ਅਜੀਤ ਡੋਵਾਲ ਆਪਰੇਸ਼ਨ ਬਲੈਕ ਥੰਡਰ ਦੌਰਾਨ ਕਿਵੇਂ ਦਰਬਾਰ ਸਾਹਿਬ ਕੰਪਲੈਕਸ 'ਚ ਜਾ ਕੇ ਜਾਣਕਾਰੀ ਬਾਹਰ ਲਿਆਏ

ਅਜੀਤ ਡੋਵਾਲ ਅਤੇ ਐੱਮਕੇ ਨਰਾਇਣਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਜੀਤ ਡੋਵਾਲ ਅਤੇ ਐੱਮਕੇ ਨਰਾਇਣਨ
    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਪੱਤਰਕਾਰ

ਅਜੀਤ ਡੋਵਾਲ ਨੂੰ ਲਗਾਤਾਰ ਤੀਜੀ ਵਾਰ ਭਾਰਤ ਦਾ ਕੌਮੀ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।

7 ਜਨਵਰੀ 2023 ਨੂੰ ਬੀਬੀਸੀ ਪੱਤਰਕਾਰ ਰੇਹਾਨ ਫਜ਼ਲ ਨੇ ਭਾਰਤ ਦੇ ਖੁਫ਼ੀਆ ਤੰਤਰ ਉੱਤੇ ਇੱਕ ਵਿਸਥਾਰਤ ਰਿਪੋਰਟ ਕੀਤੀ ਸੀ, ਜਿਸ ਵਿੱਚ ਅਜੀਤ ਡੋਵਾਲ ਦਾ ਵੀ ਜ਼ਿਕਰ ਸੀ।

ਅਜੀਤ ਡੋਵਾਲ ਦੇ ਤੀਜੀ ਵਾਰ ਐੱਨਐੱਸਏ ਨਿਯੁਕਤ ਹੋਣ ਦੇ ਮੌਕੇ ਉੱਤੇ ਇਸ ਰਿਪੋਰਟ ਨੂੰ ਹੂਬਹੂ ਛਾਪਿਆ ਜਾ ਰਿਹਾ ਹੈ।

ਆਮ ਤੌਰ 'ਤੇ ਖ਼ੁਫ਼ੀਆ ਏਜੰਸੀਆਂ ਦੇ ਮੁਖੀ ਆਪਣੀ ਸਵੈ-ਜੀਵਨੀ ਲਿਖਣ ਤੋਂ ਕੰਨੀ ਕਤਰਾਉਂਦੇ ਹਨ ਅਤੇ ਜੇਕਰ ਅਜਿਹਾ ਕਰਦੇ ਵੀ ਹਨ ਤਾਂ ਉਹ ਆਪਣੇ ਸਾਥੀਆਂ ਦਾ ਖੁੱਲ੍ਹ ਕੇ ਜ਼ਿਕਰ ਕਰਨ ਤੋਂ ਗੁਰੇਜ਼ ਕਰਦੇ ਹਨ।

ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦੇ ਮੁਖੀ ਅਮਰਜੀਤ ਸਿੰਘ ਦੁੱਲਟ ਦੀ ਹਾਲ ਹੀ ਵਿੱਚ ਪ੍ਰਕਾਸ਼ਿਤ ਸਵੈ-ਜੀਵਨੀ ‘ਏ ਲਾਈਫ ਇਨ ਦਾ ਸ਼ੈਡੋਜ਼: ਏ ਮੈਮੋਇਰ’ ਇਸ ਮਾਮਲੇ ਵਿੱਚ ਇੱਕ ਅਪਵਾਦ ਹੈ।

ਇਸ ਕਿਤਾਬ ਵਿਚ ਉਨ੍ਹਾਂ ਨੇ ਆਪਣੇ ਬੌਸ ਐੱਮਕੇ ਨਰਾਇਣਨ ਅਤੇ ਉਨ੍ਹਾਂ ਦੇ ਜੂਨੀਅਰ ਅਜੀਤ ਡੋਵਾਲ ਦੇ ਕੰਮ ਕਰਨ ਦੀ ਸ਼ੈਲੀ 'ਤੇ ਬੇਬਾਕ ਹੋ ਕੇ ਆਪਣੀ ਰਾਇ ਜ਼ਾਹਰ ਕੀਤੀ ਹੈ।

ਦੁੱਲਟ ਲਿਖਦੇ ਹਨ, "ਮੈਂ ਇੰਟੈਲੀਜੈਂਸ ਬਿਊਰੋ ਦੇ ਦਿੱਲੀ ਹੈੱਡਕੁਆਰਟਰ ਵਿੱਚ ਡੈਸਕ 'ਤੇ ਇੱਕ ਵਿਸ਼ਲੇਸ਼ਕ ਵਜੋਂ ਚਾਰ ਸਾਲ ਬਿਤਾਏ। ਉਦੋਂ ਮੈਨੂੰ ਨਾਰਥ ਬਲਾਕ ਵਿੱਚ ਐੱਮਕੇ ਨਰਾਇਣਨ ਨਾਲ ਕਮਰਾ ਸਾਂਝਾ ਕਰਨ ਦਾ ਮੌਕਾ ਮਿਲਿਆ।"

"ਉਸ ਵੇਲੇ ਮੇਰੇ ਸਭ ਤੋਂ ਵੱਡੇ ਬੌਸ ਏਕੇ ਦਵੇ ਹੁੰਦੇ ਸਨ। ਉਨ੍ਹਾਂ ਦੇ ਹੇਠਾਂ ਆਰਕੇ ਖੰਡੇਲਵਾਲ ਸਨ, ਜਿਨ੍ਹਾਂ ਨੂੰ ਨਰਾਇਣਨ 'ਕੈਂਡੀ' ਕਹਿੰਦੇ ਸਨ।"

"ਦਵੇ ਨੂੰ ਇਹ ਦੇਖਣ ਦੀ ਸਨਕ ਸੀ ਕਿ ਤੁਸੀਂ ਫਾਈਲ 'ਤੇ ਨੋਟਿੰਗ ਕਿਵੇਂ ਕਰਦੇ ਹੋ। ਅਕਸਰ ਉਹ ਆਪਣੇ ਸਾਥੀਆਂ ਦੀ ਫਾਈਲ 'ਤੇ ਨੋਟਿੰਗ' ਤੇ ਮਜ਼ਾਕ ਉਡਾਉਂਦੇ ਸਨ ਅਤੇ ਕਹਿੰਦੇ ਸਨ ਕਿ ਕੋਈ ਸਬ-ਇੰਸਪੈਕਟਰ ਇਸ ਤੋਂ ਵਧੀਆ ਲਿਖ ਸਕਦਾ ਹੈ।"

"ਕਈ ਵਾਰ ਨਰਾਇਣਨ ਵੀ ਇਸ ਸਨਕ ਤੋਂ ਖਿਝ ਜਾਂਦੇ ਸਨ। ਦੂਜੇ ਪਾਸੇ, ਕੇਐੱਨ ਪ੍ਰਸਾਦ ਸਨ, ਜੋ ਬਾਹਰੋਂ ਤਾਂ ਸਖ਼ਤ ਸਨ ਪਰ ਅੰਦਰੋਂ ਬਹੁਤ ਸ਼ਾਂਤਮਈ ਸਨ ਅਤੇ ਨੌਜਵਾਨਾਂ ਨੂੰ ਉਹ ਸਭ ਕੁਝ ਸਿਖਾਉਣ ਲਈ ਹਮੇਸ਼ਾ ਤਿਆਰ ਰਹਿੰਦੇ ਸਨ, ਜੋ ਉਹ ਜਾਣਦੇ ਸਨ।"

