ਅਡਾਨੀ ਨੇ ਐੱਨਡੀਟੀਵੀ ਦਾ ਕਿੰਨਾ ਹਿੱਸਾ ਖਰੀਦਿਆ ਤੇ ਹੁਣ ਅੱਗੇ ਕੀ ਹੋ ਸਕਦਾ ਹੈ - 6 ਸਵਾਲਾਂ ਦੇ ਜਵਾਬ

ਤਸਵੀਰ ਸਰੋਤ, NDTV
- ਲੇਖਕ, ਦਿਨੇਸ਼ ਉਪਰੇਤੀ
- ਰੋਲ, ਬੀਬੀਸੀ ਪੱਤਰਕਾਰ
ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਦੇ ਕੰਟਰੋਲ ਵਾਲੇ ਅਡਾਨੀ ਸਮੂਹ ਨੇ ਮੀਡੀਆ ਕੰਪਨੀ ਨਿਊ ਦਿੱਲੀ ਟੈਲੀਵਿਜਨ (ਐਨਡੀਟੀਵੀ) ਵਿੱਚ ਅਸਿੱਧੇ ਤੌਰ 'ਤੇ 29.18 ਫ਼ੀਸਦੀ ਹਿੱਸੇਦਾਰੀ ਖਰੀਦੀ ਹੈ।
ਭਾਵੇਂਕਿ ਪਿਛਲੇ ਸਾਲ ਵੀ ਸਤੰਬਰ ਵਿੱਚ ਅਡਾਨੀ ਗਰੁੱਪ ਵੱਲੋਂ ਐਨਡੀਟੀਵੀ ਨੂੰ ਖਰੀਦਣ ਦੀਆਂ ਅਫਵਾਹਾਂ ਉੱਡੀਆਂ ਸਨ।
ਕੰਪਨੀ ਨੇ ਬੰਬੇ ਸਟਾਕ ਐਕਸਚੇਂਜ (ਬੀਐੱਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਨੂੰ ਦੱਸਿਆ ਕਿ ਉਹ ਐਨਡੀਟੀਵੀ ਵਿੱਚ 26 ਪ੍ਰਤੀਸ਼ਤ ਹੋਰ ਹਿੱਸੇਦਾਰੀ ਖਰੀਦਣ ਲਈ ਇੱਕ ਖੁੱਲ੍ਹੀ ਪੇਸ਼ਕਸ਼ ਵੀ ਕਰੇਗੀ।
ਕਿਵੇਂ ਖਰੀਦੀ ਐਨਡੀਟੀਵੀ 'ਚ ਹਿੱਸੇਦਾਰੀ
ਏਐੱਮਜੀ ਮੀਡੀਆ ਨੈੱਟਵਰਕਸ, ਅਡਾਨੀ ਇੰਟਰਪ੍ਰਾਈਜਿਜ਼ ਦੀ ਸਹਾਇਕ ਕੰਪਨੀ ਹੈ। ਏਐੱਮਜੀ ਮੀਡੀਆ ਨੈੱਟਵਰਕਸ ਨੇ ਇੱਕ ਹੋਰ ਕੰਪਨੀ ਵਿਸ਼ਵ ਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ (ਵੀਸੀਪੀਐੱਲ) ਮੁੱਢੋਂ ਹੀ ਖਰੀਦ ਲਈ ਹੈ।
ਸੌਖੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਦੇ ਅਨੁਸਾਰ ਅਡਾਨੀ ਦੀ ਮੀਡੀਆ ਕੰਪਨੀ ਨੇ ਵੀਸੀਪੀਐੱਲ ਦੇ 100 ਫ਼ੀਸਦ ਸ਼ੇਅਰ ਖਰੀਦ ਲਏ ਹਨ।

ਤਸਵੀਰ ਸਰੋਤ, Getty Images
