ਨਵਜੋਤ ਸਿੰਘ ਸਿੱਧੂ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ, ਸੁਖਬੀਰ ਨੇ ਕਿਹਾ ਅਸਫਲ ਸੀਐੱਮ ਨੂੰ ਬਦਲਣ ਦਾ ਨਾਟਕ ਕਰ ਰਹੀ ਕਾਂਗਰਸ

ਰਾਜਾ ਵੜਿੰਗ, ਨਵਜੋਤ ਸਿੰਘ ਸਿੱਧੂ ਅਤੇ ਕੁਲਬੀਰ ਸਿੰਘ ਜ਼ੀਰਾ

ਤਸਵੀਰ ਸਰੋਤ, NS Media team

ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਘਰ ਵਧਾਈ ਦੇਣ ਕਾਂਗਰਸ ਲੀਡਰ ਲਗਾਤਾਰ ਪਹੁੰਚ ਰਹੇ ਹਨ।

ਇਸ ਵਿਚਾਲੇ ਉਨ੍ਹਾਂ ਨੂੰ ਪਟਿਆਲਾ ਰਿਹਾਇਸ਼ 'ਤੇ ਵਧਾਈ ਦੇਣ ਵਿਧਾਇਕ ਰਾਜਾ ਵੜਿੰਗ ਅਤੇ ਵਿਧਾਇਕ ਕੁਲਬੀਰ ਜ਼ੀਰਾ ਵੀ ਪਹੁੰਚੇ।

ਇਹ ਵੀ ਪੜ੍ਹੋ:

ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਚਾਰ ਵਰਕਿੰਗ ਪ੍ਰਧਾਨ ਵੀ ਬਣਾਏ ਗਏ ਹਨ।

ਸੰਗਤ ਸਿੰਘ ਗਿਲਜ਼ੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ ਤੇ ਕੁਲਜੀਤ ਸਿੰਘ ਨਾਗਰਾ ਨੂੰ ਵਰਕਿੰਗ ਪ੍ਰਧਾਨ ਬਣਾਇਆ ਗਿਆ ਹੈ।

ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਸਿੱਧੂ ਦੀ ਪ੍ਰਧਾਨਗੀ ਬਾਰੇ ਜਾਣਕਾਰੀ ਦਿੰਦਿਆਂ ਚਿੱਠੀ ਜਾਰੀ ਕੀਤੀ ਹੈ।

ਪਿਛਲੇ ਕਈ ਦਿਨਾਂ ਤੋਂ ਪੰਜਾਬ ਕਾਂਗਰਸ ਵਿਚਾਲੇ ਇਸ ਚੀਜ਼ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਸੀ। ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਪਾਰਟੀ ਖ਼ਿਲਾਫ਼ ਬਾਗੀ ਸੁਰ ਅਪਣਾਏ ਹੋਏ ਸੀ ਅਤੇ ਲਗਾਤਾਰ ਸਰਕਾਰ ਖ਼ਿਲਾਫ਼ ਬੋਲ ਰਹੇ ਸਨ।

ਲਗਾਤਾਰ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਬੈਠਕਾਂ ਚੱਲ ਰਹੀਆਂ ਸਨ।

ਨਵਜੋਤ ਸਿੰਘ ਸਿੱਧੂ

ਤਸਵੀਰ ਸਰੋਤ, Gurmindergrewal/bbc

ਤਸਵੀਰ ਕੈਪਸ਼ਨ, ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਪਟਿਆਲੇ ਆਪਣੇ ਘਰ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾਇਆ

ਅਸਫ਼ਲ ਮੁੱਖ ਮੰਤਰੀ ਨੂੰ ਬਦਲਣ ਦਾ ਨਾਟਕ ਕਰ ਰਹੀ ਹੈ ਕਾਂਗਰਸ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪੰਜਾਬ ਵਿੱਚ ਅਸਫ਼ਲ ਮੁੱਖ ਮੰਤਰੀ ਦੀ ਥਾਂ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਉਣ ਲਈ ਨਾਟਕ ਰਚ ਰਹੀ ਹੈ, ਜੋ ਪ੍ਰਸ਼ਾਸਨਿਕ ਕੰਮਾਂ ਦੀ ਬਜਾਇ ਨਾਟਕ ਲਈ ਜ਼ਿਆਦਾ ਜਾਣੇ ਜਾਂਦੇ ਹਨ।