ਅਜੀਤ ਡੋਵਾਲ ਅਤੇ ਐੱਮਕੇ ਨਰਾਇਣਨ

ਤਸਵੀਰ ਸਰੋਤ, HARPERCOLLINS INDIA

ਨਾਰਾਇਣਨ ਕਮਿਊਨਿਜ਼ਮ ਦੇ ਸਭ ਤੋਂ ਵੱਡੇ ਮਾਹਿਰ ਸਨ

ਏਐੱਸ ਦੁੱਲਟ ਨੇ ਮੰਨਿਆ ਕਿ ਉਨ੍ਹਾਂ ਨੇ ਨਾਰਾਇਣਨ ਨੂੰ ਕੰਮ ਕਰਦਿਆਂ ਦੇਖ ਕੇ ਹੀ ਖ਼ੁਫ਼ੀਆਂ ਜਾਣਕਾਰੀ ਦੇ ਵਿਸ਼ਲੇਸ਼ਣ ਦੇ ਗੁਰ ਸਿੱਖੇ ਸਨ।

ਉਨ੍ਹਾਂ ਨੇ ਉਨ੍ਹਾਂ ਤੋਂ ਇਹ ਵੀ ਸਿੱਖਿਆ ਕਿ ਫੀਲਡ ਤੋਂ ਆਉਣ ਵਾਲੇ ਹਰ ਉਤਸ਼ਾਹੀ ਖੁਫੀਆ ਅਧਿਕਾਰੀ ਦੀ ਰਿਪੋਰਟ ਨੂੰ ਕਿਵੇਂ ਨਰਮ ਕਰਨਾ ਹੈ।

ਨਾਰਾਇਣਨ ਨੇ ਉਨ੍ਹਾਂ ਨੂੰ ਇਹ ਵੀ ਸਿਖਾਇਆ ਕਿ ਤੁਸੀਂ ਜੋ ਕੁਝ ਵੀ ਕਹਿਣਾ ਚਾਹੁੰਦੇ ਹੋ, ਇੱਕ ਪੰਨੇ 'ਚ ਕਹਿ ਦਿਓ।

ਦੁੱਲਟ ਲਿਖਦੇ ਹਨ, "ਜਦੋਂ ਨਰਾਇਣਨ ਕੋਲ ਕਿਸੇ ਵਿਸ਼ੇ 'ਤੇ ਫਾਈਲ ਆਉਂਦੀ ਸੀ, ਤਾਂ ਉਹ ਉਸ ਨੂੰ ਕੁਝ ਸਮੇਂ ਲਈ ਆਪਣੇ ਕੋਲ ਰੱਖਦੇ ਸਨ ਅਤੇ ਉਸ 'ਤੇ ਡੂੰਘੇ ਵਿਚਾਰ-ਵਟਾਂਦਰੇ ਤੋਂ ਬਾਅਦ ਆਪਣੀ ਰਿਪਰੋਟ ਦਿੰਦੇ ਸਨ।"

"ਨਰਾਇਣਨ ਭਾਰਤੀ ਖ਼ੁਫ਼ੀਆਂ ਏਜੰਸੀਆਂ ਵਿਚ ਕਮਿਊਨਿਜ਼ਮ ਦੇ ਸਭ ਤੋਂ ਵੱਡੇ ਮਾਹਰ ਸਨ। ਉਸ ਵੇਲੇ ਮੇਰਾ ਉਨ੍ਹਾਂ ਨਾਲ ਸੰਪਰਕ ਸੀਮਤ ਰਹਿੰਦਾ ਸੀ ਪਰ ਹਮੇਸ਼ਾ ਇਹ ਅਹਿਸਾਸ ਰਹਿੰਦਾ ਸੀ ਕਿ ਇੱਕ ਮਹਾਨ ਵਿਅਕਤੀਤਵ ਦੀ ਮੌਜੂਦਗੀ ਵਿੱਚ ਕੰਮ ਕਰ ਰਿਹਾ ਹਾਂ।"

"ਬਾਅਦ ਵਿੱਚ ਮੈਨੂੰ ਅਜਿਹਾ ਅਹਿਸਾਸ ਆਰਐੱਨ ਕਾਓ ਦੀ ਮੌਜੂਦਗੀ ਵਿੱਚ ਹੋਇਆ ਸੀ।"

ਨਰਾਇਣ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਈਬੀ ਦੇ ਸਾਬਕਾ ਮੁਖੀ ਐੱਮਕੇ ਨਰਾਇਣਨ

ਨਾਰਾਇਣਨ ਇੰਤਜ਼ਾਰ ਦੀ ਖੇਡ ਦਾ ਮਾਸਟਰ ਸੀ

ਕਾਓ ਸਾਬ੍ਹ ਨਾਰਾਇਣ ਨਾਲ ਇਸ ਮਾਮਲੇ ਵਿੱਚ ਵੱਖ ਸਨ ਕਿ ਉਹ ਬਹੁਤ ਚੁੱਪਚਾਪ ਰਹਿੰਦੇ ਸਨ ਅਤੇ ਲੋਕਾਂ ਨਾਲ ਘੱਟ ਖੁੱਲ੍ਹਦੇ ਸਨ।

ਉਨ੍ਹਾਂ ਬਾਰੇ ਕਹਾਣੀ ਮਸ਼ਹੂਰ ਸੀ ਕਿ ਜਦੋਂ ਤੱਕ ਉਹ ਰਾਅ ਦੇ ਮੁਖੀ ਦੇ ਅਹੁਦੇ 'ਤੇ ਰਹੇ, ਉਨ੍ਹਾਂ ਦੀ ਤਸਵੀਰ ਨਾ ਤਾਂ ਕਿਸੇ ਮੈਗ਼ਜ਼ੀਨ ਵਿੱਚ ਦਿਖਾਈ ਦਿੱਤੀ ਅਤੇ ਨਾ ਹੀ ਕਿਸੇ ਅਖ਼ਬਾਰ ਵਿੱਚ।

ਜਿੱਥੇ ਨਰਾਇਣਨ ਲੰਬੇ ਸਮੇਂ ਤੱਕ ਹਾਸਿਲ ਜਾਣਕਾਰੀ ਦਾ ਵਿਸ਼ਲੇਸ਼ਣ ਕਰਦੇ ਸਨ, ਕਾਓ ਕਾਰਵਾਈ ਵਿੱਚ ਵਿਸ਼ਵਾਸ ਰੱਖਦੇ ਸਨ। ਉਹ ਇੱਕ ਅਪਰੇਸ਼ਨ ਮੈਨ ਸੀ ਜਿਨ੍ਹਾਂ ਨੂੰ ਆਪਣੇ ਸਹਿਜ ਗਿਆਨ 'ਤੇ ਬਹੁਤ ਵਿਸ਼ਵਾਸ ਸੀ।

ਦੋਵਾਂ ਦੀ ਸ਼ਖਸੀਅਤ ਵਿਚ ਬਹੁਤ ਫਰਕ ਸੀ ਪਰ ਦੋਵੇਂ ਭਾਰਤੀ ਖ਼ੁਫ਼ੀਆ ਏਜੰਸੀਆਂ ਦੇ ਵਧੀਆ ਲੋਕ ਸਨ।

ਦੁੱਲਟ ਲਿਖਦੇ ਹਨ, "ਜੇਕਰ ਨਰਾਇਣਨ ਤੁਹਾਨੂੰ ਪਸੰਦ ਕਰਦੇ ਸਨ, ਤਾਂ ਉਹ ਤੁਹਾਡੇ ਬਾਰੇ ਸਭ ਕੁਝ ਪਸੰਦ ਕਰਦੇ ਸਨ, ਪਰ ਜੇਕਰ ਇਸ ਤੋਂ ਉਲਟ ਹੈ, ਤਾਂ ਤੁਹਾਡੀਆਂ ਮੁਸ਼ਕਲਾਂ ਦਾ ਕੋਈ ਅੰਤ ਨਹੀਂ ਸੀ।"

