ਰੂਸ ਯੂਕਰੇਨ ਜੰਗ : ਰਸਾਇਣਕ ਹਥਿਆਰ ਕੀ ਹੁੰਦੇ ਹਨ, ਜਿਨ੍ਹਾਂ ਦੀ ਜੰਗ ਦੌਰਾਨ ਚਰਚਾ ਹੋ ਰਹੀ ਹੈ

    • ਲੇਖਕ, ਫਰੈਂਕ ਗਾਰਡਨਰ,
    • ਰੋਲ, ਬੀਬੀਸੀ ਰੱਖਿਆ ਪੱਤਰਕਾਰ

ਸ਼ੁੱਕਰਵਾਰ ਨੂੰ ਰੂਸ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਇੱਕ ਹੰਗਾਮੀ ਬੈਠਕ ਸੱਦ ਕੇ ਕਿਹਾ ਕਿ ਉਹ ਯੂਕਰੇਨ ਦੇ ਜੈਵਿਕ ਹਥਿਆਰ ਪ੍ਰੋਗਰਾਮ ਬਾਰੇ ਚਰਚਾ ਕਰਨੀ ਚਾਹੁੰਦਾ ਹੈ।

ਰੂਸ ਦੇ ਇਸ ਦਾਅਵੇ ਨੂੰ ਯੂਕਰੇਨ ਅਤੇ ਦੋਵਾਂ ਵੱਲੋਂ ਹੀ ਰੱਦ ਕਰ ਦਿੱਤਾ ਗਿਆ। ਬਲਕਿ ਉਨ੍ਹਾਂ ਨੇ ਕਿਹਾ ਕਿ ਰੂਸ ਖੁਦ ਅਜਿਹੇ ਹਥਿਆਰ ਵਰਤਣੇ ਚਾਹੁੰਦਾ ਹੈ, ਇਸ ਲ਼ਈ ਪਹਿਲਾਂ ਹੀ ਭੂਮਿਕਾ ਬੰਨ੍ਹ ਰਿਹਾ ਹੈ।

ਯੂਕਰੇਨ ਕੋਲ ਬਿਨਾਂ ਸ਼ੱਕ ਕਾਨੂੰਨੀ ਰੂਪ ਵਿੱਚ ਅਜਿਹੀਆਂ ਪ੍ਰਯੋਗਸ਼ਾਲਾਵਾਂ ਹਨ। ਯੂਕਰੇਨੀ ਸਰਕਾਰ ਦਾ ਕਹਿਣਾ ਹੈ ਕਿ ਉੱਥੇ ਸਾਇੰਸਦਾਨ ਕੋਵਿਡ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਮਨੁੱਖੀ ਜਾਨਾਂ ਦੀ ਰਾਖੀ ਲਈ ਖੋਜ ਕਰਦੇ ਹਨ।

ਇਸ ਤੋਂ ਇਲਵਾ ਕਿਉਂਕਿ ਯੂਕਰੇਨ ਹੁਣ ਜੰਗ ਦਾ ਮੈਦਾਨ ਬਣਿਆ ਹੋਇਆ ਹੈ, ਇਸ ਲਈ ਵਿਸ਼ਵ ਸਿਹਤ ਸੰਗਠਨ ਨੇ ਉਸ ਨੂੰ ਕਿਹਾ ਹੈ ਕਿ ਉਹ ਆਪਣੇ ਕੋਲ ਮੌਜੂਦ ਹਰ ਕਿਸਮ ਦੇ ਰੋਗਜਨਕਾਂ ਨੂੰ ਨਸ਼ਟ ਕਰ ਦੇਵੇ।

ਜਦਕਿ ਰੂਸ ਨੇ ਕਿਹਾ ਕਿ ਉਸ ਕੋਲ ਸਬੂਤ ਹਨ ਕਿ ਯੂਕਰੇਨ ਆਪਣੇ ਜੈਵਿਕ ਹਥਿਆਰਾਂ ਬਾਰੇ ਕੰਮ-ਕਾਜ ਨੂੰ ਖੁਰਦਬੁਰਦ ਕਰ ਰਿਹਾ ਸੀ।

ਤਾਂ ਫਿਰ ਰਸਾਇਣਕ ਹਥਿਆਰ ਕੀ ਹੁੰਦੇ ਹਨ ਅਤੇ ਉਹ ਜੈਵਿਕ ਹਥਿਆਰਾਂ ਤੋਂ ਕਿਵੇਂ ਵੱਖਰੇ ਹੁੰਦੇ ਹਨ?

