ਪੇਗਾਸਸ ਸਾਫ਼ਟਵੇਅਰ ਕੀ ਹੈ ਅਤੇ ਇਹ ਜਸੂਸੀ ਲਈ ਕਿਵੇਂ ਵਰਤਿਆ ਜਾਂਦਾ ਹੈ

ਤਸਵੀਰ ਸਰੋਤ, Getty Images
ਸਾਲ 2019 ਵਿੱਚ ਇਜ਼ਰਾਈਲੀ ਕੰਪਨੀ ਦਾ ਇੱਕ ਜਾਸੂਸੀ ਸਾਫ਼ਟਵੇਅਰ ਸੁਰਖੀਆਂ ਵਿੱਚ ਆਇਆ ਸੀ ਜਿਸ ਦਾ ਨਾਮ ਸੀ ਪੇਗਾਸਸ। ਭਾਰਤ ਵਿੱਚ ਇਸ ਰਾਹੀਂ ਕਈ ਨਾਮੀ ਪੱਤਰਰਕਾਰਾਂ ਅਤੇ ਉੱਘੀਆਂ ਹਸਤੀਆਂ ਦੇ ਫ਼ੋਨ ਦੀ ਜਾਸੂਸੀ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਪੇਗਾਸਸ ਨੂੰ ਇਜ਼ਰਾਈਲ ਦੀ ਸਾਈਬਰ ਸੁਰੱਖਿਆ ਕੰਪਨੀ ਐੱਨਐੱਸਓ ਨੇ ਵਿਕਸਿਤ ਕੀਤਾ ਹੈ। ਬੰਗਲਾਦੇਸ਼ ਸਮੇਤ ਕਈ ਦੇਸ਼ਾਂ ਨੇ ਇਸ ਜਾਸੂਸੀ ਸਾਫ਼ਟਵੇਅਰ ਨੂੰ ਖ਼ਰੀਦਿਆ ਹੈ। ਇਹ ਪਹਿਲਾਂ ਵੀ ਵਿਵਾਦਾਂ ਵਿੱਚ ਰਿਹਾ ਹੈ।
ਮੈਕਸੀਕੋ ਤੋਂ ਲੈ ਕੇ ਸਾਊਦੀ ਅਰਬ ਦੀ ਸਰਕਾਰਾਂ ਤੱਕ ਇਸ ਦੀ ਵਰਤੋਂ ਬਾਰੇ ਸਵਾਲ ਅਤੀਤ ਵਿੱਚ ਉੱਠਦੇ ਰਹੇ ਹਨ। ਵਟਸਐਪ ਦੀ ਮਾਲਕ ਫੇਸਬੁੱਕ ਸਮੇਤ ਕਈ ਕੰਪਨੀਆਂ ਨੇ ਇਸ ਉੱਪਰ ਮੁਕੱਦਮੇ ਕੀਤੇ ਹੋਏ ਹਨ।
ਹਾਲਾਂਕਿ ਭਾਰਤ ਵਿੱਚ ਇਸ ਬਾਰੇ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਹੈ ਕਿ ਸਰਕਾਰ ਨੇ ਇਸ ਨੂੰ ਖ਼ਰੀਦਿਆ ਹੈ ਜਾਂ ਨਹੀਂ।
ਹਾਲਾਂਕਿ ਐੱਨਐੱਸਓ ਨੇ ਪਹਿਲਾਂ ਆਪਣੇ ਉੱਪਰ ਲੱਗੇ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਕੰਪਨੀ ਦਾਅਵਾ ਕਰਦੀ ਹੈ ਕਿ ਉਹ ਪੇਗਾਸਸ ਸਿਰਫ਼ ਮਾਨਤਾ ਪ੍ਰਾਪਤ ਸਰਕਾਰੀ ਏਜੰਸੀਆਂ ਨੂੰ ਵੇਚਦੀ ਹੈ ਅਤੇ ਇਸ ਦਾ ਮਕਸਦ ਅੱਤਵਾਦ ਅਤੇ ਅਪਰਾਧ ਦੇ ਖ਼ਿਲਾਫ਼ ਲੜਨਾ ਹੈ। ਤਾਜ਼ਾ ਇਲਜ਼ਾਮਾਂ ਬਾਰੇ ਵੀ ਐੱਨਐੱਸਓ ਨੇ ਅਜਿਹੇ ਹੀ ਦਾਅਵੇ ਕੀਤੇ ਹਨ।
