ਰਵੀਸ਼ ਕੁਮਾਰ ਨੇ 'ਮੋਦੀ ਵਿਰੋਧੀ' ਹੋਣ ਦੇ ਇਲਜ਼ਾਮ ਤੋਂ ਲੈ ਕੇ ਸਿਆਸਤ ਵਿਚ ਆਉਣ ਤੱਕ, ਹਰ ਸਵਾਲ ਦਾ ਦਿੱਤਾ ਜਵਾਬ

- ਲੇਖਕ, ਮੁਕੇਸ਼ ਸ਼ਰਮਾ
- ਰੋਲ, ਡਿਜਿਟਲ ਐਡੀਟਰ, ਬੀਬੀਸੀ ਇੰਡੀਆ
ਜਾਣੇ-ਪਛਾਣੇ ਪੱਤਰਕਾਰ ਅਤੇ ਐੱਨਡੀਟੀਵੀ ਦੇ ਸਾਬਕਾ ਐਂਕਰ ਰਵੀਸ਼ ਕੁਮਾਰ ਨੇ ਕਿਹਾ ਹੈ ਕਿ ਐੱਨਡੀਟੀਵੀ ਤੋਂ ਅਸਤੀਫ਼ੀ ਦੇਣਾ ਸਹੀਂ ਸਮੇਂ ਉੱਤੇ ਲਿਆ ਗਿਆ ਸਹੀ ਫ਼ੈਸਲਾ ਹੈ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅਫ਼ਸੋਸ ਨਹੀਂ ਹੈ।
ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਰਵੀਸ਼ ਕੁਮਾਰ ਨੇ ਅਡਾਨੀ-ਅੰਬਾਨੀ, ਰਾਏ ਜੋੜੇ (ਪ੍ਰਣੋਏ ਰਾਏ ਅਤੇ ਰਾਧਿਕਾ ਰਾਏ) ਅਤੇ ਮੋਦੀ ਸਰਕਾਰ ਤੋਂ ਲੈ ਕੇ ਸਿਆਸਤ ਵਿੱਚ ਆਉਣ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ।
ਰਵੀਸ਼ ਕੁਮਾਰ ਨੇ ਕਿਹਾ ਕਿ ਐੱਨਡੀਟੀਵੀ ਦਾ ਖ਼ਰੀਦਿਆ ਜਾਣਾ ਇੱਕ ਆਮ ਵਪਾਰਕ ਫ਼ੈਸਲਾ ਨਹੀਂ ਹੈ।
ਇਸ ਦੇ ਨਾਲ ਹੀ ਉਨ੍ਹਾਂ ਇਸ ਗੱਲ ਨੂੰ ਵੀ ਦੁਹਰਾਇਆ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਐੱਨਡੀਟੀਵੀ ਨੂੰ ਖਰੀਦਿਆ ਗਿਆ ਹੈ।
ਹਾਲਾਂਕਿ ਉਨ੍ਹਾਂ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਸੀਨੀਅਰ ਪੱਤਰਕਾਰ ਕਰਨ ਥਾਪਰ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਕੁਝ ਗੱਲਾਂ ਗੁੱਸੇ ਵਿੱਚ ਜ਼ਰੂਰ ਕਹਿ ਦਿੱਤੀਆਂ ਸੀ, ਪਰ ਗੱਲ ਉਨ੍ਹਾਂ ਨੇ ਗਲਤ ਨਹੀਂ ਕੀਤੀ ਸੀ।
ਰਵੀਸ਼ ਕੁਮਾਰ ਨੇ ਆਪਣੇ ਅਸਤੀਫ਼ੇ ਤੋਂ ਬਾਅਦ ਸਭ ਤੋਂ ਪਹਿਲਾਂ ਪੱਤਰਕਾਰ ਅਜੀਤ ਅੰਜੁਮ ਨੂੰ ਇੰਟਰਵਿਊ ਦਿੱਤਾ ਸੀ ਅਤੇ ਫ਼ਿਰ ਕਰਨ ਥਾਪਰ ਨੂੰ।
ਕੀ ਰਵੀਸ਼ ਖ਼ੁਦ ਨੂੰ ਐੱਨਡੀਟੀਵੀ ਤੋਂ ਵੱਡਾ ਬਰਾਂਡ ਸਮਝਦੇ ਹਨ?