ਆਓ ਜਾਣਦੇ ਹਾਂ-ਰਸਾਇਣਕ ਹਥਿਆਰ ਕੋਈ ਵੀ ਅਜਿਹਾ ਸੋਧਿਆ ਹੋਇਆ ਰਸਾਇਣ ਜਾਂ ਜ਼ਹਿਰੀਲਾ ਮਾਦਾ ਹੁੰਦਾ ਹੈ, ਜਿਸ ਰਾਹੀਂ ਮਨੁੱਖੀ ਸਰੀਰਕ ਪ੍ਰਣਾਲੀ ਉੱਪਰ ਹਮਲਾ ਕੀਤਾ ਜਾਂਦਾ ਹੈ।

ਰਸਾਇਣਕ ਹਥਿਆਰਾਂ ਦੇ ਕਈ ਵਰਗ ਹਨ। ਫੋਸੇਜੀਨ ਵਰਗੇ ਦਮਘੋਟੂ ਫੇਫੜਿਆਂ ਅਤੇ ਸਾਹ ਪ੍ਰਣਾਲੀ ਉੱਪਰ ਹਮਲਾ ਕਰਦੇ ਹਨ। ਨਤੀਜੇ ਵਜੋਂ ਪੀੜਤ ਦੇ ਫੇਫੜਿਆਂ ਵਿੱਚ ਪਾਣੀ ਭਰ ਜਾਂਦਾ ਹੈ।

ਇਸ ਤੋਂ ਇਲਾਵਾ ਮਸਟਰਡ ਗੈਸ ਵਰਗੇ ਮਾਦੇ ਹਨ ਜੋ ਕਿ ਪੀੜਤਾਂ ਨੂੰ ਭਿਆਨਕ ਖੁਰਕ ਦਿੰਦੇ ਹਨ ਅਤੇ ਅੰਨ੍ਹਿਆਂ ਤੱਕ ਕਰ ਦਿੰਦੇ ਹਨ।

ਵੀਡੀਓ: ਐਲੇਕਸੀ ਨਵਾਲਨੀ ਨੂੰ ਦਿੱਤਾ ਗਿਆ ਜ਼ਹਿਰ ਕਿੰਨਾ ਖ਼ਤਰਨਾਕ

ਸਭ ਤੋਂ ਤੀਜੇ ਅਤੇ ਖ਼ਤਰਨਾਕ ਵਰਗ ਵਿੱਚ ਆਉਂਦੇ ਹਨ ਨਰਵ ਏਜੰਟ। ਇਹ ਸਰੀਰ ਤੋਂ ਦਿਮਾਗ ਨੂੰ ਸੰਕੇਤ ਭੇਜਣ ਵਾਲੀ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਂਦੇ ਹਨ। ਹੀ ਅੱਧੇ ਮਿਲੀਗ੍ਰਾਮ ਤੋਂ ਘੱਟ ਮਾਤਰਾ ਵਿਚ ਵੀਐਸ ਨਾਮਕ ਨਰਵਟਚ ਵੀ ਇਹ ਜਾਨਲੇਵਾ ਹੋ ਸਕਦਾ ਹੈ। ਅਤੇ ਇੱਕ ਬਾਲਗ ਵਿਅਕਤੀ ਦੀ ਜਾਨ ਲੈਣ ਲਈ ਕਾਫ਼ੀ ਹੈ।