ਸਰਕਾਰਾਂ ਵੀ ਸਪਸ਼ਟ ਤੌਰ ਉੱਤੇ ਦਸਦੀਆਂ ਹਨ ਕਿ ਇਸ ਨੂੰ ਖ਼ਰੀਦਣ ਪਿੱਛੇ ਉਨ੍ਹਾਂ ਦਾ ਮਕਸਦ ਸੁਰੱਖਿਆ ਅਤੇ ਅੱਤਵਾਦ ਉੱਪਰ ਕਾਬੂ ਪਾਉਣਾ ਹੀ ਹੁੰਦਾ ਹੈ। ਹਾਲਾਂਕਿ ਕਈ ਸਰਕਾਰਾਂ ਉੱਪਰ ਪੇਗਾਸਸ ਦੀ 'ਮਨਮੰਨੀ ਵਰਤੋਂ ਅਤੇ ਦੁਰਵਰਤੋਂ ਦੇ ਗੰਭੀਰ ਇਲਜ਼ਾਮ' ਵੀ ਲੱਗੇ ਹਨ।
ਇਹ ਵੀ ਪੜ੍ਹੋ:
ਤਾਂ ਪੇਗਾਸਸ ਅਸਲ ਵਿੱਚ ਹੈ ਕੀ?
ਸਾਰੇ ਜਾਸੂਸੀ ਸਾਫ਼ਟਵੇਅਰ ਲੋਕਾਂ ਦੇ ਫ਼ੋਨਾਂ ਵਿੱਚ ਸੰਨ੍ਹ ਲਾਉਂਦੇ ਹਨ ਅਤੇ ਉਨ੍ਹਾਂ ਬਾਰੇ ਜੁੜੀ ਜਾਣਕਾਰੀ ਆਪਣੇ ਆਕਾਵਾਂ (ਮਾਲਕਾਂ) ਤੱਕ ਪਹੁੰਚਾਉਂਦੇ ਹਨ।
ਸੌਖੇ ਸ਼ਬਦਾਂ ਵਿੱਚ ਜਿਸ ਬੰਦੇ ਦੇ ਫ਼ੋਨ ਵਿੱਚ ਵੜ ਜਾਂਦੇ ਹਨ ਜਾਂ ਵਾੜ ਦਿੱਤੇ ਜਾਂਦੇ ਹਨ ਉਸ ਬਾਰੇ ਸਾਰੀ ਜਾਣਕਾਰੀ ਚੋਰੀਓਂ ਜਾਸੂਸਾਂ ਵਾਂਗ ਆਪਣੇ ਮਾਲਕ ਨੂੰ ਪਹੁੰਚਾ ਦਿੰਦੇ ਹਨ।
ਸਾਈਬਰ ਸੁਰੱਖਿਆ ਕੰਪਨੀ ਕੈਸਪਰਸਕਾਈ ਦੀ ਰਿਪੋਰਟ ਮੁਤਾਬਕ ਪੇਗਾਸਸ ਤੁਹਾਨੂੰ ਇਨਕ੍ਰਿਪਟਡ ਆਡੀਓ ਸੁਣਨ ਅਤੇ ਇਨਕ੍ਰਿਪਟਡ ਸੁਨੇਹੇ ਪੜ੍ਹਨ ਦੀ ਸਮਰੱਥਾ ਦਿੰਦਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਇਨਕ੍ਰਿਪਟਡ ਸੁਨੇਹੇ ਉਹ ਹੁੰਦੇ ਹਨ ਜਿਨ੍ਹਾਂ ਦੀ ਜਾਣਕਾਰੀ ਸਿਰਫ਼ ਭੇਜਣ ਜਾਂ ਹਾਸਲ ਕਰਨ ਵਾਲੇ ਨੂੰ ਹੁੰਦੀ ਹੈ। ਜਿਹੜੇ ਪਲੇਟਫਾਰਮ ਜਾਂ ਐਪ ਰਾਹੀਂ ਇਹ ਸੁਨੇਹੇ ਭੇਜੇ ਜਾਂਦੇ ਹਨ ਉਹ ਵੀ ਇਸ ਨੂੰ ਦੇਖ ਜਾਂ ਸੁਣ ਨਹੀਂ ਸਕਦੀ।
ਪੇਗਾਸਸ ਫੋਨ ਵਿੱਚ ਵੜਦਾ ਕਿਵੇਂ ਹੈ?
