ਬੋਰਿਸ ਜੌਨਸਨ ਦਾ ਕੰਜ਼ਰਵੇਟਿਵ ਪਾਰਟੀ ਦੇ ਆਗੂ ਵਜੋਂ ਅਸਤੀਫ਼ਾ, ਫਿਲਹਾਲ ਪ੍ਰਧਾਨ ਮੰਤਰੀ ਬਣੇ ਰਹਿਣਗੇ

ਵੀਡੀਓ ਕੈਪਸ਼ਨ, ਬੌਰਿਸ ਜੌਨਸਨ ਦਾ ਕੰਜ਼ਰਵੇਟਿਵ ਆਗੂ ਵਜੋਂ ਅਸਤੀਫ਼ਾ : ਸਕੈਂਡਲ ਜੋ ਬਣਿਆ ਸਿਆਸੀ ਪਤਨ ਦਾ ਕਾਰਨ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਅੱਜ ਕੰਜ਼ਰਵੇਟਿਵ ਪਾਰਟੀ (ਟੋਰੀ) ਦੇ ਆਗੂ ਵਜੋਂ ਅਸਤੀਫ਼ਾ ਦੇ ਦਿੱਤਾ ਹੈ।

ਬੌਰਿਸ ਜੌਨਸਨ ਨੇ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਕਿ ਜਦੋਂ ਤੱਕ ਪਾਰਟੀ ਨਵਾਂ ਆਗੂ ਨਹੀਂ ਚੁਣ ਲੈਂਦੀ ਉਦੋਂ ਤੱਕ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਟਿਕੇ ਰਹਿਣਗੇ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਪਾਰਟੀ ਦੇ ਆਗੂ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਪਹਿਲਾਂ ਰਾਸ਼ਟਰ ਨੂੰ ਸੰਬੋਧਨ ਕੀਤਾ।

ਤਿੰਨ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਜੌਨਸਨ ਨੇ ਆਮ ਚੋਣਾਂ ਵਿਚ ਇਤਿਹਾਸਕ ਹੂੰਝਾਫੇਰ ਜਿੱਤ ਹਾਸਲ ਕੀਤੀ ਸੀ।

ਪਰ ਪਿਛਲੇ ਕਈ ਮਹੀਨਿਆਂ ਦੌਰਾਨ ਉਹ ਕਈ ਵਿਵਾਦਾਂ ਵਿਚ ਘਿਰਦੇ ਨਜ਼ਰ ਆਏ, ਜਿਸ ਵਿੱਚ ਲੌਕਡਾਊਨ ਲਈ ਬਣਾਏ ਆਪਣੇ ਹੀ ਕਾਨੂੰਨ ਤੋੜਨੇ ਸ਼ਾਮਲ ਹਨ।

ਤਾਜ਼ਾ ਬਗਾਵਤ ਦਾ ਕਾਰਨ ਸਾਬਕਾ ਡਿਪਟੀ ਚੀਫ਼ ਵ੍ਹਿੱਪ ਕ੍ਰਿਸ ਪਿੰਚਰ ਖਿਲਾਫ਼ ਲੱਗੇ ਜਿਨਸੀ ਸੋਸ਼ਣ ਦੇ ਇਲਜਾਮਾਂ ਉੱਤੇ ਪ੍ਰਧਾਨ ਮੰਤਰੀ ਵਲੋਂ ਸਹੀ ਤਰੀਕੇ ਕਾਰਵਾਈ ਨਾ ਕਰਨਾ ਹੈ।

ਜੌਨਸਨ ਨੇ ਸੰਬੋਧਨ ਵਿੱਚ ਕੀ ਕਿਹਾ

ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਜੌਨਸਨ ਨੇ ਕਿਹਾ ਕਿ ਨਵੇਂ ਆਗੂ ਦੀ ਚੋਣ ਦੀ ਪ੍ਰਕਿਰਿਆ ਹੁਣੇ ਸ਼ੁਰੂ ਹੋ ਜਾਣੀ ਚਾਹੀਦੀ ਹੈ ਅਤੇ ਇਸ ਦਾ ਸਮਾਂ-ਸਾਰਣੀ ਅਗਲੇ ਹਫ਼ਤੇ ਸ਼ੁਰੂ ਹੋ ਜਾਵੇਗੀ।

ਜੌਨਸਨ ਨੇ ਕਿਹਾ ਕਿ ਜੋ ਵੀ ਨਵਾਂ ਆਗੂ ਬਣੇਗਾ , ਉਹ ਉਸ ਨੂੰ ਆਪਣਾ ਪੂਰਾ ਸਮਰਥਨ ਦੇਣਗੇ।

ਬੋਰਿਸ ਜੌਨਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੋਰਿਸ ਜੌਨਸਨ ਨੇ ਡਾਊਨਿੰਗ ਸਟ੍ਰੀਟ ਉੱਤੇ ਸੰਬੋਧਨ ਕੀਤਾ

ਅਕਤੂਰ ਮਹੀਨੇ ਵਿਚ ਕੰਜ਼ਰਵੇਟਿਵ ਪਾਰਟੀ ਦੇ ਸੰਮੇਲਨ ਵਿਚ ਟੋਰੀ ਪਾਰਟੀ ਨਵਾਂ ਪਾਰਟੀ ਆਗੂ ਚੁਣੇਗੀ ਅਤੇ ਉਹ ਬੋਰਿਸ ਜੌਨਸਨ ਦੀ ਥਾਂ ਲਵੇਗਾ।

ਬੌਰਿਸ ਕੰਮਚਲਾਊ ਪ੍ਰਧਾਨ ਮੰਤਰੀ ਵਜੋਂ ਜਿਹੜੇ ਮੰਤਰੀਆਂ ਨੇ ਮੰਤਰੀ ਮੰਡਲ ਛੱਡਿਆ ਹੈ, ਉਨ੍ਹਾਂ ਥਾਂ ਉਹ ਨਵੇਂ ਮੰਤਰੀ ਨਿਯੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਚੁੱਕੇ ਹਨ।