ਅਜੀਤ ਅੰਜੁਮ ਤੇ ਕਰਨ ਥਾਪਰ ਨਾਲ ਇੰਟਰਵਿਊ ਤੋਂ ਬਾਅਦ ਕਈ ਲੋਕ ਪੁੱਛ ਰਹੇ ਹਨ ਕਿ ਕੀ ਰਵੀਸ਼ ਕੁਮਾਰ ਆਪਣੇ ਆਪ ਨੂੰ ਐੱਨਡੀਟੀਵੀ ਬਰਾਂਡ ਤੋਂ ਵੱਡਾ ਸਮਝਣ ਲੱਗੇ ਹਨ।
ਬੀਬੀਸੀ ਨੇ ਵੀ ਰਵੀਸ਼ ਤੋਂ ਇਹ ਸਵਾਲ ਪੁੱਛਿਆ।
ਇਸ ਉੱਤੇ ਰਵੀਸ਼ ਕੁਮਾਰ ਦਾ ਕਹਿਣਾ ਸੀ, ‘‘ਕਰਨ ਥਾਪਰ ਨੇ ਜਦੋਂ ਮੈਨੂੰ ਪੁੱਛਿਆ ਤਾਂ ਮੈਂ ਰੋਹ ਵਿੱਚ ਕਹਿ ਗਿਆ ਕਿ ਹਾਂ ਮੈਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ। ਗੱਲ ਮੈਂ ਗ਼ਲਤ ਨਹੀਂ ਕੀਤੀ ਪਰ ਇਹ ਹੰਕਾਰ ਦੀ ਗੱਲ ਨਹੀਂ ਹੈ। ਇੱਕ ਇੰਟਰਵਿਊ ਵਿੱਚ ਜੇ ਮੈਂ ਗੁੱਸੇ ’ਚ ਬੋਲ ਰਿਹਾ ਹਾਂ ਤਾਂ ਤੁਸੀਂ ਉਸ ਨਾਲ ਤੈਅ ਨਹੀਂ ਕਰ ਸਕਦੇ ਕਿ ਹੰਕਾਰ ਦੀ ਗੱਲ ਹੈ। ਮੈਂ ਕੀ ਸਮਝ ਰਿਹਾ ਹਾਂ ਉਹ ਅਹਿਮ ਨਹੀਂ ਹੈ।’’
ਉਹ ਅੱਗੇ ਕਹਿੰਦੇ ਹਨ, ‘‘ਜੋ ਵੀ ਅਹਿਮ ਕਾਰਨ ਹੋਣਗੇ ਉਸ ਕੰਪਨੀ ਨੂੰ ਖ਼ਰੀਦਣ ਲਈ, ਪਰ ਅਜੇ ਤੱਕ ਅਜਿਹਾ ਕੋਈ ਤੱਥ ਤਾਂ ਨਹੀਂ ਆਇਆ ਹੈ ਕਿ ਡਾਕਟਰ ਰਾਏ ਬਾਜ਼ਾਰ ਵਿੱਚ ਖ਼ੁਦ ਗਏ ਸਨ ਇਹ ਕਹਿੰਦੇ ਹੋਏ ਕਿ ਮੈਂ ਆਪਣੀ ਕੰਪਨੀ ਨੂੰ ਵੇਚ ਰਿਹਾ ਹਾਂ। ਡਾਕਟਰ ਰਾਏ ਆਪਣੀ ਕਹਾਣੀ ਦੱਸਣਗੇ, ਮੈਂ ਆਪਣੀ ਕਹਾਣੀ ਦੱਸਾਂਗਾ।
‘‘ਉਨ੍ਹਾਂ ਨੂੰ ਕਿਸ ਤਰ੍ਹਾਂ ਈਡੀ ਵਿੱਚ ਬਿਠਾਇਆ ਗਿਆ। ਕਿਸ ਤਰ੍ਹਾਂ ਕੇਸ ਬਣਾਇਆ ਗਿਆ, ਪਰ 10 ਸਾਲ ਵਿੱਚ ਕੁਝ ਵੀ ਨਹੀਂ ਨਿਕਲਿਆ। ਫ਼ਿਰ ਉਹ ਆਦਮੀ ਚੈਨਲ ਖ਼ਰੀਦਣ ਆਉਂਦਾ ਹੈ ਜਿਸ ਨੂੰ ਮੀਡੀਆ ਮੁਤਾਬਕ ਸਰਕਾਰ ਦਾ ਕਰੀਬੀ ਸਮਝਿਆ ਜਾਂਦਾ ਹੈ। ਉਹ ਤਸਵੀਰ ਵੀ ਹੈ, ਹਵਾਈ ਜਹਾਜ਼ ਦੀ ਜਿਸ ਵਿੱਚ ਅਡਾਨੀ ਅਤੇ ਪ੍ਰਧਾਨ ਮੰਤਰੀ ਬਣਨ ਵਾਲੇ ਮੋਦੀ ਬੈਠੇ ਹਨ ਅਤੇ ਇਸ ਤਰ੍ਹਾਂ ਦੀ ਧਾਰਨਾ ਬਣਾਉਣ ਲਈ ਉਹ ਤਸਵੀਰ ਕਾਫ਼ੀ ਹੈ।’’

ਇਹ ਵੀ ਪੜ੍ਹੋ:

ਰਵੀਸ਼ ਨੇ ਆਖ਼ਿਰ ਅਸਤੀਫ਼ਾ ਦਿੱਤਾ ਕਿਉਂ?