ਅਡਾਨੀ ਸਮੂਹ ਨੇ ਐਕਸਚੇਂਜ ਨੂੰ ਦੱਸਿਆ ਕਿ ਉਸਨੇ 114 ਕਰੋੜ ਰੁਪਏ ਵਿੱਚ ਵੀ.ਸੀ.ਪੀ.ਐਲ. (VCPL) ਨੂੰ ਖਰੀਦਿਆ ਹੈ।
ਜਿਹੜੀ ਵੀਸੀਪੀਐਲ ਨੂੰ ਅਡਾਨੀ ਨੇ ਖਰੀਦਿਆ ਹੈ, ਇਸ ਕੰਪਨੀ ਕੋਲ ਐਨਡੀਟੀਵੀ ਦੀ ਪ੍ਰਮੋਟਰ ਗਰੁੱਪ ਕੰਪਨੀ ਆਰ.ਆਰ.ਪੀ.ਆਰ. (RRPR) ਦੇ 29.18 ਫੀਸਦ ਸ਼ੇਅਰਾਂ ਦੀ ਮਾਲਕੀ ਹੈ।
ਆਰ.ਆਰ.ਪੀ.ਆਰ ਕੰਪਨੀ ਦਾ ਸਬੰਧ ਅਸਲ ਵਿਚ ਐਨਡੀਟੀਵੀ ਦੇ ਪ੍ਰਮੋਟਰ ਪ੍ਰਣੋਯ ਰਾਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਦੇ ਹਿੱਸੇ ਦੇ ਸ਼ੇਅਰਾਂ 29.18 ਫੀਸਦ ਨਾਲ ਹੀ ਹੈ।
ਐੱਨਡੀਟੀਵੀ ਦੇ ਸੰਸਥਾਪਕਾਂ ਦੀ ਹਿੱਸੇਦਾਰੀ ਨਾਲ ਵੀਸੀਪੀਐੱਲ ਦਾ ਕੋਈ ਵਾਸਤਾ ਨਹੀਂ ਹੈ।
ਐਨਡੀਟੀਵੀ ਦੇ ਪ੍ਰਮੋਟਰਾਂ ਨੇ 2009 ਵਿੱਚ ਆਰ.ਆਰ.ਪੀ.ਆਰ. ਰਾਹੀਂ ਆਪਣੀ ਹਿੱਸੇਦਾਰੀ ਦੇ ਬਦਲੇ ਵਿੱਚ ਕਰਜ਼ਾ ਲਿਆ ਸੀ। ਇਹ ਕਰਜ਼ਾ 10 ਸਾਲਾਂ ਲਈ ਲਿਆ ਗਿਆ ਸੀ। ਇਸਦਾ ਕਾਰਜਕਾਲ 2019 ਵਿੱਚ ਖਤਮ ਹੋ ਗਿਆ ਸੀ।

ਐੱਨਡੀਟੀਵੀ ਦੇ ਕਿਸ ਕੋਲ ਕਿੰਨੇ ਸ਼ੇਅਰ
ਪ੍ਰਣਯ ਰਾਏ ਕੋਲ ਨਿੱਜੀ ਤੌਰ ਉੱਤੇ 15.94 ਫੀਸਦ, ਉਨ੍ਹਾਂ ਦੀ ਪਤਨੀ ਰਾਧਿਕਾ ਕੋਲ 16.32 ਫੀਸਦ ਸ਼ੇਅਰਾਂ ਦੀ ਮਾਲਕੀ ਹੈ। ਪ੍ਰਣਯ ਅਤੇ ਰਾਧਿਕਾ ਦੀ ਇੱਕ ਸਾਂਝੀ ਕੰਪਨੀ ਆਰ.ਆਰ.ਪੀ.ਆਰ (ਰਾਧਿਕਾ ਰਾਏ, ਪ੍ਰਣਯ ਰਾਏ)ਕੋਲ 29.18 ਫੀਸਦ ਸ਼ੇਅਰ। ਇਨ੍ਹਾਂ ਦਾ ਕੁੱਲ ਹਿੱਸਾ 61.45 ਬਣਦਾ ਹੈ, ਜਿਸ ਵਿਚੋਂ ਆਰਆਰਪੀਆਰ ਦੇ 29.18 ਫੀਸਦ ਸ਼ੇਅਰ ਹੀ ਅਡਾਨੀ ਦੀ ਸਹਾਇਕ ਕੰਪਨੀ ਨੂੰ ਵੇਚੇ ਗਏ ਹਨ।
ਬਾਕੀ ਸ਼ੇਅਰ ਨਿੱਜੀ ਵਿਅਕਤੀਆਂ ਅਤੇ ਸੰਸਥਾਵਾਂ ਕੋਲ ਹਨ, ਜਿਸ ਵਿਚ ਕੋਈ ਵਿਦੇਸ਼ੀ ਸੇਅਰ ਹੋਲਡਰ ਨਹੀਂ ਹੈ।
ਹੁਣ ਹੋਇਆ ਕੀ ਹੈ ?