ਪਰ ਕੁਝ ਟੋਰੀ ਸੰਸਦ ਮੈਂਬਰ ਉਨ੍ਹਾਂ ਨੂੰ ਸਰਕਾਰੀ ਕੰਮਕਾਜ ਸਚਾਰੂ ਰੂਪ ਵਿਚ ਚੱਲਦਾ ਰੱਖਣ ਲਈ ਜਲਦ ਤੋਂ ਜਲਦ ਅਸਤੀਫ਼ਾ ਦੇਣ ਦੀ ਮੰਗ ਕਰ ਰਹੇ ਹਨ।

ਸਾਬਕਾ ਅਧਿਕਾਰੀ ਸਰ ਬੌਬ ਨੀਲ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਇੱਕ "ਨਿਗਰਾਨ" ਪ੍ਰਧਾਨ ਮੰਤਰੀ ਕਿੰਨੀ ਦੇਰ ਤੱਕ ਆਪਣੀ ਥਾਂ 'ਤੇ ਰਹਿ ਸਕਦਾ ਹੈ, ਇਸ 'ਤੇ ਇੱਕ "ਗੰਭੀਰ ਸਵਾਲੀਆ ਨਿਸ਼ਾਨ" ਹੈ।

Banner

ਬੌਰਿਸ ਜੌਨਸਨ ਦਾ ਮੁਲਕ ਦੇ ਨਾਂ ਸੰਦੇਸ਼

  • ਬੋਰਿਸ ਜੌਨਸਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸਪੱਸ਼ਟ ਤੌਰ 'ਤੇ ਹੁਣ ਸੰਸਦੀ ਕੰਜ਼ਰਵੇਟਿਵ ਪਾਰਟੀ ਦੀ ਇੱਛਾ ਹੈ ਕਿ ਪਾਰਟੀ ਦਾ ਇੱਕ ਨਵਾਂ ਆਗੂ ਹੋਣਾ ਚਾਹੀਦਾ ਹੈ ਅਤੇ ਇਸ ਲਈ ਇੱਕ ਨਵਾਂ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ।
  • ਜੌਨਸਨ ਦਾ ਕਹਿਣਾ ਹੈ ਕਿ ਨਵੇਂ ਆਗੂ ਦੀ ਚੋਣ ਦੀ ਪ੍ਰਕਿਰਿਆ ਹੁਣੇ ਸ਼ੁਰੂ ਹੋ ਜਾਣੀ ਚਾਹੀਦੀ ਹੈ ਅਤੇ ਸਮੇਂ ਸਾਰਣੀ ਦਾ ਐਲਾਨ ਅਗਲੇ ਹਫ਼ਤੇ ਕੀਤਾ ਜਾਵੇਗਾ।
  • ਉਨ੍ਹਾਂ ਨੇ ਕਿਹਾ, "ਮੈਂ ਸਾਡੇ ਬੈਂਕਬੈਂਚਰ ਐੱਮਪੀਜ਼ ਦੇ ਚੇਅਰਮੈਨ ਸਰ ਗ੍ਰਾਹਮ ਬਰਾਡੀ ਨਾਲ ਸਹਿਮਤ ਹਾਂ ਕਿ ਨਵਾਂ ਆਗੂ ਚੁਣਨ ਦੀ ਪ੍ਰਕਿਰਿਆ ਹੁਣ ਸ਼ੁਰੂ ਹੋਣੀ ਚਾਹੀਦੀ ਹੈ ਅਤੇ ਸਮਾਂ ਸਾਰਣੀ ਦਾ ਐਲਾਨ ਅਗਲੇ ਹਫ਼ਤੇ ਕੀਤਾ ਜਾਵੇਗਾ।"
  • "ਮੈਂ ਅੱਜ ਸੇਵਾ ਕਰਨ ਲਈ ਇੱਕ ਕੈਬਨਿਟ ਨਿਯੁਕਤ ਕੀਤੀ ਹੈ, ਜਦੋਂ ਤੱਕ ਕੋਈ ਨਵਾਂ ਆਗੂ ਨਹੀਂ ਬਣ ਜਾਂਦਾ, ਮੈਂ ਸੇਵਾ ਨਿਭਾਵਾਂਗਾ।"
ਬੋਰਿਸ ਜੌਨਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੌਨਸਨ ਦਾ ਕਹਿਣਾ ਹੈ ਕਿ ਨਵੇਂ ਆਗੂ ਦੀ ਚੋਣ ਦੀ ਪ੍ਰਕਿਰਿਆ ਹੁਣੇ ਸ਼ੁਰੂ ਹੋ ਜਾਣੀ ਚਾਹੀਦੀ ਹੈ
  • ਜੌਨਸਨ ਅੱਗੇ ਕਹਿੰਦੇ ਹਨ, "ਸਾਨੂੰ ਆਪਣੇ ਪੱਧਰ ਨੂੰ ਉੱਚਾ ਚੁੱਕਣਾ ਚਾਹੀਦਾ ਹੈ, ਯੂਨਾਈਟਿਡ ਕਿੰਗਡਮ ਦੇ ਹਰ ਹਿੱਸੇ ਦੀ ਸੰਭਾਵਨਾ ਨੂੰ ਜਾਰੀ ਰੱਖਣਾ ਚਾਹੀਦਾ ਹੈ।"
  • "ਜੇ ਅਸੀਂ ਅਜਿਹਾ ਕਰ ਸਕਦੇ ਹਾਂ ਤਾਂ ਅਸੀਂ ਯੂਰਪ ਵਿਚ ਸਭ ਤੋਂ ਖੁਸ਼ਹਾਲ ਹੋਵਾਂਗੇ।"
  • ਉਨ੍ਹਾਂ ਨੇ ਇਹ ਵੀ ਕਿਹਾ ਉਹ ਨਵੇਂ ਨੇਤਾ ਨੂੰ ਵੱਧ ਤੋਂ ਵੱਧ ਸਮਰਥਨ ਦੇਣਗੇ।