ਤਸਵੀਰ ਸਰੋਤ, Getty Images
ਇਸ ਦੇ ਜਵਾਬ ਵਿੱਚ ਰਵੀਸ਼ ਕੁਮਾਰ ਨੇ 25 ਨਵੰਬਰ ਨੂੰ ਗੌਤਮ ਅਡਾਨੀ ਦੇ ਫ਼ਾਈਨੈਂਸ਼ਿਅਲ ਟਾਈਮਜ਼ ਨੂੰ ਦਿੱਤੇ ਇੰਟਰਵਿਊ ਦਾ ਜ਼ਿਕਰ ਕੀਤਾ।
ਉਸ ਇੰਟਰਵਿਊ ਵਿੱਚ ਅਡਾਨੀ ਨੇ ਕਿਹਾ ਸੀ ਕਿ ‘ਸਰਕਾਰ ਦੀ ਆਲੋਚਨਾ ਕਰ ਸਕਦੇ ਹਨ, ਪਰ ਸਰਕਾਰ ਜੇ ਚੰਗਾ ਕੰਮ ਰਹੀ ਹੈ ਤਾਂ ਤੁਹਾਨੂੰ ਉਸ ਦੀ ਤਾਰੀਫ਼ੀ ਕਰਨ ਹੀ ਵੀ ਹਿੰਮਤ ਵੀ ਹੋਣੀ ਚਾਹੀਦਾ ਹੈ।’
ਰਵੀਸ਼ ਕਹਿੰਦੇ ਹਨ, ‘‘ਮੈਂ ਇਹ ਸੋਚਿਆ ਕਿ ਇਹ ਮੇਰੇ ਲਈ ਇੱਕ ਐਡੀਟੋਰੀਅਲ ਨਿਰਦੇਸ਼ ਹੈ, ਜਿਨ੍ਹਾਂ ਨੂੰ ਨਹੀਂ ਲੱਗਿਆ ਉਹ ਅੱਜ ਉੱਥੇ ਕੰਮ ਕਰ ਰਹੇ ਹਨ। ਮੈਨੂੰ ਲੱਗਿਆ ਕਿ ਇਹ ਮੇਰੇ ਵੱਲ ਵੀ ਇਸ਼ਾਰਾ ਹੈ।’’
ਉਹ ਅੱਗੇ ਕਹਿੰਦੇ ਹਨ, ‘‘ਵਿਚਾਲੇ ਲੱਗਦਾ ਸੀ ਕਿ ਇਹ ਦੇਸ ਕਦੇ ਐਨਾ ਕਮਜ਼ੋਰ ਨਹੀਂ ਹੋਵੇਗਾ। ਇਸ ਦੇ ਉਦਯੋਗਪਤੀ ਐਨੇ ਬੁਜ਼ਦਿਲ ਨਹੀਂ ਹੋਣਗੇ ਕਿ ਇੱਕ ਪੱਤਰਕਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕੇਗਾ। ਪਰ ਉਦਯੋਗਪਤੀ ਹੀ ਡਰਪੋਕ ਨਿਕਲ ਗਏ। ਮੇਰੇ ਦਰਵਾਜ਼ੇ ਬੰਦ ਹਨ, ਜੇ ਯੂਟਿਊਬ ਵਰਗਾ ਕੋਈ ਮੀਡੀਅਮ ਨਹੀਂ ਹੁੰਦਾ ਤਾਂ ਮੈ ਇਸ ਪ੍ਰੋਫ਼ੈਸ਼ਨ ਤੋਂ 10 ਰੁਪਏ ਵੀ ਨਹੀਂ ਕਮਾ ਸਕਦਾ ਸੀ।’’
ਰਵੀਸ਼ ਕੁਮਾਰ ਨੇ ਰਾਏ ਜੋੜੇ ਦਾ ਨਾ ਸਿਰਫ਼ ਬਚਾਅ ਕੀਤਾ ਸਗੋਂ ਉਨ੍ਹਾਂ ਦੀ ਜੰਮ ਕੇ ਤਾਰੀਫ਼ ਵੀ ਕੀਤੀ।
‘ਐੱਨਡੀਟੀਵੀ ਪ੍ਰਬੰਧਕਾਂ ਨੇ ਕਦੇ ਕੰਮ ਵਿੱਚ ਦਖ਼ਲ ਨਹੀਂ ਦਿੱਤਾ’

ਤਸਵੀਰ ਸਰੋਤ, Getty Images
ਰਵੀਸ਼ ਕੁਮਾਰ ਮੁਤਾਬਕ, ਉਨ੍ਹਾਂ ਨੂੰ ਇਸ ਦੀ ਬਹੁਤ ਤਕਨੀਕੀ ਜਾਣਕਾਰੀ ਤਾਂ ਨਹੀਂ ਹੈ, ਪਰ ਐਨਾ ਜ਼ਰੂਰ ਹੈ ਕਿ ਪ੍ਰਣੋਏ ਰਾਏ ਨੇ ਕਰਜ਼ ਚੁਕਾਉਣ ਅਤੇ ਆਪਣੇ ਚੈਨਲ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ।
ਉਨ੍ਹਾਂ ਮੁਤਾਬਕ, ਉਨ੍ਹਾਂ ਨੇ ਐੱਨਡੀਟੀਵੀ ਦੇ ਆਪਣੇ ਸ਼ੇਅਰ ਨੂੰ ਨਹੀਂ ਵੇਚਿਆ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਡਾਕਟਰ ਰਾਏ ਨੂੰ ਬੁਰਾ ਲੱਗੇ ਕਿ ਜਿਸ ਅਨੁਵਾਦਕ ਅਤੇ ਚਿੱਠੀ ਛਾਂਟਣ ਵਾਲੇ ਨੇ ਮੇਰੀ ਕੰਪਨੀ ਵਿੱਚ ਐਨੀ ਤਰੱਕੀ ਹਾਸਲ ਕੀਤੀ, ਉਸ ਨੂੰ ਇੱਕ ਮੌਕਾ ਮਿਲਿਆ ਤਾਂ ਉਹ ਪੈਸੇ ਗਿਣਨ ਲੱਗਿਆ।