ਆਰਐੱਨ ਕਾਓ

ਤਸਵੀਰ ਸਰੋਤ, BLOOMSBURG

ਤਸਵੀਰ ਕੈਪਸ਼ਨ, ਆਰਐੱਨ ਕਾਓ

"ਹਾਲਾਂਕਿ, ਉਹ ਉਸ ਵੇਲੇ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰ ਰਹੇ ਸਨ, ਪਰ ਉਦੋਂ ਤੱਕ ਉਹ ਵਿਭਾਗ ਵਿੱਚ ਬਹੁਤ ਮਸ਼ਹੂਰ ਹੋ ਗਏ ਸਨ।"

"ਵਧੇਰੇ ਜਾਣਕਾਰੀ ਹੋਣ ਦੇ ਬਾਵਜੂਦ ਉਹ ਫ਼ੈਸਲਾ ਲੈਣ ਵਿੱਚ ਜਲਦਬਾਜ਼ੀ ਨਹੀਂ ਕਰਦੇ ਸਨ। ਕਈ ਵਾਰ ਤਾਂ ਉਹ ਫਾਈਲ ਨੂੰ ਪੜ੍ਹਨ ਵਿੱਚ ਘੰਟੇ, ਦਿਨ ਅਤੇ ਕਦੇ-ਕਦੇ ਮਹੀਨੇ ਤੱਕ ਲਗਾ ਦਿੰਦੇ ਸਨ।"

"ਇਹੀ ਕਾਰਨ ਸੀ ਕਿ ਉਨ੍ਹਾਂ ਦਾ ਵਿਸ਼ਲੇਸ਼ਣ ਸਦਾ ਸਭ ਤੋਂ ਵਧੀਆ ਹੁੰਦਾ ਸੀ। ਨਾਰਾਇਣਨ ਕੋਲੋਂ ਹੀ ਮੈਂ ਸਿੱਖਿਆ ਸੀ ਕਿ ਕੋਈ ਸਿੱਟਾ ਕੱਢਣ ਤੋਂ ਪਹਿਲਾਂ ਉਸ ਦੇ ਸਾਰੇ ਪਹਿਲੂਆਂ 'ਤੇ ਵਿਚਾਰ ਕਰਨਾ ਸਭ ਤੋਂ ਚੰਗਾ ਹੁੰਦਾ ਹੈ।"

"ਇੰਟੈਲੀਜੈਂਸ ਹਮੇਸ਼ਾ ਤੋਂ ਹੀ ਇੰਤਜ਼ਾਰ ਕਰਨ ਦਾ ਖੇਡ ਰਿਹਾ ਹੈ। ਹੁਣ ਤੱਕ ਜਿੰਨੇ ਵੀ ਲੋਕਾਂ ਨਾਲ ਮੇਰਾ ਵਾਹ ਪਿਆ ਹੈ ਇਸ ਖੇਡ ਨੂੰ ਖੇਡਣ ਵਿੱਚ ਨਾਰਾਇਣਨ ਤੋਂ ਰਵਾਇਤੀ ਕੋਈ ਨਹੀਂ ਸੀ।"

ਮਲਿਕ ਨਾਰਾਇਣਨ ਨੂੰ ਏਸ਼ੀਆ ਦਾ ਸਭ ਤੋਂ ਵਧੀਆ ਖ਼ੁਫ਼ੀਆ ਅਧਿਕਾਰੀ ਮੰਨਦੇ ਸਨ

ਨਰਾਇਣਨ ਦੀ ਨਜ਼ਰ ਹਮੇਸ਼ਾ ਤੇਜ਼ ਰਹਿੰਦੀ ਸੀ। ਹਾਲਾਂਕਿ ਉਹ ਦੁੱਲਟ ਤੋਂ ਕਿਤੇ ਸੀਨੀਅਰ ਸਨ, ਪਰ ਉਨ੍ਹਾਂ ਨੂੰ ਬਹੁਤ ਪਹਿਲਾਂ ਹੀ ਅਹਿਸਾਸ ਹੋ ਗਿਆ ਸੀ ਕਿ ਉਹ ਆਪਣੇ ਬੌਸ ਆਰਕੇ ਖੰਡੇਲਵਾਲ ਤੋਂ ਬਹੁਤ ਖੁਸ਼ ਨਹੀਂ ਸਨ।

ਪਰ ਉਸ ਦੀ ਇਹ ਵੀ ਕਮਜ਼ੋਰੀ ਸੀ ਕਿ ਉਹ ਆਪਣੀ ਪ੍ਰਸ਼ੰਸ਼ਾ ਕਰਵਾਉਣਾ ਪਸੰਦ ਕਰਦੇ ਸਨ।

 ਐੱਮਕੇ ਨਰਾਇਣਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਈਬੀ ਦੇ ਸਾਬਕਾ ਮੁਖੀ ਐੱਮਕੇ ਨਰਾਇਣਨ

ਉਨ੍ਹਾਂ ਨੂੰ ਆਪਣੀ ਪ੍ਰਸਿੱਧੀ ਦਾ ਅੰਦਾਜ਼ਾ ਸੀ ਅਤੇ ਉਹ ਹਮੇਸ਼ਾ ਚਾਹੁੰਦੇ ਸਨ ਕਿ ਉਸ ਲਈ ਪ੍ਰਸ਼ੰਸ਼ਾ ਦੇ ਪੁਲ ਬੰਨ੍ਹੇ ਜਾਣ।

ਉਨ੍ਹਾਂ ਨੂੰ ਇਸ ਦੀ ਕਦੇ ਕਮੀ ਨਹੀਂ ਸੀ।

'ਮਾਈ ਈਅਰਜ਼ ਵਿਦ ਨਹਿਰੂ' ਕਿਤਾਬ ਲਿਖਣ ਵਾਲੇ ਜਵਾਹਰ ਲਾਲ ਨਹਿਰੂ ਦੇ ਖ਼ੁਫ਼ੀਆ ਮੁਖੀ ਬੀਐੱਨ ਮਲਿਕ ਨੇ ਐੱਮਕੇ ਨੂੰ ਏਸ਼ੀਆ ਦਾ ਸਭ ਤੋਂ ਵਧੀਆ ਖ਼ੁਫ਼ੀਆ ਅਧਿਕਾਰੀ ਮੰਨਿਆ।

ਏਕੇ ਦੁੱਲਟ ਲਿਖਦੇ ਹਨ, "ਮੈਂ ਨਾਰਾਇਣਨ ਨੂੰ ਹਫ਼ਤਾਵਾਰੀ ਸ਼ੁੱਕਰਵਾਰ ਦੀ ਮੀਟਿੰਗ ਨੂੰ ਕਈ ਵਾਰ ਸੰਬੋਧਨ ਕਰਦਿਆਂ ਦੇਖਿਆ ਹੈ। ਜਦੋਂ ਉਹ ਬੋਲਦੇ ਸਨ ​​ਤਾਂ ਉਨ੍ਹਾਂ ਦੇ ਸਨਮਾਨ ਵਿੱਚ ਕਮਰੇ ਵਿੱਚ ਪਿੰਨ ਡਰਾਪ ਸਾਈਲੈਂਸ ਛਾ ਜਾਂਦੀ ਸੀ।"

