ਕਹਿੰਦੇ ਹਨ, "ਇਹ ਸਾਰੀਆਂ ਉਮਰ ਸਬੰਧਤ ਬਿਮਾਰੀਆਂ ਹਨ ਜਿਵੇਂ ਕਿ ਕੈਂਸਰ, ਮੋਤੀਆ-ਬਿੰਦ, ਬੌਧਿਕਤਾ ਸਬੰਧਤੀ ਯਾਦਸ਼ਾਤ ਕਮਜ਼ੋਰੀ ਅਤੇ ਮਲਟੀ ਵਿਟਾਮਿਨ ਨੂੰ ਇਹ ਸਾਰੀਆਂ ਬਿਮਾਰੀਆਂ ਘਟਾਉਣ ਨਾਲ ਜੋੜਿਆ ਗਿਆ ਹੈ।"

ਤਸਵੀਰ ਸਰੋਤ, Getty Images
ਤਾਂ ਕੀ ਇਸ ਨਾਲ ਸਾਨੂੰ ਜਵਾਬ ਮਿਲ ਜਾਂਦਾ ਹੈ? ਕਿ ਕਿਸ ਨੂੰ ਮਲਟੀ ਵਿਟਾਮਿਨ ਲੈਣੇ ਚਾਹੀਦੇ ਹਨ?
ਮੈਨਸਨ ਅਤੇ ਡਾਅਸਨ ਦੋਹੇਂ ਹੀ ਦਲੀਲ ਦਿੰਦੇ ਹਨ ਕਿ ਬਹੁ-ਗਿਣਤੀ ਲੋਕਾਂ ਲਈ ਮਲਟੀ ਵਿਟਾਮਿਨ ਦੀਆਂ ਗੋਲੀਆਂ ਖਾਣਾ ਗੈਰ-ਜ਼ਰੂਰੀ ਹੈ ਅਤੇ ਸਿਹਤਮੰਦ ਤੇ ਸੰਤੁਲਿਤ ਭੋਜਨ ਤੋਂ ਪੌਸ਼ਟਿਕ ਤੱਤ ਲੈਣਾ ਬਿਹਤਰ ਹੈ।
ਭੋਜਨ ਦੇ ਸ੍ਰੋਤਾਂ ਤੋਂ ਮਿਲਿਆ ਵਿਟਾਮਿਨ ਡੀ ਸਰੀਰ ਲਈ ਸੋਖਣਾ ਸੌਖਾ ਵੀ ਹੈ ਅਤੇ ਨਾਲ ਹੀ ਭੋਜਨ ਤੋਂ ਹੋਰ ਪੌਸ਼ਟਿਕ ਤੱਤ ਜਿਵੇਂ ਕਿ ਰੇਸ਼ੇ ਵੀ ਮਿਲਦੇ ਹਨ ਜੋ ਕੇ ਸਾਡੀ ਪਾਚਨ ਪ੍ਰਣਾਲੀ ਲਈ ਬਹੁਤ ਅਹਿਮ ਹਨ।
ਭਾਵੇਂ ਵਿਟਾਮਿਨ ਅਤੇ ਖਣਿਜ ਸਿਹਤ ਲਈ ਜ਼ਰੂਰੀ ਹਨ, ਸਾਨੂੰ ਸਰੀਰ ਸਹੀ ਚਲਾਉਣ ਲਈ ਇਨ੍ਹਾਂ ਦੀ ਬਹੁਤ ਥੋੜ੍ਹੀ ਮਾਤਰਾ ਵਿੱਚ ਲੋੜ ਹੁੰਦੀ ਹੈ। ਅਧਿਐਨ ਸਪਸ਼ਟ ਕਰਦੇ ਹਨ ਕਿ ਲੋੜ ਤੋਂ ਵੱਧ ਅਤੇ ਵਾਰ-ਵਾਰ ਇਨ੍ਹਾਂ ਨੂੰ ਗ੍ਰਹਿਣ ਕਰਨ ਦਾ ਕੋਈ ਫ਼ਾਇਦਾ ਨਹੀਂ ਹੁੰਦਾ।