ਕੈਪਟਨ ਦੇ ਮੰਤਰੀ ਨੇ ਉਨ੍ਹਾਂ ਨੂੰ ਕੀ ਦਿੱਤੀ ਸੀ ਸਲਾਹ

ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਨੇ ਜਿਵੇਂ ਪ੍ਰਤਾਪ ਸਿੰਘ ਬਾਜਵਾ ਨਾਲ ਮਿਲ ਕੇ ਵੱਡਾ ਦਿਲ ਵਿਖਾਇਆ ਹੈ, ਉਸੇ ਤਰ੍ਹਾਂ ਉਹ ਨਵਜੋਤ ਸਿੰਘ ਸਿੱਧੂ ਵਾਂਗ ਵੀ ਕਰਨ।

ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਹ ਗੱਲ ਪੰਜਾਬ ਕਾਂਗਰਸ ਦੇ ਮੌਜੂਦਾ ਘਟਨਾਕ੍ਰਮ ਬਾਰੇ ਕਾਦੀਆਂ ਵਿੱਚ ਕਹੀ। ਕਾਂਗਰਸ ਦੇ ਦੋ ਵੱਡੇ ਆਗੂ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਖਿਚੋਤਾਣ ਬੀਤੇ ਕੁਝ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਪਰ ਹੁਣ ਐਤਵਾਰ ਰਾਤ ਨੂੰ ਇਸ ਬਾਰੇ ਰਸਮੀ ਐਲਾਨ ਹੋਇਆ ਹੈ।

ਸਿੱਧੂ ਅਤੇ ਕੈਪਟਨ

ਤਸਵੀਰ ਸਰੋਤ, captain and sidhu/facebook

ਬੀਤੇ ਕੁਝ ਦਿਨਾਂ ਵਿੱਚ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਇੱਕ-ਦੂਜੇ ਖਿਲਾਫ਼ ਬਿਆਨਬਾਜ਼ੀ ਕਰਦੇ ਰਹੇ ਹਨ। ਕਾਂਗਰਸ ਹਾਈਕਮਾਨ ਦੋਵੇਂ ਆਗੂਆਂ ਨੂੰ ਨਾਲ ਲੈ ਕੇ ਚੱਲਣ ਦਾ ਰਾਹ ਲੱਭ ਰਹੀ ਸੀ। ਇਸ ਦੇ ਲਈ ਇੱਕ ਕਮੇਟੀ ਵੀ ਬਣਾਈ ਗਈ ਸੀ। ਕੈਪਟਨ ਅਮਰਿੰਦਰ ਤੇ ਨਵਜੋਤ ਸਿੰਘ ਸਿੱਧੂ ਸਣੇ ਕਈ ਆਗੂਆਂ ਨੂੰ ਦਿੱਲੀ ਤਲਬ ਵੀ ਕੀਤਾ ਗਿਆ ਸੀ।

ਦੋ ਦਿਨਾਂ ਤੋਂ ਲਗਾਤਾਰ ਦੋਵਾਂ ਧਿਰਾਂ ਵੱਲੋਂ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਸੀ। ਨਵਜੋਤ ਸਿੰਘ ਸਿੱਧੂ ਮੌਜੂਦਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਲਾਲ ਸਿੰਘ ਤੇ ਕਈ ਹੋਰ ਵਿਧਾਇਕਾਂ ਨੂੰ ਮਿਲ ਚੁੱਕੇ ਸਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ।

ਸਿੱਧੂ ਨੂੰ ਵਧਾਈਆਂ ਵਿੱਚ ਕਿਸ ਨੇ ਕੀ ਕਿਹਾ?