ਅਡਾਨੀ ਨੇ ਆਰਆਰਪੀਆਰ ਦੇ 99.95 ਫੀਸਦ (ਐੱਨਡੀਟੀਵੀ ਦਾ 29.12 ਫੀਸਦ) ਹਿੱਸਾ ਖਰੀਦ ਲਿਆ ਹੈ ਅਤੇ ਪ੍ਰਭਾਵੀ ਤੌਰ ਉੱਤੇ 29 ਫੀਸਦ ਐੱਨਡੀਟੀਵੀ ਉੱਤੇ ਕੰਟਰੋਲ ਕੀਤਾ ਹੈ।
ਅੱਗੇ ਕੀ ਹੋਵੇਗਾ?
ਸੇਬੀ ਦਾ ਕਹਿਣਾ ਹੈ ਕਿ ਜੇਕਰ ਕੋਈ ਕਿਸੇ ਕੰਪਨੀ ਵਿਚ 20 ਫੀਸਦ ਤੋਂ ਜਿਆਦਾ ਸ਼ੇਅਰ ਖਰੀਦ ਲੈਂਦਾ ਹੈ, ਤਾਂ ਤੁਸੀਂ ਬਾਕੀ ਸ਼ੇਅਰ ਮਾਲਕਾਂ ਨੂੰ ਇਹ ਪੇਸ਼ਕਸ਼ ਦੇ ਸਕਦੇ ਹੋ ਕਿ ਉਹ ਕੰਪਨੀ ਵਿਚ ਬਣੇ ਰਹਿਣ ਜਾਂ ਆਪਣੇ ਸ਼ੇਅਰ ਵੇਚ ਦੇਣ। ਇਸ ਨੂੰ ਖੁੱਲ੍ਹੀ ਖਰੀਦ ਦੀ ਮਦ ਕਰਕੇ ਜਾਣਿਆ ਜਾਂਦਾ ਹੈ।
ਕਿਉਂ ਕਿ ਅਡਾਨੀ ਕੋਲ 29 ਫੀਸਦ ਸ਼ੇਅਰ ਹੋ ਜਾਣਗੇ, ਇਸ ਲਈ ਖੁੱਲ੍ਹੀ ਪੇਸ਼ਕਸ਼ ਦੀ ਮਦ ਤਹਿਤ ਉਹ 26 ਫੀਸਦ ਵਾਲਿਆਂ ਨੂੰ ਪੇਸ਼ਕਸ਼ ਕਰ ਸਕਦੇ ਹਨ (ਸੇਬੀ ਮੁਤਾਬਕ ਉਨ੍ਹਾਂ ਨੂੰ ਘੱਟੋ ਘੱਟੋ 25 ਫੀਸਦ ਲ਼ਈ ਪੇਸ਼ਕਸ਼ ਕਰਨੀ ਪਵੇਗੀ)
ਖੁੱਲ੍ਹੀ ਪੇਸ਼ਕਸ਼ ਨਾਲ ਕੀ ਹੋਵੇਗਾ?
ਬਾਕੀ ਸ਼ੇਅਰ ਹੋਲਡਰ ਅਡਾਨੀ ਨੂੰ ਆਪਣੇ ਹਿੱਸੇ ਦੇ ਸ਼ੇਅਰ ਵੇਚ ਸਕਦੇ ਹਨ ( ਕਿਉਂ ਕਿ ਪ੍ਰਬੰਧਨ ਵਿਚ ਵੱਡੀ ਤਬਦੀਲੀ ਆਵੇਗੀ) ਜਾਂ ਕੰਪਨੀ ਵਿਚ ਬਣੇ ਰਹਿ ਸਕਦੇ ਹਨ।
ਅਡਾਨੀ ਦੇ ਪੇਸ਼ਕਸ਼ ਸਫ਼ਲ ਹੋਵੇਗੀ?
ਖੁੱਲ੍ਹੀ ਪੇਸ਼ਕਸ਼ ਵਿਚ ਐੱਨਡੀਟੀਵੀ ਦੇ ਬਜਾਰ ਵਿਚ ਸ਼ੇਅਰਾਂ ਦੀਆਂ ਕੀਮਤਾਂ ਤੋਂ 30 ਫੀਸਦ ਘੱਟ ਮੁੱਲ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਲ਼ਈ ਇਸਦੇ ਘੱਟ ਮੌਕੇ ਹਨ ਕਿ ਬਾਕੀ ਜਣੇ ਇੰਨੇ ਘੱਟ ਰੇਟ ਉੱਤੇ ਆਪਣੇ ਸ਼ੇਅਰ ਵੇਚਣਗੇ। ਪਰ ਜੇਕਰ ਇਹ ਪੂਰੀ ਤਰ੍ਹਾਂ ਸਫ਼ਲ ਹੋ ਜਾਂਦੀ ਹੈ ਤਾਂ ਅਡਾਨੀ ਐੱਨਡੀਟੀਵੀ ਦੇ 55.18 ਫੀਸਦ ਸ਼ੇਅਰਾਂ ਦਾ ਮਾਲਕ ਬਣ ਸਕਦਾ ਹੈ।
ਅਡਾਨੀ ਨੇ ਇੰਨੀ ਘੱਟ ਕੀਮਤ ਦੀ ਪੇਸ਼ਕਸ਼ ਕਿਉਂ ਕੀਤੀ?
ਸ਼ਾਇਦ ਇਸ ਲਈ ਕਿ ਉਹ ਨਾ ਚਾਹੁੰਦੇ ਹੋਣ ਕਿ ਖੁੱਲ੍ਹੀ ਪੇਸ਼ਕਸ਼ ਸਫ਼ਲ ਹੋਵੇ। 29 ਫੀਸਦ ਸ਼ੇਅਰਾਂ ਦੀ ਮਾਲਕੀ ਨਾਲ ਅਡਾਨੀ ਦੀ ਕੰਪਨੀ ਉੱਤੇ ਚੰਗਾ ਕੰਟਰੋਲ ਹੋ ਜਾਵੇਗਾ। ਇਹ ਇਸ ਨਾਲ ਕੰਪਨੀ ਵਿਚ ਇਕੱਲੇ ਸਭ ਤੋਂ ਵੱਧ ਸ਼ੇਅਰਾਂ ਵਾਲੇ ਹਿੱਸੇਦਾਰ ਬਣ ਜਾਣਗੇ।
ਸੇਬੀ ਮੁਤਾਬਕ ਜੇਕਰ ਤੁਸੀਂ ਕਿਸੇ ਕੰਪਨੀ ਦੇ 26 ਫੀਸਦ ਸ਼ੇਅਰ ਖਰੀਦ ਲੈਂਦੇ ਹੋ ਤਾਂ ਤੁਸੀਂ ਕਿਸੇ ਵੀ ਵੱਡੇ ਫੈਸਲੇ ਨੂੰ ਰੋਕ ਸਕਦੇ ਹੋ ਅਤੇ ਤੁਹਾਨੂੰ ਬੋਰਡ ਵਿਚ ਸੀਟ ਮਿਲ ਜਾਵੇਗੀ।

ਤਿੰਨ ਕੰਪਨੀਆਂ ਜੋੜ ਕੇ ਲਿਆਉਣਗੇ ਖੁੱਲੀ ਪੇਸ਼ਕਸ਼
ਐਕਸਚੇਂਜ ਨੂੰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਏ.ਐੱਮ.ਐੱਨ.ਐੱਲ ਅਤੇ ਅਡਾਨੀ ਇੰਟਰਪ੍ਰਾਈਜਿਜ਼ ਦੇ ਨਾਲ ਵੀ.ਸੀ.ਪੀ.ਐਲ. ਐਨਡੀਟੀਵੀ ਵਿੱਚ ਵਾਧੂ 26% ਹਿੱਸੇਦਾਰੀ ਖਰੀਦਣ ਲਈ ਇੱਕ ਖੁੱਲੀ ਪੇਸ਼ਕਸ਼ ਕਰੇਗੀ।
ਇਹ ਖੁੱਲੀ ਪੇਸ਼ਕਸ਼ ਵਿੱਚ 294 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ ਦੇ ਹਿਸਾਬ ਨਾਲ ਹੋਵੇਗੀ।
ਇਹ ਸ਼ੇਅਰ ਦੀ ਮੌਜੂਦਾ ਕੀਮਤ ਤੋਂ ਲਗਭਗ 20 ਫ਼ੀਸਦੀ ਘੱਟ ਹੈ। ਮੰਗਲਵਾਰ ਨੂੰ ਐਨਡੀਟੀਵੀ ਦਾ ਸ਼ੇਅਰ 366 ਰੁਪਏ 'ਤੇ ਬੰਦ ਹੋਇਆ ਸੀ। ਯਾਨੀ ਅਡਾਨੀ ਸਮੂਹ 26% ਵਾਧੂ ਹਿੱਸੇਦਾਰੀ ਖਰੀਦਣ ਲਈ 493 ਕਰੋੜ ਰੁਪਏ ਖਰਚ ਕਰੇਗਾ।
ਐਨਡੀਟੀਵੀ ਨੇ ਐਕਸਚੇਂਜ ਨੂੰ ਕੀ ਦੱਸਿਆ
ਐਨਡੀਟੀਵੀ ਨੇ ਐਕਸਚੇਂਜ ਨੂੰ ਦੱਸਿਆ ਕਿ ਵੀਸੀਪੀਐੱਲ ਨੇ ਇਸ ਸਬੰਧ ਵਿੱਚ ਉਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ।

ਤਸਵੀਰ ਸਰੋਤ, FB/Prannoy Roy
ਐਨਡੀਟੀਵੀ ਨੇ ਕਿਹਾ, "ਐਨਡੀਟੀਵੀ ਦੇ ਸੰਸਥਾਪਕ ਅਤੇ ਕੰਪਨੀ ਇਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਵੀ.ਸੀ.ਪੀ.ਐਲ. ਨੇ ਸਾਡੀ ਸਲਾਹ ਅਤੇ ਸਹਿਮਤੀ ਤੋਂ ਬਿਨਾਂ ਕਰਜ਼ੇ ਨੂੰ ਇਕੁਇਟੀ ਵਿੱਚ ਬਦਲਣ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ।"
"ਸਾਨੂੰ ਇਸ ਬਾਰੇ ਅੱਜ ਹੀ ਪਤਾ ਲੱਗਾ ਹੈ। ਅਸੀਂ ਕੱਲ੍ਹ ਹੀ ਐਕਸਚੇਂਜ ਨੂੰ ਦੱਸਿਆ ਕਿ ਸੰਸਥਾਪਕਾਂ ਦੀ ਹਿੱਸੇਦਾਰੀ ਵਿੱਚ ਕੋਈ ਬਦਲਾਅ ਨਹੀਂ ਹੈ।"
ਐਨਡੀਟੀਵੀ ਦੀ ਮਾਲਕੀ ਦਾ ਕੀ ਹਿਸਾਬ ਹੈ
ਐਨਡੀਟੀਵੀ ਦੇ ਪ੍ਰਮੋਟਰ ਪ੍ਰਣਯ ਰਾਏ ਕੋਲ ਕੰਪਨੀ ਵਿੱਚ 15.94 ਪ੍ਰਤੀਸ਼ਤ ਹਿੱਸੇਦਾਰੀ ਹੈ। ਉਹਨਾਂ ਦੀ ਪਤਨੀ ਰਾਧਿਕਾ ਰਾਏ ਦੀ ਕੰਪਨੀ ਵਿੱਚ 16.32 ਪ੍ਰਤੀਸ਼ਤ ਹਿੱਸੇਦਾਰੀ ਹੈ। ਪ੍ਰਣਯ ਅਤੇ ਰਾਧਿਕਾ ਆਰ.ਆਰ.ਪੀ.ਆਰ. ਦੇ ਪ੍ਰਮੋਟਰ ਸਨ। ਇਸ ਕੰਪਨੀ ਕੋਲ ਐਨਡੀਟੀਵੀ ਦੇ 29.18 ਪ੍ਰਤੀਸ਼ਤ ਸ਼ੇਅਰ ਸਨ।
ਸਟਾਕ ਮਾਰਕੀਟ ਦੀ ਰੈਗੂਲੇਟਰੀ ਸੰਸਥਾ ਸੇਬੀ ਦੇ ਨਿਯਮਾਂ ਮੁਤਾਬਕ ਦੇਸ਼ ਵਿੱਚ ਸੂਚੀਬੱਧ ਕੋਈ ਵੀ ਕੰਪਨੀ ਜਿਸ ਵਿੱਚ 25% ਜਾਂ ਇਸ ਤੋਂ ਵੱਧ ਸ਼ੇਅਰ ਹਨ ਉਸ ਨੂੰ ਵੱਧ ਹਿੱਸੇਦਾਰੀ ਖਰੀਦਣ ਲਈ ਇੱਕ ਖੁੱਲੀ ਪੇਸ਼ਕਸ਼ ਕਰਨੀ ਲਾਜ਼ਮੀ ਹੈ।