ਉਨ੍ਹਾਂ ਮੁਤਾਬਕ, ‘‘ਮੈਂ ਉਨ੍ਹਾਂ ਦਾ ਦਰਦ ਸਮਝ ਸਕਦਾ ਹਾਂ ਕਿ ਅੱਜ ਉਹ ਕਿੰਨਾ ਇਕੱਲਾ ਮਹਿਸੂਸ ਕਰ ਰਹੇ ਹੋਣਗੇ।’’
ਰਵੀਸ਼ ਕਹਿੰਦੇ ਹਨ ਕਿ ਐੱਨਡੀਟੀਵੀ ਪ੍ਰਬੰਧਕ ਜਾਂ ਡਾਕਟਰ ਰਾਏ ਨੇ ਕਦੇ ਵੀ ਉਨ੍ਹਾਂ ਦੇ ਕੰਮ ਵਿੱਚ ਦਖ਼ਲ ਨਹੀਂ ਦਿੱਤਾ। ਉਨ੍ਹਾਂ ਮੁਤਾਬਕ, ਉਨ੍ਹਾਂ ਨੇ ਕਦੇ ਨਹੀਂ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿਹੜੀ ਸਟੋਰੀ ਨਹੀਂ ਕਰਨੀ ਚਾਹੀਦੀ।
ਰਵੀਸ਼ ਨੇ ਕਿਹਾ ਕਿ ਉਹ ਐਡੀਟੋਰੀਅਲ ਮੀਟਿੰਗ ਵਿੱਚ ਵੀ ਸ਼ਾਮਿਲ ਨਹੀਂ ਹੁੰਦੇ ਸੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਸਾਫ਼ ਕੀਤਾ ਕਿ ਉਹ ਆਪਣੇ ਪ੍ਰਾਈਮ ਟਾਈਮ ਸ਼ੋਅ ਲਈ ਨਾ ਸਿਰਫ਼ ਐੱਨਡੀਟੀਵੀ ਦੇ ਸਾਥੀਆਂ ਨਾਲ ਸਗੋਂ ਕਈ ਵਾਰ ਬਾਹਰ ਦੇ ਲੋਕਾਂ ਤੋਂ ਵੀ ਪ੍ਰੋਗਰਾਮ ਬਾਰੇ ਵਿਚਾਰ-ਵਟਾਂਦਰਾ ਕਰਦੇ ਸਨ।
ਉਨ੍ਹਾਂ ਨੇ ਕਿਹਾ ਕਿ ਇੱਕ ਵਾਰ ਸਕਰੀਨ ਨੂੰ ਕਾਲਾ ਕਰਨ ਦਾ ਫ਼ੈਸਲਾ ਵੀ ਉਨ੍ਹਾਂ ਦਾ ਹੀ ਸੀ ਅਤੇ ਅਗਲੇ ਦਿਨ ਵੀ ਕਿਸੇ ਨੇ ਉਨ੍ਹਾਂ ਨੂੰ ਇਸ ਬਾਰੇ ਨਹੀਂ ਪੁੱਛਿਆ। ਉਨ੍ਹਾਂ ਮੁਤਾਬਕ, ਦੂਜੇ ਪ੍ਰੋਗਰਾਮ ਦੇ ਲੋਕ ਵੀ ਪੁੱਛਣ ਲੱਗੇ ਕਿ ਕੀ ਉਹ ਉਸ ਨੂੰ ਚਲਾ ਸਕਦੇ ਹਨ।
ਰਵੀਸ਼ ਨੇ ਕਿਹਾ ਕਿ ਐੱਨਡੀਟੀਵੀ ਵਿੱਚ ਕੰਮ ਦੌਰਾਨ ਉਨ੍ਹਾਂ ਦੇ ਕੁਝ ਤਜਰਬੇ ਖ਼ਰਾਬ ਵੀ ਰਹੇ ਹਨ, ਜਿਨ੍ਹਾਂ ਨੂੰ ਸੋਚ ਕੇ ਉਹ ਪਰੇਸ਼ਾਨ ਵੀ ਹੋ ਜਾਂਦੇ ਹਨ ਕਿ ਉਹ ਕਦੇ ਉਸ ਬਾਰੇ ਕਹਿ ਕਿਉਂ ਨਹੀਂ ਸਕੇ।
ਪਰ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਕਦੇ ਕੋਈ ਅਜਿਹੀ ਗੱਲ ਜਨਤੱਕ ਤੌਰ ਉੱਤੇ ਨਹੀਂ ਕਹਿਣਗੇ ਕਿਉਂਕਿ ਆਉਣੇ ਵਾਲੇ ਸਮੇਂ ਵਿੱਚ ‘ਕੋਈ ਪ੍ਰਣੋਏ ਰਾਇ ਕਿਸੇ ਪੱਤਰਕਾਰ ਵਿੱਚ ਰਵੀਸ਼ ਕੁਮਾਰ ਦੀ ਸੰਭਾਵਨਾ ਦੇਖ ਸਕੇ।’
ਉਹ ਕਹਿੰਦੇ ਹਨ, ‘‘ਮੈਂ ਅਜਿਹੀ ਕੋਈ ਗੱਲ ਨਹੀਂ ਕਹਾਂਗਾ ਕਿ ਉਨ੍ਹਾਂ ਨੂੰ ਲੱਗੇ ਕਿ ਉਨ੍ਹਾਂ ਨੇ ਇੱਕ ਚਿੱਠੀ ਛਾਂਟਣ ਵਾਲੇ ਨੂੰ ਇਸ ਮੁਕਾਮ ਤੱਕ ਪਹੁੰਚਣ ਦਿੱਤਾ ਅਤੇ ਗ਼ਲਤੀ ਕੀਤੀ।’’
ਟੇਕ ਓਵਰ ਤੋਂ ਬਾਅਦ ਕਿਉਂ ਲੱਗਿਆ ਕਿ ਕੰਮ ਦੀ ਆਜ਼ਾਦੀ ਨਹੀਂ ਮਿਲੇਗੀ?