ਅਹੁਦਾ ਛੱਡਣ ਦਾ ਦੁੱਖ ਹੈ- ਬੋਰਿਸ

  • ਜੌਨਸਨ ਦਾ ਕਹਿਣਾ ਹੈ ਕਿ ਜਦੋਂ ਅਸੀਂ 'ਇੰਨੇ ਜ਼ਿਆਦਾ ਅਤੇ ਇੰਨੇ ਵੱਡੇ ਫ਼ਤਵੇ ਜਾਰੀ ਕਰ ਰਹੇ ਹਾਂ, ਜਦੋਂ ਆਰਥਿਕ ਹਾਲਾਤ ਘਰੇਲੂ ਅਤੇ ਕੌਮਾਂਤਰੀ ਪੱਧਰ 'ਤੇ ਇੰਨੇ ਕਠਿਨ ਹਨ ਤਾਂ ਸਰਕਾਰਾਂ ਨੂੰ ਬਦਲਣਾ ਬੇਮਾਇਨੇ ਹੈ।"
  • "ਮੈਨੂੰ ਅਫ਼ਸੋਸ ਹੈ ਕਿ ਮੈਂ ਆਪਣੀਆਂ ਦਲੀਲਾਂ ਵਿੱਚ ਸਫ਼ਲ ਨਹੀਂ ਹੋ ਸਕਿਆ ਅਤੇ ਇੰਨੇ ਸਾਰੇ ਵਿਚਾਰਾਂ ਅਤੇ ਪ੍ਰੋਜੈਕਟਾਂ ਨੂੰ ਅਣਦੇਖਿਆ ਕਰਨਾ ਦਰਦਨਾਕ ਹੈ।"
  • ਬੌਰਿਸ ਨੇ ਕਿਹਾ, " ਤੁਹਾਡੇ ਵੱਲੋਂ ਮੈਨੂੰ ਦਿੱਤੇ ਗਏ ਅਥਾਹ ਸਨਮਾਨ ਲਈ ਮੈਂ ਸਭ ਤੋਂ ਵੱਧ ਬ੍ਰਿਟਿਸ਼ ਜਨਤਾ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।"
  • ਬੌਰਿਸ ਨੇ ਕਿਹਾ, ''ਹੁਣ ਤੋਂ ਨਵੇਂ ਪ੍ਰਧਾਨ ਮੰਤਰੀ ਬਣਨ ਤੱਕ ਜਨਤਾ ਦੀ ਸੇਵਾ ਕੀਤੀ ਜਾਵੇਗੀ।''
ਬੋਰਿਸ ਜੌਨਸਨ

ਤਸਵੀਰ ਸਰੋਤ, Getty Images

  • ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਆਪਣਾ ਸੰਬੋਧਨ ਖ਼ਤਮ ਕੀਤਾ ਕਿ ਜਦੋਂ ਤੱਕ ਉਨ੍ਹਾਂ ਦਾ ਬਦਲ ਨਹੀਂ ਮਿਲ ਜਾਂਦਾ, ਉਦੋਂ ਤੱਕ ਜਨਤਾ ਦੇ ਹਿੱਤਾਂ ਦੀ ਸੇਵਾ ਕੀਤੀ ਜਾਵੇਗੀ।
  • ਉਨ੍ਹਾਂ ਨੇ ਕਿਹਾ, "ਪ੍ਰਧਾਨ ਮੰਤਰੀ ਬਣਨਾ ਆਪਣੇ ਆਪ ਵਿੱਚ ਇੱਕ ਸਿੱਖਿਆ ਹੈ, ਮੈਂ ਬ੍ਰਿਟੇਨ ਦੇ ਹਰ ਹਿੱਸੇ ਦੀ ਯਾਤਰਾ ਕੀਤੀ ਹੈ ਅਤੇ ਮੈਨੂੰ ਬਹੁਤ ਸਾਰੇ ਲੋਕ ਅਜਿਹੇ ਮਿਲੇ ਜੋ ਬੇਅੰਤ ਬ੍ਰਿਟਿਸ਼ ਮੌਲਿਕਤਾ ਦੇ ਮਾਲਕ ਸਨ ਅਤੇ ਪੁਰਾਣੀਆਂ ਸਮੱਸਿਆਵਾਂ ਨੂੰ ਨਵੇਂ ਤਰੀਕਿਆਂ ਨਾਲ ਨਜਿੱਠਣ ਲਈ ਤਿਆਰ ਹਨ।"
  • ਜੌਨਸਨ ਕਹਿੰਦੇ ਹਨ, "ਭਾਵੇਂ ਕਿ ਚੀਜ਼ਾਂ ਕਦੇ-ਕਦੇ ਘੁੱਪ ਹਨੇਰੇ ਵਾਂਗ ਲੱਗਦੀਆਂ ਹਨ, ਸਾਡਾ ਭਵਿੱਖ ਸੁਨਹਿਰੀ ਹੈ।"
  • ਪ੍ਰਧਾਨ ਮੰਤਰੀ ਨੇ ਕਿਹਾ, "ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਦੁਨੀਆ ਦੀ ਸਭ ਤੋਂ ਵਧੀਆ ਨੌਕਰੀ ਛੱਡਣ ਤੋਂ ਕਿੰਨਾ ਦੁੱਖ ਹੈ। ਪਰ ਇਹ ਬ੍ਰੇਕ ਹੈ।"
Banner
ਵੀਡੀਓ ਕੈਪਸ਼ਨ, ਬੋਰਿਸ ਜੌਨਸਨ ਦਾ ਕੀ ਹੈ ਲੇਖਕ ਖੁਸ਼ਵੰਤ ਸਿੰਘ ਦੇ ਪਰਿਵਾਰ ਨਾਲ ਕਨੈਕਸ਼ਨ?