ਵਰਤੋਂਕਾਰ ਕੋਲ ਇੱਕ ਲਿੰਕ ਆਉਂਦਾ ਹੈ- ਜਿਵੇਂ ਵੀ ਉਸ ਲਿੰਕ ਨੂੰ ਕਲਿੱਕ ਕੀਤਾ ਜਾਂਦਾ ਹੈ ਇਹ ਜਾਸੂਸੀ ਸਾਫ਼ਟਵੇਅਰ ਉਸ ਦੇ ਫ਼ੋਨ ਵਿੱਚ ਸਥਾਪਿਤ ਹੋ ਜਾਂਦਾ ਹੈ।
ਸਾਫ਼ਟਵੇਅਰ ਹੋਰ ਵਿਕਸਿਤ ਹੋ ਗਿਆ ਹੈ ਅਤੇ ਹੁਣ ਤਾਂ ਲਿੰਕ ਉੱਪਰ ਕਲਿੱਕ ਕਰਨ ਦੀ ਵੀ ਲੋੜ ਨਹੀਂ ਰਹੀ। ਵਟਸਐਪ ਉੱਪਰ ਛੁੱਟ ਗਈ ਵੀਡੀਓ ਕਾਲ ਨਾਲ ਵੀ ਇਹ ਸਥਾਪਿਤ ਕੀਤਾ ਜਾ ਸਕਦਾ ਹੈ।
ਇੱਕ ਵਾਰ ਜਦੋਂ ਸਾਫ਼ਟਵੇਅਰ ਸਥਾਪਤ ਹੋ ਗਿਆ ਤਾਂ ਹਮਲਾਵਰ ਕੋਲ ਵਿਅਕਤੀ ਦੇ ਫ਼ੋਨ ਤੱਕ ਪੂਰੀ ਪਹੁੰਚ ਹੋ ਜਾਂਦੀ ਹੈ।
ਇਜ਼ਰਾਈਲੀ ਕੰਪਨੀ ਐੱਨਐੱਸਓ ਦੇ ਸਪੱਸ਼ਟੀਕਨ ਨੂੰ ਸੱਚ ਮੰਨਿਆ ਜਾਵੇ ਤਾਂ ਸਰਕਾਰ ਤੇ ਸਰਕਾਰੀ ਏਜੰਸੀਆਂ ਹੀ ਪੇਗਾਸਸ ਸਾਫ਼ਟਵੇਅਰ ਰਾਹੀਂ ਜਾਸੂਸੀ ਕਰ ਸਕਦੀਆਂ ਹਨ।

ਤਸਵੀਰ ਸਰੋਤ, ALEXANDER RYUMIN/GETTY IMAGES
ਪੈਗਾਸਸ ਕੰਮ ਕਿਵੇਂ ਕਰਦਾ ਹੈ?