ਤਸਵੀਰ ਸਰੋਤ, Getty Images
ਰਵੀਸ਼ ਕੁਮਾਰ ਇਸ ’ਤੇ ਕਹਿੰਦੇ ਹਨ, ‘‘ਗੱਲ ਸਿਰਫ਼ ਆਜ਼ਾਦੀ ਦੀ ਨਹੀਂ ਸੀ। ਜੋ ਆਦਮੀ ਆ ਰਿਹਾ ਹੈ ਉਸ ਦੀ ਪਛਾਣ ਕੀ ਹੈ, ਬਾਜ਼ਾਰ ਵਿੱਚ ਉਸ ਦੀ ਸਾਖ਼ ਕੀ ਹੈ। ਤੁਸੀਂ ਕੁਝ ਵੀ ਹੋ ਸਕਦੇ ਹੋ, ਪਰ ਪ੍ਰਣੋਏ ਰਾਏ (ਜਿਨ੍ਹਾਂ ਨੇ ਟੈਲੀਵੀਜ਼ਨ ਇੰਡਸਟਰੀ ਇਸ ਦੇਸ ਨੂੰ ਦਿੱਤੀ) ਤਾਂ ਨਹੀਂ ਹੋ ਸਕਦੇ। ਜੋ ਲੋਕ ਪ੍ਰਣੋਏ ਰਾਏ ਦੀ ਥਾਂ ਉਸ ਕੰਪਨੀ ਵਿੱਚ ਲੈ ਰਹੇ ਹਨ ਉਹ ਲੋਕ ਕੌਣ ਹਨ, ਕੀ ਮੈਂ ਉਨ੍ਹਾਂ ਤੋਂ ਪੱਤਰਕਾਰੀ ਦਾ ਲੈਕਚਰ ਸੁਣਨ ਜਾਵਾਂਗਾ।‘’
ਉਨ੍ਹਾਂ ਮੁਤਾਬਕ, ਅਸਤੀਫ਼ੇ ਦਾ ਕੋਈ ਤੈਅ ਕਾਰਨ ਨਹੀਂ ਹੁੰਦਾ, ਵੱਖ-ਵੱਖ ਅਸਤੀਫ਼ਿਆਂ ਦੇ ਆਪਣੀ ਨੈਤਿਕ ਹਾਲਾਤ ਹੁੰਦੇ ਹਨ।
ਗੌਤਮ ਅਡਾਨੀ ਦੇ ਇੰਟਰਵਿਊ ਦਾ ਜ਼ਿਕਰ ਕਰਦੇ ਹੋਏ ਰਵੀਸ਼ ਕੁਮਾਰ ਕਹਿੰਦੇ ਹਨ, ‘‘ਸਰਕਾਰ ਦੀ ਤਾਰੀਫ਼ ਕਰਨ ਲਈ ਹਿੰਮਤ ਹੋਣੀ ਚਾਹੀਦੀ ਹੈ। ਇਹ ਤਾਂ ਹਾਸੋ ਹੀਣੀ ਗੱਲ ਹੈ, 99 ਫੀਸਦ ਮੀਡੀਆ ਤਾਂ ਇਹੀ ਕਰ ਰਿਹਾ ਹੈ। ਅਜਿਹਾ ਲੱਗ ਰਿਹਾ ਹੈ ਬਹੁਤ ਸਾਰੇ ਲੋਕ ਸਰਕਾਰ ਦੀ ਆਲੋਚਨਾ ਕਰ ਰਹੇ ਹਨ, ਕੋਈ ਤਾਰੀਫ਼ ਨਹੀਂ ਕਰ ਰਿਹਾ ਹੈ ਤਾਂ ਸਰਕਾਰ ਦੀ ਤਾਰੀਫ਼ ਕਰਨ ਲਈ ਤੁਸੀਂ ਐੱਨਡੀਟੀਵੀ ਖ਼ਰੀਦ ਰਹੇ ਹੋ।’’
ਰਵੀਸ਼ ਉੱਤੇ ਇਲਜ਼ਾਮ ਲੱਗਦਾ ਹੈ ਕਿ ਉਹ ਹਮੇਸ਼ਾ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹਨ ਅਤੇ ਅਜਿਹਾ ਕਰਕੇ ਉਹ ਸੰਤੁਲਿਤ ਪੱਤਰਕਾਰੀ ਦੇ ਬੇਸਿਕ ਸਿਧਾਂਤ ਦਾ ਉਲੰਘਣ ਕਰਦੇ ਹਨ।
ਇਸ ਦਾ ਜਵਾਬ ਦਿੰਦੇ ਹੋਏ ਰਵੀਸ਼ ਕਹਿੰਦੇ ਹਨ, ‘‘ਮੇਰੀਆਂ ਸਾਰੀਆਂ ਆਲੋਚਨਾਵਾਂ ਸੰਤੁਲਿਤ ਹਨ। ਕੇਂਦਰ ਸਰਕਾਰ ਤਾਂ ਇੱਕ ਹੀ ਹੈ, ਕੀ ਉਸ ਨੂੰ ਸੰਤੁਲਿਤ ਕਰਨ ਲਈ ਮੈਂ ਭਾਰਤ ਦੇ 28 ਸੂਬਿਆਂ ਵਿੱਚ ਜਾ ਕੇ ਰਿਪੋਰਟ ਕਰਦਾ, ਇਹ ਤਾਂ ਜ਼ਿਆਦਤੀ ਹੈ। ਇੱਕ ਪੱਤਰਕਾਰ ਤੋਂ ਤੁਸੀਂ ਉਮੀਦ ਕਰਦੇ ਹੋ ਕਿ ਹਰ ਖ਼ਬਰ ਉਹੀ ਕਰੇ ਤਾਂ ਜੋਂ ਉਹ ਖ਼ੁਦ ਨੂੰ ਸੰਤੁਲਿਤ ਸਾਬਤ ਕਰ ਸਕੇ।’’