ਸਾਬਕਾ ਹਾਕੀ ਖਿਡਾਰੀ ਅਤੇ ਕਾਂਗਰਸੀ ਆਗੂ ਪਰਗਟ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਵਧਾਈ ਦਿੱਤੀ ਅਤੇ ਇੱਕ ਪੋਸਟਰ ਆਪਣੀ ਫੇਸਬੁੱਕ ਵਾਲ ਉੱਪਰ ਪੋਸਟ ਕੀਤਾ। ਪਰਗਟ ਸਿੰਘ ਨੇ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਵਾਲੇ ਹਾਈ ਕਮਾਂਡ ਦੇ ਹੁਕਮਾਂ ਦੀ ਤਸਵੀਰ ਵੀ ਪੋਸਟ ਕੀਤੀ।

ਅਮਰਿੰਦਰ ਸਿੰਘ ਰਾਜਾਵੜਿੰਗ ਨੇ ਲਿਖਿਆ,“ਉਹ ਗਰਜਦੇ ਵੀ ਨੇ ਤੈ ਬਰਸਦੇ ਵੀ ਨੇ, ਨਾਮ ਹੈ ਸ੍ਰ ਨਵਜੋਤ ਸਿੱਧੂ, ਠੋਕੋ ਤਾਲੀ ...ਬਹੁਤ ਬਹੁਤ ਮੁਬਾਰਕਾਂ ਨਵਜੋਤ ਸਿੰਘ ਸਿੱਧੂ”

ਪੰਜਾਬ ਸਰਕਾਰ ਵਿੱਚ ਕੈਬਿਨਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵੀ ਸਿੱਧੂ ਨੂੰ ਵਧਾਈ ਦਿੱਤੀ ਹੈ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਮੁਤਾਬਕ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ,"ਜਿਵੇਂ ਕੈਪਟਨ ਅਮਰਿੰਦਰ ਸਿੰਘ ਵੱਡੇ ਦਿਲ ਦੀ ਨਿਸ਼ਾਨੀ ਪੇਸ਼ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਦੀਆਂ ਪੰਜਾਬ ਸਰਕਾਰ ਦੇ ਖਿਲਾਫ ਲਿਖੀਆਂ ਚਿੱਠੀਆਂ ਭੁੱਲ ਗਏ ਹਨ ਓਵੇਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੀ ਮਿਸਾਲ ਕਾਂਗਰਸ ਪਾਰਟੀ ਦੇ ਭਲੇ ਵਾਸਤੇ ਪੇਸ਼ ਕਰਦੇ ਹੋਏ ਉਹ ਨਵਜੋਤ ਸਿੰਘ ਸਿੱਧੂ ਵਲੋਂ ਕੀਤੇ ਗਏ ਕੀਤੇ ਗਏ ਟਵੀਟ ਨੂੰ ਵੀ ਭੁੱਲ ਜਾਣ।"

ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

ਤਸਵੀਰ ਸਰੋਤ, GURPREET SINGH CHAWLA/BBC

ਤਸਵੀਰ ਕੈਪਸ਼ਨ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਤਾਪ ਸਿੰਘ ਬਾਜਵਾ ਦੀਆਂ ਚਿੱਠੀਆਂ ਵਾਂਗ ਸਿੱਧੂ ਦੇ ਟਵੀਟ ਵੀ ਭੁੱਲ ਜਾਣ ਦੀ ਸਲਾਹ ਦਿੱਤੀ

ਇਹ ਵੀ ਪੜ੍ਹੋ:

ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਸ਼ਾਮ ਨੂੰ ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ਕੀਤੀ ਸੀ।

ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਉੱਤੇ ਸਵਾਲ ਚੁੱਕਦੇ ਰਹੇ ਹਨ। ਉਹ ਭਾਵੇਂ ਚਿੱਠੀਆਂ ਦੇ ਰੂਪ ਵਿੱਚ ਹੋਵੇ ਜਾਂ ਟਵੀਟ ਦੇ ਰੂਪ ਵਿੱਚ, ਉਹ ਬੇਅਦਬੀ ਤੇ ਹੋਰ ਮੁੱਦਿਆਂ ਬਾਰੇ ਗੱਲ ਕਰਦੇ ਰਹੇ ਹਨ ਪਰ ਇਸ ਸਭ ਦੇ ਬਾਵਜੂਦ ਕੈਪਟਨ ਅਮਰਿੰਦਰ ਨੇ ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ਕੀਤੀ ਹੈ।

ਵੀਡੀਓ ਕੈਪਸ਼ਨ, ਬਾਜਵਾ ਕੈਪਟਨ ਦੀ ਕਾਰਜ ਸ਼ੈਲੀ ਉੱਪਰ ਸਵਾਲ ਚੁੱਕਦੇ ਰਹੇ ਹਨ (ਵੀਡੀਓ ਅਗਸਤ 2020 ਦਾ ਹੈ)

ਨਵਜੋਤ ਸਿੰਘ ਸਿੱਧੂ ਵੀ ਕੈਪਟਨ ਅਮਰਿੰਦਰ ਤੇ ਉਨ੍ਹਾਂ ਦੀ ਸਰਕਾਰ ’ਤੇ ਹਮਲੇ ਕਰਦੇ ਰਹੇ ਹਨ। ਉਨ੍ਹਾਂ ਨੇ ਕਈ ਬਿਆਨ ਦਿੱਤੇ ਹਨ ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ’ਤੇ ਸਿੱਧੇ ਹਮਲੇ ਦੇ ਤੌਰ ’ਤੇ ਵੇਖਿਆ ਗਿਆ ਹੈ। ਹੁਣ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਕਈ ਵਿਧਾਇਕਾਂ ਨਾਲ ਤਾਂ ਮਿਲ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਦੀ ਮੁਲਾਕਾਤ ਕੈਪਟਨ ਅਮਰਿੰਦਰ ਸਿੰਘ ਨਾਲ ਨਹੀਂ ਹੋਈ ਹੈ।

ਪ੍ਰਤਾਪ ਬਾਜਵਾ ਦੀ ਕਾਂਗਰਸੀ ਐੱਮਪੀਜ਼ ਨਾਲ ਮੁਲਾਕਾਤ

ਇਸ ਦੇ ਨਾਲ ਹੀ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੇ ਪੰਜਾਬ ਕਾਂਗਰਸ ਪਾਰਟੀ ਦੇ ਸਾਂਸਦਾਂ ਨਾਲ ਐਤਵਾਰ ਨੂੰ ਦਿੱਲੀ ਵਿੱਚ ਮੀਟਿੰਗ ਕੀਤੀ। ਪ੍ਰਤਾਪ ਸਿੰਘ ਬਾਜਵਾ ਨੇ ਭਾਵੇਂ ਟਵਿੱਟਰ ਹੈਂਡਲ ’ਤੇ ਇਸ ਮੀਟਿੰਗ ਦਾ ਏਜੰਡਾ ਅਗਾਮੀ ਲੋਕ ਸਭਾ ਦੇ ਸੈਸ਼ਨ ਬਾਰੇ ਚਰਚਾ ਨੂੰ ਦੱਸਿਆ ਹੈ।

ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸੀ ਸਾਂਸਦਾਂ ਨਾਲ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ

ਤਸਵੀਰ ਸਰੋਤ, PARTAP sINGH bAJWA/Twitter

ਤਸਵੀਰ ਕੈਪਸ਼ਨ, ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸੀ ਸਾਂਸਦਾਂ ਨਾਲ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ

ਨਵਜੋਤ ਸਿੱਧੂ ਤੇ ਕੈਪਟਨ ਦੀਆਂ ਮੁਲਾਕਾਤਾਂ ਦੌਰ ਜਾਰੀ ਹੈ...

ਐਤਵਾਰ ਨੂੰ ਨਵਜੋਤ ਸਿੰਘ ਸਿੱਧੂ ਪਟਿਆਲਾ ਵਿੱਚ ਸਰਗਰਮ ਰਹੇ। ਉੱਥੇ ਉਨ੍ਹਾਂ ਨੇ ਪਟਿਆਲਾ ਦੇ ਕਾਂਗਰਸੀ ਵਿਧਾਇਕਾਂ ਨਾਲ ਮੁਲਾਕਾਤ ਕੀਤੀ।

ਨਵਜੋਤ ਸਿੰਘ ਸਿੱਧੂ ਮਦਨ ਨਾਲ ਜਲਾਲਪੁਰ ਨਾਲ ਮੁਲਾਕਾਤ ਕਰਨ ਉਨ੍ਹਾਂ ਦੇ ਘਰ ਗਏ ਸਨ

ਤਸਵੀਰ ਸਰੋਤ, NAvjot Singh Sidhu

ਤਸਵੀਰ ਕੈਪਸ਼ਨ, ਨਵਜੋਤ ਸਿੰਘ ਸਿੱਧੂ ਮਦਨ ਨਾਲ ਜਲਾਲਪੁਰ ਨਾਲ ਮੁਲਾਕਾਤ ਕਰਨ ਉਨ੍ਹਾਂ ਦੇ ਘਰ ਗਏ ਸਨ

ਕੌਣ ਕਿਹੜੇ ਪਾਸੇ?