- ਕੈਨੇਡਾ ਦੀ ਇੱਕ ਰਿਸਰਚ ਲੈਬ ਸਿਟੀਜ਼ਨ ਲੈਬ ਨੇ ਕਿਹਾ ਸੀ,"ਇੱਕ ਵਾਰ ਸਥਾਪਤ ਹੋ ਜਾਣ ਤੋਂ ਬਾਅਦ ਪੇਗਾਸਸ,"ਨਿਸ਼ਾਨੇ ਦੀ ਨਿੱਜੀ ਜਾਣਕਾਰੀ ਜਿਸ ਵਿੱਚ ਪਾਸਵਰਡ, ਸੰਪਰਕ ਸੂਚੀ, ਕਲੈਂਡਰ ਈਵੈਂਟ, ਟੈਕਸਟ ਸੁਨੇਹੇ ਅਤੇ ਮਸ਼ਹੂਰ ਮੈਸਿਜੰਗ ਐਪਸ ਤੋਂ ਕੀਤੀਆਂ ਗਈਆਂ ਕਾਲਾਂ ਵੀ ਸਿੱਧੀਆਂ" ਆਪਣੇ ਆਕਾ ਤੱਕ ਪਹੁੰਚਾ ਸਕਦਾ ਹੈ।
- ਜਾਸੂਸੀ ਦਾ ਘੇਰਾ ਵਧਾਉਣ ਲਈ ਮੋਬਾਈਲ ਦਾ ਕੈਮਰਾ ਚਲਾਇਆ ਜਾ ਸਕਦਾ ਹੈ।
- ਸਾਫ਼ਟਵੇਅਰ ਸ਼ਿਕਾਰ ਦੀ ਈਮੇਲ, ਐੱਸਐੱਮਐੱਸ, ਲੋਕੇਸ਼ਨ, ਨੈਟਵਰਕ ਵੇਰਵੇ, ਉਪਕਰਣ ਦੀਆਂ ਸੈਟਿੰਗਾਂ ਅਤੇ ਇੰਟਰਨੈੱਟ ਹਿਸਟਰੀ ਵੀ ਸ਼ਿਕਾਰ ਦੀ ਜਾਣਕਾਰੀ ਤੋਂ ਬਿਨਾਂ ਹੀ ਆਪਣੇ ਆਕਾ ਨੂੰ ਪਹੁੰਚਾ ਸਕਦਾ ਹੈ।
- ਇਹ ਇੰਨੀ ਕੁਸ਼ਲਤਾ ਨਾਲ ਕੰਮ ਕਰਦਾ ਹੈ। ਜਿਵੇਂ ਬਹੁਤ ਘੱਟ ਬੈਟਰੀ ਦੀ ਵਰਤੋਂ, ਬਹੁਤ ਘੱਟ ਇੰਟਰਨੈਟ ਦੀ ਵਰਤੋਂ ਤਾਂ ਜੋ ਸ਼ਿਕਾਰ ਨੂੰ ਫ਼ੋਨ ਵਿੱਚ ਕਿਸੇ ਵੀ ਕਿਸਮ ਦੇ ਬਦਲਾਅ ਕਾਰਨ ਕੋਈ ਸ਼ੱਕ ਨਾ ਹੋਵੇ।
- ਪੇਗਾਸਸ ਦੇ ਬਰਾਊਸ਼ਰ ਮੁਤਾਬਕ ਇਹ ਸਾਫ਼ਟਵੇਅਰ- ਬਲੈਕਬੈਰੀ, ਆਈਫ਼ੋਨ, ਐਂਡਰੋਇਡ ਅਤੇ ਸਿੰਬੀਅਨ ਫ਼ੋਨਾਂ ਉੱਪਰ ਵੀ ਕੰਮ ਕਰ ਸਕਦਾ ਹੈ।
- ਤਕਨੀਕੀ ਤੌਰ ’ਤੇ ਪੇਗਾਸਸ ਕਿਸੇ ਵੀ ਵਿਅਕਤੀ ਦੇ ਵੀ ਫ਼ੋਨ ਵਿੱਚ ਭੇਜਿਆ ਜਾ ਸਕਦਾ ਹੈ।
ਪੈਗਾਸਸ ਕਦੋਂ-ਕਦੋਂ ਚਰਚਾ ਵਿੱਚ ਆਇਆ?