"ਉਹ ਹਮੇਸ਼ਾ ਜਾਣਦੇ ਸਨ ਕਿਸ ਖੇਤਰ ਵਿੱਚ ਕੀ ਹੋ ਰਿਹਾ ਹੈ। ਉਨ੍ਹਾਂ ਨੂੰ ਪਸੰਦ ਸੀ ਕਿ ਉਹ ਹਰ ਜਾਣਕਾਰੀ ਲਈ ਉਨ੍ਹਾਂ 'ਤੇ ਨਿਰਭਰ ਹੋਣਾ ਚਾਹੀਦਾ ਹੈ ਅਤੇ ਕਿਸੇ ਵੀ ਵਿਸ਼ੇ ਬਾਰੇ ਪੁੱਛਗਿੱਛ ਕਰਨ ਲਈ ਸਭ ਤੋਂ ਪਹਿਲਾਂ ਬੁਲਾਇਆ ਗਿਆ ਸੀ।"

"ਇਸ ਮਾਮਲੇ ਵਿੱਚ ਉਹ ਸਾਬਕਾ ਸੀਆਈਏ ਮੁਖੀ ਐਡਗਰ ਹੂਵਰ ਵਾਂਗ ਸਨ। ਉਹ ਹਰ ਵਿਸ਼ੇ ਅਤੇ ਹਰ ਉਸ ਵਿਅਕਤੀ ਦੀ ਫਾਈਲ ਰੱਖਣ ਲਈ ਮਸ਼ਹੂਰ ਸਨ ਜਿਸਨੂੰ ਉਹ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਮਿਲੇ ਸੀ। ਦਿੱਲੀ ਵਿੱਚ ਸੱਤਾ ਦੇ ਗਲਿਆਰਿਆਂ ਵਿੱਚ ਉਨ੍ਹਾਂ ਤੋਂ ਬਿਹਤਰ ਕੋਈ ਤੁਰਨਾ ਨਹੀਂ ਜਾਣਦਾ ਸੀ।"

ALLIED PUBLISHERS

ਤਸਵੀਰ ਸਰੋਤ, ALLIED PUBLISHERS

ਰਾਜੀਵ ਗਾਂਧੀ ਨਾਲ ਨਾਰਾਇਣਨ ਦੀ ਨਜ਼ਦੀਕੀ

ਗਾਂਧੀ ਪਰਿਵਾਰ ਨੂੰ ਉਨ੍ਹਾਂ 'ਤੇ ਬਹੁਤ ਭਰੋਸਾ ਸੀ। ਇਹੀ ਕਾਰਨ ਹੈ ਕਿ ਉਹ ਹਮੇਸ਼ਾ ਖ਼ੁਫ਼ੀਆ ਜਗਤ ਵਿੱਚ ਪ੍ਰਸੰਗਿਕ ਰਹੇ ਹਨ।

ਖ਼ਾਸ ਤੌਰ 'ਤੇ ਰਾਜੀਵ ਗਾਂਧੀ ਖ਼ੁਫ਼ੀਆ ਜਾਣਕਾਰੀ ਲਈ ਨਰਾਇਣਨ 'ਤੇ ਬਹੁਤ ਨਿਰਭਰ ਕਰਦੇ ਸਨ।

ਰਾਜੀਵ ਗਾਂਧੀ ਨੂੰ ਖ਼ੁਫ਼ੀਆ ਜਾਣਕਾਰੀ ਲੈਣ ਦਾ ਬਹੁਤ ਸ਼ੌਕ ਸੀ।

ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਵਿਦੇਸ਼ ਨੀਤੀ ਖ਼ੁਫ਼ੀਆ ਜਾਣਕਾਰੀ ਤੋਂ ਕਿਵੇਂ ਪ੍ਰਭਾਵਿਤ ਹੋ ਸਕਦੀ ਹੈ।

ਦੁੱਲਟ ਲਿਖਦੇ ਹਨ, "ਉਹ ਨਾਰਾਇਣਨ ਨੂੰ ਮਿਲਣਾ ਪਸੰਦ ਕਰਦੇ ਸਨ ਅਤੇ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਸਨ। ਉਨ੍ਹਾਂ ਦੀ ਦੇਰ ਰਾਤ ਤੱਕ ਬੈਠਕ ਹੁੰਦੀ ਸੀ ਜਿਸ ਵਿੱਚ ਨਾਰਾਇਣਨ ਨੂੰ ਕੌਫੀ ਅਤੇ ਚਾਕਲੇਟ ਪਰੋਸੇ ਜਾਂਦੇ ਸਨ।"

"ਰਾਜੀਵ ਹਮੇਸ਼ਾ ਇਹ ਜਾਣਨ ਲਈ ਉਤਸੁਕ ਰਹਿੰਦੇ ਸਨ ਕਿ ਦਿੱਲੀ ਵਿੱਚ ਵਿਦੇਸ਼ੀ ਦੂਤਾਵਾਸਾਂ ਦੀਆਂ ਕੀ ਗਤੀਵਿਧੀਆਂ ਹਨ।"

"ਇੱਕ ਵਾਰ ਤਾਂ ਇੰਟੈਲੀਜੈਂਸ ਬਿਓਰੋ ਦੀ ਟੋਹੀ ਟੀਮ ਦੇ ਨਾਲ ਅਰੁਣ ਸਿੰਘ ਅਤੇ ਅਰੁਣ ਨਹਿਰੂ ਵੀ ਇਹ ਦੇਖਣ ਲਈ ਗਏ ਸਨ ਕਿ ਜ਼ਮੀਨ 'ਤੇ ਕੀ ਹੋ ਰਿਹਾ ਹੈ।"

ਰਾਜੀਵ ਗਾਂਧੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਜੀਵ ਗਾਂਧੀ

"ਨਾਰਾਇਣਨ ਨੇ ਮੈਨੂੰ ਇੱਕ ਵਾਰ ਦੱਸਿਆ ਸੀ ਕਿ ਇੱਕ ਖ਼ਾਸ ਜਾਣਕਾਰੀ ਦੇਣ 'ਤੇ ਉਹ ਉਨ੍ਹਾਂ ਦੇ ਪਿੱਛੇ ਪੈ ਗਏ ਸਨ ਕਿ ਉਹ ਇਸ ਜਾਣਕਾਰੀ ਦਾ ਸਰੋਤ ਦੱਸੋ। ਪਰ ਨਾਰਾਇਣਨ ਦਾ ਜਵਾਬ ਸੀ, ਪ੍ਰਧਾਨ ਮੰਤਰੀ, ਮੇਰਾ ਕੰਮ ਹੈ ਤੁਹਾਨੂੰ ਜਾਣਕਾਰੀ ਦੇਣਾ ਪਰ ਤੁਹਾਨੂੰ ਇਹ ਪੁੱਛਣ ਦਾ ਹੱਕ ਨਹੀਂ ਹੈ ਕਿ ਜਾਣਕਾਰੀ ਮੈਨੂੰ ਕਿੱਥੋਂ ਮਿਲਦੀ ਹੈ।"

ਰਾਜੇਸ਼ ਪਾਇਲਟ ਨੂੰ ਜਦੋਂ ਕਸ਼ਮੀਰ ਦਾ ਇੰਚਾਰਜ਼ ਬਣਾਇਆ ਗਿਆ ਸੀ ਤਾਂ ਉਹ ਕਸ਼ਮੀਰ ਦੀ ਜ਼ਮੀਨੀ ਹਕੀਕਤ ਜਾਣਨ ਲਈ ਨਾਰਾਇਣਨ ਕੋਲ ਜਾਂਦੇ ਸਨ।