ਉਹ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਹਿੰਦੇ ਹਨ, ‘‘ਜਿਸ ਤਰ੍ਹਾਂ ਮੀਡੀਆ, ਗੋਦੀ ਮੀਡੀਆ ਵਿੱਚ ਬਦਲਿਆ ਹੈ, ਟੀਵੀ ਉੱਤੇ ਰਹਿੰਦੇ ਹੋਏ ਜੇ ਮੈਂ ਨਹੀਂ ਕਹਿੰਦਾ ਤਾਂ ਕੌਣ ਕਹਿੰਦਾ? ਕੀ ਬੈਲੇਂਸ ਕਰਨ ਲਈ ਮੈਂ ਐਨੇ ਵੱਡੇ ਸਮੇਂ ਵਿੱਚ ਚੁੱਪ ਰਹਿ ਜਾਂਦਾ?’’
ਸਰਕਾਰ ਨੂੰ ਪੱਤਰਕਾਰ ਤੋਂ ਤਾਰੀਫ਼ ਦੀ ਲੋੜ ਕਿਉਂ?

ਤਸਵੀਰ ਸਰੋਤ, Getty Images
ਉਨ੍ਹਾਂ ਨੇ ਅੱਗੇ ਕਿਹਾ, ‘‘ਮੈਂ ਦੇਖ ਰਿਹਾ ਸੀ ਕਿ ਟੀਵੀ ਰਾਹੀਂ ਇਸ ਦੇਸ ਦੇ ਲੋਕਤੰਤਰ ਦਾ ਕਤਲ ਹੋ ਰਿਹਾ ਹੈ, ਤਾਂ ਹੀ ਮੈਂ ਕਿਹਾ ਕਿ ਤੁਸੀਂ ਇਸ ਟੀਵੀ ਨੂੰ ਕਿਵੇਂ ਦੇਖ ਸਕਦੇ ਹੋ।‘’
ਉਨ੍ਹਾਂ ਨੇ ਕਵਿਤਾ ਰਾਹੀਂ ਆਪਣੀ ਗੱਲ ਨੂੰ ਸਮਝਾਉਂਦੇ ਹੋਏ ਕਿਹਾ, ‘’ਬਹੁਤ ਸਾਰੀਆਂ ਚੰਗੀਆਂ ਕਵਿਤਾਵਾਂ ਵਿੱਚ ਚੁੱਪੀ ਹੁੰਦੀ ਹੈ, ਬਹੁਤ ਸਾਰੀਆਂ ਕਵਿਤਾਵਾਂ ਵਿੱਚ ਵਿਰੋਧ ਦੇ ਸੁਰ ਹੁੰਦੇ ਹਨ। ਮੇਰੇ ਵਿਰੋਧ ਦਾ ਸੁਰ ਸਵਾਲ ਦਾ ਸੁਰ ਸੀ, ਵਿਰੋਧ ਦਾ ਸੁਰ ਨਹੀਂ ਸੀ।‘’
ਉਨ੍ਹਾਂ ਨੇ ਕਿਹਾ ਕਿ ਸਰਕਾਰ ਆਪਣਾ ਪੱਖ ਰੱਖਣ ਲਈ ਹਜ਼ਾਰਾਂ ਕਰੋੜ ਰੁਪਏ ਦੇ ਇਸ਼ਤਿਹਾਰ ਖ਼ਰਚ ਕਰਦੀ ਹੈ। ਇਸ ਲਈ ਇੱਕ ਪੱਤਰਕਾਰ ਹੋਣ ਦੇ ਨਾਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਜਨਤਾ ਦੇ ਪੱਖ ਦੀ ਪੱਤਰਕਾਰੀ ਕਰਨ ਅਤੇ ਉਹ ਸਿਰਫ਼ ਪੱਤਰਕਾਰੀ ਵਿੱਚ ਹੀ ਲੱਗੇ ਸਨ, ਪਰ ਉਨ੍ਹਾਂ ਨੂੰ ਮੋਦੀ ਵਿਰੋਧ ਕਰਾਰ ਦਿੱਤਾ ਗਿਆ।
ਉਹ ਉਲਟਾ ਪੁੱਛਦੇ ਹਨ ਕਿ ਇਹ ਸਰਕਾਰ ਰਵੀਸ਼ ਕੁਮਾਰ ਦੇ ਮੂੰਹ ਤੋਂ ਤਾਰੀਫ਼ ਦੀ ਤਲਬਗਾਰ ਕਿਉਂ ਹੈ ਜਦਕਿ ਭਾਜਪਾ ਨੇ ਤਾਂ ਪਾਰਟੀ ਦੇ ਬੁਲਾਰਿਆਂ ਨੂੰ ਵੀ ਉਨ੍ਹਾਂ ਦੇ ਸ਼ੋਅ ਵਿੱਚ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ।
ਕੀ ਰਵੀਸ਼ ਸਿਆਸਤ ਵਿੱਚ ਆਉਣਗੇ?

