ਸੈਮਸੰਗ ਦੇ ਡਾਇਰੈਕਟਰ ਨੇ ਇਸ ਗੱਲੋਂ ਆਪਣੀ ਧੀ ਨੂੰ 11 ਸਾਲ ਦੀ ਉਮਰ ਤੱਕ ਨਹੀਂ ਦਿੱਤਾ ਸਮਾਰਟਫੋਨ

ਤਸਵੀਰ ਸਰੋਤ, Getty Images
ਤੁਸੀਂ ਵੀ ਆਪਣੇ ਘਰ 'ਚ ਜਾਂ ਆਲੇ-ਦੁਆਲੇ ਅਜਿਹੇ ਕਈ ਬੱਚੇ ਦੇਖੇ ਹੋਣੇ ਜੋ ਮੋਬਾਈਲ ਤੋਂ ਬਿਨਾਂ ਰੋਟੀ ਨਹੀਂ ਖਾਂਦੇ। ਕਈ ਬੱਚੇ ਤਾਂ ਦਿਨ 'ਚ ਕਈ ਘੰਟਿਆਂ ਤੱਕ ਮੋਬਾਈਲ 'ਤੇ ਸਮਾਂ ਬਿਤਾਉਂਦੇ ਹਨ।
ਸਮਾਰਟਫ਼ੋਨ ਇੱਕ ਅਜਿਹੀ ਚੀਜ਼ ਹੈ ਜਿਸ ਦੀ ਲਤ ਨਾ ਸਿਰਫ਼ ਵੱਡਿਆਂ ਨੂੰ ਬਲਕਿ ਬੱਚਿਆਂ ਨੂੰ ਵੀ ਲੱਗ ਰਹੀ ਹੈ।
ਹਾਲਤ ਇਹ ਕਿ ਛੋਟੀ-ਛੋਟੀ ਉਮਰ ਦੇ ਬੱਚੇ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਬੋਲਣਾ ਵੀ ਨਹੀਂ ਆਉਂਦਾ ਉਹ ਵੀ ਮੋਬਾਈਲ ਦੇਖਣ ਲਈ ਜ਼ਿੱਦ ਕਰਦੇ ਹਨ।
ਪਰ ਯੂਕੇ ਵਿੱਚ ਸਮਾਰਟਫ਼ੋਨ ਬਣਾਉਣ ਵਾਲੀ ਜਾਣੀ-ਪਛਾਣੀ ਕੰਪਨੀ ਸੈਮਸੰਗ ਦੇ ਡਾਇਰੈਕਟਰ ਨੇ ਆਪਣੀ ਧੀ ਨੂੰ 11 ਸਾਲ ਦੀ ਉਮਰ ਤੱਕ ਸਮਾਰਟਫ਼ੋਨ ਨਹੀਂ ਦਿੱਤਾ ਸੀ।
ਉਨ੍ਹਾਂ ਨੇ ਇਸ ਦੀ ਕੀ ਕਾਰਨ ਦੱਸਿਆ

ਤਸਵੀਰ ਸਰੋਤ, Getty Images
ਆਪਣੇ ਇਸ ਫੈਸਲੇ ਬਾਰੇ ਜੇਮਸ ਕੀਟੋ ਨੇ ਕਿਹਾ , "ਵਿਅਕਤੀਗਤ ਤੌਰ 'ਤੇ, ਮੈਂ ਛੋਟੀ ਉਮਰ ਵਿੱਚ ਉਸ ਨੂੰ ਫ਼ੋਨ ਨਹੀਂ ਦਿੱਤਾ, ਪਰ ਇਹ ਹਰੇਕ ਮਾਤਾ-ਪਿਤਾ 'ਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਫ਼ੋਨ ਕਦੋਂ ਦੇਣਾ ਚਾਹੁੰਦੇ ਹਨ।"
ਉਨ੍ਹਾਂ ਕਿਹਾ ਕਿ ਬੱਚੇ ਕਿਸੇ ਵੀ ਉਮਰ ਵਿੱਚ ਆਪਣਾ ਨਿੱਜੀ ਫ਼ੋਨ ਇਸਤੇਮਾਲ ਕਰਨਾ ਸ਼ੁਰੂ ਕਰ ਸਕਦੇ ਹਨ, ਪਰ ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਉਹ ਔਨਲਾਈਨ ਸੁਰੱਖਿਅਤ ਰਹਿਣ।
ਉਨ੍ਹਾਂ ਦੀਆਂ ਟਿੱਪਣੀਆਂ, ਆਫਸਟਡ (ਬ੍ਰਿਟਿਸ਼ ਸਰਕਾਰ ਦਾ ਗੈਰ-ਮੰਤਰੀ ਵਿਭਾਗ ਜੋ ਸਿੱਖਿਆ ਦੀ ਗੁਣਵੱਤਾ ਲਈ ਮਾਪਦੰਡ ਨਿਰਧਾਰਤ ਕਰਦਾ ਹੈ) ਦੇ ਮੁੱਖ ਇੰਸਪੈਕਟਰ ਅਮਾਂਡਾ ਸਪੀਲਮੈਨ ਨੇ ਮੰਨਿਆ ਕਿ ਉਹ ਇਸ ਗੱਲ ਨਾਲ ''ਹੈਰਾਨ'' ਸਨ ਕਿ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਕੋਲ ਸਮਾਰਟਫ਼ੋਨ ਸਨ।
ਛੋਟੀ ਉਮਰ ਵਿੱਚ ਬੱਚਿਆਂ ਦੀ ਪੋਰਨ ਸਮੱਗਰੀ ਤੱਕ ਪਹੁੰਚ
ਫ਼ਰਵਰੀ 2023 ਦੇ ਪਹਿਲੇ ਹਫ਼ਤੇ ਸਾਹਮਣੇ ਆਏ ਇੱਕ ਅਧਿਐਨ ਵਿੱਚ ਪਤਾ ਲੱਗਿਆ ਹੈ ਕਿ ਮਹਿਜ਼ 9 ਸਾਲ ਦੀ ਉਮਰ ਦੇ ਬੱਚੇ ਔਨਲਾਈਨ ਪੋਰਨੋਗ੍ਰਾਫੀ ਸਮੱਗਰੀ ਤੱਕ ਪਹੁੰਚ ਰੱਖਦੇ ਹਨ।
ਕੀਟੋ ਨੇ ਪਿਛਲੇ ਸਾਲ ਦਸੰਬਰ ਵਿੱਚ ਸੈਮਸੰਗ ਦਾ ਕਾਰਜਭਾਰ ਸੰਭਾਲਿਆ ਸੀ। ਬੀਬੀਸੀ ਦੇ ਟੂਡੇ ਪ੍ਰੋਗਰਾਮ 'ਚ ਗੱਲ ਕਰਦਿਆਂ ਉਨ੍ਹਾਂ ਦੱਸਿਆ, "ਇੱਥੇ ਮਹੱਤਵਪੂਰਨ ਗੱਲ ਇਹ ਹੈ ਕਿ ਜੋ ਵੀ ਵਿਅਕਤੀ ਸਮਾਰਟਫੋਨ ਦੀ ਵਰਤੋਂ ਕਰਦਾ ਹੈ, ਚਾਹੇ ਉਹ ਕਿਸੇ ਵੀ ਉਮਰ ਦਾ ਹੋਵੇ, ਬ੍ਰਾਊਜ਼ਿੰਗ ਦੌਰਾਨ ਉਹ ਸੁਰੱਖਿਅਤ ਰਹੇ।"

ਤਸਵੀਰ ਸਰੋਤ, Getty Images
ਉਨ੍ਹਾਂ ਕਿਹਾ, "ਮੇਰੇ ਨਿੱਜੀ ਅਨੁਭਵ ਵਿੱਚ, ਮੇਰੀ ਧੀ ਨੂੰ ਸਮਾਰਟਫੋਨ ਉਦੋਂ ਮਿਲਿਆ ਜਦੋਂ ਉਹ 11 ਸਾਲ ਦੀ ਸੀ।"
"ਤੁਹਾਡੀ ਪਸੰਦ ਜੋ ਵੀ ਹੋਵੇ ਅਤੇ ਤੁਸੀਂ ਆਪਣੇ ਬੱਚੇ ਨੂੰ ਚਾਹੇ ਜਿਸ ਵੀ ਉਮਰ 'ਚ ਫ਼ੋਨ ਦੇਵੋ, ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਜੇਕਰ ਉਹ ਇੰਟਰਨੈਟ ਦੀ ਵਰਤੋਂ ਕਰਦੇ ਹਨ, ਤਾਂ ਇਹ ਸੁਰੱਖਿਅਤ ਹੋਵੇ।''