ਅਜੀਤ ਡੋਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਜੀਤ ਡੋਵਾਲ

ਅਜੀਤ ਡੋਵਾਲ ਨੇ ਸਭ ਤੋਂ ਪਹਿਲਾਂ ਸੰਪਰਕ ਕੀਤਾ ਸੀ ਨਵਾਜ਼ ਸ਼ਰੀਫ਼ ਨਾਲ

ਅਜੀਤ ਡੋਵਾਲ ਨਰਾਇਣਨ ਦੇ ਸਮੇਂ ਵਿੱਚ ਇੱਕ ਉੱਭਰਦਾ ਸਿਤਾਰਾ ਸਨ।

ਅਜੀਤ 'ਤੇ ਸਭ ਤੋਂ ਪਹਿਲਾਂ ਸਾਰਿਆਂ ਨੇ ਧਿਆਨ ਦਿੱਤਾ ਜਦੋਂ ਉਨ੍ਹਾਂ ਨੂੰ ਉੱਤਰ-ਪੂਰਬ ਦੇ ਮਿਜ਼ੋਰਮ 'ਚ ਕੰਮ ਕਰਨ ਲਈ ਭੇਜਿਆ ਗਿਆ।

ਭਾਰਤ ਦੇ ਗ੍ਰਹਿ ਸਕੱਤਰ ਰਹੇ ਵੀਕੇੇ ਦੁੱਗਲ ਦੱਸਦੇ ਹਨ ਕਿ ਉਨ੍ਹਾਂ ਦਿਨਾਂ ਵਿੱਚ ਡੋਵਾਲ ਮਿਜ਼ੋਰਮ ਵਿੱਚ ਫੀਲਡਮੈਨ ਹੁੰਦੇ ਸੀ। ਉਨ੍ਹਾਂ ਦੇ ਰੂਪੋਸ਼ ਹੋ ਗਏ ਲੋਕਾਂ ਨਾਲ ਚੰਗੇ ਸਬੰਧ ਸਨ।

2006 ਵਿੱਚ, ਡੋਵਾਲ ਨੇ ਟਾਈਮਜ਼ ਆਫ਼ ਇੰਡੀਆ ਨੂੰ ਇੱਕ ਇੰਟਰਵਿਊ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ, "ਇੱਕ ਵਾਰ ਮੈਂ ਲਾਲਡੇਂਗਾ ਦੇ ਮਿਜ਼ੋ ਨੈਸ਼ਨਲ ਫਰੰਟ ਦੇ ਬਾਗ਼ੀਆਂ ਨੂੰ ਰਾਤ ਦੇ ਖਾਣੇ ਲਈ ਆਪਣੇ ਘਰ ਬੁਲਾਇਆ। ਉਹ ਭਾਰੀ ਹਥਿਆਰਾਂ ਨਾਲ ਲੈਸ ਸਨ।"

"ਮੈਂ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹ ਸੁਰੱਖਿਅਤ ਰਹਿਣਗੇ। ਪਤਨੀ ਨੇ ਉਨ੍ਹਾਂ ਲਈ ਸੂਰ ਦਾ ਮਾਸ ਪਕਾਇਆ। ਹਾਲਾਂਕਿ, ਉਨ੍ਹਾਂ ਨੇ ਪਹਿਲਾਂ ਕਦੇ ਵੀ ਸੂਰ ਦਾ ਮਾਸ ਨਹੀਂ ਪਕਾਇਆ ਸੀ।"

ਇਹ ਵੇਰਵਾ ਦਰਸਾਉਂਦਾ ਹੈ ਕਿ ਲੋੜ ਪੈਣ 'ਤੇ ਡੋਵਾਲ ਬਾਕਸ ਤੋਂ ਬਾਹਰ ਕੰਮ ਕਰ ਸਕਦੇ ਸਨ।

1982 ਤੋਂ 1985 ਤੱਕ ਕਰਾਚੀ ਵਿੱਚ ਭਾਰਤ ਦੇ ਕੌਂਸਲ ਜਨਰਲ ਰਹੇ ਜੀ ਪਾਰਥਾਸਾਰਥੀ ਦੱਸਦੇ ਹਨ, "ਡੋਵਾਲ ਨੇ ਸਭ ਤੋਂ ਪਹਿਲਾਂ ਨਵਾਜ਼ ਸ਼ਰੀਫ ਨਾਲ ਸੰਪਰਕ ਸਥਾਪਿਤ ਕੀਤਾ। ਉਦੋਂ ਉਨ੍ਹਾਂ ਨੇ ਪਾਕਿਸਤਾਨ ਦੀ ਰਾਜਨੀਤੀ ਵਿੱਚ ਉਭਰਨਾ ਹੀ ਸ਼ੁਰੂ ਕੀਤਾ ਸੀ।"

"1982 ਵਿਚ ਜਦੋਂ ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਦੇ ਦੌਰੇ 'ਤੇ ਲਾਹੌਰ ਪਹੁੰਚੀ ਤਾਂ ਡੋਵਾਲ ਦੀ ਸਲਾਹ 'ਤੇ ਨਵਾਜ਼ ਸ਼ਰੀਫ ਨੇ ਆਪਣੇ ਘਰ ਦੇ ਲਾਅਨ ਵਿਚ ਭਾਰਤੀ ਟੀਮ ਦੀ ਮੇਜ਼ਬਾਨੀ ਕੀਤੀ।

ਨਵਾਜ਼ ਸ਼ਰੀਫ਼

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਨਵਾਜ਼ ਸ਼ਰੀਫ਼

ਆਪਰੇਸ਼ਨ ਬਲੈਕ ਥੰਡਰ ਵਿੱਚ ਡੋਵਾਲ ਦੀ ਭੂਮਿਕਾ

1988 ਵਿੱਚ ਅਪਰੇਸ਼ਨ ਬਲੈਕ ਥੰਡਰ-2 ਵਿੱਚ ਡੋਵਾਲ ਦੀ ਭੂਮਿਕਾ ਨੇ ਉਨ੍ਹਾਂ ਦੀ ਪ੍ਰਸਿੱਧੀ ਵਿੱਚ ਵਾਧਾ ਕੀਤਾ ਸੀ।

ਉਨ੍ਹਾਂ ਦੇ ਜੀਵਨੀਕਾਰਾਂ ਦਾ ਕਹਿਣਾ ਹੈ ਕਿ ਜਦੋਂ ਕੱਟੜਪੰਥੀ ਹਰਿਮੰਦਰ ਸਾਹਿਬ ਵਿੱਚ ਦਾਖ਼ਲ ਹੋਏ ਤਾਂ ਡੋਵਾਲ ਵੀ ਅੰਡਰ ਕਵਰ ਵਜੋਂ ਦਾਖ਼ਲ ਹੋ ਗਏ ਸਨ।

ਨਿਊ ਇੰਡੀਅਨ ਐਕਸਪ੍ਰੈਸ ਵਿੱਚ ਪ੍ਰਕਾਸ਼ਿਤ ਅਜੀਤ ਡੋਵਾਲ ਦੀ ਜੀਵਨੀ ਵਿੱਚ, ਯਤੀਸ਼ ਯਾਦਵ ਨੇ ਲਿਖਿਆ ਸੀ, "1988 ਵਿੱਚ, ਅੰਮ੍ਰਿਤਸਰ ਦੇ ਵਸਨੀਕਾਂ ਅਤੇ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਰਹਿਣ ਵਾਲੇ ਖਾਲਿਸਤਾਨੀ ਖਾੜਕੂਆਂ ਨੇ ਇੱਕ ਵਿਅਕਤੀ ਨੂੰ ਰਿਕਸ਼ਾ ਚਲਾਉਂਦੇ ਹੋਏ ਦੇਖਿਆ।"

"ਉਸ ਨੇ ਖਾੜਕੂਆਂ ਨੂੰ ਯਕੀਨ ਦਿਵਾਇਆ ਕਿ ਉਹ ਆਈਐੱਸਆਈ ਦਾ ਮੈਂਬਰ ਹੈ ਅਤੇ ਉਸ ਨੂੰ ਉਨ੍ਹਾਂ ਦੀ ਮਦਦ ਲਈ ਵਿਸ਼ੇਸ਼ ਤੌਰ 'ਤੇ ਭੇਜਿਆ ਗਿਆ ਹੈ।"