ਬੌਰਿਸ ਜੌਨਸਨ ਦੇ ਅਸਤੀਫ਼ੇ ਦੀ ਨੌਬਤ ਕਿਉਂ ਆਈ

ਤਿੰਨ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਜੌਨਸਨ ਨੇ ਆਮ ਚੋਣਾਂ ਵਿੱਚ ਇੱਕ ਇਤਿਹਾਸਕ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ।

ਪਰ ਉਹ ਪਿਛਲੇ ਕੁਝ ਮਹੀਨਿਆਂ ਵਿੱਚ ਵਿਵਾਦਾਂ ਵਿੱਚ ਘਿਰ ਗਏ, ਜਿਸ ਵਿੱਚ ਉਨ੍ਹਾਂ ਵਲੋਂ ਲਗਾਏ ਗਏ ਲੌਕਡਾਊਨ ਕਾਨੂੰਨਾਂ ਨੂੰ ਤੋੜਨ ਲਈ ਹੋਇਆ ਜੁਰਮਾਨਾ ਵੀ ਸ਼ਾਮਲ ਹੈ।

ਪ੍ਰਧਾਨ ਮੰਤਰੀ ਖ਼ਿਲਾਫ਼ ਤਾਜ਼ਾ ਵਿਵਾਦ ਦਾ ਕਾਰਨ ਸਾਬਕਾ ਚੀਫ਼ ਵ੍ਹਿਪ ਕ੍ਰਿਸ ਪਿੰਚਰ ਨਾਲ ਸਬੰਧਤ ਜਿਨਸੀ ਸੋਸ਼ਣ ਨਾਲ ਜੁੜਿਆ ਮਾਮਲਾ ਹੈ।

ਇਹ ਵੀ ਪੜ੍ਹੋ:

ਪ੍ਰਧਾਨ ਮੰਤਰੀ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਕ੍ਰਿਸ ਪਿੰਚਰ ਖਿਲਾਫ਼ ਜਿਨਸੀ ਸੋਸ਼ਣ ਦੇ ਮਾਮਲਿਆਂ ਨੂੰ ਅਣਗੌਲਿਆ ਕਰਕੇ ਉਨ੍ਹਾਂ ਦੀ ਚੀਫ਼ ਵਿੱਪ ਵਜੋਂ ਨਿਯੁਕਤੀ ਕੀਤੀ ਸੀ।

ਪਿਛਲੇ 2 ਦਿਨਾਂ ਦੌਰਾਨ ਬੌਰਿਸ ਜੌਨਸਨ ਮੰਤਰੀ ਮੰਡਲ 50 ਤੋਂ ਵੱਧ ਮੰਤਰੀਆਂ ਅਤੇ ਅਧਿਕਾਰੀਆਂ ਦੇ ਅਸਤੀਫ਼ਿਆਂ ਦੇ ਨਾਟਕੀ ਘਟਨਾਕ੍ਰਮ ਤੋਂ ਬਾਅਦ ਬੌਰਿਸ ਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ।

ਅਸਤੀਫ਼ੇ ਦੇਣ ਵਾਲਿਆਂ ਵਿਚ ਚਾਂਸਲਰ ਰਿਸ਼ੀ ਸੁਨਕ ਅਤੇ ਕੈਬਨਿਟ ਦੇ ਸੀਨੀਅਰ ਮੰਤਰੀਆਂ ਸ਼ਾਮਲ ਹਨ, ਜਿਨ੍ਹਾਂ ਬੌਰਿਸ ਦੀ ਲੀਡਰਸ਼ਿਪ ਖ਼ਿਲਾਫ਼ ਰੋਹ ਪ੍ਰਗਟਾਇਆ।

ਸੁਨਕ ਦੀ ਥਾਂ ਚਾਂਸਲਰ ਬਣਨ ਵਾਲੇ ਮੰਤਰੀ ਨਹਿਮ ਜ਼ਹਾਵੀ ਵੀ ਪ੍ਰਧਾਨ ਮੰਤਰੀ ਤੋਂ ਅਸਤੀਫ਼ਾ ਮੰਗਣ ਵਾਲਿਆਂ ਵਿੱਚੋਂ ਇੱਕ ਸੀ।

ਬੋਰਿਸ ਜੌਨਸਨ

ਤਸਵੀਰ ਸਰੋਤ, Reuters

ਵੀਰਵਾਰ ਸਵੇਰ ਤੱਕ ਜਦੋਂ ਇਹ ਸਪੱਸ਼ਟ ਨਹੀਂ ਹੋ ਗਿਆ ਕਿ ਉਹ ਸਰਕਾਰ ਵਿਚ ਆਪਣਾ ਸਮਰਥਨ ਗੁਆ ਚੁੱਕੇ ਹਨ ਪ੍ਰਧਾਨ ਮੰਤਰੀ ਅਹੁਦਾ ਛੱਡਣ ਲਈ ਤਿਆਰ ਨਹੀਂ ਸਨ।

ਦਰਅਸਲ ਇਹ ਸਾਰਾ ਮਾਮਲਾ ਸੰਸਦ ਮੈਂਬਰ ਕ੍ਰਿਸ ਪਿੰਚਰ ਨੂੰ ਡਿਪਟੀ ਚੀਫ਼ ਵ੍ਹਿਪ ਬਣਾਉਣ ਤੋਂ ਸ਼ੁਰੂ ਹੋਇਆ ਸੀ।

ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸੰਸਦ ਮੈਂਬਰ ਕ੍ਰਿਸ ਪਿੰਚਰ ਨੂੰ ਅਧਿਕਾਰਤ ਜ਼ਿੰਮੇਵਾਰੀ ਦੇਣ ਲਈ ਮੁਆਫੀ ਵੀ ਮੰਗੀ ਹੈ।