ਹਾਲਾਂਕਿ ਸਾਡੇ ਵਿੱਚੋਂ ਕੁਝ ਲੋਕ ਹਨ ਜੋ ਮਲਟੀ ਵਿਟਾਮਿਨ ਦੀਆਂ ਗੋਲੀਆਂ ਤੋਂ ਫ਼ਾਇਦਾ ਲੈ ਸਕਦੇ ਹਨ ਜਦੋਂ ਤੱਕ ਗੋਲੀ ਅੰਦਰ ਵਿਟਾਮਿਨਾਂ ਮਾਤਰਾ ਰੋਜ਼ਾਨਾ ਸਿਫਾਰਿਸ਼ ਮਾਤਰਾ ਤੋਂ ਜ਼ਿਆਦਾ ਨਾ ਹੋਵੇ।
ਯੂਕੇ ਵਿੱਚ ਨੈਸ਼ਨਲ ਹੈਲਥ ਸਰਵਿਸ ਦੀ ਸਲਾਹ ਹੈ ਕਿ ਗਰਭਵਤੀ ਔਰਤਾਂ ਨੂੰ ਮਲਟੀ-ਵਿਟਾਮਿਨ ਅਤੇ ਫੌਲਿਕ ਐਸਿਡ ਦੀਆਂ ਗੋਲੀਆਂ ਲੈਣੀਆਂ ਚਾਹੀਦੀਆਂ ਹਨ ਅਤੇ ਕਲੀਨਿਕਲੀ ਇਹ ਸਾਬਿਤ ਹੋ ਚੁੱਕਿਆ ਹੈ ਕਿ ਇਸ ਨਾਲ ਭਰੂਣ ਅੰਦਰ ਨਿਉਰਲ ਟਿਊਬ ਡਿਫੈਕਟ ਦੀ ਸੰਭਾਵਨਾ ਘਟਦੀ ਹੈ।
ਇਸ ਬਾਰੇ ਵੀ ਚੰਗੇ ਸਬੂਤ ਮਿਲੇ ਹਨ ਕਿ ਸ਼ਾਕਾਹਾਰੀ ਜਾਂ ਉਹ ਲੋਕ ਜੋ ਜ਼ਿਆਦਾ ਮੱਛੀ ਦਾ ਸੇਵਨ ਨਹੀਂ ਕਰਦੇ, ਨੂੰ ਓਮੇਗਾ-3 ਮੱਛੀ ਦੇ ਤੇਲ ਵਾਲੀਆਂ ਗੋਲੀਆਂ ਤੋਂ ਲਾਭ ਲੈ ਸਕਦੇ ਹਨ। ਇੱਕ ਅਧਿਐਨ ਵਿੱਚ ਪਤਾ ਲੱਗਿਆ ਕਿ ਭੋਜਨ ਵਿੱਚ ਮੱਛੀ ਦਾ ਘੱਟ ਸੇਵਨ ਕਰਨ ਵਾਲੇ ਲੋਕਾਂ ਨੂੰ ਜਦੋਂ ਓਮੇਗਾ-3 ਦਿੱਤਾ ਗਿਆ ਉਨ੍ਹਾਂ ਵਿੱਚ ਪਲੇਸਬੋ ਦੇ ਮੁਕਾਬਲੇ ਦਿਲ ਦੀਆਂ ਬਿਮਾਰੀਆਂ ਵਿੱਚ 19 ਫ਼ੀਸਦੀ ਕਮੀ ਦੇਖੀ ਗਈ।
ਹਾਲਾਂਕਿ ਪ੍ਰਤੀ ਹਫਤਾ ਮੱਛੀ ਦੀ ਡੇਢ ਸਰਵਿੰਗ ਖਾਣ ਵਾਲੇ ਲੋਕਾਂ ਨੂੰ ਬਹੁਤਾ ਲਾਭ ਨਹੀਂ ਹੋਇਆ। ਕੁਝ ਅਜਿਹੇ ਹਾਲਾਤ ਵੀ ਹੁੰਦੇ ਹਨ ਜੋ ਸਰੀਰ ਦੀ ਵਿਟਾਮਿਨਾਂ ਨੂੰ ਸੋਖਣ ਦੀ ਸਮਰੱਥਾ ਵਿੱਚ ਦਖਲ ਅੰਦਾਜ਼ੀ ਕਰਦੇ ਹਨ ਜਿਵੇਂ ਕਿ ਕਰੋਹਨ ਦੀ ਬਿਮਾਰੀ ਅਤੇ ਅਲਸਰੇਟਿਵ ਕੋਲਾਈਟਿਸ ਜਿੱਥੇ ਲੋਕ ਮਲਟੀ ਵਿਟਾਮਿਨ ਦੀ ਗੋਲੀ ਤੋਂ ਫ਼ਾਇਦਾ ਲੈ ਸਕਦੇ ਹਨ। ਕੁਝ ਦਵਾਈਆਂ ਜਿਵੇਂ ਕਿ ਡਾਇਬਡੀਜ਼-2 ਲਈ ਵਰਤੀ ਜਾਣ ਵਾਲੀ ਮੈਟਫਾਰਮਿਨ ਵੀ ਵਿਟਾਮਿਨ ਸੋਖੇ ਜਾਣ 'ਤੇ ਪ੍ਰਭਾਵ ਪਾਉਂਦੀ ਹੈ।
ਸੰਭਵ ਹੈ ਕਿ 60 ਜਾਂ ਇਸ ਤੋਂ ਵੱਧ ਉਮਰ ਦੇ ਲੋਕ ਰੋਜ਼ਾਨਾ ਮਲਟੀਵਿਟਾਮਿਨ ਗੋਲੀ ਖਾ ਕੇ ਕੈਂਸਰ ਦਾ ਖਤਰਾ ਘਟਾ ਸਕਦੇ ਹਨ ਅਤੇ ਬੌਧਿਕ ਗਿਰਾਵਟ ਦੀ ਦਰ ਨੂੰ ਹੌਲੀ ਕਰ ਸਕਦੇ ਹਨ, ਪਰ ਹਾਲੇ ਵੀ ਇਸ ਬਾਰੇ ਜਾਂਚਿਆ ਜਾ ਰਿਹਾ ਹੈ।

ਤਸਵੀਰ ਸਰੋਤ, Getty Images
ਬਜ਼ੁਰਗ, ਖਾਸ ਕਰਕੇ ਨਰਸਿੰਗ ਘਰਾਂ ਵਿੱਚ ਰਹਿਣ ਵਾਲੇ ਜਿਨ੍ਹਾਂ ਦੀ ਸਖਤ ਡਾਈਟ ਹੁੰਦੀ ਹੈ ਅਤੇ ਬਾਹਰੀ ਵਾਤਾਵਰਨ ਵਿੱਚ ਬਹੁਤ ਥੋੜ੍ਹਾ ਸਮਾਂ ਬਿਤਾਉਂਦੇ ਹਨ, ਵਿਟਾਮਿਨ ਡੀ ਅਤੇ ਕੈਲਸ਼ੀਅਮ ਦੇ ਮਿਸ਼ਰਨ ਵਾਲੀਆਂ ਗੋਲੀਆਂ ਨਾਲ ਹੱਡੀਆਂ ਕਮਜ਼ੋਰ ਹੋਣ ਤੋਂ ਰੋਕਣ ਦਾ ਫ਼ਾਇਦਾ ਲੈ ਸਕਦੇ ਹਨ।
ਡਾਅਸਨ ਹੁਗਜ਼ ਨੇ ਕਿਹਾ, "ਇੱਕ ਨਰਸਿੰਗ ਹੋਮ ਵਿੱਚ ਕੀਤੀ ਗਈ ਦ ਲਾਰਜ ਫ੍ਰੈਂਚ ਸਟੱਡੀ ਨੇ ਦਿਖਾਇਆ ਕਿ ਇਨ੍ਹਾਂ ਪੌਸ਼ਟਿਕ ਤੱਤਾਂ ਦੇ ਸਧਾਰਨ ਬਦਲ ਨੇ ਕੂਹਲੇ ਦੀ ਹੱਡੀ ਟੁੱਟਣ ਵਿੱਚ 40 ਫ਼ੀਸਦੀ ਕਮੀ ਲਿਆਂਦੀ।"