" ਅਪਰੇਸ਼ਨ ਬਲੈਕ ਥੰਡਰ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ, ਰਿਕਸ਼ਾ ਚਾਲਕ ਹਰਿਮੰਦਰ ਸਾਹਿਬ ਵਿੱਚ ਦਾਖ਼ਲ ਹੋਇਆ ਅਤੇ ਮਹੱਤਵਪੂਰਣ ਜਾਣਕਾਰੀ ਲੈ ਕੇ ਬਾਹਰ ਆਇਆ। ਉਸ ਨੇ ਪਤਾ ਲਾਇਆ ਕਿ ਹਰਿਮੰਦਰ ਸਾਹਿਬ ਦੇ ਅੰਦਰ ਕਿੰਨੇ ਕੱਟੜਪੰਥੀ ਸਨ।"

ਅਜੀਤ ਡੋਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਜੀਤ ਡੋਵਾਲ

ਇਹ ਰਿਕਸ਼ਾ ਚਾਲਕ ਕੋਈ ਹੋਰ ਨਹੀਂ ਸਗੋਂ ਅਜੀਤ ਡੋਵਾਲ ਸੀ।

ਜਿੱਥੋਂ ਤੱਕ ਕਸ਼ਮੀਰ ਦਾ ਸਵਾਲ ਹੈ, ਡੋਵਾਲ ਨੇ ਸਾਬਕਾ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਅਦ ਨਾਲ ਸੰਪਰਕ ਕਾਇਮ ਕੀਤਾ।

ਦੁੱਲਟ ਲਿਖਦੇ ਹਨ, "ਮੈਂ ਕਦੇ ਵੀ ਕਸ਼ਮੀਰ ਵਿੱਚ ਡੋਵਾਲ ਦੇ ਕੰਮ ਵਿੱਚ ਦਖ਼ਲ ਨਹੀਂ ਦਿੱਤਾ ਕਿਉਂਕਿ ਮੈਂ ਜਾਣਦਾ ਸੀ ਕਿ ਉਹ ਅਜਿਹੇ ਵਿਅਕਤੀ ਹਨ, ਜੋ ਮੈਨੂੰ ਨਤੀਜੇ ਦੇਣਗੇ।"

"ਡੋਵਾਲ ਮੇਰੇ ਨਾਲੋਂ ਬਿਹਤਰ ਜਾਸੂਸ ਸਨ ਕਿਉਂਕਿ ਉਹ ਚੀਜ਼ਾਂ ਨੂੰ ਪੱਖਪਾਤ ਰਹਿਤ ਹੋ ਕੇ ਦੇਖਦੇ ਸਨ, ਇਸ ਲਈ ਉਨ੍ਹਾਂ ਲਈ ਚੀਜ਼ਾਂ ਬਾਰੇ ਸੋਚ ਸਮਝ ਕੇ ਫ਼ੈਸਲਾ ਲੈਣਾ ਆਸਾਨ ਸੀ।"

ਡੋਵਾਲ ਨੂੰ ਅਗਵਾਕਾਰਾਂ ਨਾਲ ਗੱਲਬਾਤ ਕਰਨ ਲਈ ਕੰਧਾਰ ਭੇਜਿਆ ਗਿਆ

ਦੁੱਲਟ ਅੱਗੇ ਲਿਖਦੇ ਹਨ, "ਜਦੋਂ 1999 ਵਿੱਚ ਕੰਧਾਰ ਲਈ ਭਾਰਤੀ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਸੀ, ਤਾਂ ਬ੍ਰਜੇਸ਼ ਮਿਸ਼ਰਾ ਨੇ ਮੈਨੂੰ ਅਤੇ ਸ਼ਿਆਮਲ ਦੱਤਾ ਨੂੰ ਕਿਹਾ ਸੀ ਕਿ ਉਹ ਆਪਣੇ ਆਦਮੀਆਂ ਨੂੰ ਉੱਥੇ ਗੱਲਬਾਤ ਕਰਨ ਲਈ ਭੇਜਣ।"

"ਮੇਰੀ ਨਜ਼ਰ ਵਿੱਚ, ਇਸ ਲਈ ਸਭ ਤੋਂ ਯੋਗ ਵਿਅਕਤੀ ਸਨ, ਸੀਡੀ ਸਹਾਏ ਅਤੇ ਆਨੰਦ ਆਰਨੀ ਕਿਉਂਕਿ ਦੋਵੇਂ ਆਪਰੇਸ਼ਨਲ ਅਫ਼ਸਰ ਸਨ ਅਤੇ ਅਫ਼ਗ਼ਾਨਿਸਤਾਨ ਨੂੰ ਚੰਗੀ ਤਰ੍ਹਾਂ ਸਮਝਦੇ ਸਨ।"

"ਪਰ ਸ਼ਿਆਮਲ ਦੱਤਾ ਨੇ ਕਿਹਾ ਕਿ ਇਹ ਕੰਮ ਇੰਟੈਲੀਜੈਂਸ ਬਿਊਰੋ ਵਿਚ ਅਜੀਤ ਡੋਵਾਲ ਅਤੇ ਨਹਿਚਲ ਸੰਧੂ ਤੋਂ ਬਿਹਤਰ ਕੋਈ ਨਹੀਂ ਕਰ ਸਕਦਾ।"

"ਆਖ਼ਰਕਾਰ ਇਨ੍ਹਾਂ ਦੋਵਾਂ ਨੂੰ ਹੀ ਕੰਧਾਰ ਭੇਜਿਆ ਗਿਆ। ਵਿਵੇਕ ਕਾਟਜੂ, ਜੋ ਉਸ ਸਮੇਂ ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਵਜੋਂ ਕੰਮ ਕਰ ਰਹੇ ਸਨ, ਵੀ ਉਨ੍ਹਾਂ ਦੇ ਨਾਲ ਗਏ ਸਨ।"

"ਮੈਂ ਇਸ ਗੱਲ 'ਤੇ ਹੈਰਾਨ ਹੋਇਆ ਕਿ ਕੰਧਾਰ ਤੋਂ ਸੀਡੀ ਸਹਾਏ ਦੀ ਥਾਂ ਡੋਵਾਲ ਉੱਥੋਂ ਦਾ ਸਾਰਾ ਨਜ਼ਾਰਾ ਮੈਨੂੰ ਦੱਸ ਰਹੇ ਸਨ। ਉਨ੍ਹਾਂ ਨੇ ਮੈਨੂੰ ਕਿਹਾ, 'ਛੇਤੀ ਫ਼ੈਸਲਾ ਕਰਵਾਉ, ਇੱਥੇ ਬਹੁਤ ਪ੍ਰੈਸ਼ਰ ਹੈ। ਪਤਾ ਨਹੀਂ ਕੀ ਹੋ ਸਕਦਾ ਹੈ ਇੱਥੇ।"

ਅਜੀਤ ਡੋਵਾਲ ਅਤੇ ਐੱਮਕੇ ਨਰਾਇਣਨ

ਤਸਵੀਰ ਸਰੋਤ, Getty Images

ਲਾਲ ਕ੍ਰਿਸ਼ਨ ਆਡਵਾਨੀ ਨੇ ਕਦੇ ਉੱਪਰੀ ਤੌਰ 'ਤੇ ਨਹੀਂ ਕਿਹਾ, ਪਰ ਉਹ ਕੱਟੜਪੰਥੀਆਂ ਨਾਲ ਗੱਲਬਾਤ ਕਰਨ ਦੇ ਪੱਖ ਵਿੱਚ ਨਹੀਂ ਸਨ।