ਪਿੰਚਰ ਉੱਤੇ ਪਿਛਲੇ ਸਮੇਂ ਦੌਰਾਨ ਜਿਨਸੀ ਸੋਸ਼ਣ ਦੇ ਇਲਜ਼ਾਮ ਲੱਗੇ ਸਨ, ਉਸ ਨੂੰ ਡਿਪਟੀ ਚੀਫ਼ ਵ੍ਹਿਪ ਦੇ ਜਾਣਕਾਰੀ ਦੇ ਵਿਰੋਧ ਵਿਚ ਸੱਤਾਧਾਰੀ ਪਾਰਟੀ ਟੋਰੀ ਵਿਚ ਬੌਰਿਸ ਖ਼ਿਲਾਫ਼ ਗੁੱਸਾ ਫੁੱਟ ਪਿਆ।

ਬੌਰਿਸ ਨੇ ਅਸਤੀਫ਼ੇ ਦੀ ਕੀਤੀ ਤਿਆਰੀ

ਬੀਬੀਸੀ ਨੂੰ ਮਿਲੀ ਜਾਣਕਾਰੀ ਮੁਤਾਬਕ ਜੌਨਸਨ ਨੇ ਕੰਜ਼ਰਵੇਟਿਵ 1922 ਕਮੇਟੀ ਦੇ ਚੇਅਰਮੈਨ ਸਰ ਗ੍ਰਾਹਮ ਬਰਾਡੀ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਆਪਣੇ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ ਹੈ।

ਸੂਤਰਾਂ ਮੁਤਾਬਕ, "ਪ੍ਰਧਾਨ ਮੰਤਰੀ ਨੇ ਗ੍ਰਾਹਮ ਬਰਾਡੀ ਨਾਲ ਗੱਲ ਕੀਤੀ ਅਤੇ ਅਕਤੂਬਰ ਵਿੱਚ ਕਾਨਫਰੰਸ ਵੱਲੋਂ ਇੱਕ ਨਵੇਂ ਨੇਤਾ ਦੀ ਨਿਯੁਕਤੀ ਲਈ ਸਮੇਂ ਸਿਰ ਅਸਤੀਫਾ ਦੇਣ ਲਈ ਸਹਿਮਤੀ ਪ੍ਰਗਟਾਈ

ਵੀਡੀਓ ਕੈਪਸ਼ਨ, ਬੋਰਿਸ ਜੌਨਸਨ ਦੇ ਅਸਤੀਫੇ ਨੂੰ ਲੈ ਕੇ ਭਾਰਤੀ ਅਤੇ ਪਾਕ ਮੂਲ ਦੇ ਬਰਤਾਨਵੀ ਕੀ ਕਹਿੰਦੇ ਹਨ

ਲੇਬਰ ਪਾਰਟੀ ਦੇ ਆਗੂ ਸਰ ਕੀਰ ਸਟਾਰਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਅਸਤੀਫਾ "ਦੇਸ਼ ਲਈ ਚੰਗੀ ਖ਼ਬਰ" ਹੈ ਪਰ "ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ"।ਸਰ ਕੀਰ ਨੇ ਪ੍ਰਧਾਨ ਮੰਤਰੀ 'ਤੇ "ਥੋਕ ਦੇ ਪੈਮਾਨੇ 'ਤੇ ਝੂਠ ਬੋਲਣ, ਘੁਟਾਲੇ ਅਤੇ ਧੋਖਾਧੜੀ ਕਰਨ" ਦਾ ਇਲਜ਼ਾਮ ਲਗਾਇਆ।

ਉਨ੍ਹਾਂ ਕਿਹਾ ਕਿ "ਜਿਹੜੇ ਲੋਕ ਇਸ ਵਿਚ ਸ਼ਾਮਲ ਹਨ, ਉਨ੍ਹਾਂ ਨੂੰ ਪੂਰੀ ਤਰ੍ਹਾਂ ਸ਼ਰਮਿੰਦਾ ਹੋਣਾ ਚਾਹੀਦਾ ਹੈ"।

ਬੌਰਿਸ ਜੌਨਸਨ ਦੇ ਸਿਆਸੀ ਪਤਨ ਦਾ ਕਾਰਨ ਬਣਿਆ ਮਾਮਲਾ

ਪੂਰਾ ਮਾਮਲਾ ਸੰਸਦ ਕ੍ਰਿਸ ਪਿੰਚਰ ਨੂੰ ਡਿਪਟੀ ਚੀਫ ਵ੍ਹਿਪ ਬਣਾਉਣ ਤੋਂ ਸ਼ੁਰੂ ਹੋਇਆ ਸੀ।

ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸੰਸਦ ਕ੍ਰਿਸ ਪਿੰਚਰ ਨੂੰ ਸਰਕਾਰੀ ਜ਼ਿੰਮੇਵਾਰੀ ਦੇਣ ਦੇ ਮਾਮਲੇ ਵਿੱਚ ਮੁਆਫ਼ੀ ਵੀ ਮੰਗੀ ਸੀ ਪਰ ਮੰਤਰੀ ਅਤੇ ਸੰਸਦ ਮੈਂਬਰ ਨਹੀਂ ਮੰਨੇ।

ਬੋਰਿਸ ਜੌਨਸਨ ਨੇ ਸਵੀਕਾਰ ਕੀਤਾ ਕਿ ਪਿੰਚਰ ਨੂੰ ਇਸ ਸਾਲ ਦੀ ਸ਼ੁਰੂਆਤ ਵਿੱਚ ਡਿਪਟੀ ਚੀਫ ਵ੍ਹਿਪ ਬਣਾ ਕੇ ਗ਼ਲਤੀ ਕੀਤੀ ਸੀ।