ਇਸ ਨਾਲ ਕੰਪਨੀ ਆਪਣੇ ਸ਼ੇਅਰ ਪਹਿਲਾਂ ਤੋਂ ਨਿਰਧਾਰਤ ਕੀਮਤ 'ਤੇ ਖਰੀਦ ਸਕਦੀ ਹੈ। ਉਹ ਸ਼ੇਅਰ ਨਵੇਂ ਨਿਵੇਸ਼ਕਾਂ ਨੂੰ ਆਪਣੀ ਮਰਜ਼ੀ ਨਾਲ ਵੇਚ ਵੀ ਸਕਦੇ ਹਨ।
ਕਾਰੋਬਾਰ ਦਾ ਵਿਸਥਾਰ
ਅਡਾਨੀ 'ਸਾਮਰਾਜ' ਦਾ ਕਾਰੋਬਾਰ ਸਾਲ 2002 ਵਿੱਚ 76.5 ਕਰੋੜ ਡਾਲਰ ਸੀ, ਜੋ ਸਾਲ 2014 ਵਿੱਚ ਵੱਧ ਕੇ 10 ਅਰਬ ਡਾਲਰ ਹੋ ਗਿਆ ਸੀ।
ਸਾਲ 2015 ਤੋਂ ਬਾਅਦ ਅਡਾਨੀ ਸਮੂਹ ਨੇ ਫੌਜ ਨੂੰ ਰੱਖਿਆ ਉਪਕਰਣਾਂ ਦੀ ਸਪਲਾਈ ਦਾ ਕੰਮ ਵੀ ਸ਼ੁਰੂ ਕੀਤਾ। ਫਿਰ ਕੁਝ ਸਮੇਂ ਬਾਅਦ, ਕੁਦਰਤੀ ਗੈਸ ਦੇ ਖੇਤਰ ਵਿੱਚ ਵੀ ਸਮੂਹ ਨੇ ਕਾਰੋਬਾਰ ਦਾ ਵਿਸਥਾਰ ਕੀਤਾ।
ਸਾਲ 2017 ਵਿੱਚ ਅਡਾਨੀ ਸਮੂਹ ਨੇ ਸੋਲਰ ਪੀਵੀ ਪੈਨਲ ਬਣਾਉਣਾ ਸ਼ੁਰੂ ਕੀਤਾ।

ਤਸਵੀਰ ਸਰੋਤ, Getty Images
ਸਾਲ 2019 ਵਿੱਚ ਅਡਾਨੀ ਸਮੂਹ ਨੇ ਹਵਾਈ ਅੱਡੇ ਦੇ ਖੇਤਰ 'ਚ ਪ੍ਰਵੇਸ਼ ਕੀਤਾ।
ਅਹਿਮਦਾਬਾਦ, ਲਖਨਊ, ਮੰਗਲੁਰੂ, ਜੈਪੁਰ, ਗੁਵਾਹਾਟੀ ਅਤੇ ਤਿਰੂਵਨੰਤਪੁਰਮ ਵਿੱਚ, ਕੁੱਲ ਛੇ ਹਵਾਈ ਅੱਡਿਆਂ ਦੇ ਆਧੁਨਿਕੀਕਰਨ ਅਤੇ ਸੰਚਾਲਨ ਲਈ ਜ਼ਿੰਮੇਦਾਰੀ ਇਸੇ ਸਮੂਹ ਕੋਲ ਹੈ।
ਸਮੂਹ 50 ਸਾਲਾਂ ਲਈ ਇਨ੍ਹਾਂ ਸਾਰੇ ਛੇ ਹਵਾਈ ਅੱਡਿਆਂ ਦਾ ਸੰਚਾਲਨ, ਪ੍ਰਬੰਧਨ ਅਤੇ ਵਿਕਾਸ ਕਾਰਜ ਸੰਭਾਲੇਗਾ।
ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਸਮੂਹ ਦੀ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ 'ਚ ਵੀ 74 ਫੀਸਦੀ ਦੀ ਹਿੱਸੇਦਾਰੀ ਹੈ। ਦਿੱਲੀ ਤੋਂ ਬਾਅਦ, ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡਾ ਦੇਸ਼ ਦਾ ਸਭ ਤੋਂ ਵੱਡਾ ਹਵਾਈ ਅੱਡਾ ਹੈ।
ਮੋਦੀ ਨਾਲ ਸਬੰਧ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੌਤਮ ਅਡਾਨੀ ਦੀ ਨੇੜਤਾ ਸਾਲ 2002 ਤੋਂ ਹੀ ਦਿੱਸਣੀ ਸ਼ੁਰੂ ਹੋ ਗਈ ਸੀ। ਇਸ ਸਮੇਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ।

ਤਸਵੀਰ ਸਰੋਤ, Getty Images
ਮਾਰਚ 2013 ਵਿੱਚ, ਅਮਰੀਕਾ ਦੇ ਵਹਾਰਟਨ ਸਕੂਲ ਆਫ਼ ਬਿਜ਼ਨਸ ਦੇ ਇੱਕ ਪ੍ਰੋਗਰਾਮ ਵਿੱਚ ਨਰੇਂਦਰ ਮੋਦੀ ਨੂੰ ਮੁੱਖ ਬੁਲਾਰੇ ਵਜੋਂ ਬੁਲਾਇਆ ਗਿਆ ਸੀ।
ਪਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਨਰਿੰਦਰ ਮੋਦੀ ਨੂੰ ਮੁੱਖ ਬੁਲਾਰੇ ਵਜੋਂ ਹਟਾ ਦਿੱਤਾ ਗਿਆ ਸੀ।
ਅਡਾਨੀ ਸਮੂਹ ਇਸ ਸਮਾਗਮ ਦੇ ਮੁੱਖ ਸਪਾਂਸਰਾਂ ਵਿੱਚੋਂ ਇੱਕ ਸੀ ਤੇ ਉਸ ਵੇਲੇ ਸਮੂਹ ਨੇ ਇਸਦੇ ਲਈ ਦਿੱਤੀ ਆਪਣੀ ਵਿੱਤੀ ਸਹਾਇਤਾ ਵਾਪਸ ਲੈ ਲਈ ਸੀ।

ਇਹ ਵੀ ਪੜ੍ਹੋ-


ਤਸਵੀਰ ਸਰੋਤ, Getty Images
ਖੇਤੀ ਵਪਾਰ ਅਤੇ ਬੰਦਰਗਾਹਾਂ ਤੋਂ ਆਪਣਾ ਕਾਰੋਬਾਰ ਸ਼ੁਰੂ ਕਰਨ ਵਾਲੇ ਗੌਤਮ ਅਡਾਨੀ ਇਸ ਸਾਲ ਸਭ ਤੋਂ ਵੱਧ ਦੌਲਤ ਨਾਲ ਅਰਬਪਤੀਆਂ ਦੀ ਸੂਚੀ 'ਚ ਸਿਖਰ 'ਤੇ ਹਨ। ਪਿਛਲੇ ਕੁਝ ਸਾਲਾਂ ਵਿੱਚ ਅਡਾਨੀ ਨੇ ਆਪਣੇ ਵਪਾਰ ਦਾ ਤੇਜ਼ੀ ਨਾਲ ਵਿਸਤਾਰ ਕੀਤਾ ਹੈ। ਉਹਨਾਂ ਨੇ ਹਵਾਈ ਅੱਡਿਆਂ, ਡੇਟਾ ਸੈਂਟਰਾਂ, ਸੀਮਿੰਟ, ਬਿਜਲੀ, ਕੋਲਾ ਅਤੇ ਗੈਸ ਵਪਾਰ ਦੇ ਨਾਲ-ਨਾਲ ਖਾਣ ਵਾਲੇ ਤੇਲ ਦੇ ਕਾਰੋਬਾਰ ਵਿੱਚ ਵੀ ਮਜਬੂਤੀ ਬਣਾਈ ਹੈ।
ਅਡਾਨੀ ਗਰੁੱਪ ਨੇ ਇਸ ਸਾਲ ਮਾਰਚ 'ਚ ਡਿਜੀਟਲ ਬਿਜ਼ਨਸ ਨਿਊਜ਼ ਪਲੇਟਫਾਰਮ ਕੁਇੰਟਿਲੀਅਨ ਬਿਜ਼ਨੈੱਸ ਮੀਡੀਆ 'ਚ 49 ਫੀਸਦੀ ਹਿੱਸੇਦਾਰੀ ਖਰੀਦੀ ਸੀ।

ਇਹ ਵੀ ਪੜ੍ਹੋ-

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