ਤਸਵੀਰ ਸਰੋਤ, Getty Images
ਰਿਪੋਰਟ ਮੁਤਾਬਕ ਪੇਗਾਸਸ ਸਭ ਤੋਂ ਪਹਿਲਾਂ ਸਾਲ 2016 ਵਿੱਚ ਚਰਚਾ ਵਿੱਚ ਆਇਆ। ਯੂਏਈ ਦੇ ਇੱਕ ਮਨੁੱਖੀ ਅਧਿਕਾਰ ਕਾਰਕੁਨ ਨੇ ਦੱਸਿਆ ਕਿ ਉਸ ਦੇ ਐਪਲ-6 ਉੱਪਰ ਇੱਕ ਲਿੰਕ ਰਾਹੀਂ ਹਮਲਾ ਕੀਤਾ ਗਿਆ ਹੈ।
ਐਪਲ ਨੇ ਇੱਕ ਅਪਡੇਟ ਜਾਰੀ ਕੀਤੀ ਅਤੇ ਦਾਅਵਾ ਕੀਤਾ ਕਿ ਮਸਲਾ ਸੁਲਝਾ ਦਿੱਤਾ ਗਿਆ ਹੈ।
ਸਾਲ 2017 ਵਿੱਚ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ ਮੈਕਸੀਕੋ ਸਰਕਾਰ ਉੱਪਰ ਪੇਗਾਸਸ ਦੀ ਮਦਦ ਨਾਲ ਮੋਬਾਈਲ ਦੀ ਜਾਸੂਸੀ ਕਰਨ ਵਾਲਾ ਉਪਕਰਣ ਬਣਾਉਣ ਦਾ ਇਲਜ਼ਾਮ ਲੱਗਿਆ।
ਰਿਪੋਰਟ ਦੇ ਮੁਤਾਬਕ ਉਸ ਦੀ ਵਰਤੋਂ ਮੈਕਸੀਕੋ ਵਿੱਚ ਮਨੁੱਖੀ ਹੱਕਾਂ ਦੇ ਕਾਰਕੁਨਾਂ, ਪੱਤਰਕਾਰਾਂ ਅਤੇ ਭ੍ਰਿਸ਼ਟਾਚਾਰ ਵਿਰੋਧੀ ਕਾਰਕੁਨਾਂ ਦੇ ਖ਼ਿਲਾਫ਼ ਕੀਤੀ ਜਾ ਰਹੀ ਸੀ।
ਰਿਪੋਰਟ ਵਿੱਚ ਕਿਹਾ ਗਿਆ ਕਿ ਪੇਗਾਸਸ ਸਾਫ਼ਟਵੇਅਰ ਮੈਕਸੀਕੋ ਦੀ ਸਰਕਾਰ ਨੂੰ ਇਜ਼ਰਾਈਲੀ ਕੰਪਨੀ ਨੇ ਇਸ ਸ਼ਰਤ ਉੱਪਰ ਵੇਚਿਆ ਸੀ ਕਿ ਇਸ ਦੀ ਵਰਤੋਂ ਸਿਰਫ਼ ਅਪਰਾਧੀਆਂ ਅਤੇ ਕਟੱੜਪੰਥੀਆਂ ਦ ਖ਼ਿਲਾਫ਼ ਕੀਤੀ ਜਾਵੇਗੀ।
ਨਿਊਯਾਰਕ ਟਾਈਮਜ਼ ਮੁਤਾਬਕ ਇਹ ਸਾਫ਼ਟਵੇਅਰ ਸਮਰਾਟ ਫ਼ੋਨ ਅਤੇ ਮੌਨੀਟਰ ਕਾਲਾਂ, ਟੈਕਸਟ ਸੁਨੇਹਿਆਂ ਅਤੇ ਦੂਸਰੇ ਸੁਨੇਹਿਆਂ ਦਾ ਪਤਾ ਲਗਾ ਸਕਦਾ ਹੈ।ਇਹ ਫੋ਼ਨ ਦੇ ਕੈਮਰੇ ਜਾਂ ਮਾਈਕ੍ਰੋਫ਼ੋਨ ਨੂੰ ਵੀ ਸਰਗਰਮ ਕਰ ਸਕਦਾ ਹੈ।
ਸਾਲ 2018 ਵਿੱਚ ਯੂਨੀਵਰਿਸਟੀ ਆਫ਼ ਟੋਰਾਂਟੋ ਕੈਨੇਡਾ ਵਿੱਚ ਇੱਕ ਅੰਤਰ ਅਨੁਸ਼ਾਸਨੀ ਪ੍ਰਯੋਗਸ਼ਾਲਾ ਸਿਟੀਜ਼ਨ ਲੈਬ ਚਰਚਾ ਵਿੱਚ ਆਈ।