ਦਰਅਸਲ, 30 ਜੂਨ ਨੂੰ ਬ੍ਰਿਟੇਨ ਦੇ ਸਮਾਚਾਰ ਪੱਤਰ 'ਦਿ ਸਨ' ਨੇ ਇੱਕ ਰਿਪੋਰਟ ਛਾਪੀ ਸੀ।

ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਕ੍ਰਿਸ ਪਿੰਚਰ ਨੇ ਲੰਡਨ ਦੇ ਇੱਕ ਨਿੱਜੀ ਕਲੱਬ ਵਿੱਚ ਦੋ ਮਰਦਾਂ ਨੂੰ ਇਤਰਾਜ਼ਯੋਗ ਤਰੀਕੇ ਨਾਲ ਛੂਹਿਆ ਸੀ।

'ਦਿ ਸਨ' ਦੀ ਰਿਪੋਰਟ ਆਉਣ ਤੋਂ ਬਾਅਦ ਪਿੰਚਰ ਨੂੰ ਅਸਤੀਫ਼ਾ ਦੇਣਾ ਪਿਆ।

ਰਿਸੀ ਸੁਨਕ ਤੇ ਬੋਰਿਸ ਜੌਨਸਨ

ਤਸਵੀਰ ਸਰੋਤ, WIktor Szymanowicz/NurPhoto via Getty Images)

ਤਸਵੀਰ ਕੈਪਸ਼ਨ, ਸਰਕਾਰ ਦੇ ਬੁਲਾਰੇ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੂੰ ਪਿੰਚਰ 'ਤੇ ਲਗਾਏ ਗਏ "ਖ਼ਾਸ ਇਲਜ਼ਾਮਾਂ" ਦੀ ਜਾਣਕਾਰੀ ਨਹੀਂ ਸੀ।

ਪਰ ਕੁਝ ਹੀ ਦਿਨਾਂ ਅੰਦਰ ਬ੍ਰਿਟੇਨ ਦੇ ਮੀਡੀਆ ਵਿੱਚ ਅਜਿਹੀਆਂ ਹੋਰ ਵੀ ਰਿਪੋਰਟਾਂ ਆਈਆਂ। ਪਿਛਲੇ ਸਾਲਾਂ ਦੇ ਪਿੰਚਰ ਨਾਲ ਸਬੰਧਤ ਕਥਿਤ ਜਿਨਸੀ ਦੁਰਵਿਵਹਾਰ ਦੇ ਘੱਟੋ-ਘੱਟ 6 ਹੋਰ ਮਾਮਲੇ ਸਾਹਮਣੇ ਆਏ।

ਪਿੰਚਰ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ। ਉਨ੍ਹਾਂ ਨੇ ਮੁਆਫ਼ੀ ਮੰਗ ਲਈ ਅਤੇ ਕਿਹਾ ਕਿ ਉਹ ਜਾਂਚ ਵਿੱਚ ਪੂਰਾ ਸਹਿਯੋਗ ਕਰਨਗੇ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ "ਪੇਸ਼ੇਵਰ ਮੈਡੀਕਲ ਮਦਦ" ਲੈ ਰਹੇ ਹਨ।

ਬੌਰਿਸ ਜੌਨਸਨ ਖ਼ਿਲਾਫ਼ ਗੁੱਸੇ ਦਾ ਕੀ ਕਾਰਨ

ਬੋਰਿਸ ਜੌਨਸਨ ਵੈਸੇ ਤਾਂ ਇਸ ਸੈਕਸ ਸਕੈਂਡਲ ਨਾਲ ਸਿੱਧ ਤੌਰ 'ਤੇ ਨਹੀਂ ਜੁੜੇ ਹਨ ਪਰ ਇਸ ਸਕੈਂਡਲ ਨੇ ਉਨ੍ਹਾਂ ਨੂੰ ਮੁਸ਼ਕਿਲ ਵਿੱਚ ਪਾ ਦਿੱਤਾ ਹੈ।

ਇੱਕ ਜੁਲਾਈ ਨੂੰ ਬ੍ਰਿਟੇਨ ਸਰਕਾਰ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੂੰ ਪਿੰਚਰ ਦੀ ਨਿਯੁਕਤੀ ਤੋਂ ਪਹਿਲਾਂ ਉਨ੍ਹਾਂ 'ਤੇ ਲੱਗੇ ਕਿਸੇ ਇਲਜ਼ਾਮ ਦੀ ਕੋਈ ਜਾਣਕਾਰੀ ਨਹੀਂ ਸੀ।

ਸਰਕਾਰ ਦੇ ਬੁਲਾਰੇ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੂੰ ਪਿੰਚਰ 'ਤੇ ਲਗਾਏ ਗਏ "ਖ਼ਾਸ ਇਲਜ਼ਾਮਾਂ" ਦੀ ਜਾਣਕਾਰੀ ਨਹੀਂ ਸੀ।

ਇਸ ਤੋਂ ਬਾਅਦ ਵੀ ਉਨ੍ਹਾਂ ਦੇ ਕਈ ਮੰਤਰੀਆਂ ਨੇ ਇਹੀ ਗੱਲ ਦੁਹਰਾਈ।

ਬੋਰਿਸ ਜੌਨਸਨ

ਤਸਵੀਰ ਸਰੋਤ, Getty Images

ਪਰ 4 ਜੁਲਾਈ ਨੂੰ ਪ੍ਰਧਾਨ ਮੰਤਰੀ ਦੇ ਬੁਲਾਰੇ ਨੇ ਕਿਹਾ ਕਿ ਬੋਰਿਸ ਜੌਨਸਨ ਨੂੰ ਅਜਿਹੇ ਇਲਜ਼ਾਮਾਂ ਦੀ ਜਾਣਕਾਰੀ ਸੀ, ਜਿਨ੍ਹਾਂ ਨਾਲ ਨਜਿੱਠਿਆ ਗਿਆ ਜਾਂ ਜਿਨ੍ਹਾਂ 'ਤੇ ਰਸਮੀਂ ਸ਼ਿਕਾਇਤ ਨਹੀਂ ਹੋਈ।

ਬੁਲਾਰੇ ਨੇ ਇਸ ਦੇ ਨਾਲ ਹੀ ਕਿਹਾ ਕਿ ਪਿੰਚਰ ਦੀ ਨਿਯੁਕਤੀ ਨੂੰ ਰੋਕਣਾ ਉਚਿਤ ਨਹੀਂ ਸਮਝਿਆ ਗਿਆ, ਕਿਉਂਕਿ ਇਹ ਇਲਜ਼ਾਮ ਸਾਬਿਤ ਨਹੀਂ ਹੋਏ ਸਨ।

ਉਸੇ ਦਿਨ ਦੁਪਹਿਰ ਵੇਲੇ ਬੀਬੀਸੀ ਨੇ ਦੱਸਿਆ ਕਿ ਬੋਰਿਸ ਜੌਨਸਨ ਨੂੰ 2019-20 ਵਿੱਚ ਹੀ ਪਿੰਚਰ ਦੇ ਵਿਰੁੱਧ ਲਿਆਂਦੀ ਗਈ ਇੱਕ ਰਸਮੀ ਸ਼ਿਕਾਇਤ ਬਾਰੇ ਦੱਸਿਆ ਗਿਆ ਸੀ, ਜਦੋਂ ਉਹ ਵਿਦੇਸ਼ ਮੰਤਰੀ ਸਨ।

ਇਸ ਸ਼ਿਕਾਇਤ 'ਤੇ ਅੱਗੇ ਜਾ ਕੇ ਅਨੁਸ਼ਾਸਾਤਮਕ ਕਾਰਵਾਈ ਵੀ ਹੋਈ ਸੀ, ਜਿਸ ਨਾਲ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਦੁਰਵਿਵਹਾਰ ਹੋਇਆ ਸੀ।

ਬਾਅਦ ਵਿੱਚ ਬੌਰਿਸ ਜੌਨਸਨ ਨੇ ਬੀਬੀਸੀ ਨੂੰ ਕਿਹਾ, "ਮੇਰੇ ਕੋਲ ਇੱਕ ਸ਼ਿਕਾਇਤ ਆਈ ਸੀ, ਪਰ ਉਹ ਬਹੁਤ ਪੁਰਾਣੀ ਗੱਲ ਹੈ ਅਤੇ ਬਸ ਜ਼ੁਬਾਨੀ ਤੌਰ 'ਤੇ ਕਿਹਾ ਗਿਆ ਸੀ, ਪਰ ਇਹ ਕੋਈ ਬਹਾਨਾ ਨਹੀਂ ਹੈ, ਮੈਨੂੰ ਉਸ 'ਤੇ ਕਾਰਵਾਈ ਕਰਨੀ ਚਾਹੀਦੀ ਸੀ।"

ਜੌਨਸਨ ਨੇ ਮੰਗੀ ਸੀ ਮੁਆਫ਼ੀ

ਬੋਰਿਸ ਜੌਨਸਨ ਨੂੰ ਪਿੰਚਰ 'ਤੇ ਲੱਗੇ ਇਲਜ਼ਾਮਾਂ ਬਾਰੇ ਪਤਾ ਸੀ ਤਾਂ ਵੀ ਉਨ੍ਹਾਂ ਦੀ ਨਿਯੁਕਤੀ ਕੀਤੀ ਸੀ। ਜੌਨਸਨ ਨੇ ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ ਇਨ੍ਹਾਂ ਕੋਲੋਂ 'ਗ਼ਲਤੀ' ਹੋਈ ਹੈ।

ਜੌਨਸਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਫ਼ੈਸਲੇ ਨਾਲ ਜੋ ਵੀ ਪ੍ਰਭਾਵਿਤ ਹੋਏ ਹਨ, ਉਨ੍ਹਾਂ ਕੋਲੋਂ ਉਹ ਮੁਆਫ਼ੀ ਮੰਗਦੇ ਹਨ।

ਬੌਰਿਸ ਜੌਨਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੋਰਿਸ ਜੌਨਸਨ ਨੂੰ 2019-20 ਵਿੱਚ ਹੀ ਪਿੰਚਰ ਦੇ ਵਿਰੁੱਧ ਲਿਆਂਦੀ ਗਈ ਇੱਕ ਰਸਮੀ ਸ਼ਿਕਾਇਤ ਬਾਰੇ ਦੱਸਿਆ ਗਿਆ ਸੀ

ਬੋਰਿਸ ਜੌਨਸਨ ਦੇ ਇਸ ਫ਼ੈਸਲੇ ਦੇ ਵਿਰੋਧ ਨਾਲ ਉਨ੍ਹਾਂ ਦੇ ਆਪਣੇ ਸੰਸਦ ਮੈਂਬਰ ਵੀ ਆਲੋਚਨਾ ਕਰ ਰਹੇ ਸਨ।

ਕ੍ਰਿਸ ਪਿੰਚਰ ਨੂੰ ਜਿਨਸੀ ਦੁਰਵਿਵਹਾਰ ਦੇ ਮਾਮਲੇ ਵਿੱਚ ਪਿਛਲੇ ਹਫ਼ਤੇ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਵਜੋਂ ਸਸਪੈਂਡ ਕਰ ਦਿੱਤਾ ਸੀ।

ਹਾਲਾਂਕਿ, ਪਿੰਚਰ ਨੇ ਜਿਨਸੀ ਮਾੜੇ ਵਿਹਾਰ ਦੇ ਇਲਜ਼ਾਮਾਂ ਨੂੰ ਖਾਰਿਜ ਕੀਤਾ ਸੀ।

ਬੀਬੀਸੀ ਨੇ ਉਨ੍ਹਾਂ ਨੂੰ 2019 ਵਿੱਚ ਇਲਜ਼ਾਮਾਂ ਬਾਰੇ ਸੰਪਰਕ ਕੀਤਾ ਸੀ ਪਰ ਉਨ੍ਹਾਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ।