ਯੂਕੇ ਦੇ ਟੈਲੀਕਾਮ ਰੈਗੂਲੇਟਰ ਆਫਕਾਮ ਦੇ ਅਨੁਸਾਰ, ਯੂਕੇ ਵਿੱਚ ਮੋਬਾਈਲ ਫੋਨ ਸੇਵਾਵਾਂ ਦੇਣ ਵਾਲੇ ਅਕਸਰ ਇਸ ਗੱਲ ਨੂੰ ਧਿਆਨ 'ਚ ਰੱਖਦੇ ਹਨ ਕਿ ਬੱਚੇ ਔਨਲਾਈਨ ਕੀ ਦੇਖ ਸਕਦੇ ਹਨ, ਇਸੇ ਲਈ ਮੋਬਾਈਲ ਫੋਨ ਤੱਕ ਬੱਚਿਆਂ ਦੀ ਪਹੁੰਚ ਨੂੰ ਸੀਮਿਤ ਕਰਨ ਲਈ ਮੁਫ਼ਤ ਨਿਯੰਤਰਣ ਸੇਵਾਵਾਂ (ਪੇਰੇਂਟਲ ਕੰਟਰੋਲ ਸਰਵਿਸ) ਦਿੰਦੇ ਹਨ।
ਨਾਲ ਹੀ ਇਹ ਸੁਝਾਅ ਵੀ ਦਿੰਦੇ ਹਨ ਕਿ ਬੱਚਿਆਂ ਨੂੰ ਤਸਵੀਰਾਂ ਸਾਂਝੀਆਂ ਕਰਨ ਸਮੇਂ ਅਤੇ ਸੋਸ਼ਲ ਮੀਡੀਆ ਦੇ ਇਸਤੇਮਾਲ ਵੇਲੇ ਸਾਵਧਾਨ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਜ਼ਿਆਦਾਤਰ ਬੱਚੇ ਕਰਦੇ ਹਨ ਸਮਾਰਟਫ਼ੋਨ ਦਾ ਇਸਤੇਮਾਲ
ਚਾਈਲਡਵਾਈਜ਼ ਇੱਕ ਰਿਸਰਚ ਫ਼ਰਮ ਹੈ। ਇਸ ਦੁਆਰਾ ਦੁਆਰਾ ਕੀਤੇ ਗਏ ਅਧਿਐਨ ਤੋਂ ਪਤਾ ਲੱਗਦਾ ਹੈ ਕਿ 9 ਅਤੇ 10 ਸਾਲ ਦੇ ਤਿੰਨ ਚੌਥਾਈ ਬੱਚਿਆਂ ਕੋਲ ਮੋਬਾਈਲ ਫ਼ੋਨ ਹਨ।
ਇਸ ਉਮਰ ਦੇ 60 ਫ਼ੀਸਦ ਬੱਚਿਆਂ ਕੋਲ ਆਪਣਾ ਮੋਬਾਈਲ ਫੋਨ ਹੈ ਅਤੇ 14 ਫ਼ੀਸਦ ਪਰਿਵਾਰਿਕ ਮੈਂਬਰ, ਕਿਸੇ ਰਿਸ਼ਤੇਦਾਰ ਜਾਂ ਦੋਸਤ ਦੇ ਫ਼ੋਨ ਦੀ ਵਰਤੋਂ ਕਰਦੇ ਹਨ ਅਤੇ ਦੋ ਤਿਹਾਈ ਤੋਂ ਵੱਧ ਬੱਚੇ ਇੰਟਰਨੈਟ ਨਾਲ ਜੁੜੇ ਹੋਏ ਹਨ।
ਇਸ ਅਧਿਐਨ ਨੂੰ ਚਾਈਲਡਵਾਈਜ਼ ਮਾਨੀਟਰ 2023 ਨਾਮ ਦਿੱਤਾ ਗਿਆ ਹੈ।
ਅਧਿਐਨ ਵਿੱਚ ਇਹ ਵੀ ਪਾਇਆ ਗਿਆ ਹੈ ਕਿ 5 ਅਤੇ 6 ਸਾਲ ਦੇ ਬੱਚਿਆਂ ਵਿੱਚੋਂ 8 ਫ਼ੀਸਦ ਕੋਲ ਆਪਣਾ ਫ਼ੋਨ ਹੈ ਅਤੇ ਹੋਰ 8 ਫੀਸਦੀ ਬੱਚੇ ਪਰਿਵਾਰਕ ਮੈਂਬਰ ਜਾਂ ਦੋਸਤ ਦੇ ਮੋਬਾਈਲ ਇਸਤੇਮਾਲ ਕਰਦੇ ਹਨ।
ਜਦਕਿ 7 ਅਤੇ 8 ਸਾਲ ਦੇ ਬੱਚਿਆਂ ਲਈ ਇਹ ਅੰਕੜੇ ਕ੍ਰਮਵਾਰ 43 ਫੀਸਦੀ ਅਤੇ 23 ਫੀਸਦੀ ਹਨ।