ਅਡਵਾਨੀ ਦਾ ਵਿਅਕਤੀ ਹੋਣ ਦੇ ਨਾਤੇ ਸੰਭਾਵਿਤ ਡੋਵਾਲ ਦੀ ਵੀ ਇਹੀ ਰਾਇ ਸੀ।

ਯਾਤਰੀਆਂ ਦੀ ਥਾਂ ਕੱਟੜਪੰਥੀਆਂ ਦੀ ਰਿਹਾਈ ਦਾ ਇੱਕ ਹੋਰ ਸ਼ਖ਼ਸ ਵਿਰੋਧ ਕਰ ਰਹੇ ਸਨ ਅਤੇ ਉਹ ਸਨ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਫ਼ਾਰੁਖ਼ ਅਬਦੁੱਲਾ।

ਫਾਰੂਕ ਅਬਦੁੱਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਾਰੂਕ ਅਬਦੁੱਲਾ

ਫਾਰੂਕ ਅਬਦੁੱਲਾ ਨੇ ਕੀਤਾ ਸੀ ਕੱਟੜਪੰਥੀਆਂ ਨੂੰ ਛੱਡਣ ਦਾ ਵਿਰੋਧ

ਆਪਣੀ ਇੱਕ ਹੋਰ ਕਿਤਾਬ 'ਕਸ਼ਮੀਰ ਦਿ ਵਾਜਪੇਈ ਈਅਰਜ਼' ਵਿੱਚ ਏਐੱਸ ਦੁੱਲਟ ਲਿਖਦੇ ਹਨ ਕਿ ਜਦੋਂ ਫਾਰੂਕ ਅਬਦੁੱਲਾ ਨੇ ਕੱਟੜਪੰਥੀਆਂ ਨੂੰ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੂੰ ਮਨਾਉਣ ਲਈ ਦੁੱਲਟ ਨੂੰ ਸ਼੍ਰੀਨਗਰ ਭੇਜਿਆ ਗਿਆ।

ਦੁੱਲਟ ਲਿਖਦੇ ਹਨ, "ਜਦੋਂ ਫਾਰੂਕ ਨੇ ਮੈਨੂੰ ਦੇਖਿਆ ਤਾਂ ਉਹ ਬੋਲੇ ਤੁਸੀਂ ਫਿਰ ਆ ਗਏ? ਰੁਬੈਯਾ ਸਈਅਦ ਦੇ ਅਗਵਾ ਵੇਲੇ ਵੀ ਤੁਸੀਂ ਆਏ ਸੀ। ਮੈਂ ਕਿਹਾ, 'ਸਰ, ਉਸ ਵੇਲੇ ਮੈਂ ਤੁਹਾਡੇ ਨਾਲ ਸੀ, ਪਰ ਇਸ ਵਾਰ ਮੈਂ ਭਾਰਤ ਸਰਕਾਰ ਨਾਲ ਹਾਂ। ਉਸ ਵੇਲੇ ਤੁਹਾਡੇ ਵੱਲੋਂ ਸਰਕਾਰ ਨਾਲ ਗੱਲ ਕਰ ਰਿਹਾ ਸੀ। ਇਸ ਵਾਰ ਮੈਂ ਸਰਕਾਰ ਵੱਲੋਂ ਤੁਹਾਡੇ ਨਾਲ ਗੱਲ ਕਰਨ ਆਇਆ ਹਾਂ।'

"ਫਾਰੂਕ ਨੇ ਕਿਹਾ ਕਿ ਦੋ ਪਾਕਿਸਤਾਨੀਆਂ ਮਸੂਦ ਅਜ਼ਹਰ ਅਤੇ ਉਮਰ ਸ਼ੇਖ਼ ਦੇ ਨਾਲ ਤੁਸੀਂ ਜੋ ਕਰਨਾ ਚਾਹੇ ਕਰੋ ਪਰ ਮੈਂ ਉਸ ਕਸ਼ਮੀਰੀ ਮੁਸ਼ਤਾਕ ਅਹਿਮਦ ਜ਼ਰਗਰ ਨੂੰ ਨਹੀਂ ਛੱਡਾਂਗਾ ਕਿਉਂਕਿ ਉਸ ਦੇ ਹੱਥ 'ਤੇ ਕਸ਼ਮੀਰੀਆਂ ਦੇ ਖ਼ੂਨ ਦੇ ਨਿਸ਼ਾਨ ਹਨ।"

ਇਸ ਤੋਂ ਬਾਅਦ ਫਾਰੂਕ ਸ਼ੇਖ਼ ਦੁੱਲਟ ਦੇ ਨਾਲ ਕਸ਼ਮੀਰ ਦੇ ਰਾਜਪਾਲ ਗੈਰੀ ਸਕਸੈਨਾ ਕੋਲ ਗਏ।

ਅਜੀਤ ਡੋਵਾਲ ਅਤੇ ਐੱਮਕੇ ਨਰਾਇਣਨ

ਤਸਵੀਰ ਸਰੋਤ, HARPER COLLINS

ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ, "ਮੈਂ ਰਾਅ ਦੇ ਮੁਖੀ ਨੂੰ ਦੱਸ ਦਿੱਤਾ ਹੈ ਮੈਂ ਇਨ੍ਹਾਂ ਕੱਟੜਪੰਥੀਆਂ ਨੂੰ ਛੱਡਣ ਦੇ ਫ਼ੈਸਲੇ ਦਾ ਹਿੱਸਾ ਨਹੀਂ ਬਣ ਸਕਦਾ। ਮੈਂ ਅਸਤੀਫ਼ਾ ਦੇਣਾ ਪਸੰਦ ਕਰਾਂਗਾ ਅਤੇ ਇਹੀ ਕਰਨ ਮੈਂ ਇੱਥੇ ਆਇਆ ਹਾਂ।"

ਗੈਰੀ ਸਕਸੈਨਾ ਨੇ ਬਲੈਕ ਲੇਬਲ ਸਕਾਚ ਦੀ ਬੋਤਲ ਕੱਢੀ ਅਤੇ ਫ਼ਾਰੂਕ ਨੂੰ ਕਿਹਾ, "ਡਾਕਟਰ ਸਾਬ੍ਹ, ਤੁਸੀਂ ਇੱਕ ਲੜਾਕੂ ਹੋ। ਤੁਸੀਂ ਇੰਨੀ ਆਸਾਨੀ ਨਾਲ ਹਾਰ ਨਹੀਂ ਮੰਨ ਸਕਦੇ।"

ਫ਼ਾਰੂਕ ਨੇ ਕਿਹਾ, "ਇਹ ਲੋਕ ਨਹੀਂ ਜਾਣਦੇ ਕਿ ਇਹ ਕੱਟੜਪੰਥੀਆਂ ਨੂੰ ਛੱਡ ਕੇ ਕਿੰਨੀ ਵੱਡੀ ਗ਼ਲਤੀ ਕਰ ਰਹੇ ਹਨ।"

ਗੈਰੀ ਨੇ ਕਿਹਾ, "ਤੁਸੀਂ ਸੌ ਫੀਸਦੀ ਸਹੀ ਹੋ, ਪਰ ਇਸ ਸਮੇਂ ਕੋਈ ਬਦਲ ਨਹੀਂ ਹੈ। ਇਸ ਬਾਰੇ ਦਿੱਲੀ ਵਿੱਚ ਚਰਚਾ ਜ਼ਰੂਰ ਹੋਈ ਹੋਵੇਗੀ।"