ਪਿੰਚਰ ਦੀ ਨਿਯੁਕਤੀ ਬੋਰਿਸ ਜੌਨਸਨ ਨੇ ਕੀਤੀ ਸੀ ਅਤੇ ਉਨ੍ਹਾਂ ਨੂੰ ਇਲਜ਼ਾਮਾਂ ਬਾਰੇ ਪਤਾ ਸੀ।

ਇਸ ਨਿਯੁਕਤੀ ਨੂੰ ਲੈ ਕੇ ਵਿਰੋਧੀ ਹਮਲਾ ਬੋਲ ਰਹੇ ਸਨ ਅਤੇ ਇਸ ਦੇ ਨਾਲ ਹੀ ਬੋਰਿਸ ਜੌਨਸਨ ਦੇ ਸੰਸਦ ਮੈਂਬਰ ਵੀ ਆਲੋਚਨਾ ਕਰ ਰਹੇ ਸਨ।

40 ਅਸਤੀਫ਼ੇ ਤੇ ਬੌਰਿਸ ਖ਼ਿਲਾਫ਼ ਰੋਹ ਦਾ ਪ੍ਰਗਟਾਵਾ

ਬੋਰਿਸ ਜੌਨਸਨ ਸਰਕਾਰ 'ਚੋਂ ਹੁਣ ਤੱਕ ਕਰੀਬ 40 ਮੰਤਰੀਆਂ ਤੇ ਅਧਿਕਾਰੀਆਂ ਦੇ ਅਸਤੀਫ਼ੇ ਹੋ ਚੁੱਕੇ ਹਨ।

ਹਾਊਸਿੰਗ ਮੰਤਰੀ ਸਟੂਅਰਟ ਐਂਡਰਿਊ ਨੇ ਅਸਤੀਫ਼ੇ ਦਾ ਐਲਾਨ ਕਰਦਿਆਂ ਬੁੱਧਵਾਰ ਨੂੰ ਕਿਹਾ ਸੀ ਕਿ ਉਹ ਦੁੱਖ ਨਾਲ ਆਪਣਾ ਅਸਤੀਫ਼ਾ ਦੇ ਰਹੇ ਹਨ।

ਇਸ ਤੋਂ ਪਹਿਲਾਂ ਵਿੱਤ ਮੰਤਰੀ ਰਿਸ਼ੀ ਸੁਨਕ ਅਤੇ ਸਿਹਤ ਮੰਤਰੀ ਸਾਜਿਦ ਜਾਵੇਦ ਨੇ ਕੈਬਨਿਟ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਸੀ।

ਇਹ ਵੀ ਪੜ੍ਹੋ:

ਸਾਜਿਦ ਨੇ ਉਨ੍ਹਾਂ ਮੰਤਰੀਆਂ ਨਾਲ ਵੀ ਹਮਦਰਦੀ ਜਤਾਈ ਸੀ, ਜਿਨ੍ਹਾਂ ਨੂੰ ਝੂਠੀ ਸੂਚਨਾ ਦੇ ਆਧਾਰ 'ਤੇ ਪ੍ਰਧਾਨ ਮੰਤਰੀ ਦਾ ਬਚਾਅ ਕਰਨ ਲਈ ਭੇਜਿਆ ਗਿਆ ਸੀ।

ਸਾਜਿਦ ਦਾ ਕਹਿਣਾ ਸੀ ਕਿ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਕਿ ਹੁਣ ਘੱਟੋ-ਘੱਟ ਕੁਝ ਹੋਰ ਜੂਨੀਅਰ ਮੰਤਰੀ ਪ੍ਰਧਾਨ ਮੰਤਰੀ ਦਾ ਬਚਾਅ ਕਰਦੇ ਹਨ।

ਸਾਜਿਦ ਜਾਵੇਦ, ਰਿਸ਼ੀ ਸੁਨਕ, ਬੌਰਿਸ ਜੌਨਸਨ
ਤਸਵੀਰ ਕੈਪਸ਼ਨ, "ਸੰਸਥਾਵਾਂ ਅਤੇ ਅਖੰਡਤਾ" ਨੇ ਸਾਡੇ ਲੋਕਤੰਤਰ ਅਤੇ ਜਨਤਾ ਨੂੰ ਇਮਾਨਦਾਰੀ ਦੀ ਉਮੀਦ ਦਿਖਾਈ ਹੈ-ਸਾਜਿਦ ਜਾਵੇਦ

ਪਰ ਪ੍ਰਧਾਨ ਮੰਤਰੀ ਨੇ ਕੈਬਨਿਟ ਸਾਥੀਆਂ ਨੂੰ ਵੀ ਸ਼ਰਮਿੰਦਾ ਕਰਨ ਦੀ ਕੋਸ਼ਿਸ਼ ਕੀਤੀ, ਜੋ ਬੀਤੀ ਰਾਤ ਅਸਤੀਫਾ ਦੇਣ ਵਿੱਚ ਵਿੱਚ ਸ਼ਾਮਲ ਨਹੀਂ ਹੋਏ ।

ਉਨ੍ਹਾਂ ਕਿਹਾ ਸੀ ਕਿ "ਸੰਸਥਾਵਾਂ ਅਤੇ ਅਖੰਡਤਾ" ਨੇ ਸਾਡੇ ਲੋਕਤੰਤਰ ਅਤੇ ਜਨਤਾ ਨੂੰ ਇਮਾਨਦਾਰੀ ਦੀ ਉਮੀਦ ਦਿਖਾਈ ਹੈ।

ਭਾਵੇਂ ਕਿ ਸਿਹਤ ਮੰਤਰਾਲੇ ਦੇ ਕੰਮਾਂ ਦੀ ਤਾਰੀਫ ਕੀਤੀ ਪਰ ਨਾਲ ਹੀ ਕਿਹਾ ਬੋਰਿਸ ਨੂੰ ਸੱਤਾ ਛੱਡਣ ਲਈ ਕਿਹਾ ਸੀ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)