ਤਸਵੀਰ ਸਰੋਤ, Getty Images
ਪਿਛਲੇ ਮਹੀਨੇ, ਆਫਸਟੇਡ ਦੇ ਮਹਿਲਾ ਚੀਫ਼ ਇੰਸਪੈਕਟਰ ਨੇ ਕਿਹਾ ਕਿ ਉਹ ਇਸ ਗੱਲ ਨਾਲ ਬਹੁਤੇ ਸਹਿਜ ਮਹਿਸੂਸ ਨਹੀਂ ਕਰ ਰਹੇ ਕਿ ਛੋਟੇ ਬੱਚਿਆਂ ਅਸੀਮਿਤ ਢੰਗ ਨਾਲ ਇੰਟਰਨੈਟ ਵਰਤ ਰਹੇ ਹਨ।
ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੋਰਨੋਗ੍ਰਾਫੀ ਅਤੇ ਬਾਲਗ ਸਮੱਗਰੀ ਤੱਕ ਪਹੁੰਚ ਨੂੰ ਸੀਮਤ ਕਰਨ ਲਈ "ਹੋਰ ਬਹੁਤ ਕੁਝ" ਕੀਤਾ ਜਾ ਸਕਦਾ ਹੈ।
ਫ਼ਰਵਰੀ 2023 ਦੇ ਪਹਿਲੇ ਹਫਤੇ ਦੇ ਸ਼ੁਰੂ ਵਿੱਚ, ਇੰਗਲੈਂਡ ਦੇ ਚਿਲਡਰਨ ਕਮਿਸ਼ਨਰ ਨੇ ਇੱਕ ਸਰਵੇਖਣ ਪ੍ਰਕਾਸ਼ਿਤ ਕੀਤਾ, ਜਿਸ ਵਿੱਚ 16-21 ਸਾਲ ਦੇ ਬੱਚਿਆਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਪਹਿਲੀ ਵਾਰ ਪੋਰਨੋਗ੍ਰਾਫੀ ਕਦੋਂ ਦੇਖੀ ਸੀ।

ਤਸਵੀਰ ਸਰੋਤ, Getty Images
ਇਸ ਸਰਵੇਖਣ ਦੇ ਨਤੀਜਿਆਂ ਵਿੱਚ ਦੇਖਿਆ ਗਿਆ ਕਿ 10 ਫੀਸਦੀ ਬੱਚਿਆਂ ਨੇ 9 ਸਾਲ ਦੀ ਉਮਰ ਤੱਕ ਅਤੇ 27 ਫੀਸਦੀ ਨੇ 11 ਸਾਲ ਦੀ ਉਮਰ ਤੱਕ ਪੋਰਨੋਗ੍ਰਾਫੀ ਦੇਖ ਲਈ ਸੀ।
13 ਸਾਲ ਦੀ ਉਮਰ ਤੱਕ, ਉਨ੍ਹਾਂ ਵਿੱਚੋਂ ਅੱਧੇ ਇਸ ਕਿਸਮ ਦੀ ਸਮੱਗਰੀ ਦੇ ਸੰਪਰਕ ਵਿੱਚ ਆ ਚੁੱਕੇ ਸਨ।
ਕਿਉਂਕਿ ਇਸ ਸਰਵੇਖਣ 'ਚ ਸ਼ਾਮਲ ਉੱਤਰਦਾਤਾ ਸਕੂਲ ਦੇ ਵਿਦਿਆਰਥੀ ਸਨ, ਤਾਂ ਇਸ ਹਿਸਾਬ ਨਾਲ ਸੈੱਲ ਫੋਨ ਦੀ ਵਰਤੋਂ ਕਰਨ ਵਾਲੇ ਬੱਚਿਆਂ ਦੀ ਪ੍ਰਤੀਸ਼ਤਤਾ ਵਧ ਗਈ।
ਅਧਿਐਨ ਦੇ ਨਤੀਜਿਆਂ ਨੇ ਨੌਜਵਾਨਾਂ ਵਿੱਚ ਘੱਟ ਸਵੈ-ਮਾਣ ਅਤੇ ਸੈਕਸ ਅਤੇ ਸਬੰਧਾਂ ਦੇ ਨੁਕਸਾਨਦੇਹ ਵਿਚਾਰਾਂ ਵੱਲ ਵੀ ਧਿਆਨ ਦਿਵਾਇਆ।

ਇਹ ਵੀ ਪੜ੍ਹੋ:













