ਟੋਕੀਓ ਓਲੰਪਿਕ 2020 ਲਈ ਬੀਬੀਸੀ ਟੀਮ ਨੂੰ ਜਪਾਨ ਪਹੁੰਚਣ ਲਈ ਇਹ ਜੱਦੋਜਹਿਦ ਕਰਨੀ ਪਈ

ਟੋਕੀਓ ਉਲੰਪਿਕਸ

ਤਸਵੀਰ ਸਰੋਤ, EPA

    • ਲੇਖਕ, ਅਰਵਿੰਦ ਛਾਬੜਾ ਤੇ ਜਾਨਵ੍ਹੀ ਮੂਲੇ
    • ਰੋਲ, ਬੀਬੀਸੀ ਪੱਤਰਕਾਰ (ਜਪਾਨ ਤੋਂ)

ਜਦੋਂ ਟੋਕੀਓ ਓਲੰਪਿਕ ਨੂੰ ਕਵਰ ਕਰਨ ਦਾ ਮੌਕਾ ਆਇਆ ਤਾਂ ਅਸੀਂ ਇੱਕ ਵਾਰ ਵੀ ਨਹੀਂ ਸੋਚਿਆ ਕਿ ਕੋਵਿਡ ਭਾਰਤ ਤੋਂ ਜਾਪਾਨ ਤੱਕ ਫੈਲਿਆ ਹੋਇਆ ਹੈ ਅਤੇ ਕੀ ਉੱਥੇ ਜਾਣ 'ਚ ਕੋਈ ਖ਼ਤਰਾ ਤਾਂ ਨਹੀਂ ਹੈ?

ਟੋਕੀਓ ਵਿੱਚ ਓਲੰਪਿਕ ਨੂੰ ਕਵਰ ਕਰਨਾ ਸਾਡੇ ਲਈ ਕਿਸੇ ਸੁਪਨੇ ਤੋਂ ਘੱਟ ਨਹੀਂ ਹੈ।

ਇਹ ਓਲੰਪਿਕ ਇਤਿਹਾਸਕ ਹੈ ਕਿਉਂਕਿ ਇਹ ਪਹਿਲੀ ਵਾਰ ਹੈ (ਅਤੇ ਉਮੀਦ ਹੈ ਕਿ ਅਜਿਹਾ ਆਖ਼ਰੀ ਵਾਰ ਹੋਵੇਗਾ) ਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਖੇਡਾਂ ਅਜਿਹੀ ਭਿਆਨਕ ਮਹਾਂਮਾਰੀ ਦੇ ਪਰਛਾਵੇਂ ਹੇਠ ਆਯੋਜਿਤ ਕੀਤੀਆਂ ਜਾ ਰਹੀਆਂ ਹਨ।

ਵੀਡੀਓ ਕੈਪਸ਼ਨ, ਟੋਕੀਓ ਉਲੰਪਿਕਸ 2020: ਸ਼ਾਟ ਪੁੱਟ ਵਾਲੇ ਤੇਜਿੰਦਰ ਦੀ ਕਿਹੋ ਜਿਹੀ ਤਿਆਰੀ ਹੈ

ਪਰ ਅਸੀਂ ਨਹੀਂ ਜਾਣਦੇ ਸੀ ਕਿ ਟੋਕੀਓ ਪਹੁੰਚਣ ਲਈ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।

ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਅਥਲੀਟਾਂ ਵਾਂਗ ਸਾਨੂੰ ਵੀ ਓਲੰਪਿਕ ਤੱਕ ਕੁਆਲੀਫ਼ਾਈ ਕਰਨ ਲਈ ਇੱਕ ਪ੍ਰਕਿਰਿਆ ਤੋਂ ਗੁਜ਼ਰਨਾ ਪੈ ਰਿਹਾ ਹੈ।

ਵੈਸੇ ਵੀ, ਇਸ 'ਤੇ ਕਈ ਕਿਆਸ ਲਾਏ ਜਾ ਰਹੇ ਸੀ ਕਿ ਚਾਰ ਸਾਲਾਂ ਬਾਅਦ ਆਯੋਜਿਤ ਕੀਤਾ ਜਾਣ ਵਾਲਾ ਓਲੰਪਿਕ ਹੋਏਗਾ ਵੀ ਜਾਂ ਨਹੀਂ।

ਇਹ ਵੀ ਪੜ੍ਹੋ:

ਅਜਿਹੀਆਂ ਲਗਾਤਾਰ ਖ਼ਬਰਾਂ ਆ ਰਹੀਆਂ ਸੀ ਕਿ ਜਪਾਨ ਵਿੱਚ ਬਹੁਤ ਸਾਰੇ ਲੋਕ ਇਸ ਆਯੋਜਨ ਦੇ ਵਿਰੁੱਧ ਸਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਇਸ ਨਾਲ ਦੇਸ਼ ਅਤੇ ਵਿਦੇਸ਼ਾਂ ਦੇ ਲੋਕ ਇਕੱਠੇ ਹੋਣਗੇ, ਜਿਸ ਨਾਲ ਮਹਾਂਮਾਰੀ ਫੈਲਣ ਦਾ ਜੋਖ਼ਮ ਹੈ।

ਸਾਲ 2020 ਵਿੱਚ ਪਹਿਲਾਂ ਹੀ ਓਲੰਪਿਕਸ ਨੂੰ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਫਿਰ 'ਪਲੇ- ਬੁੱਕ' ਜਾਰੀ ਕੀਤੀ ਗਈ ਜਿਸ ਵਿਚ ਸਾਰੇ ਨਿਯਮ ਦਿੱਤੇ ਗਏ ਸਨ।

ਭਾਰਤ ਤੋਂ ਜਾਣ ਵਾਲਿਆਂ ਲਈ ਲਗਾਤਾਰ 7 ਦਿਨ ਕੋਵਿਡ ਟੈਸਟ

ਭਾਰਤ ਤੋਂ ਜਾਣ ਵਾਲੇ ਲੋਕ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਸਨ ਜਿਨ੍ਹਾਂ ਨੂੰ ਆਪਣੀ ਉਡਾਣ ਤੋਂ ਪਹਿਲਾਂ ਲਗਾਤਾਰ ਸੱਤ ਦਿਨ ਕੋਵਿਡ ਦਾ ਹਰ ਦਿਨ ਆਰਟੀ-ਪੀਸੀਆਰ ਟੈਸਟ ਕਰਵਾਉਣਾ ਜ਼ਰੂਰੀ ਸੀ।

ਇਹ ਉਹੀ ਨੱਕ ਵਿੱਚ ਕੀਤਾ ਜਾਣ ਵਾਲਾ ਟੈਸਟ ਸੀ ਜੋ ਪਿਛਲੇ ਸਾਲ ਵਿੱਚ ਜਦੋਂ ਵੀ ਕਰਵਾਇਆ ਤਾਂ ਅਜਿਹਾ ਲੱਗਦਾ ਸੀ ਕਿ ਕੋਈ ਨੱਕ ਰਾਹੀਂ ਦਿਮਾਗ਼ ਨੂੰ ਵਿੰਨ੍ਹਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।

ਵੀਡੀਓ ਕੈਪਸ਼ਨ, ਟੋਕੀਓ ਓਲੰਪਿਕਸ: ਬੀਬੀਸੀ ਦੀ ਟੀਮ ਨੂੰ ਭਾਰਤ ਤੋਂ ਜਪਾਨ ਪਹੁੰਚਣ ਲਈ ਕੀ ਕੁਝ ਕਰਨਾ ਪਿਆ

ਮੁੰਬਈ ਇੱਕ ਵੱਡਾ ਸ਼ਹਿਰ ਹੈ ਇਸ ਲਈ ਮੇਰੀ ਸਹਿਯੋਗੀ ਜਾਨਵ੍ਹੀ ਦਾ ਤਾਂ ਸਰ ਗਿਆ, ਪਰ ਜਪਾਨ ਵੱਲੋਂ ਜਾਰੀ ਸੈਂਟਰਾਂ ਦੀ ਸੂਚੀ ਤੋਂ ਪਤਾ ਚੱਲਿਆ ਕਿ ਕਿਸੇ ਵੀ ਲੈਬ ਨੂੰ ਸਾਰੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਅਜਿਹੇ ਟੈਸਟ ਕਰਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।

ਤਾਂ ਫਿਰ ਕੀ ਸਿਰਫ਼ ਟੈਸਟ ਕਰਵਾਉਣ ਲਈ ਅੱਠ ਦਿਨ ਦਿੱਲੀ ਜਾਂ ਗੁੜਗਾਉਂ ਰੁਕਣਾ ਪਏਗਾ? ਉਹ ਵੀ ਕੁਆਰੰਟੀਨ ਵਿਚ?

ਕਈ ਦਿਨਾਂ ਦੇ ਯਤਨਾਂ ਤੋਂ ਬਾਅਦ, ਇੱਕ ਕੇਂਦਰ ਨੇ ਸਹਿਮਤੀ ਜਤਾਈ ਕਿ ਉਹ ਚੰਡੀਗੜ੍ਹ ਦੀ ਇੱਕ ਨਾਮਵਰ ਲੈਬ ਤੋਂ ਮੇਰੇ ਨਮੂਨੇ ਲੈਣਗੇ ਜੋ ਕਿ ਦਿੱਲੀ ਭੇਜੇ ਜਾਣਗੇ।

ਪਰ ਆਖ਼ਰੀ ਟੈਸਟ ਕਰਵਾਉਣ ਲਈ ਦਿੱਲੀ ਆਉਣਾ ਪਿਆ ਜਦੋਂ ਲੈਬ ਵਾਲਿਆਂ ਨੇ ਕਿਹਾ ਕਿ ਦਿੱਲੀ ਵਿੱਚ ਟੈਸਟ ਕਰਵਾਉਣ ਤੋਂ ਬਾਅਦ ਹੀ ਆਖ਼ਰੀ ਟੈਸਟ ਦਾ ਪ੍ਰਮਾਣ ਪੱਤਰ ਸਮੇਂ ਸਿਰ ਆ ਸਕੇਗਾ।

ਕਾਗ਼ਜ਼ ਇਕੱਠੇ ਕਰਨਾ ਵੀ ਕਿਸੇ ਸੰਘਰਸ਼ ਤੋਂ ਘੱਟ ਨਹੀਂ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਮੈਨੂੰ ਪੜ੍ਹਾਈ ਦੇ ਦਿਨਾਂ ਦੀ ਯਾਦ ਆ ਗਈ ਜਦੋਂ ਨੋਟਸ ਦਾ ਵੱਡਾ ਦਸਤਾ ਬਣ ਜਾਂਦਾ ਸੀ।

ਹਰ ਰੋਜ਼ ਇੱਕ ਐਪ 'ਤੇ ਆਪਣੇ ਬਾਰੇ ਵੇਰਵੇ ਅਪਲੋਡ ਕਰਨੇ ਪੈਂਦੇ ਸੀ ਜਿਵੇਂ ਕੀ ਤੁਹਾਨੂੰ ਬੁਖ਼ਾਰ ਹੈ ਜਾਂ ਨਹੀਂ, ਟੈਂਪਰੇਚਰ ਕਿੰਨਾ ਹੈ ਆਦਿ।

ਫਿਰ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਪ੍ਰਿੰਟ ਰੱਖੋ, ਸਾਰੇ ਕੋਵਿਡ ਟੈਸਟਾਂ ਦੀ ਰਿਪੋਰਟ ਰੱਖਣਾ ਅਤੇ ਹਰ ਟੈਸਟ ਦਾ ਪ੍ਰਮਾਣ ਪੱਤਰ ਰੱਖਣਾ।

ਟੋਕੀਓ ਲਈ ਉਡਾਨ ਦਾ ਦਿਨ ਨੇੜੇ ਆਇਆ...

ਖ਼ੈਰ, ਇਸ ਸਭ ਨਾਲ ਜੂਝਦਿਆਂ, 13 ਜੁਲਾਈ ਦੀ ਉਡਾਨ ਦੀ ਤਾਰੀਖ ਹੌਲੀ-ਹੌਲੀ ਨੇੜੇ ਆ ਰਹੀ ਸੀ। ਪਰ ਉਸ ਤੋਂ ਸਿਰਫ਼ ਦੋ ਦਿਨ ਪਹਿਲਾਂ, ਇੱਕ ਵੱਡਾ ਝਟਕਾ ਉਦੋਂ ਲੱਗਾ ਜਦੋਂ ਇੱਕ ਮੇਲ 'ਇਨਬੌਕਸ' ਵਿੱਚ ਆਈ ਕਿ ਉਡਾਨ ਰੱਦ ਕਰ ਦਿੱਤੀ ਗਈ ਹੈ।

ਉਸ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਟੋਕੀਓ ਓਲੰਪਿਕ 'ਚ ਜਾਣ ਦਾ ਸੁਪਨਾ ਚੂਰ-ਚੂਰ ਹੋ ਗਿਆ ਸੀ।

ਬਹੁਤ ਘੱਟ ਸਮਾਂ ਬਚਿਆ ਸੀ ਅਤੇ ਕੋਵਿਡ ਦੇ ਕਾਰਨ, ਉਡਾਨਾਂ ਬਹੁਤ ਘੱਟ ਜਾ ਰਹੀਆਂ ਸਨ। ਅਗਲੇ ਕੁਝ ਘੰਟਿਆਂ ਵਿੱਚ, ਕਈ ਲੋਕਾਂ ਨੂੰ ਫ਼ੋਨ ਲਗਾ ਦਿੱਤੇ ਕਿ ਸ਼ਾਇਦ ਕੁਝ ਰਸਤਾ ਨਿਕਲ ਆਏ। ਪਰ ਰਾਤ ਤੋਂ ਪਹਿਲਾਂ ਉਮੀਦ ਦੀ ਇੱਕ ਨਵੀਂ ਕਿਰਨ ਜਾਗੀ ਅਤੇ ਇੱਕ ਹੋਰ ਉਡਾਨ ਮਿਲ ਗਈ।

ਫਿਰ ਕੀ? ਤਿਆਰੀ ਕੀਤੀ ਤੇ 13 ਜੁਲਾਈ ਨੂੰ, ਅਸੀਂ ਦੋਵੇਂ ਮੁੰਬਈ ਅਤੇ ਚੰਡੀਗੜ੍ਹ ਤੋਂ ਆਪਣੇ-ਆਪਣੇ ਘਰਾਂ ਤੋਂ ਦਿੱਲੀ ਲਈ ਰਵਾਨਾ ਹੋਏ।

ਆਖ਼ਿਰਕਾਰ, ਜਦੋਂ ਅਸੀਂ ਦੋਵੇਂ ਇੱਕ ਦੂਜੇ ਨੂੰ ਦਿੱਲੀ ਏਅਰਪੋਰਟ 'ਤੇ ਮਿਲੇ, ਤਾਂ ਇੰਝ ਲੱਗ ਰਿਹਾ ਸੀ ਜਿਵੇਂ ਅਸੀਂ ਬਹੁਤ ਜੱਦੋਜਹਿਦ ਤੋਂ ਬਾਅਦ ਇੱਕ ਵੱਡੇ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪਹੁੰਚ ਗਏ ਹਾਂ।

ਅਰਵਿੰਦ ਛਾਬੜਾ ਅਤੇ ਜਾਨਵ੍ਹੀ ਮੂਲੇ

ਫਲਾਈਟ ਵਿਚ ਤਕਰੀਬਨ 8 ਘੰਟੇ ਬਿਤਾਉਣ ਤੋਂ ਬਾਅਦ ਜਪਾਨ ਪਹੁੰਚੇ। ਪਰ ਅੱਗੇ ਕੀ ਹੋਵੇਗਾ ਇਸ ਬਾਰੇ ਅੰਦਾਜ਼ਾ ਜਹਾਜ਼ ਤੋਂ ਉੱਤਰਨ ਤੋਂ ਪਹਿਲਾਂ ਹੀ ਹੋ ਗਿਆ ਜਦੋਂ ਇਹ ਐਲਾਨ ਕੀਤਾ ਗਿਆ ਕਿ ਸਾਰੇ ਯਾਤਰੀ ਜਹਾਜ਼ ਤੋਂ ਉੱਤਰ ਸਕਦੇ ਹਨ ਉਨ੍ਹਾਂ ਨੂੰ ਛੱਡ ਕੇ ਜੋ ਓਲੰਪਿਕ ਖੇਡਾਂ ਲਈ ਇੱਥੇ ਆਏ ਹਨ।

ਨਹੀਂ, ਕੋਈ ਵੀਆਈਪੀ ਇੰਤਜ਼ਾਮ ਨਹੀਂ ਹੋ ਰਿਹਾ ਸੀ। ਜਹਾਜ਼ ਦੇ ਬਾਹਰ ਕੁਝ ਲੋਕਾਂ ਨੇ ਜਪਾਨੀ ਸ਼ੈਲੀ ਵਿੱਚ ਸਾਡਾ ਸਵਾਗਤ ਕੀਤਾ ਅਤੇ ਸਾਨੂੰ ਉਨ੍ਹਾਂ ਨਾਲ ਆਉਣ ਲਈ ਕਿਹਾ।

ਜਪਾਨੀ ਐਪ ਲਈ ਜੱਦੋ ਜਹਿਦ ਤੇ ਨਿਯਮ

ਓਲੰਪਿਕ ਖੇਡਾਂ ਲਈ ਆਉਣ ਵਾਲੇ ਹਰ ਵਿਅਕਤੀ ਲਈ ਹਵਾਈ ਅੱਡੇ ਉੱਤੇ ਇੱਕ ਵੱਖਰਾ ਲਾਂਘਾ ਸੀ।

ਸਾਡੇ ਕਾਗ਼ਜ਼ਾਤ ਬੜੇ ਨਿਮਰਤਾ ਨਾਲ ਵੇਖੇ ਗਏ, ਪਰ ਸਮੱਸਿਆ ਇਹ ਸੀ ਕਿ ਉਹ ਐਪ ਜੋ ਉਹ ਸਾਡੇ ਮੋਬਾਈਲ ਫ਼ੋਨ ਵਿੱਚ ਵੇਖਣਾ ਚਾਹੁੰਦੇ ਸਨ, ਉਹ ਸਾਡੇ ਫ਼ੋਨ 'ਤੇ ਚੱਲ ਨਹੀਂ ਰਹੀ ਸੀ।

ਜਿਸ ਤਰ੍ਹਾਂ ਭਾਰਤ ਵਿਚ ਕੋਵਿਡ ਲਈ ਮੋਬਾਈਲ ਫ਼ੋਨ 'ਤੇ ਆਰੋਗਿਆ ਸੇਤੂ ਐਪ ਹੋਣੀ ਜ਼ਰੂਰੀ ਹੈ, ਇਸੇ ਤਰਾਂ ਜਪਾਨ ਵਿਚ 'ਓਚਾ' ਐਪ ਦਾ ਹੋਣਾ ਲਾਜ਼ਮੀ ਹੈ।

ਅਸੀਂ ਇਸ ਨੂੰ ਆਪਣੇ ਫ਼ੋਨ ਵਿੱਚ ਡਾਊਨਲੋਡ ਕੀਤਾ ਸੀ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਵਿਚ ਆਪਣੇ ਆਪ ਨੂੰ ਰਜਿਸਟਰ ਨਹੀਂ ਕਰ ਸਕੇ ਸੀ, ਪਰ ਨਿਯਮ ਤਾਂ ਨਿਯਮ ਹੈ।

ਜਾਨਵ੍ਹੀ ਮੂਲੇ

ਸਾਨੂੰ ਇਮੀਗ੍ਰੇਸ਼ਨ ਕਾਉਂਟਰ ਤੋਂ ਪਹਿਲਾਂ ਰੋਕਿਆ ਗਿਆ। ਫਿਰ ਵੀ ਜਪਾਨੀ ਅਧਿਕਾਰੀ ਅਤੇ ਵਾਲੰਟੀਅਰ ਸਾਡੇ ਨਾਲ ਬਹੁਤ ਅਦਬ ਨਾਲ ਪੇਸ਼ ਆ ਰਹੇ ਸੀ।

ਸਮੱਸਿਆ ਉਦੋਂ ਹੋਰ ਵਿਗੜ ਗਈ ਜਦੋਂ ਉਨ੍ਹਾਂ ਨੇ ਦੇਖਿਆ ਕਿ ਉਹ ਉਡਾਨ ਜਿਸ ਤੋਂ ਅਸੀਂ ਆਉਣਾ ਸੀ ਉਹ ਤਾਂ ਆਈ ਹੀ ਨਹੀਂ, ਤਾਂ ਇੱਕ ਅਧਿਕਾਰੀ ਨੇ ਪੁੱਛਿਆ ਕਿ ਜਦੋਂ ਫਲਾਈਟ ਨਹੀਂ ਆਈ ਤਾਂ ਤੁਸੀਂ ਕਿਵੇਂ ਆ ਗਏ?

ਸਾਡੀ ਭਾਸ਼ਾ ਦੀ ਵੱਖਰੀ ਸਮੱਸਿਆ ਸੀ, ਉਨ੍ਹਾਂ ਵਿਚੋਂ ਬਹੁਤੇ ਜਪਾਨੀ ਬੋਲਦੇ ਸਨ ਪਰ ਕੁਝ ਅੰਗਰੇਜ਼ੀ ਵੀ ਬੋਲਦੇ ਸੀ।

ਫਿਰ ਵੀ ਸਾਡੇ ਵਿਚਕਾਰ ਸੰਚਾਰ ਇੰਨਾ ਸਪਸ਼ਟ ਨਹੀਂ ਸੀ। ਉਨ੍ਹਾਂ ਨੂੰ ਦੱਸਿਆ ਕਿ ਕਿਵੇਂ ਅਚਾਨਕ ਸਾਨੂੰ ਕਿਸੇ ਹੋਰ ਫਲਾਈਟ ਤੋਂ ਆਉਣਾ ਪਿਆ ਹੈ।

ਕਈ ਕਾਊਂਟਰਾਂ ਰਾਹੀਂ ਲੰਘਣਾ ਪਿਆ। ਹਰ ਕੋਈ ਉਹੀ ਐਪ ਵੇਖਣਾ ਚਾਹੁੰਦਾ ਸੀ ਜੋ ਸਾਡੇ ਕੋਲ ਨਹੀਂ ਸੀ। ਪਰ ਵਲੰਟੀਅਰਾਂ ਦੀ ਪ੍ਰਸ਼ੰਸਾ ਕਰਨੀ ਪਵੇਗੀ ਜੋ ਸਾਡੀ ਮੁਸ਼ਕਿਲ ਅਤੇ ਮਜਬੂਰੀ ਨੂੰ ਸਮਝਦੇ ਸੀ।

ਇੱਕ ਹੋਰ ਕੋਵਿਡ ਟੈਸਟ ਏਅਰਪੋਰਟ 'ਤੇ ਕੀਤਾ ਗਿਆ ਸੀ ਅਤੇ ਨੈਗੇਟਿਵ ਆਉਣ ਤੋਂ ਬਾਅਦ ਹੀ ਸਾਨੂੰ ਏਅਰਪੋਰਟ ਤੋਂ ਬਾਹਰ ਆਉਣ ਦਿੱਤਾ ਗਿਆ।

ਟੋਕੀਓ ਦੀ ਪਹਿਲੀ ਝਲਕ ਤੇ ਥਕਾਵਟ ਛੂ ਮੰਤਰ

ਨੀਂਦ ਨਾ ਆਉਣ ਕਾਰਨ ਅਸੀਂ ਥਕਾਵਟ ਮਹਿਸੂਸ ਕਰ ਰਹੇ ਸੀ। ਤੁਰਨਾ ਵੀ ਬਹੁਤ ਪੈ ਰਿਹਾ ਸੀ।

ਪਰ ਆਖ਼ਿਰਕਾਰ ਟੋਕੀਓ ਦੀ ਪਹਿਲੀ ਝਲਕ ਨੇ ਥਕਾਵਟ ਦੂਰ ਕਰ ਦਿੱਤੀ।

ਜਪਾਨ

ਜਿਵੇਂ ਹੀ ਅਸੀਂ ਹੋਟਲ ਪਹੁੰਚੇ ਤਾਂ ਸਾਨੂੰ ਦੱਸਿਆ ਗਿਆ ਕਿ ਸਾਨੂੰ ਅਗਲੇ ਤਿੰਨ ਦਿਨ ਆਪਣੇ ਕਮਰਿਆਂ ਵਿਚ ਬਿਤਾਉਣੇ ਪੈਣਗੇ। ਅਸੀਂ ਬੱਸ ਖਾਣੇ ਦਾ ਪੈਕਟ ਲੈਣ ਲਈ ਲੌਬੀ ਵਿੱਚ ਜਾ ਸਕਦੇ ਸੀ।

ਇਸ ਤੋਂ ਇਲਾਵਾ, ਸਾਨੂੰ ਸਿਰਫ਼ ਕੋਵਿਡ ਟੈਸਟ ਲਈ ਅਗਲੇ ਤਿੰਨ ਦਿਨਾਂ ਲਈ ਬਾਹਰ ਜਾਣ ਦੀ ਇਜਾਜ਼ਤ ਸੀ। ਇਸ ਦਾ ਮਤਲਬ ਹੈ ਕਿ ਤੁਸੀਂ ਬਾਹਰ ਜਾਣ ਦੇ ਯੋਗ ਹੋਵੋਗੇ ਪਰ ਸਿਰਫ਼ ਕੋਵਿਡ ਟੈਸਟ ਲਈ ਅਤੇ ਫਿਰ ਵਾਪਸ ਕਮਰੇ ਵਿਚ।

ਨਿਯਮ ਇੰਨੇ ਸਖ਼ਤ ਹਨ ਕਿ ਇੱਕੋ ਹੋਟਲ ਤੇ ਇੱਕੋ ਫਲੋਰ ਤੇ ਹੁੰਦੇ ਹੋਏ ਵੀ ਮੈਂ ਅਤੇ ਜਾਨ੍ਹਵੀ ਇੱਕ ਦੂਜੇ ਨੂੰ ਨਹੀਂ ਮਿਲ ਸਕਦੇ ਸੀ।

ਇੱਥੇ ਕੁਝ ਵਲੰਟੀਅਰ ਅਤੇ ਸੁਰੱਖਿਆ ਗਾਰਡ ਹਨ ਜੋ ਸਾਡੀ ਸਹਾਇਤਾ ਕਰਦੇ ਹਨ ਅਤੇ ਇਹ ਵੀ ਯਕੀਨੀ ਬਣਾਉਂਦੇ ਹਨ ਕਿ ਕੋਈ ਨਿਯਮ ਨਾ ਤੋੜੇ।

ਹੁਣ ਤਿੰਨ ਦਿਨਾਂ ਦਾ ਕੁਆਰੰਟੀਨ ਖ਼ਤਮ ਹੋਣ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਤੇ ਵੀ ਜਾ ਸਕਦੇ ਹਾਂ, ਅਜੇ ਵੀ ਕੁਝ ਪਾਬੰਦੀਆਂ ਹਨ।

ਪਰ ਇਸ ਦੇ ਬਾਵਜੂਦ, ਸਾਨੂੰ ਕੁਝ ਥਾਵਾਂ 'ਤੇ ਜਾਣ ਦੀ ਇਜਾਜ਼ਤ ਹੈ ਜਿੱਥੋਂ ਅਸੀਂ ਤੁਹਾਡੇ ਲਈ ਓਲੰਪਿਕਸ ਨਾਲ ਜੁੜੀਆਂ ਦਿਲਚਸਪ ਖ਼ਬਰਾਂ ਲਿਆਉਂਦੇ ਰਹਾਂਗੇ।

ਇਹ ਵੀ ਪੜ੍ਹੋ :

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)