ਇਨ੍ਹਾਂ ਸਾਰਿਆਂ ਰਸਾਇਣਾ ਦੀ ਜੰਗ ਦੌਰਾਨ ਤੋਪਖਾਨੇ,ਬੰਬਾਂ ਤੇ ਮਿਜ਼ਾਇਲਾਂ ਵਾਂਗ ਹੀ ਵਰਤੋਂ ਕੀਤੀ ਜਾ ਸਕਦੀ ਹੈ। ਹਾਲਾਂਕਿ ਰਸਾਇਣਕ ਹਥਿਆਰ ਕਨਵੈਨਸ਼ਨ 1997 ਅਨੁਸਾਰ ਇਨ੍ਹਾਂ ਸਾਰਿਆਂ ਉੱਪਰ ਰੋਕ ਲਗਾਈ ਗਈ ਹੈ। ਇਸ ਸਮਝੌਤੇ ਉੱਪਰ ਰੂਸ ਸਮੇਤ ਬਹੁਤ ਸਾਰੇ ਦੇਸਾਂ ਨੇ ਦਸਤਖ਼ਤ ਕੀਤੇ ਹੋਏ ਹਨ।

ਰਸਾਇਣਕ ਹਥਿਆਰਾਂ ਬਾਰੇ ਵਿਸ਼ਵੀ ਵਾਚਡੌਗ ਨੀਦਰਲੈਂਡ ਦੇ ਹੇਗ ਵਿੱਚ ਹੈ ਅਤੇ ਉਸ ਨੂੰ ਓਪੀਸੀਡਬਲਿਊ ਕਿਹਾ ਜਾਂਦਾ ਹੈ। ਜਾਣੀ-ਆਗਰੇਨਾਈਜ਼ੇਸ਼ਨ ਫਾਰ ਦਿ ਪਰੋਹਿਬਸ਼ਨ ਆਫ਼ ਕੈਮੀਕਲ ਵੈਪਨਸ। ਇਹ ਦੁਨੀਆਂ ਭਰ ਵਿੱਚ ਰਸਾਇਣਕ ਹਥਿਆਰਾਂ ਦੀ ਗੈਰ ਕਾਨੂੰਨੀ ਵਰਤੋਂ ਅਤੇ ਵਿਕਾਸ ਉੱਪਰ ਨਿ੍ਗਾ ਰੱਖਦਾ ਹੈ।

ਇਹ ਵੀ ਪੜ੍ਹੋ:

ਰਸਾਇਣਕ ਹਥਿਆਰ ਅਤੀਤ ਵਿੱਚ ਵੀ ਵਰਤੇ ਗਏ ਹਨ। ਪਹਿਲਾ ਵਿਸ਼ਵ ਯੁੱਧ, ਫਿਰ 1980ਵਿਆਂ ਦਾ ਇਰਾਨ-ਇਰਾਕ ਯੁੱਧ ਅਤੇ ਹਾਲ ਹੀ ਵਿੱਚ ਸੀਰੀਆ ਦੀ ਸਰਕਾਰ ਨੇ ਬਾਗੀਆਂ ਖਿਲਾਫ਼ ਇਨ੍ਹਾਂ ਹਥਿਆਰਾਂ ਦੀ ਵਰਤੋਂ ਕੀਤੀ ਸੀ।

ਰੂਸ ਕਹਿੰਦਾ ਹੈ ਕਿ ਉਹਨ੍ਹਾਂ ਨੇ ਆਪਣੇ ਰਸਾਇਣਕ ਹਥਿਆਰ ਸਾਲ 2017 ਵਿੱਚ ਨਸ਼ਟ ਕਰ ਦਿੱਤੇ ਸਨ। ਹਾਲਾਂਕਿ ਉਸ ਤੋਂ ਬਾਅਦ ਰਸਾਇਣਕ ਹਥਿਆਰਾਂ ਨਾਲ ਘੱਟੋ-ਘੱਟ ਦੋ ਅਜਿਹੇ ਹਮਲੇ ਹਨ ਜਿਨ੍ਹਾਂ ਦਾ ਇਲਜ਼ਾਮ ਉਸ ਉੱਪਰ ਲਗਾਇਆ ਜਾਂਦਾ ਹੈ।

ਜਦੋਂ ਲਸ਼ਮਣ ਰੇਖਾ ਲੰਘੀ ਗਈ

ਪਹਿਲੀ ਘਟਨਾ ਸੇਲਬਰੀ ਹਮਲੇ ਵਜੋਂ ਜਾਣੀ ਜਾਂਦੀ ਹੈ। ਜਦੋਂ ਸਾਲ 2018 ਵਿੱਚ ਕੇਜੀਬੀ ਦੇ ਸਾਬਕਾ ਜਾਸੂਸ ਅਤੇ ਡਿਫੈਕਟਰ ਸਰਗੇ ਸਕਰਿਪਾਲ ਅਤੇ ਉਨ੍ਹਾਂ ਦੀ ਧੀ ਨੂੰ ਨੋਵਿਚੋਕ ਜ਼ਹਿਰ ਦਿੱਤੀ ਗਈ।

ਰੂਸ ਨੇ ਇਸ ਹਮਲੇ ਦੀ ਕਦੇ ਜ਼ਿੰਮੇਵਾਰੀ ਨਹੀਂ ਲਈ ਸਗੋ 20 ਅਜਿਹੀਆਂ ਵਿਆਖਿਆਵਾਂ ਪੇਸ਼ ਕੀਤੀਆਂ ਕਿ ਹੋਰ ਕਿਸ ਨੇ ਕੀਤਾ ਹੋ ਸਕਦਾ ਹੈ।

ਜਾਂਚ ਇਸ ਤਨੀਜੇ ਉੱਪਰ ਆ ਕੇ ਪਹੁੰਚੀ ਕਿ ਇਹ ਹਮਲਾ ਰੂਸ ਦੇ ਦੋ ਜੀਆਰਯੂ ਏਜੰਟਾਂ ਵੱਲੋਂ ਅੰਜਾਮ ਦਿੱਤਾ ਗਿਆ ਸੀ। ਜੀਆਰਯੂ ਰੂਸ ਦੀ ਮਿਲਟਰੀ ਇੰਟੈਲੀਜੈਂਸ ਦਾ ਹਿੱਸਾ ਹੈ ਅਤੇ ਸੋਵੀਅਤ ਕਾਲ ਦੀ ਸੂਹੀਆ ਏਜੰਸੀ ਕੇਜੀਬੀ (ਜਿਸ ਵਿੱਚ ਕਦੇ ਪੁਤਿਨ ਵੀ ਕੰਮ ਕਰਦੇ ਰਹੇ ਹਨ) ਦਾ ਆਧੁਨਿਕ ਅਵਤਾਰ ਹੈ।

ਇਸ ਹਮਲੇ ਦੇ ਨਤੀਜੇ ਵਜੋਂ ਬਹੁਤ ਸਾਰੇ ਦੇਸਾਂ ਵਿੱਚੋਂ ਰੂਸੀ ਜਾਸੂਸਾਂ ਅਤੇ ਕੂਟਨੀਤੀਵਾਨਾਂ ਨੂੰ ਕੱਢਿਆ ਗਿਆ।

ਫਿਰ ਅਗਸਤ ਸਾਲ 2020 ਵਿੱਚ ਰੂਸ ਦੇ ਵਿਰੋਧੀ ਧਿਰ ਆਗੂ ਅਲੈਕਸੀ ਨਵਾਲਿਨੀ ਨੂੰ ਨਵਿਚੋਕ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੀ ਜਾਨ ਬੜੀ ਮੁਸ਼ਕਲ ਨਾਲ ਬਚਾਈ ਜਾ ਸਕੀ।

ਜੇ ਰੂਸ ਇਸ ਲੜਾਈ ਵਿੱਚ ਇਨ੍ਹਾਂ ਹਥਿਆਰਾਂ ਦੀ ਵਰਤੋਂ ਕਰਨ ਦਾ ਫ਼ੈਸਲਾ ਕਰਦਾ ਹੈ ਤਾਂ ਇਸ ਨੂੰ ਸਪਸ਼ਟ ਤੌਰ ਤੇ ਲਸ਼ਮਣ ਰੇਖਾ ਦੀ ਉਲੰਘਣਾ ਮੰਨਿਆ ਜਾਵੇਗਾ ਅਤੇ ਪੱਥਮੀ ਦੇਸਾਂ ਨੂੰ ਵੀ ਉਸ ਤੋਂ ਬਾਅਦ ਨਿਰਨਾਇਕ ਸਟੈਂਡ ਲੈਣਾ ਪਵੇਗਾ।

ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲਦੇ ਹਨ ਕਿ ਰੂਸ ਨੇ ਸੀਰੀਆ ਸਰਕਾਰ ਨੂੰ ਬਾਗੀਆਂ ਖਿਲਾਫ਼ ਵਰਤਣ ਲਈ ਇਹ ਹਥਿਆਰ ਦਿੱਤੇ ਹੋਣ, ਭਾਵੇ ਕਿ ਰੂਸ ਨੇ ਸੀਰੀਆ ਦੇ ਸ਼ਾਸਕ ਬਸ਼ਰ ਅਲ-ਸਾਅਦ ਦੀ ਸੈਨਿਕ ਪੱਖੋਂ ਖੁੱਲ੍ਹੀ ਮਦਦ ਕੀਤੀ। ਬਸ਼ਰ ਉੱਪਰ ਇਲਜ਼ਾਮ ਹਨ ਕਿ ਬਾਗੀਆਂ (ਆਪਣੇ ਹੀ ਲੋਕ) ਖਿਲਾਫ਼ ਦਰਜਣਾਂ ਰਸਾਇਣਕ ਹਮਲੇ ਕੀਤੇ ਸਨ।

ਹਾਲਾਂਕਿ ਇਹ ਇੱਕ ਤੱਥ ਇਹ ਵੀ ਹੈ ਕਿ ਜਦੋਂ ਲੜਾਈ ਲੰਬੀ ਖਿੱਚ ਰਹੀ ਹੋਵੇ ਅਤੇ ਤੁਸੀਂ ਰੱਖਿਆ ਵਿੱਚ ਡਟੀਆਂ ਫ਼ੌਜਾਂ ਦਾ ਮਨੋਬਲ ਤੋੜਨਾ ਹੋਵੇ ਤਾਂ ਬਦਕਿਸਮਤੀ ਨਾਲ ਰਸਾਇਣਕ ਹਥਿਆਰ ਬਹੁਤ ਹੀ ਕਾਰਗਰ ਸਾਬਤ ਹੁੰਦੇ ਹਨ।

ਰਸਾਇਣਕ ਹਥਿਆਰ, ਜੈਵਿਕ ਹਥਿਆਰਾਂ ਤੋਂ ਵੱਖਰੇ ਹੁੰਦੇ ਹਨ। ਜੈਵਿਕ ਹਥਿਆਰਾਂ ਦਾ ਮਤਲਬ ਹੁੰਦਾ ਹੈ ਰੋਗਜਨਕ ਵਿਸ਼ਾਣੂਆਂ ਦੀ ਹਥਿਆਰ ਵਜੋਂ ਵਰਤੋਂ। ਮਿਸਾਲ ਵਜੋਂ ਈਬੋਲਾ ਵਾਇਰਸ।

ਸਮੱਸਿਆ ਇਹ ਹੈ ਕਿ ਆਪਣੇ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਰੋਗਜਨਕ ਵਿਸ਼ਾਣੂਆਂ ਉੱਪਰ ਖੋਜ ਕਰਨਾ ਅਤੇ ਉਨ੍ਹਾਂ ਨੂੰ ਹਥਿਆਰਾਂ ਵਜੋਂ ਵਿਕਸਤ ਕਰਨ ਲੱਗ ਜਾਣ ਵਿੱਚ ਇੱਕ ਮਹੀਨ ਅੰਤਰ ਹੈ।

ਹਾਲਾਂਕਿ ਰੂਸ ਨੇ ਆਪਣੇ ਦਾਅਵੇ ਦੇ ਪੱਖ ਵਿੱਚ ਕੋਈ ਸਬੂਤ ਪੇਸ਼ ਨਹੀਂ ਕੀਤੇ ਹਨ ਪਰ ਉਸ ਨੇ ਇਹ ਦਾਅਵਾ ਕਰਨ ਲਈ ਸੰਯੁਕਤ ਰਾਸ਼ਟਰ ਸਲਾਮਤੀ ਕਾਊਂਸਲ ਦੀ ਹੰਗਾਮੀ ਬੈਠਕ ਸੱਦੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਰੂਸ ਜਦੋਂ ਸੋਵੀਅਤ ਸੰਘ ਦਾ ਹਿੱਸਾ ਹੋਇਆ ਕਰਦਾ ਸੀ ਨੇ ਵੱਡੇ ਪੱਧਰ ਤੇ ਕੰਟਰੋਲ ਰੂਪ ਵਿੱਚ ਜੈਵਿਕ ਹਥਿਆਰਾਂ ਦਾ ਪ੍ਰੋਗਰਾਮ ਚਲਾਇਆ। ਇਸ ਨੂੰ ਰੂਸ ਦੀ ਬਾਇਓਪ੍ਰਿਪਰੇਟ ਏਜੰਸੀ ਵੱਲੋਂ ਚਲਾਇਆ ਜਾਂਦਾ ਸੀ। ਉਸ ਸਮੇਂ ਏਜੰਸੀ ਵਿੱਚ ਸੱਤਰ ਹਜ਼ਾਰ ਮੁਲਾਜ਼ਮ ਕੰਮ ਕਰਦੇ ਸਨ।

ਠੰਡੀ ਜੰਗ ਮੁੱਕਣ ਤੋਂ ਬਾਅਦ ਵਿਗਿਆਨੀ ਇਨ੍ਹਾਂ ਹਥਿਆਰਾਂ ਨੂੰ ਖਤਮ ਕਰਨ ਗਏ। ਉਨ੍ਹਾਂ ਨੇ ਦੇਖਿਆ ਕਿ ਰੂਸ ਨੇ ਚੋਖੀ ਮਾਤਰਾ ਵਿੱਚ ਚੇਚਕ,ਐਨਥਰੈਕਸ ਅਤੇ ਹੋਰ ਬੀਮਾਰੀਆਂ ਨੂੰ ਹਥਿਆਰ ਵਜੋਂ ਵਿਕਸਿਤ ਕਰ ਰੱਖਿਆ ਸੀ। ਰੂਸ ਨੇ ਦੱਖਣੀ ਰੂਸ ਦੇ ਇੱਕ ਟਾਪੂ ਦੀ ਬਾਂਦਰ ਅਬਾਦੀ ਉੱਪਰ ਇਨ੍ਹਾਂ ਨੂੰ ਪਰਖ ਵੀ ਰੱਖਿਆ ਸੀ।

ਇੱਥੋਂ ਤੱਕ ਕਿ ਰੂਸ ਨੇ ਐਂਥਰੈਕਸ ਵਾਇਰਸ ਨੂੰ ਪੱਛਮੀ ਦੇਸਾਂ ਵੱਲ ਸੇਧ ਕੇ ਰੱਖੀਆਂ ਅੰਤਰ-ਮਹਾਂਦੀਪੀ ਮਿਜ਼ਾਇਲਾਂ ਵਿੱਚ ਲੋਡ ਵੀ ਕਰ ਰੱਖਿਆ ਸੀ।

ਆਖਰ ਇਸ ਗੈਰ-ਰਵਾਇਤੀ ਹਥਿਆਰਾਂ ਦੀ ਗੰਦੀ ਸੂਚੀ ਵਿੱਚ ਇੱਕ ਹੋਰ ਨਾਮ ਹੈ ਗੰਦਾ ਜਾਂ ਡਰਟੀ ਬੰਬ। ਇਹ ਇੱਕ ਸਧਾਰਨ ਧਮਾਕਾਖੇਜ ਹੈ ਜਿਸ ਦੇ ਦੁਆਲੇ ਰੇਡੀਓਐਕਟਿਵ ਪਦਾਰਥਾਂ ਦੀ ਪਰਤ ਹੁੰਦੀ ਹੈ।

ਇਸ ਨੂੰ ਆਰਡੀਡੀ- ਰੇਡੀਓ ਐਕਟਿਵ ਡਿਸਪਰਸਲ ਡਿਵਾਈਸ ਕਿਹਾ ਜਾਂਦਾ ਹੈ। ਇਸ ਦੇ ਨਾਲ ਰੇਡੀਓਐਕਟਿਵ ਪਦਾਰਥ ਸਿਸੀਅਮ 60 ਜਾਂ ਸਟਰੋਨਟੀਅਮ 90 ਵਰਤੋਂ ਵਿੱਚ ਲਿਆਂਦੇ ਜਾ ਸਕਦੇ ਹਨ।

ਇਹ ਇੱਕ ਸਧਾਰਨ ਬੰਬ ਨਾਲੋਂ ਸ਼ੁਰੂਆਤੀ ਤੌਰ ਤੇ ਤਾਂ ਜ਼ਿਆਦਾ ਅਬਾਦੀ ਨੂੰ ਮਾਰੇਗਾ ਹੀ ਸਗੋਂ ਕਈ ਕਈ ਹਫ਼ਤਿਆਂ ਤੱਕ ਬਹੁਤ ਵੱਡੇ ਲਗਭਗ ਇੱਕ ਵੱਡੇ ਸ਼ਹਿਰ ਜਿੰਨੇ ਇਲਾਕੇ ਨੂੰ ਵਸੋਂਯੋਗ ਨਹੀਂ ਛੱਡੇਗਾ। ਜਦ ਤੱਕ ਕਿ ਪੂਰੀ ਤਰ੍ਹਾਂ ਇਲਾਕੇ ਨੂੰ ਰੇਡੀਓਐਕਟਿਵ ਕਿਰਨਾਂ ਤੋਂਸਾਫ਼ ਨਾ ਕਰ ਲਿਆ ਜਾਵੇ।

ਗੰਦਾ ਬੰਬ ਇੱਕ ਮਨੋਵਿਗਿਆਨਕ ਹਥਿਆਰ ਵਰਗਾ ਹੁੰਦਾ ਹੈ। ਇਸ ਦੀ ਵਰਤੋਂ ਕਿਸੇ ਸਮਾਜ ਦਾ ਮਨੋਬਲ ਡੇਗਣ ਅਤੇ ਉਸ ਵਿੱਚ ਭੈਅ ਦੀ ਭਾਵਨਾ ਫੈਲਾਉਣ ਲਈ ਕੀਤੀ ਜਾਂਦੀ ਹੈ।

ਅਸੀਂ ਲੜਾਈਆਂ ਵਿੱਚ ਇਸ ਦੀ ਬਹੁਤੀ ਵਰਤੋਂ ਨਹੀਂ ਦੇਖੀ ਹੈ। ਇਸ ਦੀ ਇੱਕ ਵਜ੍ਹਾ ਇਹ ਹੈ ਕਿ ਇਸ ਨੂੰ ਸੰਭਾਲਣਾ ਖਤਰਨਾਕ ਹੈ ਅਤੇ ਸੁੱਟਣ ਵਾਲੇ ਨੂੰ ਇਸ ਤੋਂ ਨਿੱਜੀ ਖ਼ਤਰਾ ਵੀ ਹੁੰਦਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)