ਤਸਵੀਰ ਸਰੋਤ, Getty Images
ਇਸ ਦੇ ਜਵਾਬ ਵਿੱਚ ਰਵੀਸ਼ ਨੇ ਕਿਹਾ ਕਿ ਉਨ੍ਹਾਂ ਦੇ ਕਈ ਦੋਸਤ ਅਤੇ ਸ਼ੁਭਚਿੰਤਕ ਕਹਿੰਦੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਸਿਆਸਤ ਵਿੱਚ ਆਉਣਾ ਚਾਹੀਦਾ ਹੈ, ਪਰ ਕਿਸੇ ਸਿਆਸੀ ਪਾਰਟੀ ਨੇ ਉਨ੍ਹਾਂ ਨੂੰ ਕੋਈ ਸੱਦਾ ਨਹੀਂ ਦਿੱਤਾ ਹੈ।
ਪਰ ਉਨ੍ਹਾਂ ਨੇ ਐਨਾ ਜ਼ਰੂਰੀ ਕਿਹਾ, ‘‘ਕਲਪਨਾ ਕਰੋ ਕਿ ਜੇ ਮੈਂ ਲੋਕ ਸਭਾ ਵਿੱਚ ਹਾਂ, ਉਨ੍ਹਾਂ ਦੇ (ਮੋਦੀ) ਸਾਹਮਣੇ ਹਾਂ। ਲੋਕ ਸਭਾ ਨੂੰ ਤਾਂ ਕੋਈ ਖ਼ਰੀਦ ਨਹੀਂ ਸਕਦਾ ਹੈ।‘’
ਪਰ ਫ਼ਿਰ ਰਵੀਸ਼ ਨੇ ਕਿਹਾ, ‘‘ਹਾਲਾਂਕਿ ਕੰਮ ਉਹੀ ਕਰਨਾ ਚਾਹੀਦਾ ਹੈ ਜਦੋ ਤੁਹਾਡੇ ਸੁਪਨੇ ਵਿੱਚ ਆਏ। ਮੈਨੂੰ ਅਜੇ ਵੀ ਸੁਪਨੇ ਵਿੱਚ ਟੀਵੀ ਆਉਂਦਾ ਹੈ। ਜਿਸ ਦਿਨ ਇਹ ਸੁਪਨਾ ਬਦਲ ਜਾਵੇਗਾ, ਉਸ ਦਿਨ ਮੈਂ ਬਦਲ ਜਾਵਾਂਗਾ।‘’
ਐੱਨਡੀਟੀਵੀ ਦੀ ਉਨ੍ਹਾਂ ਦੀ ਪੁਰਾਣੀ ਸਹਿਯੋਗੀ ਬਰਖ਼ਾ ਦੱਤ ਨੇ ਇੱਕ ਟਵੀਟ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਮੁਕੇਸ਼ ਅੰਬਾਨੀ 30 ਫੀਸਦ ਮਾਲਕ ਸਨ ਤਾਂ ਐੱਨਡੀਟੀਵੀ ਆਜ਼ਾਦ ਸੀ?,ਪਰ ਉਹੀ 30 ਫੀਸਦ ਅਡਾਨੀ ਨੇ ਖ਼ਰੀਦ ਲਿਆ ਤਾਂ ਐੱਨਡੀਟੀਵੀ ਖ਼ਤਮ ਹੋ ਗਿਆ?