ਲੈਬ ਨੇ ਆਪਣੀ ਖੋਜ ਰਾਹੀਂ ਦੱਸਿਆ ਕਿ ਪੇਗਾਸਸ- ਬਿਨਾਂ ਪੀੜਤ ਦੀ ਆਗਿਆ ਜਾਂ ਜਾਣਕਾਰੀ ਦੇ ਹੀ ਸਰਗਰਮ ਹੋ ਜਾਂਦਾ ਹੈ।
ਲੈਬ ਨੇ ਕਿਹਾ ਕਿ ਪੇਗਾਸਸ ਜ਼ੀਰੋ-ਡੇ-ਇਕਸਪਲੌਇਟ ਤਕਨੀਕ ਦੀ ਵਰਤੋਂ ਕਰਦਾ ਹੈ। ਇਹ ਤਕਨੀਕ ਬਿਲਕੁਲ ਹੀ ਅਣਜਾਣੀ ਸੀ, ਜਿਸ ਬਾਰੇ ਸਾਫ਼ਟਵੇਅਰ ਨਿਰਮਾਤਾ ਨੂੰ ਵੀ ਪਤਾ ਨਹੀਂ ਹੁੰਦਾ। ਇਸ ਲਈ ਇਸ ਤੋਂ ਬਚਾਉਣ ਲਈ ਕੋਈ ਸੁਰੱਖਿਆ ਟਾਕੀ (ਸਕਿਉਰਿਟੀ ਪੈਚ) ਲਾਉਣਾ ਵੀ ਸੰਭਵ ਨਹੀਂ ਹੁੰਦਾ।

ਤਸਵੀਰ ਸਰੋਤ, Getty Images
ਵਟਸਐਪ ਅਤੇ ਐਪਲ ਦੇ ਮਾਮਲੇ ਵਿੱਚ ਇਹੀ ਹੋਇਆ ਸੀ ਕਿ- ਦੋਵਾਂ ਕਪੰਨੀਆਂ ਨੂੰ ਹੀ ਸੰਨ੍ਹਮਾਰੀ ਦਾ ਇਲਮ ਨਹੀਂ ਹੋ ਸਕਿਆ।
ਸਾਲ 2018 ਵਿੱਚ ਤੈਲ ਅਵੀਵ ਦੇ ਹੀ ਇੱਕ ਮਨੁੱਖੀ ਅਧਿਕਾਰ ਕਾਰਕੁਨ ਓਮਰ ਅਬਦੁੱਲਅਜ਼ੀਜ਼ ਨੇ ਐੱਨਐੱਸਓ ਸਮੂਹ ਖ਼ਿਲਾਫ਼ ਇੱਕ ਕੇਸ ਦਾਇਰ ਕੀਤਾ।
ਓਮਰ ਦਾ ਇਲਜ਼ਾਮ ਸੀ ਕਿ ਉਸ ਦੇ ਫ਼ੋਨ ਉੱਪਰ ਪੈਗਾਸਸ ਨਾਲ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੀ ਆਪਣੇ ਮਿੱਤਰ ਅਤੇ ਕਤਲ ਕੀਤੇ ਗਏ ਸਾਊਦੀ ਅਰਬ ਦੇ ਪੱਤਰਕਾਰ ਜਮਾਨ ਖ਼ਾਸ਼ੋਜੀ ਨਾਲ ਜੋ ਗੱਲਬਾਤ ਸੀ, ਉਹ ਸੁਣੀ ਗਈ ਸੀ।
ਮਈ 2019 ਵਿੱਚ ਫਾਈਨੈਂਸ਼ਲ ਟਾਈਮਜ਼ ਨੇ ਰਿਪੋਰਟ ਕੀਤਾ ਕਿ ਪੈਗਾਸਸ ਦੀ ਵਰਤੋਂ ਨਾਲ ਵਟਸਐਪ ਵਰਤੋਂਕਾਰਾਂ ਦੇ ਫ਼ੋਨਾਂ ਵਿੱਚ ਸੰਨ੍ਹਮਾਰੀ ਕੀਤੀ ਗਈ ਸੀ।
ਵਟਸਐਪ ਨੇ ਤੁਰੰਤ ਇੱਕ ਸੁਰੱਖਿਆ ਟਾਕੀ ਜਾਰੀ ਕੀਤੀ ਅਤੇ ਬਗ ਦੂਰ ਕਰ ਦਿੱਤਾ।

ਤਸਵੀਰ ਸਰੋਤ, SERGEI KONKOV/GETTY IMAGES
ਇਲਜ਼ਾਮਾਂ ਬਾਰੇ ਕੀ ਕਹਿੰਦੀ ਹੈ ਕੰਪਨੀ?