ਸਿੱਧੂ ਅਤੇ ਕੈਪਟਨ ਦੀ ਇਸ ਨੂਰਾ ਕੁਸ਼ਤੀ ਵਿੱਚ ਇਹ ਦੇਖਣਾ ਵੀ ਦਿਲਚਸਪ ਹੈ ਕਿ ਪੰਜਾਬ ਕਾਂਗਰਸ ਦਾ ਕਿਹੜਾ ਆਗੂ ਕਿਸ ਨਾਲ ਦਿਸ ਰਿਹਾ ਹੈ।

ਸ਼ਨਿੱਚਰਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵਿਧਾਇਕ ਰਾਜਾ ਵੜਿੰਗ, ਕੁਲਬੀਰ ਸਿੰਘ ਜ਼ੀਰਾ, ਦਵਿੰਦਰ ਘੁਬਾਇਆ, ਬਰਿੰਦਰਮੀਤ ਸਿੰਘ ਪਾਹੜਾ ਅਤੇ ਸੀਨੀਅਰ ਆਗੂ ਲਾਲ ਸਿੰਘ ਵੀ ਮੌਜੂਦ ਰਹੇ।

ਨਵਜੋਤ ਸਿੰਘ ਸਿੱਧੂ

ਤਸਵੀਰ ਸਰੋਤ, NS Sidhu media team

ਤਸਵੀਰ ਕੈਪਸ਼ਨ, ਨਵਜੋਤ ਸਿੰਘ ਸਿੱਧੂ ਹੋਰ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਦੌਰਾਨ

ਖ਼ਬਰ ਏਜੰਸੀ ਏਐੱਨਆਈ ਨੂੰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਵਿੱਚ ਪਹਿਲਾਂ ਵੀ ਸਭ ਕੁਝ ਠੀਕ ਸੀ ਅਤੇ ਭਵਿੱਖ ਵਿੱਚ ਸਭ ਕੁਝ ਠੀਕ ਹੋਵੇਗਾ। ਸਿੱਧੂ ਨਾਲ ਮੁਲਾਕਾਤ ਉਪਰ ਰੰਧਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂ ਅਤੇ ਵਰਕਰ ਇੱਕ ਦੂਜੇ ਨਾਲ ਅਕਸਰ ਮਿਲਦੇ ਰਹਿੰਦੇ ਹਨ।

ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ

ਤਸਵੀਰ ਸਰੋਤ, CMO PUNJAB

ਤਸਵੀਰ ਕੈਪਸ਼ਨ, ਬਾਜਵਾ ਕੈਪਟਨ ਸਰਕਾਰ ਖਿਲਾਫ਼ ਖੁੱਲ੍ਹ ਕੇ ਬੋਲਦੇ ਰਹੇ ਹਨ ਪਰ ਮੁਸ਼ਕਲ ਸਮੇਂ ਵਿੱਚ ਕੈਪਟਨ ਨੇ ਉਨ੍ਹਾਂ ਨੂੰ ਯਾਦ ਕੀਤਾ ਹੈ

ਕੈਪਟਨ ਅਮਰਿੰਦਰ ਨੇ ਸ਼ਾਮ ਨੂੰ ਆਪਣੇ ਘਰ ਵਿੱਚ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਪੰਜਾਬ ਵਿਧਾਨ ਸਭਾ ਦੇ ਸਪੀਕਾਰ ਰਾਣਾ ਕੇਪੀ ਤੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਨਾਲ ਮੁਲਾਕਾਤ ਕੀਤੀ।

ਮੁਲਾਕਾਤ ਵਿੱਚ ਕੀ ਚਰਚਾ ਹੋਈ ਇਸ ਬਾਰੇ ਤਾਂ ਜਾਣਕਾਰੀ ਨਹੀਂ ਹੈ ਪਰ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ।

ਇਹ ਵੀ ਪੜ੍ਹੋ :

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)