ਇਸ ਦੇ ਜਵਾਬ ਵਿੱਚ ਉਨ੍ਹਾਂ ਨੇ ਇੱਕ ਕਿੱਸਾ ਸੁਣਾਇਆ। ਰਵੀਸ਼ ਮੁਤਾਬਕ, ਬਰਖ਼ਾ ਦੱਤ ਨੂੰ ਇੱਕ ਵਾਰ ਐੱਨਡੀਟੀਵੀ ਦੇ ਦਫ਼ਤਰ ਵਿੱਚ ਚੱਕਰ ਆਇਆ ਸੀ ਤਾਂ ਉਨ੍ਹਾਂ ਨੇ ਡਾਕਟਰ ਪ੍ਰਣੋਏ ਰਾਏ ਨੂੰ ਬਰਖ਼ਾ ਦੱਤ ਦੇ ਤਲਵੇ ਰਗੜਦੇ ਦੇਖਿਆ ਸੀ।
ਮੁਕੇਸ਼ ਅੰਬਾਨੀ ਦੇ 30 ਫੀਸਦ ਮਾਲਕ ਹੋਣ ਅਤੇ ਅਡਾਨੀ ਦੇ ਨਵੇਂ ਮਾਲਕ ਹੋਣ ਦਾ ਫਰਕ ਸਮਝਾਉਂਦੇ ਹੋਏ ਰਵੀਸ਼ ਕੁਮਾਰ ਕਹਿੰਦੇ ਹਨ, ‘’ਮੁਕੇਸ਼ ਅੰਬਾਨੀ ਦਾ ਕੋਈ ਸੰਪਾਦਕ ਨਿਊਜ਼ ਰੂਮ ਵਿੱਚ ਨਹੀਂ ਆਇਆ ਸੀ। ਉਨ੍ਹਾਂ ਦਾ ਕੋਈ ਆਦਮੀ ਮੀਟਿੰਗ ਕਰਨ ਨਹੀਂ ਆਇਆ ਸੀ। ਉਨ੍ਹਾਂ ਨੇ ਕਦੇ ਬਿਆਨ ਨਹੀਂ ਦਿੱਤਾ ਸੀ ਕਿ ਸਰਕਾਰ ਦੀ ਤਾਰੀਫ਼ ਕਰਨ ਦੀ ਹਿੰਮਤ ਹੋਣਾ ਚਾਹੀਦੀ ਹੈ। ਉਨ੍ਹਾਂ ਕਦੇ ਕਿਹਾ ਸੀ ਕਿ ਉਹ ਅਲ-ਜਜ਼ੀਰਾ ਵਰਗਾ ਗਲੋਬਲ ਬਰਾਂਡ ਬਣਾਉਣਗੇ?’’
ਰਵੀਸ਼ ਦਾ ਅਗਲਾ ਕਦਮ ਕੀ ਹੋਵੇਗਾ?

ਤਸਵੀਰ ਸਰੋਤ, Getty Images
ਇਸ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਦੁਨੀਆਂ ਭਰ ਦੇ ਲੋਕ ਉਨ੍ਹਾਂ ਦੀ ਮਦਦ ਕਰਨ ਲਈ ਅੱਗੇ ਆਏ ਹਨ ਅਤੇ ਲੋਕਾਂ ਦੇ ਸਮਰਥਨ ਦੇ ਕਾਰਨ ਹੀ ਉਨ੍ਹਾਂ ਦਾ ਯੂ-ਟਿਊਬ ਚੈਨਲ ਐਨੀ ਜਲਦੀ ਬਹੁਤ ਮਸ਼ਹੂਰ ਹੋ ਗਿਆ ਹੈ।
ਉਨ੍ਹਾਂ ਨੇ ਕਿਹਾ, ‘‘ਜੋ ਲੋਕ ਲੋਕਤੰਤਰ ਨੂੰ ਮੁਰਦਾ ਬਣਾਉਣਾ ਚਾਹੁੰਦੇ ਹੋ, ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਹਾਲੇ ਉਹ ਜ਼ਿੰਦਾ ਹਨ।‘’
ਉਨ੍ਹਾਂ ਨੇ ਕਿਹਾ ਕਿ ਫ਼ਿਲਹਾਲ ਉਹ ਯੂ-ਟਿਊਬ ਹੀ ਚਲਾਉਂਦੇ ਰਹਿਣਗੇ ਅਤੇ ਗਰਾਊਂਡ ਰਿਪੋਰਟ ਲਈ ਜ਼ਰੂਰੀ ਸਰੋਤ ਫ਼ਿਲਹਾਲ ਉਨ੍ਹਾਂ ਕੋਲ ਨਹੀਂ ਹਨ।
ਉਨ੍ਹਾਂ ਨੇ ਕਿਹਾ ਕਿ ਉਹ ਹੌਲੀ-ਹੌਲੀ ਪੌੜੀਆਂ ਚੜ੍ਹਣਾ ਚਾਹੁੰਦੇ ਹਨ। ਉਨ੍ਹਾਂ ਨੇ ਇੱਕ ਭੋਜਪੁਰੀ ਯੂ-ਟਿਊਬ ਚੈਨਲ ਵੀ ਸ਼ੁਰੂ ਕੀਤਾ ਹੈ।
ਉਨ੍ਹਾਂ ਨੇ ਇਸ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਮਾਂ ਬੋਲੀ ਭੋਜਪੁਰੀ ਹੈ, ਹਿੰਦੀ ਨਹੀਂ। ਰਵੀਸ਼ ਕੁਮਾਰ ਮੁਤਾਬਕ, ਉਨ੍ਹਾਂ ਨੇ ਮਰਾਠੀ ਸਮਾਜ ਤੋਂ ਆਪਣੀ ਭਾਸ਼ਾ ਅਤੇ ਸੱਭਿਆਚਾਰ ਦਾ ਸਤਿਕਾਰ ਕਰਨਾ ਸਿੱਖਿਆ ਹੈ।