ਐੱਨਐੱਸਓ ਹਮੇਸ਼ਾ ਦਾਅਵਾ ਕਰਦੀ ਹੈ ਕਿ ਇਹ ਪ੍ਰੋਗਰਾਮ ਸਿਰਫ਼ ਮਾਨਤਾ ਪ੍ਰਾਪਤ ਸਰਕਾਰੀ ਏਜੰਸੀਆਂ ਨੂੰ ਵੇਚਦੀ ਹੈ। ਇਸ ਦਾ ਮਕਸਦ ਅੱਤਵਾਦ ਅਤੇ ਅਪਰਾਧ ਦੇ ਖ਼ਿਲਾਫ਼ ਲੜਨਾ ਹੈ। ਤਾਜ਼ਾ ਇਲਜ਼ਾਮਾਂ ਬਾਰੇ ਵੀ ਐੱਨਐੱਸਓ ਨੇ ਅਜਿਹੇ ਹੀ ਦਾਅਵੇ ਕੀਤੇ ਹਨ।
ਕੰਪਨੀ ਨੇ ਕੈਲੀਫੋਰਨੀਆ ਦੀ ਅਦਾਲਤ ਵਿੱਚ ਕਿਹਾ ਸੀ ਕਿ ਉਹ ਕਦੇ ਵੀ ਆਪਣੇ ਸਪਾਈਵੇਅਰ ਦੀ ਵਰਤੋਂ ਨਹੀਂ ਕਰਦੀ ਹੈ- ਸਿਰਫ਼ ਪ੍ਰਭੂਸੱਤਾ ਸੰਪਨ ਸਰਕਾਰਾਂ ਕਰਦੀਆਂ ਹਨ।
ਫ਼ੇਸਬੁੱਕ ਨਾਲ ਜੁੜੇ ਵਿਵਾਦ ਦੇ ਦੌਰਾਨ ਕੰਪਨੀ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਸੀ, "ਸਾਨੂੰ ਆਪਣੀ ਤਕਨੀਕ ਅਤੇ ਕ੍ਰਾਈਮ ਅਤੇ ਅੱਤਵਾਦ ਨਾਲ ਨਜਿੱਠਣ ਵਿੱਚ ਇਸ ਦੀ ਭੂਮਿਕਾ ਉੱਪਰ ਮਾਣ ਹੈ। ਹਾਲਾਂਕਿ ਐੱਨਐੱਸਓ ਆਪਣੇ ਉਤਪਾਦ ਦੀ ਖ਼ੁਦ ਵਰਤੋਂ ਨਹੀਂ ਕਰਦਾ।"
"ਅਸੀਂ ਇਹ ਗੱਲ ਕਈ ਵਾਰ ਸਾਫ਼ ਤੌਰ ਤੇ ਕਹੀ ਹੈ ਕਿ ਐੱਨਐੱਸਓ ਦੇ ਉਤਪਾਦ ਸਿਰਫ਼ ਸੱਚੀਆਂ ਅਤੇ ਅਧਿਕਾਰਤ ਸਰਕਾਰੀ ਏਜੰਸੀਆਂ ਨੂੰ ਦਿੱਤੇ ਜਾਂਦੇ ਹਨ ਅਤੇ ਉਹੀ ਇਨ੍ਹਾਂ ਨੂੰ ਚਲਾਉਂਦੀਆਂ ਹਨ।"
ਇਹ ਵੀ ਪੜ੍ਹੋ :
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