"ਜੇਕਰ ਉਹ ਸੋਚਦੇ ਹਨ ਕਿ ਇਸ ਦੇ ਬਿਨਾ ਹੋਰ ਕੋਈ ਰਸਤਾ ਨਹੀਂ ਹੈ, ਤਾਂ ਸਾਨੂੰ ਉਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਅਗਲੇ ਦਿਨ ਮਸੂਦ ਅਜ਼ਹਰ ਅਤੇ ਜ਼ਰਗਰ ਨੂੰ ਰਾਅ ਦੇ ਗਲਫਸਟ੍ਰੀਮ ਜਹਾਜ਼ ਵਿੱਚ ਬਿਠਾ ਕੇ ਸ੍ਰੀਨਗਰ ਤੋਂ ਦਿੱਲੀ ਲਿਆਂਦਾ ਗਿਆ।"

ਅਜੀਤ ਡੋਵਾਲ ਅਤੇ ਐੱਮਕੇ ਨਰਾਇਣਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਜੀਤ ਡੋਵਾਲ

ਡੋਵਾਲ ਆਪਣੇ ਕਰੀਅਰ ਦੀ ਪੀਕ 'ਤੇ ਪਹੁੰਚੇ

ਕੰਧਾਰ ਹਾਈਜੈਕ ਵਿੱਚ ਕੱਟੜਪੰਥੀਆਂ ਨੂੰ ਛੱਡਣ ਦਾ ਕਾਰਨ ਸੀ ਕਿ ਭਾਰਤ ਸਰਕਾਰ ਵੱਲੋਂ ਫ਼ੈਸਲਾ ਲੈਣ ਵਿੱਚ ਬਹੁਤ ਦੇਰ ਕਰ ਦੇਣਾ।

ਦੁੱਲਟ ਲਿਖਦੇ ਹਨ ਕਿ 'ਕੰਧਾਰ ਵਿੱਚ ਹੋ ਰਹੀ ਚਰਚਾ ਦੀ ਪੂਰੀ ਜਾਣਕਾਰੀ ਡੋਵਾਲ ਉਨ੍ਹਾਂ ਨੂੰ ਸੈਟੇਲਾਈਟ ਫੋਨ ਤੋਂ ਦੇ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਇੱਥੇ ਰਹਿਣਾ ਮੁਸ਼ਕਲ ਹੋ ਰਿਹਾ ਹੈ ਕਿਉਂਕਿ ਉਹ ਹੁਣ ਧਮਕੀ ਦੇਣ ਲੱਗੇ ਹਨ ਜੇਕਰ ਸਮਝੌਤਾ ਨਹੀਂ ਕਰਨਾ ਚਾਹੁੰਦੇ ਤਾਂ ਇੱਥੋਂ ਚਲੇ ਜਾਓ।

ਮੈਨੂੰ ਸ਼ੁਰੂ ਤੋਂ ਪਤਾ ਸੀ ਕਿ ਡੋਵਾਲ ਇੱਕ ਦਿਨ ਆਪਣੇ ਕਰੀਅਰ ਦੀ ਪੀਕ 'ਚੇ ਪਹੁੰਚਣਗੇ। ਇਸ ਜ਼ਿੰਮੇਦਾਰੀ ਲਈ ਡੋਵਾਲ ਤੋਂ ਉਚਿਤ ਵਿਅਕਤੀ ਕੋਈ ਨਹੀਂ ਸੀ।

"ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਕੌਮੀ ਸੁਰੱਖਿਆ ਸਲਾਹਕਾਰ ਲਈ ਪਹਿਲਾ ਹਰਦੀਪ ਪੁਰੀ ਦਾ ਨਾਮ ਲਿਆ ਗਿਆ ਸੀ। ਪਰ ਅਰੁਣ ਜਟੇਲੀ ਦੇ ਸਿਵਾ ਭਾਜਪਾ ਵਿੱਚ ਉਨ੍ਹਾਂ ਦਾ ਸਮਰਥਕ ਨਹੀਂ ਸੀ।"

"ਆਖ਼ਰ ਵਿੱਚ ਨਰਿੰਦਰ ਮੋਦੀ ਨੇ ਅਜੀਤ ਡੋਵਾਲ ਦੇ ਨਾਮ 'ਤੇ ਆਪਣੀ ਮੋਹਰ ਲਗਾਈ।"

 "ਜਦੋਂ ਸੰਨ 2004 ਵਿੱਚ ਮੈਂ ਪ੍ਰਧਾਨ ਮੰਤਰੀ ਦਫ਼ਤਰ ਛੱਡ ਰਿਹਾ ਸੀ ਤਾਂ ਨਾਰਾਇਣਨ ਨੇ ਮੈਨੂੰ ਪੁੱਛਿਆ ਸੀ ਕਿ ਹੁਣ ਕਸ਼ਮੀਰ ਕੌਣ ਦੇਖੇਗਾ?"

ਅਜੀਤ ਡੋਵਾਲ ਅਤੇ ਐੱਮਕੇ ਨਰਾਇਣਨ
ਤਸਵੀਰ ਕੈਪਸ਼ਨ, ਰਾਅ ਦੇ ਸਾਬਕਾ ਮੁਖੀ ਏਐਸ ਦੁੱਲਟ ਦੇ ਨਾਲ ਰੇਹਾਨ ਫ਼ਜ਼ਲ

"ਉਦੋਂ ਮੈਂ ਬਿਨਾਂ ਕਿਸੇ ਝਿਜਕ ਦੇ ਜਵਾਬ ਦਿੱਤਾ ਸੀ ਡੋਵਾਲ। ਉਦੋਂ ਹੀ ਨਾਰਾਇਣਨ ਨੇ ਮੈਨੂੰ ਕਹਿ ਦਿੱਤਾ ਸੀ, ਨਹੀਂ, ਡੋਵਾਲ ਕਸ਼ਮੀਰ ਨਹੀਂ ਦੇਖਣਗੇ ਕਿਉਂਕਿ ਇੰਟੈਲੀਜੈਂਸ ਬਿਓਰੇ ਵਿੱਚ ਡਾਇਰੈਕਟਰ ਬਣਨ ਜਾ ਰਹੇ ਹਨ।"

ਦਿਲਚਸਪ ਗੱਲ ਹੈ ਕਿ ਭਾਜਪਾ ਵਿਰੋਧੀ ਕਾਂਗਰਸ ਦੇ ਦਫ਼ਤਰ ਵਿੱਚ ਅਜੀਤ ਡੋਵਾਲ ਨੂੰ ਇੰਟੈਲੀਜੈਂਸ ਬਿਓਰੋ ਦਾ ਮੁਖੀ ਬਣਾਇਆ ਗਿਆ ਸੀ।

ਜੇਐੱਨ ਦੀਕਸ਼ਿਤ ਤੋਂ ਬਾਅਦ ਕੌਮੀ ਸੁਰੱਖਿਆ ਸਲਾਹਕਾਰ ਬਣੇ ਐੱਮਕੇ ਨਾਰਾਇਣਨ ਖੁਲ੍ਹੇਆਮ ਕਿਹਾ ਕਰਦੇ ਸਨ, "ਜਦੋਂ ਕਿਸੇ ਮਾਮਲੇ ਵਿੱਚ ਮੈਨੂੰ ਨਰਮ ਰੁਖ਼ ਆਪਣਾਉਣਾ ਪੈਂਦਾ ਹੈ ਤਾਂ ਮੈਂ ਅਮਰਜੀਤ ਸਿੰਘ ਦੁੱਲਟ ਦੀ ਵਰਤੋਂ ਕਰਦਾ ਹਾਂ ਪਰ ਜਦੋਂ ਮੈਨੂੰ ਕਦੇ ਡੰਡੇ ਨਾਲ ਕੰਮ ਲੈਣਾ ਪੈਂਦਾ ਹੈ ਤਾਂ ਮੈਂ ਡੋਵਾਲ ਨੂੰ ਬੁਲਵਾਉਂਦਾ ਹਾਂ।"

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)