"ਸਾਨੂੰ ਉਨ੍ਹਾਂ ਸਬੂਤਾਂ 'ਤੇ ਵਾਪਸ ਜਾਣ ਦੀ ਲੋੜ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਕਮਿਉਨਟੀ ਵਿੱਚ ਰਹਿਣ ਵਾਲੇ ਬਾਲਗਾਂ ਨੂੰ ਇਨ੍ਹਾਂ ਦਾ ਫ਼ਾਇਦਾ ਹੋਏਗਾ ਜਾਂ ਦੂਜੇ ਬਾਲਗ ਜਿਨ੍ਹਾਂ ਅੰਦਰ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਕਮੀ ਹੈ ਉਨ੍ਹਾਂ ਨੂੰ ਫ਼ਾਇਦਾ ਹੋਏਗਾ? ਸਾਨੂੰ ਇਹ ਜਾਨਣ ਦੀ ਲੋੜ ਹੈ ਕਿਉਂਕਿ ਦੁਨੀਆਂ ਦੀ ਅਬਾਦੀ ਦਾ ਵੱਡੇ ਹਿੱਸੇ ਵਿੱਚ ਇਨ੍ਹਾਂ ਦੋਹਾਂ ਦੀ ਕਮੀ ਹੈ।"
ਅੰਤ ਵਿੱਚ ਮੈਨਸਨ ਜ਼ੋਰ ਦਿੰਦੇ ਹਨ ਕਿ 'ਮੈਗਾ-ਡੋਜ਼ਿੰਗ' ਜਾਂ ਰੋਜ਼ਾਨਾ ਸਿਫਾਰਿਸ਼ ਮਾਤਰਾ ਤੋਂ ਵੱਧ ਵਿਟਾਮਿਨ ਲੈਣ ਦੀ ਸਲਾਹ ਨਹੀਂ ਦਿੱਤੀ ਜਾਂਦੀ।
ਉਹ ਕਹਿੰਦੇ ਹਨ, "ਸਚਮੁੱਚ ਜ਼ਰੂਰੀ ਨਹੀਂ ਕਿ ਜ਼ਿਆਦਾ ਮਾਤਰਾ ਬਿਹਤਰ ਹੋਵੇ।"
"ਪਰ ਮਲਟੀਵਿਟਾਮਿਨ ਸੁਰੱਖਿਅਤ ਹਨ ਅਤੇ ਮੈਨੂੰ ਲਗਦਾ ਹੈ ਕਿ ਜੇ ਕਿਸੇ ਦੀ ਚਿੰਤਾ ਹੈ ਕਿ ਉਹ ਸਹੀ ਖੁਰਾਕ ਲੈ ਰਹੇ ਹਨ ਜਾਂ ਨਹੀਂ, ਮਲਟੀ ਵਿਟਾਮਿਨ ਨਾਲ ਸੁਨਿਸ਼ਚਿਤ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਜ਼ਰੂਰੀ ਵਿਟਾਮਿਨ ਅਤੇ ਖਣਿਜ ਮਿਲ ਰਹੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












